ਨਸਲੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਵਿਜੇ ਸਿੰਘ ਨੂੰ ਗਵਾਉਣ ਦਾ ਦਰਦ: 'ਉਸ ਨੂੰ ਪਰੇਸ਼ਾਨ ਉਸ ਦੀ ਪਛਾਣ ਅਤੇ ਦਿੱਖ ਕਾਰਨ ਕੀਤਾ ਗਿਆ ਕਿਉਂਕਿ ਉਹ ਦਸਤਾਰਧਾਰੀ ਸਿੱਖ ਸੀ'

ਸੰਤਰੀ ਰੰਗ ਦੇ ਪਟਕੇ ਵਿੱਚ ਵਿਜੇ
ਤਸਵੀਰ ਕੈਪਸ਼ਨ, ਵਿਜੇ ਤੇਰ੍ਹਾਂ ਸਾਲ ਦਾ ਸੀ ਜਦੋਂ ਉਸ ਦੀ ਮੌਤ ਹੋਈ।
    • ਲੇਖਕ, ਜੌਰਜੀ ਡੌਕਰ ਅਤੇ ਹੈਦਰ ਸਲੀਮ, ਨਾਰਥ ਵੈਸਟ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

"ਸੋਮਵਾਰ: ਮੇਰੇ ਪੈਸੇ ਖੋਹ ਲਏ ਗਏ।

ਮੰਗਲਵਾਰ: ਮੈਨੂੰ ਕਈ ਨਾਵਾਂ ਨਾਲ ਬੁਲਾਇਆ ਗਿਆ।

ਬੁੱਧਵਾਰ: ਮੇਰੀ ਵਰਦੀ ਪਾੜ ਦਿੱਤੀ ਗਈ।

ਵੀਰਵਾਰ: ਮੇਰਾ ਸਰੀਰ ਖੂਨ ਨਾਲ ਲੱਥਪੱਥ ਸੀ।

ਸ਼ੁੱਕਰਵਾਰ: ਇਹ ਖ਼ਤਮ ਹੋ ਗਿਆ ਹੈ।

ਸ਼ਨੀਵਾਰ: ਆਜ਼ਾਦੀ।"

ਇਹ ਮੈਨਚੈਸਟਰ ਦੇ 13 ਸਾਲਾ ਸਕੂਲੀ ਵਿਦਿਆਰਥੀ ਵਿਜੇ ਸਿੰਘ ਦੀ ਡਾਇਰੀ ਵਿੱਚ ਦਰਜ ਆਖ਼ਰੀ ਸ਼ਬਦ ਸਨ, ਜੋ ਉਸ ਨੇ 12 ਅਕਤੂਬਰ, 1996, ਸ਼ਨੀਵਾਰ ਨੂੰ ਆਪਣੀ ਮੌਤ ਤੋਂ ਪਹਿਲਾਂ ਲਿਖਿਆ ਸੀ।

ਇੱਕ "ਪਰਵਾਹ ਕਰਨ ਵਾਲੇ" ਵੱਡੇ ਭਰਾ ਵਜੋਂ ਜਾਣੇ ਜਾਂਦੇ, ਮੈਨਚੈਸਟਰ ਯੂਨਾਈਟਿਡ ਦੇ ਕੱਟੜ ਪ੍ਰਸ਼ੰਸਕ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੱਕ "ਆਤਮ-ਵਿਸ਼ਵਾਸੀ" ਅਤੇ "ਹਰਮਨਪਿਆਰਾ" ਮੁੰਡਾ ਸੀ, ਜਦੋਂ ਤੱਕ ਉਸ ਨੂੰ ਨਸਲਵਾਦੀ ਧੱਕੇਸ਼ਾਹਾਂ ਵੱਲੋਂ ਨਿਸ਼ਾਨਾ ਨਹੀਂ ਬਣਾਇਆ ਜਾਣ ਲੱਗਾ।

ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਤੋਂ ਬਾਅਦ ਹੀ ਇਸ ਤਸ਼ੱਦਦ ਬਾਰੇ ਪਤਾ ਲੱਗਿਆ।

ਵਿਜੇ ਦੀ ਮੌਤ ਦੀ ਜਾਂਚ ਦੌਰਾਨ ਕੋਰੋਨਰ ਨੇ ਖੁੱਲ੍ਹਾ ਫ਼ੈਸਲਾ ਦਰਜ ਕੀਤਾ, ਪਰ ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਜਾਨ ਖ਼ੁਦ ਲਈ ਸੀ।

