ਪੰਜਾਬ ਵਿੱਚ ਹੋਰ ਪਾਰਟੀਆਂ ਦੇ ਵੱਡੇ ਚਿਹਰੇ ਸ਼ਾਮਲ ਹੋਣ ਨਾਲ ਕੀ ਭਾਜਪਾ ਨੂੰ ਫਾਇਦਾ ਹੋਇਆ ਹੈ

ਤਸਵੀਰ ਸਰੋਤ, Hindustan Times via Getty Images / @sunilkjakhar / X
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
- ਪੜ੍ਹਨ ਦਾ ਸਮਾਂ: 9 ਮਿੰਟ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਬੀਜੇਪੀ ਪ੍ਰਤੀ ਵੱਡਾ ਰੋਹ ਸੀ, ਪਰ ਬਾਵਜੂਦ ਇਸ ਦੇ ਚੋਣਾਂ ਦੇ ਕੁਝ ਸਮਾਂ ਬਾਅਦ ਤੋਂ ਲਗਾਤਾਰ ਹੋਰਨਾਂ ਪਾਰਟੀਆਂ ਦੇ ਲੀਡਰਾਂ ਦਾ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਤੁਰਿਆ।
ਉਂਝ ਤਾਂ ਪੰਜਾਬ ਵਿੱਚ ਬੀਜੇਪੀ ਦੀ ਸਿਆਸੀ ਜ਼ਮੀਨ ਪਹਿਲਾਂ ਵੀ ਬਹੁਤੀ ਮਜ਼ਬੂਤ ਨਹੀਂ ਸੀ, ਪਰ ਕੇਂਦਰ ਵਿੱਚ ਬੀਜੇਪੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੇ ਉਸ ਵੇਲੇ ਪੰਜਾਬ ਵਿੱਚ ਬੀਜੇਪੀ ਦੇ ਅਧਾਰ ਨੂੰ ਹੋਰ ਖੋਰਾ ਲਗਾਇਆ।
ਦਿੱਲੀ ਦੇ ਬਾਰਡਰਾਂ 'ਤੇ ਤਕਰੀਬਨ ਇੱਕ ਸਾਲ ਤੋਂ ਵੱਧ ਸਮੇਂ ਤੱਕ ਲੱਗੇ ਕਿਸਾਨੀ ਮੋਰਚੇ ਦੇ ਦਬਾਅ ਵਿੱਚ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਗਏ ਸਨ, ਪਰ ਪੰਜਾਬ ਦੇ ਲੋਕਾਂ ਦੇ ਦਿਲ ਵਿੱਚ ਬੀਜੇਪੀ ਲਈ ਹਮਦਰਦੀ ਨਹੀਂ ਬਣ ਸਕੀ ਸੀ।
ਇਨ੍ਹਾਂ ਕਾਨੂੰਨਾਂ ਕਰਕੇ ਪਿਆ 'ਰੱਫੜ' ਹੀ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਨਾਲੋਂ ਗਠਜੋੜ ਤੋੜਨ ਪਿਛਲੀ ਮਜਬੂਰੀ ਬਣਿਆ।
ਪੰਜਾਬ ਵਿੱਚ ਬੀਜੇਪੀ ਪ੍ਰਤੀ ਗੁੱਸੇ ਦੀ ਭਾਵਨਾ ਦੇ ਬਾਵਜੂਦ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਤੋਂ ਨਾਮੀ ਚਿਹਰੇ ਬੀਜੇਪੀ ਵਿੱਚ ਸ਼ਾਮਲ ਹੋਏ।
ਕਿਹੜੇ ਨਾਮੀ ਚਿਹਰੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਹੁਣ ਤੱਕ ਭਾਜਪਾ ਵਿੱਚ ਸ਼ਾਮਲ ਹੋਏ?

