ਖੇਤਾਂ 'ਚ ਦੱਬੇ ਲੱਖਾਂ ਰੁਪਏ ਜਦੋਂ ਬਾਹਰ ਕੱਢੇ ਤਾਂ ਕਿਉਂ ਇਹ ਪਰਿਵਾਰ ਰਹਿ ਗਿਆ ਦੰਗ

ਸਿਓਂਕ ਲੱਗੇ ਨੋਟ

ਤਸਵੀਰ ਸਰੋਤ, MOHAR SINGH MEENA

ਤਸਵੀਰ ਕੈਪਸ਼ਨ, ਮਾਂਗੀਲਾਲ ਨੇ ਮੀਂਹ ਤੋਂ ਬਚਾਉਣ ਲਈ ਨੋਟ ਜ਼ਮੀਨ ਵਿੱਚ ਦੱਬੇ ਸਨ
    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਆਦਮੀ ਅਤੇ ਇੱਕ ਔਰਤ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਹ ਪੰਜ ਸੌ ਰੁਪਏ ਦੇ ਫਟੇ-ਫਟੇ ਨੋਟਾਂ ਦੇ ਢੇਰ ਵਿੱਚੋਂ ਛਾਂਟਦੇ ਦਿਖ ਰਹੇ ਹਨ।

ਇਹ ਰਾਜਸਥਾਨ ਦੇ ਪਚਪਦਰਾ ਦੇ ਨੇਵਾਈਂ ਪਿੰਡ ਦੇ ਵਸਨੀਕ 60 ਸਾਲਾ ਮਾਂਗੀਲਾਲ ਮੇਘਵਾਲ ਅਤੇ ਉਨ੍ਹਾਂ ਦੀ ਪਤਨੀ ਸਿਆਲੀ ਦੇਵੀ ਹਨ।

ਮਾਂਗੀਲਾਲ ਮੇਘਵਾਲ ਦਾ ਦਾਅਵਾ ਹੈ ਕਿ ਉਸਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਵੇਚ ਦਿੱਤਾ ਸੀ, ਜਿਸ ਦੇ ਬਦਲੇ ਉਨ੍ਹਾਂ ਨੂੰ 5 ਲੱਖ ਰੁਪਏ ਮਿਲੇ ਸਨ।

ਜੋੜੇ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਾਂ ਨੂੰ ਦੇਖ ਕੇ ਉਨ੍ਹਾਂ ਨੂੰ ਰੋਣਾ ਆ ਰਿਹਾ। ਉਨ੍ਹਾਂ ਦਾ ਕੁਝ ਖਾਣ-ਪੀਣ ਦਾ ਦਿਲ ਨਹੀਂ ਕਰਦਾ ਅਤੇ ਮਨ ਵਿੱਚ ਇਹੀ ਗੱਲ ਆਉਂਦੀ ਹੈ ਕਿ ਹੁਣ ਇਨ੍ਹਾਂ ਨੋਟਾਂ ਨੂੰ ਕਿਵੇਂ ਬਦਲਿਆ ਜਾਵੇ।

ਕੀ ਹੈ ਪੂਰਾ ਮਾਮਲਾ?

