'ਜੇਨ- ਜ਼ੀ' ਨੂੰ 'ਗਟਰ ਜਨਰੇਸ਼ਨ' ਕਹਿਣ ਤੋਂ ਬਾਅਦ ਕੰਗਨਾ ਰਣੌਤ ਨੇ ਸਫ਼ਾਈ ਦਿੱਤੀ, ਪ੍ਰਧਾਨ ਮੰਤਰੀ ਬਾਰੇ ਇਹ ਕਿਹਾ

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਣੌਤ ਨੇ ਕੁਝ ਪ੍ਰਦਰਸ਼ਨਕਾਰੀਆਂ ਦੀ ਭਾਸ਼ਾ ਉੱਤੇ ਸਵਾਲ ਖੜੇ ਕੀਤੇ ਸਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 9 ਮਿੰਟ

ਅਦਾਕਾਰਾ ਅਤੇ ਭਾਜਪਾ ਐੱਮਪੀ ਕੰਗਨਾ ਰਣੌਤ ਇੱਕ ਵਾਰ ਫਿਰ ਵਿਵਾਦਾਂ ਦੇ ਕੇਂਦਰ ਵਿੱਚ ਆ ਗਏ ਹਨ, ਜਦੋਂ ਉਨ੍ਹਾਂ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਨੀਟ ਪੇਪਰ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਦੇ ਖਿਲਾਫ਼ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਅਤੇ 'ਜੇਨ-ਜ਼ੀ' ਪੀੜ੍ਹੀ ਬਾਰੇ ਵਿਵਾਦਤ ਅਤੇ ਅਪਮਾਨਜਨਕ ਟਿੱਪਣੀ ਕੀਤੀ।

ਵਿਰੋਧ ਪ੍ਰਦਰਸ਼ਨਾਂ ਦੌਰਾਨ ਅਤੇ ਸੋਸ਼ਲ ਮੀਡੀਆ ਰੀਲਾਂ ਵਿੱਚ ਵਰਤੀ ਗਈ ਭਾਸ਼ਾ 'ਤੇ ਇਤਰਾਜ਼ ਜਤਾਉਂਦਿਆਂ, ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ "ਗਟਰ ਪੀੜ੍ਹੀ" ਕਿਹਾ।

ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਅਤੇ ਮੀਡੀਆ ਨਾਲ ਗੱਲ ਕਰਦੇ ਹੋਏ ਪ੍ਰਦਰਸ਼ਨਕਾਰੀ ਨੌਜਵਾਨਾਂ ਉੱਤੇ ਸਵਾਲ ਖੜੇ ਕੀਤੇ ਹਨ।

ਉਨ੍ਹਾਂ ਨੇ ਆਲੋਚਨਾ ਕਰਦੇ ਹੋਏ ਕਿਹਾ, "ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਸ ਤੋਂ ਵੱਧ ਅਜੀਬ ਅਤੇ ਬੁਰਾ ਕੁਝ ਨਹੀਂ ਦੇਖਿਆ। ਇਨ੍ਹਾਂ ਨੂੰ ਕੌਣ ਪਾਲ ਰਿਹਾ ਹੈ? ਇਹ ਇੱਕ ਅਜਿਹੀ ਪੀੜ੍ਹੀ ਹੈ ਜੋ ਗਟਰ ਵਿੱਚੋਂ ਬਾਹਰ ਨਿਕਲੀ ਹੈ। ਇਹ ਕੁੜੀਆਂ ਚੰਗੀਆਂ ਘਰੇਲੂ ਔਰਤਾਂ ਵੀ ਨਹੀਂ ਬਣ ਸਕਦੀਆਂ।"

ਇਸ ਬਿਆਨ ਤੋਂ ਬਾਅਦ ਕੰਗਨਾ ਰਣੌਤ ਵਿਰੁੱਧ ਦੇਸ਼ ਭਰ ਤੋਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਉਨ੍ਹਾਂ ਦੀਆਂ ਟਿੱਪਣੀਆਂ ਦਾ ਉੱਤੇ ਸਵਾਲ ਖੜੇ ਕੀਤੇ ਹਨ।

ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਬਾਲੀਵੁੱਡ, ਕਿਸਾਨਾਂ ਦੇ ਅੰਦੋਲਨ ਅਤੇ ਰਾਜਨੀਤੀ ਸਬੰਧੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ।

ਕੰਗਨਾ ਰਣੌਤ ਨੇ 'ਜੇਨ-ਜ਼ੀ' ਬਾਰੇ ਅਸਲ ਵਿੱਚ ਕੀ ਕਿਹਾ?