ਵਿਜੇ ਦੀ ਛੋਟੀ ਭੈਣ ਪ੍ਰੀਤ ਕੌਰ ਹੁਣ 34 ਸਾਲ ਦੀ ਹੈ।

ਉਸ ਨੇ ਆਪਣੇ ਭਰਾ ਦੀ ਕਹਾਣੀ ਦੱਸਣ ਅਤੇ ਧੱਕੇਸ਼ਾਹੀ ਤੇ ਨਸਲਵਾਦ ਵਿਰੁੱਧ ਆਵਾਜ਼ ਉਠਾਉਣ ਲਈ, ਉਸ ਦੀ ਮੌਤ ਦੀ 30ਵੀਂ ਵਰ੍ਹੇਗੰਢ ਮੌਕੇ ਬੀਬੀਸੀ ਨਾਲ ਗੱਲਬਾਤ ਕੀਤੀ।

ਭਰਾ ਨੂੰ ਗਵਾਉਣ ਵੇਲੇ 4 ਸਾਲ ਦੀ ਪ੍ਰੀਤ ਨੇ ਤੀਹ ਸਾਲ ਬਾਅਦ ਉਸ ਬਾਰੇ ਕੀ ਦੱਸਿਆ

ਬੱਸ ਵਿੱਚ ਖੜ੍ਹੇ ਤੇਰਾਂ ਸਾਲਾ ਵਿਜੇ ਅਤੇ ਚਾਰ ਸਾਲਾ ਪ੍ਰੀਤ ਕੌਰ
ਤਸਵੀਰ ਕੈਪਸ਼ਨ, ਬੱਸ ਵਿੱਚ ਵਿਜੇ ਦੇ ਅੱਗੇ ਖੜ੍ਹੀ ਹੋਈ ਪ੍ਰੀਤ ਕੌਰ ਦੀ ਪੁਰਾਣੀ ਤਸਵੀਰ।

ਪ੍ਰੀਤ ਨੇ ਕਿਹਾ, "ਵਿਜੇ ਦੀ ਮੌਤ ਨੂੰ 30 ਸਾਲ ਹੋ ਗਏ ਹਨ। ਮੇਰਾ ਖ਼ਿਆਲ ਹੈ ਕਿ ਅਸੀਂ ਇਸ ਨਾਲ ਜੀਣਾ ਸਿੱਖ ਲੈਂਦੇ ਹਾਂ, ਪਰ ਅਸੀਂ ਉਸ ਦਰਦ ਅਤੇ ਤਕਲੀਫ਼ ਨੂੰ ਨਹੀਂ ਭੁੱਲਦੇ, ਜੋ ਸਾਲਾਂ ਦੌਰਾਨ ਸਾਨੂੰ ਸਹਿਣੀ ਪੈਂਦੀ ਹੈ।"

ਜਦੋਂ ਪ੍ਰੀਤ ਨੇ ਆਪਣੇ ਭਰਾ ਨੂੰ ਗੁਆਇਆ, ਤਾਂ ਉਹ ਸਿਰਫ਼ ਚਾਰ ਸਾਲ ਦੀ ਸੀ।

ਉਸ ਨੇ ਕਿਹਾ ਕਿ ਇੰਨੀ ਛੋਟੀ ਉਮਰ ਹੋਣ ਕਾਰਨ, ਵਿਜੇ ਬਾਰੇ ਉਸ ਦੀਆਂ ਯਾਦਾਂ 'ਤੇ ਘਰ ਦੀਆਂ ਵੀਡੀਓਜ਼ ਦੇਖਣ ਦਾ ਕਾਫ਼ੀ ਪ੍ਰਭਾਵ ਰਿਹਾ ਹੈ।

ਉਸ ਨੇ ਕਿਹਾ, "ਵਿਜੇ ਮੇਰੀ ਤੇ ਸਾਡੇ ਭੈਣ-ਭਰਾਵਾਂ ਦੀ ਬਹੁਤ ਜ਼ਿਆਦਾ ਰੱਖਿਆ ਕਰਨ ਵਾਲਾ ਅਤੇ ਸਾਡੀ ਪਰਵਾਹ ਕਰਨ ਵਾਲਾ ਸੀ।"