ਤਸਵੀਰ ਸਰੋਤ, Hindustan Times via Getty Images
ਇਨ੍ਹਾਂ ਲੀਡਰਾਂ ਵਿੱਚ ਸਭ ਤੋਂ ਵੱਡਾ ਨਾਮ ਕੈਪਟਨ ਅਮਰਿੰਦਰ ਸਿੰਘ ਦਾ ਆਉਂਦਾ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਨਾਲ ਚੱਲ ਰਹੇ ਵਿਵਾਦ ਅਤੇ ਪਾਰਟੀ ਵਿੱਚ ਉਨ੍ਹਾਂ ਖ਼ਿਲਾਫ਼ ਉੱਠ ਰਹੀਆਂ ਵਿਰੋਧੀ ਸੁਰਾਂ ਕਾਰਨ ਸਤੰਬਰ 2021 ਵਿੱਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ ਛੱਡ ਕੇ ਪਹਿਲਾਂ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਸੀ ਅਤੇ ਬਾਅਦ ਵਿੱਚ ਸਤੰਬਰ 2022 'ਚ ਬੀਜੇਪੀ ਨਾਲ ਜਾ ਰਲ਼ੇ। ਕੈਪਟਨ ਨੇ ਬੀਜੇਪੀ ਨਾਲ ਰਲ਼ਣ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ।
ਸੁਨੀਲ ਜਾਖੜ ਮਈ 2022 ਵਿੱਚ ਕਾਂਗਰਸ ਦਾ ਲੰਬੇ ਸਮੇਂ ਦਾ ਸਾਥ ਛੱਡ ਕੇ ਬੀਜੇਪੀ ਵਿੱਚ ਗਏ ਸਨ। ਉਨ੍ਹਾਂ ਦੇ ਬੀਜੇਪੀ ਵਿੱਚ ਜਾਣ ਦੇ ਕਾਰਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਮਜ਼ਬੂਤ ਦਾਅਵੇਦਾਰੀ ਦੇ ਬਾਵਜੂਦ ਉਨ੍ਹਾਂ ਦੀ ਬਜਾਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਮੰਨਿਆ ਗਿਆ।
ਜਾਖੜ ਨੇ ਕਾਂਗਰਸ ਹਾਈਕਮਾਂਡ ਨਾਲ ਨਰਾਜ਼ਗੀ ਜ਼ਾਹਿਰ ਕਰਦਿਆਂ ਧਰਮ ਤੇ ਜਾਤੀਵਾਦੀ ਸਿਆਸਤ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ ਕੋਈ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਨਾਲ ਹੀ ਰਾਸ਼ਟਰਵਾਦੀ ਹਿੱਤਾਂ ਦਾ ਹਵਾਲਾ ਦਿੰਦਿਆਂ ਬੀਜੇਪੀ ਨੂੰ ਖ਼ੁਦ ਲਈ ਸਹੀ ਪਾਰਟੀ ਕਰਾਰ ਦਿੱਤਾ ਸੀ। ਹੁਣ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਹਨ।

ਤਸਵੀਰ ਸਰੋਤ, Hindustan Times via Getty Images
