'ਮੈਂ ਸੋਚਦੀ ਰਹੀ ਕਿ ਮੈਂ ਕਮਜ਼ੋਰ ਹਾਂ, ਪਰ ਇਹ ਗੰਭੀਰ ਸਮੱਸਿਆ ਨਿਕਲੀ ਅਤੇ ਬੱਚੇਦਾਨੀ ਹਟਵਾਉਣੀ ਪਈ'

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਮਾਹਵਾਰੀ ਦੌਰਾਨ ਖੂਨ ਵਗਣਾ ਇੰਨਾ ਜ਼ਿਆਦਾ ਹੋਵੇ ਕਿ ਇਹ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਲੱਗੇ, ਤਾਂ ਡਾਕਟਰ ਇਸ ਨੂੰ ਮਾਹਵਾਰੀ ਦੌਰਾਨ ਭਾਰੀ ਵਗਣਾ ਕਹਿੰਦੇ ਹਨ (ਸੰਕੇਤਕ ਤਸਵੀਰ)
    • ਲੇਖਕ, ਜੈਕਲੀਨ ਰੋਸ਼ਲੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 15 ਮਿੰਟ

ਭਾਰੀ ਮਾਹਵਾਰੀ ਦੌਰਾਨ ਜ਼ਿਆਦਾ ਖੂਨ ਵਗਣਾ ਇੱਕ ਗੰਭੀਰ ਸਿਹਤ ਸਮੱਸਿਆ ਹੈ। ਹੁਣ ਜਾ ਕੇ ਅਸੀਂ ਇਹ ਸਮਝਣਾ ਸ਼ੁਰੂ ਕੀਤਾ ਹੈ ਕਿ ਇਸ ਦੇ ਕਾਰਨ ਕੀ ਹਨ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ।

12-13 ਸਾਲ ਦੀ ਉਮਰ ਤੋਂ ਹੀ ਮਿਸ਼ੇਲ ਐਲਸਟਨ ਆਪਣੀ ਮਾਹਵਾਰੀ ਦੇ ਸਭ ਤੋਂ ਮੁਸ਼ਕਲ ਦਿਨ ਸਕੂਲ ਦੇ ਨਰਸ ਦਫ਼ਤਰ ਵਿੱਚ ਸੌਂ ਕੇ ਬਿਤਾਉਂਦੀ ਸੀ। ਇਸ ਦੌਰਾਨ ਉਹ ਤੇਜ਼ ਦਰਦ ਨਾਲ ਜੂਝਦੀ ਸੀ ਅਤੇ ਪੀਰੀਅਡਜ਼ ਦੇ ਵਿੱਚ ਵਰਤੇ ਜਾਣ ਵਾਲੇ ਪੈਡਜ਼ ਵਿੱਚੋਂ ਵੀ ਖ਼ੂਨ ਵਹਿ ਜਾਂਦਾ ਸੀ।

ਉਹ ਕਹਿੰਦੀ ਹੈ, "ਮੈਨੂੰ ਇਹ ਸਿਖਾਇਆ ਗਿਆ ਸੀ ਕਿ ਇਹ ਸਿਰਫ਼ ਆਮ ਗੱਲ ਹੈ। ਇਹ ਸਿਰਫ਼ ਅਜਿਹੀ ਚੀਜ਼ ਹੈ ਜਿਸ ਨਾਲ ਤੁਹਾਨੂੰ ਨਜਿੱਠਣਾ ਸਿੱਖਣਾ ਪੈਂਦਾ ਹੈ।"

ਉਸ ਨੂੰ ਲੱਗਦਾ ਸੀ ਕਿ ਉਹ ਕਮਜ਼ੋਰ ਹੈ, ਕਿਉਂਕਿ ਉਹ ਆਪਣੀ ਮਾਹਵਾਰੀ ਨਾਲ ਉਸ ਤਰ੍ਹਾਂ ਨਹੀਂ ਨਜਿੱਠ ਪਾ ਰਹੀ ਸੀ, ਜਿਵੇਂ ਉਸ ਦੀਆਂ ਹਮਉਮਰ ਸਹੇਲੀਆਂ ਨਜਿੱਠਦੀਆਂ ਨਜ਼ਰ ਆਉਂਦੀਆਂ ਸਨ।

ਪਰ ਜਦੋਂ ਉਹ 40 ਸਾਲ ਦੀ ਉਮਰ ਦੇ ਸ਼ੁਰੂਆਤੀ ਦੌਰ ਵਿੱਚ ਪਹੁੰਚੀ, ਤਾਂ ਉਸ ਨੂੰ ਪਤਾ ਲੱਗਿਆ ਕਿ ਕਮਜ਼ੋਰੀ ਦਾ ਇਸ ਨਾਲ ਕੋਈ ਖ਼ਾਸ ਲੈਣਾ-ਦੇਣਾ ਨਹੀਂ ਸੀ, ਅਸਲ ਵਿੱਚ ਉਸ ਦੀਆਂ ਮਾਹਵਾਰੀਆਂ ਅਸਧਾਰਨ ਤੌਰ 'ਤੇ ਜ਼ਿਆਦਾ ਭਾਰੀ ਸਨ।

ਜਦੋਂ ਮਾਹਵਾਰੀ ਦੌਰਾਨ ਖੂਨ ਵਗਣਾ ਇੰਨਾ ਜ਼ਿਆਦਾ ਹੋਵੇ ਕਿ ਇਹ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਲੱਗੇ, ਤਾਂ ਡਾਕਟਰ ਇਸ ਨੂੰ ਮਾਹਵਾਰੀ ਦੌਰਾਨ ਭਾਰੀ ਵਗਣਾ ਕਹਿੰਦੇ ਹਨ ਅਤੇ ਇਹ ਇੱਕ ਗੰਭੀਰ ਡਾਕਟਰੀ ਸਮੱਸਿਆ ਹੈ।

ਦੁਨੀਆ ਭਰ ਦੇ ਲੋਕਾਂ ਉੱਤੇ ਕੀਤੇ ਗਏ ਅਧਿਐਨਾਂ ਦਾ ਅੰਦਾਜ਼ਾ ਹੈ ਕਿ ਪ੍ਰਜਨਨ ਉਮਰ ਦੀਆਂ 10 ਤੋਂ 30 ਫ਼ੀਸਦੀ ਔਰਤਾਂ ਐਲਸਟਨ ਵਾਂਗ ਮਾਹਵਾਰੀ ਦੌਰਾਨ ਭਾਰੀ ਦਾ ਅਨੁਭਵ ਕਰਦੀਆਂ ਹਨ।

ਘੱਟ ਰਿਪੋਰਟਿੰਗ ਅਤੇ ਇਸ ਗੱਲ ਦੀ ਆਮ ਸਮਝ ਦੀ ਘਾਟ ਕਾਰਨ ਕਿ ਕਿੰਨਾ ਖੂਨ ਵਗਣਾ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ, ਅਧਿਐਨ ਦਰਸਾਉਂਦੇ ਹਨ ਕਿ ਇਹ ਸਮੱਸਿਆ ਅਸਲ ਵਿੱਚ ਪ੍ਰਜਨਨ ਉਮਰ ਦੀਆਂ ਅੱਧੀਆਂ ਔਰਤਾਂ ਵਿੱਚ ਹੋ ਸਕਦੀ ਹੈ।

ਭਾਰੀ ਮਾਹਵਾਰੀ ਖੂਨ ਵਗਣਾ ਹੋਰ ਸਿਹਤ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ ਅਤੇ ਜੇ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਵੇਂ ਕਿ ਅਨੀਮੀਆ

ਫਿਰ ਵੀ, ਹਾਲ ਹੀ ਵਿੱਚ ਹੀ ਖੋਜਕਾਰਾਂ ਨੇ ਭਾਰੀ ਮਾਹਵਾਰੀ ਖੂਨ ਵਗਣ ਕਾਰਨ ਹੋਣ ਵਾਲੇ ਨੁਕਸਾਨਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕੀਤੀ ਹੈ ਅਤੇ ਬਿਹਤਰ ਜਾਂਚ ਤਰੀਕਿਆਂ ਅਤੇ ਇਲਾਜਾਂ ਦੀ ਖੋਜ ਕੀਤੀ ਜਾ ਰਹੀ ਹੈ।