ਵਿਜੇ ਸਟ੍ਰੈਟਫੋਰਡ ਵਿੱਚ ਆਪਣੇ ਸਕੂਲ ਵੱਲੋਂ ਫੁੱਟਬਾਲ ਖੇਡਦਾ ਸੀ ਅਤੇ ਸਥਾਨਕ ਸਿੱਖ ਭਾਈਚਾਰੇ ਦਾ ਇੱਕ ਹਰਮਨਪਿਆਰਾ ਮੈਂਬਰ ਸੀ।

ਪ੍ਰੀਤ ਨੇ ਕਿਹਾ, "ਉਸ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਕ ਸੀ ਅਤੇ ਉਹ ਮੈਨਚੈਸਟਰ ਯੂਨਾਈਟਿਡ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ। ਹੁਣ ਸਾਨੂੰ ਪਤਾ ਹੈ ਕਿ ਉਹ ਬਾਹਰੋਂ ਅਜਿਹਾ ਹੋਣ ਦਾ ਦਿਖਾਵਾ ਕਰ ਰਿਹਾ ਸੀ।"

ਕੰਧ 'ਤੇ ਲੱਗੀ ਇੱਕ ਪਲੇਟ ਜਿਸ 'ਤੇ ਵਿਕਟਰੀ ਵਿਜੇ ਸਿੰਘ ਉੱਕਰਿਆ ਹੈ।
ਤਸਵੀਰ ਕੈਪਸ਼ਨ, ਦੋਸਤਾਂ ਵੱਲੋਂ ਬਣਾਈ ਯਾਦਗਾਰੀ ਪਲੇਟ ਨਾਲ ਵਿਜੇ ਦੀ ਯਾਦ ਨੂੰ ਸਕੂਲ ਵਿੱਚ ਰੱਖਿਆ ਗਿਆ ਹੈ।

ਪ੍ਰੀਤ ਨੇ ਕਿਹਾ ਕਿ ਵਿਜੇ ਦੀ ਮੌਤ ਤੋਂ ਪਹਿਲਾਂ ਘਰ ਵਿੱਚ ਬਹੁਤ ਘੱਟ ਅਜਿਹੇ ਸੰਕੇਤ ਮਿਲੇ ਸਨ, ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਸ ਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉਸ ਨੇ ਕਿਹਾ, "ਉਹ ਬਿਲਕੁਲ ਆਮ ਸੀ।"

"ਉਸ ਨੇ ਪਰੇਸ਼ਾਨੀ, ਸੰਘਰਸ਼ ਜਾਂ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਸਿਹਤ ਸਮੱਸਿਆ ਕਾਰਨ ਹੋਣ ਵਾਲੇ ਦੁੱਖ ਦਾ ਕੋਈ ਸੰਕੇਤ ਨਹੀਂ ਦਿਖਾਇਆ ਸੀ।"

ਵਿਜੇ ਦੀ ਮੌਤ ਤੋਂ ਬਾਅਦ, ਉਸ ਦੇ ਪਰਿਵਾਰ ਨੂੰ ਉਹ ਕਵਿਤਾ ਮਿਲੀ ਜੋ ਉਸ ਨੇ ਲਿਖੀ ਸੀ ਅਤੇ ਬਾਅਦ ਵਿੱਚ ਇੱਕ ਪਰਿਵਾਰਕ ਦੋਸਤ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।

ਪ੍ਰੀਤ ਨੇ ਸਮਝਾਉਂਦਿਆਂ ਕਿਹਾ, "ਉਸ ਨੂੰ ਪਰੇਸ਼ਾਨ ਉਸ ਦੀ ਪਛਾਣ ਅਤੇ ਉਸ ਦੀ ਦਿੱਖ ਕਾਰਨ ਕੀਤਾ ਜਾਂਦਾ ਸੀ ਕਿਉਂਕਿ ਉਹ ਦਸਤਾਰਧਾਰੀ ਸਿੱਖ ਸੀ।"

