ਪੰਜਾਬ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਕਿਹੜੇ ਦਿਲਚਸਪ ਨਤੀਜੇ ਆਏ, ਆਜ਼ਾਦ ਤੇ ਖੱਬੇ-ਪੱਖੀਆਂ ਨੇ ਕਿੱਥੇ ਬਾਜ਼ੀ ਮਾਰੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਵਿੱਚ 8 ਨਗਰ ਨਿਗਮ, 76 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰ ਲਈ ਹੈ।

ਸ਼ੁੱਕਰਵਾਰ ਨੂੰ ਆਏ ਨਤੀਜਿਆਂ ਵਿੱਚ 1977 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ 958 ਸੀਟਾਂ ਜਿੱਤ ਕੇ ਸਭ ਤੋਂ ਅੱਗੇ ਹੈ। ਕਾਂਗਰਸ ਦੇ ਹਿੱਸੇ 397 ਸੀਟਾਂ ਆਈਆਂ ਹਨ, ਜਦਕਿ 251 ਸੀਟਾਂ 'ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ 192 ਸੀਟਾਂ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ। ਬੀਜੇਪੀ ਨੇ 172 ਅਤੇ ਬਸਪਾ ਨੇ 7 ਸੀਟਾਂ ਤੋਂ ਜਿੱਤ ਹਾਸਿਲ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਪ੍ਰਦਰਸ਼ਨ 'ਤੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸਾਰੀਆਂ ਲੇਅਰ ਵਿੱਚੋਂ ਪਾਸ ਹੋ ਚੁੱਕੀ ਹੈ ਅਤੇ ਹੁਣ 2027 ਦੀ ਫਾਈਨਲ ਲੇਅਰ ਵਿੱਚ ਵੀ ਜਿੱਤ ਕਰਕੇ ਦਿਖਾਏਗੀ।

2027 ਦਾ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਲਈ 26 ਮਈ ਨੂੰ ਵੋਟਿੰਗ ਹੋਈ ਸੀ ਅਤੇ ਕਰੀਬ 64 ਫੀਸਦ ਮਤਦਾਨ ਹੋਇਆ ਸੀ। ਆਓ ਇਨ੍ਹਾਂ ਚੋਣ ਨਤੀਜਿਆਂ ਦੇ ਕੁਝ ਦਿਲਚਸਪ ਤੱਥਾਂ 'ਤੇ ਝਾਤ ਮਾਰੀਏ।

ਆਜ਼ਾਦ ਉਮੀਦਵਾਰਾਂ ਨੇ ਕੀਤਾ ਹੈਰਾਨ

ਨਗਰ ਨਿਗਮ, ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦਾ ਹੈਰਾਨੀਜਨਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਵਾਰ ਆਜ਼ਾਦ ਉਮੀਦਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ।

ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਬਾਅਦ ਤੀਜੇ ਨੰਬਰ 'ਤੇ ਸਭ ਤੋਂ ਵੱਧ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਹਾਸਲ ਹੋਈਆਂ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਉਮੀਦਵਾਰਾਂ ਨੂੰ ਵੱਖ-ਵੱਖ ਪਾਰਟੀਆਂ ਤੋਂ ਸਮਰਥਨ ਵੀ ਪ੍ਰਾਪਤ ਸੀ।

ਬਠਿੰਡਾ ਦੀ ਗੋਨਿਆਣਾ ਨਗਰ ਕੌਂਸਲ ਵਿੱਚ ਆਜ਼ਾਦ ਉਮੀਦਵਾਰਾਂ ਨੇ ਇੱਕਪਾਸੜ ਜਿੱਤ ਦਰਜ ਕੀਤੀ। ਕੁੱਲ 13 ਵਾਰਡਾਂ ਵਿੱਚੋਂ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਜਦੋਂਕਿ ਆਮ ਆਦਮੀ ਪਾਰਟੀ ਨੂੰ ਪੰਜ ਵਾਰਡਾਂ ਵਿੱਚ ਜਿੱਤ ਹਾਸਲ ਹੋਈ। ਹੈਰਾਨੀਜਨਕ ਇਹ ਸੀ ਕਿ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੂੰ ਇੱਥੇ ਇੱਕ ਵੀ ਸੀਟ ਨਹੀਂ ਮਿਲੀ।

ਮਾਨਸਾ ਦੀ ਬਰੇਟਾ ਨਗਰ ਪੰਚਾਇਤ ਵਿੱਚ ਕੁੱਲ 13 ਵਿੱਚੋਂ 11 ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। 'ਆਪ' ਦੇ ਹਿੱਸੇ ਸਿਰਫ਼ ਦੋ ਸੀਟਾਂ ਆਈਆਂ। ਬਾਕੀ ਪਾਰਟੀਆਂ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ।

