ਵਾਈਕਿੰਗਜ਼ ਕੌਣ ਹਨ, ਜਿਨ੍ਹਾਂ ਨੇ ਕੋਲੰਬਸ ਤੋਂ 500 ਸਾਲ ਪਹਿਲਾਂ ਅਮਰੀਕਾ ਨੂੰ ਲੱਭ ਲਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਫਿਓਨਾ ਮੈਕਡੋਨਲਡ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਨੌਰਸ ਲੋਕ ਲਗਭਗ ਸਾਲ 1000 ਵਿੱਚ ਕੈਨੇਡਾ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਇਸ ਨੂੰ ਅੱਗੇ ਖੋਜ ਕਰਨ ਲਈ ਇੱਕ ਅੱਡੇ ਵਜੋਂ ਵਰਤਿਆ। ਬੀਬੀਸੀ ਨੇ ਅਟਲਾਂਟਿਕ ਮਹਾਸਾਗਰ ਪਾਰ ਕਰਨ ਵਾਲੇ ਪਹਿਲੇ ਯੂਰਪੀ ਲੋਕਾਂ ਦੇ 'ਗਵਾਚੇ ਇਤਿਹਾਸ' ਦੀ ਡੂੰਘਾਈ ਨਾਲ ਪੜਚੋਲ ਕੀਤੀ ਹੈ।
ਕ੍ਰਿਸਟੋਫਰ ਕੋਲੰਬਸ ਨੇ ਭਾਵੇਂ 1492 ਵਿੱਚ ਸਮੁੰਦਰ ਦੀ ਯਾਤਰਾ ਕੀਤੀ ਸੀ, ਸਹੀ ਕਹੀਏ ਤਾਂ ਉਹ 12 ਅਕਤੂਬਰ 1492 ਨੂੰ ਬਹਾਮਾਸ ਪਹੁੰਚਿਆ ਸੀ ਪਰ ਉਹ ਅਮਰੀਕਾ ਵਜੋਂ ਜਾਣੇ ਜਾਂਦੇ ਖੇਤਰ ਵਿੱਚ ਪਹੁੰਚਣ ਵਾਲਾ ਪਹਿਲਾ ਯੂਰਪੀ ਨਹੀਂ ਸੀ।
ਉਸ ਤੋਂ ਪਹਿਲਾਂ ਵੀ ਯੂਰਪੀ ਲੋਕ ਉੱਥੇ ਪਹੁੰਚ ਚੁੱਕੇ ਸਨ, ਪਰ ਉਨ੍ਹਾਂ ਦੇ ਆਉਣ ਦੀ ਕੋਈ ਖ਼ਾਸ ਚਰਚਾ ਨਹੀਂ ਹੋਈ।
ਨਾ ਹੀ ਕੋਈ ਸ਼ਾਹੀ ਐਲਾਨ ਹੋਏ ਅਤੇ ਨਾ ਹੀ ਉਨ੍ਹਾਂ ਦੀ ਵਾਪਸੀ 'ਤੇ ਲੋਕ ਸੜਕਾਂ 'ਤੇ ਇਕੱਠੇ ਹੋ ਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਵਿਸ਼ਾਲ ਅਟਲਾਂਟਿਕ ਮਹਾਸਾਗਰ ਨੂੰ ਸਿੱਧਾ ਪਾਰ ਕਰ ਕੇ ਯਾਤਰਾ ਨਹੀਂ ਕੀਤੀ ਸੀ।
ਇਸ ਦੀ ਬਜਾਏ, ਉਹ ਰਸਤੇ ਵਿੱਚ ਪੈਂਦੇ ਵੱਖ-ਵੱਖ ਟਾਪੂਆਂ ਰਾਹੀਂ ਅੱਗੇ ਵਧਦੇ ਹੋਏ ਉੱਥੇ ਪਹੁੰਚੇ, ਜਿਨ੍ਹਾਂ ਵਿੱਚ ਆਈਸਲੈਂਡ ਅਤੇ ਗ੍ਰੀਨਲੈਂਡ ਵਿਚਕਾਰਲੇ ਪੜਾਅ ਵਜੋਂ ਕੰਮ ਆਏ।
ਉਨ੍ਹਾਂ ਦੀਆਂ ਖੋਜ ਯਾਤਰਾਵਾਂ ਦੀਆਂ ਕਹਾਣੀਆਂ ਸਦੀਆਂ ਬਾਅਦ ਸਾਗਾਵਾਂ (ਗਾਥਾਵਾਂ) ਵਿੱਚ ਮੁੜ ਬਿਆਨ ਕੀਤੀਆਂ ਗਈਆਂ।
