ਜੀਓ ਦੇ ਆਈਪੀਓ ਨੇ ਖੁੱਲ੍ਹਦੇ ਹੀ ਰਿਕਾਰਡ ਬਣਾਇਆ ਹੈ, ਜਾਣੋ ਕੀ ਹੈ ਇਹ ਰਿਕਾਰਡ ਅਤੇ ਆਈਪੀਓ ਕੀ ਹੁੰਦਾ ਹੈ

ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ
ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅੰਬਾਨੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮੀਟਡ ਦੇ ਟੈਲੀਕਮਿੂਨੀਕੇਸ਼ਨ ਵੈਂਚਰ ਜੀਓ ਦਾ IPO ਬੁੱਧਵਾਰ ਨੂੰ ਖੁੱਲ੍ਹ ਗਿਆ ਤੇ ਖੁੱਲ੍ਹਦੇ ਹੀ ਇਸ ਨੇ ਰਿਕਾਰਡ ਬਣਾ ਦਿੱਤਾ।

ਇਸ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਇਹ ਸਮਝ ਲੈਂਦੇ ਹਾਂ ਕਿ ਆਈਪੀਓ ਹੈ ਕੀ?

ਆਈਪੀਓ ਦਾ ਪੂਰਾ ਨਾਮ ਇਨੀਸ਼ੀਅਲ ਪਬਲਿਕ ਆਫਰਿੰਗ ਹੈ। ਜਦੋਂ ਕੋਈ ਪ੍ਰਾਈਵੇਟ ਕੰਪਨੀ ਪਹਿਲੀ ਵਾਰ ਆਮ ਲੋਕਾਂ ਨੂੰ ਆਪਣੇ ਸ਼ੇਅਰ ਵੇਚਦੀ ਹੈ, ਤਾਂ ਉਸ ਨੂੰ ਆਈਪੀਓ ਕਿਹਾ ਜਾਂਦਾ ਹੈ। ਜਿਹੜੀ ਕੰਪਨੀ ਲੋਕਾਂ ਨੂੰ ਇਹ ਸ਼ੇਅਰ ਵੇਚਦੀ ਹੈ ਉਸ ਨੂੰ ਜਾਰੀਕਰਤਾ ਯਾਨਿ ਕਿ ਈਸ਼ੂਅਰ ਕਿਹਾ ਜਾਂਦਾ ਹੈ।

ਇੱਕ ਹੀ ਦਿਨ ਵਿੱਚ ਬਣਾਇਆ ਰਿਕਾਰਡ

ਜੀਓ ਪਲੇਟਫਾਰਮ ਦੀ ਜ਼ਿੰਮੇਵਾਰੀ ਹੁਣ ਮੁਕੇਸ਼ ਅੰਬਾਨੀ ਦੀ ਅਗਲੀ ਪੀੜੀ ਦੇ ਕੋਲ ਹੈ
ਤਸਵੀਰ ਕੈਪਸ਼ਨ, ਜੀਓ ਪਲੇਟਫਾਰਮ ਦੀ ਜ਼ਿੰਮੇਵਾਰੀ ਹੁਣ ਮੁਕੇਸ਼ ਅੰਬਾਨੀ ਦੀ ਅਗਲੀ ਪੀੜੀ ਦੇ ਕੋਲ ਹੈ

ਬੁੱਧਵਾਰ ਨੂੰ ਇਸਦੇ ਖੁੱਲ੍ਹਦੇ ਹੀ ਕੁਆਲੀਫਾਈਡ ਇੰਸਟੀਟਿਊਸ਼ਨਲ ਬਾਇਰਸ (ਕਿਊਆਈਬੀ) ਕੈਟੇਗਰੀ 10 ਮਿੰਟ ਵਿੱਚ ਹੀ ਦੁੱਗਣੇ ਤੋਂ ਵੀ ਵੱਧ ਸਬਸਕ੍ਰਾਈਬ ਹੋ ਗਿਆ।

ਕੁਆਲੀਫਾਈਡ ਇੰਸਟੀਟਿਊਸ਼ਨਲ ਬਾਇਰਸ (ਕਿਊਆਈਬੀ) ਦੀ ਕੈਟੇਗਰੀ ਵਿੱਚ ਆਉਣ ਵਾਲੇ ਲੋਕ ਹਨ ਵੱਡੇ ਸੰਸਥਾਗਤ ਨਿਵੇਸ਼ਕ- ਜਿਵੇਂ ਮਿਊਚੁਅਲ ਫੰਡ, ਬੈਂਕ ਅਤੇ ਬੀਮਾ ਕੰਪਨੀਆਂ।

