ਕਿਤੇ ਖੇਤਾਂ ਲਈ ਡੂੰਘੇ ਕਰਨੇ ਪੈ ਰਹੇ ਬੋਰ, ਕਿਤੇ ਪੀਣ ਲਈ ਮੁੱਲ ਲੈਣਾ ਪੈ ਰਿਹਾ ਪਾਣੀ, ਪੰਜਾਬ ਵਿੱਚ ਜਲ ਸੰਕਟ ਦੀ ਸਥਿਤੀ ਕਿੰਨੀ ਸੰਜੀਦਾ ਹੈ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਦਰਿਆਵਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ, ਹੁਣ ਜਲ ਸੰਕਟ ਇੱਕ ਅਹਿਮ ਮੁੱਦਾ ਬਣ ਗਿਆ ਹੈ।
ਪੰਜਾਬ ਦੇ ਡੂੰਘੇ ਹੁੰਦੇ ਜ਼ਮੀਨੀ ਪਾਣੀ ਅਤੇ ਜ਼ਮੀਨੀ ਪਾਣੀ ਵਿੱਚ ਭਾਰੀ ਧਾਤਾਂ ਦੀ ਮੌਜੂਦਗੀ ਬਾਰੇ ਕੇਂਦਰੀ ਭੂਮੀਗਤ ਜਲ ਬੋਰਡ ਦੀਆਂ ਪਿਛਲੇ ਕੁਝ ਸਮੇਂ ਵਿੱਚ ਆਈਆਂ ਰਿਪੋਰਟਾਂ ਚਿੰਤਾਜਨਕ ਹਨ।
ਕੇਂਦਰੀ ਭੂਮੀਗਤ ਜਲ ਬੋਰਡ ਦੀ 2025 ਦੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਯੂਰੇਨੀਅਮ ਦੀ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਵਾਲੇ ਪਾਣੀ ਦੇ ਨਮੂਨਿਆਂ ਦਾ ਅਨੁਪਾਤ ਦੇਸ਼ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ।
ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ 53.04% ਨਮੂਨਿਆਂ 'ਚ ਯੂਰੇਨੀਅਮ ਦਾ ਪੱਧਰ ਸੁਰੱਖਿਅਤ ਮਾਤਰਾ ਤੋਂ ਵੱਧ ਪਾਇਆ ਗਿਆ ਅਤੇ ਮਾਨਸੂਨ ਤੋਂ ਬਾਅਦ 62.50% ਪਾਣੀ ਦੇ ਨਮੂਨਿਆਂ ਵਿੱਚ ਯੂਰੇਨੀਅਮ ਦਾ ਪੱਧਰ ਵੱਧ ਪਾਇਆ ਗਿਆ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਕਿੱਕਰਖੇੜਾ ਵੀ ਪੰਜਾਬ ਦੇ ਅਜਿਹੇ ਖੇਤਰਾਂ ਵਿੱਚ ਸ਼ਾਮਲ ਹੈ, ਜਿੱਥੇ ਜ਼ਮੀਨੀ ਪਾਣੀ ਪੀਣ ਯੋਗ ਨਹੀਂ ਹੈ। ਕੇਂਦਰੀ ਭੂਮੀਗਤ ਜਲ ਬੋਰਡ ਦੀ ਸਾਲ 2023-24 ਦੀ ਰਿਪੋਰਟ ਮੁਤਾਬਕ ਕਿੱਕਰਖੇੜਾ ਪਿੰਡ ਦੇ ਪਾਣੀ ਵਿੱਚ ਤੈਅ ਮਾਤਰਾ ਤੋਂ ਵੱਧ ਯੂਰੇਨੀਅਮ ਮਿਲਿਆ ਸੀ।
ਪਿੰਡ ਵਾਸੀਆਂ ਨੇ ਆਪਣੇ ਪੱਧਰ ਉੱਤੇ ਕੁਝ ਸਾਲ ਪਹਿਲਾਂ ਪਾਣੀ ਦੀ ਗੁਣਵੱਤਾ ਦਾ ਪਟਿਆਲਾ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਤੋਂ ਪ੍ਰੀਖਣ ਕਰਵਾਇਆ ਸੀ। ਪਿੰਡ ਵਾਸੀਆਂ ਮੁਤਾਬਕ ਇੱਥੋਂ ਦੇ ਜ਼ਮੀਨੀ ਪਾਣੀ ਵਿੱਚ ਯੂਰੇਨੀਅਮ ਅਤੇ ਟੀਡੀਐੱਸ ਦੀ ਮੌਜੂਦਗੀ ਸੁਰੱਖਿਅਤ ਪੱਧਰ ਤੋਂ ਵੱਧ ਹੈ।
ਰਿਪੋਰਟ ਮੁਤਾਬਕ ਪਿੰਡ ਵਿੱਚੋਂ ਪੰਜ ਥਾਵਾਂ ਤੋਂ ਯੂਰੇਨੀਅਮ ਦਾ ਪ੍ਰੀਖਣ ਕਰਵਾਇਆ ਗਿਆ ਸੀ। ਇਸ ਪ੍ਰੀਖਣ ਵਿੱਚ ਚਾਰ ਥਾਵਾਂ ਤੋਂ ਯੂਰੇਨੀਅਮ ਮਿਲਿਆ ਹੈ। ਇਨ੍ਹਾਂ ਥਾਵਾਂ ਉੱਤੇ ਯੂਰੇਨੀਅਮ ਦੀ ਮਾਤਰਾ 0.15 ਤੋਂ 0.78 ਮਿਲੀਗ੍ਰਾਮ ਪਾਈ ਗਈ ਹੈ। ਡਬਲਯੂਐੱਚਓ ਮੁਤਾਬਕ ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ 0.03 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਹੋਣਾ ਸਿਹਤ ਲਈ ਸਹੀ ਨਹੀਂ ਹੁੰਦੀ।
