ਭਗਵੰਤ ਮਾਨ ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਕਿਉਂ ਕੀਤੀ ਮੰਗ, ਰਾਜਪਾਲ ਨੂੰ ਭੇਜੀ ਚਿੱਠੀ ਵਿੱਚ ਕੀ ਕੁਝ ਲਿਖਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਹੈ।
ਸੀਐੱਮ ਮਾਨ ਨੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਸ਼ਨੀਵਾਰ 8 ਅਗਸਤ ਨੂੰ ਇੱਕ ਪੱਤਰ ਲਿਖਿਆ ਹੈ।
ਦਰਅਸਲ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।
ਸੀਐੱਮ ਮਾਨ ਨੇ ਪੱਤਰ ਵਿੱਚ ਕੀ ਲਿਖਿਆ

ਤਸਵੀਰ ਸਰੋਤ, Bhagwant Mann/FB
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਲਿਖੇ ਪੱਤਰ ਵਿੱਚ ਜਗਤਾਰ ਸਿੰਘ ਹਵਾਰਾ ਦੀ ਮਾਤਾ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, "ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਦੀ ਉਮਰ ਵਧੇਰੇ ਹੋਣ ਕਾਰਨ ਉਨ੍ਹਾਂ ਦੀਆਂ ਉਮਰ-ਸਬੰਧੀ ਸਿਹਤ ਸਮੱਸਿਆਵਾਂ ਦੇ ਚੱਲਦਿਆਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿ ਰਹੀ ਹੈ।''
''ਜਗਤਾਰ ਸਿੰਘ ਹਵਾਰਾ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਸ ਨੂੰ ਪੈਰੋਲ ਉੱਤੇ ਰਿਹਾਅ ਕਰਨ ਸਬੰਧੀ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਮਾਣਯੋਗ ਅਦਾਲਤ ਵੱਲੋਂ ਉਸ ਦੀ ਪੈਰੋਲ ਅਰਜ਼ੀ 'ਤੇ ਵਿਚਾਰ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।"

ਤਸਵੀਰ ਸਰੋਤ, Getty Images
ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ, "ਇਸ ਲਈ ਮਨੁੱਖੀ ਹਮਦਰਦੀ ਦੇ ਆਧਾਰ 'ਤੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਗਤਾਰ ਸਿੰਘ ਹਵਾਰਾ ਦੀ ਮਾਂ ਦੀ ਵਿਗੜ ਰਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ, ਉਸ ਨੂੰ ਜਲਦ ਤੋਂ ਜਲਦ 10 ਦਿਨਾਂ ਦੀ ਪੈਰੋਲ ਦਿੱਤੀ ਜਾਵੇ।"
ਕੌਮੀ ਇਨਸਾਫ਼ ਮੋਰਚਾ ਨੇ ਕੀ ਕਿਹਾ
ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਸਿੱਖ ਭਾਈਚਾਰੇ ਵੱਲੋਂ ਵਾਰ-ਵਾਰ ਚੁੱਕੀ ਜਾਂਦੀ ਰਹੀ ਹੈ।