ਇਸ ਕੈਟੇਗਰੀ ਦੇ ਲਈ 4,90,07,827 ਸ਼ੇਅਰ ਬਾਜ਼ਾਰ ਆਫ਼ਰ ਹੋਏ ਸਨ, ਪਰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਡਿਮਾਂਡ ਰਿਜ਼ਰਵਡ ਅਮਾਊਂਟ ਤੋਂ ਦੁੱਗਣੀ ਹੋ ਗਈ ਸੀ। ਇਸੇ ਕਰਕੇ ਹੀ ਆਈਪੀਓ ਨੂੰ ਦੋ ਗੁਣਾ ਸਬਸਕ੍ਰਾਈਬ ਹੋਇਆ ਕਿਹਾ ਗਿਆ।

ਕਿਹਾ ਗਿਆ ਹੈ ਕਿ ਜੀਓ ਇਸ ਆਈਪੀਓ ਦੇ ਜ਼ਰੀਏ 30, 213 ਕਰੋੜ ਰੁਪਏ ਇਕੱਠਾ ਕਰੇਗੀ। ਕੰਪਨੀ ਇਸ ਰਕਮ ਦੀ ਵਰਤੋਂ ਆਪਣਾ ਕਰਜ਼ਾ ਚੁਕਾਉਣ ਅਤੇ ਰਿਲਾਇੰਸ ਜੀਓ ਇਨਫੋਕੌਮ ਦਾ ਵਿਸਥਾਰ ਕਰਨ ਵਿੱਚ ਕਰੇਗੀ।

ਕੁੱਲ ਮਿਲਾ ਕੇ ਆਈਪੀਓ ਪਹਿਲੇ ਦਿਨ 3 ਗੁਣਾ ਓਵਰ ਸਬਸਕ੍ਰਾਈਬਡ ਹੋਇਆ। ਕਿਊਆਈਬੀ ਕੈਟੇਗਰੀ ਵਿੱਚ 9 ਗੁਣਾ ਬੋਲੀਆਂ ਮਿਲੀਆਂ ਹਨ, ਜਦਕਿ ਰਿਟੇਲ ਨਿਵੇਸ਼ਕਾਂ ਦਾ ਹਿੱਸਾ 68 ਫ਼ੀਸਦ ਸਬਸਕ੍ਰਾਈਬਡ ਹੋ ਗਿਆ ਹੈ।

ਜੀਓ ਦਾ ਆਈਪੀਓ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਹੈ। ਸਤੰਬਰ ਮਹੀਨੇ ਵਿੱਚ ਆਇਆ ਨੈਸ਼ਨਲ ਸਟੌਕ ਐਕਸਚੇਂਜ ਯਾਨਿ ਐੱਨਐੱਸਈ ਦਾ ਆਈਪੀਓ 22, 560 ਕਰੋੜ ਰੁਪਏ ਸੀ।

ਜੀਓ ਪਲੇਟਫਾਰਮ ਨੇ ਆਪਣੇ ਆਈਪੀਓ ਦੇ ਲਈ ਪ੍ਰਤੀ ਸ਼ੇਅਰ 1065 ਤੋਂ 1119 ਰੁਪਏ ਦਾ ਪ੍ਰਾਈਜ਼ ਬੈਂਡ ਤੈਅ ਕੀਤਾ ਹੈ।

ਇਹ ਆਈਪੀਓ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਸ਼ੇਅਰ ਬਾਜ਼ਾਰ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਐੱਨਐੱਸਈ ਦਾ ਮੁੱਖ ਇੰਡੈਕਸ ਨਿਫ਼ਟੀ-50 ਇਸ ਸਾਲ ਹੁਣ ਤੱਕ 12 ਫ਼ੀਸਦ ਤੋਂ ਵੱਧ ਡਿੱਗ ਚੁੱਕਾ ਹੈ।

