'ਮਹਿਲਾ ਬਣ ਕੇ' ਆਨਲਾਈਨ 1000 ਲੋਕਾਂ ਨਾਲ ਕੀਤੀ ਚੈਟ, 82 ਨਗਨ ਵੀਡੀਓ ਮਿਲੇ, ਪੰਜਾਬ ਤੋਂ ਕੈਨੇਡਾ ਤੱਕ ਲੋਕ ਕਿਵੇਂ ਠੱਗੀ ਦਾ ਸ਼ਿਕਾਰ ਹੋਏ

ਪੁਲਿਸ ਮੁਤਾਬਕ, ਪਵਨ ਨੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ, ਸਾਫ਼ਟਵੇਅਰ ਇੰਜੀਨੀਅਰਾਂ ਅਤੇ ਲੈਕਚਰਾਰਾਂ ਸਮੇਤ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੀਬ 1,000 ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾਇਆ
ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਪਵਨ ਨੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ, ਸਾਫ਼ਟਵੇਅਰ ਇੰਜੀਨੀਅਰਾਂ ਅਤੇ ਲੈਕਚਰਾਰਾਂ ਸਮੇਤ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੀਬ 1,000 ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾਇਆ
    • ਲੇਖਕ, ਅਮਰੇਂਦਰ ਯਾਰਲਗੱਡਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਸੋਸ਼ਲ ਮੀਡੀਆ 'ਤੇ ਕੁੜੀਆਂ ਦੀਆਂ ਤਸਵੀਰਾਂ ਵਾਲੇ ਅਕਾਊਂਟਾਂ ਤੋਂ ਪਹਿਲਾਂ ਫ੍ਰੈਂਡ ਰਿਕਵੈਸਟ ਆਉਂਦੀ। ਫਿਰ ਗੱਲਬਾਤ ਸ਼ੁਰੂ ਹੁੰਦੀ ਅਤੇ ਹੌਲੀ-ਹੌਲੀ ਸੈਕਸ ਚੈਟ ਤੱਕ ਪਹੁੰਚ ਜਾਂਦੀ।

ਪੁਲਿਸ ਮੁਤਾਬਕ, ਚੈਟ ਕਰਨ ਵਾਲੇ ਲੋਕਾਂ ਤੋਂ ਉਨ੍ਹਾਂ ਦੀਆਂ ਨਗਨ ਤਸਵੀਰਾਂ ਅਤੇ ਵੀਡੀਓ ਮੰਗਵਾਈਆਂ ਜਾਂਦੀਆਂ ਸਨ। ਪਰ ਇਸ ਤੋਂ ਬਾਅਦ ਕਹਾਣੀ ਵਿੱਚ ਇੱਕ ਨਵਾਂ ਕਿਰਦਾਰ ਸਾਹਮਣੇ ਆਉਂਦਾ ਸੀ।

ਹੁਣ ਤੱਕ ਕੁੜੀ ਬਣ ਕੇ ਚੈਟ ਕਰ ਰਿਹਾ ਵਿਅਕਤੀ ਖ਼ੁਦ ਨੂੰ ਉਸੇ ਕੁੜੀ ਦਾ ਭਰਾ ਦੱਸਦਾ ਅਤੇ ਪੈਸੇ ਮੰਗਣ ਲੱਗਦਾ।

ਹੈਦਰਾਬਾਦ ਪੁਲਿਸ ਦਾ ਦਾਅਵਾ ਹੈ ਕਿ ਕੁੜੀ ਅਤੇ ਉਸ ਦਾ ਭਰਾ ਬਣ ਕੇ ਲੋਕਾਂ ਨਾਲ ਗੱਲ ਕਰਨ ਵਾਲਾ ਵਿਅਕਤੀ ਇੱਕ ਹੀ ਸੀ। 23 ਸਾਲਾ ਉਸ ਵਿਅਕਤੀ ਦਾ ਨਾਂ ਪਵਨ ਕੁਮਾਰ ਹੈ।

ਕਿੰਨੇ ਲੋਕਾਂ ਤੋਂ ਨਗਨ ਤਸਵੀਰਾਂ ਮੰਗੀਆਂ?

