'ਆਪ੍ਰੇਸ਼ਨ ਸਿੰਦੂਰ': ਵਿਰੋਧੀਆਂ ਦਾ ਰੱਖਿਆ ਮੰਤਰੀ 'ਤੇ 'ਸੰਸਦ ਨੂੰ ਗੁੰਮਰਾਹ' ਕਰਨ ਦਾ ਇਲਜ਼ਾਮ, ਕੇਂਦਰ ਦਾ ਕੀ ਜਵਾਬ?

ਤਸਵੀਰ ਸਰੋਤ, ANI
'ਆਪ੍ਰੇਸ਼ਨ ਸਿੰਦੂਰ' ਦੌਰਾਨ ਜਾਨ ਗਵਾਉਣ ਵਾਲੇ ਛੇ ਜਵਾਨਾਂ ਦੇ ਨਾਂਅ ਨੈਸ਼ਨਲ ਵਾਰ ਮੈਮੋਰੀਅਲ 'ਤੇ ਦਰਜ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ 'ਤੇ ਜਾਣਕਾਰੀ ਛੁਪਾਉਣ ਦਾ ਇਲਜ਼ਾਮ ਲਗਾਇਆ ਹੈ।
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਐਕਸ 'ਤੇ ਇੱਕ ਪੋਸਟ ਵਿੱਚ 'ਆਪ੍ਰੇਸ਼ਨ ਸਿੰਦੂਰ' ਨੂੰ ਲੈ ਕੇ ਸੰਸਦ ਵਿੱਚ ਦਿੱਤੇ ਗਏ ਰਾਜਨਾਥ ਸਿੰਘ ਦੇ ਭਾਸ਼ਣ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਭਾਰਤ ਦੀ ਜਵਾਬੀ ਕਾਰਵਾਈ ਨੂੰ ਲੈ ਕੇ 'ਸੰਸਦ ਨੂੰ ਗੁੰਮਰਾਹ' ਕੀਤਾ ਗਿਆ।
ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਇੱਕ ਚਰਮਪੰਥੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਮਈ 2025 ਵਿੱਚ ਪਾਕਿਸਤਾਨ ਖਿਲਾਫ ਚਾਰ ਦਿਨਾਂ ਦਾ ਫੌਜੀ ਅਭਿਆਨ ਚਲਾਇਆ ਗਿਆ ਸੀ।
ਭਾਰਤ ਸਰਕਾਰ ਨੇ ਇਸ ਫੌਜੀ ਅਭਿਆਨ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਂਅ ਦਿੱਤਾ ਸੀ।
ਹੁਣ ਭਾਰਤ ਸਰਕਾਰ ਨੇ ਇਸ ਆਪ੍ਰੇਸ਼ਨ ਦੌਰਾਨ ਜਾਨ ਗਵਾਉਣ ਵਾਲੇ ਛੇ ਭਾਰਤੀ ਫੌਜੀਆਂ ਦੇ ਨਾਂਅ ਅਧਿਕਾਰਤ ਤੌਰ 'ਤੇ ਜਨਤਕ ਕਰ ਦਿੱਤੇ ਹਨ।
ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਪਿਛਲੇ ਸਾਲ ਹੀ ਬਿਆਨ ਜਾਰੀ ਕਰ ਦੱਸਿਆ ਸੀ ਕਿ ਫੌਜੀ ਸੰਘਰਸ਼ ਦੌਰਾਨ ਉਸਦੇ ਘੱਟੋ-ਘੱਟ 11 ਜਵਾਨ ਮਾਰੇ ਗਏ, ਜਿਨ੍ਹਾਂ ਵਿੱਚੋਂ ਸੱਤ ਆਰਮੀ ਅਤੇ ਚਾਰ ਜਵਾਨ ਏਅਰਫੋਰਸ ਦੇ ਸਨ।
ਇਨ੍ਹਾਂ ਛੇ ਭਾਰਤੀ ਜਵਾਨਾਂ ਦੇ ਨਾਂਅ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਦੀ ਇੱਕ ਦੀਵਾਰ 'ਤੇ ਲਿਖੇ ਗਏ ਹਨ। ਇਨ੍ਹਾਂ ਛੇ ਫੌਜੀਆਂ ਵਿੱਚੋਂ ਪੰਜ ਆਰਮੀ ਦੇ ਜਵਾਨ ਹਨ ਜਦੋਂਕਿ ਇੱਕ ਭਾਰਤੀ ਹਵਾਈ ਫੌਜ ਦਾ ਜਵਾਨ ਹੈ।
'ਇੰਡੀਅਨ ਐਕਸਪ੍ਰੈੱਸ' ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਜਵਾਨ ਮੂਡ ਮੁਰਲੀਨਾਇਕ ਅਗਨੀਵੀਰ ਸਨ।
ਇਨ੍ਹਾਂ ਫੌਜੀਆਂ ਦੇ ਨਾਂਅ ਸਮਾਰਕ ਦੀ 'ਵਾਲ 3ਡੀ' 'ਚ ਉਸ ਥਾਂ ਉਕੇਰੇ ਗਏ ਹਨ, ਜਿੱਥੇ ਦੇਸ਼ ਦੀ ਸੇਵਾ 'ਚ ਆਪਣੀ ਜਾਨ ਦੇਣ ਵਾਲੇ ਫੌਜੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
'ਆਪ੍ਰੇਸ਼ਨ ਸਿੰਦੂਰ' ਦੌਰਾਨ ਸ਼ਹੀਦ ਹੋਏ ਛੇ ਫੌਜੀ ਕੌਣ ਸਨ ?