ਨਿਫ਼ਟੀ-50 ਵਿੱਚ ਭਾਰਤ ਦੀਆਂ 50 ਮੁੱਖ ਹਸਤੀਆਂ ਦੇ ਸ਼ੇਅਰ ਸ਼ਾਮਲ ਹਨ।

ਜੀਓ ਦੇ ਆਈਪੀਓ ਨੂੰ ਮਿਲਿਆ ਜ਼ਬਰਦਸਤ ਰਿਸਪੌਂਸ ਇਸ ਮਾਅਨੇ ਵਿੱਚ ਅਹਿਮ ਹੈ ਕਿਉਂਕਿ ਹੁਣ ਤੱਕ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ 13 ਆਈਪੀਓ ਵਿੱਚੋਂ 8 ਨੇ ਸ਼ੇਅਰ ਬਾਜ਼ਾਰ ਵਿੱਚ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕੀਤੀ, ਜਿਸਦੀ ਜ਼ਿਆਦਾਤਰ ਨਿਵੇਸ਼ਕ ਉਮੀਦ ਕਰ ਰਹੇ ਸਨ।

ਕੇਜਰੀਵਾਲ ਰਿਸਰਚ ਐਂਡ ਇਨਵੈਸਟਮੈਂਟ ਸਰਵਸਿਜ਼ ਦੇ ਅਰੁਣ ਕੇਜਰੀਵਾਲ ਨੇ ਬੀਬੀਸੀ ਨੂੰ ਕਿਹਾ ਕਿ ਸ਼ੇਅਰ ਬਾਜ਼ਾਰ ਵਿੱਚ ਸੁਸਤੀ ਦੇ ਬਾਵਜੂਦ ਬਾਜ਼ਾਰ ਵਿੱਚ ਲਗਾਤਾਰ ਹਲਚਲ ਹੈ।

ਆਕਰਸ਼ਕ ਵੈਲਿਊਏਸ਼ਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਰੋਬਾਰ ਵਿੱਚ ਵਿਸਥਾਰ ਦੀ ਸਮਰੱਥਾ ਰੱਖਣ ਵਾਲੀਆਂ ਟੈਕਨੌਲਜੀ ਕੰਪਨੀਆਂ ਵਿੱਚ ਦਿਲਚਸਪੀ ਦੇ ਕਾਰਨ ਕੰਪਨੀਆਂ ਅਤੇ ਛੋਟੇ ਨਿਵੇਸ਼ਕ ਦੋਵੇਂ ਹੀ ਆਈਪੀਓ ਵਿੱਚ ਨਿਵੇਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਆਈਪੀਓ ਦੀਆਂ ਕੀਮਤਾਂ ਇਸ ਤਰ੍ਹਾਂ ਤੈਅ ਕੀਤੀਆਂ ਜਾ ਰਹੀਆਂ ਹਨ ਕਿ ਉਹ ਪਹਿਲਾਂ ਤੋਂ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀਆਂ ਦੇ ਮੁਕਾਬਲੇ ਘੱਟ ਵੈਲਿਊਏਸ਼ ਅਤੇ ਘੱਟ ਪ੍ਰਾਈਸ-ਟੂ-ਅਰਨਿੰਗ ਰੇਸ਼ੀਓ ਨੂੰ ਦਰਸਾਉਂਦੀ ਹੈ। ਇਸ ਨਾਲ ਆਈਪੀਓ ਨਿਵੇਸ਼ਕਾਂ ਦੇ ਲਈ ਆਕਰਸ਼ਕ ਬਣ ਰਹੇ ਹਨ।

ਪੀ/ਈ ਰੇਸ਼ੀਓ ਤੋਂ ਪਤਾ ਲੱਗਦਾ ਹੈ ਕਿ ਨਿਵੇਸ਼ਕ ਕਿਸੇ ਕੰਪਨੀ ਦੀ ਕਮਾਈ ਦੇ ਹਰ ਇੱਕ ਰੁਪਏ ਦੇ ਲਈ ਕਿੰਨੀ ਕੀਮਤ ਚੁਕਾਉਣ ਨੂੰ ਤਿਆਰ ਹੈ।

ਪੰਜ ਵੱਡੇ ਆਈਪੀਓ ਦਾ ਕੀ ਹਾਲ ਰਿਹਾ

ਐਨਐਸਈ
ਤਸਵੀਰ ਕੈਪਸ਼ਨ, ਸਤੰਬਰ ਵਿੱਚ ਆਇਆ ਨੈਸ਼ਨਲ ਸਟੌਕ ਐਕਸਚੇਂਜ ਦਾ ਆਈਪੀਓ 225 ਅਰਬ ਰੁਪਏ ਤੋਂ ਵੱਧ ਦਾ ਸੀ