ਪੁਲਿਸ ਨੇ ਪਵਨ ਕੋਲੋਂ ਤਿੰਨ ਮੋਬਾਈਲ ਫ਼ੋਨ, ਇੱਕ ਲੈਪਟਾਪ ਅਤੇ 16 ਜੀਬੀ ਦੀ ਪੈੱਨ ਡਰਾਈਵ ਬਰਾਮਦ ਕੀਤੀ ਹੈ
ਤਸਵੀਰ ਕੈਪਸ਼ਨ, ਪੁਲਿਸ ਨੇ ਪਵਨ ਕੋਲੋਂ ਤਿੰਨ ਮੋਬਾਈਲ ਫ਼ੋਨ, ਇੱਕ ਲੈਪਟਾਪ ਅਤੇ 16 ਜੀਬੀ ਦੀ ਪੈੱਨ ਡਰਾਈਵ ਬਰਾਮਦ ਕੀਤੀ ਹੈ

ਪੁਲਿਸ ਮੁਤਾਬਕ, ਪਵਨ ਨੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਕਾਰੋਬਾਰੀਆਂ, ਸਰਕਾਰੀ ਅਧਿਕਾਰੀਆਂ, ਸਾਫ਼ਟਵੇਅਰ ਇੰਜੀਨੀਅਰਾਂ ਅਤੇ ਲੈਕਚਰਾਰਾਂ ਸਮੇਤ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੀਬ 1,000 ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾਇਆ।

ਚਾਰਮਿਨਾਰ ਦੇ ਡੀਸੀਪੀ ਕਿਰਨ ਖਰੇ ਨੇ ਦੱਸਿਆ, "ਉਹ ਚਾਰ ਸਾਲਾਂ ਤੋਂ ਕੋਲਕਾਤਾ ਦੀ ਇੱਕ ਮਾਡਲ ਸਮੇਤ ਕਈ ਕੁੜੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਰਿਹਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਸੀ।"

"ਉਸ ਦੇ ਹੱਥੋਂ ਠੱਗੇ ਗਏ ਲੋਕਾਂ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਦੂਜੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਿਲ ਹਨ।"

ਪੁਲਿਸ ਨੇ ਪਵਨ ਕੋਲੋਂ ਤਿੰਨ ਮੋਬਾਈਲ ਫ਼ੋਨ, ਇੱਕ ਲੈਪਟਾਪ ਅਤੇ 16 ਜੀਬੀ ਦੀ ਪੈੱਨ ਡਰਾਈਵ ਬਰਾਮਦ ਕੀਤੀ ਹੈ।

ਕੁੜੀਆਂ ਦੀਆਂ ਤਸਵੀਰਾਂ ਨਾਲ ਕਿਵੇਂ ਚੱਲਦਾ ਸੀ ਪੂਰਾ ਖੇਡ?

ਪੁਲਿਸ ਮੁਤਾਬਕ, ਪਵਨ ਕੁੜੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਜਾਅਲੀ ਅਕਾਊਂਟ ਬਣਾਉਂਦਾ ਸੀ
ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਪਵਨ ਕੁੜੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਜਾਅਲੀ ਅਕਾਊਂਟ ਬਣਾਉਂਦਾ ਸੀ

ਕੋਂਡਾਬੱਤੁਲਾ ਪਵਨ ਕੁਮਾਰ ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਟੇਕੁਲਪੱਲੀ ਮੰਡਲ ਦਾ ਰਹਿਣ ਵਾਲਾ ਹੈ।

ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਪਵਨ ਨੇ ਹੈਦਰਾਬਾਦ ਦੇ ਬਾਲਾਨਗਰ ਸਥਿਤ ਸੈਂਟਰਲ ਇੰਸਟੀਚਿਊਟ ਆਫ਼ ਟੂਲ ਡਿਜ਼ਾਈਨ (ਸੀਆਈਟੀਡੀ) ਵਿੱਚ ਡਿਪਲੋਮਾ ਦੀ ਪੜ੍ਹਾਈ ਦੂਜੇ ਸਾਲ ਵਿੱਚ ਹੀ ਛੱਡ ਦਿੱਤੀ ਸੀ।

ਡੀਸੀਪੀ ਮੁਤਾਬਕ, ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਮੱਲਾ ਰੈੱਡੀ ਕਾਲਜ ਵਿੱਚ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਹੈ।

ਉਹ ਹੈਦਰਾਬਾਦ ਵਿੱਚ ਰਹਿ ਕੇ ਛੋਟੇ-ਮੋਟੇ ਕੰਮ ਕਰਦਾ ਰਿਹਾ ਅਤੇ ਇਸ ਸਮੇਂ ਬੇਰੁਜ਼ਗਾਰ ਸੀ।

ਪੁਲਿਸ ਮੁਤਾਬਕ, ਪਵਨ ਕੁੜੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਜਾਅਲੀ ਅਕਾਊਂਟ ਬਣਾਉਂਦਾ ਸੀ।

ਇਨ੍ਹਾਂ ਅਕਾਊਂਟਾਂ ਤੋਂ ਲੋਕਾਂ ਨੂੰ ਫ੍ਰੈਂਡ ਜਾਂ ਫਾਲੋ ਰਿਕਵੈਸਟ ਭੇਜੀਆਂ ਜਾਂਦੀਆਂ ਸਨ। ਰਿਕਵੈਸਟ ਸਵੀਕਾਰ ਹੋਣ ਤੋਂ ਬਾਅਦ ਉਹ ਕੁੜੀ ਬਣ ਕੇ ਉਨ੍ਹਾਂ ਨਾਲ ਚੈਟਿੰਗ ਸ਼ੁਰੂ ਕਰ ਦਿੰਦਾ ਸੀ।

ਡੀਸੀਪੀ ਕਿਰਨ ਖਰੇ ਨੇ ਦੱਸਿਆ, "ਉਹ ਹੌਲੀ-ਹੌਲੀ ਗੱਲਬਾਤ ਨੂੰ ਸੈਕਸ ਚੈਟ ਵੱਲ ਲੈ ਜਾਂਦਾ ਅਤੇ ਯੂਜ਼ਰਜ਼ ਤੋਂ ਉਨ੍ਹਾਂ ਦੀਆਂ ਨਗਨ ਤਸਵੀਰਾਂ ਤੇ ਵੀਡੀਓ ਲੈ ਕੇ ਉਨ੍ਹਾਂ ਨੂੰ ਸੇਵ ਕਰ ਲੈਂਦਾ ਸੀ।"

ਪੁਲਿਸ ਦਾ ਕਹਿਣਾ ਹੈ ਕਿ ਪਵਨ ਖੁਦ ਵੀ ਸਾਹਮਣੇ ਵਾਲੇ ਲੋਕਾਂ ਨੂੰ ਕੁਝ ਮਾਡਲਾਂ ਦੀਆਂ ਅਰਧ-ਨਗਨ ਤਸਵੀਰਾਂ ਭੇਜਦਾ ਸੀ, ਤਾਂ ਜੋ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ।

ਕੁੜੀ ਤੋਂ ਬਾਅਦ ਸਾਹਮਣੇ ਆਉਂਦਾ ਸੀ ਉਸ ਦਾ 'ਭਰਾ'

ਕਿਰਨ ਖਰੇ
ਡੀਸੀਪੀ, ਚਾਰਮਿਨਾਰ (ਹੈਦਰਾਬਾਦ)

ਪੁਲਿਸ ਮੁਤਾਬਕ, ਨਗਨ ਵੀਡੀਓ ਅਤੇ ਤਸਵੀਰਾਂ ਹਾਸਲ ਕਰਨ ਤੋਂ ਬਾਅਦ ਪਵਨ ਲੋਕਾਂ ਤੋਂ ਪੈਸੇ ਵਸੂਲਣਾ ਸ਼ੁਰੂ ਕਰ ਦਿੰਦਾ ਸੀ।

