ਜਿਓ ਦੀ ਸ਼ੇਅਰ ਬਜ਼ਾਰ ਵਿੱਚ ਐਂਟਰੀ ਨਾਲ ਕੀ ਖ਼ਤਮ ਹੋ ਜਾਵੇਗਾ ਸਸਤੇ ਮੋਬਾਇਲ ਇੰਟਰਨੈੱਟ ਦਾ ਦੌਰ?

ਤਸਵੀਰ ਸਰੋਤ, Indranil Aditya/Bloomberg via Getty Images
- ਲੇਖਕ, ਨਿਖਿਲ ਇਨਾਮਦਾਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਜਿਓ ਦਾ 30,213 ਕਰੋੜ ਰੁਪਏ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ।
ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਕੁਝ ਸਮੇਂ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ। ਇਸਦੇ ਬਾਵਜੂਦ ਜਿਓ ਦੇ ਆਈਪੀਓ ਨੂੰ ਦੁਨੀਆ ਦੇ ਵੱਡੇ ਫੰਡ ਮੈਨੇਜਰਾਂ, ਭਾਰਤੀ ਸੰਸਥਾਵਾਂ ਅਤੇ ਛੋਟੇ ਖੁਦਰਾ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
21 ਅਕਤੂਬਰ ਨੂੰ ਆਈਪੀਓ ਲਈ ਅਰਜ਼ੀਆਂ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਉਪਲਬਧ ਸ਼ੇਅਰਾਂ ਤੋਂ ਕਿਤੇ ਵੱਧ ਬੋਲੀਆਂ ਲੱਗ ਗਈਆਂ।
50 ਕਰੋੜ ਗਾਹਕਾਂ ਵਾਲੀ ਕੰਪਨੀ
ਜਿਓ ਦੇ ਮਾਲਕ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹਨ।
ਭਾਰਤ ਵਿੱਚ ਲਗਭਗ 50 ਕਰੋੜ ਲੋਕ ਜਿਓ ਦੀਆਂ ਸਸਤੀਆਂ ਮੋਬਾਈਲ ਡਾਟਾ ਸੇਵਾਵਾਂ ਦੀ ਵਰਤੋਂ ਕਰਦੇ ਹਨ। ਇਸ ਕਰਕੇ ਜਿਓ ਨੂੰ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਕੰਪਨੀਆਂ ਵਿੱਚ ਗਿਣਿਆ ਜਾਂਦਾ ਹੈ।
ਹਾਲਾਂਕਿ, ਕੰਪਨੀ ਜਿੰਨੀ ਤੇਜ਼ੀ ਨਾਲ ਅੱਗੇ ਵਧੀ, ਉਸਦੇ ਨਾਲ ਕਈ ਵਿਵਾਦ ਵੀ ਜੁੜੇ ਰਹੇ।
ਜਿਓ ਨੇ 2016 ਵਿੱਚ ਭਾਰਤ ਦੇ ਪਹਿਲਾਂ ਤੋਂ ਹੀ ਭੀੜ-ਭੜੱਕੇ ਵਾਲੇ ਟੈਲੀਕਾਮ ਬਾਜ਼ਾਰ ਵਿੱਚ ਕਦਮ ਰੱਖਿਆ ਸੀ।