ਕੰਗਨਾ ਰਣੌਤ ਨੇ ਕਿਹਾ, "ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੰਨਾ ਅਜੀਬ ਅਤੇ ਇੰਨਾ ਬੁਰਾ ਕੁਝ ਨਹੀਂ ਦੇਖਿਆ। ਮੈਂ ਜੇਨ-ਜ਼ੀ' ਦਾ ਵਿਰੋਧ ਪ੍ਰਦਰਸ਼ਨ ਦੀ ਵੀਡੀਓ ਦੇਖ ਕੇ ਹੈਰਾਨ ਰਹਿ ਗਈ। ਮੈਨੂੰ ਵੀ ਬੁਰਾ ਲੱਗ ਰਿਹਾ ਹੈ। ਉਹ ਜਿਸ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਉਹ ਬਹੁਤ ਹੀ ਅਸ਼ਲੀਲ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸ ਨੇ ਜਨਮ ਦਿੱਤਾ ਜਾਂ ਉਨ੍ਹਾਂ ਨੂੰ ਕੌਣ ਪਾਲ ਰਿਹਾ ਹੈ।"

"ਭਾਰਤ ਆਪਣੀ ਵਿਭਿੰਨਤਾ, ਸੱਭਿਆਚਾਰ ਅਤੇ ਸ਼ਿਸ਼ਟਾਚਾਰ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਲੋਕ ਇੱਕ ਦੂਜੇ ਨੂੰ ਅਪਮਾਨਜਨਕ ਨਾਵਾਂ ਨਾਲ ਬੁਲਾਉਂਦੇ ਹਨ ਅਤੇ ਉਸੇ ਤਰ੍ਹਾਂ ਹੀ ਵਿਵਹਾਰ ਕਰਦੇ ਹਨ, ਇਸ ਤਰ੍ਹਾਂ ਦਾ ਵਿਵਹਾਰ ਸਾਡੇ ਸੱਭਿਆਚਾਰ ਦੇ ਅਨੁਸਾਰ ਨਹੀਂ ਹੈ।"

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਣੌਤ ਕਿਸਾਨ ਅੰਦੋਲਨ ਸਣੇ ਹੋਰ ਮਸਲਿਆਂ ਉੱਤੇ ਪਹਿਲਾਂ ਵੀ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ

ਕੰਗਨਾ ਰਣੌਤ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਾਇਰਲ ਹੋਈਆਂ ਕੁਝ ਕੁੜੀਆਂ ਦੇ ਵੀਡੀਓਜ਼ ਦੀ ਆਲੋਚਨਾ ਕੀਤੀ, ਉਨ੍ਹਾਂ ਨੂੰ 'ਗਟਰ ਪੀੜ੍ਹੀ' ਕਿਹਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕੁੜੀਆਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਹਨ। ਉਹ ਪੜ੍ਹਾਈ ਵਿੱਚ ਚੰਗੀਆਂ ਨਹੀਂ ਹਨ ਅਤੇ ਉਨ੍ਹਾਂ ਦਾ ਨੈਤਿਕ ਆਚਰਣ ਵੀ ਚੰਗਾ ਨਹੀਂ ਹੈ।

"ਇਹ ਲੜਕੀਆਂ ਆਜ਼ਾਦੀ ਦੇ ਨਾਮ 'ਤੇ ਸੋਸ਼ਲ ਮੀਡੀਆ 'ਤੇ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦਾ ਪ੍ਰਦਰਸ਼ਨ ਕਰਦੀਆਂ ਹਨ। ਉਹ ਉਨ੍ਹਾਂ ਔਰਤਾਂ ਦੀ ਨਕਲ ਕਰਦੀਆਂ ਹਨ ਜੋ ਸਖ਼ਤ ਮਿਹਨਤ ਤੋਂ ਬਚਦੀਆਂ ਹਨ ਅਤੇ ਇਸ ਲਈ ਆਪਣੇ ਪਰਿਵਾਰਾਂ ਅਤੇ ਜ਼ਿੰਮੇਵਾਰੀਆਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ।"

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਵਾਇਰਲ ਵੀਡੀਓ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ 'ਡਿਜੀਟਲ ਡੀਟੌਕਸ' ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ।

