ਪੰਜਾਬ 'ਚ ਸਿਲਕ ਦੀ ਖੇਤੀ: ਰੇਸ਼ਮ ਦੇ ਕੀੜਿਆਂ ਨਾਲ ਜੁੜੀ ਕਮਾਈ ਦਾ ਸਹੀ ਸੀਜ਼ਨ ਕੀ ਹੈ, ਕਿਸਾਨਾਂ ਲਈ ਕੀ ਚੁਣੌਤੀਆਂ ਤੇ ਫਾਇਦੇ ਹਨ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 8 ਮਿੰਟ

"ਛੋਟੇ ਹੁੰਦੇ ਮੈਂ ਆਪਣੇ ਪਿਤਾ ਨੂੰ ਇਹ ਕੰਮ ਕਰਦੇ ਵੇਖਦਾ ਸੀ ਅਤੇ ਮਨ ਵਿੱਚ ਇਸ ਨੂੰ ਸਿੱਖਣ ਦੀ ਚਾਹ ਸੀ। ਵੇਖਦੇ-ਵੇਖਦੇ ਹੀ ਮੈਂ ਇਹ ਕੰਮ ਸਿੱਖ ਲਿਆ।"

ਇਹ ਸ਼ਬਦ ਰੇਸ਼ਮ ਦੇ ਕੀੜੇ ਪਾਲਣ ਦਾ ਧੰਦਾ ਕਰਨ ਵਾਲੇ ਨੌਜਵਾਨ ਪ੍ਰਮੋਦ ਕੁਮਾਰ ਦੇ ਹਨ, ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਉਮਰ 37 ਸਾਲ ਹੈ ਅਤੇ ਬਚਪਨ ਤੋਂ ਹੀ ਉਹ ਇਸ ਸਹਾਇਕ ਧੰਦੇ ਨਾਲ ਜੁੜੇ ਹੋਏ ਹਨ।

ਪੰਜਾਬ ਦੇ ਚਾਰ ਜ਼ਿਲ੍ਹੇ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ, ਅਜਿਹੇ ਜ਼ਿਲ੍ਹੇ ਹਨ ਜਿੱਥੇ ਕਿਸਾਨਾਂ ਵੱਲੋਂ ਸਹਾਇਕ ਧੰਦੇ ਵਜੋਂ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਜ਼ਿਲ੍ਹਾ ਪਠਾਨਕੋਟ ਵਿੱਚ ਕਿਸਾਨਾਂ ਅਤੇ ਕਿਸਾਨ ਮਜ਼ਦੂਰ ਪਰਿਵਾਰਾਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ।

ਪਠਾਨਕੋਟ ਦੇ ਸੁਜਾਨਪੁਰ ਅਤੇ ਧਾਰ ਬਲਾਕ (ਨੀਮ ਪਹਾੜੀ ਇਲਾਕੇ) ਵਿੱਚ ਇਸ ਧੰਦੇ ਨਾਲ ਕਈ ਸੈਂਕੜੇ ਪਰਿਵਾਰ ਜੁੜੇ ਹਨ, ਜਿਨ੍ਹਾਂ ਵਿੱਚ ਔਰਤਾਂ ਵੀ ਇਸ ਖੇਤੀ ਨਾਲ ਚੰਗਾ ਮੁਨਾਫ਼ਾ ਕਮਾ ਰਹੀਆਂ ਹਨ।

ਪਠਾਨਕੋਟ ਤੋਂ ਕਰੀਬ 35 ਕਿਲੋਮੀਟਰ ਦੂਰ ਡਲਹੌਜ਼ੀ ਰੋਡ 'ਤੇ ਸਥਿਤ ਧਾਰ ਬਲਾਕ ਦੇ ਪਿੰਡ ਭੰਗੂੜੀ ਦਾ 37 ਸਾਲਾ ਪ੍ਰਮੋਦ ਕੁਮਾਰ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਹੈ।

