'ਅਸੀਂ ਨੋਟਾਂ ਵਾਲੀ ਮਸ਼ੀਨ ਨੂੰ ਠੰਢਾ ਰੱਖਣ ਲਈ ਏਸੀ ਲਾ ਲਏ ਤੇ ਕਾਮਿਆਂ ਕੋਲੋਂ ਰੁੱਖਾਂ ਦੀ ਛਾਂ ਵੀ ਖੋਹ ਲਈ ਹੈ'- ਮੁਹੰਮਦ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Mohammad Hanif
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਗਰਮੀ ਹਰ ਸਾਲ ਆਉਂਦੀ ਹੈ ਤੇ ਹਰ ਸਾਲ ਇੱਕੋ ਰੌਲ਼ਾ ਕਿ ਕਹਿਰ ਖੁਦਾ ਦਾ... ਇੰਨੀ ਗਰਮੀ ਅਸੀਂ ਪਹਿਲਾਂ ਕਦੇ ਨਹੀਂ ਦੇਖੀ।
ਹਰ ਸਾਲ ਤਾਪਮਾਨ ਦੇ ਰਿਕਾਰਡ ਵੀ ਟੁੱਟਦੇ ਰਹਿੰਦੇ ਹਨ। ਜਿੱਥੇ ਕਦੇ 40-42 ਸੈਂਟੀਗ੍ਰੇਡ 'ਤੇ ਕਿਆਮਤ ਲੱਗਦੀ ਸੀ, ਉੱਥੇ ਹੁਣ ਤਾਪਮਾਨ 50-52 ਤੱਕ ਪਹੁੰਚ ਜਾਂਦਾ ਹੈ।

ਤਸਵੀਰ ਸਰੋਤ, AFP via Getty Images
ਸ਼ਹਿਰਾਂ ਵਿੱਚ ਜਿਹੜੇ ਸੌਖੇ ਲੋਕ ਨੇ, ਉਹ ਆਪਣੇ ਏਸੀ ਵਾਲੇ ਠੰਢੇ ਘਰ ਵਿੱਚੋਂ ਨਿਕਲ ਕੇ, ਠੰਢੀ ਗੱਡੀ ਵਿੱਚ ਬੈਠ ਕੇ, ਠੰਢੇ ਦਫਤਰ ਪਹੁੰਚ ਜਾਂਦੇ ਹਨ। ਹੱਥ ਉਨ੍ਹਾਂ ਦੇ ਮਿਨਰਲ ਵਾਟਰ ਦੀ ਠੰਢੀ ਬੋਤਲ ਹੁੰਦੀ ਹੈ।
ਬਾਕੀ ਜਿਹੜੇ ਮ੍ਹਾਤੜ-ਮਜ਼ਦੂਰ ਨੇ, ਉਹ ਸਿਖਰ ਦੁਪਹਿਰੇ ਵੀ ਸ਼ਹਿਰ ਦੀਆਂ ਸੜਕਾਂ 'ਤੇ ਜਾਂ ਬੱਸਾਂ 'ਚ ਜਾਂ ਰਿਕਸ਼ਿਆਂ 'ਤੇ...ਸਿਰਫ ਸਿਰ 'ਤੇ ਸਾਫ਼ਾ ਬੰਨ੍ਹ ਕੇ ਆਪਣੇ-ਆਪਣੇ ਕੰਮਾਂ ਨੂੰ ਲੱਗੇ ਰਹਿੰਦੇ ਹਨ।
'ਜੇ ਕਾਮੇ ਹੋ ਤਾਂ ਤੁਸੀਂ ਜਾਣੋ ਤੇ ਕਲਾਈਮੇਟ ਚੇਂਜ ਜਾਣੇ'
ਵੱਡੇ ਸ਼ਹਿਰਾਂ ਵਿੱਚ ਹੁਣ ਮੀਲਾਂ ਤੱਕ ਪੈਦਲ ਤੁਰਦੇ ਜਾਓ, ਤੁਹਾਨੂੰ ਕਿਤੇ ਪਾਣੀ ਦਾ ਕੂਲਰ ਜਾਂ ਪਾਣੀ ਦੀ ਟੂਟੀ ਨਹੀਂ ਮਿਲੇਗੀ। ਜਿਹਨੇ ਪੂਰੇ ਦਿਨ 'ਚ ਦਿਹਾੜੀ ਲਗਾ ਕੇ 500-700 ਰੁਪਈਆ ਕਮਾਉਣਾ ਹੈ, ਉਹ ਹੁਣ 50 ਰੁਪਏ ਦੀ ਅੱਧੇ ਲੀਟਰ ਵਾਲੀ ਮਿਨਰਲ ਵਾਟਰ ਵਾਲੀ ਬੋਤਲ ਕਿੱਥੋਂ ਖਰੀਦੇਗਾ!