ਇਹ ਕਹਾਣੀਆਂ ਇਤਿਹਾਸ ਦੀਆਂ ਕਿਤਾਬਾਂ ਦੀ ਬਜਾਏ ਮਹਾਂਕਾਵਿ ਸਾਹਿਤ ਦਾ ਹਿੱਸਾ ਜ਼ਿਆਦਾ ਸਨ। ਉਨ੍ਹਾਂ ਨੇ ਕ੍ਰਿਸਟੋਫਰ ਕੋਲੰਬਸ ਤੋਂ 500 ਸਾਲ ਪਹਿਲਾਂ ਅਮਰੀਕਾ ਦੀ ਧਰਤੀ 'ਤੇ ਆਪਣੀ ਪਹਿਲੀ ਯਾਤਰਾ ਕੀਤੀ ਸੀ।
ਨੌਰਸ ਸਾਗਾਵਾਂ, ਵਾਈਕਿੰਗਾਂ ਦੀਆਂ ਉਹ ਕਹਾਣੀਆਂ, ਜਿਨ੍ਹਾਂ ਨੂੰ ਉਨ੍ਹਾਂ ਦੇ ਵੰਸ਼ਜਾਂ ਨੇ ਲਿਖਤੀ ਰੂਪ ਦਿੱਤਾ, ਨੂੰ ਹੁਣ ਭਰੋਸੇਯੋਗ ਇਤਿਹਾਸਕ ਤੱਥਾਂ ਵਾਲੀਆਂ ਰਚਨਾਵਾਂ ਵਜੋਂ ਮਾਨਤਾ ਮਿਲਣ ਲੱਗੀ ਹੈ।
ਫਲਾਟੇਯਾਰਬੋਕ: ਵਾਈਕਿੰਗਜ਼ ਦੀਆਂ ਪੁਰਾਣੀਆਂ ਕਥਾਵਾਂ ਦਾ ਸੰਗ੍ਰਹਿ

ਤਸਵੀਰ ਸਰੋਤ, Getty Images
1966 ਵਿੱਚ ਬੀਬੀਸੀ ਦੇ ਪੇਸ਼ਕਾਰ ਮੈਗਨਸ ਮੈਗਨਸਨ ਨੇ 14ਵੀਂ ਸਦੀ ਦੀ ਫਲਾਟੇਯਾਰਬੋਕ ਜਾਂ ਫਲਾਟੇ ਟਾਪੂ ਦੀ ਕਿਤਾਬ ਨੂੰ "ਮੌਜੂਦ ਸਭ ਤੋਂ ਕੀਮਤੀ ਆਈਸਲੈਂਡੀ ਹੱਥ-ਲਿਖਤਾਂ ਵਿੱਚੋਂ ਇੱਕ" ਦੱਸਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਹ ਕਿਤਾਬ ਇੰਨੀ ਕੀਮਤੀ ਹੈ ਕਿ 1893 ਵਿੱਚ ਜਦੋਂ ਸ਼ਿਕਾਗੋ ਵਿਸ਼ਵ ਮੇਲੇ ਦੇ ਪ੍ਰਬੰਧਕਾਂ ਨੇ ਕੋਲੰਬਸ ਦੀ ਸਮੁੰਦਰੀ ਯਾਤਰਾ ਦੀ 400ਵੀਂ ਵਰ੍ਹੇਗੰਢ ਦੇਰੀ ਨਾਲ ਮਨਾਉਣ ਲਈ ਇਸ ਨੂੰ ਉਧਾਰ ਲੈਣ ਦੀ ਬੇਨਤੀ ਕੀਤੀ।
ਤਾਂ ਇਸ ਲਈ ਉਨ੍ਹਾਂ ਨੇ "ਇਸ ਨੂੰ ਲੈਣ ਲਈ ਡੈਨਮਾਰਕ ਵਿੱਚ ਇੱਕ ਜੰਗੀ ਜਹਾਜ਼ ਭੇਜਣ, ਇਸ ਨੂੰ ਅਮਰੀਕਾ ਵਿੱਚੋਂ ਲੈ ਕੇ ਜਾਣ ਲਈ ਬਖ਼ਤਰਬੰਦ ਰੇਲਗੱਡੀ ਦਾ ਪ੍ਰਬੰਧ ਕਰਨ ਅਤੇ ਇਸ ਦਾ 10 ਲੱਖ ਡਾਲਰ ਦੀ ਰਕਮ ਦਾ ਬੀਮਾ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ (ਉਸ ਸਮੇਂ ਇਹ ਕਿਤਾਬ ਡੈਨਮਾਰਕ ਵਿੱਚ ਰੱਖੀ ਹੋਈ ਸੀ)। ਪਰ ਇਸ ਦੇ ਬਾਵਜੂਦ, ਡੈਨਮਾਰਕ ਵਾਲੇ ਇਹ ਜੋਖ਼ਮ ਲੈਣ ਲਈ ਤਿਆਰ ਨਹੀਂ ਸਨ।"
ਅਮਰੀਕਾ ਦੇ ਲੋਕਾਂ ਨੂੰ ਕਿਤਾਬ ਉਧਾਰ ਕਿਉਂ ਚਾਹੀਦੀ ਸੀ?