ਜਿਸ ਕੁੜੀ ਨਾਲ ਹੁਣ ਤੱਕ ਚੈਟਿੰਗ ਹੋ ਰਹੀ ਹੁੰਦੀ ਸੀ, ਪਵਨ ਖ਼ੁਦ ਨੂੰ ਉਸੇ ਕੁੜੀ ਦਾ ਭਰਾ ਦੱਸ ਕੇ ਬਾਅਦ 'ਚ ਸਾਹਮਣੇ ਆਉਂਦਾ ਸੀ।

ਇਸ ਤੋਂ ਬਾਅਦ ਉਹ ਨਗਨ ਤਸਵੀਰਾਂ ਅਤੇ ਵੀਡੀਓ ਭੇਜਣ ਵਾਲੇ ਲੋਕਾਂ ਨਾਲ ਫ਼ੋਨ ਕਾਲ, ਵ੍ਹਟਸਐਪ ਅਤੇ ਸੋਸ਼ਲ ਮੀਡੀਆ ਅਕਾਊਂਟਾਂ ਰਾਹੀਂ ਸੰਪਰਕ ਕਰਦਾ ਸੀ।

ਡੀਸੀਪੀ ਨੇ ਦੱਸਿਆ, "ਉਹ ਉਨ੍ਹਾਂ ਨੂੰ ਧਮਕਾਉਂਦਾ ਸੀ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ ਜਾਂ ਫਿਰ ਉਹ ਪੁਲਿਸ ਵਿੱਚ ਸ਼ਿਕਾਇਤ ਕਰ ਦੇਵੇਗਾ। ਇਸ ਤਰ੍ਹਾਂ ਉਹ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ।"

ਕਿਰਨ ਖਰੇ ਮੁਤਾਬਕ, ਪਵਨ ਨੇ ਇਸ ਕੰਮ ਲਈ ਕੋਲਕਾਤਾ ਦੀ ਇੱਕ ਮਾਡਲ ਦੀਆਂ ਤਸਵੀਰਾਂ ਦੀ ਸਭ ਤੋਂ ਵੱਧ ਵਰਤੋਂ ਕੀਤੀ।

ਪੁਲਿਸ ਨੇ ਉਸ ਮਾਡਲ ਨਾਲ ਸੰਪਰਕ ਕਰਕੇ ਉਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ।

22 ਤੋਂ 70 ਸਾਲ ਤੱਕ ਦੀ ਉਮਰ ਦੇ ਲੋਕ ਬਣੇ ਸ਼ਿਕਾਰ

ਪੁਲਿਸ ਦਾ ਕਹਿਣਾ ਹੈ ਕਿ ਪਵਨ ਨੇ ਪੁਲਿਸ ਮੁਲਾਜ਼ਮਾਂ, ਲੈਕਚਰਾਰਾਂ, ਸਰਕਾਰੀ ਮੁਲਾਜ਼ਮਾਂ, ਅਧਿਕਾਰੀਆਂ, ਸਾਫ਼ਟਵੇਅਰ ਇੰਜੀਨੀਅਰਾਂ ਅਤੇ ਡਾਕਟਰਾਂ ਸਮੇਤ ਵੱਖ-ਵੱਖ ਕਿੱਤਿਆਂ ਨਾਲ ਜੁੜੇ ਕਰੀਬ 1,000 ਲੋਕਾਂ ਨਾਲ ਸੈਕਸ ਚੈਟ ਕਰਕੇ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਫਸਾਇਆ।

ਕਿਰਨ ਖਰੇ ਨੇ ਦੱਸਿਆ, "ਇਨ੍ਹਾਂ ਲੋਕਾਂ ਦੀ ਉਮਰ 22 ਤੋਂ 70 ਸਾਲ ਦੇ ਵਿਚਕਾਰ ਹੈ। ਸਾਨੂੰ 82 ਲੋਕਾਂ ਦੀਆਂ ਨਗਨ ਤਸਵੀਰਾਂ ਅਤੇ ਵੀਡੀਓ ਮਿਲੀਆਂ ਹਨ।"