ਬਾਇਓਮੈਡੀਕਲ ਖੋਜ ਪ੍ਰਕਾਸ਼ਨਾਂ ਦੇ ਡੇਟਾਬੇਸ ਪਬਮੈੱਡ (PubMed) ਵਿੱਚ "ਮਾਹਵਾਰੀ ਖੂਨ" ਸ਼ਬਦ ਨਾਲ ਕੀਤੀ ਗਈ ਖੋਜ ਵਿੱਚ ਪਿਛਲੇ ਦਹਾਕੇ ਦੌਰਾਨ ਸਿਰਫ਼ 400 ਪ੍ਰਕਾਸ਼ਨ ਮਿਲੇ। ਇਸ ਦੇ ਉਲਟ, ਉਦਾਹਰਨ ਵਜੋਂ, "ਵੀਰਜ" ਲਈ ਪ੍ਰਕਾਸ਼ਨਾਂ ਦੀ ਗਿਣਤੀ 15,000 ਤੋਂ ਵੀ ਵੱਧ ਹੈ।

ਸਕਾਟਲੈਂਡ ਦੀ ਯੂਨੀਵਰਸਿਟੀ ਆਫ਼ ਐਡਿਨਬਰਾ ਦੀ ਗਾਇਨੀਕੋਲੋਜਿਸਟ ਅਤੇ ਭਾਰੀ ਮਾਹਵਾਰੀ ਖੂਨ ਵਗਣ ਸਬੰਧੀ ਖੋਜ ਪਹਿਲ ਦਿ ਮਿਸਡ ਵਾਇਟਲ ਸਾਈਨ ਦੀ ਪ੍ਰੋਗਰਾਮ ਡਾਇਰੈਕਟਰ ਜੈਕੀ ਮੇਬਿਨ ਕਹਿੰਦੀ ਹੈ, "ਔਰਤਾਂ ਸ਼ਾਇਦ ਸਾਲਾਂ ਨਹੀਂ ਤਾਂ ਦਹਾਕਿਆਂ ਦੀ ਖੋਜ ਦੀਆਂ ਹੱਕਦਾਰ ਹਨ। ਅਤੇ ਮੇਰੇ ਖਿਆਲ ਵਿੱਚ ਹੁਣ ਇਸ ਦਾ ਸਮਾਂ ਆ ਗਿਆ ਹੈ।"

ਕਿੰਨਾ ਖੂਨ ਵਗਣਾ ਬਹੁਤ ਜ਼ਿਆਦਾ ਹੁੰਦਾ ਹੈ?

ਮਾਹਵਾਰੀ

ਤਸਵੀਰ ਸਰੋਤ, Prashanti Aswani

ਤਸਵੀਰ ਕੈਪਸ਼ਨ, ਇੱਕ ਮਾਹਵਾਰੀ ਚੱਕਰ ਦੌਰਾਨ 80 ਮਿਲੀਲੀਟਰ ਤੋਂ ਵੱਧ ਖੂਨ ਵਗਣਾ, ਮਾਹਿਰਾਂ ਮੁਤਾਬਕ, ਬਹੁਤ ਜ਼ਿਆਦਾ ਮਹਾਵਾਰੀ ਖੂਨ ਵਗਣ (ਹੈਵੀ ਮੈਨਸਟਰੁਅਲ ਬਲੀਡਿੰਗ) ਦੀ ਪਛਾਣ ਕਰਨ ਵਾਲੇ ਮਾਪਦੰਡਾਂ ਵਿੱਚੋਂ ਇੱਕ ਹੈ

ਖੋਜਕਾਰਾਂ ਮੁਤਾਬਕ, ਭਾਰੀ ਮਾਹਵਾਰੀ ਖੂਨ ਵਗਣਾ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ ਇੱਕ ਮਾਹਵਾਰੀ ਚੱਕਰ ਦੌਰਾਨ 80 ਮਿਲੀਲੀਟਰ ਤੋਂ ਵੱਧ ਖੂਨ ਵਗੇ, ਖੂਨ ਦੇ ਥੱਕੇ ਅਮਰੀਕੀ 25 ਸੈਂਟ ਦੇ ਸਿੱਕੇ (ਕੁਆਰਟਰ) ਤੋਂ ਵੱਡੇ ਹੋਣ, ਜਾਂ ਮਾਹਵਾਰੀ ਸੱਤ ਦਿਨਾਂ ਤੋਂ ਵੱਧ ਚੱਲੇ

ਪਰ ਮਾਹਵਾਰੀ ਆਉਣ ਵਾਲੀਆਂ ਔਰਤਾਂ ਲਈ ਖੂਨ ਵਗਣ ਦੀ ਮਾਤਰਾ ਨੂੰ ਮਾਪਣ ਦੇ ਵਿਹਾਰਕ ਤਰੀਕਿਆਂ ਲਈ ਕੋਈ ਮਿਆਰੀ ਜਾਂ ਅੰਕੜਿਆਂ ਅਧਾਰਿਤ ਬਦਲਾਅ ਮੌਜੂਦ ਨਹੀਂ ਹੈ, ਜਿਵੇਂ ਕਿ ਕਿੰਨੀ ਵਾਰ ਬਾਥਰੂਮ ਜਾਣਾ ਪੈਂਦਾ ਹੈ, ਕਿੰਨੇ ਪੈਡ ਜਾਂ ਟੈਂਪੂਨ ਬਦਲਣੇ ਪੈਂਦੇ ਹਨ, ਜਾਂ ਅੰਡਰਵੇਅਰ 'ਤੇ ਕਿੰਨੀ ਵਾਰ ਖੂਨ ਦੇ ਨਿਸ਼ਾਨ ਪੈਂਦੇ ਹਨ।

ਕੁਝ ਡਾਕਟਰ ਮਰੀਜ਼ਾਂ ਦੀ ਮਦਦ ਲਈ ਅਜਿਹਾ ਤਰੀਕਾ ਅਪਣਾਉਂਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਅਜਿਹੇ ਚਾਰਟ ਦਿਖਾਏ ਜਾਂਦੇ ਹਨ ਜਿਨ੍ਹਾਂ ਵਿੱਚ ਹੌਲੀ-ਹੌਲੀ ਵੱਧ ਖੂਨ ਨਾਲ ਭਿੱਜੇ ਹੋਏ ਪੈਡ ਅਤੇ ਟੈਂਪੂਨ ਦਿਖਾਏ ਜਾਂਦੇ ਹਨ, ਤਾਂ ਜੋ ਉਹ ਆਪਣੇ ਖੂਨ ਵਗਣ ਦੀ ਮਾਤਰਾ ਦਾ ਅੰਦਾਜ਼ਾ ਲਗਾ ਸਕਣ।

ਪਰ ਇਹ ਤਰੀਕਾ ਵੀ ਸਹੀ ਨਹੀਂ ਹੈ, ਕਿਉਂਕਿ ਸਾਰੇ ਮਾਹਵਾਰੀ ਉਤਪਾਦ ਇੱਕੋ ਜਿਹੇ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਖੂਨ ਸੋਖਣ ਦੀ ਸਮਰੱਥਾ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ।

ਇਸ ਕਾਰਨ, ਇਹ ਪਤਾ ਲਗਾਉਣਾ ਕਿ ਮਾਹਵਾਰੀ ਦੌਰਾਨ ਕਿੰਨਾ ਖੂਨ ਵਗਣਾ ਬਹੁਤ ਜ਼ਿਆਦਾ ਹੈ, ਆਸਾਨ ਨਹੀਂ ਹੈ। ਅਕਸਰ ਡਾਕਟਰ ਇਹ ਤੈਅ ਕਰਦੇ ਹਨ ਕਿ ਮਾਹਵਾਰੀ ਦੌਰਾਨ ਖੂਨ ਵਗਣਾ ਭਾਰੀ ਹੈ ਜਾਂ ਨਹੀਂ, ਇਸ ਆਧਾਰ 'ਤੇ ਕਿ ਇਹ ਵਿਅਕਤੀ ਦੀ ਜੀਵਨ ਗੁਣਵੱਤਾ ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ।

ਸੈਨ ਫਰਾਂਸਿਸਕੋ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿੱਚ ਗਾਇਨੀਕੋਲੋਜੀ, ਪ੍ਰਸੂਤੀ ਵਿਗਿਆਨ ਅਤੇ ਪ੍ਰਜਨਨ ਵਿਗਿਆਨ ਵਿਭਾਗ ਦੀ ਕਲੀਨਿਕਲ ਪ੍ਰੋਫੈਸਰ ਐਡਵੋਆ ਕ੍ਰਿਸਟੀ ਕਹਿੰਦੀ ਹੈ, "ਕਈ ਵਾਰ ਮਰੀਜ਼ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜਿੰਨਾ ਖੂਨ ਉਨ੍ਹਾਂ ਦਾ ਵਗ ਰਿਹਾ ਹੈ ਉਹ ਆਮ ਨਹੀਂ ਹੈ ਅਤੇ ਅਸਲ ਵਿੱਚ ਇਸ ਲਈ ਕੁਝ ਕੀਤਾ ਜਾ ਸਕਦਾ ਹੈ।"