ਪੀਣ ਲਈ ਪਾਣੀ ਮੁੱਲ ਲੈਣ ਨੂੰ ਮਜਬੂਰ

ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿੱਕਰਖੇੜਾ ਪਿੰਡ ਦੇ ਵਸਨੀਕ ਪੀਣ ਵਾਸਤੇ ਰੋਜ਼ਾਨਾ ਸਵੇਰੇ ਸ਼ਾਮ ਪਾਣੀ ਮੁੱਲ ਲੈਂਦੇ ਹਨ। ਇਸ ਤੋਂ ਇਲਾਵਾ ਕਈ ਪਰਿਵਾਰ ਪਿੰਡ ਦੇ ਬਾਹਰਵਾਰ ਸਥਿਤ ਨਲਕੇ ਤੋਂ ਪਾਣੀ ਭਰਨ ਲਈ ਕਤਾਰ ਵਿੱਚ ਲੱਗਦੇ ਹਨ।
ਕਿੱਕਰਖੇੜਾ ਪਿੰਡ ਦੇ ਵਸਨੀਕ ਗੁਰਮੀਤ ਸਿੰਘ ਕਹਿੰਦੇ ਹਨ, "ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਹਾਲਾਤ ਬਹੁਤੇ ਵਧੀਆ ਨਹੀਂ ਹਨ। ਸਾਰਾ ਪਿੰਡ ਨਹਿਰ ਦੇ ਕੋਲ ਲੱਗੇ ਨਲਕੇ ਤੋਂ ਪਾਣੀ ਭਰਦਾ ਹੈ। ਜਿਹੜੇ ਪਰਿਵਾਰ ਦੇ ਆਰਥਿਕ ਹਾਲਾਤ ਚੰਗੇ ਹਨ, ਉਹ ਪਾਣੀ ਮੁੱਲ ਖਰੀਦ ਲੈਂਦੇ ਹਨ।"
ਪੰਚਾਇਤ ਮੈਂਬਰ ਬੂਟਾ ਸਿੰਘ ਕਹਿੰਦੇ ਹਨ, "ਜੇਕਰ ਕਿਸੇ ਨੇ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਪਾਣੀ ਦਾ ਕਰੇ। ਘਰ-ਘਰ ਮੁੱਲ ਦਾ ਪਾਣੀ ਪਹੁੰਚਾਉਣ ਦਾ। ਸਾਡੇ ਨਾਲ ਦੇ ਪਿੰਡ ਕੰਧ ਵਾਲਾ ਵਿੱਚ ਸਵੇਰੇ ਸ਼ਾਮ 3 ਤੋਂ 4 ਟੈਂਪੂ ਰੋਜ਼ਾਨਾ ਪਾਣੀ ਵੰਡਣ ਆਉਂਦੇ ਹਨ।"
ਉਹ ਕਹਿੰਦੇ ਹਨ, "ਪਿੰਡ ਵਿੱਚ ਲੱਗਾ ਟ੍ਰੀਟਮੈਂਟ ਪਲਾਂਟ ਕਈ ਸਾਲਾਂ ਤੋਂ ਬੰਦ ਪਿਆ ਹੈ ਅਤੇ ਪਿੰਡ ਵਾਸੀਆਂ ਰੋਜ਼ਾਨਾ ਪਾਣੀ ਮੁੱਲ ਖ਼ਰੀਦਣ ਵਾਸਤੇ ਮਜਬੂਰ ਹਨ।"
ਨਹਿਰੀ ਪਾਣੀ ਕਿਉਂ ਨਹੀਂ ਵਰਤਦੇ

ਗੁਰਮੀਤ ਸਿੰਘ ਕਹਿੰਦੇ ਹਨ, "ਪਿੰਡ ਵਿੱਚ ਨਹਿਰ ਦੇ ਪਾਣੀ ਦੀ ਸਪਲਾਈ ਦਾ ਵੀ ਪ੍ਰਬੰਧ ਹੈ। ਇਹ ਨਹਿਰ ਸਤਲੁਜ ਵਿੱਚੋਂ ਨਿਕਲ ਕੇ ਇੱਥੇ ਪਹੁੰਚਦੀ ਹੈ। ਸਤਲੁਜ ਵਿੱਚ ਬੁੱਢੇ ਨਾਲੇ ਦਾ ਪਾਣੀ ਡਿੱਗਦਾ ਹੈ। ਇਸ ਲਈ ਅਸੀਂ ਨਹਿਰੀ ਪਾਣੀ ਪੀਣ ਤੋਂ ਗੁਰੇਜ਼ ਕਰਦੇ ਹਨ। ਹਾਲਾਂਕਿ ਅਸੀਂ ਸਿੰਚਾਈ ਅਤੇ ਪਸ਼ੂਆਂ ਵਾਸਤੇ ਨਹਿਰ ਦਾ ਪਾਣੀ ਹੀ ਇਸਤੇਮਾਲ ਕਰਦੇ ਹਾਂ।"
ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਵਹਿੰਦੇ ਬੁੱਢੇ ਨਾਲੇ ਦੇ ਪਾਣੀ ਉੱਤੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਸਮਾਜਿਕ ਕਾਰਕੁਨ ਕਈ ਸਾਲਾਂ ਤੋਂ ਬੁੱਢੇ ਨਾਲੇ ਦੀ ਸਫ਼ਾਈ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬੁੱਢੇ ਨਾਲੇ ਵਿੱਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਡਿੱਗਦਾ ਹੈ। ਹਾਲਾਂਕਿ ਫੈਕਟਰੀ ਮਾਲਕ ਅਕਸਰ ਇੰਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹਨ।
ਬੂਟਾ ਸਿੰਘ ਕਹਿੰਦੇ ਹਨ, "ਕੁਝ ਮਹੀਨੇ ਪਹਿਲਾਂ ਹੀ ਖ਼ੁਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਨਹਿਰੀ ਪਾਣੀ ਦੀ ਵਰਤੋਂ ਕਰਨ ਤੋਂ ਰੋਕਿਆ ਸੀ।"
