ਖਾਤੇ 'ਚੋਂ ਪੈਸੇ ਕਢਵਾਉਣ ਲਈ ਭੈਣ ਦਾ ਪਿੰਜਰ ਲੈ ਕੇ ਬੈਂਕ ਪਹੁੰਚਿਆ ਭਰਾ, ਪ੍ਰਸ਼ਾਸਨ ਨੇ ਕੀ ਕਿਹਾ ?

ਤਸਵੀਰ ਸਰੋਤ, RAKHI GHOSE
(ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)
ਸੋਮਵਾਰ ਦੁਪਹਿਰ ਓਡੀਸ਼ਾ ਦੇ ਕਿਉਂਝਰ ਜ਼ਿਲ੍ਹੇ ਦੇ ਇੱਕ ਬੈਂਕ ਦੇ ਮੁਲਾਜ਼ਮ ਅਤੇ ਉੱਥੇ ਮੌਜੂਦ ਗਾਹਕ ਦੰਗ ਰਹਿ ਗਏ ਸਨ। ਜਦੋਂ 52 ਸਾਲਾ ਜੀਤੂ ਮੁੰਡਾ ਮੋਢੇ 'ਤੇ ਕੰਕਾਲ ਲੈ ਕੇ ਬੈਂਕ ਵਿੱਚ ਦਾਖਲ ਹੋਇਆ।
ਇਹ ਉੜੀਸਾ ਗ੍ਰਾਮੀਣ ਬੈਂਕ ਦੀ ਪਾਟਨਾ ਬਲੌਕ ਦੇ ਮੱਲੀਪੋਸ਼ੀ ਪਿੰਡ ਦੀ ਬ੍ਰਾਂਚ ਸੀ।
ਜੀਤੂ ਮੁੰਡਾ ਪਾਟਨਾ ਬਲੌਕ ਦੇ ਦਿਆਨਾਲੀ ਪਿੰਡ ਦਾ ਰਹਿਣ ਵਾਲਾ ਹੈ। ਉਹ ਆਪਣੀ ਭੈਣ ਦੇ ਗ੍ਰਾਮੀਣ ਬੈਂਕ ਦੇ ਖਾਤੇ ਵਿੱਚੋਂ 19,300 ਰੁਪਏ ਕਢਵਾਉਣਾ ਚਾਹੁੰਦਾ ਸੀ।
ਉਸ ਦੀ 56 ਸਾਲਾ ਭੈਣ ਕਲਰਾ ਮੁੰਡਾ ਗੁਆਂਢੀ ਜ਼ਿਲ੍ਹੇ ਜਾਜਪੁਰ ਦੇ ਸੁਕਰੂ ਮੁੰਡਾ ਨਾਲ ਵਿਆਹੀ ਹੋਈ ਸੀ।
ਕਲਰਾ ਮੁੰਡਾ ਅਤੇ ਸੁਕਰੂ ਮੁੰਡਾ ਦਾ ਇੱਕ ਬੇਟਾ ਸੀ। ਪਰ ਪਤੀ ਅਤੇ ਬੇਟੇ ਦੀ ਮੌਤ ਤੋਂ ਬਾਅਦ ਉਹ ਆਪਣੇ ਪੇਕੇ ਦਿਆਨਲੀ ਪਰਤ ਆਈ ਸੀ ਅਤੇ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਕੇ ਜੀਵਨ ਗੁਜ਼ਾਰ ਰਹੀ ਸੀ।
ਕੁਝ ਮਹੀਨੇ ਪਹਿਲਾਂ ਕਲਰਾ ਨੇ ਆਪਣਾ ਇੱਕ ਵੱਛਾ ਵੇਚਿਆ ਸੀ ਅਤੇ ਇਸ ਤੋਂ ਮਿਲੇ 19,300 ਰੁਪਏ ਆਪਣੇ ਖਾਤੇ ਵਿੱਚ ਜਮ੍ਹਾ ਕੀਤੇ ਸੀ।
ਪਿੰਜਰ ਲੈ ਕੇ ਕਿਉਂ ਪਹੁੰਚੇ ਬੈਂਕ ?