"ਜਦੋਂ ਉਹ ਸਕੂਲ ਵਿੱਚ ਹੁੰਦਾ ਸੀ, ਫੁੱਟਬਾਲ ਖੇਡ ਰਿਹਾ ਹੁੰਦਾ ਸੀ ਅਤੇ ਘਰ ਵਾਪਸ ਜਾ ਰਿਹਾ ਹੁੰਦਾ ਸੀ, ਤਾਂ ਉਸ ਨੂੰ ਤਾਅਨੇ ਮਾਰੇ ਜਾਂਦੇ ਸਨ। ਵਿਜੇ ਨੂੰ ਬੇਹੱਦ ਅਪਮਾਨਜਨਕ ਨਸਲਵਾਦੀ ਨਾਵਾਂ ਨਾਲ ਬੁਲਾਇਆ ਜਾਂਦਾ ਸੀ।"

"ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੋਂ ਦਾ ਸੀ ਜਾਂ ਉਸ ਦਾ ਧਰਮ ਕੀ ਸੀ।"

ਤਿੰਨ ਦਹਾਕਿਆਂ ਵਿੱਚ ਕੀ ਬਦਲਿਆ

ਵਿਜੇ ਦੀ ਬਚਪਨ ਦੀ ਤਸਵੀਰ।
ਤਸਵੀਰ ਕੈਪਸ਼ਨ, ਪ੍ਰੀਤ ਨੇ ਦੱਸਿਆ ਕਿ ਵਿਜੇ ਇੱਕ ਅਧਿਆਤਮਕ ਇਨਸਾਨ ਸੀ।

ਪ੍ਰੀਤ, ਜੋ ਹੁਣ ਖ਼ੁਦ ਇੱਕ ਮਾਂ ਹੈ, ਨੇ ਕਿਹਾ ਕਿ ਇਹ ਜਾਣਨਾ ਬਹੁਤ ਮੁਸ਼ਕਲ ਰਿਹਾ ਹੈ ਕਿ ਜੇ ਵਿਜੇ ਕਿਸੇ ਨਾਲ ਖੁੱਲ੍ਹ ਕੇ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦਾ, ਤਾਂ ਸ਼ਾਇਦ ਹਾਲਾਤ ਵੱਖਰੇ ਹੋ ਸਕਦੇ ਸਨ।

ਉਸ ਨੇ ਸਮਝਾਉਂਦਿਆਂ ਕਿਹਾ, "ਸਕੂਲ ਵਿੱਚ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਉਹ ਕਾਫ਼ੀ ਆਤਮ-ਵਿਸ਼ਵਾਸੀ ਵਿਅਕਤੀ ਸੀ। ਸ਼ਾਇਦ ਉਸ ਨੇ ਸੋਚਿਆ ਹੋਵੇ ਕਿ ਜੇ ਉਹ ਆਪਣਾ ਵੱਖਰਾ ਪੱਖ ਦਿਖਾਉਂਦਾ ਹੈ, ਤਾਂ ਉਹ ਓਨਾ ਮਜ਼ਬੂਤ ਨਹੀਂ ਲੱਗੇਗਾ, ਪਰ ਅਸੀਂ ਇਹ ਨਹੀਂ ਜਾਣ ਸਕਦੇ।"

ਪ੍ਰੀਤ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਪਿਛਲੇ ਤਿੰਨ ਦਹਾਕੇ "ਇੱਕ ਵਿਅਕਤੀ ਦੀ ਕਮੀ" ਮਹਿਸੂਸ ਕਰਦਿਆਂ ਬਿਤਾਏ ਹਨ।

ਉਸ ਨੇ ਕਿਹਾ, "ਤੁਸੀਂ ਆਪਣੀ ਜ਼ਿੰਦਗੀ ਵਿੱਚ ਉਸ ਖ਼ਾਲੀਪਣ ਨੂੰ ਕਦੇ ਨਹੀਂ ਭੁੱਲਦੇ। ਮੇਰਾ ਮਤਲਬ ਹੈ ਕਿ ਇਹ ਸੱਚਮੁੱਚ ਬਹੁਤ ਦੁਖਦਾਈ ਹੈ, ਦਿਲ ਤੋੜ ਦੇਣ ਵਾਲਾ ਹੈ, ਇਹ ਦੇਖਣਾ ਕਿ ਮੇਰੇ ਮਾਪੇ ਸਾਲਾਂ ਦੌਰਾਨ ਜਸ਼ਨਾਂ ਵਿੱਚੋਂ ਕਿਵੇਂ ਗੁਜ਼ਰਦੇ ਹਨ।"