"ਉਨ੍ਹਾਂ ਕਿਹਾ ਸੀ ਕਿ ਇਹ ਪਾਣੀ ਪੀਣ ਯੋਗ ਨਹੀਂ ਹੈ। ਮਗਰੋਂ ਕੁਝ ਦਿਨ ਬਾਅਦ ਉਨ੍ਹਾਂ ਪਾਣੀ ਵਰਤਣ ਵਾਸਤੇ ਕਹਿ ਦਿੱਤਾ ਸੀ। ਪਰ ਸਾਨੂੰ ਪਾਣੀ ਤੋਂ ਭਰੋਸਾ ਨਹੀਂ ਹੈ। ਕਈ ਵਾਰੀ ਇੱਥੇ ਪਹੁੰਚਦੇ ਨਹਿਰੀ ਪਾਣੀ ਦਾ ਰੰਗ ਕਾਲਾ ਹੁੰਦਾ ਹੈ।"
ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਬਲਾਕ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਹਰਮਨਦੀਪ ਸਿੰਘ ਨੇ ਕਿਹਾ, "ਪਿੰਡ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਵਾਸਤੇ ਨਹਿਰੀ ਪਾਣੀ ਦੀ ਸਪਲਾਈ ਮੌਜੂਦ ਹੈ।"
"ਹਰ ਸਾਲ ਜਦੋਂ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੁੰਦੀ ਹੈ, ਉਦੋਂ ਹੀ ਪਾਣੀ ਕਾਲਾ ਆਉਂਦਾ ਹੈ। ਇਹ ਪਿੱਛੋਂ ਸਤਲੁਜ ਵਿੱਚੋਂ ਆਉਂਦਾ ਹੈ ਅਤੇ ਜਦੋਂ ਪਾਣੀ ਲਗਾਤਾਰ ਚੱਲਦਾ ਹੈ ਤਾਂ ਇਹ ਠੀਕ ਹੋ ਜਾਂਦਾ ਹੈ।"
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਧੀਕ ਡਾਇਰੈਕਟਰ, ਰਿਸਰਚ ਵਿਭਾਗ, ਡਾ. ਜੀਐੱਸ ਹੀਰਾ ਕਹਿੰਦੇ ਹਨ, "ਜਦੋਂ ਇੱਕ ਵਾਰ ਯੂਰੇਨੀਅਮ ਦੀ ਮੌਜੂਦਗੀ ਮਿਲ ਜਾਵੇ ਤਾਂ ਇਸਨੂੰ ਉਸ ਜਗ੍ਹਾ ਤੋਂ ਅੱਗੇ ਜਾਣ ਤੱਕ ਕਈ ਦਹਾਕੇ ਲੱਗ ਜਾਂਦੇ ਹਨ। ਯੂਰੇਨੀਅਮ ਅਤੇ ਹੋਰ ਧਾਤਾਂ ਜ਼ਿਆਦਾਤਰ ਉਨ੍ਹਾਂ ਖੇਤਰਾਂ ਵਿੱਚ ਹੁੰਦੇ ਹਨ, ਜਿੱਥੇ ਸਾਲਟ ਵੱਧ ਹੁੰਦੇ ਹਨ।"
ਯੂਰੇਨੀਅਮ ਦੇ ਕੀ ਨੁਕਸਾਨ ਹੋ ਸਕਦੇ
ਡਾ. ਅਮਰ ਸਿੰਘ, ਐੱਮਡੀ ਮੈਡੀਸਨ ਹਨ, ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ ਕਿ ਕੁਦਰਤੀ ਸੋਮਿਆਂ ਖ਼ਾਸ ਕਰ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਲਈ ਕਈ ਸਰੋਤ ਜ਼ਿੰਮੇਵਾਰ ਹਨ।
ਡਾ. ਅਮਰ ਸਿੰਘ ਮੁਤਾਬਕ ਕੀਟਨਾਸ਼ਕ, ਰਸਾਇਣਕ ਖਾਦਾਂ ਖ਼ਾਸ ਕਰ ਡੀਏਪੀ ਫਾਸਫੇਟ, ਥਰਮਲ ਪਲਾਂਟ ਦੀ ਸਵਾਹ ਆਦਿ ਇਸ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ।
ਉਨ੍ਹਾਂ ਮੁਤਾਬਕ ਇਨ੍ਹਾਂ ਰਸਾਇਣਕ ਤੱਤਾਂ ਦਾ ਮਨੁੱਖੀ ਸਿਹਤ ਉੱਪਰ ਬੇਹੱਦ ਮਾੜਾ ਤੇ ਗੰਭੀਰ ਅਸਰ ਪੈਂਦਾ ਹੈ। ਇਹ ਦਿਲ, ਜਿਗਰ, ਫੇਫੜੇ, ਗੁਰਦੇ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰਦੇ ਹਨ।
ਡਾ. ਅਮਰ ਸਿੰਘ ਮੁਤਾਬਕ ਯੂਰੇਨੀਅਮ ਇੱਕ ਰੇਡੀਓ ਐਕਟਿਵ ਪਦਾਰਥ ਵੀ ਹੈ। ਜਿਸ ਕਰਕੇ ਉਸ ਦਾ ਬੁਰਾ ਪ੍ਰਭਾਵ ਹੋਰ ਵੀ ਵਧ ਜਾਂਦਾ ਹੈ।ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਲੈੱਡ ਦੀ ਮੌਜੂਦਗੀ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਰਸਾਇਣਕ ਤੱਤ ਪਾਣੀ 'ਚ ਕਿੱਥੋਂ ਆਉਂਦੇ ਹਨ?