ਕੁਰਸੀਆਂ

ਤਸਵੀਰ ਸਰੋਤ, Prashanti Aswani

ਤਸਵੀਰ ਕੈਪਸ਼ਨ, ਐਲਸਟਨ ਨੂੰ ਲੱਗਦਾ ਸੀ ਕਿ ਗ਼ਲਤੀ ਉਸ ਦੀ ਹੀ ਹੈ। ਇੱਕ ਵਾਰ ਮੋਬਾਈਲ ਫ਼ੋਨ ਦੀ ਦੁਕਾਨ ਵਿੱਚ ਇੱਕ ਬਹੁਤ ਹੀ ਸਫ਼ੈਦ ਕੁਰਸੀ 'ਤੇ ਵੀ ਉਸ ਦੀ ਮਾਹਵਾਰੀ ਦੇ ਖੂਨ ਦਾ ਨਿਸ਼ਾਨ ਪੈ ਗਿਆ ਸੀ

ਐਲਸਟਨ ਦੇ ਬਿਸਤਰੇ ਦੀਆਂ ਚਾਦਰਾਂ ਅਤੇ ਕੱਪੜੇ ਅਕਸਰ ਖੂਨ ਨਾਲ ਭਿੱਜ ਜਾਂਦੇ ਸਨ ਅਤੇ ਇੱਕ ਵਾਰ ਮੋਬਾਈਲ ਫ਼ੋਨ ਦੀ ਦੁਕਾਨ ਵਿੱਚ ਇੱਕ ਬਹੁਤ ਹੀ ਸਫ਼ੈਦ ਕੁਰਸੀ 'ਤੇ ਵੀ ਖੂਨ ਦਾ ਨਿਸ਼ਾਨ ਪੈ ਗਿਆ ਸੀ।

ਉਸ ਨੂੰ ਲੱਗਦਾ ਸੀ ਕਿ ਗ਼ਲਤੀ ਉਸ ਦੀ ਹੀ ਹੈ ਅਤੇ ਸ਼ਾਇਦ ਉਸ ਨੂੰ ਖੂਨ ਦੇ ਵਹਾਅ ਨੂੰ ਸੰਭਾਲਣ ਲਈ ਵੱਖਰੇ ਮਾਹਵਾਰੀ ਉਤਪਾਦਾਂ ਦੀ ਲੋੜ ਹੈ।

ਉਸ ਨੂੰ ਕਿਹਾ ਗਿਆ ਸੀ ਕਿ ਮਾਹਵਾਰੀ ਦੌਰਾਨ ਦਰਦਨਾਕ ਮਰੋੜਾਂ ਅਤੇ ਸ਼ਰਮਿੰਦਗੀ ਵਾਲੇ ਖੂਨ ਦੇ ਦਾਗਾਂ ਦਾ ਸਾਹਮਣਾ ਕਰਨਾ ਆਮ ਗੱਲ ਹੈ। ਦੁਨੀਆ ਦੇ ਕੁਝ ਹੋਰ ਹਿੱਸਿਆਂ ਵਿੱਚ ਮਾਹਵਾਰੀ ਨਾਲ ਜੁੜੀਆਂ ਪਾਬੰਦੀਆਂ ਅਤੇ ਸਮਾਜਿਕ ਝਿਜਕ ਹੋਰ ਵੀ ਡੂੰਘੀ ਹੈ।

ਸ਼੍ਰੀਲੰਕਾ ਦੀ ਯੂਨੀਵਰਸਿਟੀ ਆਫ਼ ਕੋਲੰਬੋ ਦੇ ਪ੍ਰਸੂਤੀ ਅਤੇ ਗਾਇਨੀਕੋਲੋਜੀ ਦੇ ਐਮੇਰਿਟਸ ਪ੍ਰੋਫੈਸਰ ਅਤੇ ਏਸ਼ੀਅਨ ਸੋਸਾਇਟੀ ਆਫ਼ ਐਂਡੋਮੀਟ੍ਰਿਓਸਿਸ ਐਂਡ ਐਡੀਨੋਮਾਇਓਸਿਸ (ਦੋਵੇਂ ਹਾਲਾਤ ਹੀ ਭਾਰੀ ਖੂਨ ਵਗਣ ਦਾ ਕਾਰਨ ਹੋ ਸਕਦੇ ਹਨ) ਦੇ ਮੁਖੀ ਹੇਮੰਥਾ ਸੇਨਾਨਾਇਕੇ ਕਹਿੰਦੇ ਹਨ, "ਮੇਰੇ ਖਿਆਲ ਵਿੱਚ ਮੇਰੇ ਖੇਤਰ ਦੇ ਬਹੁਤ ਸਾਰੇ ਲੋਕ ਇਸ ਬਾਰੇ ਸ਼ਿਕਾਇਤ ਨਹੀਂ ਕਰਦੇ ਹੋਣਗੇ ਅਤੇ ਸ਼ਾਇਦ ਦਰਦ ਨੂੰ ਆਮ ਮੰਨ ਲੈਣ ਅਤੇ ਸਮਾਜਿਕ ਝਿਜਕ ਕਾਰਨ ਡਾਕਟਰ ਕੋਲ ਨਹੀਂ ਜਾਂਦੇ।"

ਜਿੱਥੇ ਗਾਇਨੀਕੋਲੋਜਿਸਟ ਭਾਰੀ ਮਾਹਵਾਰੀ ਖੂਨ ਵਗਣ ਦੀ ਪਛਾਣ ਕਰਨ ਲਈ ਵਿਸਥਾਰ ਨਾਲ ਸਵਾਲ ਪੁੱਛਣਾ ਜਾਣਦੇ ਹਨ, ਉੱਥੇ ਇਸ ਖੇਤਰ ਤੋਂ ਬਾਹਰ ਦੇ ਡਾਕਟਰ ਕਈ ਵਾਰ ਇਸ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ।

ਐਲਸਟਨ ਨੂੰ ਆਪਣੀ ਭਾਰੀ ਮਾਹਵਾਰੀ ਖੂਨ ਵਗਣ ਦੀ ਸਮੱਸਿਆ ਦੀ ਪਛਾਣ ਹੋਣ ਲਈ ਲਗਭਗ 30 ਸਾਲ ਉਡੀਕ ਕਰਨੀ ਪਈ ਅਤੇ ਉਹ ਇਸ ਮਾਮਲੇ ਵਿੱਚ ਇਕੱਲੀ ਨਹੀਂ ਹੈ।

ਭਾਰੀ ਮਾਹਵਾਰੀ ਖੂਨ ਵਗਣਾ ਸਿਰਫ਼ ਇੱਕ ਲੱਛਣ ਨਹੀਂ ਹੈ

ਭਾਵੇਂ ਇਹ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ, ਪਰ ਭਾਰੀ ਮਾਹਵਾਰੀ ਖੂਨ ਵਗਣਾ ਮੁੱਖ ਤੌਰ 'ਤੇ ਕਿਸੇ ਵੱਡੀ ਸਮੱਸਿਆ ਦਾ ਲੱਛਣ ਹੁੰਦਾ ਹੈ।

ਇਹ ਕਈ ਤਰ੍ਹਾਂ ਦੀਆਂ ਸਥਿਤੀਆਂ ਕਾਰਨ ਹੋ ਸਕਦਾ ਹੈ, ਜਿਨ੍ਹਾਂ ਵਿੱਚ ਪੌਲਿਪ, ਫਾਈਬਰੌਇਡ, ਕੈਂਸਰ, ਖੂਨ ਨਾਲ ਜੁੜੀਆਂ ਬਿਮਾਰੀਆਂ, ਅੰਡੋਤਸਰਜਨ (ਓਵੂਲੇਸ਼ਨ) ਨਾਲ ਜੁੜੀਆਂ ਸਮੱਸਿਆਵਾਂ ਅਤੇ ਐਂਡੋਮੀਟ੍ਰੀਅਲ ਬਿਮਾਰੀਆਂ, ਜਿਵੇਂ ਕਿ ਐਂਡੋਮੀਟ੍ਰਿਓਸਿਸ ਸ਼ਾਮਲ ਹਨ।