ਬਰਨਾਲਾ ਅਧੀਨ ਆਉਂਦੀ ਤਪਾ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ਵਿੱਚੋਂ 8 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ।

ਜਲੰਧਰ ਦੇ ਨੂਰਮਹਿਲ ਨਗਰ ਕੌਂਸਲ ਵਿੱਚ ਕੁੱਲ 13 ਵਿੱਚੋਂ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਨੂੰ ਚਾਰ ਜਦੋਂਕਿ ਬੀਜੇਪੀ ਦੇ ਹਿੱਸੇ ਇੱਕ ਸੀਟ ਆਈ।

ਥਰਡਜੈਂਡਰ ਉਮੀਦਵਾਰਾਂ ਦਾ ਕਿਹੋ ਜਿਹਾ ਰਿਹਾ ਪ੍ਰਦਰਸ਼ਨ ?

ਸ਼ਹਿਰੀ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਟਰਾਂਸਜੈਂਡਰਸ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਬਠਿੰਡਾ ਵਿੱਚ ਛੇ ਵਾਰ ਜਿੱਤਣ ਵਾਲੇ ਸੰਤੋਸ਼ ਮਹੰਤ ਇਸ ਵਾਰ ਚੋਣ ਹਾਰ ਗਏ। ਸੰਤੋਸ਼ ਮਹੰਤ ਨੇ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਵਾਰਡ ਨੰਬਰ 29 ਤੋਂ ਚੋਣ ਲੜੀ ਸੀ ਪਰ ਆਜ਼ਾਦ ਉਮੀਦਵਾਰ ਸਿਮਰਨ ਵਿਸਵਾਲ ਨੇ ਉਨ੍ਹਾਂ ਨੂੰ ਮਾਤ ਦੇ ਦਿੱਤੀ।

ਦੂਜੇ ਪਾਸੇ ਸੁਨਾਮ ਤੋਂ ਮਾਹੀ ਮਹੰਤ ਵੱਲੋਂ ਜਿੱਤ ਦਰਜ ਕੀਤੀ ਗਈ। ਮਾਹੀ ਮਹੰਤ ਨੇ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ-20 ਤੋਂ ਚੋਣ ਲੜੀ ਸੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿੱਤ ਦਰਜ ਕਰਨ 'ਤੇ ਮਾਹੀ ਮਹੰਤ ਦਾ ਮੂੰਹ ਮਿੱਠਾ ਕਰਵਾਇਆ।

ਸਮਾਣਾ ਦੇ ਹੀ ਵਾਰਡ ਨੰਬਰ 18 ਤੋਂ ਕੋਮਲ ਮਹੰਤ ਐੱਮਸੀ ਬਣੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ।

ਮਾਨਸਾ ਦੇ ਪਿੰਡ ਜੋਗਾ 'ਚ ਖੱਬੇਪੱਖੀਆਂ ਦਾ ਦਬਦਬਾ

ਮਾਨਸਾ ਦੇ ਪਿੰਡ ਜੋਗਾ ਵਿੱਚ ਖੱਬੇਪੱਖੀਆਂ ਦਾ ਮੁੜ ਦਬਦਬਾ ਦੇਖਣ ਨੂੰ ਮਿਲਿਆ।

ਕਈ ਨਾਮੀ ਖੱਬੇਪੱਖੀਆਂ ਦਾ ਇਸ ਪਿੰਡ ਨਾਲ ਗੂੜ੍ਹਾ ਸਬੰਧ ਰਿਹਾ। ਵੱਖ-ਵੱਖ ਸਮਾਜਿਕ ਤੇੇ ਸਿਆਸੀ ਲਾਹਿਰਾਂ ਦੌਰਾਨ ਇਸ ਪਿੰਡ ਦੇ ਲੋਕਾਂ ਦੀ ਅਹਿਮ ਭੂਮਿਕਾ ਰਹੀ ਹੈ।

ਇੱਥੇ ਹੋਈਆਂ ਚੋਣਾਂ ਵਿੱਚ ਵੀ ਖੱਬੇਪੱਖੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ।

ਕੁੱਲ 13 ਵਾਰਡਾਂ ਵਿੱਚੋਂ 8 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਦਾ ਕਬਜ਼ਾ ਰਿਹਾ ਜਦੋਂਕਿ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ਼ ਪੰਜ ਸੀਟਾਂ ਹੀ ਆਈਆਂ। ਕਿਸੇ ਹੋਰ ਪਾਰਟੀਆਂ ਦਾ ਇੱਥੇ ਖਾਤਾ ਤੱਕ ਨਹੀਂ ਖੁੱਲ੍ਹਿਆ।