'ਮੀਡੀਆ ਮਿਲ ਕੇ ਮੈਨੂੰ ਨਿਸ਼ਾਨਾ ਬਣਾ ਰਿਹਾ ਹੈ'

ਐੱਮਪੀ ਕੰਗਨਾ ਰਣੌਤ ਨੇ ਬੁੱਧਵਾਰ (29 ਜੁਲਾਈ) ਨੂੰ ਇਸ ਮੁੱਦੇ 'ਤੇ ਇੱਕ ਹੋਰ ਵੀਡੀਓ ਪਾ ਕੇ ਸਪੱਸ਼ਟੀਕਰਨ ਦਿੱਤਾ।

ਕੰਗਨਾ ਰਣੌਤ ਨੇ ਕਿਹਾ, "ਮੈਂ ਇਹ ਰੀਲ ਮੀਡੀਆ ਦੇ ਲੋਕਾਂ ਲਈ ਬਣਾ ਰਹੀ ਹਾਂ। ਕਿਉਂਕਿ ਮੈਂ ਕੁਝ ਪ੍ਰਦਰਸ਼ਨਕਾਰੀਆਂ ਦੁਆਰਾ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦੇ ਸਾਹਮਣੇ ਦਿਖਾਏ ਗਏ ਅਨੈਤਿਕ, ਗੰਦੇ ਅਤੇ ਅਸ਼ਲੀਲ ਵਿਵਹਾਰ ਨੂੰ ਆਮ ਮੰਨਣ ਦਾ ਵਿਰੋਧ ਕੀਤਾ ਸੀ।"

"ਸਾਡਾ ਸਮਾਜ ਇਸਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅਸ਼ਲੀਲ ਵਿਵਹਾਰ ਵਿੱਚ ਸ਼ਾਮਲ ਹੋਣ ਜਾਂ ਅਜਿਹਾ ਕੰਮ ਕਰਨ ਜਿਸ ਨਾਲ ਸਾਡੇ ਬਜ਼ੁਰਗਾਂ ਦਾ ਸਿਰ ਸ਼ਰਮ ਨਾਲ ਝੁਕ ਜਾਵੇ। ਅਜਿਹਾ ਵਿਵਹਾਰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ, ਇਨ੍ਹਾਂ ਚੀਜ਼ਾਂ ਨੂੰ ਆਮ ਨਹੀਂ ਮੰਨਿਆ ਜਾਵੇਗਾ ਪਰ ਮੀਡੀਆ ਮੈਨੂੰ ਨਿਸ਼ਾਨਾ ਬਣਾ ਰਿਹਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਪਰ ਮੀਡੀਆ ਇਹ ਜ਼ਿਕਰ ਨਹੀਂ ਕਰੇਗਾ ਕਿ ਮੈਂ ਸਟਾਰਟਅੱਪਸ ਦੀ ਵੀ ਪ੍ਰਸ਼ੰਸਾ ਕੀਤੀ ਸੀ। ਮੈਂ ਨਿੱਜੀ ਤੌਰ 'ਤੇ ਨੀਟ ਦੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਡੀ ਟੀਮ ਵਿੱਚ, ਘਰ ਵਿੱਚ ਅਤੇ ਸਾਡੇ ਰਿਸ਼ਤੇਦਾਰਾਂ ਵਿੱਚ ਸਾਡੇ ਜੇਨ-ਜ਼ੀ ਭੈਣ-ਭਰਾ ਹਨ।"

"ਪਰ ਕੁਝ ਫਾਲੋਅਰਜ਼, ਕੁਮੈਂਟਸ ਅਤੇ ਲਾਈਕਸ ਦੀ ਖ਼ਾਤਰ ਇੰਨੇ ਜ਼ਿਆਦਾ ਵਿਕ ਚੁੱਕੇ ਹਨ। ਕੁਝ ਐਂਕਰ ਮੈਨੂੰ ਸਿਖਾ ਰਹੇ ਹਨ ਕਿ ਸਾਨੂੰ ਇਸ ਪੀੜ੍ਹੀ 'ਤੇ ਮਾਣ ਜਾਂ ਅਨੁਸ਼ਾਸਨ ਦਾ ਬੋਝ ਕਿਉਂ ਪਾਉਣਾ ਚਾਹੀਦਾ ਹੈ। ਪਰ ਕੀ ਅਸੀਂ ਆਪਣੀਆਂ ਧੀਆਂ ਨੂੰ ਇਹੀ ਸਿਖਾਵਾਂਗੇ? ਸੀਮਾਵਾਂ ਦੇ ਅੰਦਰ ਰਹਿਣਾ ਕੋਈ ਚੁਆਇਸ ਨਹੀਂ ਹੈ, ਹਰ ਕੋਈ ਦਿਖਾਵਾ ਕਰਨਾ ਚਾਹੇਗਾ ਪਰ ਜੇ ਤੁਸੀਂ ਸਮਾਜ ਵਿੱਚ ਰਹਿਣਾ ਤਾਂ ਤੁਹਾਨੂੰ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ ਪਵੇਗਾ।"