ਐੱਨਐੱਸਈ

ਇਸੇ ਸਾਲ ਸਤੰਬਰ ਮਹੀਨੇ ਵਿੱਚ ਐੱਨਐੱਸਈ ਦਾ ਸ਼ੇਅਰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਇਆ ਸੀ। ਨੈਸ਼ਨਲ ਸਟੌਕ ਐਕਸਚੇਂਜ ਆਫ ਇੰਡੀਆ ਦੇ ਸ਼ੇਅਰ ਆਪਣੇ ਈਸ਼ੂ ਪ੍ਰਾਈਜ਼ ਤੋਂ ਸਿਰਫ਼ 0.84 ਫ਼ੀਸਦ ਪ੍ਰੀਮੀਅਮ 'ਤੇ ਲਿਸਟ ਹਏ ਸਨ।

ਹੁੰਡਈ ਮੋਟਰਸ ਇੰਡੀਆ

ਅਕਤੂਬਰ 2024 ਵਿੱਚ ਹੁੰਡਈ ਮੋਟਰਸ ਇੰਡੀਆ ਦੇ 27,858 ਕਰੋੜ ਰੁਪਏ ਦੇ ਆਈਪੀਓ ਦੀ ਸ਼ੁਰੂਆਤ ਵੀ ਫਿੱਕੀ ਰਹੀ ਸੀ। ਇਸਦੇ ਸ਼ੇਅਰ 1960 ਰੁਪਏ ਦੇ ਈਸ਼ੂ ਪ੍ਰਾਈਜ਼ ਦੇ ਮੁਕਾਬਲੇ 1,934 ਰੁਪਏ ਪ੍ਰਤੀ ਸ਼ੇਅਰ 'ਤੇ ਲਿਸਟ ਹੋਏ ਸਨ।

ਐੱਲਆਈਸੀ

ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਐੱਲਆਈਸੀ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਵੀ ਨਿਵੇਸ਼ਕਾਂ ਲਈ ਨਿਰਾਸ਼ਾਜਨਕ ਰਹੀ ਸੀ।

ਮਈ 2022 ਵਿੱਚ ਐੱਲਆਈਸੀ ਦੇ ਸ਼ੇਅਰ 949 ਰੁਪਏ ਦੇ ਈਸ਼ੂ ਪ੍ਰਾਈਜ਼ ਦੇ ਮੁਕਾਬਲੇ 867.20 ਰੁਪਏ 'ਤੇ ਲਿਸਟ ਹੋਏ ਸਨ। ਇਹ ਈਸ਼ੂ ਪ੍ਰਾਈਜ਼ ਤੋਂ 8.62 ਫ਼ੀਸਦ ਘੱਟ ਸੀ।

ਪੇਟੀਐੱਮ

ਪੇਟੀਐੱਮ ਦੀ ਮੂਲ ਕੰਪਨੀ ਵਨ97 ਕਮਿਊਨੀਕੇਸ਼ਨਜ਼ ਦੇ 18,300 ਕਰੋੜ ਰੁਪਏ ਦੇ ਆਈਪੀਓ ਦਾ ਸਫ਼ਰ ਨਵੰਬਰ 2021 ਵਿੱਚ ਲਿਸਟਿੰਗ ਤੋਂ ਬਾਅਦ ਤੋਂ ਕਈ ਵੱਡੇ ਉਤਾਰ-ਚੜਾਅ ਨਾਲ ਭਰਿਆ ਰਿਹਾ ਹੈ।

ਪੇਟੀਐੱਮ ਦੇ ਸ਼ੇਅਰ 2150 ਰੁਪਏ ਦੇ ਆਈਪੀਓ ਪ੍ਰਾਈਜ਼ ਦੇ ਮੁਕਾਬਲੇ 1950 ਰੁਪਏ 'ਤੇ ਲਿਸਟ ਹੋਏ ਸਨ। ਇਹ ਈਸ਼ੂ ਪ੍ਰਾਈਜ਼ ਤੋਂ 9.3 ਫ਼ੀਸਦ ਘੱਟ ਸੀ।