ਸਾਇੰਸਦਾਨਾਂ ਦੀ ਮੰਨੋਂ ਜਾਂ ਨਾ ਮੰਨੋਂ, ਤੁਹਾਡਾ ਜਿੱਸਾ ਤੁਹਾਨੂੰ ਆਪ ਦੱਸਦਾ ਹੈ ਕਿ ਕਲਾਈਮੇਟ ਚੇਂਜ ਹੁਣ ਹੋ ਰਿਹਾ ਹੈ। ਜੇ ਤੁਸੀਂ ਮਾਲਦਾਰ ਜਾਂ ਮਿਡਲ ਕਲਾਸ ਹੋ, ਭਾਵੇਂ ਬਿਜਲੀ ਦੇ ਬਿੱਲਾਂ ਦਾ ਰੋਂਦੇ ਰਹੋ, ਤੁਹਾਡਾ ਟੈਂਪਰੇਚਰ 20 ਤੋਂ 22 ਡਿਗਰੀ ਹੀ ਰਹਿੰਦਾ ਹੈ।
ਤੇ ਬਾਕੀ ਜੇ ਕਾਮੇ ਹੋ ਤਾਂ ਤੁਸੀਂ ਜਾਣੋ ਤੇ ਕਲਾਈਮੇਟ ਚੇਂਜ ਜਾਣੇ।
ਗਰਮੀ ਦੇ ਕੁਦਰਤੀ ਤੋੜ

ਤਸਵੀਰ ਸਰੋਤ, Murtaza Ali/NurPhoto via Getty Images
ਗਰਮੀ ਦੇ ਕੁਦਰਤ ਨੇ ਦੋ ਤੋੜ ਬਣਾਏ ਸਨ, ਇੱਕ ਰੁੱਖਾਂ ਦੀ ਛਾਂ ਤੇ ਦੂਜਾ ਪਾਣੀ। ਰੁੱਖ ਅਸੀਂ ਵੱਢ-ਵੱਢ ਕੇ ਸੀਮਿੰਟ, ਸ਼ੀਸ਼ੇ ਅਤੇ ਸਰੀਏ ਦੀਆਂ ਬਿਲਡਿੰਗਾਂ ਬਣਾਈ ਜਾਂਦੇ ਹਾਂ। ਪਾਣੀ ਕੁਦਰਤ ਨੇ ਮੁਫ਼ਤ ਦਿੱਤਾ ਸੀ, ਅਸੀਂ ਉਸਨੂੰ ਵੀ ਲੋਕਾਂ ਕੋਲੋਂ ਚੋਰੀ ਕਰਕੇ, ਪਲਾਸਟਿਕ ਦੀਆਂ ਬੋਤਲਾਂ 'ਚ ਬੰਦ ਕਰਕੇ, ਫਿਰ ਉਸ ਨੂੰ ਫਰਿੱਜ ਵਿੱਚ ਰੱਖ ਕੇ ਲੋਕਾਂ ਨੂੰ ਵੇਚੀ ਜਾਂਦੇ ਹਾਂ।
ਪਿੰਡਾਂ ਨੂੰ ਰੋਮਾਂਟੀਸਾਈਜ਼ ਕਰਨ ਵਾਲੇ ਲੋਕ ਮੈਨੂੰ ਕਦੇ ਵੀ ਚੰਗੇ ਨਹੀਂ ਲੱਗੇ। ਪਰ ਜਿਹੜੇ ਉੱਥੇ ਕੱਚੇ ਘਰ ਹੁੰਦੇ ਸਨ, ਉਹ ਗਰਮੀ ਤੋਂ ਬਚਾਉਂਦੇ ਸਨ ਤੇ ਪਾਲ਼ੇ ਵਿੱਚ ਨਿੱਘਾ ਰੱਖਦੇ ਸਨ।