ਤਸਵੀਰ ਸਰੋਤ, ANI
ਇਹ ਪਹਿਲੀ ਵਾਰ ਹੈ ਜਦੋਂ 'ਆਪ੍ਰੇਸ਼ਨ ਸਿੰਦੂਰ' ਦੌਰਾਨ ਮਾਰੇ ਗਏ ਭਾਰਤੀ ਫੌਜੀਆਂ ਦੇ ਨਾਂਅ ਜਨਤਕ ਕੀਤੇ ਗਏ ਹਨ।
ਇਨ੍ਹਾਂ ਜਵਾਨਾਂ ਦੇ ਨਾਂਅ ਨੈਸ਼ਨਲ ਵਾਰ ਮੈਮੋਰੀਅਲ ਦੀ ਵੈੱਬਸਾਈਟ 'ਤੇ ਮੌਜੂਦ 'ਰੋਲ ਆਫ਼ ਆਨਰ' ਵਿੱਚ ਵੀ ਪ੍ਰਕਾਸ਼ਿਤ ਕੀਤੇ ਗਏ ਹਨ।
- ਸੂਬੇਦਾਰ ਮੇਜਰ ਪਵਨ ਕੁਮਾਰ, ਹੈੱਡਕੁਆਰਟਰ 10 ਇੰਫੈਂਟਰੀ ਬ੍ਰਿਗੇਡ – ਮੌਤ: 10 ਮਈ 2025
- ਰਾਈਫਲਮੈਨ ਸੁਨੀਲ ਕੁਮਾਰ (ਵੀਰ ਚੱਕਰ), 4 ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ – ਮੌਤ: 10 ਮਈ 2025
- ਲਾਂਸ ਨਾਇਕ ਦਿਨੇਸ਼ ਕੁਮਾਰ, 5 ਫੀਲਡ ਰੈਜੀਮੈਂਟ – ਮੌਤ: 7 ਮਈ 2025
- ਏਵੀ ਮੂਡ ਮੁਰਲੀਨਾਇਕ, ਏਵੀਏਸ਼ਨ ਟੈਕਨੀਸ਼ੀਅਨ, 851 ਲਾਈਟ ਰੈਜੀਮੈਂਟ – ਮੌਤ: 9 ਮਈ 2025
- ਹੌਲਦਾਰ ਸੁਨੀਲ ਕੁਮਾਰ ਸਿੰਘ, 237 ਫੀਲਡ ਵਰਕਸ਼ਾਪ ਕੰਪਨੀ – ਮੌਤ: 6 ਜੂਨ 2025
- ਸਾਰਜੈਂਟ ਸੁਰੇਂਦਰ ਕੁਮਾਰ (ਵਾਯੂ ਸੈਨਾ ਮੈਡਲ), 39 ਵਿੰਗ – ਮੌਤ: 10 ਮਈ 2025
ਵਿਰੋਧੀਆਂ ਨੇ ਰੱਖਿਆ ਮੰਤਰੀ 'ਤੇ ਚੁੱਕੇ ਸਵਾਲ

ਤਸਵੀਰ ਸਰੋਤ, Getty Images
ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 'ਆਪ੍ਰੇਸ਼ਨ ਸਿੰਦੂਰ' 'ਚ ਮਾਰੇ ਗਏ ਜਵਾਨਾਂ ਦੇ ਨਾਂਅ ਇੱਕ ਸਾਲ ਬਾਅਦ ਜਨਤਕ ਕੀਤੇ ਜਾਣ 'ਤੇ ਕੇਂਦਰ ਸਰਕਾਰ ਅਤੇ ਰੱਖਿਆ ਮੰਤਰੀ 'ਤੇ ਸਵਾਲ ਉਠਾਏ ਹਨ।
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਐਕਸ 'ਤੇ ਲਿਖਿਆ, "ਸਿਰਫ਼ ਦੋ ਹੀ ਸੰਭਾਵਨਾਵਾਂ ਹਨ ਜਾਂ ਤਾਂ ਰੱਖਿਆ ਮੰਤਰੀ ਨੂੰ ਆਪਣੇ ਹੀ ਮੰਤਰਾਲੇ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਨਹੀਂ ਸੀ, ਜੋ ਉਨ੍ਹਾਂ ਦੀ ਸਮਰੱਥਾ 'ਤੇ 'ਗੰਭੀਰ ਸਵਾਲ' ਖੜ੍ਹਾ ਕਰਦਾ ਹੈ ਜਾਂ ਫਿਰ ਉਨ੍ਹਾਂ ਨੂੰ ਸੱਚਾਈ ਪਤਾ ਸੀ ਅਤੇ ਇਸ ਦੇ ਬਾਵਜੂਦ ਉਨ੍ਹਾਂ ਨੇ 'ਸੰਸਦ ਨੂੰ ਗੁੰਮਰਾਹ' ਕਰਨ ਦਾ ਫ਼ੈਸਲਾ ਕੀਤਾ।"
