You’re viewing a text-only version of this website that uses less data. View the main version of the website including all images and videos.
'ਲੱਖਾਂ ਦੀ ਆਮਦਨ ਹੈ ਅਤੇ ਚੁਣੌਤੀਆਂ ਵੀ ਹਨ', ਪਠਾਨਕੋਟ 'ਚ ਲੀਚੀ ਦੇ ਬਾਗ ਨੌਜਵਾਨ ਬਾਗਬਾਨਾਂ ਲਈ ਬਣ ਰਹੇ ਹਨ ਖਿੱਚ ਦਾ ਕੇਂਦਰ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਪੰਜਾਬ ਖੇਤੀ ਪ੍ਰਧਾਨ ਸੂਬੇ ਵਜੋਂ ਆਪਣੀ ਪਛਾਣ ਰੱਖਦਾ ਹੈ। ਇਸ ਦੇ ਨਾਲ ਹੀ ਪੰਜਾਬ ਦਾ ਕੁਝ ਰਕਬਾ ਬਾਗ਼ਬਾਨੀ ਹੇਠ ਵੀ ਆਉਂਦਾ ਹੈ। ਪੰਜਾਬ ਦੇ ਕੁਝ ਹੀ ਅਜਿਹੇ ਜ਼ਿਲ੍ਹੇ ਹਨ, ਜਿੱਥੇ ਕਿਸਾਨ ਲੀਚੀ ਫਲ ਦੀ ਕਾਸ਼ਤ ਕਰਦੇ ਹਨ ਅਤੇ ਇਸ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਦੇ ਹਨ।
ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਰੂਪਨਗਰ (ਰੋਪੜ) ਅਤੇ ਹੁਸ਼ਿਆਰਪੁਰ ਵਿੱਚ ਲੀਚੀ ਦੇ ਬਾਗ਼ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲੀਚੀ ਦੇ ਬਾਗ਼ ਪਠਾਨਕੋਟ ਜ਼ਿਲ੍ਹੇ ਵਿੱਚ ਹਨ, ਜਿੱਥੇ ਕਰੀਬ 2200 ਹੈਕਟੇਅਰ ਤੋਂ ਵੱਧ ਖੇਤਰ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਵੀ ਕੁਝ ਖੇਤਰ ਲੀਚੀ ਦੇ ਬਾਗਾਂ ਹੇਠ ਹੈ। ਪੰਜਾਬ ਵਿੱਚ ਉੱਗਣ ਵਾਲੀ ਲੀਚੀ ਦਾ ਕਰੀਬ 65 ਫੀਸਦੀ ਹਿੱਸਾ ਇਕੱਲੇ ਪਠਾਨਕੋਟ ਜ਼ਿਲ੍ਹੇ ਵਿੱਚ ਹੀ ਪੈਦਾ ਹੁੰਦਾ ਹੈ।
ਹਾਲਾਂਕਿ, ਲੀਚੀ ਦਾ ਫ਼ਲ 7-8 ਸਾਲ ਵਿੱਚ ਆਉਂਦਾ ਹੈ ਅਤੇ ਇਸ ਲਈ ਬਾਗ਼ਬਾਨੀ ਮਹਿਕਮਾ ਇਸ ਦੇ ਨਾਲ ਹੀ ਅਮਰੂਦ ਦੀ ਕਾਸ਼ਤ ਦੀ ਸਲਾਹ ਦਿੰਦਾ ਹੈ।