ਰਵਨੀਤ ਸਿੰਘ ਬਿੱਟੂ, ਮਾਰਚ 2024 ਵਿੱਚ ਬੀਜੇਪੀ 'ਚ ਸ਼ਾਮਲ ਹੋਏ। ਉਨ੍ਹਾਂ ਦੇ ਕਾਂਗਰਸ ਛੱਡਣ ਦਾ ਕਾਰਨ ਕਾਂਗਰਸ ਦਾ ਅੰਦਰੂਨੀ ਕਲੇਸ਼ ਦੱਸਿਆ ਗਿਆ ਅਤੇ ਬਿੱਟੂ ਨੇ ਰਾਸ਼ਟਰਵਾਦ ਅਤੇ ਸ਼ਾਂਤੀ ਬਹਾਲੀ ਲਈ ਬੀਜੇਪੀ ਨੂੰ ਸਹੀ ਮੰਚ ਦੱਸਿਆ। ਬੀਜੇਪੀ ਨੇ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾ ਕੇ ਕੇਂਦਰੀ ਰਾਜ ਮੰਤਰੀ ਵੀ ਬਣਾਇਆ।
ਇੱਕ ਹੋਰ ਵੱਡਾ ਚਿਹਰਾ ਮਨਪ੍ਰੀਤ ਸਿੰਘ ਬਾਦਲ ਹਨ ਜੋ 2023 ਵਿੱਚ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਗਏ।
ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਿਪਾਹੀ ਸਰੂਪ ਚੰਦ ਸਿੰਗਲਾ ਵੀ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਚਿਹਰਿਆਂ ਵਿੱਚ ਵੱਡਾ ਨਾਮ ਹਨ, ਜੋ ਜੂਨ 2022 ਵਿੱਚ ਭਾਜਪਾ 'ਚ ਸ਼ਾਮਲ ਹੋ ਗਏ ਸਨ।
ਇਹ ਕੁਝ ਚੁਣਿੰਦਾ ਨਾਮ ਹਨ, ਪਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਪੰਜਾਬ ਦੇ ਸਿਆਸਤਦਾਨਾਂ ਦੀ ਫ਼ਹਿਰਿਸਤ ਕਾਫ਼ੀ ਲੰਬੀ ਹੈ। ਸਭ ਦੇ ਕਾਰਨ ਵੱਖੋ-ਵੱਖਰੇ ਹਨ।
ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵਿੱਚੋਂ ਛੇ- ਰਾਘਵ ਚੱਢਾ, ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ, ਵਿਕਰਮਜੀਤ ਸਿੰਘ ਸਾਹਨੀ ਅਤੇ ਰਾਜਿੰਦਰ ਗੁਪਤਾ ਪੰਜਾਬ ਤੋਂ ਚੁਣੇ ਹੋਏ ਮੈਂਬਰ ਸਨ।
ਪੰਜਾਬ ਵਿੱਚ ਬੀਜੇਪੀ ਦਾ ਅਧਾਰ ਕਿੰਨਾ ਕੁ ਮਜ਼ਬੂਤ ਕਰ ਸਕੇ ਹੋਰਨਾਂ ਪਾਰਟੀਆਂ ਤੋਂ ਆਏ ਲੀਡਰ?

ਤਸਵੀਰ ਸਰੋਤ, Getty Images
ਹੁਣ ਤੱਕ ਬੀਜੇਪੀ ਦਾ ਪੰਜਾਬ ਵਿੱਚ ਸਿਆਸੀ ਦਾਇਰਾ ਸ਼ਹਿਰੀ ਅਤੇ ਹਿੰਦੂ ਵੋਟਰਾਂ ਤੱਕ ਦੇਖਿਆ ਜਾਂਦਾ ਸੀ, ਪਰ ਬੀਜੇਪੀ ਲਗਾਤਾਰ ਆਪਣੇ ਦਾਇਰੇ ਨੂੰ ਵਧਾਉਣ ਅਤੇ ਸੂਬੇ ਅੰਦਰ ਆਪਣੇ ਦਮ 'ਤੇ ਖੜ੍ਹੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਬੀਜੇਪੀ 2022 ਦੀਆਂ ਚੋਣਾਂ ਦੇ ਸਮੇਂ ਦੇ ਮੁਕਾਬਲੇ ਵਿੱਚ ਇਸ ਵੇਲੇ ਵੱਧ ਤਕੜੀ ਹੈ। ਵਿਸ਼ਲੇਸ਼ਕਾਂ ਦੀ ਰਾਇ ਇਹ ਵੀ ਹੈ ਕਿ ਬੀਜੇਪੀ ਪ੍ਰਤੀ ਜਿਸ ਤਰ੍ਹਾਂ ਦਾ ਰੋਸ 2022 ਦੀਆਂ ਚੋਣਾਂ ਵੇਲੇ ਸੀ, ਉਹ ਹੁਣ ਨਹੀਂ ਹੈ।