ਕੰਗਨਾ ਰਣੌਤ ਨੇ ਅੱਗੇ ਕਿਹਾ, "ਤੁਸੀਂ ਆਪਣੇ ਬੰਦ ਕਮਰਿਆਂ ਵਿੱਚ ਅਸ਼ਲੀਲ ਵਿਵਹਾਰ ਕਰ ਸਕਦੇ ਹੋ। ਹੋ ਸਕਦਾ ਹੈ ਤੁਹਾਨੂੰ ਮੇਰੇ ਰੱਬ, ਮੇਰੇ ਮਾਤਾ-ਪਿਤਾ ਜਾਂ ਮੇਰੇ ਘਰ ਦੇ ਬੱਚਿਆਂ ਲਈ ਕੋਈ ਭਾਵਨਾ ਨਾ ਹੋਵੇ ਪਰ ਕੀ ਤੁਸੀਂ ਸੜਕ 'ਤੇ ਉਨ੍ਹਾਂ ਨੂੰ ਬੇਇੱਜ਼ਤ ਕਰੋਗੇ? ਵਿਦਿਆਰਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ 'ਪ੍ਰੀਖਿਆ ਸਾਥੀ' ਕਹਿੰਦੇ ਹਨ। ਕੋਈ ਉਨ੍ਹਾਂ ਨੂੰ ਭਗਵਾਨ, ਕੋਈ ਨੇਤਾ ਅਤੇ ਕੋਈ ਪਰਿਵਾਰਕ ਮੈਂਬਰ ਮੰਨਦਾ ਹੈ, ਉਸੇ ਤਰ੍ਹਾਂ ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਸਕਦੇ। ਇਹ ਕੋਈ 'ਕੂਲ' ਬਣਨਾ ਨਹੀਂ ਹੈ। ਇਹ ਇੱਕ ਸਧਾਰਨ ਨਿਯਮ ਹੈ। ਜੇਕਰ ਤੁਹਾਨੂੰ ਇਹ ਨਹੀਂ ਆਉਂਦਾ, ਤਾਂ ਤੁਹਾਨੂੰ ਇਸਨੂੰ ਸਿੱਖਣਾ ਪਵੇਗਾ।"

"ਤੁਸੀਂ ਇਨ੍ਹਾਂ ਨਾਰੀਵਾਦੀਆਂ ਤੋਂ ਪ੍ਰਭਾਵਿਤ ਨਾ ਹੋਵੋ। ਆਪਣੀ ਜ਼ਿੰਦਗੀ ਬਰਬਾਦ ਨਾ ਕਰੋ। ਤੁਸੀਂ ਆਪਣੇ ਬੈੱਡਰੂਮ ਵਿੱਚ ਅਸ਼ਲੀਲ ਵਿਵਹਾਰ ਕਰ ਸਕਦੇ ਹੋ ਪਰ ਬਾਹਰ ਜਾ ਕੇ ਤੁਹਾਨੂੰ ਮਰਿਆਦਾ ਵਿੱਚ ਰਹਿਣਾ ਪਵੇਗਾ। "

ਕੰਗਨਾ ਰਣੌਤ ਦੇ ਵਿਰੋਧ ਪ੍ਰਦਰਸ਼ਨਾਂ ਸਬੰਧੀ ਵਿਵਾਦਤ ਬਿਆਨ

ਮੰਡੀ ਤੋਂ ਭਾਜਪਾ ਐੱਮਪੀ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਡੀ ਤੋਂ ਭਾਜਪਾ ਐੱਮਪੀ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ

ਸੰਸਦ ਮੈਂਬਰ ਕੰਗਨਾ ਰਣੌਤ ਪਹਿਲਾਂ ਵੀ ਭਾਰਤ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਿਵਾਦਪੂਰਨ ਬਿਆਨ ਦੇ ਚੁੱਕੇ ਹਨ। ਇਨ੍ਹਾਂ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।

1. ਪੰਜਾਬ ਦੀ ਬਜ਼ੁਰਗ ਮਹਿਲਾ ਕਿਸਾਨ ਬਾਰੇ ਵਿਵਾਦਪੂਰਨ ਬਿਆਨ

ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੰਗਨਾ ਰਣੌਤ ਨੇ ਕਈ ਵਿਵਾਦਪੂਰਨ ਬਿਆਨ ਦਿੱਤੇ ਸਨ।

ਦਰਅਸਲ, ਕੰਗਨਾ ਰਣੌਤ ਨੇ ਸਾਲ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਧਰਨੇ 'ਤੇ ਬੈਠੇ ਕਿਸਾਨ ਮਹਿੰਦਰ ਕੌਰ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਬੇਬੇ ਨੇ ਅਦਾਲਤ ਵਿੱਚ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ।

88 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਕਮਜ਼ੋਰ ਅਤੇ ਝੁਕੀ ਹੋਣ ਦੇ ਬਾਵਜੂਦ ਪੰਜਾਬ ਵਿੱਚ ਕਿਸਾਨਾਂ ਦੇ ਨਾਲ ਇੱਕ ਮਾਰਚ ਵਿੱਚ ਝੰਡਾ ਫੜੀ ਹੋਏ ਦਿਖਾਈ ਦਿੱਤੇ ਸਨ।

ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਮਹਿੰਦਰ ਕੌਰ ਦੀ ਤੁਲਨਾ ਸੋਸ਼ਲ ਮੀਡੀਆ 'ਤੇ ਬਿਲਕਿਸ ਦਾਦੀ ਨਾਲ ਕੀਤੀ ਜਾਣ ਲੱਗੀ, ਜੋ ਸ਼ਾਹੀਨ ਬਾਗ ਦੇ ਅੰਦੋਲਨ ਦਾ ਚਿਹਰਾ ਬਣੇ ਸਨ।

ਉਸ ਸਮੇਂ, ਕੰਗਨਾ ਰਣੌਤ ਨੇ ਬਿਲਕਿਸ ਦਾਦੀ ਅਤੇ ਮਹਿੰਦਰ ਕੌਰ ਦੋਵਾਂ ਦੀ ਇੱਕ ਤਸਵੀਰ ਪੋਸਟ ਕਰਕੇ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਲਿਖਿਆ, "ਹਾ ਹਾ... ਇਹ ਉਹੀ ਦਾਦੀਆਂ ਹਨ ਜਿਨ੍ਹਾਂ ਨੂੰ ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।"

ਹਾਲਾਂਕਿ ਕੰਗਨਾ ਦੀ ਇਸ ਟਿੱਪਣੀ ਤੋਂ ਬਾਅਦ ਮਹਿੰਦਰ ਕੌਰ ਨੇ ਅਦਾਲਤ ਦਾ ਰੁਖ ਕੀਤਾ ਸੀ ਅਤੇ ਅਕਤੂਬਰ 2025 ਵਿੱਚ ਕੰਗਨਾ ਨੇ ਕੋਰਟ ਵਿੱਚ ਪੇਸ਼ੀ ਭੁਗਤੀ ਸੀ ਅਤੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਇਸ ਟਿੱਪਣੀ ਗਲਤ ਫਹਿਮੀ ਕਰਾਰ ਦਿੱਤਾ ਸੀ।

ਕੰਗਨਾ ਰਣੌਤ ਦੇ ਬਿਆਨ ਦੀ ਦੇਸ਼ ਵਿਆਪੀ ਨਿੰਦਾ ਹੋਈ। ਇਸੇ ਮੁੱਦੇ 'ਤੇ ਹੀ ਮੁਹਾਲੀ ਹਵਾਈ ਅੱਡੇ 'ਤੇ ਇੱਕ ਗੁੱਸੇ ਵਿੱਚ ਆਈ ਮਹਿਲਾ ਸੀਆਈਐੱਸਐੱਫ ਕਾਂਸਟੇਬਲ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ।