ਕੰਪਨੀ ਨੇ ਬਹੁਤ ਹੀ ਘੱਟ ਦਰਾਂ 'ਤੇ ਮੋਬਾਈਲ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਲੱਖਾਂ ਭਾਰਤੀਆਂ ਨੂੰ ਇੰਟਰਨੈੱਟ ਨਾਲ ਜੋੜ ਦਿੱਤਾ।
ਪਰ ਜਿਓ ਦੀ ਸ਼ੁਰੂਆਤ ਨੇ ਟੈਲੀਕਾਮ ਖੇਤਰ ਵਿੱਚ ਬਹੁਤ ਵੱਡੀ ਉਥਲ-ਪੁਥਲ ਵੀ ਪੈਦਾ ਕਰ ਦਿੱਤੀ।
17 ਕੰਪਨੀਆਂ ਤੋਂ ਘੱਟ ਕੇ ਸਿਰਫ਼ 3 ਰਹਿ ਗਈਆਂ

ਤਸਵੀਰ ਸਰੋਤ, Dhiraj Singh/Bloomberg via Getty Images
ਕਦੇ ਭਾਰਤ ਦੇ ਟੈਲੀਕਾਮ ਬਾਜ਼ਾਰ 'ਚ 17 ਕੰਪਨੀਆਂ ਹੁੰਦੀਆਂ ਸਨ। ਬਾਅਦ 'ਚ ਇਹ ਬਾਜ਼ਾਰ ਸੁੰਗੜ ਕੇ ਸਿਰਫ਼ ਤਿੰਨ ਵੱਡੀਆਂ ਕੰਪਨੀਆਂ ਤੱਕ ਰਹਿ ਗਿਆ।
ਆਲੋਚਕਾਂ ਨੇ ਇਲਜ਼ਾਮ ਲਗਾਇਆ ਕਿ ਭਾਰੀ ਪੈਸਾ ਲਗਾਉਣ ਦੀ ਸਮਰੱਥਾ ਰੱਖਣ ਵਾਲੀ ਜਿਓ ਨੇ ਕੀਮਤਾਂ ਦੀ ਅਜਿਹੀ ਲੜਾਈ ਸ਼ੁਰੂ ਕੀਤੀ, ਜਿਸ 'ਚ ਦੂਜੀਆਂ ਕੰਪਨੀਆਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ।
ਹਾਲ ਹੀ 'ਚ ਐਲਨ ਮਸਕ ਨੇ ਵੀ ਮੁਕੇਸ਼ ਅੰਬਾਨੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ "ਭਾਰਤ ਦਾ ਅਸਲੀ ਬੌਸ" ਕਿਹਾ ਸੀ।
ਮਸਕ ਨੇ ਸੰਕੇਤ ਦਿੱਤਾ ਸੀ ਕਿ ਜਿਓ ਭਾਰਤ 'ਚ ਉਨ੍ਹਾਂ ਦੀ ਕੰਪਨੀ ਸਟਾਰਲਿੰਕ ਨੂੰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਰਿਲਾਇੰਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਹ ਮਸਕ ਤੋਂ ਮਿਲਣ ਵਾਲੇ ਮੁਕਾਬਲੇ ਦਾ ਸਵਾਗਤ ਕਰਦੀ ਹੈ।
ਭਾਰਤ ਦੀ ਡਿਜੀਟਲ ਕ੍ਰਾਂਤੀ 'ਚ ਜਿਓ ਦੀ ਭੂਮਿਕਾ
ਪਿਛਲੇ ਇੱਕ ਦਹਾਕੇ 'ਚ ਜਿਓ ਨੂੰ ਭਾਵੇਂ ਕਈ ਸਵਾਲਾਂ ਅਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਉਸਦੀਆਂ ਸਸਤੀਆਂ ਡਾਟਾ ਯੋਜਨਾਵਾਂ ਭਾਰਤ ਦੀ ਡਿਜੀਟਲ ਕ੍ਰਾਂਤੀ ਦੀ ਬੁਨਿਆਦ ਰਹੀਆਂ ਹਨ।