ਉਨ੍ਹਾਂ ਲਿਖਿਆ, "ਜਿਸ ਸਰਕਾਰ ਨੇ ਖੁਦ ਨੂੰ ਤਿਰੰਗੇ ਵਿੱਚ ਲਪੇਟ ਰੱਖਿਆ ਹੈ ਅਤੇ ਜੋ ਰਾਸ਼ਟਰਵਾਦ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ, ਉਸੇ ਸਰਕਾਰ ਨੇ ਇਨ੍ਹਾਂ ਵੀਰਾਂ ਨੂੰ ਉਹ ਸਨਮਾਨ ਅਤੇ ਯਾਦ ਨਹੀਂ ਦਿੱਤੀ, ਜਿਸ ਦੇ ਉਹ ਹੱਕਦਾਰ ਸਨ।"
ਪਵਨ ਖੇੜਾ ਨੇ ਕਿਹਾ, "ਇਨ੍ਹਾਂ ਵੀਰਾਂ ਦੇ ਨਾਂਅ ਦੇਸ਼ ਦੀ ਸਾਂਝੀ ਯਾਦ ਵਿੱਚ ਹਮੇਸ਼ਾ ਲਈ ਦਰਜ ਹੋਣੇ ਚਾਹੀਦੇ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਸੀ ਕਿ ਪੂਰਾ ਦੇਸ਼ ਉਨ੍ਹਾਂ ਦੇ ਬਲੀਦਾਨ ਦਾ ਸਨਮਾਨ ਨਾਲ ਯਾਦ ਕਰ ਰਿਹਾ ਹੈ ਪਰ ਇਸ ਦੇ ਉਲਟ, ਪੂਰੇ ਇੱਕ ਸਾਲ ਤੱਕ ਬੀਜੇਪੀ ਸਰਕਾਰ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਦੇਸ਼ ਤੋਂ ਲੁਕਾ ਕੇ ਰੱਖਣ ਦਾ ਫੈਸਲਾ ਕੀਤਾ।"
ਉੱਤਰ ਪ੍ਰਦੇਸ਼ ਕਾਂਗਰਸ ਦੇ ਆਗੂ ਦੀਪਕ ਸਿੰਘ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਦੁੱਖ ਤਾਂ ਹੁੰਦਾ ਹੈ ਕਿ ਸਾਡੇ ਫੌਜੀਆਂ ਨੇ ਸ਼ਹਾਦਤਾਂ ਦਿੱਤੀਆਂ, ਪਰ ਇਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਲੋਕਤੰਤਰਿਕ ਦੇਸ਼ ਵਿੱਚ ਕੰਮ ਕਰਦੇ ਹਾਂ ਅਤੇ ਸਦਨ ਸਰਬਉੱਚ ਸਥਾਨ ਹੁੰਦਾ ਹੈ। ਰੱਖਿਆ ਮੰਤਰੀ ਨੇ ਸਦਨ 'ਚ ਖੜ੍ਹੇ ਹੋ ਕੇ ਕਿਹਾ ਸੀ ਕਿ ਸਾਡੇ ਕਿਸੇ ਫੌਜੀ ਦੀ ਸ਼ਹਾਦਤ ਨਹੀਂ ਹੋਈ ਹੈ।"
ਉਨ੍ਹਾਂ ਕਿਹਾ, "ਇੱਕ ਪਾਸੇ ਸਾਡੇ ਸੈਨਿਕ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੁੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਸ਼ਹਾਦਤ ਨੂੰ ਹੀ ਨਕਾਰ ਦਿੱਤਾ ਜਾਂਦਾ ਹੈ ਅਤੇ ਸਦਨ 'ਚ ਰੱਖਿਆ ਮੰਤਰੀ ਕਹਿੰਦੇ ਹਨ ਕਿ ਕੋਈ ਸ਼ਹਾਦਤ ਨਹੀਂ ਹੋਈ। ਇਹ ਗੱਲ ਕਿਤੇ ਨਾ ਕਿਤੇ ਤਕਲੀਫ਼ ਪਹੁੰਚਾਉਂਦੀ ਹੈ। ਮੈਨੂੰ ਲੱਗਦਾ ਹੈ ਕਿ ਫੌਜੀਆਂ ਨੇ ਹਮੇਸ਼ਾ ਸ਼ਹਾਦਤਾਂ ਦਿੱਤੀਆਂ ਹਨ ਪਰ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਕਦੇ ਨਕਾਰਿਆਂ ਨਹੀਂ ਗਿਆ।"