ਨੇਟ

ਤਸਵੀਰ ਸਰੋਤ, MOHAR SINGH MEENA

ਤਸਵੀਰ ਕੈਪਸ਼ਨ, ਮਾਂਗੀਲਾਲ ਅਤੇ ਉਨ੍ਹਾਂ ਦੀ ਪਤਨੀ ਸਿਓਂਕ ਲੱਗੇ ਨੋਟਾਂ ਦੇ ਨਾਲ

ਮਾਂਗੀਲਾਲ ਮੇਘਵਾਲ ਆਪਣੇ ਪਰਿਵਾਰ ਨਾਲ ਬਾਲੋਤਰਾ ਜ਼ਿਲ੍ਹੇ ਦੇ ਨੇਵਾਈਂ ਪਿੰਡ ਵਿੱਚ ਰਹਿੰਦੇ ਹਨ ।

ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਬੀਸੀ ਨੇ ਉਸ ਨਾਲ ਸੰਪਰਕ ਕੀਤਾ।

ਫੋਨ ਉੱਤੇ ਹੋਈ ਗੱਲਬਾਤ ਵਿੱਚ ਮਾਂਗੀਲਾਲ ਨੇ ਕਿਹਾ, "ਲਗਭਗ ਇੱਕ ਸਾਲ ਪਹਿਲਾਂ ਮੈਂ ਪਚਪਦਰਾ ਵਿੱਚ ਆਪਣਾ ਇੱਕ ਪਲਾਟ 5 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਇਸ ਪੈਸੇ ਨਾਲ ਮੈਂ ਆਪਣੇ ਪਰਿਵਾਰ ਲਈ ਇੱਕ ਪੱਕਾ ਘਰ ਬਣਵਾਉਣਾ ਸੀ।"

ਉਹ ਕਹਿੰਦੇ ਹਨ, "ਉਸ ਵੇਲੇ ਮੀਂਹ ਦਾ ਮੌਸਮ ਸੀ ਅਤੇ ਮੇਰੇ ਕੋਲ ਪੱਕਾ ਘਰ ਨਹੀਂ ਸੀ, ਇਸ ਲਈ ਮੈਨੂੰ ਡਰ ਸੀ ਕਿ ਪੈਸੇ ਮੀਂਹ ਵਿੱਚ ਗਿੱਲੇ ਹੋ ਜਾਣਗੇ। ਇਸ ਲਈ ਰਾਤ ​​ਨੂੰ, ਮੈਂ ਪੰਜ ਲੱਖ ਰੁਪਏ ਇੱਕ ਥੈਲੇ ਵਿੱਚ ਪਾ ਕੇ ਖੇਤ ਵਿੱਚ ਦੱਬ ਦਿੱਤੇ। ਬਾਅਦ ਵਿੱਚ ਬਹੁਤ ਮੀਂਹ ਪਿਆ। ਜਦੋਂ ਮੈਂ ਸਵੇਰੇ ਖੇਤ ਗਿਆ ਤਾਂ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਪੈਸੇ ਕਿੱਥੇ ਦੱਬੇ ਹਨ।"

ਜਦੋਂ ਮਾਂਗੀਲਾਲ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਰੁਪਏ ਬੈਂਕ ਵਿੱਚ ਕਿਉਂ ਨਹੀਂ ਜਮ੍ਹਾ ਕਰਵਾਏ, ਤਾਂ ਉਨ੍ਹਾਂ ਨੇ ਕਿਹਾ, "ਮੈਂ ਸੋਚਿਆ ਸੀ ਕਿ ਮੈਂ ਸਵੇਰੇ ਪੈਸੇ ਕਢਵਾ ਕੇ ਬੈਂਕ ਵਿੱਚ ਜਮ੍ਹਾ ਕਰਵਾਵਾਂਗਾ। ਪਰ ਮੈਂ ਭੁੱਲ ਗਿਆ ਸੀ ਕਿ ਮੈਂ ਪੈਸੇ ਕਿੱਥੇ ਦੱਬੇ ਸਨ।"

ਮਾਂਗੀਲਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਦਿਨਾਂ ਤੱਕ ਉਹ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਉਹ ਆਪਣੇ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸ ਪਾ ਰਹੇ ਸਨ। ਹਾਲਾਂਕਿ, ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਇਹ ਗੱਲ ਆਪਣੀ ਪਤਨੀ ਅਤੇ ਪੁੱਤਰ ਨਾਲ ਸਾਂਝੀ ਕੀਤੀ।

ਮਾਂਗੀਲਾਲ ਦੇ ਸਭ ਤੋਂ ਛੋਟੇ ਪੁੱਤਰ ਦੀਪਕ ਮੇਘਵਾਲ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਬਹੁਤ ਭਾਲ ਕੀਤੀ ਪਰ ਪੈਸਿਆਂ ਵਾਲਾ ਬੈਗ ਖੇਤ ਵਿੱਚੋਂ ਕਿਤੇ ਵੀ ਨਹੀਂ ਮਿਲਿਆ।"

ਫ਼ੋਨ 'ਤੇ ਗੱਲਬਾਤ ਦੌਰਾਨ ਮਾਂਗੀਲਾਲ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ, "ਬੈਂਕ ਕਹਿ ਰਿਹਾ ਹੈ ਕਿ ਇਹ ਹੁਣ ਨਹੀਂ ਚੱਲਣਗੇ ਜੇਕਰ ਅਜਿਹਾ ਹੋਇਆ ਤਾਂ ਮੈਂ ਘਰ ਕਿਵੇਂ ਬਣਾਵਾਂਗਾ?"