ਕੰਗਨਾ ਰਣੌਤ ਅਤੇ ਮਹਿੰਦਰ ਕੌਰ

ਤਸਵੀਰ ਸਰੋਤ, Rajesh goldy/BBC

ਤਸਵੀਰ ਕੈਪਸ਼ਨ, ਕੰਗਨਾ ਰਣੌਤ ਦੀ ਟਿੱਪਣੀ ਨੂੰ ਮਹਿੰਦਰ ਕੌਰ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੋਈ ਹੈ

2. ਕਿਸਾਨ ਅੰਦੋਲਨ ਦੀ ਤੁਲਨਾ ਬੰਗਲਾਦੇਸ਼ ਵਿੱਚ ਸ਼ਾਸਨ ਤਬਦੀਲੀ ਨਾਲ ਕਰਨਾ

ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਵਿਵਾਦਪੂਰਨ ਟਿੱਪਣੀ ਕੀਤੀ ਸੀ। ਉਸ ਸਮੇਂ, ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਇੱਕ ਅੰਦੋਲਨ ਹੋਇਆ ਸੀ, ਜਿਸ ਕਾਰਨ ਦੇਸ਼ ਦੇ ਸ਼ਾਸਕਾਂ ਨੂੰ ਅਸਤੀਫਾ ਦੇਣਾ ਪਿਆ ਸੀ।

ਕੰਗਨਾ ਰਣੌਤ ਨੇ ਕਿਹਾ ਸੀ, "ਜੇ ਸਾਡੇ ਦੇਸ਼ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ, ਤਾਂ ਬੰਗਲਾਦੇਸ਼ ਵਿੱਚ ਜੋ ਹੋਇਆ, ਉਹ ਭਾਰਤ ਵਿੱਚ ਵਾਪਰਨ ਵਿੱਚ ਬਹੁਤਾ ਸਮਾਂ ਨਾ ਲੱਗਦਾ।"

ਉਨ੍ਹਾਂ ਨੇ ਬੰਗਲਾਦੇਸ਼ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਸ਼ਾਸਨ ਤਬਦੀਲੀ ਦੀ ਤੁਲਨਾ ਭਾਰਤ ਵਿੱਚ ਹੋਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ "ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਾਸ਼ਾਂ ਲਟਕਾਈਆਂ ਗਈਆਂ ਅਤੇ ਬਲਾਤਕਾਰ ਕੀਤੇ ਗਏ..", ਇਸ ਨਾਲ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।

ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ "ਬੰਗਲਾਦੇਸ਼ ਵਿੱਚ ਜੋ ਹੋਇਆ, ਉਸੇ ਤਰ੍ਹਾਂ ਇਸ ਕਿਸਾਨ ਅੰਦੋਲਨ ਪਿੱਛੇ ਵੀ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ। ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਭਾਰਤ ਵਿਰੁੱਧ ਅਜਿਹੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਹਨ।"

ਜਿਵੇਂ-ਜਿਵੇਂ ਕੰਗਨਾ ਰਣੌਤ ਦੇ ਬਿਆਨ ਦੇ ਆਲੇ ਦੁਆਲੇ ਵਿਵਾਦ ਵਧਦਾ ਗਿਆ ਭਾਜਪਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ। ਪਾਰਟੀ ਨੇ ਉਸਨੂੰ ਭਵਿੱਖ ਵਿੱਚ ਅਜਿਹੇ ਬਿਆਨ ਦੇਣ ਤੋਂ ਵੀ ਰੋਕਿਆ ਸੀ।

ਕੰਗਨਾ ਰਣੌਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੰਗਨਾ ਰਣੌਤ ਹਿਮਾਚਲ ਦੇ ਮੰਡੀ ਤੋਂ ਬੀਜੇਪੀ ਦੇ ਸਾਂਸਦ ਹਨ