ਪਠਾਨਕੋਟ ਵਿੱਚ ਲੀਚੀ ਦੇ ਜਿਹੜੇ ਬਾਗ਼ ਦੇਖਣ ਨੂੰ ਮਿਲਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਅਜਿਹੇ ਕਿਸਾਨਾਂ ਦੇ ਹਨ ਜੋ ਪੀੜ੍ਹੀਆਂ ਤੋਂ ਇਸ ਦੀ ਕਾਸ਼ਤ ਕਰ ਰਹੇ ਹਨ। ਅਜਿਹੇ ਹੀ ਇੱਕ ਅਗਾਂਹਵਧੂ ਨੌਜਵਾਨ ਕਿਸਾਨ ਸਿਧਾਰਥ ਡਡਵਾਲ ਹਨ, ਜੋ ਆਪਣੇ ਦਾਦਾ ਅਤੇ ਪਿਤਾ ਵੱਲੋਂ ਸ਼ੁਰੂ ਕੀਤੇ ਕੰਮ ਨੂੰ ਅੱਗੇ ਵਧਾ ਰਹੇ ਹਨ।
ਸਿਧਾਰਥ ਮੁਤਾਬਕ, ਉਨ੍ਹਾਂ ਨੇ ਬੀਐੱਸਸੀ (ਹੋਟਲ ਮੈਨੇਜਮੈਂਟ) ਕਰਨ ਤੋਂ ਬਾਅਦ ਦਿੱਲੀ ਦੀ ਇੱਕ ਹੋਟਲ ਚੇਨ ਵਿੱਚ ਕਰੀਬ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ-ਪੁਰਖੀ ਖੇਤੀ ਕਾਰੋਬਾਰ ਨੂੰ ਸੰਭਾਲਣ ਦਾ ਫ਼ੈਸਲਾ ਲਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ 70 ਏਕੜ ਵਿੱਚ ਲੀਚੀ ਦੇ ਬਾਗ਼ ਹਨ। ਕੁਝ ਰਕਬੇ ਵਿੱਚ ਇੰਟਰਕ੍ਰਾਪਿੰਗ ਤਹਿਤ ਅਮਰੂਦ ਦੇ ਬੂਟੇ ਵੀ ਲਗਾਏ ਗਏ ਹਨ।
ਜਦੋਂ ਉਨ੍ਹਾਂ ਨੇ ਕਰੀਬ ਛੇ ਸਾਲ ਪਹਿਲਾਂ ਇਹ ਕੰਮ ਸੰਭਾਲਣ ਦਾ ਫ਼ੈਸਲਾ ਲਿਆ ਸੀ, ਉਸ ਸਮੇਂ ਕੁਝ ਰਕਬਾ ਠੇਕੇ 'ਤੇ ਦਿੱਤਾ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਬਾਗ਼ਬਾਨੀ, ਬੂਟਿਆਂ ਦੀ ਸੰਭਾਲ ਅਤੇ ਮਾਰਕੀਟਿੰਗ ਨੂੰ ਗੰਭੀਰਤਾ ਨਾਲ ਸਮਝਣਾ ਸ਼ੁਰੂ ਕੀਤਾ।
ਹੁਣ ਪਿਛਲੇ ਤਿੰਨ ਸਾਲਾਂ ਤੋਂ ਉਹ ਅਤੇ ਉਨ੍ਹਾਂ ਦੇ ਪਿਤਾ ਆਪਣੇ ਬਾਗਾਂ ਦਾ ਸਾਰਾ ਕੰਮ ਖ਼ੁਦ ਸੰਭਾਲ ਰਹੇ ਹਨ। ਉਹ ਸਾਲ ਭਰ ਬਾਗਾਂ ਦੀ ਦੇਖਭਾਲ ਕਰਦੇ ਹਨ ਅਤੇ ਜੂਨ ਮਹੀਨੇ ਵਿੱਚ ਲੀਚੀ ਦੀ ਫ਼ਸਲ ਆਉਣ 'ਤੇ ਇਸ ਦੀ ਮਾਰਕੀਟਿੰਗ ਵੀ ਖ਼ੁਦ ਕਰਦੇ ਹਨ।