ਕਈਆਂ ਦਾ ਮੰਨਣਾ ਹੈ ਕਿ ਹੋਰਾਂ ਪਾਰਟੀਆਂ ਵਿੱਚੋਂ ਆਏ ਵੱਡੇ ਲੀਡਰਾਂ, ਖਾਸ ਕਰਕੇ ਸਿੱਖ ਚਿਹਰਿਆਂ ਦੇ ਬੀਜੇਪੀ ਵਿੱਚ ਆਉਣ ਨਾਲ ਪਾਰਟੀ ਨੂੰ ਸੂਬੇ ਵਿੱਚ ਫ਼ਾਇਦਾ ਹੋਇਆ ਹੈ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, "ਪਹਿਲੀ ਗੱਲ ਤਾਂ ਇਹ ਕਿ ਅਕਾਲੀ ਤੇ ਕਾਂਗਰਸੀ ਆਗੂਆਂ ਵਿੱਚ ਜੋ ਪਹਿਲਾਂ ਬੀਜੇਪੀ ਵਿੱਚ ਜਾਣ ਪ੍ਰਤੀ ਝਿਜਕ ਸੀ, ਉਹ ਹੁਣ ਨਹੀਂ ਰਹੀ। ਦੂਜਾ, ਖਾਸ ਕਰਕੇ ਸਿੱਖ ਹਲਕਿਆਂ ਵਿੱਚ ਮਾਨਸਿਕ ਤੌਰ 'ਤੇ ਉਸ ਤਰ੍ਹਾਂ ਸਵੀਕਾਰਿਆ ਨਹੀਂ ਜਾਂਦਾ ਸੀ, ਪਰ ਹੁਣ ਇਹ ਸਵੀਕ੍ਰਿਤੀ ਵਧੀ ਹੈ।"
ਕੁਝ ਮਾਹਿਰਾਂ ਦਾ ਮੰਨਣਾ ਇਹ ਹੈ ਕਿ ਬੀਜੇਪੀ ਪੰਜਾਬ ਵਿੱਚ ਪਹਿਲਾਂ ਦੇ ਮੁਕਾਬਲੇ ਮਜ਼ਬੂਤ ਤਾਂ ਹੋਈ, ਪਰ ਇਸ ਵਿੱਚ ਬਾਹਰੀ ਪਾਰਟੀਆਂ ਤੋਂ ਆਏ ਲੀਡਰਾਂ ਦਾ ਕੋਈ ਬਹੁਤਾ ਯੋਗਦਾਨ ਨਹੀਂ ਬਲਕਿ ਬੀਜੇਪੀ ਦੀ ਰਣਨੀਤੀ ਹੈ।
ਰਾਜਨੀਤੀ ਸ਼ਾਸਤਰ ਦੇ ਮਾਹਿਰ, ਪ੍ਰੋਫੈਸਰ ਮੁਹੰਮਦ ਖਾਲਿਦ ਮੁਤਾਬਕ, ਬੀਜੇਪੀ ਪਿਛਲੇ ਪੰਜ ਸਾਲ ਤੋਂ ਪੂਰੀ ਵਾਹ ਲਗਾ ਰਹੀ ਹੈ ਕਿ ਖ਼ੁਦ ਨੂੰ ਪੰਜਾਬ ਦੇ ਅਨੁਕੂਲ ਕਰ ਲਵੇ। ਇਸ ਲਈ ਪਾਰਟੀ ਨੇ ਕਈ ਪਹਿਲੂਆਂ 'ਤੇ ਕੰਮ ਕੀਤਾ ਹੈ ਜਿਸ ਵਿੱਚ ਸਿੱਖ ਚਿਹਰਿਆਂ ਸਮੇਤ ਦੂਜੀਆਂ ਪਾਰਟੀਆਂ ਤੋਂ ਵੱਡੇ ਲੀਡਰ ਬੀਜੇਪੀ ਵਿੱਚ ਰਲਾਉਣਾ ਸ਼ਾਮਲ ਹੈ। ਆਉਣ ਵਾਲੇ ਸਮੇਂ ਵਿੱਚ ਦੂਜੀਆਂ ਪਾਰਟੀਆਂ ਤੋਂ ਲੀਡਰਾਂ ਦਾ ਬੀਜੇਪੀ ਵਿੱਚ ਆਉਣਾ ਹੋਰ ਵਧਣ ਦੀ ਸੰਭਾਵਨਾ ਵੀ ਖਾਲਿਦ ਨੇ ਜਤਾਈ।
ਖਾਲਿਦ ਕਹਿੰਦੇ ਹਨ, "ਜੇ ਅਸੀਂ ਕਹੀਏ ਕਿ ਜਨ ਅਧਾਰ ਵਧਿਆ ਹੈ, ਤਾਂ ਓਨਾ ਨਹੀਂ ਜਿੰਨਾ ਬੀਜੇਪੀ ਉਮੀਦ ਕਰ ਰਹੀ ਹੈ।ਪਰ ਪਹਿਲਾਂ ਨਾਲੋਂ ਵਧਿਆ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਬੀਜੇਪੀ ਪੰਜਾਬ ਵਿੱਚ ਖ਼ੁਦ ਨੂੰ ਲੀਡਿੰਗ ਪਾਰਟੀ ਬਣਾਉਣ ਲਈ ਵਾਹ ਲਗਾ ਰਹੀ ਹੈ ਅਤੇ ਬਣ ਵੀ ਸਕਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬੀਜੇਪੀ ਪੰਜਾਬ ਦੀ ਅਗਲੀ ਚੋਣ ਤੱਕੜੀ ਹੋਕੇ ਲੜੇਗੀ।"