ਇਹ ਸਮੱਸਿਆ ਉਸ ਸਮੇਂ ਵੀ ਆਮ ਹੋ ਸਕਦੀ ਹੈ ਜਦੋਂ ਕਿਸੇ ਨੂੰ ਪਹਿਲੀ ਵਾਰ ਮਾਹਵਾਰੀ ਆਉਣੀ ਸ਼ੁਰੂ ਹੁੰਦੀ ਹੈ ਅਤੇ ਮੀਨੋਪੌਜ਼ (ਮਾਹਵਾਰੀ ਬੰਦ ਹੋਣ) ਵੱਲ ਬਦਲਾਅ ਦੇ ਸਮੇਂ ਵੀ, ਜਦੋਂ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਨ ਬਦਲਾਅ ਦੇ ਦੌਰ ਵਿੱਚ ਹੁੰਦਾ ਹੈ।

ਇਨ੍ਹਾਂ ਸਥਿਤੀਆਂ ਦਾ ਇਲਾਜ ਕਰਨ ਨਾਲ ਭਾਰੀ ਖੂਨ ਵਗਣ ਦੀ ਸਮੱਸਿਆ ਘੱਟ ਹੋ ਸਕਦੀ ਹੈ, ਪਰ ਵਿਗਿਆਨੀ ਅਜੇ ਵੀ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ ਕਿ ਇਹ ਸਥਿਤੀਆਂ ਖੂਨ ਵਗਣ ਦੀ ਮਾਤਰਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ।

ਮੇਬਿਨ ਕਹਿੰਦੀ ਹੈ, "ਫਾਈਬਰੌਇਡ ਉੱਤੇ ਬਹੁਤ ਸਾਰੀ ਖੋਜ ਹੋਈ ਹੈ, ਪਰ ਇਹ ਨਹੀਂ ਸਮਝਿਆ ਗਿਆ ਕਿ ਇਹ ਭਾਰੀ ਖੂਨ ਵਗਣ ਦਾ ਕਾਰਨ ਕਿਉਂ ਬਣਦੇ ਹਨ।" ਉਹ ਦੱਸਦੀ ਹੈ ਕਿ ਫਾਈਬਰੌਇਡ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਵਿੱਚ ਬਣਨ ਵਾਲੀਆਂ ਗ਼ੈਰ-ਕੈਂਸਰ ਵਾਲੀਆਂ ਵਾਧੂ ਗੰਢਾਂ ਹੁੰਦੀਆਂ ਹਨ।

ਦੂਜੇ ਪਾਸੇ, ਭਾਰੀ ਮਾਹਵਾਰੀ ਖੂਨ ਵਗਣ ਦਾ ਇਲਾਜ ਨਾ ਕਰਵਾਉਣ ਨਾਲ ਨਵੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ ਆਇਰਨ ਦੀ ਕਮੀਆਇਰਨ ਇੱਕ ਜ਼ਰੂਰੀ ਖਣਿਜ ਹੈ ਜੋ ਸਿਹਤਮੰਦ ਕੋਸ਼ਿਕਾਵਾਂ, ਰੋਗ-ਰੋਕੂ ਪ੍ਰਣਾਲੀ, ਮਾਸਪੇਸ਼ੀਆਂ, ਚਮੜੀ, ਵਾਲਾਂ ਅਤੇ ਨਹੁੰਆਂ ਨੂੰ ਠੀਕ ਰੱਖਣ ਲਈ ਲੋੜੀਂਦਾ ਹੁੰਦਾ ਹੈ।

ਮਾਹਵਾਰੀ

ਜਦੋਂ ਸਰੀਰ ਵਿੱਚ ਆਇਰਨ ਦੀ ਮਾਤਰਾ ਘਟਣ ਲੱਗਦੀ ਹੈ ਤਾਂ ਦਿਮਾਗੀ ਧੁੰਦਲਾਪਣ (ਬ੍ਰੇਨ ਫੌਗ), ਚੱਕਰ ਆਉਣਾ, ਸਾਹ ਚੜ੍ਹਨਾ, ਆਸਾਨੀ ਨਾਲ ਸੱਟ ਦੇ ਨਿਸ਼ਾਨ ਪੈ ਜਾਣਾ ਅਤੇ ਵਾਲ ਝੜਨਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤਰ੍ਹਾਂ, ਭਾਰੀ ਮਾਹਵਾਰੀ ਖੂਨ ਵਗਣ ਦੇ ਨੁਕਸਾਨ ਸਿਰਫ਼ ਮਾਹਵਾਰੀ ਦੇ ਦਿਨਾਂ ਤੱਕ ਸੀਮਤ ਨਹੀਂ ਰਹਿੰਦੇ। ਅਧਿਐਨਾਂ ਦਾ ਅੰਦਾਜ਼ਾ ਹੈ ਕਿ ਭਾਰੀ ਮਾਹਵਾਰੀ ਖੂਨ ਵਗਣ ਵਾਲੀਆਂ 40 ਫ਼ੀਸਦੀ ਤੋਂ ਵੱਧ ਔਰਤਾਂ ਵਿੱਚ ਆਇਰਨ ਦੀ ਕਮੀ ਵੀ ਹੁੰਦੀ ਹੈ।

ਐਲਸਟਨ ਵੀ ਇਨ੍ਹਾਂ ਅੰਕੜਿਆਂ ਵਿੱਚ ਸ਼ਾਮਲ ਸੀ। ਉਸ ਨੂੰ ਹਮੇਸ਼ਾ ਠੰਢ ਲੱਗਦੀ ਰਹਿੰਦੀ ਸੀ ਅਤੇ ਉਹ ਅਕਸਰ ਬਰਫ਼ ਦੇ ਟੁਕੜੇ ਖਾਣ ਦੀ ਇੱਛਾ ਮਹਿਸੂਸ ਕਰਦੀ ਸੀ। ਇਹ ਆਇਰਨ ਦੀ ਕਮੀ ਦਾ ਇੱਕ ਅਜੀਬ ਪਰ ਮਹੱਤਵਪੂਰਨ ਸੰਕੇਤ ਹੈ, ਜਿਸ ਨੂੰ ਖੋਜਕਾਰ ਅਜੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ।

ਜੇ ਆਇਰਨ ਦੀ ਕਮੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਅਨੀਮੀਆ ਵਿੱਚ ਬਦਲ ਸਕਦੀ ਹੈ। ਇਸ ਸਥਿਤੀ ਵਿੱਚ ਹੱਡੀਆਂ ਦਾ ਮੱਜਾ ਲਾਲ ਖੂਨ ਦੀਆਂ ਕੋਸ਼ਿਕਾਵਾਂ ਲਈ ਲੋੜੀਂਦੀ ਹੀਮੋਗਲੋਬਿਨ ਬਣਾਉਣ ਵਾਸਤੇ ਕਾਫ਼ੀ ਆਇਰਨ ਨਹੀਂ ਪ੍ਰਾਪਤ ਕਰਦਾ।

ਹੀਮੋਗਲੋਬਿਨ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਹ ਇੱਕ ਗੰਭੀਰ ਸਥਿਤੀ ਹੈ ਅਤੇ ਬਹੁਤ ਜ਼ਿਆਦਾ ਮਾਮਲਿਆਂ ਵਿੱਚ ਇਸ ਨੂੰ ਠੀਕ ਕਰਨ ਲਈ ਖੂਨ ਚੜ੍ਹਾਉਣ ਦੀ ਲੋੜ ਪੈ ਸਕਦੀ ਹੈ।

ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿੱਚ, ਜਿੱਥੇ ਜ਼ਿਆਦਾ ਖੂਨ ਵਗਣਾ ਮਾਤਾ ਦੀ ਮੌਤ ਦਾ ਇੱਕ ਵੱਡਾ ਕਾਰਨ ਹੈ, ਸੇਨਾਨਾਇਕੇ ਕਹਿੰਦੇ ਹਨ ਕਿ ਗਰਭ ਅਵਸਥਾ ਤੋਂ ਪਹਿਲਾਂ ਦੂਰ ਨਾ ਕੀਤੀ ਗਈ ਆਇਰਨ ਦੀ ਕਮੀ ਵਾਲੀ ਅਨੀਮੀਆ ਸਰੀਰ ਦੀ ਖੂਨ ਦੀ ਕਮੀ ਤੋਂ ਉਭਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਸਕਦੀ ਹੈ। ਇਹ ਭਰੂਣ ਦੇ ਦਿਮਾਗੀ ਵਿਕਾਸ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਭਾਰੀ ਮਾਹਵਾਰੀ ਖੂਨ ਵਗਣ ਦਾ ਖ਼ਾਮਿਆਜ਼ਾ