ਪਰ ਗਰੀਬੀ ਮੁਕਾਉਣ ਦਾ ਪਹਿਲਾ ਕੰਮ ਇਹ ਹੁੰਦਾ ਹੈ ਕਿ ਸੀਮਿੰਟ-ਸਰੀਏ ਨਾਲ ਘਰ ਪੱਕੇ ਕਰੋ। ਫਿਰ ਉਸ ਘਰ ਨੂੰ ਗਰਮੀਆਂ 'ਚ ਠੰਢਾ ਕਰਨ ਲਈ ਤੇ ਸਰਦੀਆਂ ਵਿੱਚ ਗਰਮ ਕਰਨ ਲਈ ਗੈਸ ਤੇ ਬਿਜਲੀ ਦੇ ਬਿੱਲ ਭਰੋ। ਇਸਦਾ ਨਾਮ ਹੀ ਤਰੱਕੀ ਹੈ।
'ਮੌਸਮ ਕਿਸੇ ਨੂੰ ਨਹੀਂ ਮਾਰਦਾ - ਝੂਠ'
ਜਿਸਨੇ ਜ਼ਿਆਦਾ ਤਰੱਕੀ ਕਰਨੀ ਹੈ ਜਾਂ ਜਿਹੜਾ ਚਾਰ ਜਮਾਤਾਂ ਪੜ੍ਹ ਜਾਂਦਾ ਹੈ, ਜਿੱਥੇ ਬੱਤੀਆਂ ਵੀ ਬਹੁਤ ਨੇ ਤੇ ਕੰਮ ਧੰਦੇ ਵੀ ਬੜੇ ਨੇ।
ਮੈਂ ਵੀ ਪਿੰਡ ਵਿੱਚ ਘਰ ਕੱਚਿਓਂ ਪੱਕੇ ਹੁੰਦੇ ਦੇਖੇ ਹਨ, ਪੱਖੇ ਅਤੇ ਏਸੀ ਆਉਂਦੇ ਦੇਖੇ ਹਨ। ਗਰੀਬ ਆਦਮੀ, ਮੁਜ਼ਾਹਰਾ ਆਦਮੀ ਉਦੋਂ ਵੀ ਰੁੱਖ ਦੀ ਛਾਂ ਥੱਲੇ ਮੰਜੀ ਡਾਹ ਕੇ, ਕੱਚੀ ਲੱਸੀ ਪੀ ਕੇ ਗਰਮੀਆਂ ਗੁਜ਼ਾਰ ਲੈਂਦਾ ਸੀ।
ਫਿਰ ਅਸੀਂ ਕਰਾਚੀ ਅੱਪੜ ਗਏ। ਉੱਥੇ ਵੱਡੇ ਸ਼ਹਿਰ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਸਨ, ਕੰਮ ਵੀ ਮਿਲਿਆ, ਪਿਆਰ ਵੀ ਮਿਲਿਆ। ਮੇਰੇ ਵਰਗੇ ਹੋਰ ਵੀ ਹਜ਼ਾਰਾਂ ਲੋਕ ਰੋਜ਼ ਕਰਾਚੀ ਪਹੁੰਚਦੇ ਸਨ, ਹੁਣ ਵੀ ਪਹੁੰਚਦੇ ਹਨ।

ਤਸਵੀਰ ਸਰੋਤ, AFP via Getty Images
ਮੈਂ ਇੱਕ ਸਿਆਣੇ ਕੋਲੋਂ ਪੁੱਛਿਆ ਕਿ ਬੰਦਾ ਭਾਵੇਂ ਪੇਸ਼ਾਵਰ ਦੇ ਪਿੰਡ ਵਿੱਚੋਂ ਤੁਰੇ, ਉਹ ਸਿੱਧਾ ਕਰਾਚੀ ਆਕੇ ਕਿਉਂ ਰੁਕਦਾ ਹੈ?