ਐੱਲਜੀ ਇਲੈਕਟ੍ਰੋਨਿਕਸ

ਐੱਲਜੀ ਇਲੈਕਟ੍ਰੋਨਿਕਸ ਇੰਡੀਆ ਦਾ ਆਈਪੀਓ ਅਕਤੂਬਰ 2025 ਵਿੱਚ ਆਇਆ ਸੀ ਅਤੇ ਇਸ ਨੂੰ ਨਿਵੇਸ਼ਕਾਂ ਦਾ ਭਾਰੀ ਸਮਰਥਨ ਮਿਲਿਆ ਸੀ। ਇਸਦੇ ਸ਼ੇਅਰ ਈਸ਼ੂ ਪ੍ਰਾਈਜ਼ ਤੋਂ 50 ਫ਼ੀਸਦ ਪ੍ਰੀਮੀਅਮ 'ਤੇ ਲਿਸਟ ਹੋਏ ਸਨ।

ਇਸ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਵੱਡੇ ਆਈਪੀਓ ਵਿਚਾਲੇ ਲਿਸਟਿੰਗ ਦੇ ਦਿਨ ਇਹ ਸਭ ਤੋਂ ਵੱਡਾ ਉਛਾਲ ਸੀ।

ਜੀਓ ਦੇ ਸਾਹਮਣੇ ਕੀ ਹਨ ਚੁਣੌਤੀਆਂ?

ਆਈਪੀਓ
ਤਸਵੀਰ ਕੈਪਸ਼ਨ, ਆਈਪੀਓ ਨਾਲ ਜੀਓ ਆਪਣਾ ਕਰਜ਼ਾ ਚੁਕਾਏਗੀ ਤੇ ਨਾਲ ਹੀ ਰਿਲਾਇੰਸ ਇਨਫੋਕੌਮ ਦਾ ਵੀ ਵਿਸਥਾਰ ਕਰੇਗੀ ਪਰ ਉਸਦੇ ਸਾਹਮਣੇ ਚੁਣੌਤੀਆਂ ਵੀ ਹਨ

ਸੈਂਟਰਮ ਇੰਸਟੀਟਿਊਸ਼ਨਲ ਰਿਸਰਚ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਜੀਓ ਮਜ਼ਬੂਤ ਨੈੱਟਵਰਕ ਦੇ ਮਾਮਲੇ ਵਿੱਚ ਕਾਫ਼ੀ ਅੱਗੇ ਹੈ।

ਵੱਡੇ ਪੱਧਰ ਉੱਤੇ ਬੁਨਿਆਦੀ ਢਾਂਚੇ ਅਤੇ ਲਗਾਤਾਰ ਗਹਿਰਾਉਂਦੇ ਡਿਜੀਟਲ ਇਕੋਸਿਸਟਮ ਦੇ ਦਮ 'ਤੇ ਜੀਓ ਮਿਡਲ ਤੋਂ ਲੰਬੇ ਸਮੇਂ ਵਿੱਚ ਗ੍ਰੋਥ ਦੀ ਚੰਗੀ ਸੰਭਾਵਨਾ ਬਣਾਈ ਰੱਖ ਸਕਦੀ ਹੈ।

ਹਾਲਾਂਕਿ, ਵਿਸ਼ਲੇਸ਼ਕਾਂ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਕੰਪਨੀ ਲਈ ਮੁਕਾਬਲਾ ਲਗਾਤਾਰ ਸਖ਼ਤ ਬਣਿਆ ਰਹੇਗਾ। ਇਸ ਵਿੱਚ ਸਰਵਿਸ ਦੀਆਂ ਕੀਮਤਾਂ ਨੂੰ ਲੈ ਕੇ ਜੰਗ ਅਤੇ ਗਾਹਕਾਂ ਦੇ ਹੋਰਨਾਂ ਕੰਪਨੀਆਂ ਵੱਲ ਜਾਣ ਦਾ ਸੰਭਾਵਿਤ ਜੋਖ਼ਮ ਸ਼ਾਮਲ ਹੈ।

ਹਾਲ ਹੀ ਵਿੱਚ ਟੈਕਨੋਲਜੀ ਖੇਤਰ ਦੇ ਅਰਬਪਤੀ ਈਲੋਨ ਮਸਕ ਨੇ ਘੱਟ ਕੀਮਤ ਵਾਲੀਆਂ ਸੇਵਾਵਾਂ ਲਈ ਪਛਾਣੇ ਜਾਂਦੇ ਰਿਲਾਇੰਸ ਜੀਓ ਵਾਲੇ ਰਿਲਾਇੰਸ ਜੀਓ ਨੂੰ ਜਨਤਕ ਰੂਪ ਨਾਲ ਚੁਣੌਤੀ ਦਿੱਤੀ ਸੀ।

ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਇੰਟਰਨੈੱਟ ਸੇਵਾ ਭਾਰਤ ਵਿੱਚ ਕਫਾਇਤੀ ਕੀਮਤ 'ਤੇ ਮੁਹੱਈਆ ਕਰਵਾਈ ਜਾਵੇਗੀ।

ਭਾਰਤ ਵਿੱਚ ਵਪਾਰਕ ਸੇਵਾ ਸ਼ੁਰੂ ਕਰਨ ਲਈ ਆਖ਼ਰੀ ਮੰਜ਼ੂਰੀ ਮਿਲਣ ਵਿੱਚ ਹੋ ਰਹੀ ਦੇਰੀ ਵਿਚਾਲੇ ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਅੰਬਾਨੀ ਦੀ ਆਲੋਚਨਾ ਕੀਤੀ ਸੀ।

ਇਹ ਆਲੋਚਨਾ ਉਦੋਂ ਹੋਰ ਤੇਜ਼ ਹੋ ਗਈ, ਜਦੋਂ ਮਸਕ ਨੇ ਸਵਾਲ ਚੁੱਕਿਆ ਕਿ ਕੀ ਅੰਬਾਨੀ ਹੀ ''ਭਾਰਤ ਦੇ ਅਸਲੀ ਬੌਸ'' ਹਨ।

ਅੰਬਾਨੀ ਜਾਂ ਰਿਲਾਇੰਸ ਨੇ ਇਨ੍ਹਾਂ ਹਮਲਿਆਂ ਦਾ ਸਿੱਧੇ ਤੌਰ ਉੱਤੇ ਕੋਈ ਜਵਾਬ ਨਹੀਂ ਦਿੱਤਾ ਸੀ।

ਧੀਰੂਬਾਈ ਅੰਬਾਨੀ ਆਪਣੇ ਪੁੱਤਰ ਮੁਕੇਸ਼ ਅੰਬਾਨੀ ਦੇ ਨਾਲ (ਫਾਈਲ ਫੋਟੋ)
ਤਸਵੀਰ ਕੈਪਸ਼ਨ, ਧੀਰੂਬਾਈ ਅੰਬਾਨੀ ਆਪਣੇ ਪੁੱਤਰ ਮੁਕੇਸ਼ ਅੰਬਾਨੀ ਦੇ ਨਾਲ (ਫਾਈਲ ਫੋਟੋ)

ਰਿਟੇਲ ਨਿਵੇਸ਼ਕ ਲੰਬੇ ਸਮੇਂ ਤੋਂ ਰਿਲਾਇੰਸ ਸਮੂਹ ਦੀਆਂ ਕੰਪਨੀਆਂ ਨੂੰ ਜਾਇਦਾਦ ਬਣਾਉਣ ਵਾਲੀਆਂ ਕੰਪਨੀਆਂ ਦੇ ਤੌਰ 'ਤੇ ਦੇਖਦੇ ਆਏ ਹਨ ਅਤੇ ਸਮੂਹ ਦੀਆਂ ਕੰਪਨੀਆਂ ਦੇ ਆਈਪੀਓ ਦੀ ਉਡੀਕ ਕਰਦੇ ਰਹੇ ਹਨ।

ਰਿਲਾਇੰਸ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਸ਼ੇਅਰਧਾਰਕਾਂ ਨੂੰ ਮਸ਼ਹੂਰ ਤੌਰ 'ਤੇ ''ਰਿਲਾਇੰਸ ਪਰਿਵਾਰ'' ਦਾ ਹਿੱਸਾ ਕਹਿੰਦੇ ਸਨ।

ਇਹ ਰਵਾਇਤ ਅੱਗੇ ਵੀ ਜਾਰੀ ਰਹੀ ਹੈ ਅਤੇ ਇਸ ਨਾਲ ਰਿਟੇਲ ਨਿਵੇਸ਼ਕਾਂ ਦਾ ਇੱਕ ਵਫ਼ਾਦਾਰ ਬੇਸ ਤਿਆਰ ਹੋਇਆ ਹੈ।

ਜੀਓ ਪਲੇਟਫਾਰਮਸ ਦਾ ਆਈਪੀਓ ਦੋ ਦਹਾਕਿਆਂ ਤੋਂ ਰਿਲਾਇੰਸ ਸਮੂਹ ਦਾ ਪਹਿਲਾ ਪਬਲਿਕ ਈਸ਼ੂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)