ਸਿਧਾਰਥ ਨੇ ਆਪਣਾ ਇੱਕ ਬ੍ਰਾਂਡ ਵੀ ਤਿਆਰ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ, "ਉਹੀ ਕਿਸਾਨ ਸਫ਼ਲ ਹੈ ਜੋ ਆਪਣੀ ਜਿਣਸ ਦੀ ਮਾਰਕੀਟਿੰਗ ਖ਼ੁਦ ਕਰਦਾ ਹੈ, ਭਾਵੇਂ ਉਹ ਕੋਈ ਵੀ ਫ਼ਸਲ ਹੋਵੇ।"
ਉਨ੍ਹਾਂ ਦੱਸਿਆ ਕਿ ਇਸੇ ਸੋਚ ਨਾਲ ਉਨ੍ਹਾਂ ਨੇ ਆਪਣੀ ਕਾਸ਼ਤ ਨੂੰ ਇੱਕ ਕਾਰੋਬਾਰ ਦੇ ਰੂਪ ਵਿੱਚ ਵਿਕਸਤ ਕੀਤਾ ਹੈ। ਉਨ੍ਹਾਂ ਮੁਤਾਬਕ ਲੀਚੀ ਦੀ ਵਿਕਰੀ ਵਿੱਚ ਸੋਸ਼ਲ ਮੀਡੀਆ ਅੱਜ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ।
'ਤਿੰਨ ਪੀੜ੍ਹੀਆਂ ਤੋਂ ਕੰਮ ਕਰ ਰਹੇ ਹਾਂ, ਪਰ ਚੁਣੌਤੀਆਂ ਵੀ ਘੱਟ ਨਹੀਂ'
ਲੀਚੀ ਦੇ ਕਾਸ਼ਤਕਾਰ ਸਿਧਾਰਥ ਦਾ ਕਹਿਣਾ ਹੈ ਕਿ ਬਾਗ਼ਬਾਨੀ ਵੀ ਹੋਰ ਖੇਤੀ ਵਾਂਗ ਹੀ ਹੈ। ਭਾਵੇਂ ਉਨ੍ਹਾਂ ਦੇ ਬਾਗ਼ ਕਾਫ਼ੀ ਪੁਰਾਣੇ ਹਨ, ਪਰ ਉਨ੍ਹਾਂ ਦੀ ਦੇਖਭਾਲ ਬੱਚਿਆਂ ਵਾਂਗ ਕਰਨੀ ਪੈਂਦੀ ਹੈ।
ਉਨ੍ਹਾਂ ਕਿਹਾ, "ਪੂਰਾ ਸਾਲ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਦਰੱਖਤਾਂ ਨੂੰ ਕਿਹੜੀ ਖੁਰਾਕ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਕਿਹੜੀਆਂ ਬਿਮਾਰੀਆਂ ਤੋਂ ਬਚਾਉਣਾ ਹੈ। ਇਸ ਲਈ ਮਾਹਰਾਂ ਦੀ ਸਲਾਹ ਵੀ ਲੈਣੀ ਪੈਂਦੀ ਹੈ ਤਾਂ ਜੋ ਫ਼ਸਲ ਦਾ ਝਾੜ ਵਧੀਆ ਰਹੇ।"
ਸਿਧਾਰਥ ਦੱਸਿਆ ਕਿ ਭਾਵੇਂ ਉਹ ਆਪਣੇ ਬਾਗ਼ਾਂ ਤੋਂ ਲੱਖਾਂ ਰੁਪਏ ਦੀ ਆਮਦਨ ਕਰ ਰਹੇ ਹਨ, ਪਰ ਚੁਣੌਤੀਆਂ ਵੀ ਕਾਫ਼ੀ ਹਨ। ਉਨ੍ਹਾਂ ਮੁਤਾਬਕ ਪੰਜਾਬ ਦੀ ਲੀਚੀ ਗੁਣਵੱਤਾ ਦੇ ਮਾਮਲੇ ਵਿੱਚ ਬਹੁਤ ਵਧੀਆ ਹੈ, ਪਰ ਦੇਹਰਾਦੂਨ ਅਤੇ ਹੋਰ ਸੂਬਿਆਂ ਦੀ ਪੁਰਾਣੀ ਪਛਾਣ ਕਾਰਨ ਦੇਸ਼ ਅਤੇ ਵਿਦੇਸ਼ ਵਿੱਚ ਇਸ ਦੀ ਮਾਰਕੀਟਿੰਗ ਦੌਰਾਨ ਮੁਸ਼ਕਲਾਂ ਆਉਂਦੀਆਂ ਹਨ।