ਉਨ੍ਹਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਹੁਣ ਪੂਰੀ ਤਰ੍ਹਾਂ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮ ਨਾਲ ਜੁੜੇ ਹੋਏ ਹਨ। ਪ੍ਰਮੋਦ ਦਾ ਕਹਿਣਾ ਹੈ ਕਿ "ਜ਼ਮੀਨ ਨਾਲ ਪਿਆਰ ਹੈ" ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਕਰਕੇ ਦੋਵੇਂ ਪਿਉ-ਪੁੱਤ ਘਰ ਦਾ ਚੰਗਾ ਗੁਜ਼ਾਰਾ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨੀਮ ਪਹਾੜੀ ਇਲਾਕੇ ਵਿੱਚ ਜ਼ਮੀਨ ਘੱਟ ਹੋਣ ਕਰਕੇ ਖੇਤੀ ਓਨੀ ਲਾਭਕਾਰੀ ਨਹੀਂ ਰਹਿੰਦੀ, ਇਸ ਲਈ ਹਰ ਪਰਿਵਾਰ ਕਿਸੇ ਨਾ ਕਿਸੇ ਸਹਾਇਕ ਧੰਦੇ 'ਤੇ ਨਿਰਭਰ ਹੈ।

ਖ਼ਾਸ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਇਸ ਇਲਾਕੇ ਵਿੱਚ ਛੋਟੇ-ਵੱਡੇ ਪਰਿਵਾਰ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕਰਦੇ ਆ ਰਹੇ ਹਨ।

ਪ੍ਰਮੋਦ ਖ਼ੁਦ ਵੀ ਇਸ ਧੰਦੇ ਨਾਲ ਜੁੜੇ ਹਨ। ਉਹ ਆਪਣੀ ਜ਼ਮੀਨ 'ਤੇ ਸ਼ਹਿਤੂਤ ਦੇ ਬੂਟੇ ਲਗਾਉਂਦੇ ਹਨ, ਜੋ ਰੇਸ਼ਮ ਦੇ ਕੀੜਿਆਂ ਦੀ ਮੁੱਖ ਖੁਰਾਕ ਹੈ। ਇਸ ਤੋਂ ਇਲਾਵਾ ਉਹ ਸਬਜ਼ੀਆਂ ਦੀ ਕਾਸ਼ਤ, ਪਸ਼ੂ ਪਾਲਣ ਅਤੇ ਪੋਲਟਰੀ ਫਾਰਮਿੰਗ ਵੀ ਕਰਦੇ ਹਨ।

ਉਹ ਦੱਸਦੇ ਹਨ, "ਰੇਸ਼ਮ ਦੇ ਕੀੜੇ ਪਾਲਣ ਦੇ ਸਾਲ ਵਿੱਚ ਦੋ ਸੀਜ਼ਨ ਹੁੰਦੇ ਹਨ, ਮਾਰਚ-ਅਪ੍ਰੈਲ (ਜੋ ਹੁਣ ਚੱਲ ਰਿਹਾ ਹੈ) ਅਤੇ ਸਤੰਬਰ-ਅਕਤੂਬਰ।"

ਉਨ੍ਹਾਂ ਦੇ ਮੁਤਾਬਕ, ਉਹ ਇਸ ਸਮੇਂ ਦੌਰਾਨ ਪੋਲਟਰੀ ਦਾ ਕੰਮ ਬੰਦ ਕਰਕੇ ਉਸੇ ਸ਼ੈੱਡ ਵਿੱਚ ਕੀੜੇ ਪਾਲਦੇ ਹਨ ਅਤੇ ਸੀਜ਼ਨ ਖ਼ਤਮ ਹੋਣ 'ਤੇ ਮੁੜ ਮੁਰਗੀ ਪਾਲਣ ਸ਼ੁਰੂ ਕਰਦੇ ਹਨ।

