ਲੋਹੇ ਦੇ ਫੇਫੜਿਆਂ ਵਿੱਚ ਰਹਿ ਕੇ ਵੀ ਨਹੀਂ ਮੰਨੀ ਹਾਰ, 73 ਸਾਲ ਜ਼ਿੰਦਗੀ ਦੀ ਜੰਗ ਲੜੀ ਤੇ ਚਲਾਈ ਗੱਡੀ, ਪੇਟਿੰਗ ਕੀਤੀ

ਤਸਵੀਰ ਸਰੋਤ, Cindy McVey Handout
- ਲੇਖਕ, ਐਨਾ ਫਾਗੂਏ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਮਾਰਥਾ ਲਿਲਾਰਡ ਅਮਰੀਕਾ ਵਿੱਚ ਆਖਰੀ ਪੋਲਿਓ ਮਰੀਜ਼ ਸੀ ਜੋ ਸਾਹ ਲੈਣ ਲਈ ਲੋਹੇ ਦੇ ਫੇਫੜਿਆਂ ਭਾਵ ਆਇਰਨ ਲੰਗਜ਼ ਦੀ ਵਰਤੋਂ ਕਰਦੇ ਸੀ, ਪਰ ਉਨ੍ਹਾਂ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇਸ ਨੂੰ ਆਪਣੀ ਜ਼ਿੰਦਗੀ ਹੌਲੀ ਨਹੀਂ ਹੋਣ ਦਿੱਤੀ।
ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਹਿੱਸੇ ਲਈ ਹਰ ਰੋਜ਼ ਕਈ ਘੰਟਿਆਂ ਤੱਕ ਉਨ੍ਹਾਂ ਦੇ ਸਰੀਰ ਨੂੰ ਘੇਰਨ ਵਾਲੇ ਇਸ ਵੱਡੇ ਧਾਤੂ ਯੰਤਰ ਦੇ ਬਾਵਜੂਦ, ਲਿਲਾਰਡ ਨੇ ਵਾਹਨ ਚਲਾਉਣ ਦਾ ਤਰੀਕਾ ਲੱਭ ਲਿਆ, ਪੇਂਟਿੰਗ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਪਿਆਰੇ ਬੀਗਲ ਕੁੱਤਿਆਂ ਦੀ ਦੇਖਭਾਲ ਕੀਤੀ।
ਉਨ੍ਹਾਂ ਦੀ ਛੋਟੀ ਭੈਣ, ਸਿੰਡੀ ਮੈਕਵੇ ਨੇ ਕਿਹਾ, "ਲਿਲਾਰਡ ਬਹੁਤ ਹਿੰਮਤੀ ਸੀ, ਉਹ ਕੋਈ ਨਾ ਕੋਈ ਰਸਤਾ ਲੱਭ ਲੈਂਦੀ ਸੀ ਜਾਂ ਹਾਲਾਤ ਅਨੁਸਾਰ ਕੰਮ ਚਲਾ ਲੈਂਦੀ ਸੀ।"
ਓਕਲਾਹੋਮਾ ਦੀ ਵਸਨੀਕ ਦੀ ਪਿਛਲੇ ਮਹੀਨੇ ਦੇ ਅੰਤ ਵਿੱਚ 78 ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਜਿੱਥੇ ਉਨ੍ਹਾਂ ਦੀ ਮੌਤ ਦਾ ਅਧਿਕਾਰਤ ਕਾਰਨ ਪੋਸਟ-ਪੋਲਿਓ ਸਿੰਡਰੋਮ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਫੇਫੜਿਆਂ ਦੀ ਨਾਕਾਮੀ ਦਰਜ ਕੀਤਾ ਗਿਆ ਸੀ, ਉੱਥੇ ਮੈਕਵੇ ਨੇ ਆਪਣੀ ਭੈਣ ਦੀ ਮੌਤ ਦਾ ਕਾਰਨ ਲੰਬੇ ਸਮੇਂ ਤੱਕ ਰਹੇ ਕੋਵਿਡ-19 ਦੇ ਪ੍ਰਭਾਵਾਂ ਨੂੰ ਦੱਸਿਆ।
'ਉਹ ਇਸ ਮਸ਼ੀਨ ਤੋਂ ਨਹੀਂ ਡਰਦੀ ਸੀ'
ਲੋਹੇ ਦੇ ਫੇਫੜੇ ਵਿੱਚ ਨੈਗੇਟਿਵ ਪ੍ਰੈਸ਼ਰ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਮੋਟਰ ਦੁਆਰਾ ਚਲਾਇਆ ਜਾਣ ਵਾਲਾ ਇਸ ਦਾ ਬੈਲੋਜ਼ ਸਿਲੰਡਰ ਵਿੱਚੋਂ ਹਵਾ ਬਾਹਰ ਖਿੱਚਦਾ ਹੈ, ਜਿਸ ਨਾਲ ਮਰੀਜ਼ ਦੇ ਸਰੀਰ ਦੇ ਆਲੇ-ਦੁਆਲੇ ਖਾਲੀ ਥਾਂ (ਵੈਕਿਊਮ) ਬਣਦੀ ਹੈ ਅਤੇ ਫੇਫੜਿਆਂ ਨੂੰ ਫੈਲਣ ਅਤੇ ਹਵਾ ਅੰਦਰ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ।
ਜਦੋਂ ਹਵਾ ਮੁੜ ਅੰਦਰ ਆਉਂਦੀ ਹੈ, ਤਾਂ ਇਸੇ ਪ੍ਰਕਿਰਿਆ ਦਾ ਉਲਟਾ ਹੋਣ ਨਾਲ ਫੇਫੜੇ ਸੁੰਗੜ ਜਾਂਦੇ ਹਨ।
1950 ਦੇ ਦਹਾਕੇ ਵਿੱਚ ਪੋਲਿਓ ਦੇ ਸਭ ਤੋਂ ਵੱਧ ਫੈਲਾਅ ਤੋਂ ਬਾਅਦ, ਹਜ਼ਾਰਾਂ ਲੋਕ ਆਪਣੀ ਜ਼ਿੰਦਗੀ ਬਿਤਾਉਣ ਲਈ ਲੋਹੇ ਦੇ ਫੇਫੜਿਆਂ 'ਤੇ ਨਿਰਭਰ ਰਹੇ। ਲਗਭਗ 73 ਸਾਲਾਂ ਤੱਕ ਲਿਲਾਰਡ ਨੇ ਇਸ ਮਸ਼ੀਨ ਦੀ ਵਰਤੋਂ ਜ਼ਿੰਦਾ ਰਹਿਣ ਲਈ ਕੀਤੀ।
ਉਹ ਇਸ ਮਸ਼ੀਨ ਤੋਂ ਨਹੀਂ ਡਰਦੀ ਸੀ, ਜਿਵੇਂ ਕਿ ਕੁਝ ਬੱਚੇ ਡਰਦੇ ਸਨ।
ਮੈਕਵੇ ਨੇ ਕਿਹਾ, "ਇਸ ਨੇ ਉਸ ਨੂੰ ਮੁੜ ਤਾਕਤ ਦਿੱਤੀ ਅਤੇ ਉਸ ਨੂੰ ਬਿਹਤਰ ਮਹਿਸੂਸ ਕਰਵਾਇਆ।"
ਜਦੋਂ 1950 ਦੇ ਦਹਾਕੇ ਦੇ ਮੱਧ ਵਿੱਚ ਲਿਲਾਰਡ ਨੂੰ ਪੋਲਿਓ ਦੀ ਪਛਾਣ ਹੋਈ, ਤਾਂ ਇਸ ਲਾਇਲਾਜ ਬਿਮਾਰੀ ਬਾਰੇ ਚਰਚਾ ਅਤੇ ਚਿੰਤਾ ਹਰ ਪਾਸੇ ਛਾਈ ਹੋਈ ਸੀ।
ਉਨ੍ਹਾਂ ਦੀ ਭੈਣ ਨੇ ਦੱਸਿਆ ਕਿ ਖ਼ੁਦ ਲਿਲਾਰਡ ਵੀ, ਜਦੋਂ ਉਹ ਪੰਜ ਸਾਲ ਦੀ ਸੀ, ਇਸ ਬਿਮਾਰੀ ਬਾਰੇ ਜਾਣਦੀ ਸੀ ਅਤੇ ਚਿੰਤਤ ਰਹਿੰਦੀ ਸੀ।
