You’re viewing a text-only version of this website that uses less data. View the main version of the website including all images and videos.

Take me to the main website

Live, ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜੇ: 950 ਤੋਂ ਵੱਧ ਸੀਟਾਂ ਤੇ ‘ਆਪ’ ਦੀ ਜਿੱਤ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਦਾ ਕੀ ਰਿਹਾ ਹਾਲ

ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਮਈ ਨੂੰ ਵੋਟਿੰਗ ਹੋਈ ਸੀ ਜਿਸ ਵਿੱਚ ਹਿੰਸਾ ਦੀਆਂ ਕੁਝ ਘਟਨਾਵਾਂ ਵੀ ਵਾਪਰੀਆਂ ਸਨ।

ਸਾਰ

  • ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।
  • ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਪਹਿਲੇ ਨੰਬਰ ਉੱਤੇ ਹੈ।
  • ਕੁੱਲ 115 ਕੇਂਦਰਾਂ ਉੱਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ।
  • ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਮੰਗਲਵਾਰ, 26 ਮਈ ਨੂੰ ਵੋਟਾਂ ਪਈਆਂ ਸਨ।
  • ਨਤੀਜੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਐਲਾਨੇ ਜਾ ਰਹੇ ਹਨ।
  • ਇਨ੍ਹਾਂ ਸਥਾਨਕ ਚੋਣਾਂ ਦੇ ਲਈ ਕੁੱਲ 7555 ਉਮੀਦਵਾਰ ਮੈਦਾਨ ਵਿੱਚ ਹਨ।

ਲਾਈਵ ਕਵਰੇਜ

ਲਾਈਵ ਅਪਡੇਟਸ - ਸਰਬਜੀਤ ਸਿੰਘ ਧਾਲੀਵਾਲ, ਨਵਜੋਤ ਕੌਰ, ਹਰਮਨਦੀਪ ਸਿੰਘ

  1. ਅਸੀਂ ਆਪਣੇ ਅੱਜ ਦੇ ਇਸ ਲਾਈਵ ਪੇਜ ਨੂੰ ਇੱਥੇ ਹੀ ਬੰਦ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਹੋਰ ਅਹਿਮ ਖ਼ਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਬੀਬੀਸੀ ਪੰਜਾਬੀ ਦੇ ਨਾਲ।

  2. ਨਗਰ ਨਿਗਮ ਚੋਣਾਂ ਵਿੱਚ 'ਆਪ' ਦੀ ਜਿੱਤ, ਜਾਣੋ ਹੁਣ ਤੱਕ ਦੇ ਨਤੀਜੇ

    ਨਗਰ ਨਿਗਮ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਰਾਤ 10 ਵਜੇ ਤੱਕ 1969 ਵਾਰਡਾਂ ’ਤੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਨਤੀਜੇ ਆ ਚੁੱਕੇ ਹਨ। ਬਾਕੀਆਂ ਦੀ ਗਿਣਤੀ ਜਾਰੀ ਹੈ।

    ਰਾਤ 10 ਵਜੇ ਤੱਕ ਦੇ ਅੰਕੜਿਆਂ ਮੁਤਾਬਕ, ਆਮ ਆਦਮੀ ਪਾਰਟੀ 954 ਸੀਟਾਂ ਜਿੱਤ ਕੇ ਸਭ ਤੋਂ ਅੱਗੇ ਹੈ।

    ਕਾਂਗਰਸ ਦੇ ਹਿੱਸੇ 393 ਸੀਟਾਂ ਆ ਚੁੱਕੀਆਂ ਹਨ।

    251 ਸੀਟਾਂ 'ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।

    ਸ਼੍ਰੋਮਣੀ ਅਕਾਲੀ ਦਲ ਵੀ 192 ਸੀਟਾਂ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ।

    ਬੀਜੇਪੀ ਨੇ 172 ਅਤੇ ਬਸਪਾ ਨੇ 7 ਸੀਟਾਂ ਤੋਂ ਜਿੱਤ ਹਾਸਿਲ ਕੀਤੀ ਹੈ।

  3. ਨੰਗਲ ਨਗਰ ਕੌਂਸਲ ਵਿੱਚ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ, ਕਾਂਗਰਸ ਅਤੇ 'ਆਪ' ਵਰਕਰ ਹੋਏ ਆਹਮੋ-ਸਾਹਮਣੇ, ਬਿਮਲ ਸੈਣੀ, ਰੂਪਨਗਰ ਤੋਂ ਬੀਬੀਸੀ ਸਹਿਯੋਗੀ