ਪ੍ਰਮੋਦ ਕਹਿੰਦੇ ਹਨ, "ਸਾਲ ਵਿੱਚ ਦੋ ਵਾਰ ਇਹ ਕੰਮ ਹੋਰ ਸਹਾਇਕ ਧੰਦਿਆਂ ਨਾਲੋਂ ਵੱਧ ਮੁਨਾਫ਼ਾ ਦਿੰਦਾ ਹੈ। ਇੱਕ ਔਂਸ ਕੀੜੇ ਪਾਲਣ 'ਤੇ ਕਰੀਬ 50 ਤੋਂ 60 ਹਜ਼ਾਰ ਰੁਪਏ ਤੱਕ ਦੀ ਕਮਾਈ ਹੋ ਜਾਂਦੀ ਹੈ। ਜੇ ਮੌਸਮ ਅਤੇ ਭਾਅ ਦੋਵੇਂ ਚੰਗੇ ਹੋਣ ਤਾਂ ਇਹ ਮੁਨਾਫ਼ਾ ਹੋਰ ਵੀ ਵੱਧ ਸਕਦਾ ਹੈ।"

ਉਨ੍ਹਾਂ ਦੇ ਅਨੁਸਾਰ, ਇਸ ਧੰਦੇ ਵਿੱਚ ਲਾਗਤ ਘੱਟ ਹੁੰਦੀ ਹੈ ਪਰ ਮਿਹਨਤ ਜ਼ਿਆਦਾ ਲੱਗਦੀ ਹੈ। ਸਰਕਾਰ ਵੱਲੋਂ ਵੀ ਮਦਦ ਮਿਲਦੀ ਹੈ, ਜਿਵੇਂ ਦਵਾਈਆਂ, ਸਪਰੇਅ ਅਤੇ ਪਾਲਣ ਲਈ ਲੋੜੀਂਦਾ ਸਾਮਾਨ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ।

ਉਹ ਦੱਸਦੇ ਹਨ, "ਮੰਡੀਕਰਨ ਵਿੱਚ ਵੀ ਕੋਈ ਵੱਡੀ ਦਿੱਕਤ ਨਹੀਂ ਆਉਂਦੀ ਕਿਉਂਕਿ ਸੈਰੀਕਲਚਰ ਵਿਭਾਗ ਹੀ ਹੋਰ ਸੂਬਿਆਂ ਤੋਂ ਵਪਾਰੀਆਂ ਨੂੰ ਬੁਲਾ ਕੇ ਰੇਸ਼ਮ ਵੇਚਣ ਵਿੱਚ ਮਦਦ ਕਰਦਾ ਹੈ।"

ਪ੍ਰਮੋਦ ਦਾ ਟੀਚਾ ਹੈ ਕਿ ਉਹ ਇਸ ਧੰਦੇ ਨੂੰ ਹੋਰ ਵਧਾਉਣ, ਪਰ ਸਭ ਤੋਂ ਵੱਡੀ ਚੁਣੌਤੀ ਕੀੜਿਆਂ ਦੀ ਖੁਰਾਕ, ਸ਼ਹਿਤੂਤ ਦੇ ਪੱਤੇ ਦੀ ਉਪਲਬਧਤਾ ਹੈ। ਉਹ ਦੱਸਦੇ ਹਨ ਕਿ ਇਲਾਕੇ ਵਿੱਚ ਜਾਨਵਰ ਹਨ, ਖ਼ਾਸ ਕਰ ਕੇ ਬਾਂਦਰ ਜੋ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਾਰਨ ਇਹ ਕੰਮ ਵਧਾਉਣਾ ਔਖਾ ਹੋ ਜਾਂਦਾ ਹੈ।