ਡਾ. ਏ. ਸ਼ਰੀਫ਼, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਕਲੀਨਿਕਲ ਈਕੋਟੌਕਸਿਕਲੋਜੀ ਡਾਇਗਨੌਸਟਿਕ ਐਂਡ ਰਿਸਰਚ ਫਸੀਲਿਟੀ ਦੇ ਸੰਸਥਾਪਕ ਅਤੇ ਸਰੀਰ ਵਿਗਿਆਨ ਵਿਭਾਗ ਦੇ ਮੁਖੀ ਹਨ।
ਉਹ ਪਾਣੀ ਵਿੱਚ ਆਉਣ ਵਾਲੇ ਰਿਸਾਇਣਕ ਤੱਤਾਂ ਪਿੱਛੇ ਮਨੁੱਖੀ ਅਤੇ ਕੁਦਰਤੀ ਕਾਰਨ ਮੰਨਦੇ ਹਨ।
ਡਾ. ਏ ਸ਼ਰੀਫ਼ ਕਹਿੰਦੇ ਹਨ, "ਇਹ ਰਸਾਇਣ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਦੇ ਨਾਲ ਮੈਦਾਨੀ ਇਲਾਕਿਆਂ 'ਚ ਵੱਡੀ ਮਾਤਰਾ ਨਾਲ ਜਮ੍ਹਾਂ ਹੋ ਜਾਂਦੇ ਹਨ। ਇਹ ਪ੍ਰਦੂਸ਼ਿਤ ਪਾਣੀ ਦਾ ਕੁਦਰਤੀ ਸਰੋਤ ਹੈ।"
"ਪਰ ਪੰਜਾਬ 'ਚ ਕਿਸਾਨਾਂ ਵਲੋਂ ਖੇਤੀਬਾੜੀ ਲਈ ਕੀਟਨਾਸ਼ਕ ਅਤੇ ਖ਼ਾਦ ਦੀ ਬਹੁਤ ਜ਼ਿਆਦਾ ਮਾਤਰਾ 'ਚ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਪਾਣੀ 'ਚ ਘੁੱਲ਼ ਕੇ ਉਸ ਨੂੰ ਪ੍ਰਦੂਸ਼ਿਤ ਬਣਾਉਂਦੇ ਹਨ।"
ਡਾ. ਸ਼ਰੀਫ਼ ਅੱਗੇ ਦੱਸਦੇ ਹਨ, "ਕਿਉਂਕਿ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਡੂੰਘਾ ਹੋ ਗਿਆ ਹੈ, ਇਸ ਕਰਕੇ ਪਾਣੀ ਬਹੁਤ ਡੂੰਘਾਈ 'ਚੋ ਕੱਢਿਆ ਜਾ ਰਿਹਾ ਹੈ। ਬਹੁਤ ਜ਼ਿਆਦਾ ਡੂੰਘਾਈ 'ਚੋਂ ਨਿਕਲੇ ਪਾਣੀ ਵਿੱਚ ਆਮਤੌਰ 'ਤੇ ਇਨ੍ਹਾਂ ਤੱਤਾਂ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ।"
ਕੀ ਸੁੱਕ ਰਿਹਾ ਹੈ ਪੰਜਾਬ?