ਇੱਕ ਸਾਲ ਬਾਅਦ ਕਿਵੇਂ ਮਿਲੇ ਪੈਸੇ

ਮਾਂਗੀਲਾਲ

ਤਸਵੀਰ ਸਰੋਤ, MOHAR SINGH MEENA

ਤਸਵੀਰ ਕੈਪਸ਼ਨ, ਮਾਂਗੀਲਾਲ ਨੇ ਇਹ ਪੰਜ ਲੱਖ ਰੁਪਏ ਪਲਾਟ ਵੇਚਕੇ ਕਮਾਏ ਸਨ

ਪਚਪਦਰਾ ਖੇਤਰ ਵਿੱਚ ਪੂਰੀ ਖੇਤੀ ਮੀਂਹ 'ਤੇ ਨਿਰਭਰ ਰਹਿੰਦੀ ਹੈ ਇਸ ਲਈ ਇੱਥੇ ਕਿਸਾਨ ਆਮ ਤੌਰ 'ਤੇ ਸਾਲ ਵਿੱਚ ਸਿਰਫ਼ ਇੱਕ ਹੀ ਫ਼ਸਲ ਉਗਾ ਸਕਦੇ ਹਨ।

ਮਾਂਗੀਲਾਲ ਕਹਿੰਦੇ ਹਨ ਕਿ ਇਲਾਕੇ ਵਿੱਚ ਹਾਲ ਹੀ ਵਿੱਚ ਚੰਗੀ ਬਾਰਿਸ਼ ਹੋਈ ਹੈ, ਅਤੇ ਕਿਸਾਨ ਬਿਜਾਈ ਦੀ ਤਿਆਰੀ ਲਈ ਆਪਣੇ ਖੇਤਾਂ ਨੂੰ ਵਾਹ ਰਹੇ ਹਨ।

ਨੋਟ ਦੱਬਣ ਦੇ ਇੱਕ ਸਾਲ ਬਾਅਦ 6 ਅਗਸਤ ਦੀ ਸ਼ਾਮ ਨੂੰ ਮਾਂਗੀਲਾਲ ਦੇ ਪਰਿਵਾਰ ਨੇ ਖੇਤ ਵਾਹੁਣ ਲਈ ਇੱਕ ਟਰੈਕਟਰ ਕਿਰਾਏ 'ਤੇ ਲਿਆ ਸੀ ਅਤੇ ਇਸ ਨੂੰ ਖੇਤਾਂ ਵਿੱਚ ਚਲਵਾਇਆ।

ਮਾਂਗੀਲਾਲ ਕਹਿੰਦੇ ਹਨ, "ਖੇਤ ਨੂੰ ਲਗਭਗ ਪੰਜ ਘੰਟੇ ਵਾਹੁਣਾ ਪਿਆ। ਰਾਤ ਪੈਣ ਉੱਤੇ ਸਾਰੇ ਲੋਕ ਘਰ ਪਰਤ ਗਏ।"