ਉਨ੍ਹਾਂ ਕਿਹਾ, "ਪਠਾਨਕੋਟ ਦੀ ਪਛਾਣ ਲੀਚੀ ਨਾਲ ਜੁੜੀ ਹੋਈ ਹੈ, ਪਰ ਅਜੇ ਤੱਕ ਇਸ ਨੂੰ ਉਹ ਦਰਜਾ ਨਹੀਂ ਮਿਲਿਆ ਜੋ ਦੇਹਰਾਦੂਨ, ਰਾਮਨਗਰ ਜਾਂ ਪਟਨਾ ਦੀ ਲੀਚੀ ਨੂੰ ਮਿਲਿਆ ਹੋਇਆ ਹੈ। ਜੇਕਰ ਪਠਾਨਕੋਟ ਦੀ ਲੀਚੀ ਨੂੰ ਵੀ ਅਜਿਹੀ ਮਾਨਤਾ ਮਿਲੇ ਤਾਂ ਇੱਥੋਂ ਦੇ ਕਾਸ਼ਤਕਾਰਾਂ ਨੂੰ ਵੱਡਾ ਲਾਭ ਹੋਵੇਗਾ।"
ਸਿਧਾਰਥ ਨੇ ਦੱਸਿਆ ਕਿ ਉਨ੍ਹਾਂ ਦੀ ਲੀਚੀ ਦੋ ਸਾਲ ਪਹਿਲਾਂ ਲੰਡਨ ਅਤੇ ਪਿਛਲੇ ਸਾਲ ਸਾਊਦੀ ਅਰਬ ਤੱਕ ਬਰਾਮਦ ਕੀਤੀ ਗਈ ਸੀ।
ਉਨ੍ਹਾਂ ਕਿਹਾ, "ਲੀਚੀ ਦੀ ਸ਼ੈਲਫ਼ ਲਾਈਫ਼ ਘੱਟ ਹੋਣ ਕਾਰਨ ਇਹ ਬਹੁਤ ਜ਼ਰੂਰੀ ਹੈ ਕਿ ਫ਼ਲ ਸਮੇਂ ਸਿਰ ਗਾਹਕਾਂ ਤੱਕ ਪਹੁੰਚੇ।"
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੀ ਲੀਚੀ ਰੋਜ਼ਾਨਾ ਟਰੱਕਾਂ ਅਤੇ ਰੇਲਗੱਡੀਆਂ ਰਾਹੀਂ ਦਿੱਲੀ ਅਤੇ ਅਹਿਮਦਾਬਾਦ ਭੇਜੀ ਜਾਂਦੀ ਰਹੀ, ਜਦਕਿ ਵਿਦੇਸ਼ਾਂ ਵਿੱਚ ਇਹ ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਭੇਜੀ ਗਈ।
ਉਨ੍ਹਾਂ ਕਿਹਾ, "ਜੇਕਰ ਪਠਾਨਕੋਟ ਹਵਾਈ ਅੱਡਾ ਮੁੜ ਚਾਲੂ ਹੋ ਜਾਵੇ ਜਾਂ ਪਠਾਨਕੋਟ ਤੋਂ ਏਅਰ ਕੰਡੀਸ਼ਨਡ ਮਾਲਗੱਡੀ ਦੀ ਵਿਸ਼ੇਸ਼ ਸਹੂਲਤ ਮਿਲੇ ਤਾਂ ਇਸ ਨਾਲ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਵੱਡਾ ਲਾਭ ਹੋ ਸਕਦਾ ਹੈ।"
23 ਜੂਨ 2025 ਨੂੰ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਪਠਾਨਕੋਟ ਦੀ ਲੀਚੀ ਨੂੰ ਪਹਿਲੀ ਵਾਰ ਕਤਰ ਦੇ ਦੋਹਾ ਲਈ ਬਰਾਮਦ ਕੀਤੀ ਗਈ।
ਪ੍ਰੈੱਸ ਨੋਟ ਵਿੱਚ ਅੱਗੇ ਲਿਖਿਆ, "ਇੱਕ ਮੀਟ੍ਰਿਕ ਟਨ ਗੁਲਾਬੀ ਖੁਸ਼ਬੂ ਵਾਲੀ ਪ੍ਰੀਮੀਅਮ ਲੀਚੀ ਦੀ ਖੇਪ ਪਠਾਨਕੋਟ ਤੋਂ ਦੋਹਾ ਭੇਜੀ ਗਈ, ਜਦਕਿ ਅੱਧਾ ਮੀਟ੍ਰਿਕ ਟਨ ਲੀਚੀ ਦੁਬਈ (ਯੂਏਈ) ਲਈ ਵੀ ਰਵਾਨਾ ਕੀਤੀ ਗਈ।"