"ਇੱਥੇ ਜਨਮਦਿਨ, ਵਰ੍ਹੇਗੰਢਾਂ, ਵਿਆਹ, ਖ਼ਾਸ ਸਮਾਗਮ, ਕ੍ਰਿਸਮਸ ਅਤੇ ਨਵਾਂ ਸਾਲ ਹੁੰਦੇ ਹਨ ਅਤੇ ਮੇਰੇ ਮਾਪਿਆਂ ਨੂੰ ਇਹ ਸਭ ਕੁਝ ਇਸ ਅਹਿਸਾਸ ਨਾਲ ਮਨਾਉਣਾ ਪੈਂਦਾ ਹੈ ਕਿ ਜਿਵੇਂ ਅਸਲ ਵਿੱਚ ਕੋਈ ਉਨ੍ਹਾਂ ਦੇ ਨਾਲ ਨਹੀਂ ਹੈ। ਉਹ ਬਹੁਤ ਮਜ਼ਬੂਤ ਰਹੇ ਹਨ।"

ਪਿਛਲੇ 30 ਸਾਲਾਂ ਦੌਰਾਨ ਸਮਾਜ ਵਿੱਚ ਆਈਆਂ ਤਬਦੀਲੀਆਂ ਬਾਰੇ ਗੱਲ ਕਰਦਿਆਂ ਪ੍ਰੀਤ ਨੇ ਕਿਹਾ ਕਿ ਨਸਲਵਾਦ ਅਜੇ ਵੀ "ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ" ਹੈ।

"ਹਾਲਾਤ ਬਿਹਤਰ ਹੋਏ ਹਨ, ਪਰ ਇਹ ਅਜੇ ਵੀ ਇੱਕ ਸਮੱਸਿਆ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਾਲਾਤ ਬਿਹਤਰ ਹੋਏ। ਲੋਕ ਆਪਣੇ ਆਪ ਨੂੰ ਸਿੱਖਿਅਤ ਕਰ ਰਹੇ ਸਨ।

ਪਰ ਬਦਕਿਸਮਤੀ ਨਾਲ, ਮੌਜੂਦਾ ਮਾਹੌਲ ਵਿੱਚ ਨਫ਼ਰਤ ਦੇ ਇੱਕ ਖ਼ਾਸ ਸੱਭਿਆਚਾਰ ਨੂੰ ਹਵਾ ਦਿੱਤੀ ਗਈ ਹੈ।"

"ਨਫ਼ਰਤ ਨਾਲ ਜੁੜੇ ਅਪਰਾਧ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ ਹਨ, ਇਹ ਅੱਜ ਵੀ ਹੋ ਰਹੇ ਹਨ।"

'ਇਕੱਲੇ ਨਹੀਂ ਹੋ'

ਵਿਜੇ ਦੀ ਪਰਿਵਾਰ ਨਾਲ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, ਵਿਜੇ ਦੇ ਮਾਪੇ ਜਦੋਂ ਘਰ ਪਰਤੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੇ ਨੇ ਆਪਣੀ ਜਾਨ ਲੈ ਲਈ ਹੈ।

ਵਿਜੇ ਦੀ ਮੌਤ ਨੇ ਸਟ੍ਰੈਟਫੋਰਡ ਹਾਈ ਸਕੂਲ ਵਿੱਚ ਵਿਦਿਆਰਥੀਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਸੱਭਿਆਚਾਰ ਨੂੰ ਉਜਾਗਰ ਕੀਤਾ, ਜਿੱਥੇ ਉਹ ਪੜ੍ਹਦਾ ਸੀ।

ਉਸ ਤੋਂ ਬਾਅਦ ਸਕੂਲ ਨੇ ਵਿਦਿਆਰਥੀਆਂ ਨੂੰ ਤੰਗ-ਪਰੇਸ਼ਾਨ ਕਰਨ ਵਿਰੁੱਧ ਸਖ਼ਤ ਨੀਤੀਆਂ ਲਾਗੂ ਕੀਤੀਆਂ ਹਨ, ਜਿਸ ਦੀ ਪ੍ਰੀਤ ਨੇ ਸ਼ਲਾਘਾ ਕੀਤੀ ਹੈ।