ਤਸਵੀਰ ਸਰੋਤ, RAKHI GHOSE
ਦੋ ਮਹੀਨੇ ਪਹਿਲਾਂ ਕਲਰਾ ਮੁੰਡਾ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜੀਤੂ ਰਕਮ ਲੈਣ ਲਈ ਬੈਂਕ ਪਹੁੰਚਿਆ।
ਜੀਤੂ ਨੇ ਕਿਹਾ, "ਮੈਂ ਕਈ ਵਾਰ ਬੈਂਕ ਮੈਨੇਜਰ ਨੂੰ ਸਮਝਾਉਣ ਆਇਆ ਸੀ ਕਿ ਮੇਰੀ ਭੈਣ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਜਦੋਂ ਬੈਂਕ ਮੈਨੇਜਰ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਖਾਤਾਧਾਰਕ ਨੂੰ ਲਿਆਉਣ ਜਾਂ ਕਾਨੂੰਨੀ ਵਾਰਿਸ ਦੇ ਦਸਤਾਵੇਜ਼ ਦੇ ਕੇ ਮੌਤ ਦਾ ਪ੍ਰਮਾਣ ਪੇਸ਼ ਕਰਨ 'ਤੇ ਜ਼ੋਰ ਦਿੱਤਾ ਤਾਂ ਨਿਰਾਸ਼ ਹੋ ਕੇ ਮੈਂ ਉਨ੍ਹਾਂ ਨੂੰ ਸਬੂਤ ਦਿਖਾਉਣ ਲਈ ਕੰਕਾਲ ਲੈ ਆਇਆ।"
ਉਹ ਤਿੰਨ ਕਿੱਲੋਮੀਟਰ ਪੈਦਲ ਚੱਲ ਕੇ ਪਿੰਡ ਦੇ ਸ਼ਮਸ਼ਾਨ ਘਾਟ ਪਹੁੰਚਿਆ। ਆਪਣੀ ਭੈਣ ਦੇ ਅਵਸ਼ੇਸ਼ ਬਾਹਰ ਕੱਢੇ, ਉਨ੍ਹਾਂ ਨੂੰ ਜੂਟ ਦੀ ਬੋਰੀ ਵਿੱਚ ਰੱਖਿਆ ਅਤੇ ਤੇਜ਼ ਗਰਮੀ ਵਿੱਚ ਮੋਢੇ 'ਤੇ ਰੱਖ ਕੇ ਬੈਂਕ ਲੈ ਆਇਆ।
ਬੈਂਕ ਪਰਿਸਰ ਵਿੱਚ ਇਹ ਦੇਖ ਕੇ ਕਰਮਚਾਰੀ ਅਤੇ ਗਾਹਕ ਹੱਕੇ-ਬੱਕੇ ਰਹਿ ਗਏ। ਬੈਂਕ ਨੇ ਤੁਰੰਤ ਪੁਲਿਸ ਅਤੇ ਬੀਡੀਓ ਨੂੰ ਬੁਲਾਇਆ।
ਪੁਲਿਸ ਅਤੇ ਬੀਡੀਓ ਨੇ ਜੀਤੂ ਨੂੰ ਸਮਝਾਇਆ ਕਿ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ ਅਤੇ ਕਿਹਾ ਕਿ ਨੱਕਾਲ ਨੂੰ ਫਿਰ ਉਸੇ ਸ਼ਮਸ਼ਾਨ ਘਾਟ ਵਿੱਚ ਰੱਖ ਕੇ ਆਵੇ। ਇਸ ਤੋਂ ਬਾਅਦ ਜੀਤੂ ਫਿਰ ਮੋਢੇ 'ਤੇ ਕੰਕਾਲ ਚੁੱਕ ਕੇ ਤਿੰਨ ਕਿੱਲੋਮੀਟਰ ਪੈਦਲ ਸ਼ਮਸ਼ਾਨ ਘਾਟ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਬਿਆਨ
ਓਡੀਸ਼ਾ ਗ੍ਰਾਮੀਣ ਬੈਂਕ ਦੇ ਮੈਨੇਜਰ ਸੁਸ਼ਾਂਤ ਕੁਮਾਰ ਸੇਠੀ ਨੇ ਕਿਹਾ, "ਜਦੋਂ ਜੀਤੂ ਪੈਸੇ ਕਢਵਾਉਣ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਸਬੰਧਤ ਵਿਅਕਤੀ ਨੂੰ ਇੱਥੇ ਪੇਸ਼ ਹੋਣਾ ਪਵੇਗਾ। ਪਹਿਲਾਂ ਉਸ ਨੇ ਕਿਹਾ ਕਿ ਉਸ ਦੀ ਭੈਣ ਲਕਵਾਗ੍ਰਸਤ ਹੈ ਅਤੇ ਆ ਨਹੀਂ ਸਕਦੀ। ਜਦੋਂ ਮੈਂ ਕਿਹਾ ਕਿ ਬੈਂਕ ਕਰਮਚਾਰੀ ਤੁਹਾਡੇ ਘਰ ਆਉਣਗੇ, ਤਾਂ ਉਸ ਨੇ ਕਿਹਾ ਕਿ ਉਹ ਮਰ ਚੁੱਕੀ ਹੈ।"