ਦਿੱਗਜ ਚਿਹਰਿਆਂ ਦੇ ਹਲਕਿਆਂ ਦਾ ਹਾਲ

ਮੁੱਖ ਮੰਤਰੀ ਭਗਵੰਤ ਮਾਨ ਹਲਕੇ ਧੂਰੀ ਵਿੱਚ ਨਗਰ ਕੌਂਸਲ ਦੇ ਕੁੱਲ 21 ਵਾਰਡਾਂ ਵਿੱਚੋਂ 19 'ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਜਦੋਂਕਿ ਦੋ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੀਆਂ।

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਜੱਦੀ ਹਲਕੇ ਗਿੱਦੜਬਾਹਾ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਗਿੱਦੜਬਾਹਾ ਨਗਰ ਕੌਂਸਲ ਦੇ 19 ਵਾਰਡਾਂ ਵਿੱਚੋਂ ਕਾਂਗਰਸ ਨੂੰ ਮਹਿਜ਼ ਦੋ ਸੀਟਾਂ ਹੀ ਹਾਸਲ ਹੋਈਆਂ ਜਦੋਂਕਿ ਬਾਕੀ 17 ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ।

ਅਕਾਲੀ ਦਲ ਅਤੇ ਬੀਜੇਪੀ ਨੂੰ ਇੱਥੇ ਇੱਕ ਵੀ ਸੀਟ ਨਹੀਂ ਮਿਲੀ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿੱਚ 13 ਵਾਰਡਾਂ ਵਿੱਚੋਂ 7 ਵਿੱਚ ਕਾਂਗਰਸ ਕਾਬਜ਼ ਹੋਈ। ਤਿੰਨ ਸੀਟਾਂ 'ਤੇ 'ਆਪ' ਜਦੋਂਕਿ ਦੋ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।

ਉਧਰ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਹਲਕੇ ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਵਿੱਚ ਬੀਜੇਪੀ ਨੂੰ 28 ਸੀਟਾਂ ਹਾਸਲ ਹੋਈਆਂ। ਹਾਲਾਂਕਿ, ਇੱਥੇ ਬੀਜੇਪੀ ਨੂੰ 'ਆਪ' ਵੱਲੋਂ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਨੂੰ 20 ਸੀਟਾਂ ਹਾਸਲ ਹੋਈਆਂ। ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੇ ਹਿੱਸੇ ਇੱਕ-ਇੱਕ ਸੀਟ ਆਈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਜੱਦੀ ਹਲਕੇ ਮਜੀਠਾ ਨਗਰ ਕੌਂਸਲ ਵਿੱਚ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।

ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਛੇ ਸੀਟਾਂ ਮਿਲੀਆਂ ਜਦੋਂਕਿ 'ਆਪ' ਦੇ ਹਿੱਸੇ 7 ਸੀਟਾਂ ਆਈਆਂ, ਇਨ੍ਹਾਂ ਵਿੱਚੋਂ ਦੋ ਸੀਟਾਂ 'ਤੇ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣ ਲਏ ਗਏ ਸਨ।

ਹਾਲਾਂਕਿ, ਚੋਣ ਨਤੀਜਿਆਂ ਨੂੰ ਲੈਕੇ ਇੱਥੇ ਸਿਆਸਤ ਵੀ ਕਾਫੀ ਗਰਮਾਈ ਰਹੀ। ਮਜੀਠੀਆ ਵੱਲੋਂ ਨਤੀਜੇ ਐਲਾਨਣ 'ਚ ਦੇਰੀ ਨੂੰ ਲੈਕੇ ਸਵਾਲ ਉਠਾਏ ਗਏ ਸਨ।

ਰਾਣਾ ਪਿਓ-ਪੁੱਤ ਦਾ ਦਬਦਬਾ

ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਰਾਣਾ ਪਿਓ-ਪੁੱਤ ਦੀ ਜੋੜੀ ਦਾ ਦਬਦਬਾ ਦੇਖਣ ਨੂੰ ਮਿਲਿਆ।

ਕਪੂਰਥਲਾ ਨਗਰ ਨਿਗਮ ਦੀਆਂ ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੇ 31 ਸੀਟਾਂ 'ਤੇ ਜਿੱਤ ਦਰਜ ਕੀਤੀ, 'ਆਪ' ਸਿਰਫ 11 ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ। ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ 3-3 ਅਤੇ ਦੋ ਆਜ਼ਾਦ ਉਮੀਦਵਾਰਾਂ ਨੇ ਵੀ ਇੱਥੇ ਜਿੱਤ ਦਰਜ ਕੀਤੀ।

ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ 'ਤੇ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਜੇਤੂ ਰਹੇ।

'ਆਪ' ਨੇ ਪੰਜ ਸੀਟਾਂ ਜਿੱਤੀਆਂ ਜਦੋਂਕਿ ਇੱਕ ਸੀਟ ਹੋਰ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)