ਆਮ ਆਦਮੀ ਪਾਰਟੀ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਸ਼ਹੀਦਾਂ ਦੇ ਤਾਬੂਤ ਵਿੱਚ ਘੁਟਾਲਾ ਕਰਨ ਵਾਲੀ ਭਾਜਪਾ 'ਆਪ੍ਰੇਸ਼ਨ ਸਿੰਦੂਰ' ਵਿੱਚ ਜਵਾਨਾਂ ਦੀ ਸ਼ਹਾਦਤ 'ਤੇ ਵੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੀ ਰਹੀ ਹੈ, ਜਿਸ ਤੋਂ ਬਾਅਦ ਦੇਸ਼ ਦੀ ਜਨਤਾ ਵੀ ਸਮਝ ਚੁੱਕੀ ਹੈ- ਬੀਜੇਪੀ ਨਾ ਜਵਾਨ ਦੀ ਹੈ ਅਤੇ ਨਾ ਹੀ ਭਗਵਾਨ ਰਾਮ ਦੀ ਹੈ।"
ਆਰਜੇਡੀ ਦੇ ਕੌਮੀ ਬੁਲਾਰੇ ਡਾ. ਕੰਚਨ ਯਾਦਵ ਨੇ ਸੰਸਦ ਵਿੱਚ ਰੱਖਿਆ ਮੰਤਰੀ ਦੇ ਬਿਆਨ ਨੂੰ ਸਾਂਝਾ ਕਰਦੇ ਹੋਏ ਗੰਭੀਰ ਇਲਜ਼ਾਮ ਲਗਾਏ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਆਪ੍ਰੇਸ਼ਨ ਸਿੰਦੂਰ ਵਿੱਚ ਇਸ ਦੇਸ਼ ਦੇ ਛੇ ਜਵਾਨ ਸ਼ਹੀਦ ਹੋਏ ਸਨ ਪਰ ਬੀਜੇਪੀ ਦੇ ਮੰਤਰੀਆਂ ਅਤੇ ਲੀਡਰਾਂ ਨੇ ਸੰਸਦ 'ਚ ਮੇਜ਼ ਥਪਾਥਪਾ ਕੇ ਕਿਹਾ ਕਿ ਕਿਸੇ ਦੀ ਜਾਨ ਨਹੀਂ ਗਈ। ਹੁਣ ਛੇ ਸ਼ਹੀਦਾਂ ਦੀ ਸੂਚੀ ਜਾਰੀ ਹੋਈ ਹੈ।"
ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਉਹ ਦੇਸ਼ ਨਾਲ ਝੂਠ ਬੋਲਦੇ ਹਨ। ਉਹ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਝੂਠ ਬੋਲਦੇ ਹਨ। ਉਨ੍ਹਾਂ ਨੇ ਦੇਸ਼ ਹਿੱਤ ਨੂੰ ਗਿਰਵੀ ਰੱਖ ਦਿੱਤਾ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਜਦੋਂ ਅਸੀਂ ਆਪ੍ਰੇਸ਼ਨ ਸਿੰਦੂਰ ਨੂੰ ਦੇਖ ਰਹੇ ਸੀ ਉਦੋਂ ਭਾਰਤੀ ਫੌਜ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਰਹੀ ਸੀ। ਫਿਰ ਅਚਾਨਕ ਸਾਡੇ ਆਪਣੇ ਦੇਸ਼ ਦਾ ਕੋਈ ਲ਼ਰ ਇਸ ਦਾ ਐਲਾਨ ਕਰਦਾ, ਉਸ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਹੈ।"
ਕੇਂਦਰ ਸਰਕਾਰ ਨੇ ਕੀ ਸਪੱਸ਼ਟੀਕਰਨ ਦਿੱਤਾ ?

ਤਸਵੀਰ ਸਰੋਤ, Getty Images
ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀਆਂ ਕੁਝ ਪੋਸਟਾਂ ਵਿੱਚ 28 ਜੁਲਾਈ 2025 ਨੂੰ ਸੰਸਦ ਵਿੱਚ ਰੱਖਿਆ ਮੰਤਰੀ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।"
"ਇਨ੍ਹਾਂ ਪੋਸਟਾਂ ਵਿੱਚ ਭਾਸ਼ਣ ਦੇ ਇੱਕ ਹਿੱਸੇ ਨੂੰ ਸੰਦਰਭ ਤੋਂ ਵੱਖ ਕਰਕੇ ਇਹ ਗਲਤ ਪ੍ਰਭਾਵ ਪੈਦਾ ਕੀਤਾ ਗਿਆ ਹੈ ਕਿ ਰੱਖਿਆ ਮੰਤਰੀ ਨੇ ਕਿਹਾ ਸੀ ਕਿ 'ਆਪ੍ਰੇਸ਼ਨ ਸਿੰਦੂਰ' ਦੌਰਾਨ ਕਿਸੇ ਵੀ ਭਾਰਤੀ ਸੈਨਿਕ ਦੀ ਮੌਤ ਨਹੀਂ ਹੋਈ।"
ਬਿਆਨ ਵਿੱਚ ਅੱਗੇ ਕਿਹਾ ਗਿਆ, "ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਰੱਖਿਆ ਮੰਤਰੀ ਦੇ ਭਾਸ਼ਣ ਦੇ ਸਮੇਂ ਕੁਝ ਮੀਡੀਆ ਸੰਸਥਾਵਾਂ ਅਤੇ ਸੋਸ਼ਲ ਮੀਡੀਆ 'ਤੇ ਇਹ ਝੂਠਾ ਦਾਅਵਾ ਲਗਾਤਾਰ ਕੀਤਾ ਜਾ ਰਿਹਾ ਸੀ ਕਿ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤੀ ਹਵਾਈ ਫੌਜ ਦੇ ਪਾਇਲਟ ਮਾਰੇ ਗਏ ਸਨ। ਰੱਖਿਆ ਮੰਤਰੀ ਦਾ ਸੰਬੰਧਿਤ ਬਿਆਨ ਇਸੇ ਖ਼ਾਸ ਅਤੇ ਭਰਮ ਫੈਲਾਉਣ ਵਾਲੇ ਦਾਅਵੇ ਦੇ ਸੰਦਰਭ ਵਿੱਚ ਦਿੱਤਾ ਗਿਆ ਸੀ।"

ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਰੱਖਿਆ ਮੰਤਰੀ ਅਤੇ ਭਾਰਤ ਸਰਕਾਰ ਭਾਰਤੀ ਸੁਰੱਖਿਆ ਬਲਾਂ ਦੇ ਹਰ ਮੈਂਬਰ ਪ੍ਰਤੀ ਪੂਰਾ ਸਨਮਾਨ ਅਤੇ ਸ਼ਰਧਾ ਰੱਖਦੇ ਹਨ।
ਇਨ੍ਹਾਂ ਵੀਰਾਂ ਦੇ ਸਰਬਉੱਚ ਬਲੀਦਾਨ ਨੂੰ ਸਨਮਾਨ ਦੇਣ ਲਈ ਹੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦੇ ਨਾਂਅ ਨੈਸ਼ਨਲ ਵਾਰ ਮੈਮੋਰੀਅਲ ਦੀਆਂ ਕੰਧਾਂ 'ਤੇ ਦਰਜ ਕੀਤੇ ਜਾਣ।
ਇਸ ਤੋਂ ਇਲਾਵਾ, ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਅਤੇ ਬੱਚਿਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਵਿੱਚ ਰਿਆਇਤਾਂ ਅਤੇ ਸਹਾਇਤਾ ਮੁਹੱਈਆ ਕਰਵਾਉਣ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਹਨ।"
ਰਾਜਨਾਥ ਸਿੰਘ ਨੇ ਸੰਸਦ ਵਿੱਚ ਕੀ ਕਿਹਾ ਸੀ ?