ਇਨ੍ਹਾਂ ਯੋਜਨਾਵਾਂ ਨੇ ਭਾਰਤ 'ਚ ਇੱਕ ਬਹੁਤ ਵੱਡੀ ਡਿਜੀਟਲ ਅਰਥਵਿਵਸਥਾ ਤਿਆਰ ਕਰਨ 'ਚ ਮਦਦ ਕੀਤੀ।
ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ 'ਚ ਔਨਲਾਈਨ ਭੁਗਤਾਨ, ਖਾਣਾ ਪਹੁੰਚਾਉਣ ਵਾਲੀਆਂ ਸੇਵਾਵਾਂ ਅਤੇ ਈ-ਕਾਮਰਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ 'ਚ ਵੀ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ।
ਜਿਓ ਦੀ ਸ਼ੁਰੂਆਤ ਦੇ ਤਿੰਨ ਸਾਲਾਂ ਦੇ ਅੰਦਰ ਗਾਹਕਾਂ ਦਾ ਡਾਟਾ ਇਸਤੇਮਾਲ 50 ਗੁਣਾ ਵੱਧ ਗਿਆ ਅਤੇ ਡਾਟਾ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਗਈਆਂ।
ਇਸੇ ਹਮਲਾਵਰ ਤਰੀਕੇ ਨਾਲ ਦਰਾਂ ਘੱਟ ਰੱਖਣ ਕਰਕੇ ਜਿਓ ਨੇ 2026 ਤੱਕ ਲਗਭਗ 55.3 ਕਰੋੜ ਮੋਬਾਈਲ ਗਾਹਕ ਬਣਾ ਲਏ।
ਬਰੋਡਬੈਂਡ ਅਤੇ 5G 'ਚ ਵੀ ਦਬਦਬਾ

ਤਸਵੀਰ ਸਰੋਤ, Dhiraj Singh/Bloomberg via Getty Images
ਦੂਜੇ ਖੇਤਰਾਂ 'ਚ ਵੀ ਜਿਓ ਦੀ ਪਕੜ ਮਜ਼ਬੂਤ ਹੋਈ ਹੈ।
ਭਾਰਤ ਦੇ ਵਾਇਰਲੈੱਸ ਬਰੋਡਬੈਂਡ ਬਾਜ਼ਾਰ 'ਚ ਕੰਪਨੀ ਦੀ ਹਿੱਸੇਦਾਰੀ 50 ਫ਼ੀਸਦੀ ਅਤੇ ਫਿਕਸਡ ਬਰੋਡਬੈਂਡ 'ਚ 40 ਫ਼ੀਸਦੀ ਤੋਂ ਵੱਧ ਹੈ।
ਬਰੋਕਰੇਜ ਕੰਪਨੀ ਐੱਮਕੇ ਗਲੋਬਲ ਦੇ ਮੁਤਾਬਕ, ਭਾਰਤ ਦੇ ਕੁੱਲ ਵਾਇਰਲੈੱਸ ਡਾਟਾ ਟ੍ਰੈਫਿਕ ਦਾ 60 ਫ਼ੀਸਦੀ ਹਿੱਸਾ ਜਿਓ ਦੇ ਨੈੱਟਵਰਕ 'ਚੋਂ ਲੰਘਦਾ ਹੈ।
ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਚੀਨ ਤੋਂ ਬਾਹਰ ਉਸ ਕੋਲ 5G ਗਾਹਕਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਐੱਮਕੇ ਗਲੋਬਲ ਨੇ ਜਿਓ ਨੂੰ "ਭਾਰਤ ਦਾ ਡਿਜੀਟਲ ਇੰਜਣ" ਦੱਸਿਆ ਹੈ।