"ਪੰਜਾਬ ਨੇ ਵਿੱਤੀ ਸਾਲ 2023-24 ਦੌਰਾਨ 71,490 ਮੀਟ੍ਰਿਕ ਟਨ ਲੀਚੀ ਉਤਪਾਦਨ ਨਾਲ ਦੇਸ਼ ਦੇ ਕੁੱਲ ਲੀਚੀ ਉਤਪਾਦਨ ਵਿੱਚ 12.39 ਫ਼ੀਸਦੀ ਯੋਗਦਾਨ ਪਾਇਆ ਹੈ। ਏਪੀਈਡੀਏ ਨੇ ਪਠਾਨਕੋਟ ਦੀ ਲੀਚੀ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਨਵੀਂ ਪਛਾਣ ਮਿਲਣ ਨੂੰ ਇਲਾਕੇ ਦੇ ਕਿਸਾਨਾਂ ਲਈ ਵੱਡੀ ਪ੍ਰਾਪਤੀ ਦੱਸਿਆ ਹੈ।"
ਪ੍ਰੈੱਸ ਨੋਟ ਵਿੱਚ ਇਹ ਵੀ ਕਿਹਾ ਗਿਆ ਕਿ ਅਨੁਕੂਲ ਮੌਸਮ ਅਤੇ ਉੱਚ ਗੁਣਵੱਤਾ ਕਾਰਨ ਪਠਾਨਕੋਟ ਲੀਚੀ ਦੀ ਕਾਸ਼ਤ ਅਤੇ ਨਿਰਯਾਤ ਦਾ ਇੱਕ ਉਭਰਦਾ ਕੇਂਦਰ ਬਣ ਰਿਹਾ ਹੈ।
'ਨਵਾਂ ਬਾਗ਼ ਲਗਾਇਆ ਹੈ ਤਾਂ ਸਬਰ ਵੀ ਕਰਨਾ ਪਵੇਗਾ'
ਪਠਾਨਕੋਟ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਹੁਣ ਨਵੇਂ ਸਿਰੇ ਤੋਂ ਬਾਗ਼ਬਾਨੀ ਵੱਲ ਰੁਝਾਨ ਕਰ ਰਹੇ ਹਨ। ਅਜਿਹੇ ਹੀ ਇੱਕ ਕਾਰੋਬਾਰੀ ਜੈ ਮਹਾਜਨ ਹਨ।
ਜੈ ਮਹਾਜਨ ਦੱਸਦੇ ਹਨ ਕਿ ਉਨ੍ਹਾਂ ਕੋਲ ਪਿਤਾ ਵੱਲੋਂ ਖਰੀਦੀ ਗਈ ਕਰੀਬ 22 ਏਕੜ ਜ਼ਮੀਨ ਸੀ। ਪਹਿਲਾਂ ਇਸ ਵਿੱਚ ਕੋਈ ਖੇਤੀ ਨਹੀਂ ਕੀਤੀ ਜਾਂਦੀ ਸੀ, ਪਰ ਪਠਾਨਕੋਟ ਵਿੱਚ ਲੀਚੀ ਦੀ ਸਫ਼ਲ ਕਾਸ਼ਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਵੀ ਇਸ ਖੇਤਰ ਵਿੱਚ ਆਉਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੀ ਮਦਦ ਅਤੇ ਮਾਹਰਾਂ ਦੀ ਸਲਾਹ ਨਾਲ ਉਨ੍ਹਾਂ ਨੇ ਲੀਚੀ ਅਤੇ ਅਮਰੂਦ ਦੇ ਬੂਟੇ ਲਗਾਏ ਹਨ।
ਜੈ ਮਹਾਜਨ ਦਾ ਕਹਿਣਾ ਹੈ, "ਇਹ ਬਾਗ਼ ਭਵਿੱਖ ਵਿੱਚ ਆਮਦਨ ਦਾ ਵਧੀਆ ਸਰੋਤ ਬਣੇਗਾ, ਪਰ ਇਸ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ। ਲੀਚੀ ਦੇ ਬੂਟੇ ਕਰੀਬ ਅੱਠ ਸਾਲ ਬਾਅਦ ਹੀ ਵਪਾਰਕ ਤੌਰ 'ਤੇ ਫ਼ਲ ਦੇਣ ਲੱਗਦੇ ਹਨ।"