ਜਿੱਥੇ ਵਿਗਿਆਨਕ ਭਾਈਚਾਰੇ ਵਿੱਚ ਭਾਰੀ ਮਾਹਵਾਰੀ ਖੂਨ ਵਗਣ ਦੀ ਡਾਕਟਰੀ ਗੰਭੀਰਤਾ ਨੂੰ ਲੈ ਕੇ ਸਮਝ ਵਧ ਰਹੀ ਹੈ, ਉੱਥੇ ਇਸ ਨਾਲ ਜ਼ਿੰਦਗੀ ਬਿਤਾਉਣ ਦੇ ਤਜਰਬਿਆਂ ਬਾਰੇ ਖੋਜ ਅਜੇ ਵੀ ਘੱਟ ਹੈ।

ਐਲਸਟਨ ਵਾਂਗ, ਬ੍ਰਿਟੇਨ ਦੀ ਸ਼ੈਫ਼ੀਲਡ ਹੈਲਮ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਲੈਕਚਰਾਰ ਐਮਿਲੀ ਯੰਗ ਨੂੰ ਵੀ ਭਾਰੀ ਮਾਹਵਾਰੀ ਖੂਨ ਵਗਣ ਦੀ ਸਮੱਸਿਆ ਰਹੀ ਹੈ।

ਉਹ ਦੱਸਦੀ ਹੈ ਕਿ ਖੂਨ ਦੀ ਕਮੀ ਕਾਰਨ ਉਹ ਇੱਕ ਤੋਂ ਵੱਧ ਵਾਰ ਬੇਹੋਸ਼ ਹੋ ਚੁੱਕੀ ਹੈ ਅਤੇ ਉਹ ਹਮੇਸ਼ਾ ਆਪਣੇ ਨਾਲ ਵਾਧੂ ਕੱਪੜੇ ਰੱਖਦੀ ਸੀ ਕਿਉਂਕਿ ਉਸ ਦੀ ਮਾਹਵਾਰੀ ਕਦੇ ਵੀ ਅਚਾਨਕ ਸ਼ੁਰੂ ਹੋ ਸਕਦੀ ਸੀ।

ਪਰ ਉਸ ਦੇ ਡਾਕਟਰਾਂ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਬੱਚਾ ਹੋਣ ਤੋਂ ਬਾਅਦ ਉਸ ਦੀ ਮਾਹਵਾਰੀ ਦੀ ਸਮੱਸਿਆ ਠੀਕ ਹੋ ਜਾਵੇਗੀ। ਡਾਕਟਰੀ ਮਾਹਰਾਂ ਵੱਲੋਂ ਦੋ ਦਹਾਕਿਆਂ ਤੱਕ ਉਸ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਤਜਰਬੇ ਨੇ ਉਸ ਨੂੰ ਪ੍ਰਭਾਵਿਤ ਕੀਤਾ ਅਤੇ ਹੁਣ ਉਹ ਭਾਰੀ ਮਾਹਵਾਰੀ ਵਾਲੀਆਂ ਹੋਰ ਔਰਤਾਂ ਦੇ ਤਜਰਬਿਆਂ ਉੱਤੇ ਖੋਜ ਕਰਦੀ ਹੈ।

ਯੰਗ ਕਹਿੰਦੀ ਹੈ, "ਇਹ ਸਿਰਫ਼ ਇੱਕ ਅਸੁਵਿਧਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਨੂੰ ਆਪਣੇ ਮਾਹਵਾਰੀ ਚੱਕਰ ਦੇ ਆਲੇ-ਦੁਆਲੇ ਤਿਆਰ ਕਰਨਾ ਪੈਂਦਾ ਹੈ।"

2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਲਈ ਯੰਗ ਨੇ ਭਾਰੀ ਮਾਹਵਾਰੀ ਖੂਨ ਵਗਣ ਵਾਲੇ ਲੋਕਾਂ ਵੱਲੋਂ ਆਨਲਾਈਨ ਫੋਰਮਾਂ 'ਤੇ ਸਾਂਝੇ ਕੀਤੇ ਤਜਰਬਿਆਂ ਦਾ ਅਧਿਐਨ ਕੀਤਾ, ਤਾਂ ਜੋ ਉਨ੍ਹਾਂ ਦੀਆਂ ਮਿਲਦੀਆਂ-ਜੁਲਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ।

ਉਹ ਕਹਿੰਦੀ ਹੈ ਕਿ ਉਨ੍ਹਾਂ ਵਿੱਚੋਂ ਕੁਝ ਤਜਰਬੇ ਬਹੁਤ ਪਰੇਸ਼ਾਨ ਕਰਨ ਵਾਲੇ ਸਨ ਅਤੇ ਕੁਝ ਕਾਲੇ ਹਾਸੋਹੀਣੇ ਵੀ।

ਕਈ ਪੋਸਟਾਂ ਵਿੱਚ ਦੱਸਿਆ ਗਿਆ ਸੀ ਕਿ ਕੁਝ ਲੋਕਾਂ ਨੂੰ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਮੱਸਿਆ ਦੀ ਗੰਭੀਰਤਾ ਨੂੰ ਪਛਾਣਨ ਤੋਂ ਪਹਿਲਾਂ ਕਈ ਵਾਰ ਖੂਨ ਚੜ੍ਹਾਉਣ ਦੀ ਲੋੜ ਪਈ।

ਕੁਝ ਹੋਰ ਪੋਸਟਾਂ ਵਿੱਚ ਬਹੁਤ ਤਿੱਖੇ ਅੰਦਾਜ਼ ਵਿੱਚ ਲਿਖਿਆ ਗਿਆ ਸੀ, ਜਿਵੇਂ, "ਹਾਂ, ਜੇ ਉਹ ਕਦੇ ਮੇਰੇ ਬਾਥਰੂਮ ਵਿੱਚ ਖੂਨ ਲੱਭਣ ਲਈ ਲੂਮਿਨੋਲ (ਇੱਕ ਰਸਾਇਣ ਜੋ ਫੋਰੈਂਸਿਕ ਜਾਂਚ ਵਿੱਚ ਅਪਰਾਧ ਵਾਲੀ ਥਾਂ 'ਤੇ ਖੂਨ ਪਛਾਣਨ ਲਈ ਵਰਤਿਆ ਜਾਂਦਾ ਹੈ) ਦੀ ਵਰਤੋਂ ਕਰਨ, ਤਾਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਅਤੇ ਉਹ ਮੇਰੇ ਵਿਹੜੇ ਦੀ ਖੁਦਾਈ ਕਰਨਗੇ, ਕਿਉਂਕਿ ਉੱਥੇ ਸਪੱਸ਼ਟ ਤੌਰ 'ਤੇ ਦਰਜਨਾਂ ਕਤਲਾਂ ਦੇ ਸ਼ਿਕਾਰ ਦੱਬੇ ਹੋਣਗੇ।"

ਕੁਝ ਲੋਕਾਂ ਨੇ ਸਕੂਲ ਜਾਂ ਕੰਮ ਛੱਡਣ ਬਾਰੇ ਲਿਖਿਆ, ਜਦਕਿ ਕੁਝ ਨੇ ਦੱਸਿਆ ਕਿ ਭਾਰੀ ਮਾਹਵਾਰੀ ਖੂਨ ਵਗਣ ਕਾਰਨ ਉਨ੍ਹਾਂ ਦੀ ਸਿਹਤਮੰਦ ਜਿਨਸੀ ਜ਼ਿੰਦਗੀ ਪ੍ਰਭਾਵਿਤ ਹੋਈ।

ਕੁਝ ਪੋਸਟਾਂ ਵਿੱਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਸੀ। ਯੰਗ ਕਹਿੰਦੀ ਹੈ ਕਿ ਕੁਝ ਹੋਰ ਪੋਸਟਾਂ ਬਹੁਤ ਦੁਖਦਾਈ ਸਨ, ਜਿਨ੍ਹਾਂ ਵਿੱਚ ਲੋਕਾਂ ਨੇ ਦੱਸਿਆ ਕਿ ਮਾਹਵਾਰੀ ਇੰਨੀ ਗੰਭੀਰ ਅਤੇ ਜੀਵਨ ਬਦਲਣ ਵਾਲੀ ਹੋ ਗਈ ਸੀ ਕਿ ਉਨ੍ਹਾਂ ਦੇ ਮਨ ਵਿੱਚ ਖੁਦਕੁਸ਼ੀ ਦੇ ਵਿਚਾਰ ਵੀ ਆਉਣ ਲੱਗੇ ਸਨ।