ਕੀ ਹੁਣ ਖ਼ਤਮ ਹੋਵੇਗਾ ਸਸਤੇ ਡਾਟਾ ਦਾ ਦੌਰ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਓ ਦਾ ਸ਼ੇਅਰ ਬਾਜ਼ਾਰ 'ਚ ਉਤਰਨਾ ਉਸ ਦੀ ਕੀਮਤ ਤੈਅ ਕਰਨ ਦੀ ਰਣਨੀਤੀ 'ਚ ਇੱਕ ਵੱਡਾ ਮੋੜ ਸਾਬਤ ਹੋ ਸਕਦਾ ਹੈ।
ਇਸ ਆਈਪੀਓ ਦੇ ਜ਼ਰੀਏ ਕੰਪਨੀ ਦੇ ਪ੍ਰਮੋਟਰ ਆਪਣੀ ਹਿੱਸੇਦਾਰੀ ਲਗਭਗ ਤਿੰਨ ਫ਼ੀਸਦੀ ਘਟਾਉਣਗੇ।
ਇਸਦੇ ਨਾਲ ਹੀ ਕਈ ਸਾਲਾਂ ਤੋਂ ਬਹੁਤ ਘੱਟ ਦਰਾਂ 'ਤੇ ਮਿਲ ਰਹੀਆਂ ਸੇਵਾਵਾਂ ਦਾ ਦੌਰ ਖ਼ਤਮ ਹੋ ਸਕਦਾ ਹੈ।
ਕਾਮਾਯਕਿਆ ਵੈਲਥ ਮੈਨੇਜਮੈਂਟ ਦੀ ਸਹਿ-ਸੰਸਥਾਪਕ ਨਿੱਤਿਆ ਸ਼ਾਹ ਕਹਿੰਦੀ ਹੈ, "ਬਾਜ਼ਾਰ 'ਚ ਆਪਣੀ ਹਿੱਸੇਦਾਰੀ ਵਧਾਉਣ ਲਈ ਹਥਿਆਰ ਵਜੋਂ ਸਸਤੀਆਂ ਦਰਾਂ ਦੀ ਵਰਤੋਂ ਕਰਨ ਦਾ ਜਿਓ ਦਾ ਦੌਰ ਹੁਣ ਖ਼ਤਮ ਹੋਣ ਵੱਲ ਹੈ।"
ਉਹ ਕਹਿੰਦੀ ਹੈ, "ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਤੋਂ ਬਾਅਦ ਜਿਓ ਨੂੰ ਛੋਟੇ ਸ਼ੇਅਰਧਾਰਕਾਂ ਨੂੰ ਵੀ ਜਵਾਬ ਦੇਣਾ ਪਵੇਗਾ। ਇਸ ਨਾਲ ਕੀਮਤਾਂ ਨੂੰ ਜਾਣ-ਬੁੱਝ ਕੇ ਘੱਟ ਰੱਖਣ ਦੀ ਉਸਦੀ ਵਜ੍ਹਾ ਦਾ ਭਾਰ ਘੱਟ ਜਾਵੇਗਾ।"
ਨਵੇਂ ਗਾਹਕ ਨਹੀਂ, ਹਰ ਗਾਹਕ ਤੋਂ ਵੱਧ ਕਮਾਈ

ਤਸਵੀਰ ਸਰੋਤ, CFOTO/Future Publishing via Getty Images
ਜਿਓ ਦਾ ਭਵਿੱਖ ਦਾ ਵਾਧਾ ਹੁਣ ਮੁੱਖ ਤੌਰ 'ਤੇ ਸਸਤੀਆਂ ਯੋਜਨਾਵਾਂ ਦੇ ਜ਼ਰੀਏ ਨਵੇਂ ਗਾਹਕ ਜੋੜਨ 'ਤੇ ਨਿਰਭਰ ਨਹੀਂ ਰਹੇਗਾ।
ਬਰੋਕਰੇਜ ਕੰਪਨੀ ਮੋਤੀਲਾਲ ਓਸਵਾਲ ਨੇ ਇੱਕ ਨੋਟ 'ਚ ਕਿਹਾ ਹੈ ਕਿ ਕੰਪਨੀ ਦਾ ਅੱਗੇ ਦਾ ਵਾਧਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਹ ਹਰ ਗਾਹਕ ਤੋਂ ਕਿੰਨੀ ਵੱਧ ਕਮਾਈ ਕਰਦੀ ਹੈ।
ਇਸਦੇ ਲਈ ਗਾਹਕਾਂ ਨੂੰ 5G 'ਤੇ ਲੈ ਕੇ ਜਾਣਾ, ਸਮੇਂ-ਸਮੇਂ 'ਤੇ ਦਰਾਂ ਵਧਾਉਣਾ ਅਤੇ ਉਨ੍ਹਾਂ ਘਰਾਂ ਤੱਕ ਫਿਕਸਡ ਵਾਇਰਲੈੱਸ ਬਰੋਡਬੈਂਡ ਪਹੁੰਚਾਉਣਾ ਅਹਿਮ ਹੋਵੇਗਾ, ਜਿੱਥੇ ਫਾਈਬਰ ਹਾਲੇ ਤੱਕ ਨਹੀਂ ਪਹੁੰਚਿਆ।