ਜਿੱਥੇ ਕਈ ਕਿਸਾਨ ਪੀੜੀ ਦਰ ਪੀੜੀ ਇਹ ਧੰਦਾ ਕਰ ਰਹੇ ਹਨ, ਉੱਥੇ ਕਈ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ। ਇਹ ਪਰਿਵਾਰ ਮਜ਼ਦੂਰੀ ਜਾਂ ਹੋਰ ਕੰਮ ਕਰਦੇ ਹਨ, ਪਰ ਸੀਜ਼ਨ ਆਉਣ 'ਤੇ ਪੂਰਾ ਪਰਿਵਾਰ ਰੇਸ਼ਮ ਦੇ ਕੀੜੇ ਪਾਲਣ ਨਾਲ ਜੁੜ ਜਾਂਦਾ ਹੈ। ਕਈ ਪਰਿਵਾਰ ਆਪਣੇ ਘਰ ਦੇ ਇੱਕ ਕਮਰੇ ਵਿੱਚ ਹੀ ਇਹ ਕੰਮ ਕਰਦੇ ਹਨ।

ਕਈ ਮਜ਼ਦੂਰ ਅਜਿਹੇ ਵੀ ਹਨ, ਖ਼ਾਸ ਕਰਕੇ ਸੁਜਾਨਪੁਰ ਦੇ ਸ਼ਹਿਰੀ ਇਲਾਕੇ ਦੇ, ਜਿਨ੍ਹਾਂ ਕੋਲ ਆਪਣੀ ਥਾਂ ਨਹੀਂ ਹੁੰਦੀ। ਉਹ ਸੈਰੀਕਲਚਰ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਥਾਂ 'ਤੇ ਇਹ ਕੰਮ ਕਰਦੇ ਹਨ, ਜਿਸ ਵਿੱਚ ਔਰਤਾਂ ਦੀ ਭੂਮਿਕਾ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ।

'ਕੀੜਿਆਂ ਨਾਲ ਯਾਰੀ'

ਸੁਜਾਨਪੁਰ ਦੇ ਰਹਿਣ ਵਾਲੇ ਜੋਗਿੰਦਰ ਕੁਮਾਰ ਦੱਸਦੇ ਹਨ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ, ਪਰ ਪਿਛਲੇ ਕਈ ਸਾਲਾਂ ਤੋਂ ਰੇਸ਼ਮ ਦੀ ਖੇਤੀ ਵੀ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਕੰਮ ਮਿਹਨਤ ਵਾਲਾ ਹੈ ਅਤੇ ਉਹ ਕੀੜਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਨ। ਉਨ੍ਹਾਂ ਨੇ ਦੋ ਔਂਸ ਕੀੜੇ ਪਾਲੇ ਹਨ। ਭਾਵੇਂ ਉਹ ਸ਼ੁਰੂ ਵਿੱਚ ਥੋੜ੍ਹੇ ਲੱਗਦੇ ਹਨ ਪਰ ਦਿਨਾਂ ਵਿੱਚ ਹੀ ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਜਾਂਦੀ ਹੈ।

ਉਨ੍ਹਾਂ ਦੇ ਮੁਤਾਬਕ, "ਇਹ ਕੀੜਿਆਂ ਨਾਲ ਯਾਰੀ ਵਰਗੀ ਗੱਲ ਹੈ। ਘਰ ਦੀਆਂ ਅਹਿਮ ਲੋੜਾਂ ਵੀ ਇਸੇ ਕੰਮ ਨਾਲ ਪੂਰੀਆਂ ਹੁੰਦੀਆਂ ਹਨ ਅਤੇ ਮਿਹਨਤ ਦਾ ਵੀ ਮੁੱਲ ਮਿਲਦਾ ਹੈ। ਇਸੇ ਕਰਕੇ ਸਾਲ ਵਿੱਚ ਦੋਵੇਂ ਸੀਜ਼ਨਾਂ ਵਿੱਚ ਅਸੀਂ ਇਹ ਕੰਮ ਅਪਣਾਉਂਦੇ ਹਾਂ।"