ਅਗਲੀ ਸਵੇਰ, ਮਾਂਗੀਲਾਲ ਦੀ ਪਤਨੀ ਸਿਆਲੀ ਦੇਵੀ ਅਤੇ ਉਨ੍ਹਾਂ ਦਾ ਪੁੱਤਰ ਖੇਤ ਪਹੁੰਚੇ।

ਸਿਆਲੀ ਦੇਵੀ ਕਹਿੰਦੇ ਹੈ, "ਹਲ ਵਾਹੁਣ ਤੋਂ ਬਾਅਦ ਮੈਂ ਖੇਤ ਵਿੱਚੋਂ ਇੱਕ ਥੈਲਾ ਬਾਹਰ ਨਿਕਲਦਾ ਦੇਖਿਆ। ਜਦੋਂ ਮੈਂ ਇਸਨੂੰ ਬਾਹਰ ਕੱਢਿਆ ਤਾਂ ਮੈਂ ਉਸ ਵਿੱਚ ਨੋਟ ਦਿਖੇ ਪਰ ਉਨ੍ਹਾਂ ਵਿੱਚ ਸਿਓਂਕ ਲੱਗ ਗਈ ਸੀ। ਇਹ ਦੇਖ ਕੇ ਮੈਨੂੰ ਰੋਣਾ ਆ ਗਿਆ, ਦੇਖਿਆ ਤਾਂ ਇੱਕ ਵੀ ਨੋਟ ਠੀਕ ਨਹੀਂ ਬਚਿਆ ਸੀ।"

ਮਾਂਗੀਲਾਲ ਕਹਿੰਦੇ ਹਨ ਕਿ ਚਿੰਤਾ ਅਤੇ ਉਦਾਸੀ ਕਾਰਨ ਉਨ੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ।

ਉਹ ਕਹਿੰਦੇ ਹਨ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕਰਾਂ।"

ਮਜ਼ਦੂਰੀ ਨਾਲ ਚੱਲਦਾ ਹੈ ਘਰ

ਸਿਓਂਕ ਲੱਗੇ ਨੋਟ

ਤਸਵੀਰ ਸਰੋਤ, MOHAR SINGH MEENA

ਤਸਵੀਰ ਕੈਪਸ਼ਨ, ਬਹੁਤੇ ਨੋਟ ਅੱਧੇ ਅਧੂਰੇ ਰਹਿ ਗਏ ਗਏ ਹਨ, ਕੁਝ ਤਾਂ ਬਿਲਕੁਲ ਹੀ ਖਾਧੇ ਗਏ ਹਨ

ਮਾਂਗੀਲਾਲ ਕੋਲ ਲਗਭਗ 60 ਵਿੱਘੇ ਜੱਦੀ ਜ਼ਮੀਨ ਹੈ। ਮੀਂਹ ਦੇ ਮੌਸਮ ਵਿੱਚ ਉਹ ਇਸੇ ਜ਼ਮੀਨ 'ਤੇ ਬਾਜਰਾ ਅਤੇ ਦਾਲ ਉਗਾਉਂਦੇ ਹਨ। ਜੇਕਰ ਮੀਂਹ ਚੰਗਾ ਹੋਵੇ ਤਾਂ ਫ਼ਸਲ ਹੋ ਜਾਂਦੀ ਹੈ ਨਹੀਂ ਤਾਂ ਕੁਝ ਵੀ ਪੈਦਾ ਨਹੀਂ ਹੁੰਦਾ।

ਮਾਂਗੀਲਾਲ ਅਤੇ ਉਨ੍ਹਾਂ ਦੀ ਪਤਨੀ ਸਿਆਲੀ ਦੇਵੀ ਅਨਪੜ੍ਹ ਹਨ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ।

ਧੀ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਵਿਆਹ ਤੋਂ ਬਾਅਦ ਆਪਣੇ ਸਹੁਰਿਆਂ ਵਿੱਚ ਰਹਿ ਰਹੀ ਹੈ। ਤਿੰਨ ਪੁੱਤਰਾਂ ਵਿੱਚੋਂ, ਸਭ ਤੋਂ ਛੋਟਾ ਦੀਪਕ ਦਸਵੀਂ ਜਮਾਤ ਤੱਕ ਪੜ੍ਹਿਆ ਅਤੇ ਬਾਕੀ ਦੋ ਸਿਰਫ਼ ਅੱਠਵੀਂ ਜਮਾਤ ਤੱਕ ਹੀ ਪੜ੍ਹੇ।

ਪਰਿਵਾਰ ਕੋਲ ਇਸ ਵੇਲੇ ਇੱਕ ਮਿੱਟੀ ਦਾ ਘਰ ਹੈ ਜਿਸਦੀ ਛੱਤ ਮੀਂਹ ਦੇ ਦਿਨਾਂ ਵਿੱਚ ਚੋਂਦੀ ਹੈ।

ਮਾਂਗੀਲਾਲ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਲਈ ਇੱਕ ਪੱਕਾ ਘਰ ਬਣਾਉਣਾ ਚਾਹੁੰਦੇ ਸੀ।