ਦੂਜੀਆਂ ਕੰਪਨੀਆਂ ਨੂੰ ਵੀ ਦਰਾਂ ਵਧਾਉਣ ਦਾ ਮੌਕਾ
ਜਿਓ ਦੇ ਸ਼ੇਅਰ ਬਾਜ਼ਾਰ 'ਚ ਉਤਰਨ ਤੋਂ ਬਾਅਦ ਉਸਦੀਆਂ ਪ੍ਰਤੀਯੋਗੀ ਕੰਪਨੀਆਂ ਲਈ ਵੀ ਆਪਣੀਆਂ ਦਰਾਂ ਵਧਾਉਣ ਦਾ ਰਸਤਾ ਖੁੱਲ੍ਹ ਸਕਦਾ ਹੈ।
ਹੁਣ ਇਨ੍ਹਾਂ ਕੰਪਨੀਆਂ ਨੂੰ ਡਰ ਰਹਿੰਦਾ ਹੈ ਕਿ ਜੇ ਉਨ੍ਹਾਂ ਨੇ ਦਰਾਂ ਵਧਾਈਆਂ, ਤਾਂ ਜਿਓ ਉਨ੍ਹਾਂ ਤੋਂ ਸਸਤੀਆਂ ਸੇਵਾਵਾਂ ਦੇ ਕੇ ਉਨ੍ਹਾਂ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚ ਸਕਦੀ ਹੈ।
ਜੇ ਇਹ ਡਰ ਘੱਟ ਹੁੰਦਾ ਹੈ, ਤਾਂ ਦੂਜੀਆਂ ਕੰਪਨੀਆਂ ਵੀ ਆਪਣੀਆਂ ਸੇਵਾਵਾਂ ਦੀ ਕੀਮਤ ਵਧਾ ਸਕਦੀਆਂ ਹਨ।
ਨਿੱਤਿਆ ਸ਼ਾਹ ਕਹਿੰਦੀ ਹੈ, "ਇਸ ਬਦਲਾਅ ਦਾ ਸਭ ਤੋਂ ਵੱਡਾ ਫਾਇਦਾ ਵੋਡਾਫੋਨ ਆਈਡੀਆ ਨੂੰ ਹੋ ਸਕਦਾ ਹੈ। ਇਹ ਅਜਿਹਾ ਮੌਕਾ ਹੈ, ਜਦੋਂ ਇਸ ਖੇਤਰ ਦੀ ਸਭ ਤੋਂ ਕਮਜ਼ੋਰ ਵਿੱਤੀ ਸਥਿਤੀ ਵਾਲੀ ਕੰਪਨੀ ਨੂੰ ਸਭ ਤੋਂ ਮਜ਼ਬੂਤ ਸਹਾਰਾ ਮਿਲ ਸਕਦਾ ਹੈ।"
ਗਾਹਕਾਂ ਦੇ ਬਿੱਲ 'ਤੇ ਕੀ ਅਸਰ ਹੋਵੇਗਾ?

ਤਸਵੀਰ ਸਰੋਤ, Dhiraj Singh/Bloomberg via Getty Images
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਕੀਮਤਾਂ ਫਿਰ ਵਧਦੀਆਂ ਹਨ, ਤਾਂ ਬਾਜ਼ਾਰ 'ਚ ਗਾਹਕਾਂ ਦੇ ਕੰਪਨੀਆਂ ਬਦਲਣ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।
ਕੀਮਤਾਂ ਨੂੰ ਲੈ ਕੇ ਸੰਵੇਦਨਸ਼ੀਲ ਗਾਹਕ ਉਸ ਕੰਪਨੀ ਵੱਲ ਜਾ ਸਕਦੇ ਹਨ, ਜਿਸਦੀ ਯੋਜਨਾ ਸਭ ਤੋਂ ਸਸਤੀ ਹੋਵੇਗੀ।
ਇਸਦਾ ਮਤਲਬ ਹੈ ਕਿ ਗਾਹਕਾਂ ਨੂੰ ਮੋਬਾਈਲ ਬਿੱਲ ਵਧਣ ਲਈ ਤਿਆਰ ਰਹਿਣਾ ਪੈ ਸਕਦਾ ਹੈ।
ਨਿਵੇਸ਼ਕਾਂ ਨੂੰ ਜਿਓ 'ਚ ਕੀ ਦਿਖਾਈ ਦੇ ਰਿਹਾ ਹੈ?