ਉਹ ਇਕੱਲੇ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਅਤੇ ਕਈ ਵਾਰ ਬੱਚੇ ਵੀ ਇਸ ਕੰਮ ਵਿੱਚ ਹੱਥ ਵਟਾਉਂਦੇ ਹਨ। ਜਦੋਂ ਸਾਲ ਵਿੱਚ ਇਹ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਕਾਫ਼ੀ ਉਮੀਦ ਹੁੰਦੀ ਹੈ ਕਿ ਆਮਦਨ ਚੰਗੀ ਹੋਵੇਗੀ ਅਤੇ ਘਰ-ਪਰਿਵਾਰ ਦੀਆਂ ਅਹਿਮ ਲੋੜਾਂ ਇਸੇ ਕੰਮ ਨਾਲ ਪੂਰੀਆਂ ਹੋਣਗੀਆਂ।

ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ

ਪਠਾਨਕੋਟ ਦੇ ਧਾਰ ਇਲਾਕੇ ਦੀ ਰਹਿਣ ਵਾਲੀ ਬਿਮਲਾ ਦੇਵੀ ਆਪਣੇ ਛੋਟੇ ਜਿਹੇ ਘਰ ਦੇ ਇੱਕ ਕਮਰੇ ਵਿੱਚ ਬੜੇ ਸੁਚੱਜੇ ਢੰਗ ਨਾਲ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਕਰ ਰਹੇ ਹਨ।

ਬਿਮਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੇਕਾ ਘਰ ਹਿਮਾਚਲ ਪ੍ਰਦੇਸ਼ ਵਿੱਚ ਹੈ ਅਤੇ ਜਦੋਂ ਕਰੀਬ 25 ਸਾਲ ਪਹਿਲਾਂ ਉਹ ਵਿਆਹ ਕੇ ਇੱਥੇ ਆਈ ਤਾਂ ਸੁਹਰੇ ਪਰਿਵਾਰ ਵੱਲੋਂ ਇਹ ਕੰਮ ਕੀਤਾ ਜਾਂਦਾ ਸੀ।

"ਉਸ ਵੇਲੇ ਮੈਨੂੰ ਇਸ ਕੰਮ ਤੋਂ ਕਾਫ਼ੀ ਡਰ ਲੱਗਦਾ ਸੀ ਅਤੇ ਉਹ ਇਸਨੂੰ ਵੇਖ ਵੀ ਨਹੀਂ ਸਕਦੀ ਸੀ, ਪਰ ਘਰ ਦੇ ਹੋਰ ਮੈਂਬਰਾਂ ਨੂੰ ਦੇਖਦੇ-ਦੇਖਦੇ ਮੈਂ ਵੀ ਇਸ ਕੰਮ ਨਾਲ ਜੁੜ ਗਈ।"

ਹੁਣ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਖਰਚ ਚਲਾਉਣ ਲਈ ਇਹ ਕੰਮ ਕਰ ਰਹੇ ਹਨ।

ਉਹ ਇਕੱਲੇ ਨਹੀਂ ਹਨ, ਸਗੋਂ ਇਸ ਪੂਰੇ ਇਲਾਕੇ ਵਿੱਚ ਘਰ-ਘਰ ਕਈ ਪਰਿਵਾਰ ਇਸ ਧੰਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਜੋ ਕੀੜਿਆਂ ਦੀ ਸਾਂਭ-ਸੰਭਾਲ ਕਰਦੀਆਂ ਹਨ।

ਬਿਮਲਾ ਕਹਿੰਦੇ ਹਨ, "ਮੇਰੇ ਪਤੀ ਡਰਾਈਵਰ ਹਨ ਅਤੇ ਕਦੇ ਕੰਮ ਮਿਲਦਾ ਹੈ ਤੇ ਕਦੇ ਨਹੀਂ, ਇਸ ਲਈ ਘਰ ਦੇ ਖਰਚ ਲਈ ਮੈਨੂੰ ਖੁਦ ਮਿਹਨਤ ਕਰਨੀ ਪੈਂਦੀ ਹੈ।"