ਪਰ ਮੁਹੰਮਦ ਖਾਲਿਦ ਬੀਜੇਪੀ ਦੀ ਖੁਦ ਨੂੰ ਸਿੱਖ ਹਿਤੈਸ਼ੀ ਦਿਖਾਉਣ ਦੀਆਂ ਕੋਸ਼ਿਸ਼ਾਂ, ਡੇਰਿਆਂ ਜ਼ਰੀਏ ਐੱਸਸੀ ਭਾਈਚਾਰੇ ਦੇ ਧਰੁਵੀਕਰਨ, ਕੇਂਦਰ ਤੇ ਪੰਜਾਬ ਵਿੱਚ ਇੱਕੋ ਸਰਕਾਰ ਹੋਣ ਦੇ ਫਾਇਦੇ ਮਿਲਣ ਦੇ ਦਾਅਵਿਆਂ ਨੂੰ ਬੀਜੇਪੀ ਦੀ ਪੰਜਾਬ ਵਿੱਚ ਪ੍ਰਵਾਨਗੀ ਵਧਣ ਦੇ ਕਾਰਨ ਦੱਸਦੇ ਹਨ।

ਸਿਆਸੀ ਮਾਮਲਿਆਂ ਦੇ ਮਾਹਿਰ ਜਗਰੂਪ ਸਿੰਘ ਸੇਖੋਂ ਵੀ ਇਹ ਮੰਨਦੇ ਹਨ ਕਿ ਬੀਜੇਪੀ ਦੀ ਸਿਆਸਤ ਦੇ ਕੇਂਦਰ ਵਿੱਚ ਦਲਿਤ, ਓਬੀਸੀ, ਡੇਰੇ, ਗੈਰ-ਕਿਸਾਨੀ ਸੰਗਠਨ, ਪੇਂਡੂ ਤੇ ਸ਼ਹਿਰੀ ਲੋਕ ਸ਼ਾਮਲ ਹੈ।
ਉਨ੍ਹਾਂ ਕਿਹਾ, "ਬੀਜੇਪੀ ਪੰਜਾਬ ਦੀਆਂ 2027 ਦੀਆਂ ਚੋਣਾਂ ਵਿੱਚ ਆਪਣੀ ਸਿਆਸੀ ਮਹੱਤਤਾ ਬਣਾਉਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਦਿਆਂ ਪੂਰੀ ਵਾਹ ਲਗਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਬੀਜੇਪੀ ਪੰਜਾਬ ਵਿੱਚ ਕਦੇ ਨਹੀਂ ਆ ਸਕਦੀ, ਉਹ ਗਲਤਫ਼ਹਿਮੀ ਵਿੱਚ ਹਨ।"
ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਹੋਰਾਂ ਪਾਰਟੀਆਂ ਤੋਂ ਵੱਡੇ ਲੀਡਰ ਆਉਣ ਨਾਲ ਬੀਜੇਪੀ ਨੂੰ ਫ਼ਾਇਦਾ ਹੋਇਆ ਹੋਵੇ ਜਾਂ ਨਾ ਹੋਵੇ ਪਰ ਦੂਜੀਆਂ ਪਾਰਟੀਆਂ ਦੀ ਘਟੀ ਭਰੋਸੇਯੋਗਤਾ ਦਾ ਫ਼ਾਇਦਾ ਬੀਜੇਪੀ ਨੂੰ ਜ਼ਰੂਰ ਹੋਇਆ ਹੈ।
ਉਹ ਕਹਿੰਦੇ ਹਨ ਕਿ ਸਿਆਸਤ ਵਿੱਚ ਇੱਕ ਥਿਊਰੀ ਹੁੰਦੀ ਹੈ ਜਿਸ ਨੂੰ 'ਜ਼ੀਰੋ ਸਮ ਗੇਮ' ਕਹਿੰਦੇ ਹਨ ਅਤੇ ਬੀਜੇਪੀ ਦਾ ਇਸੇ ਮੁਤਾਬਕ ਫ਼ਾਇਦਾ ਹੋਇਆ ਹੈ। ਇਸ ਥਿਊਰੀ ਦਾ ਮਤਲਬ ਹੈ ਕਿਸੇ ਦਾ ਨੁਕਸਾਨ ਦੂਜੇ ਦਾ ਫਾਇਦਾ। ਜਦੋਂ ਦੂਜੀਆਂ ਪਾਰਟੀਆਂ ਪੱਟੜੀ ਤੋਂ ਲੱਥੀਆਂ ਜਾਪਦੀਆਂ ਹਨ, ਤਾਂ ਲੋਕਾਂ ਕੋਲ ਰਾਹ ਕਿਹੜਾ ਬਚਦਾ ਹੈ?