ਤਸਵੀਰ ਸਰੋਤ, Getty Images
28 ਜੁਲਾਈ 2025 ਨੂੰ ਸੰਸਦ ਦੇ ਸੈਸ਼ਨ ਦੌਰਾਨ ਰਾਜ ਸਭਾ ਵਿੱਚ 'ਆਪ੍ਰੇਸ਼ਨ ਸਿੰਦੂਰ' 'ਤੇ ਬਹਿਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ, "ਤੁਹਾਨੂੰ ਸਵਾਲ ਪੁੱਛਣਾ ਹੈ ਤਾਂ ਇਹ ਪੁੱਛੋ ਕਿ ਇਸ ਆਪ੍ਰੇਸ਼ਨ ਵਿੱਚ ਕੀ ਸਾਡੇ ਜਾਂਬਾਜ਼ ਫੌਜੀਆਂ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਤਾਂ ਇਸ ਦਾ ਜਵਾਬ ਹੈ—ਨਹੀਂ (ਜ਼ੋਰ ਦੇ ਕੇ)।"
ਰਾਜਨਾਥ ਸਿੰਘ ਨੇ ਅੱਗੇ ਕਿਹਾ ਸੀ, "ਵਿਰੋਧੀ ਧਿਰ ਦੇ ਲੀਡਰ ਲਗਾਤਾਰ ਪੁੱਛਦੇ ਰਹੇ ਹਨ ਕਿ ਸਾਡੇ ਕਿੰਨੇ ਜਹਾਜ਼ ਡਿੱਗੇ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਇਹ ਸਵਾਲ ਕੌਮੀ ਜਨਭਾਵਨਾਵਾਂ ਦੀ ਸਹੀ ਨੁਮਾਇੰਦਗੀ ਨਹੀਂ ਕਰਦਾ। ਉਨ੍ਹਾਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਸਾਡੇ ਫੌਜੀਆਂ ਨੇ ਦੁਸ਼ਮਣ ਦੇ ਕਿੰਨੇ ਜਹਾਜ਼ ਡਿਗਾਏ।"
ਉਨ੍ਹਾਂ ਨੇ ਅੱਗੇ ਕਿਹਾ ਸੀ, "ਉਨ੍ਹਾਂ ਨੇ ਸਵਾਲ ਪੁੱਛਣਾ ਹੀ ਹੈ ਤਾਂ ਉਨ੍ਹਾਂ ਦਾ ਪ੍ਰਸ਼ਨ ਇਹ ਹੋਣਾ ਚਾਹੀਦਾ ਹੈ ਕਿ ਕੀ ਭਾਰਤ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਤਾਂ ਉਸਦਾ ਜਵਾਬ ਹੈ ਹਾਂ। ਤੁਸੀਂ ਪ੍ਰਸ਼ਨ ਪੁੱਛਣਾ ਹੈ ਤਾਂ ਇਹ ਪੁੱਛੋ ਕਿ ਕੀ ਆਪ੍ਰੇਸ਼ਨ ਸਿੰਦੂਰ ਸਫਲ ਰਿਹਾ ਤਾਂ ਜਵਾਬ ਹੈ ਹਾਂ।"
ਪਵਨ ਖੇੜਾ ਨੇ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, "
29 ਜੁਲਾਈ 2025 ਨੂੰ ਦਿੱਤੇ ਗਏ ਰਾਜਨਾਥ ਸਿੰਘ ਦੇ ਭਾਸ਼ਣ 'ਚ ਕਿਹਾ ਗਿਆ ਸੀ ਕਿ ਸਾਡੇ ਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਕੀ ਉਹ ਝੂਠ ਸੀ?"