ਉਨ੍ਹਾਂ ਕੋਲ ਇੱਕ ਗਾਂ ਵੀ ਹੈ, ਜਿਸ ਦਾ ਦੁੱਧ ਵੇਚ ਕੇ ਕੁਝ ਆਮਦਨ ਹੋ ਜਾਂਦੀ ਹੈ, ਜਦਕਿ ਬਾਕੀ ਅਹਿਮ ਕਮਾਈ ਰੇਸ਼ਮ ਦੇ ਕੀੜੇ ਪਾਲਣ ਦੇ ਦੋਵੇਂ ਸੀਜ਼ਨਾਂ ਦੌਰਾਨ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ੁਦ ਮਿਹਨਤ ਕਰਕੇ ਜੋ ਕਮਾਈ ਹੁੰਦੀ ਹੈ, ਉਸ ਨਾਲ ਇਕ ਵੱਖਰੀ ਤਸੱਲੀ ਮਿਲਦੀ ਹੈ।

ਬਿਮਲਾ ਦੇਵੀ ਵਾਂਗ ਹੀ ਇਸੇ ਇਲਾਕੇ ਦੀ ਰਹਿਣ ਵਾਲੀਆਂ ਅੰਜੂ ਬਾਲਾ ਅਤੇ ਸੁਜਾਨਪੁਰ ਦੀ ਰਹਿਣ ਵਾਲੀ ਭੋਲੀ ਵੀ ਦੱਸਦੇ ਹਨ ਕਿ ਉਹ ਸਾਲਾਂ ਤੋਂ ਇਹ ਕੰਮ ਕਰ ਰਹੀਆਂ ਹਨ ਅਤੇ ਇਸ ਧੰਦੇ ਤੋਂ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।

ਮਾਹਰਾਂ ਦਾ ਕੀ ਕਹਿਣਾ ਹੈ

ਸੈਰੀਕਲਚਰ ਵਿਭਾਗ ਸੁਜਾਨਪੁਰ ਦੇ ਐੱਸਓ ਮਨਜੀਤ ਸਿੰਘ ਦੱਸਦੇ ਹਨ ਕਿ ਭਾਵੇਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਇਹ ਸਹਾਇਕ ਧੰਦਾ ਕੀਤਾ ਜਾ ਰਿਹਾ ਹੈ, ਪਰ ਜ਼ਿਲ੍ਹਾ ਪਠਾਨਕੋਟ ਵਿੱਚ ਇਸ ਦੇ ਸਭ ਤੋਂ ਵੱਧ ਕੇਂਦਰ ਹਨ ਅਤੇ ਕਰੀਬ 1200 ਪਰਿਵਾਰ ਇਸ ਨਾਲ ਜੁੜੇ ਹੋਏ ਹਨ।

ਉਨ੍ਹਾਂ ਮੁਤਾਬਕ, "ਇਸ ਦਾ ਮੁੱਖ ਕਾਰਨ ਇਲਾਕੇ ਦਾ ਅਨੁਕੂਲ ਮੌਸਮ ਹੈ। ਕੀੜਿਆਂ ਦਾ ਬੀਜ ਦੇਹਰਾਦੂਨ ਤੋਂ ਆਉਂਦਾ ਹੈ ਅਤੇ ਕਰੀਬ 1300 ਰੁਪਏ ਪ੍ਰਤੀ ਔਂਸ ਕਿਸਾਨਾਂ ਨੂੰ ਮਿਲਦਾ ਹੈ, ਜਿਸ 'ਤੇ ਕਈ ਵਾਰ ਸਬਸਿਡੀ ਵੀ ਦਿੱਤੀ ਜਾਂਦੀ ਹੈ।"