ਜਗਰੂਪ ਸਿੰਘ ਸੇਖੋਂ ਮੁਤਾਬਕ, ਹੁਣ ਸਿਆਸਤ ਵਿੱਚ ਵਿਚਾਰਧਾਰਾ ਕੋਈ ਬਹੁਤ ਅਹਿਮ ਤੱਤ ਨਹੀਂ ਰਿਹਾ ਹੈ। ਹੁਣ ਕਾਰਪੋਰੇਟ ਵਾਲਾ ਸਿਸਟਮ ਹੈ, ਜਿਸ ਨੂੰ ਜਿੱਥੇ ਫ਼ਾਇਦਾ ਦਿੱਸਦਾ ਹੈ ਜਾਂ ਜਿੱਥੇ ਜਿਸ ਦਾ ਵੱਧ ਮੁੱਲ ਪੈਂਦਾ ਹੈ, ਉੱਧਰ ਤੁਰ ਜਾਂਦਾ ਹੈ।
ਜਿੱਥੋਂ ਤੱਕ ਹੋਰ ਪਾਰਟੀਆਂ ਦੇ ਵੱਡੇ ਚਿਹਰਿਆਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਸਵਾਲ ਹੈ, ਸੇਖੋਂ ਕਹਿੰਦੇ ਹਨ ਕਿ ਕਿਸੇ ਵੇਲੇ ਚਿਹਰੇ ਦੇ ਅਧਾਰ 'ਤੇ ਵੋਟ ਪੈਂਦੇ ਸੀ, ਜਿਸ ਨੂੰ 'ਪਰਸਨੈਲਿਟੀ ਕਰੰਟ' ਕਿਹਾ ਜਾਂਦਾ ਸੀ, ਪਰ ਹੁਣ ਉਹ ਨਹੀਂ ਰਿਹਾ।
ਉਹ ਕਹਿੰਦੇ ਹਨ, "ਹੁਣ ਲੋਕ ਲੀਡਰਾਂ ਤੋਂ ਜ਼ਿਆਦਾ ਮੁੱਦਿਆਂ ਬਾਰੇ ਸੋਚ ਰਹੇ ਹਨ। ਇਸ ਵੇਲੇ ਪੰਜਾਬ ਨਿਰਾਸ਼ਾ ਤੇ ਬੇਬਸੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਭਾਵੇਂ ਉਹ ਕਿਸਾਨੀ ਹੋਵੇ, ਜਵਾਨੀ ਹੋਵੇ, ਵਪਾਰ ਹੋਵੇ, ਕਾਨੂੰਨ ਵਿਵਸਥਾ ਹੋਵੇ ਜਾਂ ਕੋਈ ਹੋਰ ਪਹਿਲੂ। ਲੋਕ ਹੁਣ ਇਹ ਸੋਚ ਰਹੇ ਹਨ ਕਿ ਕਿਹੜਾ ਪੰਜਾਬ ਨੂੰ ਇਨ੍ਹਾਂ ਮਸਲਿਆਂ ਤੋਂ ਨਿਜਾਤ ਦਿਵਾ ਸਕਦਾ ਹੈ।"

ਸੇਖੋਂ ਮੁਤਾਬਕ, ਸਭ ਤੋਂ ਭਰੋਸੇਯੋਗ ਚਿਹਰੇ ਵਜੋਂ ਸੁਨੀਲ ਜਾਖੜ ਨੂੰ ਦੇਖਿਆ ਜਾ ਰਿਹਾ ਹੈ ਕਿਉਂਕਿ ਜਾਖੜ ਇੱਕ ਅਜਿਹਾ ਚਿਹਰਾ ਹਨ ਜੋ ਬਾਕੀ ਲੀਡਰਾਂ ਤੋਂ ਉਲਟ ਹਮੇਸ਼ਾ ਨਾਪ ਤੋਲ ਕੇ ਗੱਲ ਕਰਦੇ ਹਨ।