ਕੌਮੀ ਇਨਸਾਫ਼ ਮੋਰਚਾ ਦੇ ਬੈਨਰ ਹੇਠ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ-ਚੰਡੀਗੜ੍ਹ ਹੱਦ 'ਤੇ 2023 ਤੋਂ ਇੱਕ ਧਰਨਾ ਚੱਲ ਰਿਹਾ ਹੈ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਨੇ ਕੌਮੀ ਇਨਸਾਫ ਮੋਰਚਾ ਦੇ ਕਨਵੀਨਰ ਪਾਲ ਸਿੰਘ ਫਰਾਂਸ ਨਾਲ ਗੱਲਬਾਤ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਲਿਖੇ ਪੱਤਰ ਬਾਰੇ ਉਨ੍ਹਾਂ ਕਿਹਾ, "ਪਹਿਲਾਂ ਤਾਂ ਪੱਤਰ ਲਿਖਣ 'ਤੇ ਭਗਵੰਤ ਮਾਨ ਦਾ ਧੰਨਵਾਦ ਪਰ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਹੈ ਤੇ ਉਹ ਖੁਦ ਵੀ ਪੈਰੋਲ ਦੇ ਸਕਦੇ ਹਨ। ਜੇ ਰਾਜਪਾਲ ਵੱਲੋਂ ਵੀ ਇਹ ਪੈਰੋਲ ਦਿੱਤੀ ਜਾਵੇ ਤਾਂ ਸਾਡੇ ਲਈ ਵੱਡੀ ਗੱਲ ਹੈ।''
''ਵੈਸੇ ਉਨ੍ਹਾਂ ਨੂੰ ਹੱਕ ਰਿਹਾਈ ਦੇਣ ਦਾ ਬਣਦਾ ਹੈ। ਜਗਤਾਰ ਸਿੰਘ ਹਵਾਰਾ ਦੇ ਮਾਤਾ ਦੀ ਉਮਰ 83 ਸਾਲ ਹੈ ਤੇ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ, ਉਹ ਕੋਮਾ ਵਿੱਚ ਹਨ। ਜਗਤਾਰ ਹੋਰਾਂ ਦੇ ਬਾਹਰ ਆਉਣ ਦੇ ਨਾਲ ਸਾਨੂੰ ਹੀ ਨਹੀਂ ਪੂਰੀ ਕੌਮ ਨੂੰ ਖੁਸ਼ੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਕਰੀਬ 33 ਸਾਲ ਬਾਅਦ ਬਾਹਰ ਆਉਣਾ।"

ਤਸਵੀਰ ਸਰੋਤ, SGPC/Twitter
ਕੌਣ ਹੈ ਜਗਤਾਰ ਸਿੰਘ ਹਵਾਰਾ
ਜਗਤਾਰ ਸਿੰਘ ਹਵਾਰਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਦਸੰਬਰ 1995 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
31 ਅਗਸਤ 1995 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਅਤੇ ਹਰਿਆਣਾ ਸਕੱਤਰੇਤ ਅੱਗੇ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।
ਇਸ ਧਮਾਕੇ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਾਵਰ ਸਿੰਘ ਸਮੇਤ 17 ਲੋਕਾਂ ਦੀ ਮੌਤ ਹੋਈ ਸੀ। ਦਿਲਾਵਰ ਸਿੰਘ ਮਨੁੱਖੀ ਬੰਬ ਬਣਿਆ ਸੀ।
ਸਾਲ 2007 ਵਿੱਚ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਸਾਲ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ।
ਪਰ ਨਾਲ ਹੀ ਇਹ ਵੀ ਹੁਕਮ ਦਿੱਤੇ ਕਿ ਆਖ਼ਰੀ ਸਾਹ ਤੱਕ ਬਾਕੀ ਜ਼ਿੰਦਗੀ ਉਹ ਜੇਲ੍ਹ ਵਿਚ ਰਹਿਣਗੇ। ਅਦਾਲਤ ਦਾ ਮੰਨਣਾ ਸੀ ਕਿ ਉਮਰ ਕੈਦ ਦੀ ਸਜ਼ਾ 14 ਸਾਲ ਵਿੱਚ ਖ਼ਤਮ ਹੋ ਜਾਂਦੀ ਹੈ ਜੋ ਕਿ ਉਨ੍ਹਾਂ ਲਈ ਘੱਟ ਹੈ, ਜਦਕਿ ਫਾਂਸੀ ਦੀ ਸਜ਼ਾ ਦੇ ਵੀ ਉਹ ਹੱਕਦਾਰ ਨਹੀਂ ਹਨ।

ਤਸਵੀਰ ਸਰੋਤ, gurminder grewal/bbc
ਇਸ ਤੋਂ ਬਾਅਦ ਸੀਬੀਆਈ ਨੇ ਇਸ ਹੁਕਮ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁੱਖ ਕੀਤਾ। ਹਵਾਰਾ ਨੇ ਵੀ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦੋਵੇਂ ਅਪੀਲਾਂ ਅਜੇ ਪੈਂਡਿੰਗ ਹਨ।