ਉਨ੍ਹਾਂ ਕਿਹਾ ਕਿ ਅਮਰੂਦ ਦੇ ਬੂਟਿਆਂ ਤੋਂ ਦੋ ਸਾਲ ਬਾਅਦ ਚੰਗਾ ਉਤਪਾਦਨ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਸਾਲ ਵਿੱਚ ਦੋ ਵਾਰ ਫ਼ਲ ਮਿਲਣ ਨਾਲ ਆਮਦਨ ਦੀ ਸ਼ੁਰੂਆਤ ਹੋ ਜਾਵੇਗੀ।
ਜੈ ਮਹਾਜਨ ਨੇ ਦੱਸਿਆ ਕਿ ਜ਼ਮੀਨ ਉਨ੍ਹਾਂ ਦੀ ਆਪਣੀ ਹੈ, ਪਰ ਬੂਟੇ ਲਗਾਉਣ ਤੋਂ ਲੈ ਕੇ ਹੋਰ ਲੋੜੀਂਦੀਆਂ ਸਹੂਲਤਾਂ ਵਿਭਾਗ ਦੇ ਸਹਿਯੋਗ ਨਾਲ ਪ੍ਰਾਪਤ ਹੋਈਆਂ ਹਨ ਅਤੇ ਉਨ੍ਹਾਂ ਨੂੰ ਸਬਸਿਡੀ ਦਾ ਲਾਭ ਵੀ ਮਿਲਿਆ ਹੈ।
ਉਨ੍ਹਾਂ ਕਿਹਾ, "ਬਾਗ਼ਬਾਨੀ ਵਿੱਚ ਸਭ ਤੋਂ ਵੱਡੀ ਚੁਣੌਤੀ ਲੰਬੀ ਉਡੀਕ ਹੈ ਅਤੇ ਇਹ ਹਰ ਕਿਸਾਨ ਲਈ ਆਸਾਨ ਨਹੀਂ ਹੁੰਦੀ। ਬਾਗ਼ਬਾਨੀ ਵਿਭਾਗ ਕਿਸਾਨਾਂ ਨੂੰ ਹਰ ਸੰਭਵ ਮਦਦ ਦੇ ਰਿਹਾ ਹੈ।"
ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਵੱਲੋਂ ਪਠਾਨਕੋਟ ਦੇ ਸੁਜਾਨਪੁਰ ਵਿੱਚ ਇੱਕ ਲੀਚੀ ਅਸਟੇਟ ਸਥਾਪਿਤ ਕੀਤਾ ਗਿਆ ਹੈ।
ਮੁੱਖ ਕਾਰਜਕਾਰੀ ਅਫ਼ਸਰ-ਕਮ-ਡਿਪਟੀ ਡਾਇਰੈਕਟਰ ਬਾਗਬਾਨੀ ਸ਼ਮੀ ਕੁਮਾਰ ਨੇ ਦੱਸਿਆ ਕਿ ਇਸ ਅਸਟੇਟ ਦਾ ਮੁੱਖ ਮਕਸਦ ਇਲਾਕੇ ਦੇ ਕਿਸਾਨਾਂ ਨੂੰ ਲੀਚੀ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਕਿਹਾ, "ਇਸ ਖੇਤਰ ਦਾ ਮੌਸਮ ਲੀਚੀ ਲਈ ਬਹੁਤ ਅਨੁਕੂਲ ਹੈ। ਇਸੇ ਲਈ ਵੱਧ ਤੋਂ ਵੱਧ ਕਿਸਾਨਾਂ ਦਾ ਰਕਬਾ ਲੀਚੀ ਦੇ ਬਾਗ਼ਾਂ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਉਨ੍ਹਾਂ ਮੁਤਾਬਕ ਇਕੱਲੇ ਪਠਾਨਕੋਟ ਜ਼ਿਲ੍ਹੇ ਵਿੱਚ ਕਰੀਬ 2200 ਹੈਕਟੇਅਰ ਖੇਤਰ ਲੀਚੀ ਹੇਠ ਹੈ। ਬਹੁਤੇ ਬਾਗ਼ ਪੁਰਾਣੇ ਹਨ, ਜਦਕਿ ਕੁਝ ਨਵੇਂ ਬਾਗ਼ ਵੀ ਲਗਾਏ ਗਏ ਹਨ।