ਮੈਕਵੇ ਨੇ ਕਿਹਾ, "ਮਾਰਥਾ ਜਾਗੀ ਅਤੇ ਉਹ ਆਪਣਾ ਸਿਰ ਸਿਰਹਾਣੇ ਤੋਂ ਉੱਪਰ ਨਹੀਂ ਚੁੱਕ ਸਕੀ। ਉਸ ਨੇ ਕਿਹਾ ਕਿ ਉਸ ਨੂੰ ਤੁਰੰਤ ਪਤਾ ਲੱਗ ਗਿਆ ਸੀ ਕਿ ਉਸ ਨੂੰ ਪੋਲਿਓ ਹੈ, ਕਿਉਂਕਿ ਉਸ ਨੇ ਇਸ ਬਾਰੇ ਬਹੁਤ ਕੁਝ ਸੁਣਿਆ ਸੀ।"

ਤਸਵੀਰ ਸਰੋਤ, Cindy McVey Handout
ਹਸਪਤਾਲ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ, ਲਿਲਾਰਡ ਅਤੇ ਉਨ੍ਹਾਂ ਦਾ ਪਰਿਵਾਰ ਠੀਕ ਹੋਣ 'ਤੇ ਧਿਆਨ ਕੇਂਦਰਿਤ ਕਰਨ ਲੱਗੇ।
ਲਿਲਾਰਡ ਨੇ ਸਰੀਰਕ ਥੈਰੇਪੀ, ਓਕਿਊਪੇਸ਼ਨਲ ਥੈਰੇਪੀ ਅਤੇ ਪਾਣੀ ਵਿੱਚ ਕੀਤੀ ਜਾਣ ਵਾਲੀ ਥੈਰੇਪੀ ਲਈ, ਤਾਂ ਜੋ ਉਹ ਆਪਣੀ ਵੱਧ ਤੋਂ ਵੱਧ ਤਾਕਤ ਬਰਕਰਾਰ ਰੱਖ ਸਕੇ। ਆਖਰਕਾਰ ਉਹ ਆਪਣੀ ਖੱਬੀ ਬਾਂਹ ਦੀ ਕੁਝ ਹੱਦ ਵਰਤੋਂ ਅਤੇ ਆਪਣੀਆਂ ਲੱਤਾਂ ਦੀ ਮੁੜ ਵਰਤੋਂ ਕਰਨ ਵਿੱਚ ਸਮਰੱਥ ਹੋ ਸਕੇ।
ਸਿਰਫ਼ ਲਿਲਾਰਡ ਹੀ ਆਪਣੇ ਹਾਣ ਦੇ ਲੋਕਾਂ ਵਾਂਗ ਜ਼ਿੰਦਗੀ ਜਿਉਣ ਲਈ ਦ੍ਰਿੜ ਨਹੀਂ ਸੀ, ਉਨ੍ਹਾਂ ਦਾ ਪਰਿਵਾਰ ਵੀ ਇਸ ਲਈ ਵਚਨਬੱਧ ਸੀ ਅਤੇ ਉਹ ਸਭ ਕੁਝ ਕਰਨ ਲਈ ਤਿਆਰ ਸੀ ਜੋ ਉਹ ਕਰ ਸਕਦੇ ਸਨ।
ਲਿਲਾਰਡ ਦੇ ਚਾਚਾ ਅਤੇ ਦਾਦਾ ਜੀ ਨੇ ਇੱਕ ਅਜਿਹਾ ਉਪਕਰਣ ਬਣਾਇਆ ਜਿਸ ਨਾਲ ਲੋਹੇ ਦੇ ਫੇਫੜਿਆਂ ਨੂੰ ਖੋਲ੍ਹਿਆ ਜਾ ਸਕਦਾ ਸੀ, ਤਾਂ ਜੋ ਲਿਲਾਰਡ ਇਕੱਲੀ ਰਹਿ ਸਕੇ ਅਤੇ ਖ਼ੁਦ ਲੋਹੇ ਦੇ ਫੇਫੜਿਆਂ ਵਿੱਚੋਂ ਅੰਦਰ-ਬਾਹਰ ਆ-ਜਾ ਸਕੇ।
ਮੈਕਵੇ ਨੇ ਕਿਹਾ, "ਉਹ ਉਹ ਕੰਮ ਕਰ ਸਕਦੀ ਸੀ ਜੋ ਜ਼ਿਆਦਾਤਰ ਲੋਹੇ ਦੇ ਫੇਫੜਿਆਂ ਵਾਲੇ ਮਰੀਜ਼ ਨਹੀਂ ਕਰ ਸਕਦੇ ਸਨ।"