ਹਵਾਰਾ ਬਾਰੇ ਅਦਾਲਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਕਤਲ ਲਈ ਦੋਸ਼ੀਆਂ ਨੂੰ ਪ੍ਰੇਰਿਤ ਕੀਤਾ, ਉਸ ਲਈ ਲੋੜੀਂਦਾ ਪ੍ਰਬੰਧ ਕੀਤਾ, ਖ਼ਰਚੇ ਜਾਣ ਵਾਲੇ ਪੈਸੇ ਹਾਸਿਲ ਕੀਤੇ, ਉਨ੍ਹਾਂ ਥਾਵਾਂ ਦਾ ਪ੍ਰਬੰਧ ਕੀਤਾ ਜਿੱਥੇ ਉਹ ਅਤੇ ਹੋਰ ਸਹਿ-ਦੋਸ਼ੀ ਠਹਿਰੇ ਅਤੇ ਆਰਡੀਐਕਸ ਖ਼ਰੀਦੇ ਤੇ ਲੁਕਾਏ।
ਸੀਬੀਆਈ ਦੇ ਵਕੀਲ ਦੀ ਇਸ ਦਲੀਲ ਨੂੰ ਵੀ ਸਹੀ ਠਹਿਰਾਇਆ ਗਿਆ ਸੀ ਕਿ "ਉਹ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਸੀ। ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਸਭ ਨੇ ਕੀਤੀ। ਉਨ੍ਹਾਂ ਨੇ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਆ।"
ਅੰਡਰ ਟਰਾਇਲ ਵਜੋਂ ਹਵਾਰਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ। ਜਨਵਰੀ 2004 ਵਿੱਚ, ਉਹ ਕੁਝ ਹੋਰ ਕੈਦੀਆਂ ਦੇ ਨਾਲ ਇੱਕ 95 ਫੁੱਟ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਇੱਕ ਸਨਸਨੀਖ਼ੇਜ਼ ਤਰੀਕੇ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।
ਪਰ ਹਵਾਰਾ ਨੂੰ ਜੂਨ 2005 ਵਿੱਚ ਦਿੱਲੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਉਹ ਉਦੋਂ ਤੋਂ ਨਵੀਂ ਦਿੱਲੀ ਦੀ ਜੇਲ੍ਹ ਵਿੱਚ ਬੰਦ ਹਨ।
ਗਰਮ ਖਿਆਲੀ ਜਥੇਬੰਦੀ ਬੱਬਰ ਖਾਲਸਾ ਦੇ ਆਗੂ ਰਹੇ ਜਗਤਾਰ ਸਿੰਘ ਹਵਾਰਾ ਨੂੰ 10 ਨਵੰਬਰ 2015 ਵਿੱਚ ਸਿੱਖ ਕਾਰਕੁਨਾਂ ਵੱਲੋਂ ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖ਼ਤ ਦਾ ਮੁਤਵਾਜ਼ੀ ਜਥੇਦਾਰ ਐਲਾਨ ਦਿੱਤਾ ਗਿਆ ਸੀ।
ਇਹ ਐਲਾਨ ਗਰਮ ਖਿਆਲੀ ਸਿੱਖ ਜੱਥੇਬੰਦੀਆਂ ਦੀ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੀ ਸੱਤਾ ਖਿਲਾਫ਼ ਨਰਾਜ਼ਗੀ ਦੇ ਪ੍ਰਤੀਤ ਵੱਜੋਂ ਦੇਖਿਆ ਜਾ ਰਿਹਾ ਸੀ।
ਹਵਾਰਾ ਪਿੰਡ ਨਾਲ ਹੈ ਸਬੰਧ
ਜਗਤਾਰ ਸਿੰਘ ਹਵਾਰਾ ਦਾ ਜਨਮ 16 ਮਈ 1973 ਨੂੰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਹਵਾਰਾ ਵਿੱਚ ਹੋਇਆ ਸੀ।
ਉਹ ਦੋ ਭਰਾ-ਅਵਤਾਰ ਸਿੰਘ ਅਤੇ ਜਗਤਾਰ ਸਿੰਘ ਹਨ।
ਹਵਾਰਾ ਦੇ ਪਿਤਾ ਸ਼ੇਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਨਰਿੰਦਰ ਕੌਰ ਦੀ ਸਿਹਤ ਨਾਜ਼ੁਕ ਦੱਸੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ