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਅਮਰੀਕੀ ਇਸ ਕਿਤਾਬ ਨੂੰ "ਇੰਨੀ ਬੁਰੀ ਤਰ੍ਹਾਂ ਉਧਾਰ ਕਿਉਂ ਲੈਣਾ ਚਾਹੁੰਦੇ ਸਨ?" ਕਿਉਂਕਿ ਇਸ ਕਿਤਾਬ ਵਿੱਚ "10ਵੀਂ ਸਦੀ ਵਿੱਚ ਗ੍ਰੀਨਲੈਂਡ ਵਿੱਚ ਨੌਰਸ ਲੋਕਾਂ ਦੀ ਬਸਤੀ ਦਾ ਵੇਰਵਾ ਅਤੇ ਇਸ ਤੋਂ ਵੀ ਵੱਧ ਹੈਰਾਨੀਜਨਕ ਗੱਲ, ਕੁਝ ਸਾਲਾਂ ਬਾਅਦ ਉੱਤਰੀ ਅਮਰੀਕਾ ਦੀ ਖੋਜ ਕਰਨ ਅਤੇ ਉੱਥੇ ਬਸਤੀ ਵਸਾਉਣ ਦੀ ਨੌਰਸ ਲੋਕਾਂ ਦੀ ਕੋਸ਼ਿਸ਼ ਦੀ ਕਹਾਣੀ ਦਰਜ ਹੈ, ਕੋਲੰਬਸ ਤੋਂ ਪੰਜ ਸਦੀਆਂ ਪਹਿਲਾਂ।"
1960 ਵਿੱਚ ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਲਾਂਸ ਔ ਮੀਡੋਜ਼ ਵਿਖੇ ਨੌਰਸ ਲੋਕਾਂ ਦਾ ਇੱਕ ਅਸਥਾਈ ਕੈਂਪ ਲੱਭਿਆ ਗਿਆ ਸੀ।
2021 ਵਿੱਚ, ਨਵੀਂ ਤਾਰੀਖ਼ ਤੈਅ ਕਰਨ ਵਾਲੀ ਤਕਨੀਕ ਦੀ ਵਰਤੋਂ ਕਰ ਰਹੇ ਖੋਜਕਾਰਾਂ ਨੇ ਪਤਾ ਲਗਾਇਆ ਕਿ ਵਾਈਕਿੰਗਾਂ ਨੇ ਇਸ ਥਾਂ 'ਤੇ 1,000 ਸਾਲ ਪਹਿਲਾਂ ਕਬਜ਼ਾ ਕੀਤਾ ਹੋਇਆ ਸੀ।
ਮੰਨਿਆ ਜਾਂਦਾ ਹੈ ਕਿ ਇਸ ਥਾਂ ਦੀ ਵਰਤੋਂ ਉੱਤਰੀ ਅਮਰੀਕਾ ਦੇ ਅੰਦਰੂਨੀ ਖੇਤਰਾਂ ਦੀ ਖੋਜ ਕਰਨ ਲਈ ਇੱਕ ਬੇਸ ਕੈਂਪ ਵਜੋਂ ਕੀਤੀ ਜਾਂਦੀ ਸੀ।
1997 ਵਿੱਚ ਬੀਬੀਸੀ ਦੀ ਦਸਤਾਵੇਜ਼ੀ ਲੜੀ ਟਾਈਮਵਾਚ ਦੇ ਇੱਕ ਐਪੀਸੋਡ ਵਿੱਚ ਰੌਬਿਨ ਐਲਿਸ ਨੇ ਕਿਹਾ ਸੀ, "ਇਹ ਇੱਕ ਗਵਾਚੇ ਇਤਿਹਾਸ ਦੀ ਸ਼ੁਰੂਆਤ ਹੈ, ਉਹ ਸਦੀਆਂ, ਜਦੋਂ ਯੂਰਪੀ ਲੋਕ ਅਜਿਹੀਆਂ ਸਮੁੰਦਰੀ ਯਾਤਰਾਵਾਂ ਰਾਹੀਂ ਅਮਰੀਕਾ ਆਉਂਦੇ ਰਹੇ, ਜਿਨ੍ਹਾਂ ਦੇ ਰਿਕਾਰਡ ਸਿਰਫ਼ ਪਾਣੀ ਉੱਤੇ ਹੀ ਲਿਖੇ ਹੋਏ ਹਨ।"
ਨੌਰਸ ਲੋਕਾਂ ਨੇ ਲਗਭਗ 870 ਈਸਵੀ ਵਿੱਚ ਆਈਸਲੈਂਡ ਅਤੇ ਇਸ ਤੋਂ 100 ਸਾਲ ਬਾਅਦ ਗ੍ਰੀਨਲੈਂਡ ਦੀ ਖੋਜ ਕੀਤੀ ਸੀ।
ਉੱਥੋਂ ਆਧੁਨਿਕ ਕੈਨੇਡਾ ਦੇ ਬੈਫਿਨ ਟਾਪੂ ਤੱਕ ਡੇਵਿਸ ਸਟ੍ਰੇਟ ਪਾਰ ਕਰ ਕੇ ਜਾਣ ਲਈ ਸਿਰਫ਼ 200 ਮੀਲ ਦਾ ਫ਼ਾਸਲਾ ਸੀ। ਉਨ੍ਹਾਂ ਨੇ ਇਸ ਟਾਪੂ ਨੂੰ 'ਹੇਲੂਲੈਂਡ' ਕਿਹਾ, ਜਿਸ ਦਾ ਅਰਥ ਹੈ 'ਚੱਟਾਨੀ ਸਿਲਾਂ ਦੀ ਧਰਤੀ'।
ਸਾਗਾਵਾਂ ਅਨੁਸਾਰ, ਉਹ ਤੱਟ ਦੇ ਨਾਲ-ਨਾਲ ਦੱਖਣ ਵੱਲ ਵਧਦੇ ਹੋਏ ਲੈਬਰਾਡੋਰ ਪਹੁੰਚੇ, ਜਿਸ ਨੂੰ ਉਹ 'ਮਾਰਕਲੈਂਡ' ਜਾਂ 'ਜੰਗਲਾਂ ਦੀ ਧਰਤੀ' ਕਹਿੰਦੇ ਸਨ। ਇਸ ਤੋਂ ਬਾਅਦ ਉਹ ਹੋਰ ਦੱਖਣ ਵੱਲ ਉਸ ਖੇਤਰ ਵਿੱਚ ਪਹੁੰਚੇ, ਜਿਸ ਨੂੰ ਉਨ੍ਹਾਂ ਨੇ 'ਵਿਨਲੈਂਡ' ਜਾਂ 'ਅੰਗੂਰਾਂ ਦੀ ਧਰਤੀ' ਦਾ ਨਾਂ ਦਿੱਤਾ।
2016 ਵਿੱਚ ਟਾਈਮਵਾਚ ਵਿੱਚ ਆਈਸਲੈਂਡ ਯੂਨੀਵਰਸਿਟੀ ਦੀ ਐਮਿਲੀ ਲੈਥਬ੍ਰਿਜ ਨੇ ਕਿਹਾ ਸੀ, "ਸਾਗਾਵਾਂ ਵਿੱਚ ਸਿਰਫ਼ ਇਹ ਨਹੀਂ ਦੱਸਿਆ ਗਿਆ ਕਿ ਇਹ ਲੋਕ ਕਿਸੇ ਇੱਕ ਥਾਂ 'ਤੇ ਰੁਕੇ ਸਨ, ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਉਹ ਕਈ ਥਾਵਾਂ 'ਤੇ ਰੁਕੇ ਸਨ ਅਤੇ ਉਹ ਕਈ ਸਾਲਾਂ ਲਈ ਉੱਥੇ ਗਏ ਸਨ। ਉਨ੍ਹਾਂ ਕੋਲ ਖੋਜ ਕਰਨ ਲਈ ਇੱਕ ਪੂਰੀ ਨਵੀਂ ਦੁਨੀਆ ਸੀ।"
ਐਰਿਕ ਦਿ ਰੈੱਡ: ਵਾਈਕਿੰਗਜ਼ ਦਾ ਆਗੂ

ਤਸਵੀਰ ਸਰੋਤ, Getty Images
ਸਾਗਾਵਾਂ ਅਨੁਸਾਰ, ਸਭ ਤੋਂ ਮਸ਼ਹੂਰ ਬਸਤੀਵਾਸੀਆਂ ਵਿੱਚੋਂ ਇੱਕ, ਏਰਿਕ ਦਿ ਰੈੱਡ, ਲਗਭਗ 960 ਈਸਵੀ ਵਿੱਚ ਆਈਸਲੈਂਡ ਪਹੁੰਚਿਆ ਸੀ। ਇਸ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਕਤਲ ਦੇ ਦੋਸ਼ ਵਿੱਚ ਨਾਰਵੇ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।
932 ਈਸਵੀ ਵਿੱਚ ਆਈਸਲੈਂਡ ਦੇ ਲੋਕਾਂ ਨੇ ਇੱਕ ਸੰਸਦ ਸਥਾਪਤ ਕੀਤੀ ਸੀ, ਜਿਸ ਨੂੰ 'ਅਲਥਿੰਗ' ਕਿਹਾ ਜਾਂਦਾ ਸੀ।
ਇਹ ਪੂਰੇ ਦੇਸ਼ ਦੀ ਇੱਕ ਖੁੱਲ੍ਹੇ ਅਸਮਾਨ ਹੇਠ ਹੋਣ ਵਾਲੀ ਸਭਾ ਸੀ, ਜੋ ਹਰ ਗਰਮੀਆਂ ਵਿੱਚ ਦੋ ਹਫ਼ਤਿਆਂ ਲਈ ਕਾਨੂੰਨ ਬਣਾਉਣ ਅਤੇ ਨਿਆਂਇਕ ਮਾਮਲਿਆਂ ਨਾਲ ਨਜਿੱਠਣ ਵਾਸਤੇ ਇਕੱਠੀ ਹੁੰਦੀ ਸੀ।
ਇਹ ਸਭਾ ਇੱਕ ਅਦਭੁੱਤ ਥਾਂ 'ਤੇ ਹੁੰਦੀ ਸੀ, ਇੱਕ ਅਜਿਹੀ ਡੂੰਘੀ ਦਰਾਰ ਵਾਲੀ ਘਾਟੀ ਵਿੱਚ, ਜੋ ਕੁਦਰਤੀ ਤੌਰ 'ਤੇ ਇੱਕ ਸ਼ਾਨਦਾਰ ਖੁੱਲ੍ਹੇ ਰੰਗਮੰਚ ਵਰਗੀ ਲੱਗਦੀ ਸੀ।
ਲੈਥਬ੍ਰਿਜ ਨੇ ਬੀਬੀਸੀ ਨੂੰ ਦੱਸਿਆ, "ਇਸ ਥਾਂ ਨੂੰ ਸਿਰਫ਼ ਇੱਥੋਂ ਦੀ ਆਵਾਜ਼ ਦੀ ਗੂੰਜ ਹੀ ਖ਼ਾਸ ਨਹੀਂ ਬਣਾਉਂਦੀ। ਇਹ ਧਰਤੀ ਦੀ ਇੱਕ ਕੁਦਰਤੀ ਦਰਾਰ ਹੈ। ਅਸੀਂ ਉਸ ਬਿੰਦੂ 'ਤੇ ਖੜ੍ਹੇ ਹਾਂ, ਜਿੱਥੇ ਉੱਤਰੀ ਅਮਰੀਕਾ ਅਤੇ ਯੂਰੇਸ਼ੀਆ ਦੀਆਂ ਟੈਕਟੋਨਿਕ ਪਲੇਟਾਂ ਮਿਲਦੀਆਂ ਹਨ।"
ਇਤਫ਼ਾਕ ਦੀ ਗੱਲ ਹੈ ਕਿ ਉੱਤਰੀ ਅਮਰੀਕਾ ਦੀ ਖੋਜ ਕਰਨ ਵਾਲੇ ਪਹਿਲੇ ਯੂਰਪੀ ਲੋਕਾਂ ਨੇ ਆਪਣੀਆਂ ਸੰਸਦਾਂ ਵਿੱਚੋਂ ਇੱਕ ਨੂੰ ਦੋ ਮਹਾਂਦੀਪਾਂ ਦੇ ਵਿਚਕਾਰ ਸਥਿਤ ਇੱਕ ਦਰਾਰ ਵਾਲੀ ਘਾਟੀ ਵਿੱਚ ਬਣਾਇਆ ਸੀ।
ਲੈਥਬ੍ਰਿਜ ਨੇ ਦੱਸਿਆ ਕਿ ਇਸ ਸੰਸਦ ਵਿੱਚ, "ਸਮਾਜ ਦੇ ਉਨ੍ਹਾਂ ਮੈਂਬਰਾਂ ਨੂੰ ਦੇਸ਼ ਨਿਕਾਲੇ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਨੇ ਸਾਰੇ ਨਿਯਮ ਤੋੜੇ ਹੁੰਦੇ ਸਨ। ਤੁਸੀਂ ਕਿਤੇ ਵੀ ਹੋਰ ਜਾ ਸਕਦੇ ਸੀ, ਪਰ ਜਦੋਂ ਤੱਕ ਦੇਸ਼ ਨਿਕਾਲੇ ਦੀ ਸਜ਼ਾ ਲਾਗੂ ਰਹਿੰਦੀ ਸੀ, ਤੁਸੀਂ ਆਈਸਲੈਂਡ ਦੀ ਧਰਤੀ 'ਤੇ ਕਦਮ ਨਹੀਂ ਰੱਖ ਸਕਦੇ ਸੀ।"
ਕੀ ਕ੍ਰਿਸਟੋਫਰ ਕੋਲੰਬਸ ਨੂੰ ਵਿਨਲੈਂਡ ਬਾਰੇ ਜਾਣਕਾਰੀ ਸੀ?
ਅਲਥਿੰਗ ਨੇ 982 ਵਿੱਚ ਇੱਕ ਗੁਆਂਢੀ ਕਿਸਾਨ ਨਾਲ ਹਿੰਸਕ ਝਗੜੇ ਤੋਂ ਬਾਅਦ ਏਰਿਕ ਦਿ ਰੈੱਡ ਨੂੰ ਆਈਸਲੈਂਡ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ ਸੀ।
ਉਸ ਦੇ ਦੇਸ਼ ਨਿਕਾਲੇ ਨਾਲ ਵਾਈਕਿੰਗਾਂ ਦੀ ਖੋਜ ਮੁਹਿੰਮ ਦਾ ਇੱਕ ਹੈਰਾਨੀਜਨਕ ਅਧਿਆਇ ਸ਼ੁਰੂ ਹੋਇਆ। ਲੈਥਬ੍ਰਿਜ ਨੇ ਕਿਹਾ, "ਏਰਿਕ ਦਿ ਰੈੱਡ ਗ੍ਰੀਨਲੈਂਡ ਦੀ ਖੋਜ ਕਰਨ ਵਾਲਾ ਅਤੇ ਫਿਰ ਉੱਥੇ ਪੱਕੀ ਬਸਤੀ ਵਸਾਉਣ ਵਾਲਾ ਪਹਿਲਾ ਆਈਸਲੈਂਡੀ ਸੀ।"
ਉਸ ਨੇ ਗ੍ਰੀਨਲੈਂਡ ਵਿੱਚ ਇੱਕ ਬਸਤੀ ਸਥਾਪਤ ਕੀਤੀ, ਜੋ ਲਗਭਗ 500 ਸਾਲਾਂ ਤੱਕ ਕਾਇਮ ਰਹੀ। ਇਹ ਬਸਤੀ ਉੱਤਰੀ ਅਮਰੀਕਾ ਵਿੱਚ ਨੌਰਸ ਲੋਕਾਂ ਦੀਆਂ ਖੋਜ ਮੁਹਿੰਮਾਂ ਲਈ ਰਵਾਨਗੀ ਦਾ ਕੇਂਦਰ ਵੀ ਬਣੀ।
ਲੈਥਬ੍ਰਿਜ ਨੇ ਕਿਹਾ, "ਉਹ ਅਜਿਹੇ ਲੋਕ ਸਨ ਜੋ ਖ਼ਤਰੇ ਮੁੱਲ ਲੈਂਦੇ ਸਨ ਅਤੇ ਸਰੀਰਕ ਤੌਰ 'ਤੇ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਸਨ। ਮਿਸਾਲ ਵਜੋਂ, ਉਹ ਇਹ ਦੇਖਣ ਲਈ ਅਟਲਾਂਟਿਕ ਮਹਾਸਾਗਰ ਵਿੱਚ ਖੁੱਲ੍ਹੀਆਂ ਕਿਸ਼ਤੀਆਂ ਰਾਹੀਂ ਸਮੁੰਦਰ ਪਾਰ ਕਰਦੇ ਸਨ ਕਿ ਉਨ੍ਹਾਂ ਨੂੰ ਕੀ ਕੁਝ ਲੱਭ ਸਕਦਾ ਹੈ।"
ਗ੍ਰੀਨਲੈਂਡ ਵਿੱਚ ਨੌਰਸ ਲੋਕਾਂ ਦੀ ਬਸਤੀ 15ਵੀਂ ਸਦੀ ਦੀ ਸ਼ੁਰੂਆਤ ਤੱਕ ਕਾਇਮ ਰਹੀ।
ਇਸ ਤੋਂ ਇਲਾਵਾ, ਏਰਿਕ ਦੇ ਪੁੱਤਰ ਲੀਫ਼ ਏਰਿਕਸਨ ਦੀ ਅਗਵਾਈ ਹੇਠ ਵਾਈਕਿੰਗਾਂ ਨੇ ਉੱਥੋਂ ਸਮੁੰਦਰ ਪਾਰ ਕਰਕੇ ਉੱਤਰੀ ਅਮਰੀਕਾ ਦੀ ਸਿਰਫ਼ ਇੱਕ ਵਾਰ ਨਹੀਂ, ਸਗੋਂ ਕਈ ਵਾਰ ਯਾਤਰਾ ਕੀਤੀ ਜਾਪਦੀ ਹੈ।
ਕੈਨੇਡੀਅਨ ਮਿਊਜ਼ੀਅਮ ਆਫ਼ ਸਿਵਿਲਾਈਜ਼ੇਸ਼ਨ ਦੇ ਪੁਰਾਤੱਤਵ ਵਿਗਿਆਨੀ ਰੌਬਰਟ ਮੈਕਗੀ ਨੇ ਟਾਈਮਵਾਚ ਨੂੰ ਦੱਸਿਆ, "ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਲੀਫ਼ ਏਰਿਕਸਨ ਅਤੇ ਉਸ ਦੇ ਸਾਥੀਆਂ ਦੇ ਵਿਨਲੈਂਡ ਪਹੁੰਚਣ, ਫਿਰ ਉੱਥੋਂ ਵਾਪਸ ਜਾਣ ਅਤੇ ਆਪਣੀ ਕੋਸ਼ਿਸ਼ ਛੱਡ ਦੇਣ ਤੋਂ ਬਾਅਦ ਨਵੀਂ ਦੁਨੀਆ ਬਾਰੇ ਹੋਰ ਕੁਝ ਸੁਣਨ ਨੂੰ ਨਹੀਂ ਮਿਲਿਆ।"
"ਪਰ ਪੁਰਾਤੱਤਵ ਸਬੂਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਤੋਂ ਬਾਅਦ ਦੀਆਂ ਦੋ ਜਾਂ ਤਿੰਨ ਸਦੀਆਂ ਦੌਰਾਨ ਵੀ ਨੌਰਸ ਲੋਕ ਕਦੇ-ਕਦਾਈਂ ਨਵੀਂ ਦੁਨੀਆ ਦੀਆਂ ਯਾਤਰਾਵਾਂ ਕਰਦੇ ਰਹੇ ਸਨ।"
ਕੀ ਕੋਲੰਬਸ ਨੂੰ ਵਿਨਲੈਂਡ ਬਾਰੇ ਪਤਾ ਸੀ?

ਤਸਵੀਰ ਸਰੋਤ, Getty Images
ਮੱਧਕਾਲੀ ਸਮੁੰਦਰੀ ਆਵਾਜਾਈ ਦੀ ਇਤਿਹਾਸਕਾਰ ਕਿਰਸਟਨ ਸੀਵਰ ਨੇ ਟਾਈਮਵਾਚ ਨੂੰ ਦੱਸਿਆ, "ਸਾਡੇ ਕੋਲ ਇਹ ਮੰਨਣ ਦੇ ਕਈ ਠੋਸ ਕਾਰਨ ਹਨ ਕਿ ਪੂਰੇ ਮੱਧਕਾਲ ਦੌਰਾਨ ਉਨ੍ਹਾਂ ਦੋਵੇਂ ਤੱਟਾਂ, ਜਿਨ੍ਹਾਂ ਨੂੰ ਅਸੀਂ ਗ੍ਰੀਨਲੈਂਡ ਅਤੇ ਉੱਤਰੀ ਅਮਰੀਕਾ ਕਹਿੰਦੇ ਹਾਂ, 'ਤੇ ਯਾਤਰਾਵਾਂ ਹੁੰਦੀਆਂ ਰਹੀਆਂ ਸਨ।"
"ਅਸੀਂ ਜਾਣਦੇ ਹਾਂ ਕਿ 1480 ਤੱਕ ਉਨ੍ਹਾਂ ਨੇ ਜਾਣਬੁੱਝ ਕੇ ਉੱਤਰੀ ਅਮਰੀਕਾ ਜਾਂ ਉਸ ਥਾਂ ਵੱਲ ਸਮੁੰਦਰੀ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਹ ਬ੍ਰਾਜ਼ੀਲ ਟਾਪੂ ਕਹਿੰਦੇ ਸਨ।
"ਸਾਨੂੰ ਇਸ ਨੂੰ ਉਨ੍ਹਾਂ ਦੀ ਪਹਿਲੀ ਯਾਤਰਾ ਨਹੀਂ ਮੰਨਣਾ ਚਾਹੀਦਾ, ਸਗੋਂ ਸਿੱਧੇ ਉੱਥੇ ਪਹੁੰਚਣ ਦੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਮੰਨਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਹ ਗ੍ਰੀਨਲੈਂਡ ਰਾਹੀਂ ਜਾਂਦੇ ਸਨ, ਜੋ ਆਮ ਤੌਰ 'ਤੇ ਸਮੁੰਦਰੀ ਰਸਤਾ ਲੱਭਣ ਲਈ ਇੱਕ ਨਿਸ਼ਾਨੀ ਵਜੋਂ ਵਰਤਿਆ ਜਾਂਦਾ ਸੀ।"
ਸੀਵਰ ਨੇ ਇੱਕ ਅਜਿਹੇ ਦਸਤਾਵੇਜ਼ ਦਾ ਵੀ ਹਵਾਲਾ ਦਿੱਤਾ, ਜਿਸ ਤੋਂ ਸੰਕੇਤ ਮਿਲਦਾ ਸੀ ਕਿ ਕੋਲੰਬਸ ਨੂੰ ਖ਼ੁਦ ਵੀ ਅਜਿਹੀਆਂ ਯਾਤਰਾਵਾਂ ਬਾਰੇ ਪਤਾ ਸੀ।
ਉਨ੍ਹਾਂ ਦੱਸਿਆ, "1497-98 ਦੀ ਸਰਦੀਆਂ ਦੌਰਾਨ ਜੌਨ ਡੇਅ ਨਾਂ ਦੇ ਇੱਕ ਅੰਗਰੇਜ਼ ਨੇ ਕ੍ਰਿਸਟੋਫਰ ਕੋਲੰਬਸ ਨੂੰ ਚਿੱਠੀ ਲਿਖ ਕੇ ਉੱਤਰੀ ਅਮਰੀਕਾ ਲਈ ਜੌਨ ਕੈਬਟ ਦੀ 1497 ਦੀ ਸਫ਼ਲ ਯਾਤਰਾ ਬਾਰੇ ਦੱਸਿਆ ਸੀ।"
"ਹੋਰ ਕਈ ਗੱਲਾਂ ਦੇ ਨਾਲ-ਨਾਲ, ਉਸ ਨੇ ਆਮ ਜਿਹੇ ਢੰਗ ਨਾਲ ਇਹ ਵੀ ਜ਼ਿਕਰ ਕੀਤਾ ਕਿ ਜਿਵੇਂ ਕੋਲੰਬਸ ਨੂੰ ਪਤਾ ਸੀ, ਇੰਗਲੈਂਡ ਦੇ ਬ੍ਰਿਸਟਲ ਸ਼ਹਿਰ ਦੇ ਲੋਕ ਕਈ ਸਾਲਾਂ ਤੋਂ ਇਸ ਉੱਤਰੀ ਖੇਤਰ ਦੀ ਯਾਤਰਾ ਕਰਦੇ ਆ ਰਹੇ ਸਨ।"