ਸਕੂਲ ਦੇ ਇੱਕ ਬੁਲਾਰੇ ਨੇ ਕਿਹਾ, "ਵਿਜੇ ਸਿੰਘ ਸਟ੍ਰੈਟਫੋਰਡ ਹਾਈ ਸਕੂਲ ਦੇ ਇਤਿਹਾਸ ਅਤੇ ਦਿਲ ਦਾ ਅਟੁੱਟ ਹਿੱਸਾ ਬਣੇ ਹੋਏ ਹਨ। ਉਨ੍ਹਾਂ ਦੇ ਦੁਖਦਾਈ ਦੇਹਾਂਤ ਦੇ 30 ਸਾਲ ਪੂਰੇ ਹੋਣ 'ਤੇ ਸਾਡੀ ਹਮਦਰਦੀ ਪੂਰੇ ਸਿੰਘ ਪਰਿਵਾਰ ਦੇ ਨਾਲ ਹਨ।"

"ਪਿਛਲੇ ਤਿੰਨ ਦਹਾਕਿਆਂ ਦੌਰਾਨ, ਅਸੀਂ ਇੱਕ ਅਜਿਹਾ ਸਮਾਵੇਸ਼ੀ ਭਾਈਚਾਰਾ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ, ਜਿੱਥੇ ਹਰ ਬੱਚਾ ਸੁਰੱਖਿਅਤ, ਮਹੱਤਵਪੂਰਨ ਅਤੇ ਸਤਿਕਾਰਯੋਗ ਮਹਿਸੂਸ ਕਰੇ।

"ਅਸੀਂ ਵਿਭਿੰਨਤਾ ਦਾ ਜਸ਼ਨ ਮਨਾਉਣ ਅਤੇ ਤੰਗ-ਪਰੇਸ਼ਾਨ ਕਰਨ ਵਿਰੁੱਧ ਮਜ਼ਬੂਤ ਨੀਤੀਆਂ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਤਾਂ ਜੋ ਵਿਜੇ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਸਕੂਲ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦੀ ਰਹੇ।"

ਗੁਰਦੁਆਰਾ ਸਾਹਿਬ ਅੰਦਰ ਸ਼ਰਧਾਂਜਲੀ ਸਮਾਗਮ
ਤਸਵੀਰ ਕੈਪਸ਼ਨ, ਵਿਜੇ ਦੀ ਯਾਦ ਵਿੱਚ ਮਨਚੈਸਟਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।

ਪ੍ਰੀਤ ਨੇ ਕਿਹਾ ਕਿ ਕਿਸੇ ਨੂੰ ਵੀ, ਕਿਤੇ ਵੀ ਤੰਗ-ਪਰੇਸ਼ਾਨ ਕੀਤਾ ਜਾ ਸਕਦਾ ਹੈ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਸ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਚੁੱਪਚਾਪ ਦੁੱਖ ਨਾ ਸਹਿਣ।

ਉਸ ਨੇ ਕਿਹਾ, "ਕਿਸੇ ਨਾਲ ਵੀ ਗੱਲ ਕਰੋ। ਉਸ ਵਿਅਕਤੀ ਨਾਲ, ਜਿਸ ਨਾਲ ਗੱਲ ਕਰਦਿਆਂ ਤੁਸੀਂ ਸਹਿਜ ਮਹਿਸੂਸ ਕਰਦੇ ਹੋ। ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਇਹ ਗੱਲ ਮਹੱਤਵਪੂਰਨ ਨਹੀਂ ਹੈ ਪਰ ਇਹ ਬਿਲਕੁਲ ਮਹੱਤਵਪੂਰਨ ਹੈ।"

"ਦੁਨੀਆ ਵਿੱਚ ਅਜਿਹੇ ਲੋਕ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ, ਤੁਸੀਂ ਇਕੱਲੇ ਨਹੀਂ ਹੋ। ਜੇ ਵਿਜੇ ਦੀ ਕਹਾਣੀ ਸਾਂਝੀ ਕਰਨ ਨਾਲ ਇੱਕ ਵਿਅਕਤੀ ਦੀ ਵੀ ਮਦਦ ਹੋ ਜਾਂਦੀ ਹੈ, ਤਾਂ ਇਹ ਸਾਰਥਕ ਹੋਵੇਗਾ ਅਤੇ ਜੇ ਇਸ ਨਾਲ ਕਿਸੇ ਦੀ ਮਦਦ ਹੁੰਦੀ ਹੈ, ਤਾਂ ਇਹੀ ਵਿਜੇ ਦੀ ਵਿਰਾਸਤ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)