ਉਨ੍ਹਾਂ ਦੱਸਿਆ, "ਲੀਚੀ ਦੀ ਕਾਸ਼ਤ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇੱਕ ਬੂਟੇ ਨੂੰ ਫ਼ਲ ਦੇਣ ਲਈ ਕਰੀਬ 7 ਤੋਂ 8 ਸਾਲ ਦਾ ਸਮਾਂ ਲੱਗਦਾ ਹੈ। ਇਸੇ ਲਈ ਵਿਭਾਗ ਕਿਸਾਨਾਂ ਨੂੰ ਲੀਚੀ ਦੇ ਨਾਲ ਅਮਰੂਦ ਦੀ ਕਾਸ਼ਤ ਕਰਨ ਲਈ ਵੀ ਪ੍ਰੇਰਿਤ ਕਰ ਰਿਹਾ ਹੈ।"
"ਅਮਰੂਦ ਦਾ ਬੂਟਾ ਤਿੰਨ ਸਾਲਾਂ ਦੇ ਅੰਦਰ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਸਾਲ ਵਿੱਚ ਦੋ ਵਾਰ ਉਤਪਾਦਨ ਮਿਲਦਾ ਹੈ। ਇਸ ਨਾਲ ਕਿਸਾਨ ਦੀ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਅਤੇ ਅੱਗੇ ਚੱਲ ਕੇ ਇੱਕੋ ਬਾਗ ਵਿੱਚੋਂ ਦੋ ਫ਼ਸਲਾਂ ਦਾ ਲਾਭ ਮਿਲਦਾ ਹੈ।"
ਮਾਹਰਾਂ ਦਾ ਕਹਿਣਾ ਹੈ ਕਿ ਲੀਚੀ ਦੀ ਮਾਰਕੀਟਿੰਗ ਵੀ ਕੋਈ ਵੱਡੀ ਸਮੱਸਿਆ ਨਹੀਂ ਹੈ। ਕਈ ਕਿਸਾਨਾਂ ਦੇ ਬਾਗ ਠੇਕੇ 'ਤੇ ਲਏ ਜਾਂਦੇ ਹਨ ਅਤੇ ਠੇਕੇਦਾਰ ਖ਼ੁਦ ਹੀ ਉਨ੍ਹਾਂ ਦੀ ਦੇਖਭਾਲ ਅਤੇ ਮੰਡੀਕਰਨ ਕਰਦੇ ਹਨ।
ਉਨ੍ਹਾਂ ਕਿਹਾ, "ਜੇਕਰ ਕਿਸਾਨ ਖ਼ੁਦ ਬਾਗ ਦੀ ਸੰਭਾਲ ਕਰੇ ਜਾਂ ਫ਼ਲ ਦੀ ਵਿਕਰੀ ਕਰੇ ਤਾਂ ਵੀ ਉਸ ਲਈ ਮਾਰਕੀਟਿੰਗ ਮੁਸ਼ਕਲ ਨਹੀਂ ਹੈ, ਕਿਉਂਕਿ ਮੰਗ ਦੇ ਮੁਕਾਬਲੇ ਉਤਪਾਦਨ ਅਜੇ ਵੀ ਘੱਟ ਹੈ।"
ਸ਼ਮੀ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ 100 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਪਹਿਲਾਂ ਇਹ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਸੀ, ਪਰ ਹੁਣ ਦੋ ਕਿਸ਼ਤਾਂ ਵਿੱਚ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਬਾਗ਼ਬਾਨੀ ਵਿਭਾਗ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਮਾਹਰਾਂ ਦੀ ਸਲਾਹ ਅਤੇ ਹੋਰ ਤਕਨੀਕੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਲੀਚੀ ਕਾਸ਼ਤ ਦੇ ਮਾਹਰ ਸ਼ਮੀ ਕੁਮਾਰ ਨੇ ਕਿਹਾ, "ਪਿਛਲੇ ਕੁਝ ਸਾਲਾਂ ਤੋਂ ਵਿਭਾਗ ਦੀ ਕੋਸ਼ਿਸ਼ ਹੈ ਕਿ ਪਠਾਨਕੋਟ ਅਤੇ ਪੰਜਾਬ ਦੀ ਲੀਚੀ ਨੂੰ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚਾਇਆ ਜਾਵੇ। ਇਸ ਲਈ ਵਿਭਾਗ ਕਿਸਾਨਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ।"
ਮਾਹਰਾਂ ਮੁਤਾਬਕ ਬਾਗ ਲਾਉਣ ਦੇ ਪਹਿਲੇ ਸਾਲ ਬੂਟਾ ਖਰੀਦਣ ਅਤੇ ਲਾਉਣ ਵਿੱਚ ਪ੍ਰਤੀ ਬੂਟਾ ਕਰੀਬ 200 ਤੋ 250 ਰੁਪਏ ਤੱਕ ਦਾ ਖਰਚ ਆਉਂਦਾ ਹੈ। ਜਿਸ 'ਚ ਬੂਟੇ ਦੀ ਕੀਮਤ, ਬੂਟਾ ਲਾਉਣ ਤੋ ਲੈਕੇ ਦਵਾਈ ਖਾਦ ਦਾ ਖਰਚ ਸ਼ਾਮਿਲ ਹੁੰਦਾ ਹੈ। ਬਾਗ ਲਾਉਣਾ ਦਾ ਖ਼ਰਚਾ ਸਬਸਿਡੀ ਦੇ ਰੂਪ ਵਿੱਚ ਸਰਕਾਰ ਦਿੰਦੀ ਹੈ।
ਪਰ ਕਿਸਾਨਾਂ ਲਈ ਅਗਲੇ ਕੁਝ ਸਾਲ ਲੀਚੀ ਦੀ ਸਾਂਭ ਸੰਭਾਲ ਦੌਰਾਨ ਚੁਣੌਤੀਆਂ ਰਹਿੰਦੀਆਂ ਹਨ। ਪਹਿਲੇ 8 ਸਾਲ ਜਦੋਂ ਤੱਕ ਬੂਟਾ ਫਲ ਦੇਣ ਦੇ ਯੋਗ ਨਹੀਂ ਹੁੰਦਾ ਉਦੋਂ ਬੂਟੇ ਨੂੰ ਕੋਈ ਕੀੜਾ ਨਾ ਪਵੇ ਉਸ ਲਈ ਦਵਾਈ ਦਾ ਸਪਰੇਅ, ਕੀਟਨਾਸ਼ਕ ਅਤੇ ਪੂਰੀ ਤਰ੍ਹਾਂ ਬੂਟੇ ਦੀ ਸਾਂਭ ਰੱਖਣਾ ਜਿਵੇਂ ਕਿ ਪਾਣੀ, ਖ਼ੁਰਾਕ ਸਮੇਂ ਸਿਰ ਮਿਲੇ, ਮਾਹਰਾਂ ਮੁਤਾਬਕ ਇਸ ਸਾਰੇ ਕੰਮ ਦੌਰਾਨ ਪ੍ਰਤੀ ਬੂਟੇ ਉੱਤੇ 50 ਰੁਪਏ ਤੋਂ ਉੱਪਰ ਦਾ ਸਾਲਾਨਾ ਖ਼ਰਚ ਹੈ । ਜਦਕਿ ਕਿਸਾਨ ਦੀ ਮੇਹਨਤ ਅਤੇ ਨਿਗਰਾਨੀ ਵੱਖ ਹੈ ਜੋ ਉਸ ਨੂੰ ਚੰਗਾ ਫਲ ਲੈਣ ਲਈ ਰੱਖਣੀ ਹੋਵੇਗੀ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