ਪੰਜਾਬ ਦੇ ਜਲ ਸੰਕਟ ਦੀ ਦੂਜੀ ਤਸਵੀਰ ਜ਼ਮੀਨੀ ਪਾਣੀ ਦੇ ਪੱਧਰ ਦਾ ਲਗਾਤਾਰ ਹੇਠਾਂ ਜਾਣਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਹਰ ਸਾਲ ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਔਸਤਨ 51 ਸੈਂਟੀਮੀਟਰ ਹੇਠਾਂ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਵਿੱਚ ਬਤੌਰ ਪ੍ਰਿੰਸੀਪਲ ਵਿਗਿਆਨੀ ਵਜੋਂ ਤੈਨਾਤ ਡਾ. ਸਮਨਪ੍ਰੀਤ ਕਹਿੰਦੇ ਹਨ, "ਪੰਜਾਬ ਵਿੱਚ ਜ਼ਮੀਨੀ ਪਾਣੀ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਅਸੀਂ ਗੰਭੀਰ ਸੰਕਟ ਵਿੱਚ ਫਸਣ ਦੇ ਨੇੜੇ ਹਾਂ।"
ਉਹ ਦੱਸਦੇ ਹਨ, "ਪੰਜਾਬ ਦੇ ਕੁੱਲ 153 ਬਲਾਕਾਂ ਵਿੱਚ 111 ਬਲਾਕ (72%) ਡਾਰਕ ਜ਼ੋਨ ਵਿੱਚ ਹਨ। ਕਿਉਂਕਿ ਪਹਿਲਾਂ ਹੀ ਇਹਨਾਂ ਬਲਾਕਾਂ ਵਿਚੋਂ ਪਾਣੀ ਵੱਧ ਮਾਤਰਾ ਵਿੱਚ ਕੱਢ ਲਿਆ ਗਿਆ ਹੈ। ਸਭ ਤੋਂ ਗੰਭੀਰ ਸਥਿਤੀ ਸੰਗਰੂਰ, ਬਰਨਾਲਾ, ਪਟਿਆਲਾ ਅਤੇ ਮੋਗਾ ਦੀ ਹੈ।"
ਸਾਲਾਨਾ ਗਿਰਾਵਟ ਦਰ
- ਔਸਤਨ - 51 ਸੈਂਟੀਮੀਟਰ
- ਸੰਗਰੂਰ- 102 ਸੈਂਟੀਮੀਟਰ
- ਬਰਨਾਲਾ- 101 ਸੈਂਟੀਮੀਟਰ
- ਪਟਿਆਲਾ - 81 ਸੈਂਟੀਮੀਟਰ
- ਮੋਗਾ- 73 ਸੈਂਟੀਮੀਟਰ
ਕਿਸਾਨਾਂ ਉੱਤੇ ਅਸਰ

ਪਾਣੀ ਦਾ ਪੱਧਰ ਹੇਠਾਂ ਜਾਣ ਦਾ ਸਭ ਤੋਂ ਵੱਡਾ ਅਸਰ ਕਿਸਾਨਾਂ ਉੱਤੇ ਪੈ ਰਿਹਾ ਹੈ। ਸੂਬੇ ਵਿੱਚ ਸਿੰਚਾਈ ਦੇ ਮੁੱਖ ਸਰੋਤਾਂ ਵਿੱਚੋਂ ਅਹਿਮ ਸਰੋਤ ਟਿਊਬਵੈੱਲ ਹਨ। ਪੰਜਾਬ ਦੀ ਖੇਤੀਬਾੜੀ ਨੀਤੀ ਦੇ ਸਾਲ 2024 ਵਿੱਚ ਜਾਰੀ ਕੀਤੇ ਖਰੜੇ ਮੁਤਾਬਕ ਸੂਬੇ ਵਿੱਚ ਬਿਜਲੀ ਅਤੇ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ ਲਗਭਗ 15.29 ਲੱਖ ਤੋਂ ਵੱਧ ਹੈ।
ਕਿਸਾਨਾਂ ਨੂੰ ਹੁਣ ਆਪਣੀਆਂ ਫਸਲਾਂ ਨੂੰ ਸਿੰਜਣ ਵਾਸਤੇ ਨਵੇਂ ਅਤੇ ਡੂੰਘੇ ਬੋਰ ਕਰਨੇ ਪੈ ਰਹੇ ਹਨ। ਪੁਰਾਣੇ ਬੋਰਾਂ ਵਿੱਚ ਪਾਣੀ ਘੱਟ ਨਿਕਲ ਰਿਹਾ ਹੈ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੰਭੜਵਾਲ ਦੇ ਕਿਸਾਨ ਰਾਮ ਸਿੰਘ ਨੂੰ ਆਪਣੇ ਖੇਤਾਂ ਵਿੱਚ ਹੁਣ ਨਵਾਂ ਬੋਰ ਕਰਵਾਉਣਾ ਪੈ ਰਿਹਾ ਹੈ।
ਉਹ ਦੱਸਦੇ ਹਨ, "ਪਹਿਲਾਂ ਮੇਰੇ ਖੇਤਾਂ ਵਿੱਚ 300 ਫੁੱਟ ਡੂੰਘਾ ਬੋਰ ਸੀ। ਉਹ ਪਾਣੀ ਦੀ ਬਜਾਏ ਰੇਤਾ ਕੱਢਣ ਲੱਗ ਪਿਆ ਸੀ। ਹੁਣ ਮੈਂ 550 ਫੁੱਟ ਤੋਂ ਵੱਧ ਬੋਰ ਕਰਵਾ ਰਿਹਾ ਹਾਂ। ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਲਈ ਮੈਂ ਇੰਨਾ ਡੂੰਘਾ ਬੋਰ ਤਾਂ ਕਰਵਾ ਰਿਹਾ ਹਾਂ ਕਿ ਹੁਣ 10 ਸਾਲਾਂ ਤੱਕ ਨਵੇਂ ਬੋਰ ਦੀ ਲੋੜ ਨਾ ਪਵੇ।"