3. ਕਿਸਾਨਾਂ ਦੀ ਅੱਤਵਾਦੀਆਂ ਨਾਲ ਤੁਲਨਾ ਅਤੇ ਬਾਅਦ ਵਿੱਚ ਸਪੱਸ਼ਟੀਕਰਨ

ਕਿਸਾਨਾਂ ਅੰਦੋਨਲ ਦੌਰਾਨ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਪੋਸਟ ਨੂੰ ਰੀਟਵੀਟ ਕੀਤਾ। ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਬਿੱਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 'ਤੇ ਕੋਈ ਅਸਰ ਨਹੀਂ ਪਵੇਗਾ। ਕੰਗਨਾ ਨੇ ਉਸੇ ਪੋਸਟ ਨੂੰ ਰੀਟਵੀਟ ਕੀਤਾ ਪਰ ਅਜਿਹਾ ਕਰਦੇ ਸਮੇਂ ਉਸਨੇ ਜੋ ਟਿੱਪਣੀ ਕੀਤੀ ਸੀ, ਉਸ ਲਈ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਕੰਗਨਾ ਨੇ ਲਿਖਿਆ ਸੀ, "ਪ੍ਰਧਾਨ ਮੰਤਰੀ ਜੀ, ਜੇਕਰ ਕੋਈ ਸੁੱਤਾ ਹੈ ਤਾਂ ਉਸਨੂੰ ਜਗਾਇਆ ਜਾ ਸਕਦਾ ਹੈ। ਪਰ ਕਿਸੇ ਅਜਿਹੇ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਹੈ ਜੋ ਸੌਣ ਦਾ ਦਿਖਾਵਾ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਸਮਝਣ ਤੋਂ ਇਨਕਾਰ ਕਰ ਰਿਹਾ ਹੈ। ਇਹ ਉਹੀ ਅੱਤਵਾਦੀ ਹਨ ਜਿਨ੍ਹਾਂ ਨੇ ਸੀਏਏ ਦੌਰਾਨ ਇੱਕ ਵੀ ਵਿਅਕਤੀ ਦੀ ਨਾਗਰਿਕਤਾ ਨਾ ਜਾਣ ਬਾਵਜੂਦ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਸਨ।"

ਇਸ ਟਵੀਟ ਤੋਂ ਬਾਅਦ, ਹੈਸ਼ਟੈਗ #Arrest_Casteist_Kangana ਟ੍ਰੈਂਡ ਹੋਇਆ ਸੀ ਅਤੇ ਕੰਗਨਾ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਈ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਿਸਾਨਾਂ ਨੂੰ 'ਅੱਤਵਾਦੀ' ਕਿਹਾ ਹੈ।

ਇਸ ਤੋਂ ਬਾਅਦ, ਕੰਗਨਾ ਨੇ ਇੱਕ ਹੋਰ ਟਵੀਟ ਵਿੱਚ ਸਪੱਸ਼ਟੀਕਰਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ, "ਉਹੀ ਲੋਕ ਜੋ ਸੀਏਏ ਬਾਰੇ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਂਦੇ ਸਨ, ਜਿਨ੍ਹਾਂ ਦੀ ਵਜ੍ਹਾ ਨਾਲ ਹਿੰਸਾ ਹੋਈ, ਉਹੀ ਲੋਕ ਹੁਣ ਖੇਤੀ ਬਿੱਲਾਂ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ ਅਤੇ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਉਹੀ ਲੋਕ ਅੱਤਵਾਦੀ ਹਨ। ਮੈਂ ਕੀ ਕਿਹਾ ਹੈ, ਇਹ ਤੁਹਾਨੂੰ ਪਤਾ ਹੈ, ਫਿਰ ਵੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।"

ਇੱਕ ਹੋਰ ਟਵੀਟ ਵਿੱਚ, ਕੰਗਨਾ ਨੇ ਕਿਹਾ ਸੀ ਕਿ ਜੇਕਰ ਇਹ ਸਾਬਤ ਕਰ ਦਿੱਤਾ ਜਾਵੇ ਕਿ ਉਨ੍ਹਾਂ ਨੇ ਕਿਸਾਨਾਂ ਨੂੰ 'ਅੱਤਵਾਦੀ' ਕਿਹਾ ਸੀ, ਤਾਂ ਉਹ ਟਵਿੱਟਰ ਛੱਡ ਦੇਣਗੇ।

ਕੰਗਨਾ ਨੇ ਕਿਹਾ ਸੀ ਕਿ ਉਹ ਆਪਣੇ ਟਵੀਟ ਬਾਰੇ ਕਾਇਮ ਹਨ। ਉਨ੍ਹਾਂ ਨੇ ਕਿਹਾ ਸੀ, "ਅਸੀਂ ਉਨ੍ਹਾਂ ਲੋਕਾਂ ਨੂੰ ਅੱਤਵਾਦੀ ਕਿਹਾ ਜੋ ਖੇਤੀ ਬਿੱਲਾਂ ਬਾਰੇ ਗਲਤ ਧਾਰਨਾਵਾਂ ਫੈਲਾ ਰਹੇ ਸਨ, ਕਿਸਾਨਾਂ ਨੂੰ ਨਹੀਂ।"