ਇੱਕ ਵਾਹਨ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਤਾਂ ਜੋ ਲਿਲਾਰਡ ਉਸ ਨੂੰ ਚਲਾ ਸਕੇ। ਸਟੀਅਰਿੰਗ ਵ੍ਹੀਲ ਨੂੰ ਇਸ ਤਰ੍ਹਾਂ ਰੱਖਿਆ ਗਿਆ ਕਿ ਉਹ ਉਸ ਦੀ ਗੋਦ ਵਿੱਚ ਆ ਜਾਵੇ ਅਤੇ ਉਸ ਦੀ ਵਰਤੋਂ ਕਰਨਾ ਉਸ ਲਈ ਸੌਖੀ ਹੋ ਜਾਵੇ।
ਟਰਨ ਸਿਗਨਲ ਫਰਸ਼ 'ਤੇ ਲਗਾਏ ਗਏ ਸਨ, ਜੋ ਲਿਲਾਰਡ ਲਈ ਵੀ ਪਹੁੰਚਯੋਗ ਸਨ, ਕਿਉਂਕਿ ਉਨ੍ਹਾਂ ਦੀਆਂ ਬਾਹਾਂ ਦੀ ਹਿਲਜੁਲ ਸੀਮਤ ਸੀ।
'ਇਹ ਬਿਮਾਰੀ ਲੋਕਾਂ ਨੂੰ ਵਿਗਾੜ ਦਿੰਦੀ ਹੈ, ਅਪਾਹਜ ਬਣਾ ਦਿੰਦੀ ਹੈ ਅਤੇ ਉਨ੍ਹਾਂ ਜਕੜ ਦਿੰਦੀ ਹੈ'
ਮੈਕਵੇ ਨੇ ਕਿਹਾ ਕਿ ਲਿਲਾਰਡ ਇੱਕ ਕਲਾਕਾਰ ਅਤੇ ਬੁੱਧੀਜੀਵੀ ਸੀ। ਉਨ੍ਹਾਂ ਨੇ ਆਪਣੀ ਭੈਣ ਵੱਲੋਂ ਬਣਾਏ ਗਏ ਵਿਸਥਾਰਪੂਰਵਕ ਦ੍ਰਿਸ਼ ਚਿੱਤਰਾਂ ਅਤੇ ਆਪਣੇ ਐਲੇਕਸਾ ਯੰਤਰ ਨੂੰ ਪੁੱਛੇ ਜਾਣ ਵਾਲੇ ਬੇਸ਼ੁਮਾਰ ਸਵਾਲਾਂ ਦਾ ਜ਼ਿਕਰ ਕੀਤਾ।
ਮੈਕਵੇ ਨੇ ਕਿਹਾ ਕਿ ਲਿਲਾਰਡ ਨੂੰ ਆਪਣੇ 20 ਸਾਲਾਂ ਤੋਂ ਵੱਧ ਸਮੇਂ ਦੇ ਸਾਥੀ ਬਹਾ ਸਾਲਹ ਨਾਲ ਗੱਲਬਾਤ ਕਰਦੇ ਹੋਏ ਸਮਾਂ ਬਿਤਾਉਣਾ ਪਸੰਦ ਸੀ। ਇਸ ਸਾਲ ਵੀਜ਼ਾ ਮਿਲਣ ਤੋਂ ਬਾਅਦ ਉਹ ਮਿਸਰ ਤੋਂ ਅਮਰੀਕਾ ਆਏ ਅਤੇ ਫਰਵਰੀ ਵਿੱਚ ਲਿਲਾਰਡ ਨਾਲ ਵਿਆਹ ਕੀਤਾ।
ਉਨ੍ਹਾਂ ਦੀ ਭੈਣ ਨੇ ਦੱਸਿਆ ਕਿ ਲਿਲਾਰਡ ਦੀ ਮੌਤ 26 ਜੂਨ ਨੂੰ ਹੋਈ।
ਮੁੱਖ ਤੌਰ 'ਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਪੋਲਿਓ ਨੇ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਤਬਾਹੀ ਮਚਾਈ, ਜਿਸ ਨਾਲ ਬਹੁਤ ਸਾਰੇ ਬੱਚਿਆਂ ਦੀ ਮੌਤ ਹੋਈ ਅਤੇ ਕਈ ਅਪਾਹਜ ਹੋ ਗਏ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਰ 200 ਪੋਲਿਓ ਸੰਕਰਮਣਾਂ ਵਿੱਚੋਂ ਇੱਕ ਅਜਿਹਾ ਹੁੰਦਾ ਹੈ ਜੋ ਮੁੜ ਨਾ ਠੀਕ ਹੋਣ ਵਾਲੇ ਲਕਵੇ ਦਾ ਕਾਰਨ ਬਣਦਾ ਹੈ। ਜਿਨ੍ਹਾਂ ਲੋਕਾਂ ਨੂੰ ਲਕਵਾ ਹੋ ਜਾਂਦਾ ਹੈ, ਉਨ੍ਹਾਂ ਵਿੱਚੋਂ 5-10% ਦੀ ਮੌਤ ਉਸ ਸਮੇਂ ਹੋ ਜਾਂਦੀ ਹੈ ਜਦੋਂ ਉਨ੍ਹਾਂ ਦੀਆਂ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।
ਪੋਲਿਓ ਦੀ ਵੈਕਸੀਨ 1955 ਤੋਂ ਉਪਲਬਧ ਹੋਣੀ ਸ਼ੁਰੂ ਹੋਈ। ਅਮਰੀਕਾ ਵਿੱਚ, ਜਿੱਥੇ ਲਿਲਾਰਡ ਦਾ ਜਨਮ ਹੋਇਆ ਸੀ, ਉਸ ਨੂੰ 1979 ਵਿੱਚ ਪੋਲੀਓ ਮੁਕਸਤ ਐਲਾਨਿਆ ਗਿਆ, ਜਿਸਦਾ ਮਤਲਬ ਸੀ ਕਿ ਇਹ ਹੁਣ ਆਮ ਤੌਰ 'ਤੇ ਲੋਕਾਂ ਵਿੱਚ ਨਹੀਂ ਫੈਲਦਾ ਸੀ।
ਇਹ ਪੂਰੇ ਅਮਰੀਕਾ ਵਿੱਚ ਚਲਾਈ ਗਈ ਟੀਕਾਕਰਨ ਮੁਹਿੰਮ ਦੀ ਬਦੌਲਤ ਸੰਭਵ ਹੋਇਆ।
ਪਰ ਅੱਜ ਅਮਰੀਕਾ ਵਿੱਚ ਵੈਕਸੀਨ ਪ੍ਰਤੀ ਹਿਚਕਚਾਹਟ ਵੱਧ ਰਹੀ ਹੈ ਅਤੇ ਟਰੰਪ ਪ੍ਰਸ਼ਾਸਨ ਦੇ ਸਿਹਤ ਅਧਿਕਾਰੀ ਸੁਝਾਅ ਦੇ ਰਹੇ ਹਨ ਕਿ ਹੋਰ ਵੈਕਸੀਨਾਂ ਨੂੰ ਬਦਲ ਬਣਾਇਆ ਜਾਵੇ।

ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਦੀ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਪ੍ਰੈਕਟਿਸਜ਼ (ਏਸੀਆਈਪੀ) ਦੇ ਚੇਅਰ ਕਿਰਕ ਮਿਲੋਆਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਸੁਝਾਅ ਦਿੱਤਾ ਸੀ ਕਿ ਪੋਲਿਓ ਦੀ ਵੈਕਸੀਨ ਦਾ ਬਦਲ ਹੋਣਾ ਚਾਹੀਦਾ ਹੈ।
ਮਿਲੋਆਨ ਨੇ ਕਿਹਾ, "ਜਦੋਂ ਤੁਸੀਂ ਪੋਲਿਓ ਨੂੰ ਵੇਖਦੇ ਹੋ, ਤਾਂ ਸਾਨੂੰ ਇਹ ਸੋਚਣ ਤੋਂ ਡਰਨਾ ਨਹੀਂ ਚਾਹੀਦਾ ਕਿ ਅਸੀਂ ਹੁਣ ਉਸ ਸਮੇਂ ਨਾਲੋਂ ਵੱਖਰੇ ਸਮੇਂ ਵਿੱਚ ਹਾਂ ਜਿਸ ਵਿੱਚ ਅਸੀਂ ਪਹਿਲਾਂ ਸੀ।"