ਨਵੇਂ ਬੋਰ ਕਰਵਾਉਣ ਦਾ ਕਿਸਾਨਾਂ ਉੱਤੇ ਵਿੱਤੀ ਬੋਝ ਵੀ ਪੈਂਦਾ ਹੈ। ਰਾਮ ਸਿੰਘ ਮੁਤਾਬਕ ਨਵੇਂ ਬੋਰ ਉੱਤੇ ਉਸਨੂੰ 2 ਤੋਂ 3 ਲੱਖ ਰੁਪਏ ਤੱਕ ਦਾ ਖ਼ਰਚਾ ਆਉਣ ਦਾ ਅਨੁਮਾਨ ਹੈ।
ਬੋਰ ਕਰਨ ਵਾਲੇ ਬਾਬੂ ਸਿੰਘ ਕਹਿੰਦੇ ਹਨ, "ਮੈਂ 800 ਫੁੱਟ ਤੱਕ ਡੂੰਘਾ ਬੋਰ ਕੀਤਾ ਹੋਇਆ ਸੀ। ਪਰ ਆਮ ਤੌਰ ਉੱਤੇ ਲੋਕ 500 ਤੋਂ 600 ਫੁੱਟ ਤੱਕ ਡੂੰਘੇ ਬੋਰ ਕਰਵਾਉਂਦੇ ਹਨ।"
ਫ਼ਸਲੀ ਚੱਕਰ ਨਾਲ ਕੀ ਸੰਬੰਧ ਹੈ

ਮਾਹਰਾਂ ਮੁਤਾਬਕ ਜ਼ਮੀਨੀ ਪਾਣੀ ਦੇ ਵੱਡੇ ਹਿੱਸੇ ਦੀ ਵਰਤੋਂ ਖੇਤੀ ਲਈ ਹੁੰਦੀ ਹੈ, ਖਾਸ ਕਰਕੇ ਝੋਨੇ ਦੀ ਫ਼ਸਲ ਵਾਸਤੇ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਝੋਨੇ ਹੇਠ ਰਕਬਾ ਘਟਾਉਣ ਲਈ ਜ਼ੋਰ ਲਗਾ ਰਹੇ ਹਨ। ਪਰ ਕਿਸਾਨਾਂ ਮੁਤਾਬਕ ਝੋਨੇ ਦੀ ਫਸਲ ਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਹੈ।
ਯੂਨੀਵਰਸਿਟੀ ਵਿੱਚ ਪ੍ਰਿੰਸੀਪਲ ਵਿਗਿਆਨੀ ਵਜੋਂ ਤੈਨਾਤ ਡਾ. ਸਮਨਪ੍ਰੀਤ ਕਹਿੰਦੇ ਹਨ, "ਪਾਣੀ ਡੂੰਘੇ ਹੋਣ ਦਾ ਮੁੱਖ ਕਾਰਨ ਪੰਜਾਬ ਦਾ ਫ਼ਸਲੀ ਚੱਕਰ ਹੈ। ਪੰਜਾਬ ਵਿੱਚ ਕਈ ਦਹਾਕੇ ਪਹਿਲਾਂ ਸਿਰਫ਼ 2 ਲੱਖ ਹੈਕਟੇਅਰ ਵਿੱਚ ਝੋਨਾ ਲੱਗਦਾ ਸੀ ਜੋ ਹੁਣ ਵੱਧਕੇ 32 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ ਹੈ। ਇੱਕ ਕਿੱਲੋ ਚੌਲ ਉਗਾਉਣ ਵਾਸਤੇ 4000 ਲੀਟਰ ਤੱਕ ਪਾਣੀ ਲੱਗਦਾ ਹੈ।"
ਕਿਸਾਨ ਝੋਨੇ ਦੀ ਫ਼ਸਲ ਕਿਉਂ ਨਹੀਂ ਛੱਡ ਰਹੇ

ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੇ ਕਿਸਾਨ ਜਗਜੀਤ ਸਿੰਘ ਕਹਿੰਦੇ ਹਨ, "ਝੋਨੇ ਦੀ ਫ਼ਸਲ ਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਹੈ। ਕਣਕ ਦੀ ਫ਼ਸਲ ਦਾ ਵੱਡਾ ਹਿੱਸਾ ਘਰ ਵਿੱਚ ਖ਼ੁਰਾਕ ਵਜੋਂ ਇਸਤੇਮਾਲ ਹੁੰਦਾ ਹੈ। ਇਸ ਲਈ ਕਣਕ ਤੋਂ ਤਾਂ ਖ਼ਰਚੇ ਹੀ ਪੂਰੇ ਹੁੰਦੇ ਹਨ।"
"ਸਾਨੂੰ ਪਤਾ ਹੈ ਪਾਣੀ ਦਾ ਪੱਧਰ ਡੂੰਘਾ ਹੋ ਰਿਹਾ ਹੈ। ਸਾਨੂੰ ਖ਼ੁਦ ਵੀ ਇਸਦੇ ਨਤੀਜੇ ਭੁਗਤਣੇ ਪੈਣਗੇ। ਅਸੀਂ ਵੀ ਝੋਨੇ ਦੀ ਜਗ੍ਹਾ ਹੋਰ ਫ਼ਸਲਾਂ ਬੀਜਣੀਆਂ ਚਾਹੁੰਦੇ ਹਾਂ। ਪਰ ਅਸੀਂ ਮਜ਼ਬੂਰ ਹਾਂ, ਕਿਉਂਕਿ ਸਿਰਫ਼ ਝੋਨੇ ਅਤੇ ਕਣਕ ਉੱਤੇ ਹੀ ਯਕੀਨਨ ਐੱਮਐੱਸਪੀ ਮਿਲਦੀ ਹੈ।"
"ਮੈਂ ਗੰਨਾ, ਕਪਾਹ ਅਤੇ ਮੂੰਗੀ ਦੀ ਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਆਮਦਨ ਨਹੀਂ ਹੋਈ। ਇਸ ਲਈ ਮੈਂ ਹੁਣ ਸਿਰਫ਼ ਝੋਨਾ ਹੀ ਬੀਜਦਾ ਹਾਂ।"
ਬਰਨਾਲਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਸੁਖਪਾਲ ਸਿੰਘ ਕਹਿੰਦੇ ਹਨ, "ਅਸੀਂ ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਹੋਰ ਫਸਲਾਂ ਬੀਜਣ ਵਾਸਤੇ ਪ੍ਰੇਰਿਤ ਕਰਦੇ ਹਾਂ।"
"ਪਰ ਕਿਸਾਨਾਂ ਦੀ ਆਮਦਨ ਝੋਨੇ ਉੱਤੇ ਹੀ ਨਿਰਭਰ ਹੈ। ਇਸ ਲਈ ਅਸੀਂ ਕਿਸਾਨਾਂ ਨੂੰ ਸਿੱਧੀ ਬਿਜਾਈ ਵਿਧੀ ਰਾਹੀਂ ਝੋਨਾ ਲਾਉਣ ਵਾਸਤੇ ਵੀ ਪ੍ਰੇਰਿਤ ਕਰਦੇ ਹਾਂ। ਇਸ ਵਿਧੀ ਰਾਹੀਂ ਝੋਨੇ ਵਾਸਤੇ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ।
"ਇਸ ਵਿਧੀ ਰਾਹੀਂ ਲੱਗੇ ਝੋਨੇ ਹੇਠ ਰਕਬਾ ਬਰਨਾਲਾ ਜ਼ਿਲ੍ਹੇ ਵਿੱਚ ਵਧਿਆ ਹੈ। ਇਸ ਦੇ ਨਾਲ ਹੀ ਅਸੀਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਬੀਜਣ ਲਈ ਕਹਿੰਦੇ ਹਾਂ। ਇਹ ਕਿਸਮਾਂ ਵੀ ਘੱਟ ਪਾਣੀ ਲੈਂਦੀਆਂ ਹਨ।"
ਸਥਿਤੀ ਵਿੱਚ ਸੁਧਾਰ ਦੀ ਕਿੰਨੀ ਉਮੀਦ

ਇਸੇ ਸੰਕਟ ਦਰਮਿਆਨ ਸਥਿਤੀ ਵਿੱਚ ਸੁਧਾਰ ਵੀ ਹੋਇਆ ਹੈ। ਮਾਰਚ ਮਹੀਨੇ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਕੇਂਦਰੀ ਗਰਾਊਂਡ ਵਾਟਰ ਬੋਰਡ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਮਾਪਣ ਲਈ ਬਣੇ ਖੂਹਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 57 ਫ਼ੀਸਦ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਇਹ ਵਾਧਾ ਜ਼ਿਆਦਾਤਰ 0 ਤੋਂ 2 ਮੀਟਰ ਤੱਕ ਹੈ।
ਖੇਤੀਬਾੜੀ ਦੀ ਜ਼ਮੀਨੀ ਪਾਣੀ ਤੋਂ ਨਿਰਭਰਤਾ ਘਟਾਉਣ ਵਾਸਤੇ ਕਈ ਯਤਨ ਵੀ ਹੋ ਰਹੇ ਹਨ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਨੂੰ ਬਹਾਲ ਕਰਨ ਵਾਸਤੇ ਕਈ ਕਦਮ ਚੁੱਕੇ ਹਨ। ਪੰਜਾਬ ਸਰਕਾਰ ਦੇ ਦਾਅਵਿਆਂ ਮੁਤਾਬਕ ਅਜਿਹੇ ਕਈ ਕਿਸਾਨ ਹਨ, ਜਿਨ੍ਹਾਂ ਦੇ ਖੇਤਾਂ ਵਿੱਚ ਪਹਿਲੀ ਵਾਰੀ ਨਹਿਰੀ ਪਾਣੀ ਪਹੁੰਚਿਆ ਹੈ।
ਨਹਿਰੀ ਪਾਣੀ ਦਾ ਖੇਤੀ ਲਈ ਕਿੰਨਾ ਯੋਗਦਾਨ

ਫ਼ਾਜ਼ਿਲਕਾ ਜ਼ਿਲ੍ਹੇ ਦੇ ਰੰਗੀਲਾ ਪਿੰਡ ਦਾ ਵਸਨੀਕ ਲਾਲ ਚੰਦ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਹਨ, ਜੋ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਹਿਲੀ ਵਾਰੀ ਨਹਿਰੀ ਪਾਣੀ ਪੁੱਜਾ ਹੈ।