ਇਸ ਤਰ੍ਹਾਂ, ਜਦੋਂ ਕੋਲੰਬਸ 1492 ਵਿੱਚ ਬਹਾਮਾਸ ਦੇ ਤੱਟ 'ਤੇ ਪਹੁੰਚਿਆ, ਤਾਂ ਸੰਭਵ ਹੈ ਕਿ ਵਾਈਕਿੰਗਾਂ ਵੱਲੋਂ ਵਿਨਲੈਂਡ ਕਹੀ ਜਾਂਦੀ ਥਾਂ ਬਾਰੇ ਉਸ ਨੂੰ ਪਹਿਲਾਂ ਹੀ ਜਾਣਕਾਰੀ ਹੋਵੇ।
ਇਹ ਸਿਧਾਂਤ ਵੀ ਮੌਜੂਦ ਹਨ ਕਿ ਕੋਲੰਬਸ ਜਾਣਬੁਝ ਕੇ ਉਸ ਧਰਤੀ ਤੋਂ ਬਚ ਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਬਾਰੇ ਉਸ ਨੂੰ ਪਤਾ ਸੀ ਕਿ ਯੂਰਪੀ ਲੋਕ ਪਹਿਲਾਂ ਹੀ ਉਸ ਦੀ ਖੋਜ ਕਰ ਚੁੱਕੇ ਸਨ।
ਮੈਕਗੀ ਨੇ ਟਾਈਮਵਾਚ ਨੂੰ ਦੱਸਿਆ, "ਕੋਲੰਬਸ ਨੂੰ ਵੀ ਅੱਜ ਦੇ ਕਿਸੇ ਸਮੁੰਦਰੀ ਯਾਤਰੀ ਵਾਂਗ ਇਹ ਗੱਲ ਪਤਾ ਸੀ ਕਿ ਜੇ ਤੁਸੀਂ ਉੱਤਰੀ ਗੋਲਾਰਧ ਵਿੱਚ ਮਹਾਸਾਗਰਾਂ ਨੂੰ ਪਾਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉੱਤਰ ਵੱਲ ਜਾਂਦੇ ਹੋ, ਜਿੱਥੇ ਅਕਸ਼ਾਂਸ਼ਾਂ ਵਿਚਕਾਰ ਦੂਰੀ ਘੱਟ ਹੁੰਦੀ ਹੈ। ਫਿਰ ਤੁਸੀਂ ਤੇਜ਼ੀ ਨਾਲ ਸਮੁੰਦਰ ਪਾਰ ਕਰਦੇ ਹੋ ਅਤੇ ਇਸ ਤੋਂ ਬਾਅਦ ਮੁੜ ਦੱਖਣ ਵੱਲ ਆ ਜਾਂਦੇ ਹੋ।"
ਉਨ੍ਹਾਂ ਅੱਗੇ ਕਿਹਾ, "ਇਸ ਦੀ ਬਜਾਏ, ਕੋਲੰਬਸ ਨੇ ਸਿੱਧਾ ਸਮੁੰਦਰ ਪਾਰ ਕਰਦਿਆਂ ਲੰਮਾ ਰਸਤਾ ਅਪਣਾਇਆ। ਸ਼ਾਇਦ ਉਹ ਕੈਨੇਡਾ ਤੋਂ ਬਚ ਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੋ ਸਕਦਾ ਹੈ ਕਿ ਉਹ ਵਿਨਲੈਂਡ ਤੋਂ ਬਚਣਾ ਚਾਹੁੰਦਾ ਹੋਵੇ, ਕਿਉਂਕਿ ਉਹ ਉਸ ਦੀ ਮੰਜ਼ਿਲ ਨਹੀਂ ਸੀ।"
"ਮੇਰੇ ਖ਼ਿਆਲ ਵਿੱਚ, ਕੋਲੰਬਸ ਦਾ ਇਰਾਦਾ ਅਮਰੀਕਾ ਨੂੰ ਪਾਰ ਕਰ ਕੇ ਅੱਗੇ ਨਿਕਲ ਜਾਣਾ ਸੀ, ਤਾਂ ਜੋ ਉਹ ਦੂਰ ਪੂਰਬ ਦੀ ਦੌਲਤ ਤੱਕ ਪਹੁੰਚ ਸਕੇ।"
ਇਸ ਲਈ, ਭਾਵੇਂ ਅਮਰੀਕਾ ਦੇ ਬਹੁਤ ਸਾਰੇ ਨਾਗਰਿਕ ਹਰ ਸਾਲ ਅਕਤੂਬਰ ਵਿੱਚ ਕੋਲੰਬਸ ਦਿਵਸ ਮਨਾਉਂਦੇ ਹਨ, ਪਰ ਉਨ੍ਹਾਂ ਨੂੰ ਅਟਲਾਂਟਿਕ ਮਹਾਸਾਗਰ ਪਾਰ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਇਹ ਯਾਤਰਾਵਾਂ ਕੋਲੰਬਸ ਤੋਂ ਪਹਿਲਾਂ ਕੀਤੀਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