ਖੇੜਾ ਨੇ ਪੁੱਛਿਆ, "ਜਾਂ ਤਾਂ ਤੁਹਾਨੂੰ ਜਾਣਕਾਰੀ ਨਹੀਂ ਸੀ ਜਾਂ ਜਾਣਕਾਰੀ ਛੁਪਾਈ। ਦੋਵੇਂ ਹੀ ਸਥਿਤੀਆਂ ਵਿੱਚ ਕੀ ਤੁਹਾਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਹੈ?"
ਰੱਖਿਆ ਮਾਹਿਰ ਨੇ ਕੀ ਕਿਹਾ ?

ਰੱਖਿਆ ਮਾਮਲਿਆਂ ਦੇ ਮਾਹਰ ਅਤੇ ਯੇਲ ਯੂਨੀਵਰਸਿਟੀ ਵਿੱਚ ਲੈਕਚਰਾਰ ਸੁਸ਼ਾਂਤ ਸਿੰਘ ਨੇ ਐਕਸ 'ਤੇ ਲਿਖਿਆ, " ਕਿਉਂਕਿ 'ਆਪ੍ਰੇਸ਼ਨ ਸਿੰਦੂਰ' ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਲਈ ਪਿਛਲੇ ਸਾਲ ਅਗਸਤ 'ਚ ਮੈਂ ਮੋਦੀ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਵਾਨਾਂ ਦੇ ਨੁਕਸਾਨ ਅਤੇ ਉਨ੍ਹਾਂ ਦੇ ਸਰਬਉੱਚ ਬਲਿਦਾਨ 'ਤੇ ਚੁੱਪੀ ਸਾਧੀ ਰੱਖਣ ਦੇ ਖਤਰਨਾਕ ਨਤੀਜਿਆਂ 'ਤੇ ਜੋ ਲਿਖਿਆ ਸੀ, ਉਸਨੂੰ ਮੁੜ ਸਾਂਝਾ ਕਰ ਰਿਹਾ ਹਾਂ। ਇਹ ਗੱਲ ਅੱਜ ਵੀ ਉਨ੍ਹੀ ਹੀ ਮਹੱਤਵਪੂਰਨ ਹੈ।"
21 ਅਗਸਤ 2025 ਨੂੰ 'ਟੈਲੀਗ੍ਰਾਫ਼' ਵਿੱਚ ਪ੍ਰਕਾਸ਼ਿਤ ਉਸ ਲੇਖ ਵਿੱਚ ਸੁਸ਼ਾਂਤ ਸਿੰਘ ਨੇ ਲਿਖਿਆ ਸੀ, "ਇਸ ਆਜ਼ਾਦੀ ਦਿਹਾੜੇ 'ਤੇ ਅਸਾਧਾਰਣ ਗਿਣਤੀ ਵਿੱਚ ਵੀਰਤਾ ਪੁਰਸਕਾਰ ਦਿੱਤੇ ਗਏ, ਪਰ ਜਿਨ੍ਹਾਂ ਬਹਾਦਰੀ ਭਰੇ ਕਾਰਨਾਮਿਆਂ ਲਈ ਇਹ ਸਨਮਾਨ ਦਿੱਤੇ ਗਏ, ਉਨ੍ਹਾਂ ਨਾਲ ਜੁੜੀ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ।"
"ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ 'ਆਪ੍ਰੇਸ਼ਨ ਸਿੰਦੂਰ' ਦੌਰਾਨ ਸਰਬਉੱਚ ਬਲੀਦਾਨ ਦੇਣ ਵਾਲੇ ਉਨ੍ਹਾਂ ਜਵਾਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਅਸਲ ਮੁੱਦੇ ਦੀ ਬਜਾਏ ਦਿਖਾਵੇ 'ਤੇ ਜ਼ੋਰ ਦੇਣਾ ਖ਼ਤਰਨਾਕ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