"ਇਸ ਤੋਂ ਇਲਾਵਾ ਕੀੜਿਆਂ ਦੀ ਖੁਰਾਕ ਲਈ ਸ਼ਹਿਤੂਤ ਦੇ ਬੂਟੇ ਵੀ ਵਿਭਾਗ ਵੱਲੋਂ ਮੁਫ਼ਤ ਦਿੱਤੇ ਜਾਂਦੇ ਹਨ ਅਤੇ ਵਿਭਾਗ ਦੇ ਆਪਣੇ ਫਾਰਮਾਂ 'ਤੇ ਪੱਤੇ ਵੀ ਬਿਨਾਂ ਕਿਸੇ ਖਰਚੇ ਦੇ ਉਪਲਬਧ ਕਰਵਾਏ ਜਾਂਦੇ ਹਨ।"

ਉਹ ਇਹ ਵੀ ਦੱਸਦੇ ਹਨ ਕਿ ਪਠਾਨਕੋਟ ਇਲਾਕੇ ਵਿੱਚ ਕਰੀਬ 150 ਲੋਕਾਂ ਨੂੰ ਆਪਣੀ ਜਗ੍ਹਾ 'ਤੇ ਕਮਰਾ ਬਣਾਉਣ ਲਈ 100 ਫੀਸਦੀ ਗਰਾਂਟ, ਜੋ ਲਗਭਗ ਇੱਕ ਲੱਖ ਰੁਪਏ ਤੱਕ ਹੈ, ਦਿੱਤੀ ਗਈ ਹੈ।

ਉੱਥੇ ਹੀ ਧਾਰ ਇਲਾਕੇ ਵਿੱਚ ਸਥਿਤ ਸੈਰੀਕਲਚਰ ਫਾਰਮ ਦੇ ਇੰਚਾਰਜ ਅਤੇ ਮਾਹਿਰ ਕਰਤਾਰ ਸਿੰਘ ਦੱਸਦੇ ਹਨ ਕਿ ਨੀਮ ਪਹਾੜੀ ਖੇਤਰ ਵਿੱਚ ਜ਼ਮੀਨ ਘੱਟ ਹੋਣ ਕਰਕੇ ਲੋਕ ਸਹਾਇਕ ਧੰਦਿਆਂ 'ਤੇ ਨਿਰਭਰ ਹਨ ਅਤੇ ਰੇਸ਼ਮ ਦਾ ਇਹ ਕੰਮ ਘੱਟ ਲਾਗਤ ਵਾਲਾ ਹੋਣ ਕਰਕੇ ਛੋਟੇ ਪਰਿਵਾਰ ਵੀ ਇਸਨੂੰ ਅਪਣਾ ਰਹੇ ਹਨ।

ਉਨ੍ਹਾਂ ਦੇ ਮੁਤਾਬਕ, ਸਭ ਤੋਂ ਪਹਿਲਾਂ ਕੀੜਿਆਂ ਦੀ ਖੁਰਾਕ ਲਈ ਸ਼ਹਿਤੂਤ ਦੇ ਦਰੱਖਤ ਲਗਾਏ ਜਾਂਦੇ ਹਨ। ਫਿਰ ਕੀੜਿਆਂ ਦੇ ਅੰਡਿਆਂ ਤੋਂ ਲਾਰਵਾ ਨਿਕਲਦਾ ਹੈ, ਜਿਸਨੂੰ ਸ਼ਹਿਤੂਤ ਦੇ ਪੱਤੇ ਖੁਆਏ ਜਾਂਦੇ ਹਨ।

ਜਿਵੇਂ-ਜਿਵੇਂ ਕੀੜਾ ਵੱਡਾ ਹੁੰਦਾ ਹੈ, ਉਹ ਆਪਣੇ ਆਲੇ-ਦੁਆਲੇ ਰੇਸ਼ਮ ਦਾ ਕੋਕੂਨ ਤਿਆਰ ਕਰਦਾ ਹੈ ਅਤੇ ਇਹ ਪ੍ਰਕਿਰਿਆ ਕੁਝ ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ।