    ਰੂਪਨਗਰ ਜ਼ਿਲ੍ਹੇ ਦੀ ਨੰਗਲ ਨਗਰ ਕੌਂਸਲ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।

    ਕਾਂਗਰਸ ਨੇ 8 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਜਦੋਂਕਿ 'ਆਪ' ਨੇ 7 ਸੀਟਾਂ ਹਾਸਲ ਕੀਤੀਆਂ। ਬੀਜੇਪੀ ਦੇ ਹਿੱਸੇ ਤਿੰਨ ਅਤੇ ਇੱਕ ਸੀਟ ਉੱਤੇ ਆਜ਼ਾਦ ਉਮੀਦਵਾਰ ਨੇ ਕਬਜ਼ਾ ਕੀਤਾ।

    ਨੰਗਲ ਨਗਰ ਕੌਂਸਲ ਦੇ ਨਤੀਜਿਆਂ ਦੌਰਾਨ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਹਮੋ-ਸਾਹਮਣੇ ਹੋ ਗਏ। ਦਰਅਸਲ ਸਾਬਕਾ ਸਪੀਕਰ ਰਾਣਾ ਕੇਪੀ ਕਾਊਂਟਿੰਗ ਸੈਂਟਰ 'ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਵੋਟਾਂ ਦੀ ਰੀ-ਕਾਊਂਟਿੰਗ ਦੀ ਪ੍ਰਕਿਰਿਆ ਨੂੰ ਲੈਕੇ ਸਵਾਲ ਉਠਾਏ ਗਏ।

    ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇੱਕ-ਦੂਜੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਤਾਂ ਮਾਹੌਲ ਤਣਾਅਪੂਰਨ ਬਣ ਗਿਆ। ਰਾਣਾ ਕੇਪੀ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਧਰਨਾ ਲਗਾ ਦਿੱਤਾ। ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਹਾਲਾਤ ਕਾਬੂ ਹੇਠ ਕੀਤੇ ਗਏ।

  4. ਨਤੀਜਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ?

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ 'ਤੇ ਪੋਸਟ ਕਰਦਿਆਂ ਜਿੱਤ ਦਰਜ ਕਰਨ ਵਾਲੇ ਪਾਰਟੀ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਭਰੋਸਾ ਕਿੱਥੇ ਹੈ।

    ਸੱਤਾ ਧਿਰ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇੱਕ ਆਜ਼ਾਦ ਅਤੇ ਨਿਰਪੱਖ ਵਿਧਾਨ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਵੇਗੀ।

  5. ਬਟਾਲਾ: ਜਿੱਤ ਤੋਂ ਬਾਅਦ ਭਾਵੁਕ ਹੋਏ ਮਾਂ-ਪੁੱਤਰ, ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ

    ਬਟਾਲਾ ਨਗਰ ਨਿਗਮ ਦੇ ਵਾਰਡ ਨੰਬਰ 41 ਤੋਂ ਆਮ ਆਦਮੀ ਪਾਰਟੀ ਦੇ ਸੁਨੀਤਾ ਮਹਿਤਾ ਨੇ ਜਿੱਤ ਦਰਜ ਕੀਤੀ। ਜਿੱਤ ਤੋਂ ਬਾਅਦ ਸੁਨੀਤਾ ਆਪਣੇ ਪੁੱਤਰ ਦੇ ਗਲ ਲੱਗ ਬੇਹੱਦ ਭਾਵੁਕ ਹੋ ਗਏ। ਮਾਂ ਦੀ ਜਿੱਤ 'ਤੇ ਉਨ੍ਹਾਂ ਦੇ ਪੁੱਤਰ ਨੇ ਕਿਹਾ,"ਮੇਰੇ ਮਾਤਾ-ਪਿਤਾ ਨੇ ਵਾਰਡ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਅੱਜ ਉਨ੍ਹਾਂ ਦੀ ਮਿਹਨਤ ਨੂੰ ਲੋਕਾਂ ਦਾ ਫਤਵਾ ਮਿਲਿਆ।"

  6. ਮੁਹਾਲੀ ਵਿੱਚ ਪਤੀ-ਪਤਨੀ ਦੀ ਜੋੜੀ ਨੇ ਜਿੱਤ ਦਰਜ ਕੀਤੀ, ਮੁਹਾਲੀ ਤੋਂ ਬੀਬੀਸੀ ਪੱਤਰਕਾਰ ਨਵਜੋਤ ਕੌਰ ਦੀ ਰਿਪੋਰਟ

    ਮੁਹਾਲੀ ਦੇ ਵਾਰਡ ਨੰਬਰ 3 ਅਤੇ ਵਾਰਡ ਨੰਬਰ 4 ਤੋਂ ਪਤੀ-ਪਤਨੀ ਦੀ ਜੋੜੀ ਨੇ ਜਿੱਤ ਦਰਜ ਕੀਤੀ ਹੈ। ਵਾਰਡ ਨੰਬਰ 3 ਤੋਂ ਗੁਰਮੀਤ ਕੌਰ ਅਤੇ ਵਾਰਡ ਨੰਬਰ 4 ਤੋਂ ਹਰਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਦੋਵੇਂ ਜੇਤੂ ਰਹੇ ਹਨ। ਜਿੱਤ ਦਰਜ ਕਰਨ ਤੋਂ ਬਾਅਦ ਪਤੀ-ਪਤਨੀ ਦੇ ਸਮਰਥਕਾਂ ਵੱਲੋਂ ਢੋਲ ਦੀ ਥਾਪ 'ਤੇ ਜਸ਼ਨ ਮਨਾਇਆ ਗਿਆ।

  7. ਸਪੀਕਰ ਕੁਲਤਾਰ ਸੰਧਵਾਂ ਦੀ ਸੱਸ ਨੇ ਵੀ ਮਾਰੀ ਬਾਜ਼ੀ, ਬਠਿੰਡਾ ਤੋਂ ਬੀਬੀਸੀ ਸਹਿਯੋਗੀ ਮਨੋਜ ਕੁਮਾਰ

    ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸੰਧਵਾਂ ਦੀ ਸੱਸ ਹਰਬੰਸ ਕੌਰ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 5 ਤੋਂ ਜੇਤੂ ਰਹੇ ਹਨ। ਉਨ੍ਹਾਂ ਨੇ 264 ਵੋਟਾਂ ਨਾਲ ਇਸ ਵਾਰਡ ਤੋਂ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਉਨ੍ਹਾਂ ਵੱਲੋਂ ਚੋਣ ਲੜੀ ਗਈ ਸੀ।

  8. ਨਗਰ ਨਿਗਮ ਚੋਣ ਨਤੀਜਿਆਂ ਬਾਰੇ ਕੀ ਬੋਲੇ ਮੁੱਖ ਮੰਤਰੀ

    ਪੰਜਾਬ ਨਗਰ ਨਿਗਮ ਦੇ ਹੁਣ ਤੱਕ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ।

    ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ਪੰਜਾਬ ਦੇ ਲੋਕਾਂ ਨੇ ਨਫਰਤ ਦੀ ਸਿਆਸਤ ਨੂੰ ਨਕਾਰਿਆ ਅਤੇ ਆਮ ਆਦਮੀ ਪਾਰਟੀ ਦੀ ਵਿਕਾਸ ਦੀ ਰਾਜਨੀਤੀ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ।

    ਸੀਐੱਮ ਮਾਨ ਨੇ ਕਿਹਾ, ‘’ਵੰਡ ਪਾਉਣ ਵਾਲਿਆਂ ਨੂੰ ਨਹੀਂ , ਪੰਜਾਬ ਦੇ ਲੋਕਾਂ ਨੇ ਸੈਕੂਲਰ ਪਾਰਟੀ ਦੀ ਰਾਜਨੀਤੀ ਨੂੰ ਸਰਾਹਿਆ।‘’

    ਉਨ੍ਹਾਂ ਆਖਿਆ ਕਿ ‘ਆਪ’ ਇੱਕ ਹਜ਼ਾਰ ਤੱਕ ਸੀਟਾਂ ਜਿੱਤ ਜਾਵੇਗੀ 90 ਫੀਸਦ ਤੋਂ ਵੱਧ ਸੀਟਾਂ ‘ਆਪ’ ਜਿੱਤ ਰਹੀ ਹੈ।

    ‘’ਜੇ ਸਾਢੇ ਚਾਰ ਸਾਲ ਬਾਅਦ ਅਜਿਹੀ ਮੋਹਰ ਲੱਗਦੀ ਹੈ ਤਾਂ 2027 ਦਾ ਮਾਹੌਲ ਇਸ ਤੋਂ ਵਧੀਆਂ ਨਹੀਂ ਹੋ ਸਕਦਾ ਹੁਣ ਤਾਂ ਸੱਚ ਸਾਹਮਣੇ ਆ ਗਿਆ।‘’

    ‘’ਹੁਣ ਤੱਕ ਜਿੰਨੀਆਂ ਚੋਣਾਂ ਹੋਈਆਂ, ਭਾਵੇ ਸਰਪੰਚੀ ਦੀ ਚੋਣ ਹੋਵੇ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹੋਵੇ, ਚਾਰ ਜ਼ਿਮਨੀ ਚੋਣਾਂ ਹੋਣ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਹੋਣ, ਅਤੇ ਹੁਣ ਨਗਰ ਨਿਗਮ ਤੇ ਪੰਚਾਇਤਾਂ ਦੀਆਂ ਚੋਣਾਂ ਹੋਣ, ਹਰੇਕ ਚੋਣ ਨੂੰ ਸੈਮੀਫਾਈਨਲ ਕਿਹਾ ਜਾਂਦਾ ਸੀ ਅਤੇ ਅਸੀਂ ਹਰੇਕ ਸੈਮੀਫਾਈਨਲ ਵਿੱਚ ਜਿੱਤੇ ਹਾਂ। ਹੁਣ ਤਾਂ ਤੁਸੀਂ ਕਹਿ ਸਕਦੇ ਹੋ ਕਿ ‘ਆਪ’ ਫਾਈਨਲ ਵਿੱਚ ਹੈ।‘’

    ‘’ਹਰ ਕਿਸਮ ਦੀ ਲੇਅਰ ‘ਚੋਂ ‘ਆਪ’ ਜਿੱਤ ਚੁੱਕੀ ਹੈ , ਹੁਣ ਆਖਰੀ ਲੇਅਰ 2027 ਦੀ ਰਹਿ ਗਈ ਉਸ ਵਿੱਚੋਂ ਵੀ ਜਿੱਤ ਕੇ ਦਿਖਾਵਾਂਗੇ।

    ‘’ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੀਆਂ ਸੀਟਾਂ ਇਕੱਠੀਆਂ ਵੀ ਕਰ ਲਈਏ ਤਾਂ ਵੀ ‘ਆਪ’ ਦਾ ਮੁਕਾਬਲਾ ਨਹੀਂ ਸਕਣਗੇ।‘’

  9. ਸ਼ਾਮ ਪੰਜ ਵਜੇ ਤੱਕ ਦੇ ਚੋਣ ਨਤੀਜੇ

    ਨਗਰ ਨਿਗਮ ਚੋਣ ਨਤੀਜਿਆਂ ਦੀ ਤਸਵੀਰ ਲਗਭਗ ਸਾਫ਼ ਹੋ ਚੁੱਕੀ ਹੈ। ਸ਼ਾਮ 5 ਵਜੇ ਤੱਕ 1716 ਵਾਰਡਾਂ ’ਤੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਨਤੀਜੇ ਆ ਚੁੱਕੇ ਹਨ। ਬਾਕੀਆਂ ਦੀ ਗਿਣਤੀ ਜਾਰੀ ਹੈ।

    ਸ਼ਾਮ ਪੰਜ ਵਜੋ ਤੱਕ ਦੇ ਅੰਕੜਿਆਂ ਮੁਤਾਬਕ, ਆਮ ਆਦਮੀ ਪਾਰਟੀ 841 ਸੀਟਾਂ ਜਿੱਤ ਕੇ ਸਭ ਤੋਂ ਅੱਗੇ ਹੈ।

    ਕਾਂਗਰਸ ਦੇ ਹਿੱਸੇ 336 ਸੀਟਾਂ ਆ ਚੁੱਕੀਆਂ ਹਨ।

    238 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।

    ਸ਼੍ਰੋਮਣੀ ਅਕਾਲੀ ਦਲ ਵੀ 164 ਸੀਟ ਹਾਸਿਲ ਕਰਨ ਵਿੱਚ ਕਾਮਯਾਬ ਰਿਹਾ।

    ਬੀਜੇਪੀ ਨੇ 131 ਅਤੇ ਬਸਪਾ ਨੇ 6 ਸੀਟਾਂ ਤੋਂ ਜਿੱਤ ਹਾਸਿਲ ਕੀਤੀ ਹੈ।

  10. ਬਠਿੰਡਾ ਤੋਂ ਛੇ ਵਾਰ ਜਿੱਤਣ ਵਾਲੇ ਸੰਤੋਸ਼ ਮਹੰਤ ਦਾ ਨਤੀਜਾ ਕੀ ਰਿਹਾ?, ਬਠਿੰਡਾ ਤੋਂ ਰਾਜੇਸ਼ ਕੁਮਾਰ, ਸੁਨਾਮ ਤੋਂ ਕੁਲਵੀਰ ਸਿੰਘ- ਬੀਬੀਸੀ ਸਹਿਯੋਗੀ

    ਬਠਿੰਡਾ ਤੋਂ ਸੰਤੋਸ਼ ਮਹੰਤ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਪਾਰਟੀਆਂ ਤੋ ਚੋਣ ਲੜਦੇ ਰਹੇ ਅਤੇ ਹਰ ਵਾਰ ਜੇਤੂ ਰਹੇ। ਉਹ ਲਗਾਤਾਰ ਛੇ ਵਾਰ ਐੱਮਸੀ ਬਣੇ। ਪਰ ਇਸ ਵਾਰ ਉਹ ਚੋਣ ਹਾਰ ਗਏ।

    ਵਾਰਡ ਨੰਬਰ 29 ਤੋਂ ਸੰਤੋਸ਼ ਮਹੰਤ ਨੇ ਇਸ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ, ਪਰ ਇੱਥੇ ਇਸ ਵਾਰ ਅਜ਼ਾਦ ਉਮੀਦਵਾਰ ਸਿਮਰਨ ਵਿਸਵਾਲ ਨੇ ਚੋਣ ਜਿੱਤੀ।

    ਸੁਨਾਮ ਤੋਂ ਮਾਹੀ ਮਹੰਤ ਨੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾ ਨੇ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ-20 ਤੋਂ ਚੋਣ ਲੜੀ ਸੀ।

    ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਾਹੀ ਮਹੰਤ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

    ਸਮਾਣਾ ਦੇ ਵਾਰਡ ਨੰਬਰ 18 ਤੋਂ ਕੋਮਲ ਮਹੰਤ ਐੱਮਸੀ ਬਣੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ।

  11. ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ 4 ਵਜੇ ਤੱਕ ਦੀ ਤਸਵੀਰ

    ਆਮ ਆਦਮੀ ਪਾਰਟੀ 772 ਸੀਟਾਂ ਤੋਂ ਜਿੱਤ ਹਾਸਿਲ ਕਰ ਚੁੱਕੀ ਹੈ।

    ਕਾਂਗਰਸ 304 ਸੀਟਾਂ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਹੈ।

    ਜਦਕਿ 227 ਅਜ਼ਾਦ ਉਮੀਦਵਾਰ ਜਿੱਤ ਦਰਜ ਕਰ ਚੁੱਕੇ ਹਨ।

    ਸ਼੍ਰੋਮਣੀ ਅਕਾਲੀ ਦਲ ਨੇ ਵੀ 153 ਸੀਟਾਂ ਤੋਂ ਜਿੱਤ ਹਾਸਿਲ ਕੀਤੀ ਹੈ।

    ਬੀਜੇਪੀ ਨੇ ਹੁਣ ਤੱਕ 91 ਸੀਟਾਂ ਹਾਸਿਲ ਕੀਤੀਆਂ ਹਨ। ਜਦਕਿ ਬਸਪਾ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ।

    ਉੱਪਰ ਦੱਸੇ ਗਏ ਨਤੀਜੇ ਕੁੱਲ ਵਿੱਚੋਂ 1553 ਸੀਟਾਂ ਦੇ ਹਨ। ਵੋਟਾਂ ਦੀ ਗਿਣਤੀ ਫ਼ਿਲਹਾਲ ਜਾਰੀ ਹੈ।

  12. 'ਆਪ' ਸਮਰਥਕਾਂ ਵਿਚਕਾਰ ਖੁਸ਼ੀ ਦੀ ਲਹਿਰ

    ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਹਾਵੀ ਰਹੀ ਹੈ। ਬਾਅਦ ਦੁਪਹਿਰ ਸਾਢੇ ਤਿੰਨ ਵਜੇ ਤੱਕ ਆਮ ਆਦਮੀ ਪਾਰਟੀ 740 ਤੋਂ ਵੱਧ ਸੀਟਾਂ ਜਿੱਤ ਚੁੱਕੀ ਹੈ। ਪਾਰਟੀ ਦੇ ਸਮਰਥਕ ਜਸ਼ਨ ਮਨਾ ਰਹੇ ਹਨ।