ਜਿੱਥੇ ਗਾਹਕਾਂ ਨੂੰ ਵੱਧ ਬਿੱਲ ਚੁਕਾਉਣਾ ਪੈ ਸਕਦਾ ਹੈ, ਉੱਥੇ ਹੀ ਜਿਓ ਦਾ ਆਈਪੀਓ ਨਿਵੇਸ਼ਕਾਂ ਨੂੰ ਭਾਰਤ 'ਚ ਡਾਟਾ ਦੀ ਲਗਾਤਾਰ ਵਧ ਰਹੀ ਮੰਗ 'ਤੇ ਦਾਅ ਲਗਾਉਣ ਦਾ ਮੌਕਾ ਦੇ ਰਿਹਾ ਹੈ।
ਇਸਦੇ ਨਾਲ ਨਿਵੇਸ਼ਕਾਂ ਨੂੰ ਜਿਓ ਦੀਆਂ ਡਿਜੀਟਲ ਸੇਵਾਵਾਂ ਦੇ ਵਧਦੇ ਕਾਰੋਬਾਰ ਨਾਲ ਵੀ ਜੁੜਨ ਦਾ ਮੌਕਾ ਮਿਲੇਗਾ।
ਕੰਪਨੀ ਮਨੋਰੰਜਨ, ਕਲਾਊਡ ਕੰਪਿਊਟਿੰਗ, ਗੇਮਿੰਗ ਅਤੇ ਵਿੱਤੀ ਸੇਵਾਵਾਂ ਦੇ ਖੇਤਰ 'ਚ ਵੀ ਕੰਮ ਕਰਦੀ ਹੈ।
ਘੱਟ ਦਰਾਂ ਅਤੇ ਸਮਾਰਟਫੋਨ ਦੀ ਵੱਧਦੀ ਵਰਤੋਂ ਕਾਰਨ ਭਾਰਤ ਦੁਨੀਆਂ 'ਚ ਮੋਬਾਈਲ ਡਾਟਾ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਬਣ ਗਿਆ ਹੈ।
ਜਿਓ ਦੇ ਹਰ ਗਾਹਕ ਦਾ ਔਸਤ ਮਹੀਨਾਵਾਰ ਡਾਟਾ ਇਸਤੇਮਾਲ 2024 'ਚ 28.7 ਜੀਬੀ ਸੀ।
ਸਾਲ 2026 'ਚ ਇਹ ਵੱਧ ਕੇ 42.3 ਜੀਬੀ ਹੋ ਗਿਆ ਭਾਵ ਦੋ ਸਾਲਾਂ 'ਚ ਇਸ 'ਚ 52 ਫ਼ੀਸਦੀ ਦਾ ਵਾਧਾ ਹੋਇਆ।
ਕੁਝ ਅਨੁਮਾਨਾਂ ਮੁਤਾਬਕ, ਲੋਕਾਂ ਦੀ ਖਰਚ ਕਰਨ ਦੀ ਸਮਰੱਥਾ ਵਧਣ ਦੇ ਨਾਲ ਇਸ ਦਹਾਕੇ ਦੇ ਅਖੀਰ ਤੱਕ ਡਾਟਾ ਦਾ ਇਸਤੇਮਾਲ ਵਧ ਕੇ 65 ਜੀਬੀ ਤੱਕ ਪਹੁੰਚ ਸਕਦਾ ਹੈ।
ਇਸ ਨਾਲ ਜਿਓ ਨੂੰ ਲੰਬੇ ਸਮੇਂ 'ਚ ਹਰ ਗਾਹਕ ਤੋਂ ਹੋਣ ਵਾਲੀ ਔਸਤ ਕਮਾਈ ਵਧਾਉਣ 'ਚ ਮਦਦ ਮਿਲੇਗੀ।
ਐੱਮਕੇ ਗਲੋਬਲ ਦੇ ਮੁਤਾਬਕ, "ਜ਼ਿਆਦਾਤਰ ਡਿਜੀਟਲ ਸੇਵਾਵਾਂ ਦੀ ਪਹੁੰਚ ਹਾਲੇ ਵੀ ਚੀਨ ਅਤੇ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਲਈ ਇਸ 'ਚ ਵਾਧੇ ਦੀ ਕਾਫ਼ੀ ਗੁੰਜਾਇਸ਼ ਹੈ।"
ਰੇਟਿੰਗ ਏਜੰਸੀ ਮੂਡੀਜ਼ ਦੇ ਮੁਤਾਬਕ, ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਣ ਨਾਲ ਜਿਓ ਦੇ ਕੰਮਕਾਜ 'ਚ ਪਾਰਦਰਸ਼ਤਾ ਵੱਧ ਸਕਦੀ ਹੈ।