ਟ੍ਰਾਂਸਜੈਂਡਰ ਪੁਰਸ਼ਾਂ ਜਾਂ ਨਾਨ-ਬਾਈਨਰੀ ਵਿਅਕਤੀਆਂ ਲਈ ਮਾਹਵਾਰੀ ਆਪਣੇ ਆਪ ਵਿੱਚ ਹੀ ਕਾਫ਼ੀ ਪਰੇਸ਼ਾਨ ਕਰਨ ਵਾਲਾ ਤਜਰਬਾ ਹੋ ਸਕਦਾ ਹੈ ਅਤੇ ਭਾਰੀ ਮਾਹਵਾਰੀ ਖੂਨ ਵਗਣਾ ਇਸ ਮੁਸ਼ਕਲ ਨੂੰ ਹੋਰ ਵਧਾ ਦਿੰਦਾ ਹੈ।

ਮਾਹਵਾਰੀ ਚੱਕਰ

ਤਸਵੀਰ ਸਰੋਤ, Prashanti Aswani

ਤਸਵੀਰ ਕੈਪਸ਼ਨ, ਇਤਿਹਾਸਕ ਤੌਰ 'ਤੇ ਔਰਤਾਂ ਨੂੰ ਜਨਮ ਦਰ ਵੱਧ ਹੋਣ ਕਾਰਨ ਆਪਣੇ ਜੀਵਨ ਵਿੱਚ ਸਿਰਫ਼ ਲਗਭਗ 40 ਵਾਰ ਹੀ ਮਾਹਵਾਰੀ ਆਉਂਦੀ ਸੀ। ਹੁਣ ਇੱਕ ਔਰਤ ਨੂੰ ਆਪਣੇ ਜੀਵਨ ਦੌਰਾਨ 400 ਤੱਕ ਮਾਹਵਾਰੀ ਚੱਕਰ ਆ ਸਕਦੇ ਹਨ

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸੈਨ ਡੀਏਗੋ ਰੈਡੀ ਚਿਲਡਰਨਜ਼ ਹਸਪਤਾਲ ਦੀ ਬਾਲ ਖੂਨ ਵਿਗਿਆਨ ਮਾਹਰ ਜੂਲੀ ਜੈਫਰੇ ਕਹਿੰਦੀ ਹੈ, "ਅਸੀਂ ਬਹੁਤ ਸਾਰੇ ਅਜਿਹੇ ਟ੍ਰਾਂਸਜੈਂਡਰ ਮਰੀਜ਼ਾਂ ਨੂੰ ਦੇਖਦੇ ਹਾਂ ਜੋ ਆਪਣੀ ਪਛਾਣ ਪੁਰਸ਼ ਵਜੋਂ ਕਰਦੇ ਹਨ, ਪਰ ਉਨ੍ਹਾਂ ਨੂੰ ਭਾਰੀ ਮਾਹਵਾਰੀ ਆਉਂਦੀ ਹੈ, ਜੋ ਆਪਣੇ ਆਪ ਵਿੱਚ ਉਨ੍ਹਾਂ ਲਈ ਇੱਕ ਹੋਰ ਡਰਾਉਣਾ ਅਤੇ ਦੁਖਦਾਈ ਤਜਰਬਾ ਹੁੰਦਾ ਹੈ।"

ਆਖ਼ਰਕਾਰ, ਭਾਰੀ ਮਾਹਵਾਰੀ ਖੂਨ ਵਗਣ ਦੇ ਵਿਅਕਤੀਆਂ ਦੀ ਨਿੱਜੀ ਜ਼ਿੰਦਗੀ ਉੱਤੇ ਪੈਣ ਵਾਲੇ ਮਿਲੇ-ਜੁਲੇ ਅਸਰ ਸਿੱਖਿਆ ਅਤੇ ਕੰਮਕਾਜ ਤੱਕ ਪਹੁੰਚ ਜਾਂਦੇ ਹਨ ਅਤੇ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ।

ਐਲਸਟਨ ਕਹਿੰਦੀ ਹੈ ਕਿ ਜਦੋਂ ਵੀ ਉਸ ਦੀ ਮਾਹਵਾਰੀ ਆਉਂਦੀ ਸੀ, ਤਾਂ ਉਹ ਪ੍ਰਭਾਵੀ ਤੌਰ 'ਤੇ ਸਕੂਲ ਤੋਂ ਗ਼ੈਰਹਾਜ਼ਰ ਹੋ ਜਾਂਦੀ ਸੀ। ਉਹ ਨਰਸ ਦੇ ਦਫ਼ਤਰ ਵਿੱਚ ਸੌਂਦੀ ਰਹਿੰਦੀ ਸੀ, ਬੇਸ਼ੱਕ ਉਸ ਦੀ ਮਾਂ ਜ਼ੋਰ ਦਿੰਦੀ ਸੀ ਕਿ ਉਹ ਸਕੂਲ ਜ਼ਰੂਰ ਜਾਵੇ।

ਬ੍ਰਿਟੇਨ ਵਿੱਚ ਔਸਤਨ ਭਾਰੀ ਮਾਹਵਾਰੀ ਖੂਨ ਵਗਣ ਵਾਲੇ ਕਿਸ਼ੋਰ ਸਾਲ ਵਿੱਚ 9 ਦਿਨ ਤੱਕ ਸਕੂਲ ਤੋਂ ਗ਼ੈਰਹਾਜ਼ਰ ਰਹਿੰਦੇ ਹਨ।

ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ, ਜਿਵੇਂ ਕਿ ਸ਼੍ਰੀਲੰਕਾ ਵਿੱਚ, ਸੇਨਾਨਾਇਕੇ ਨੂੰ ਸ਼ੱਕ ਹੈ ਕਿ ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਘੱਟ ਸਹੂਲਤਾਂ ਵਾਲੇ ਖੇਤਰਾਂ ਦੀਆਂ ਕੁੜੀਆਂ ਅਜਿਹੇ ਸਕੂਲਾਂ ਵਿੱਚ ਪੜ੍ਹ ਸਕਦੀਆਂ ਹਨ ਜਿੱਥੇ ਮਾਹਵਾਰੀ ਵਾਲੇ ਉਤਪਾਦ ਬਦਲਣ ਜਾਂ ਸੁੱਟਣ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹੁੰਦੀਆਂ।

ਬਾਲਗ਼ ਹੋਣ ਤੋਂ ਬਾਅਦ ਇਹ ਸਮੱਸਿਆ ਕੰਮ ਤੋਂ ਛੁੱਟੀਆਂ ਅਤੇ ਮੌਕਿਆਂ ਦੇ ਨੁਕਸਾਨ ਵਿੱਚ ਬਦਲ ਜਾਂਦੀ ਹੈ।

ਨਿਊਯਾਰਕ ਸਿਟੀ ਵਿੱਚ ਟੈਲੀਹੈਲਥ ਥੈਰੇਪਿਸਟ ਵਜੋਂ ਕੰਮ ਕਰਨ ਵਾਲੀ ਐਲਸਟਨ ਦੀ ਪਿਛਲੀ ਵਾਰ ਜਦੋਂ ਮਾਹਵਾਰੀ ਬਹੁਤ ਜ਼ਿਆਦਾ ਖ਼ਰਾਬ ਹੋਈ, ਤਾਂ ਉਸ ਨੂੰ ਇੱਕ ਗਾਹਕ ਗੁਆਉਣਾ ਪਿਆ, ਕਿਉਂਕਿ ਉਸ ਨੂੰ ਸੈਸ਼ਨ ਵਿਚਕਾਰ ਹੀ ਖ਼ਤਮ ਕਰਨਾ ਪਿਆ।

ਐਲਸਟਨ ਕਹਿੰਦੀ ਹੈ, "ਮੈਂ ਉਸ ਨੂੰ ਹੋਰ ਸੁਣ ਨਹੀਂ ਸਕੀ, ਦਰਦ ਇੰਨਾ ਜ਼ਿਆਦਾ ਸੀ। ਮੈਂ ਉਸ ਨੂੰ ਸਿੱਧਾ ਕਿਹਾ, 'ਮੈਂ ਇਹ ਸੈਸ਼ਨ ਪੂਰਾ ਨਹੀਂ ਕਰ ਸਕਦੀ।'" ਕਾਲ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਕੁਰਸੀ ਤੋਂ ਉੱਠੀ, ਤਾਂ ਉਸ ਨੇ ਆਪਣੇ ਹੇਠਾਂ ਖੂਨ ਦਾ ਇਕੱਠ ਦੇਖਿਆ।