  13. ਜੇਤੂ ਉਮੀਦਵਾਰਾਂ ਨੇ ਮਨਾਏ ਜਸ਼ਨ

    ਜਿਵੇਂ ਜਿਵੇਂ ਚੋਣ ਨਤੀਜੇ ਆ ਰਹੇ ਹਨ, ਜੇਤੂ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਕਾਰ ਜਸ਼ਨ ਮਨਾਉਣ ਦਾ ਸਿਲਸਿਲਾ ਜਾਰੀ ਹੈ।

  14. ਮਜੀਠਾ ਨਗਰ ਕੌਂਸਲ ਚੋਣ ਨਤੀਜਿਆਂ ਦੇ ਐਲਾਨ ਵਿੱਚ ਹੋ ਰਹੀ ਦੇਰੀ 'ਤੇ ਬਿਕਰਮ ਮਜੀਠੀਆ ਨੇ ਚੁੱਕੇ ਸਵਾਲ, ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ

    ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣ ਨਤੀਜਿਆਂ ਦੇ ਐਲਾਨ ਵਿੱਚ ਹੋ ਰਹੀ ਦੇਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

    ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਇੱਕ ਵਾਰ ਨਹੀਂ, ਸਗੋਂ ਤਿੰਨ ਤੋਂ ਵੱਧ ਵਾਰ ਵੋਟਾਂ ਦੀ ਮੁੜ ਗਿਣਤੀ ਲਈ ਵਾਰ-ਵਾਰ ਦਬਾਅ ਪਾ ਰਹੇ ਹਨ।

    ਮਜੀਠੀਆ ਨੇ ਫੇਸਬੁੱਕ 'ਤੇ ਵੀ ਪੋਸਟ ਕੀਤੀ ਕਿ ਮਜੀਠਾ ਹਲਕੇ ਵਿੱਚ ਜਿੱਤਦੇ ਦਿਸ ਰਹੇ ਅਕਾਲੀ ਉਮੀਦਵਾਰਾਂ ਨੂੰ ਵਾਰ ਵਾਰ ਰੀ-ਕਾਊਂਟਿੰਗ ਕਰਵਾ ਕੇ ਧੱਕੇਸ਼ਾਹੀ ਨਾਲ ਜਾਣਬੁੱਝ ਕੇ ਹਰਾਇਆ ਜਾ ਰਿਹਾ ।

    ਉਨ੍ਹਾਂ ਨਤੀਜਿਆਂ ਵਿੱਚ ਦੇਰੀ ਕਰਨ 'ਤੇ ਸਵਾਲ ਚੁੱਕੇ।

    ਮਜੀਠੀਆ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਹ 13 ਵਿੱਚੋਂ 10 ਸੀਟਾਂ 'ਤੇ ਲੜ ਰਹੇ ਹਨ। ਅਤੇ ਤਿੰਨ ਸੀਟਾਂ ਦੇ ਉਨ੍ਹਾਂ ਦੇ ਪੇਪਰ ਸਵੀਕਾਰ ਨਹੀਂ ਕੀਤੇ ਗਏ ਸਨ।

    ਮਜੀਠੀਆ ਦਾਅਵਾ ਕਰ ਰਹੇ ਹਨ ਕਿ ਹੁਣ 10 ਵਿੱਚੋਂ ਉਹ ਸੱਤ ਤੋਂ ਵੱਧ ਸੀਟਾਂ ਜਿੱਤ ਰਹੇ ਹਨ ਪਰ ਅਧਿਕਾਰੀ ਨਤੀਜਾ ਨਹੀਂ ਐਲਾਨ ਰਹੇ ਹਨ।

  15. ਨੰਗਲ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਤਣਾਅ, ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ, ਬਿਮਲ ਸੈਣੀ, ਬੀਬੀਸੀ ਸਹਿਯੋਗੀ

    ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 4 ਦੀ ਵੋਟਾਂ ਦੀ ਗਿਣਤੀ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਆਪਣੇ ਸਮਰਥਕਾਂ ਸਣੇ ਕਾਊਂਟਿੰਗ ਸਟੇਸ਼ਨ ਸਕੂਲ ਆਫ ਐਮੀਨੈਂਸ ਨੰਗਲ ਵਿਖੇ ਪਹੁੰਚੇ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

    ਰਾਣਾ ਕੇਪੀ ਸਿੰਘ ਨੇ ਇਲਜ਼ਾਮ ਲਗਾਇਆ ਕਿ ਵਾਰ-ਵਾਰ ਗਿਣਤੀ ਕਰਵਾ ਕੇ ਉਨ੍ਹਾਂ ਦੇ ਉਮੀਦਵਾਰ ਨੂੰ ਜਾਣਬੁਝ ਕੇ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਇਸ ਮੌਕੇ ਕਾਂਗਰਸ ਸਮਰਥਕਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।

    ਕੁਝ ਸਮੇਂ ਲਈ ਦੋਵੇਂ ਪਾਰਟੀਆਂ ਦੇ ਸਮਰਥਕ ਆਹਮੋ-ਸਾਹਮਣੇ ਨਜ਼ਰ ਆਏ ਅਤੇ ਇੱਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਮੌਕੇ 'ਤੇ ਮੌਜੂਦ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ।

  16. ਤਪਾ: ਦੋ ਧਿਰਾਂ ਵਿਚਕਾਰ ਹਿੰਸਕ ਝੜਪ, ਨਵਕਿਰਨ ਸਿੰਘ, ਬੀਬੀਸੀ ਸਹਿਯੋਗੀ

    ਬਰਨਾਲਾ ਵਿੱਚ ਪੈਂਦੇ ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 8 ਵਿੱਚ ਦੋ ਧਿਰਾਂ ਵਿਚਕਾਰ ਹਿੰਸਕ ਝੜਪ ਹੋਈ।

    ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਅਤੇ ਅਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੇ ਸਮਰਥਕਾਂ ਵਿੱਚ ਚੋਣ ਨਤੀਜਿਆਂ ਬਾਅਦ ਝਗੜੇ ਦੀ ਖ਼ਬਰ ਹੈ।

    ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨਾਜ਼ਮ ਹੁਸੈਨ ਦੀ ਪਤਨੀ ਜ਼ਖਮੀ ਹੋ ਗਈ ਜਿਸ ਨੂੰ ਬਰਨਾਲਾ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

    ਇਸ ਦੌਰਾਨ ਦੂਜੀ ਧਿਰ ਦੀ ਸਕਾਰਪੀਓ ਗੱਡੀ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ।

    ਮੌਕੇ 'ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  17. ਬਾਅਦ ਦੁਪਹਿਰ ਦੋ ਵਜੇ ਤੱਕ ਦੇ ਨਤੀਜੇ

    ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਬਾਅਦ ਦੁਪਹਿਰ ਦੋ ਵਜੇ ਤੱਕ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨੂੰ ਪਛਾੜਦਿਆਂ 601 ਸੀਟਾਂ ਜਿੱਤ ਚੁੱਕੀ ਹੈ।

    ਕਾਂਗਰਸ ਨੇ 222, ਅਜ਼ਾਦ ਉਮੀਦਵਾਰਾਂ ਨੇ 195, ਸ਼੍ਰੋਮਣੀ ਅਕਾਲੀ ਦਲ ਨੇ 137, ਬੀਜਪੀ ਨੇ 55 ਅਤੇ ਬਸਪਾ ਨੇ 4 ਸੀਟਾਂ ਜਿੱਤ ਲਈਆਂ ਹਨ।

  18. ਧੂਰੀ, ਭਵਾਨੀਗੜ੍ਹ, ਸੁਨਾਮ ਅਤੇ ਲੌਂਗੋਵਾਲ ਦੇ ਆਏ ਪੂਰੇ ਨਤੀਜੇ, ਜਾਣੋ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ, ਕੁਲਵੀਰ ਸਿੰਘ, ਬੀਬੀਸੀ ਸਹਿਯੋਗੀ

    ਧੂਰੀ, ਭਵਾਨੀਗੜ੍ਹ, ਸੁਨਾਮ ਅਤੇ ਲੌਂਗੋਵਾਲ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਨਤੀਜੇ ਕੁਝ ਇਸ ਪ੍ਰਕਾਰ ਹਨ:

    ਧੂਰੀ: ਕੁੱਲ ਵਾਰਡ - 21

    • ਆਪ - 20
    • ਅਕਾਲੀ - 0
    • ਕਾਂਗਰਸ - 0
    • ਭਾਜਪਾ - 0
    • ਸੁਤੰਤਰ - 1

    ਭਵਾਨੀਗੜ੍ਹ: ਕੁੱਲ ਵਾਰਡ -15

    • ਆਪ - 7
    • ਅਕਾਲੀ - 1
    • ਕਾਂਗਰਸ - 7
    • ਭਾਜਪਾ - 0

    ਸੁਨਾਮ: ਕੁੱਲ ਵਾਰਡ -23

    • ਆਪ - 12
    • ਅਕਾਲੀ - 0
    • ਕਾਂਗਰਸ - 0
    • ਭਾਜਪਾ - 0
    • ਸੁਤੰਤਰ - 1

    ਲੌਂਗੋਵਾਲ: ਕੁੱਲ ਵਾਰਡ - 15

    • ਆਪ - 10
    • ਅਕਾਲੀ - 1
    • ਕਾਂਗਰਸ - 2
    • ਭਾਜਪਾ - 0
    • ਸੁਤੰਤਰ - 1
  19. ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਚੋਣ ਨਤੀਜਿਆਂ ਬਾਰੇ ਮੰਤਰੀ ਹਰਜੋਤ ਬੈਂਸ ਨੇ ਕੀ ਕਿਹਾ ?

    ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਸਥਾਨਕ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਬਾਰੇ ਐਕਸ 'ਤੇ ਪੋਸਟ ਕੀਤੀ ਹੈ।

    ਉਨ੍ਹਾਂ ਲਿਖਿਆ, " ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਰਚ ਦਿੱਤਾ। 13 ਵਿੱਚੋਂ 11 ਸੀਟਾਂ 'ਤੇ ਜਿੱਤ ਦਰਜ ਕਰਕੇ ਲੋਕਾਂ ਨੇ ਵਿਕਾਸ ਅਤੇ ਇਮਾਨਦਾਰੀ ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ।"

    ਬੀਬੀਸੀ ਸਹਿਯੋਗੀ ਬਿਮਲ ਸੈਣੀ ਨੇ ਦੱਸਿਆ ਕਿ ਕਾਂਗਰਸ ਨੇ ਆਪਣੇ ਚੋਣ ਨਿਸ਼ਾਨ 'ਤੇ ਇੱਥੋਂ ਚੋਣ ਨਹੀਂ ਲੜੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਇੱਥੋਂ ਕੋਈ ਸੀਟ ਨਹੀਂ ਜਿੱਤ ਸਕੇ। ਆਪ ਤੋਂ ਇਲਾਵਾ ਦੋ ਅਜ਼ਾਦ ਉਮੀਦਵਾਰਾਂ ਨੇ ਚੋਣਾਂ ਜਿੱਤੀਆਂ ਹਨ।

  20. ਕੋਟਕਪੂਰਾ: ਹੁਣ ਤੱਕ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ 7 ਅਤੇ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ’ਤੇ ਜੇਤੂ, ਭਾਰਤ ਭੂਸ਼ਣ, ਬੀਬੀਸੀ ਸਹਿਯੋਗੀ

    ਹੁਣ ਤੱਕ ਕੋਟਕਪੂਰਾ ਲਈ ਐਲਾਨੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ 7 ਅਤੇ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ’ਤੇ ਜੇਤੂ ਰਹੀ ਹੈ। ਇੱਥੇ ਕੁੱਲ 29 ਵਾਰਡਾਂ ਲਈ ਵੋਟਿੰਗ ਹੋਈ ਸੀ।

    ਕੋਟਕਪੂਰਾ ਦੇ ਵਾਰਡ ਨੰਬਰ 21 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰਜੁਨ ਸਿੰਘ ਬੱਬੀ ਨੇ ਜਿੱਤ ਦਰਜ ਕੀਤੀ ਹੈ।

    ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਆਪਣੀ ਜਿੱਤ ਦਾ ਸਿਹਰਾ ਲੋਕਾਂ ਨੂੰ ਦਿੱਤਾ ਅਤੇ ਕਿਹਾ ਕਿ ''ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।''