ਏਅਰਪੋਰਟ 'ਤੇ ਮਹਿਲਾ ਕਾਂਸਟੇਬਲ ਨੇ ਥੱਪੜ ਮਾਰਿਆ ਸੀ

2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਜਿੱਤੀ ਸੀ। ਇਸ ਤੋਂ ਬਾਅਦ ਜਦੋਂ ਉਹ ਦਿੱਲੀ ਜਾ ਰਹੇ ਸਨ ਤਾਂ ਚੰਡੀਗੜ੍ਹ ਹਵਾਈ ਅੱਡੇ 'ਤੇ ਇੱਕ ਮਹਿਲਾ ਸੀਆਈਐੱਸਐੱਫ ਕਾਂਸਟੇਬਲ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ ਸੀ।

ਇਹ ਮਹਿਲਾ ਕਾਂਸਟੇਬਲ ਕਿਸਾਨ ਅੰਦੋਲਨ ਦੀ ਸਮਰਥਕ ਸੀ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਸੀ ਕਿ ਕਾਂਸਟੇਬਲ ਨੇ ਆਪਣਾ ਗੁੱਸਾ ਉਸ 'ਤੇ ਕੱਢਿਆ ਹੈ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਨਹੀਂ ਕੀਤਾ ਸੀ।

ਕੰਗਨਾ ਰਣੌਤ

ਤਸਵੀਰ ਸਰੋਤ, ANI

'ਕੰਗਨਾ ਨੂੰ ਭਾਜਪਾ ਵਿੱਚ ਵੀ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ'

ਇਸ ਦੌਰਾਨ ਕੰਗਨਾ ਰਣੌਤ ਦੇ ਜੇਨ ਜ਼ੀ ਬਾਰੇ ਟਿੱਪਣੀਆਂ ਦਾ ਦੇਸ਼ ਭਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ। ਕਾਂਗਰਸ ਨੇਤਾ ਰੇਣੂਕਾ ਚੌਧਰੀ ਨੇ ਕੰਗਨਾ ਦੀ ਆਲੋਚਨਾ ਕੀਤੀ ਹੈ।

ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਸਰਕਾਰ ਦੀ ਕਿਰਪਾ ਪਾਉਣ ਲਈ ਇੱਕ ਮਹਿਲਾ ਸੰਸਦ ਮੈਂਬਰ ਦਾ ਅਜਿਹੇ ਬਿਆਨ ਦੇਣਾ ਮੰਦਭਾਗਾ ਹੈ। ਜੇਕਰ ਤੁਸੀਂ ਸੰਸਦ ਮੈਂਬਰ ਦਾ ਅਹੁਦਾ ਸੰਭਾਲਦੇ ਹੋਏ ਅਜਿਹੀਆਂ ਗੱਲਾਂ ਕਹਿੰਦੇ ਹੋ ਤਾਂ ਇਹ ਮੰਨਣਾ ਪਵੇਗਾ ਕਿ ਲੋਕ ਤੁਹਾਡੇ ਤੋਂ ਹੀ ਸਿੱਖ ਰਹੇ ਹਨ।"

ਕੰਗਨਾ ਰਣੌਤ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਸੀਜੇਪੀ ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਉਸਦੀ ਆਲੋਚਨਾ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ, "ਕੰਗਨਾ ਰਣੌਤ ਨੂੰ ਉਸਦੀ ਆਪਣੀ ਪਾਰਟੀ ਦੇ ਅੰਦਰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਤਾਂ ਫਿਰ ਅਸੀਂ ਉਨ੍ਹਾਂ ਨੂੰ ਗੰਭੀਰਤਾ ਨਾਲ ਕਿਉਂ ਲਈਏ? ਮੇਰੇ ਹਿਸਾਬ ਨਾਲ ਜੇਨ ਜ਼ੀ, ਜੇਨ ਅਲਫ਼ਾ ਅਤੇ ਨੌਜਵਾਨ ਪੀੜ੍ਹੀ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਨਾ ਹੀ ਉਨ੍ਹਾਂ ਦੀ ਗੱਲ ਸੁਣਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)