ਸੇਖੋਂ ਕਹਿੰਦੇ ਹਨ ਕਿ ਹੁਣ ਲੋਕਾਂ ਲਈ ਇਹ ਵੀ ਸਵਾਲ ਨਹੀਂ ਹੈ ਕਿ ਉਨ੍ਹਾਂ ਦਾ ਲੀਡਰ ਹਿੰਦੂ ਹੈ ਜਾਂ ਸਿੱਖ, ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਇਹ ਜ਼ਰੂਰ ਹੈ ਕਿ ਜੇ ਕੋਈ ਦਲਿਤ ਨੂੰ ਚਿਹਰਾ ਬਣਾਉਂਦਾ ਹੈ ਤਾਂ ਲੋਕਾਂ ਵਿੱਚ ਝਿਜਕ ਹੋ ਸਕਦੀ ਹੈ।
ਜਸਪਾਲ ਸਿੰਘ ਸਿੱਧੂ ਦੀ ਰਾਇ ਵਿੱਚ ਵੀ ਬੀਜੇਪੀ ਨੂੰ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤੀ ਸੁਨੀਲ ਜਾਖੜ ਦੇ ਸ਼ਾਮਲ ਹੋਣ ਨਾਲ ਮਿਲੀ ਹੈ ਕਿਉਂਕਿ ਕਾਂਗਰਸ ਦਾ ਵੱਡਾ ਚਿਹਰਾ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿਆਸਤ ਵਿੱਚ ਲੰਬੇ ਸਮੇਂ ਤੋਂ ਰਸੂਖ ਰਿਹਾ ਹੈ।
ਉੱਧਰ, ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਹੋਰ ਪਾਰਟੀਆਂ ਤੋਂ ਆਏ ਲੀਡਰਾਂ ਨੇ ਪੰਜਾਬ ਵਿੱਚ ਬੀਜੇਪੀ ਦਾ ਦਾਇਰਾ ਵਧਾਇਆ ਹੈ।
ਉਨ੍ਹਾਂ ਇਹ ਵੀ ਕਿਹਾ, "ਕਿਹੜੇ ਲੀਡਰ ਨੇ ਵੱਧ ਮਜ਼ਬੂਤੀ ਦਿੱਤੀ, ਕਿਸ ਨੇ ਘੱਟ ਇਸ ਬਾਰੇ ਟਿੱਪਣੀ ਨਹੀਂ ਕਰਾਂਗਾ ਪਰ ਸਾਰੇ ਹੀ ਲੀਡਰਾਂ ਨੇ ਯੋਗਦਾਨ ਪਾਇਆ ਹੈ। ਜੋ ਸੁਫਨਾ ਹਰਿਆਣਾ ਵਿੱਚ ਬੀਜੇਪੀ ਨੇ ਸਾਕਾਰ ਕੀਤਾ, ਉਹੀ ਸੁਫਨਾ ਪੰਜਾਬ ਵਿੱਚ ਵੀ ਦੇਖ ਰਹੇ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ, 2027 ਵਿੱਚ ਵੀ ਆਪਣੇ ਬਲਬੂਤੇ ਚੋਣ ਲੜਾਂਗੇ ਅਤੇ ਸਰਕਾਰ ਬਣਾਵਾਂਗੇ। ਆਪਣਾ ਮੁੱਖ ਮੰਤਰੀ ਬਣਾਵਾਂਗੇ।"
ਪੁਰਾਣੇ ਬੀਜੇਪੀ ਲੀਡਰ ਤੇ ਵਰਕਰ ਬਾਹਰੀ ਲੀਡਰਾਂ ਦੇ ਰਲ਼ੇਂਵੇਂ ਨੂੰ ਕਿਵੇਂ ਦੇਖਦੇ ਹਨ?