ਉਨ੍ਹਾਂ ਨੇ ਸਮਝਾਇਆ ਕਿ ਇਸਦੀ ਇੱਕ ਵਜ੍ਹਾ ਮੌਸਮ ਵੀ ਹੈ। ਕਰਾਚੀ ਸਮੁੰਦਰ ਦੇ ਕੰਢੇ 'ਤੇ ਹੈ। ਇਹ ਵਾਹਿਦ ਸ਼ਹਿਰ ਹੈ, ਜਿੱਥੇ ਸਾਲ ਦੇ ਬਾਰ੍ਹਾਂ ਮਹੀਨੇ ਬੰਦਾ ਖੁੱਲ੍ਹੇ ਅਸਮਾਨ ਥੱਲੇ ਸੌਂ ਸਕਦਾ ਹੈ। ਗਰਮੀ ਸਰਦੀ ਤੰਗ ਤਾਂ ਕਰੇਗੀ, ਇੱਥੇ ਤੁਹਾਡਾ ਬੰਦਾ ਤਾਂ ਵੈਰੀ ਹੋ ਸਕਦਾ ਹੈ, ਮੌਸਮ ਤੁਹਾਨੂੰ ਜਾਨੋਂ ਨਹੀਂ ਮਾਰੇਗਾ।
ਫਿਰ 2015 ਵਿੱਚ ਗਰਮੀਆਂ ਆਈਆਂ, ਹੀਟਵੇਵ ਆਈ। ਕਹਿਰ ਖੁਦਾ ਦਾ, ਇੱਕ ਹਜ਼ਾਰ ਤੋਂ ਜ਼ਿਆਦਾ ਬੰਦਾ ਜਾਨੋਂ ਗਿਆ।
ਸੜਕਾਂ 'ਤੇ ਤੁਰਦੇ, ਬਿਲਡਿੰਗਾਂ-ਫੈਕਟਰੀਆਂ ਵਿੱਚ ਮਜ਼ਦੂਰੀ ਕਰਦੇ, ਕੰਕਰੀਟ ਦੀਆਂ ਬਣੀਆਂ ਆਪਣੀਆਂ ਝੁੱਗੀਆਂ ਦੇ ਅੰਦਰ ਬੈਠੇ-ਬੈਠੇ ਲੋਕ ਮਰਦੇ ਗਏ।
ਇਸ ਤੋਂ ਪਹਿਲਾਂ ਇੱਕ ਗੱਲ ਸੁਣਦੇ ਹੁੰਦੇ ਸੀ ਕਿ ਇੱਥੇ ਕੋਈ ਭੁੱਖਾ ਨਹੀਂ ਸੌਂਦਾ, ਉਹ ਵੀ ਝੂਠ ਸੀ। ਫਿਰ ਇਹ ਗੱਲ ਕਿ ਮੌਸਮ ਕਿਸੇ ਨੂੰ ਨਹੀਂ ਮਾਰਦਾ, ਇਹ ਵੀ ਝੂਠ ਨਿਕਲੀ।
'ਕਾਮਿਆਂ ਤੋਂ ਰੁੱਖਾਂ ਦੀ ਛਾਂ ਵੀ ਖੋਹ ਲਈ ਤੇ ਪਾਣੀ ਵੀ ਚੋਰੀ ਕਰ ਲਿਆ'

ਤਸਵੀਰ ਸਰੋਤ, AFP via Getty Images
2015 ਦੀ ਹੀਟਵੇਵ ਦੇ ਦੌਰਾਨ, ਮੈਂ ਇੱਕ ਬੈਂਕ ਦੇ ਏਟੀਐਮ ਗਿਆ। ਤੁਸੀਂ ਵੀ ਦੇਖਿਆ ਹੋਣਾ, ਖੁੱਡਾ ਜਿਹਾ (ਨਿੱਕਾ) ਕਮਰਾ ਹੁੰਦਾ ਹੈ।
ਉਸ ਕਮਰੇ ਵਿੱਚ ਇੱਕ ਪੂਰਾ ਟੱਬਰ, 2-3 ਔਰਤਾਂ, 5-7 ਬੱਚੇ, ਗਰਮੀ ਤੋਂ ਬਚਣ ਲਈ ਸੁੰਗੜ ਕੇ ਬੈਠੇ ਹੋਏ ਸਨ ਕਿਉਂਕਿ ਏਟੀਐਮ ਵਾਲੇ ਖੁੱਡੇ ਵਿੱਚ ਏਸੀ ਲੱਗਿਆ ਹੁੰਦਾ ਹੈ।
ਅਸਲ ਕਹਿਰ ਖੁਦਾ ਦਾ ਤਾਂ ਇਹ ਹੈ ਕਿ ਅਸੀਂ ਨੋਟਾਂ ਵਾਲੀ ਮਸ਼ੀਨ ਨੂੰ ਠੰਢਾ ਰੱਖਣ ਲਈ ਏਸੀ ਲਾ ਲਏ ਹਨ ਤੇ ਕਾਮਿਆਂ ਕੋਲੋਂ ਰੁੱਖਾਂ ਦੀ ਛਾਂ ਵੀ ਖੋਹ ਲਈ ਹੈ ਤੇ ਉਨ੍ਹਾਂ ਦਾ ਪਾਣੀ ਵੀ ਚੋਰੀ ਕਰ ਲਿਆ ਹੈ।
ਰੱਬ ਰਾਖਾ!
(ਇਹ ਲੇਖਕ ਕੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