ਮੇਬਿਨ ਕਹਿੰਦੀ ਹੈ, "ਭਾਰੀ ਮਾਹਵਾਰੀ ਖੂਨ ਵਗਣ ਵਾਲੀਆਂ ਔਰਤਾਂ ਔਸਤਨ ਸਾਲ ਵਿੱਚ 3.6 ਹਫ਼ਤੇ ਕੰਮ 'ਤੇ ਨਹੀਂ ਜਾ ਸਕਦੀਆਂ। ਇਸ ਦੀ ਆਰਥਿਕਤਾ ਨੂੰ ਅਰਬਾਂ ਦੀ ਕੀਮਤ ਚੁਕਾਉਣੀ ਪੈਂਦੀ ਹੈ। ਜੇ ਅਸੀਂ ਔਰਤਾਂ ਲਈ ਇਸ ਨੂੰ ਠੀਕ ਤਰੀਕੇ ਨਾਲ ਹੱਲ ਕਰ ਲੈਂਦੇ ਹਾਂ... ਤਾਂ ਅਸੀਂ ਅਸਲ ਵਿੱਚ ਪੂਰੇ ਸਮਾਜ ਲਈ ਇਸ ਨੂੰ ਠੀਕ ਕਰ ਲੈਂਦੇ ਹਾਂ।"

ਇਲਾਜ ਅਤੇ ਪ੍ਰੀਖਣ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰੀ ਮਾਹਵਾਰੀ ਖੂਨ ਵਗਣ ਦਾ ਇਲਾਜ ਇਸ ਦੇ ਮੂਲ ਕਾਰਨ 'ਤੇ ਨਿਰਭਰ ਕਰਦਾ ਹੈ

ਇਸ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਅਜੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ।

ਬੇਸ਼ੱਕ ਭਾਰੀ ਮਾਹਵਾਰੀ ਖੂਨ ਵਗਣ ਲਈ ਇਲਾਜ ਉਪਲਬਧ ਹਨ, ਪਰ ਯੂਨੀਵਰਸਿਟੀ ਆਫ਼ ਮਿਸ਼ੀਗਨ ਮੈਡੀਕਲ ਸਕੂਲ ਦੀ ਪ੍ਰਸੂਤੀ ਅਤੇ ਗਾਇਨੀਕੋਲੋਜੀ ਦੀ ਪ੍ਰੋਫੈਸਰ ਐਰਿਕਾ ਮਾਰਸ਼ ਕਹਿੰਦੀ ਹੈ, "ਇਹ ਬਿਲਕੁਲ ਕਾਫ਼ੀ ਨਹੀਂ ਹੈ। ਸਾਡੇ ਕੋਲ ਹੈਰਾਨ ਕਰਨ ਵਾਲੇ ਤੌਰ 'ਤੇ ਬਹੁਤ ਘੱਟ ਇਲਾਜੀ ਤਰੀਕੇ ਹਨ।"

ਭਾਰੀ ਮਾਹਵਾਰੀ ਖੂਨ ਵਗਣ ਦਾ ਇਲਾਜ ਇਸ ਦੇ ਮੂਲ ਕਾਰਨ 'ਤੇ ਨਿਰਭਰ ਕਰਦਾ ਹੈ। ਜੇ ਖੂਨ ਵਗਣਾ ਬਹੁਤ ਜ਼ਿਆਦਾ ਗੰਭੀਰ ਨਾ ਹੋਵੇ, ਤਾਂ ਇਬੂਪ੍ਰੋਫ਼ੈਨ ਵਰਗੀਆਂ ਗ਼ੈਰ-ਸਟੇਰੌਇਡਲ ਐਂਟੀ-ਇੰਫਲਾਮੇਟਰੀ ਦਵਾਈਆਂ ਖੂਨ ਦੇ ਵਹਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ।

ਹਾਰਮੋਨਲ ਇਲਾਜ ਵੀ ਉਪਲਬਧ ਹਨ, ਜਿਵੇਂ ਕਿ ਗਰਭ ਨਿਰੋਧਕ ਗੋਲੀਆਂ ਜਾਂ ਹਾਰਮੋਨ ਵਾਲੇ ਇੰਟਰਾਯੂਟਰਾਈਨ ਡਿਵਾਈਸ (ਆਈਯੂਡੀ), ਜੋ ਮਾਹਵਾਰੀ ਦੌਰਾਨ ਖੂਨ ਦੀ ਕਮੀ ਘਟਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਇਲਾਜਾਂ ਵਿੱਚੋਂ ਇੱਕ ਹਨ।

ਭਾਵੇਂ ਇਹ ਤਰੀਕੇ ਆਮ ਤੌਰ 'ਤੇ ਆਸਾਨੀ ਨਾਲ ਉਪਲਬਧ ਹਨ, ਪਰ ਇਨ੍ਹਾਂ ਨੂੰ ਅਪਨਾਉਣ ਵਿੱਚ ਕੁਝ ਰੁਕਾਵਟਾਂ ਵੀ ਹੁੰਦੀਆਂ ਹਨ, ਜਿਵੇਂ ਕਿ ਇੰਟਰਾਯੂਟਰਾਈਨ ਡਿਵਾਈਸ (ਆਈਯੂਡੀ) ਲਗਾਉਣ ਸਮੇਂ ਹੋਣ ਵਾਲਾ ਦਰਦ।

ਐਲਸਟਨ ਲਈ ਗਰਭ ਨਿਰੋਧਕ ਗੋਲੀਆਂ ਕਾਰਗਰ ਸਾਬਤ ਹੋਈਆਂ, ਪਰ ਉਸ ਦੇ ਘਰ ਵਿੱਚ ਇਨ੍ਹਾਂ ਗੋਲੀਆਂ ਨਾਲ ਜੁੜੀ ਸਮਾਜਿਕ ਝਿਜਕ ਕਾਰਨ ਉਸ ਨੂੰ ਵੱਡੀ ਉਮਰ ਤੱਕ ਇੰਤਜ਼ਾਰ ਕਰਨਾ ਪਿਆ ਕਾਲਜ ਜਾਣ ਤੋਂ ਬਾਅਦ ਹੀ ਉਸ ਨੇ ਇਸ ਲਈ ਡਾਕਟਰ ਤੋਂ ਪਰਚੀ ਲਈ।

ਮੇਬਿਨ ਕਹਿੰਦੀ ਹੈ ਕਿ ਹਾਰਮੋਨਲ ਇਲਾਜ ਹਰ ਕਿਸੇ ਲਈ ਪ੍ਰਭਾਵਸ਼ਾਲੀ ਨਹੀਂ ਹੁੰਦੇ ਅਤੇ ਲੋਕ ਅਕਸਰ ਛਾਤੀਆਂ ਵਿੱਚ ਦਰਦ ਜਾਂ ਸੰਵੇਦਨਸ਼ੀਲਤਾ ਅਤੇ ਮੂਡ ਵਿੱਚ ਬਦਲਾਅ ਵਰਗੇ ਮਾੜੇ ਅਸਰਾਂ ਕਾਰਨ ਇਨ੍ਹਾਂ ਨੂੰ ਵਿਚਕਾਰ ਹੀ ਛੱਡ ਦਿੰਦੇ ਹਨ। ਲੋਕ ਗ਼ੈਰ-ਹਾਰਮੋਨਲ ਦਵਾਈਆਂ ਵੀ ਲੈ ਸਕਦੇ ਹਨ, ਜਿਵੇਂ ਕਿ ਟ੍ਰੈਨੈਕਸਾਮਿਕ ਐਸਿਡ, ਜੋ ਖੂਨ ਦੇ ਵਹਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਜੈਫਰੇ ਕਹਿੰਦੀ ਹੈ, "ਸਮੱਸਿਆ ਇਹ ਹੈ ਕਿ ਇਹ ਕੁਝ ਹੱਦ ਤੱਕ ਸਿਰਫ਼ ਪੱਟੀ ਲਗਾਉਣ ਵਰਗਾ ਇਲਾਜ ਹੈ" ਅਤੇ ਇਹ ਸਮੱਸਿਆ ਦੇ ਮੂਲ ਕਾਰਨ ਨੂੰ ਦੂਰ ਨਹੀਂ ਕਰਦੀਆਂ।