ਬੈਂਕ ਮੈਨੇਜਰ ਨੇ ਇਹ ਵੀ ਕਿਹਾ ਕਿ ਬੀਤੇ ਦੋ ਮਹੀਨਿਆਂ ਵਿੱਚ ਜੀਤੂ ਕਦੇ ਪੈਸੇ ਕਢਵਾਉਣ ਬੈਂਕ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕਲਰਾ ਦੇ ਦੋ ਹੋਰ ਕਾਨੂੰਨੀ ਵਾਰਿਸ ਵੀ ਹਨ ਅਤੇ ਉਹ ਵੀ ਪੈਸੇ ਕਢਵਾਉਣ ਬੈਂਕ ਆਏ ਸੀ। ਇਸ ਲਈ ਬੈਂਕ ਨੇ ਜੀਤੂ ਨੂੰ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ।
28 ਅਪ੍ਰੈਲ ਨੂੰ ਜਾਂਚ ਤੋਂ ਬਾਅਦ ਜੀਤੂ ਅਤੇ ਕਲਰਾ ਦੇ ਦੋ ਹੋਰ ਕਾਨੂੰਨੀ ਵਾਰਿਸਾਂ(ਉਨ੍ਹਾਂ ਦੇ ਭੈਣ-ਭਰਾ) ਨੂੰ ਖਾਤੇ ਵਿੱਚ ਜਮ੍ਹਾ 19,410 ਰੁਪਏ ਸੌਂਪ ਦਿੱਤੇ ਗਏ।
ਪੁਲਿਸ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਰਕਮ ਆਪਸ ਵਿੱਚ ਬਰਾਬਰ ਵੰਡ ਲੈਣ।"
ਉੜੀਸਾ ਦੇ ਖਜ਼ਾਨਾ ਮੰਤਰੀ ਸੁਰੇਸ਼ ਪੁਜਾਰੀ ਨੇ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਕਿਹਾ ਕਿ ਦਾਨਾ ਮਾਂਝੀ ਤੋਂ ਬਾਅਦ ਉੜੀਸਾ ਵਿੱਚ ਇਹ ਦੂਜੀ ਘਟਨਾ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਕੁਲੈਕਟਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਬੈਂਕ ਮੈਨੇਜਰ ਦੇ ਰਵੱਈਏ ਲਈ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਉਧਰ ਹੁਣ ਕਿਓਂਝਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।
ਇੱਕ ਬਿਆਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ, "ਜਨਤਾ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਟੀਚਾ ਹੈ।"
ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਲਰਾ ਮੁੰਡਾ ਦੇ ਭਰਾ ਜੀਤੂ ਮੁੰਡਾ ਨੂੰ ਜ਼ਿਲ੍ਹਾ ਰੈਡ ਕਰੌਸ ਫੰਡ ਵਿੱਚੋਂ ਤੀਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।
ਪ੍ਰਸ਼ਾਸਨ ਨੇ ਦੱਸਿਆ ਹੈ ਕਿ 'ਇਸ ਤੋਂ ਇਲਾਵਾ ਉਸ ਨੂੰ ਮੌਤ ਪ੍ਰਮਾਣ ਪੱਤਰ ਅਤੇ ਕਾਨੂੰਨੀ ਵਾਰਿਸ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ।'
ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਕਿ ਭਵਿੱਖ ਵਿੱਚ ਰਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