ਉਹ ਦੱਸਦੇ ਹਨ ਕਿ ਮੰਡੀਕਰਨ ਵਿੱਚ ਵੀ ਕੋਈ ਵੱਡੀ ਸਮੱਸਿਆ ਨਹੀਂ ਹੈ, ਕਿਉਂਕਿ ਪੱਛਮੀ ਬੰਗਾਲ, ਦੇਹਰਾਦੂਨ ਅਤੇ ਹੋਰ ਰਾਜਾਂ ਦੇ ਵਪਾਰੀ ਇੱਥੇ ਆ ਕੇ ਤਿਆਰ ਰੇਸ਼ਮ ਖਰੀਦ ਲੈਂਦੇ ਹਨ।

ਪੰਜਾਬ ਸਰਕਾਰ ਵੱਲੋਂ ਵੀ ਰੇਸ਼ਮ ਦੇ ਉਤਪਾਦਨ ਨੂੰ ਵਧਾਉਣ ਲਈ ਟ੍ਰੇਨਿੰਗ, ਸਬਸਿਡੀ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ, ਤਾਂ ਜੋ ਹੋਰ ਕਿਸਾਨ ਵੀ ਇਸ ਨਾਲ ਜੁੜ ਸਕਣ।

ਧੰਦੇ ਨਾਲ ਜੁੜੀਆਂ ਚੁਣੌਤੀਆਂ

ਚੁਣੌਤੀਆਂ ਦੀ ਗੱਲ ਕਰਦੇ ਹੋਏ ਨੌਜਵਾਨ ਕਿਸਾਨ ਪ੍ਰਮੋਦ ਦੱਸਦੇ ਹਨ ਕਿ ਉਹ ਇਸ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਹਨ, ਪਰ ਸਭ ਤੋਂ ਵੱਡੀ ਮੁਸ਼ਕਿਲ ਕੀੜਿਆਂ ਦੀ ਖੁਰਾਕ, ਸ਼ਹਿਤੂਤ ਦੇ ਪੱਤਿਆਂ, ਦੀ ਘਾਟ ਹੈ। ਜੰਗਲੀ ਜਾਨਵਰ, ਖ਼ਾਸ ਕਰਕੇ ਬਾਂਦਰ, ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਇਹ ਵਧ ਨਹੀਂ ਸਕਦੇ।

ਮਾਹਰਾਂ ਅਨੁਸਾਰ, ਪੰਜਾਬ ਵਿੱਚ ਕੇਵਲ ਕੁਝ ਹੀ ਇਲਾਕਿਆਂ ਵਿੱਚ ਇਹ ਕੰਮ ਲਈ ਮੌਸਮ ਅਨੁਕੂਲ ਹੈ।

ਇਸ ਦੇ ਨਾਲ ਹੀ ਮੰਡੀਕਰਨ ਵੀ ਇੱਕ ਚੁਣੌਤੀ ਹੈ, ਕਿਉਂਕਿ ਹੋਰ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਕਈ ਵਾਰ ਆਪਣੀ ਮਰਜ਼ੀ ਦੇ ਭਾਅ 'ਤੇ ਖਰੀਦ ਕਰਦੇ ਹਨ। ਮੌਸਮ ਵਿੱਚ ਅਚਾਨਕ ਬਦਲਾਅ, ਜਿਵੇਂ ਬਰਸਾਤ ਕਾਰਨ ਕੰਮ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਮਿਹਨਤ ਵੀ ਵੱਧ ਜਾਂਦੀ ਹੈ।

ਇਸ ਨਾਲ ਇਹ ਡਰ ਵੀ ਬਣਿਆ ਰਹਿੰਦਾ ਹੈ ਕਿ ਕਿਤੇ ਕੀੜੇ ਨੁਕਸਾਨ ਨਾ ਝੱਲਣ ਜਾਂ ਮਰ ਨਾ ਜਾਣ, ਜਿਸ ਕਾਰਨ ਕਈ ਵਾਰ ਇਹ ਧੰਦਾ ਘਾਟੇ ਵਾਲਾ ਵੀ ਸਾਬਤ ਹੁੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)