ਤਸਵੀਰ ਸਰੋਤ, /Hindustan Times via Getty Images
ਇਹ ਵੀ ਕਈ ਵਾਰ ਸੁਣਨ ਨੂੰ ਮਿਲ ਜਾਂਦਾ ਹੈ ਕਿ ਦੂਜੀਆਂ ਪਾਰਟੀਆਂ ਤੋਂ ਲੀਡਰ ਸ਼ਾਮਲ ਕਰਨ ਨਾਲ ਪਾਰਟੀ ਨਾਲ ਪੁਰਾਣੇ ਸਮੇਂ ਤੋਂ ਜੁੜੇ ਹੋਏ ਲੀਡਰਾਂ ਵਿੱਚ ਨਿਰਾਸ਼ਾ ਹੋ ਸਕਦੀ ਹੈ।
ਪਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਅਤੇ ਵਰਕਰ ਵੱਡੇ ਦਿਲ ਨਾਲ ਦੂਜੀਆਂ ਪਾਰਟੀਆਂ ਤੋਂ ਆਏ ਲੀਡਰਾਂ ਦਾ ਸੁਆਗਤ ਕਰ ਰਹੇ ਹਨ। ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਨਿਰਾਸ਼ਾ ਦੀ ਭਾਵਨਾ ਨਹੀਂ ਹੈ।
ਅਸੀਂ ਬੀਜੇਪੀ ਦੇ ਹੋਰ ਲੀਡਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨ ਵਾਲੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਹੁਣ 'ਬਿਆਨ' ਨਹੀਂ ਦਿੰਦੇ।
ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, "ਜਦੋਂ ਤੁਸੀਂ ਦੂਜੀਆਂ ਪਾਰਟੀਆਂ 'ਚੋਂ ਪੈਰਾਸ਼ੂਟ ਲੀਡਰ ਲਿਆਉਂਦੋ ਹੋ, ਤਾਂ ਟਕਸਾਲੀ ਕਾਡਰ ਨੂੰ ਨਾਮੋਸ਼ੀ ਜ਼ਰੂਰ ਹੁੰਦੀ ਹੈ। ਕਿਉਂਕਿ ਜਿਹੜੇ ਵੀ ਲੀਡਰ ਬੀਜੇਪੀ ਵਿੱਚ ਹੁਣ ਆਏ ਹਨ ਜਾਂ ਆ ਰਹੇ ਹਨ, ਕਿਸੇ ਵੇਲੇ ਉਨ੍ਹਾਂ ਨੇ ਬੀਜੇਪੀ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ ਹੋਈਆਂ ਹਨ। ਪਰ ਬੀਜੇਪੀ ਇੱਕ ਕਾਡਰ ਬੇਸ ਪਾਰਟੀ ਹੈ, ਉੱਪਰਲੀ ਲੀਡਰਸ਼ਿਪ ਨੇ ਜੋ ਫ਼ੈਸਲਾ ਕਰ ਦਿੱਤਾ, ਉਸ ਖ਼ਿਲਾਫ਼ ਤੁਸੀਂ ਨਹੀਂ ਬੋਲ ਸਕਦੇ। "
ਜਦਕਿ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੰਨਦੇ ਹਨ ਕਿ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਇੰਨੀ ਮਜ਼ਬੂਤ ਹੈ ਕਿ ਕਿਸੇ ਕਿਸਮ ਦੇ ਛੋਟੇ-ਮੋਟੇ ਵਿਰੋਧ ਨੂੰ ਬਹੁਤੀ ਤੂਲ ਨਹੀਂ ਮਿਲਦੀ।
ਨਾਲ ਹੀ ਉਹ ਕਹਿੰਦੇ ਹਨ, "ਬੀਜੇਪੀ ਦਾ ਪੰਜਾਬ ਵਿੱਚ ਕੋਈ ਵੱਡਾ ਨਾਮ ਹੈ ਵੀ ਨਹੀਂ ਇਸ ਵੇਲੇ, ਪੁਰਾਣੇ ਸੀਨੀਅਰ ਲੀਡਰ ਹੁਣ ਕੋਈ ਬਹੁਤੇ ਸਰਗਰਮ ਨਹੀਂ। ਰਹੀ ਗੱਲ ਵਰਕਰਾਂ ਦੀ, ਬਾਹਰੋਂ ਵੱਡੇ ਚਿਹਰੇ ਆ ਕੇ ਜੇ ਪਾਰਟੀ ਨੂੰ ਮਜ਼ਬੂਤ ਕਰਦੇ ਹਨ ਤਾਂ ਪਾਰਟੀ ਵਰਕਰਾਂ ਦਾ ਹੌਂਸਲਾ ਵਧਦਾ ਹੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