ਲਾਲ ਚੰਦ ਕਹਿੰਦੇ ਹਨ, "ਮੇਰੇ ਖੇਤਾਂ ਵਿੱਚ ਹੁਣ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈ। ਮੇਰੇ ਪਿਉ ਅਤੇ ਦਾਦੇ ਵੀ ਕਈ ਕੋਸ਼ਿਸ਼ਾਂ ਕਰਦੇ ਰਹੇ ਪਰ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਕਦੀ ਨਹੀਂ ਸੀ ਪਹੁੰਚਿਆ। ਪਹਿਲਾਂ ਖਾਲੇ ਕੱਚੇ ਹੁੰਦੇ ਸਨ। ਹੁਣ ਮੇਰੇ ਖੇਤਾਂ ਤੱਕ ਪੱਕੇ ਖਾਲੇ ਬਣ ਗਏ ਹਨ ਅਤੇ ਆਰਾਮ ਨਾਲ ਪਾਣੀ ਪਹੁੰਚ ਰਿਹਾ ਹੈ।"
ਨਹਿਰੀ ਪਾਣੀ ਦੀਆਂ ਚੁਣੌਤੀਆਂ

ਇਸ ਦੌਰਾਨ ਕਈ ਕਿਸਾਨ ਅਜਿਹੇ ਵੀ ਹਨ, ਜਿਹੜੇ ਆਪਣੀਆਂ ਫ਼ਸਲਾਂ ਨੂੰ ਨਹਿਰੀ ਪਾਣੀ ਨਾਲ ਪੂਰੀ ਤਰ੍ਹਾਂ ਸਿੰਜਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਸੰਗਰੂਰ ਦੇ ਜਹਾਂਗੀਰ ਪਿੰਡ ਦੇ ਕਿਸਾਨ ਰਣਧੀਰ ਸਿੰਘ ਕਹਿੰਦੇ ਹਨ, "ਮੇਰੇ ਕੋਲ 20 ਏਕੜ ਹਨ ਅਤੇ ਉਨ੍ਹਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪਰ ਪਾਣੀ ਬਹੁਤ ਘੱਟ ਆਉਂਦਾ ਹੈ ਅਤੇ ਪਾਣੀ ਦੀ ਵਾਰੀ ਵਾਸਤੇ ਵੀ ਘੱਟ ਸਮਾਂ ਮਿਲਦਾ ਹੈ।"
"ਮੇਰੀ ਹਫਤੇ ਬਾਅਦ ਵਾਰੀ ਆਉਂਦੀ ਹੈ ਅਤੇ ਮੇਰੇ ਸਿਰਫ 2 ਏਕੜ ਨੂੰ ਹੀ ਪਾਣੀ ਮਿਲਦਾ ਹੈ। ਇੱਕ ਏਕੜ ਵਾਸਤੇ 12 ਮਿੰਟ ਦੀ ਵਾਰੀ ਮਿਲਦੀ ਹੈ। ਇੰਨੇ ਸਮੇਂ ਵਿੱਚ ਇੱਕ ਏਕੜ ਨਹੀਂ ਭਰਦਾ। ਇਸ ਤੋਂ ਇਲਾਵਾ ਨਹਿਰਾਂ ਵਿੱਚ ਕੁਝ ਮਹੀਨੇ ਹੀ ਪਾਣੀ ਚੱਲਦਾ ਹੈ।"
ਮੰਤਰੀ ਨੇ ਕੀ ਕਿਹਾ

ਸਰਕਾਰ ਦੀਆਂ ਸਿੰਚਾਈ ਪਹਿਲਕਦਮੀਆਂ ਬਾਰੇ ਪੰਜਾਬ ਦੇ ਜਲ ਸਰੋਤ, ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਨੇ 11 ਜੁਲਾਈ ਨੂੰ ਸਮਰਾਲਾ ਵਿਖੇ ਇੱਕ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ, "ਨਹਿਰੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਲਗਭਗ 7,200 ਕਰੋੜ ਰੁਪਏ ਖਰਚ ਕੀਤੇ ਗਏ ਹਨ।"
ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ 2022 ਵਿੱਚ 26 ਪ੍ਰਤੀਸ਼ਤ ਤੋਂ ਵੱਧ ਕੇ 86 ਪ੍ਰਤੀਸ਼ਤ ਹੋ ਗਈ ਹੈ, ਜਿਸ ਨਾਲ ਸਰਕਾਰ ਦਾ ਟੀਚਾ ਪੂਰੀ ਵਰਤੋਂ ਪ੍ਰਾਪਤ ਕਰਨਾ ਹੈ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਪੰਜਾਬ ਭਰ ਦੇ 1,550 ਪਿੰਡਾਂ ਤੱਕ ਪਹੁੰਚਿਆ ਹੈ। ਉਨ੍ਹਾਂ ਇਸਨੂੰ ਭੂਮੀਗਤ ਪਾਣੀ ਦੀ ਸੰਭਾਲ, ਬਿਜਲੀ ਦੀ ਘੱਟ ਖ਼ਪਤ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਵੱਲ ਇੱਕ ਵੱਡਾ ਕਦਮ ਦੱਸਿਆ।
ਪਾਣੀ ਨਾਲ ਸਬੰਧਿਤ ਇਨ੍ਹਾਂ ਮਾਮਲਿਆਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ। ਪਰ ਸੰਪਰਕ ਨਹੀਂ ਹੋ ਸਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