ਪੁਲਿਸ ਮੁਤਾਬਕ, ਧੋਖੇ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲਨਾਡੂ ਅਤੇ ਪੰਜਾਬ ਦੇ ਨਾਲ-ਨਾਲ ਸਾਊਦੀ ਅਰਬ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ ਦੇ ਲੋਕ ਵੀ ਸ਼ਾਮਿਲ ਹਨ।

ਪੁਲਿਸ ਦਾ ਕਹਿਣਾ ਹੈ ਕਿ ਪਵਨ ਨੇ ਇਨ੍ਹਾਂ ਲੋਕਾਂ ਤੋਂ ਹੁਣ ਤੱਕ 25 ਲੱਖ 16 ਹਜ਼ਾਰ ਰੁਪਏ ਠੱਗੇ ਹਨ।

ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ 27 ਜਾਅਲੀ ਅਕਾਊਂਟ

ਜਾਅਲੀ ਅਕਾਊਂਟ
ਤਸਵੀਰ ਕੈਪਸ਼ਨ, ਚਾਰਮਿਨਾਰ ਦੇ ਡੀਸੀਪੀ ਕਿਰਨ ਖਰੇ ਨੇ ਦੱਸਿਆ, "ਉਹ ਚਾਰ ਸਾਲਾਂ ਤੋਂ ਕੋਲਕਾਤਾ ਦੀ ਇੱਕ ਮਾਡਲ ਸਮੇਤ ਕਈ ਕੁੜੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਰਿਹਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਸੀ

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਵਨ ਨੇ ਇੰਸਟਾਗ੍ਰਾਮ 'ਤੇ 13 ਜਾਅਲੀ ਆਈਡੀ ਅਤੇ ਫੇਸਬੁੱਕ 'ਤੇ 14 ਜਾਅਲੀ ਪੇਜ ਬਣਾਏ ਸਨ।

ਇੰਸਟਾਗ੍ਰਾਮ 'ਤੇ ਇਹ ਜਾਅਲੀ ਆਈਡੀ ਬਣਾਈਆਂ ਗਈਆਂ ਸਨ:

1. Priyanka 11243

2. Aamer 531

3. K. Chandanasri

4. K_Chandana_sri_21

5. Chandana_Princes_2021

6. Chandana_sri_445

7. chinnu223558

8. deekshitha_princes_2021

9. moon_baby_5973

10. Kanna_ya1024

11. Misalgunjan

12. Kondabathula_Pavan_2324

13. Kondabathulasadanandam

ਡੀਸੀਪੀ ਮੁਤਾਬਕ, ਫੇਸਬੁੱਕ 'ਤੇ ਇਹ ਜਾਅਲੀ ਅਕਾਊਂਟ ਬਣਾਏ ਗਏ ਸਨ:

1. Chandana Angel

2. K. Chandana Sri

3. Chandana Sri

4. Honey kana potti

5. Ayisha Potti

6. Chandana Prince. S

7. Sri K Chandana

8. A. Keerthi

9. Chandana K

10. Dharawath Swati

11. Vijay Kumar

12. K. Pawan Shiva

13. Bhukya Anil

14. Divya Sri

ਕਿਰਨ ਖਰੇ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਅਕਾਊਂਟਾਂ ਤੋਂ ਮੈਸੇਜ ਆਇਆ ਹੈ ਤਾਂ ਉਸ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।

ਬੀਬੀਸੀ ਨੇ ਇਸ ਪੂਰੇ ਮਾਮਲੇ ਬਾਰੇ ਪਵਨ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਜਦੋਂ ਪੁਲਿਸ ਨੇ ਉਸ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ, ਉਦੋਂ ਵੀ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਨੇ ਪਵਨ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕੀਤਾ, ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਦੋਸਤ ਨੂੰ ਫ੍ਰੈਂਡ ਰਿਕਵੈਸਟ ਮਿਲੀ ਅਤੇ ਖੁੱਲ੍ਹਣ ਲੱਗਾ ਭੇਤ

ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਵਨ ਨੇ ਇੰਸਟਾਗ੍ਰਾਮ 'ਤੇ 13 ਜਾਅਲੀ ਆਈਡੀ ਅਤੇ ਫੇਸਬੁੱਕ 'ਤੇ 14 ਜਾਅਲੀ ਪੇਜ ਬਣਾਏ ਸਨ
ਤਸਵੀਰ ਕੈਪਸ਼ਨ, ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਵਨ ਨੇ ਇੰਸਟਾਗ੍ਰਾਮ 'ਤੇ 13 ਜਾਅਲੀ ਆਈਡੀ ਅਤੇ ਫੇਸਬੁੱਕ 'ਤੇ 14 ਜਾਅਲੀ ਪੇਜ ਬਣਾਏ ਸਨ

ਪੁਲਿਸ ਮੁਤਾਬਕ, ਪਵਨ ਕੁਮਾਰ ਨੇ ਆਪਣੇ ਇੱਕ ਦੋਸਤ ਨੂੰ ਵੀ ਧੋਖਾ ਦੇ ਕੇ ਉਸ ਤੋਂ ਚਾਰ ਲੱਖ ਰੁਪਏ ਵਸੂਲੇ। ਇਸ ਤੋਂ ਬਾਅਦ ਹੀ ਇਹ ਪੂਰਾ ਮਾਮਲਾ ਸਾਹਮਣੇ ਆਇਆ।

ਧੋਖਾਧੜੀ ਦਾ ਸ਼ਿਕਾਰ ਹੋਏ ਉਸ ਦੇ ਦੋਸਤ ਰਮੇਸ਼ (ਬਦਲਿਆ ਹੋਇਆ ਨਾਂ) ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।

ਰਮੇਸ਼ ਨੇ ਦੱਸਿਆ ਕਿ ਸੈਂਟਰਲ ਇੰਸਟੀਚਿਊਟ ਆਫ਼ ਟੂਲ ਡਿਜ਼ਾਈਨ ਵਿੱਚ ਡਿਪਲੋਮਾ ਦੀ ਪੜ੍ਹਾਈ ਦੌਰਾਨ ਉਸ ਦੀ ਪਛਾਣ ਪਵਨ ਕੁਮਾਰ ਨਾਲ ਹੋਈ ਸੀ।

ਸਤੰਬਰ 2021 ਵਿੱਚ ਰਮੇਸ਼ ਨੂੰ ਇੰਸਟਾਗ੍ਰਾਮ 'ਤੇ 'ਮੂਨ ਬੇਬੀ 5973' ਨਾਂ ਦੀ ਆਈਡੀ ਤੋਂ ਫ੍ਰੈਂਡ ਰਿਕਵੈਸਟ ਮਿਲੀ।

ਰਮੇਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ, "ਮੈਨੂੰ ਇਸ ਅਕਾਊਂਟ 'ਤੇ ਸ਼ੱਕ ਹੋਇਆ। ਇਸ ਨੂੰ ਦੇਖਣ 'ਤੇ ਲੱਗਿਆ ਕਿ ਇਹ ਪਵਨ ਕੁਮਾਰ ਨੇ ਬਣਾਇਆ ਹੈ।"

"ਮੈਂ ਤੁਰੰਤ ਉਸ ਤੋਂ ਸਵਾਲ ਕੀਤਾ ਤਾਂ ਉਸ ਨੇ ਮੰਨ ਲਿਆ ਕਿ ਜਾਅਲੀ ਅਕਾਊਂਟ ਉਸ ਨੇ ਹੀ ਬਣਾਇਆ ਸੀ। ਇਸ ਤੋਂ ਬਾਅਦ ਮੈਂ ਉਸ ਨਾਲ ਦੋਸਤੀ ਖ਼ਤਮ ਕਰਨ ਦਾ ਫ਼ੈਸਲਾ ਕੀਤਾ।"