ਉਨ੍ਹਾਂ ਨੇ ਕਿਹਾ, "ਮੇਰੇ ਕੋਲ ਪਚਪਦਰਾ ਵਿੱਚ ਘਰ ਬਣਾਉਣ ਲਈ ਇੱਕ ਪਲਾਟ ਸੀ, ਮੈਂ ਉਸਨੂੰ ਵੇਚ ਦਿੱਤਾ। ਪਰ ਹੁਣ ਪੈਸੇ ਵੀ ਖਰਾਬ ਹੋ ਗਏ ਹਨ। ਨੋਟਾਂ ਨੂੰ ਸਿਓਂਕ ਨੇ ਖਾ ਲਿਆ ਹੈ।"

ਦੀਪਕ ਮੇਘਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਪਚਪਦਰਾ ਦੇ ਇੱਕ ਬੈਂਕ ਵਿੱਚ ਸਿਓਂਕ ਨਾਲ ਖਰਾਬ ਹੋਏ ਨੋਟਾਂ ਨੂੰ ਲੈ ਕੇ ਗਈ ਸੀ ਪਰ ਬੈਂਕ ਨੇ ਉਸਨੂੰ ਬਲੋਤਰਾ ਜਾਣ ਲਈ ਕਿਹਾ ਕਿਉਂਕਿ ਨੋਟ ਬਹੁਤ ਜ਼ਿਆਦਾ ਖਰਾਬ ਹੋ ਗਏ ਸਨ।

ਮਾਂਗੀਲਾਲ ਦੀ ਪਤਨੀ ਸਿਆਲੀ ਦੇਵੀ ਕਹਿੰਦੇ ਹਨ, "ਅਸੀਂ ਬਾਲੋਤਰਾ ਗਏ ਸੀ, ਪਰ ਉੱਥੇ ਵੀ ਬੈਂਕ ਨੇ ਕਿਹਾ ਕਿ ਇਹ ਨੋਟ ਨਹੀਂ ਚੱਲਣਗੇ, ਬੈਂਕ ਨੇ ਸਾਨੂੰ ਜੈਪੁਰ ਜਾਣ ਲਈ ਕਿਹਾ, ਅਸੀਂ ਅਨਪੜ੍ਹ ਹਾਂ ਅਤੇ ਹੁਣ ਨੋਟ ਬਦਲਣ ਬਾਰੇ ਚਿੰਤਤ ਹਾਂ।"

ਸਿਆਲੀ ਦੇਵੀ ਨੂੰ ਅਜੇ ਵੀ ਉਮੀਦ ਹੈ ਕਿ ਉਸਦੇ ਨੋਟ ਬਦਲੇ ਜਾਣਗੇ, ਜਿਸ ਨਾਲ ਉਨ੍ਹਾਂੇ ਦ ਪਰਿਵਾਰ ਦੇ ਸਿਰ ਉੱਤੇ ਪੱਕੀ ਛੱਤ ਬਣ ਸਕੇਗੀ।

ਮਾਂਗੀਲਾਲ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਉਮੀਦ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਉਨ੍ਹਾਂ ਦੇ ਖਰਾਬ ਹੋਏ ਨੋਟਾਂ ਦਾ ਕੋਈ ਹੱਲ ਨਿਕਲ ਆਵੇ ਅਤੇ ਉਨ੍ਹਾਂ ਦੇ ਪੈਸੇ ਬੈਂਕ ਤੋਂ ਬਦਲੇ ਜਾਣ।

ਭਾਰਤੀ ਰਿਜ਼ਰਵ ਬੈਂਕ (ਜੈਪੁਰ ਜ਼ੋਨ) ਦੇ ਇੱਕ ਸੀਨੀਅਰ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਜੇਕਰ ਨੋਟ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ, ਤਾਂ ਭਾਰਤੀ ਰਿਜ਼ਰਵ ਬੈਂਕ ਕੋਲ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਜਿਸ ਤਹਿਤ ਇਨ੍ਹਾਂ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)