"ਸਾਡੀ ਸਫ਼ਾਈ ਪ੍ਰਣਾਲੀ ਵੱਖਰੀ ਹੈ, ਬਿਮਾਰੀ ਦਾ ਖ਼ਤਰਾ ਵੱਖਰਾ ਹੈ ਅਤੇ ਇਸ ਲਈ ਇਹ ਸਾਰੇ ਤੱਤ ਇਸ ਗੱਲ ਦੇ ਮੁਲਾਂਕਣ ਵਿੱਚ ਸ਼ਾਮਲ ਹੁੰਦੇ ਹਨ ਕਿ ਕੀ ਵੈਕਸੀਨ ਲਈ ਜੋਖ਼ਮ ਲੈਣਾ ਯੋਗ ਹੈ ਜਾਂ ਨਹੀਂ।"
ਇਸ ਤਰ੍ਹਾਂ ਦੀ ਗੱਲਬਾਤ ਮੈਕਵੇ ਨੂੰ ਚਿੰਤਤ ਕਰਦੀ ਹੈ।
ਉਨ੍ਹਾਂ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ, "ਪੋਲਿਓ ਭਿਆਨਕ ਹੈ। ਇਹ ਬਿਮਾਰੀ ਲੋਕਾਂ ਨੂੰ ਵਿਗਾੜ ਦਿੰਦੀ ਹੈ, ਅਪਾਹਜ ਬਣਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਜਕੜ ਦਿੰਦੀ ਹੈ। ਅਸੀਂ ਇੱਥੇ ਇਸ ਨੂੰ ਕਾਬੂ ਵਿੱਚ ਰੱਖਿਆ ਸੀ ਅਤੇ ਹੁਣ ਸਾਡੇ ਕੋਲ ਅਜਿਹੇ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਟੀਕੇ ਨਹੀਂ ਲਗਵਾ ਰਹੇ।"
ਮੈਕਵੇ ਨੂੰ ਚਿੰਤਾ ਹੈ ਕਿ ਪੋਲਿਓ ਦੀਆਂ ਯਾਦਾਂ ਇੰਨੀਆਂ ਪੁਰਾਣੀਆਂ ਹੋ ਗਈਆਂ ਹਨ ਕਿ ਲੋਕ ਭੁੱਲ ਗਏ ਹਨ ਕਿ ਇਹ ਕਿੰਨੀ ਗੰਭੀਰ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ, "ਉਹ ਸੋਚ ਸਕਦੇ ਹਨ ਕਿ ਵੈਕਸੀਨ ਨਾਲ ਸਮੱਸਿਆਵਾਂ ਹਨ, ਪਰ ਜੇ ਉਹ ਟੀਕੇ ਨਹੀਂ ਲਗਵਾਉਂਦੇ ਤਾਂ ਸਮੱਸਿਆਵਾਂ ਬਹੁਤ ਜ਼ਿਆਦਾ ਹੋਣਗੀਆਂ।"
ਲਿਲਾਰਡ ਨੂੰ ਵੈਕਸੀਨ ਆਉਣ ਤੋਂ ਇੱਕ ਸਾਲ ਪਹਿਲਾਂ ਪੋਲਿਓ ਹੋਇਆ ਸੀ।
ਉਸ ਨੇ ਕਿਹਾ, "ਮੇਰੀ ਇੱਕ ਦੋਸਤ ਸੀ ਜਿਸ ਨੇ ਉਸ ਸਾਲ ਉਹ ਵੈਕਸੀਨ ਟੈਸਟ ਕਰਨ ਵਿੱਚ ਮਦਦ ਕੀਤੀ ਸੀ ਜਿਸ ਸਾਲ ਮਾਰਥਾ ਨੂੰ ਪੋਲਿਓ ਹੋਇਆ ਸੀ। ਅਸੀਂ ਬਚਣ ਦੇ ਕਿੰਨੇ ਨੇੜੇ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