ਇਸ ਨਾਲ ਨਿਵੇਸ਼ਕਾਂ ਨੂੰ ਕੰਪਨੀ ਦਾ "ਵੱਧ ਸਪੱਸ਼ਟ ਬਾਜ਼ਾਰ ਮੁਲਾਂਕਣ" ਵੀ ਮਿਲ ਸਕੇਗਾ।
ਹਾਲੇ ਜਿਓ, ਰਿਲਾਇੰਸ ਇੰਡਸਟਰੀਜ਼ ਦਾ ਹਿੱਸਾ ਹੈ। ਰਿਲਾਇੰਸ ਦਾ ਕਾਰੋਬਾਰ ਤੇਲ ਸੋਧਣ ਤੋਂ ਲੈ ਕੇ ਪ੍ਰਚੂਨ ਵਪਾਰ ਤੱਕ ਫੈਲਿਆ ਹੋਇਆ ਹੈ।
ਦੋ ਦਹਾਕੇ ਬਾਅਦ ਰਿਲਾਇੰਸ ਸਮੂਹ ਦਾ ਆਈਪੀਓ

ਤਸਵੀਰ ਸਰੋਤ, SEBASTIAN D'SOUZA/AFP via Getty Images
ਭਾਰਤ ਦੀ ਅਰਥਵਿਵਸਥਾ 'ਚ ਜਿਓ ਦੀ ਵੱਧਦੀ ਅਤੇ ਅਹਿਮ ਭੂਮਿਕਾ ਨੇ ਨਿਵੇਸ਼ਕਾਂ ਦਾ ਉਤਸ਼ਾਹ ਵਧਾਇਆ ਹੈ।
ਪਰ ਇਸ ਆਈਪੀਓ ਨੂੰ ਲੈ ਕੇ ਚਰਚਾ ਦੀ ਇੱਕ ਹੋਰ ਵੱਡੀ ਵਜ੍ਹਾ ਹੈ।
ਇਹ ਦੋ ਦਹਾਕਿਆਂ ਤੋਂ ਵੱਧ ਸਮੇਂ 'ਚ ਰਿਲਾਇੰਸ ਸਮੂਹ ਵੱਲੋਂ ਲਿਆਂਦਾ ਗਿਆ ਪਹਿਲਾ ਆਈਪੀਓ ਹੈ।
ਰਿਲਾਇੰਸ ਨੇ 1958 'ਚ ਮਸਾਲਿਆਂ ਅਤੇ ਪੋਲੀਏਸਟਰ ਧਾਗੇ ਦੇ ਛੋਟੇ ਵਪਾਰ ਤੋਂ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਕੰਪਨੀ ਨੇ ਕੱਪੜਾ, ਪੈਟਰੋਕੈਮੀਕਲਸ, ਤੇਲ ਸੋਧਣ ਅਤੇ ਫਿਰ ਪ੍ਰਚੂਨ ਵਪਾਰ, ਟੈਲੀਕਾਮ ਅਤੇ ਡਿਜੀਟਲ ਸੇਵਾਵਾਂ 'ਚ ਆਪਣਾ ਕਾਰੋਬਾਰ ਫੈਲਾਇਆ।
ਲੰਬੇ ਸਮੇਂ 'ਚ ਨਿਵੇਸ਼ਕਾਂ ਦੀ ਦੌਲਤ ਵਧਾਉਣ ਦੇ ਆਪਣੇ ਰਿਕਾਰਡ ਕਾਰਨ ਰਿਲਾਇੰਸ ਨੂੰ ਛੋਟੇ ਨਿਵੇਸ਼ਕਾਂ 'ਚ ਇੱਕ ਖ਼ਾਸ ਦਰਜਾ ਹਾਸਲ ਹੈ।
ਛੋਟੇ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ ਤੱਕ ਲਿਆਉਣ ਦੀ ਕਹਾਣੀ
ਰਿਲਾਇੰਸ ਸਾਮਰਾਜ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 1980 ਅਤੇ 1990 ਦੇ ਦਹਾਕੇ 'ਚ ਸ਼ੇਅਰਾਂ 'ਚ ਨਿਵੇਸ਼ ਨੂੰ ਲੋਕਪ੍ਰਿਅ ਬਣਾਉਣ 'ਚ ਬੁਨਿਆਦੀ ਭੂਮਿਕਾ ਨਿਭਾਈ ਸੀ।