ਰਮੇਸ਼ ਮੁਤਾਬਕ, ਬਾਅਦ ਵਿੱਚ ਉਹ ਦੂਜੇ ਹੋਸਟਲ ਵਿੱਚ ਰਹਿਣ ਲੱਗੇ। ਇਸ ਦੇ ਬਾਵਜੂਦ ਪਵਨ ਉੱਥੇ ਆਇਆ ਅਤੇ ਉਨ੍ਹਾਂ ਨਾਲ ਰਹਿਣ ਦੀ ਗੱਲ ਕਹੀ।

ਸ਼ਿਕਾਇਤ ਮੁਤਾਬਕ, ਇਸੇ ਦੌਰਾਨ ਦੋਵਾਂ ਵਿਚਕਾਰ ਸਰੀਰਕ ਸਬੰਧ ਬਣੇ। ਰਮੇਸ਼ ਦਾ ਇਲਜ਼ਾਮ ਹੈ ਕਿ ਪਵਨ ਉਨ੍ਹਾਂ 'ਤੇ ਸਰੀਰਕ ਸਬੰਧ ਬਣਾਉਣ ਲਈ ਕਾਫ਼ੀ ਦਬਾਅ ਪਾਉਂਦਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਵੀ ਕਰਦਾ ਸੀ।

ਰਮੇਸ਼ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਪਵਨ ਨੇ ਵੀਡੀਓ ਬਣਾਉਣ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਧਮਕਾਇਆ। ਉਸ ਨੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਡੇਢ ਲੱਖ ਰੁਪਏ ਆਨਲਾਈਨ ਅਤੇ ਢਾਈ ਲੱਖ ਰੁਪਏ ਨਕਦ ਲਏ।

ਸੈਦਾਬਾਦ ਪੁਲਿਸ ਨੇ 17 ਅਕਤੂਬਰ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸੇ ਜਾਂਚ ਦੌਰਾਨ ਹਨੀ ਟ੍ਰੈਪ ਦਾ ਮਾਮਲਾ ਸਾਹਮਣੇ ਆਇਆ।

ਪੁਲਿਸ ਦੀ ਹਿਦਾਇਤ - ਨਗਨ ਤਸਵੀਰਾਂ ਕਿਸੇ ਨੂੰ ਨਾ ਭੇਜੋ

ਡੀਸੀਪੀ ਕਿਰਨ ਖਰੇ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਕਿਸੇ ਅਕਾਊਂਟ ਤੋਂ ਫ੍ਰੈਂਡ ਰਿਕਵੈਸਟ ਆਉਣ 'ਤੇ ਉਸ ਅਕਾਊਂਟ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਖ਼ਾਸ ਤੌਰ 'ਤੇ ਕਿਸੇ ਅਣਜਾਣ ਅਕਾਊਂਟ ਤੋਂ ਸੁਨੇਹਾ ਆਉਣ 'ਤੇ ਸਾਵਧਾਨ ਹੋ ਜਾਣਾ ਚਾਹੀਦਾ ਹੈ।"

"ਅਜਿਹੇ ਲੋਕ ਪਹਿਲਾਂ ਦੋਸਤੀ ਦੇ ਅੰਦਾਜ਼ ਵਿੱਚ ਗੱਲ ਕਰਦੇ ਹਨ। ਇਸ ਤੋਂ ਬਾਅਦ ਨਗਨ ਤਸਵੀਰਾਂ ਅਤੇ ਵੀਡੀਓ ਹਾਸਿਲ ਕਰਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੰਦੇ ਹਨ। ਪੀੜਤਾਂ ਨੂੰ ਤੁਰੰਤ ਪੁਲਿਸ ਵਿੱਚ ਸ਼ਿਕਾਇਤ ਕਰਨੀ ਚਾਹੀਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)