ਉਨ੍ਹਾਂ ਨੇ ਸ਼ੇਅਰ ਬਾਜ਼ਾਰ 'ਚ ਨਿਵੇਸ਼ ਨੂੰ ਕਾਰੋਬਾਰੀਆਂ ਅਤੇ ਅਮੀਰ ਪਰਿਵਾਰਾਂ ਤੱਕ ਸੀਮਤ ਰਹਿਣ ਤੋਂ ਬਾਹਰ ਕੱਢਿਆ।
ਸ਼ੁਰੂਆਤੀ ਸਾਲਾਂ 'ਚ ਰਿਲਾਇੰਸ ਨੇ ਵਿਅਕਤੀਗਤ ਸ਼ੇਅਰਧਾਰਕਾਂ ਦਾ ਇੱਕ ਬਹੁਤ ਵੱਡਾ ਅਧਾਰ ਤਿਆਰ ਕੀਤਾ।
ਕੰਪਨੀ ਆਪਣੀਆਂ ਸਾਲਾਨਾ ਆਮ ਬੈਠਕਾਂ ਨੂੰ ਵੱਡੇ ਸਮਾਗਮਾਂ 'ਚ ਬਦਲ ਦਿੰਦੀ ਸੀ।
ਇਨ੍ਹਾਂ ਬੈਠਕਾਂ 'ਚ ਵੱਡੇ ਐਲਾਨ ਹੁੰਦੇ ਸਨ, ਲਾਭਅੰਸ਼ ਦਿੱਤਾ ਜਾਂਦਾ ਸੀ ਅਤੇ ਆਮ ਲੋਕਾਂ ਕੋਲ ਕੰਪਨੀ ਦੇ ਸ਼ੇਅਰ ਹੋਣ ਦਾ ਜਸ਼ਨ ਮਨਾਇਆ ਜਾਂਦਾ ਸੀ।
ਸਮੇਂ ਦੇ ਨਾਲ ਇਸ ਨਾਲ ਨਿਵੇਸ਼ਕਾਂ ਦਾ ਇੱਕ ਅਜਿਹਾ ਸਮੂਹ ਤਿਆਰ ਹੋਇਆ, ਜੋ ਕੰਪਨੀ ਪ੍ਰਤੀ ਬਹੁਤ ਵਫ਼ਾਦਾਰ ਸੀ।
ਇਨ੍ਹਾਂ 'ਚੋਂ ਕਈ ਨਿਵੇਸ਼ਕਾਂ ਦਾ ਕੰਪਨੀ ਨਾਲ ਡੂੰਘਾ ਭਾਵਨਾਤਮਕ ਰਿਸ਼ਤਾ ਵੀ ਬਣ ਗਿਆ।
ਕੀ ਜਿਓ ਵੀ ਦੁਹਰਾ ਪਾਵੇਗਾ ਰਿਲਾਇੰਸ ਦਾ ਜਾਦੂ?
ਪਿਛਲੇ ਇੱਕ ਸਾਲ 'ਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦੀ ਕੀਮਤ ਲਗਭਗ 20 ਫ਼ੀਸਦੀ ਡਿੱਗੀ ਹੈ।
ਇਸਦੇ ਬਾਵਜੂਦ ਲੰਬੀ ਮਿਆਦ ਦਾ ਉਸਦਾ ਰਿਕਾਰਡ ਨਿਵੇਸ਼ਕਾਂ 'ਚ ਭਰੋਸਾ ਬਣਾਇਆ ਹੋਇਆ ਹੈ।
ਮੁੰਬਈ ਦੀ ਵੈਲਥਮਿਲਜ਼ ਸਕਿਓਰਿਟੀਜ਼ ਦੇ ਕ੍ਰਾਂਤੀ ਬਾਥਿਨੀ ਨੇ ਬੀਬੀਸੀ ਨੂੰ ਕਿਹਾ, "ਕੰਪਨੀ ਨੇ 30 ਸਾਲਾਂ ਤੱਕ ਲਗਾਤਾਰ ਔਸਤਨ ਲਗਭਗ 30 ਫ਼ੀਸਦੀ ਦਾ ਸਾਲਾਨਾ ਰਿਟਰਨ ਦਿੱਤਾ ਹੈ।"
"ਇਸੇ ਲਈ ਲੋਕਾਂ ਨੂੰ ਉਮੀਦ ਹੈ ਕਿ ਜਿਓ ਦੇ ਆਈਪੀਓ 'ਚ ਵੀ ਉਹੀ ਜਾਦੂ ਦੁਹਰਾਇਆ ਜਾ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