ਦਵਾਈਆਂ ਹਮੇਸ਼ਾ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀਆਂ। 30 ਸਾਲ ਦੀ ਉਮਰ ਦੇ ਵਿਚਕਾਰਲੇ ਦੌਰ ਵਿੱਚ ਐਲਸਟਨ ਨੇ ਕੁਝ ਸਮੇਂ ਲਈ ਗਰਭ ਨਿਰੋਧਕ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ ਅਤੇ ਉਸ ਦੀ ਮਾਹਵਾਰੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਪਸ ਆ ਗਈ।

ਇਸ ਦੇ ਨਾਲ ਹੀ ਉਸ ਦੇ ਮੂਡ ਵਿੱਚ ਵੀ ਤਿੱਖੇ ਬਦਲਾਅ ਆਉਣ ਲੱਗੇ।

ਆਖ਼ਰਕਾਰ ਉਹ ਇੱਕ ਗਾਇਨੀਕੋਲੋਜਿਸਟ ਕੋਲ ਗਈ, ਜਿਸ ਨੇ ਅਲਟ੍ਰਾਸਾਊਂਡ ਕੀਤਾ ਅਤੇ ਕੁਝ ਸੰਭਾਵਿਤ ਕਾਰਨਾਂ ਦਾ ਪਤਾ ਲਗਾਇਆ।

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਡੋਮੀਟ੍ਰਿਓਸਿਸ ਇੱਕ ਦਰਦਨਾਕ ਸਥਿਤੀ ਹੈ ਜਿਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਬਣਾਉਣ ਵਾਲਾ ਟਿਸ਼ੂ ਬੱਚੇਦਾਨੀ ਤੋਂ ਬਾਹਰ ਵਧਣ ਲੱਗਦਾ ਹੈ (ਸੰਕੇਤਕ ਤਸਵੀਰ)

ਐਲਸਟਨ ਯਾਦ ਕਰਦੀ ਹੈ, "ਉਸ ਨੇ ਕਿਹਾ, 'ਗਰਭ ਨਿਰੋਧਕ ਦਵਾਈਆਂ ਨੂੰ ਛੱਡੋ। ਤੁਹਾਡੀ ਬੱਚੇਦਾਨੀ ਵਿੱਚ ਸੱਤ ਜਾਂ ਅੱਠ ਵੱਡੇ ਫਾਈਬਰੌਇਡ ਹਨ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਐਂਡੋਮੀਟ੍ਰਿਓਸਿਸ ਵੀ ਹੋਵੇ।'"

ਐਂਡੋਮੀਟ੍ਰਿਓਸਿਸ ਇੱਕ ਦਰਦਨਾਕ ਸਥਿਤੀ ਹੈ ਜਿਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਬਣਾਉਣ ਵਾਲਾ ਟਿਸ਼ੂ ਬੱਚੇਦਾਨੀ ਤੋਂ ਬਾਹਰ ਵਧਣ ਲੱਗਦਾ ਹੈ।

ਇਸ ਦੇ ਨਤੀਜੇ ਵਜੋਂ, ਉਸ ਨੇ ਹਿਸਟਰੇਕਟੋਮੀ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਬੱਚੇਦਾਨੀ ਨੂੰ ਪੂਰੀ ਤਰ੍ਹਾਂ ਹਟਵਾ ਦਿੱਤਾ।

ਅਸਲ ਵਿੱਚ, ਭਾਰੀ ਮਾਹਵਾਰੀ ਖੂਨ ਵਗਣਾ ਉਨ੍ਹਾਂ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਕਰਕੇ ਲੋਕਾਂ ਦੀ ਹਿਸਟਰੇਕਟੋਮੀ ਕੀਤੀ ਜਾਂਦੀ ਹੈ। ਉਹ ਆਪਣੇ ਫ਼ੈਸਲੇ ਤੋਂ ਖੁਸ਼ ਹੈ ਅਤੇ ਉਸ ਦੀ ਭਾਰੀ ਮਾਹਵਾਰੀ ਖੂਨ ਵਗਣ ਦੀ ਕਹਾਣੀ ਇੱਕ ਹੱਲ ਨਾਲ ਖ਼ਤਮ ਹੁੰਦੀ ਹੈ।

ਪਰ, ਬੇਸ਼ੱਕ, ਹਿਸਟਰੇਕਟੋਮੀ ਇੱਕ ਵੱਡੀ ਸਰਜਰੀ ਹੈ, ਇਹ ਸਥਾਈ ਹੁੰਦੀ ਹੈ ਅਤੇ ਇਸ ਤੋਂ ਬਾਅਦ ਗਰਭ ਧਾਰਨ ਕਰਨਾ ਸੰਭਵ ਨਹੀਂ ਰਹਿੰਦਾ। ਇਹ ਖ਼ਾਸ ਤੌਰ 'ਤੇ ਉਸ ਸਮੇਂ ਸਮੱਸਿਆ ਬਣ ਜਾਂਦਾ ਹੈ ਜਦੋਂ ਡਾਕਟਰ ਮਰੀਜ਼ ਦੀ ਸਿਹਤ ਨਾਲੋਂ ਉਸ ਦੀ ਪ੍ਰਜਨਨ ਸਮਰੱਥਾ ਨੂੰ ਜ਼ਿਆਦਾ ਤਰਜੀਹ ਦਿੰਦੇ ਦਿਖਾਈ ਦਿੰਦੇ ਹਨ।

ਯੰਗ ਦੀ ਇੱਕ ਖੋਜ ਭਾਗੀਦਾਰ ਦੇ ਤਿੰਨ ਬੱਚੇ ਸਨ ਅਤੇ ਉਸ ਦੇ ਪਤੀ ਦੀ ਨਸਬੰਦੀ (ਵੈਸੈਕਟੋਮੀ) ਹੋ ਚੁੱਕੀ ਸੀ।

ਫਿਰ ਵੀ, ਯੰਗ ਦੱਸਦੀ ਹੈ ਕਿ ਉਸ ਦੇ ਡਾਕਟਰ ਨੇ ਉਸ ਦੀ ਭਾਰੀ ਮਾਹਵਾਰੀ ਖੂਨ ਵਗਣ ਦੇ ਇਲਾਜ ਲਈ ਹਿਸਟਰੇਕਟੋਮੀ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਸ਼ਾਇਦ ਭਵਿੱਖ ਵਿੱਚ ਉਸ ਦਾ ਤਲਾਕ ਹੋ ਜਾਵੇ ਅਤੇ ਉਹ ਕਿਸੇ ਅਜਿਹੇ ਆਦਮੀ ਨਾਲ ਵਿਆਹ ਕਰੇ ਜੋ ਬੱਚੇ ਚਾਹੁੰਦਾ ਹੋਵੇ।

ਮੇਬਿਨ ਲਈ, ਆਪਣੇ ਮਰੀਜ਼ਾਂ ਦੇ ਇਲਾਜ ਦੇ ਮੌਜੂਦਾ ਤਰੀਕਿਆਂ ਨਾਲ ਪੈਦਾ ਹੋਈ ਨਿਰਾਸ਼ਾ ਅਤੇ ਝਿਜਕ ਨੇ ਉਸ ਨੂੰ ਦਿ ਮਿਸਡ ਵਾਇਟਲ ਸਾਈਨ ਨਾਮਕ ਵਿਸ਼ਵ ਪੱਧਰੀ ਖੋਜ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ।

ਇਹ ਪ੍ਰੋਗਰਾਮ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾ ਵੈਲਕਮ ਲੀਪ ਵੱਲੋਂ ਫੰਡ ਕੀਤਾ ਜਾਂਦਾ ਹੈ।

ਇਸ ਪ੍ਰੋਗਰਾਮ ਦਾ ਨਾਮ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਮਾਹਵਾਰੀ ਵਿੱਚ ਹੋਣ ਵਾਲੇ ਬਦਲਾਅ ਹੋਰ ਸਿਹਤ ਸਮੱਸਿਆਵਾਂ ਦਾ ਪਹਿਲਾ ਸੰਕੇਤ ਹੋ ਸਕਦੇ ਹਨ। ਇਸ ਲਈ ਮਾਹਵਾਰੀ ਨੂੰ ਵੀ ਬਲੱਡ ਪ੍ਰੈਸ਼ਰ, ਸਰੀਰ ਦਾ ਤਾਪਮਾਨ ਜਾਂ ਦਿਲ ਦੀ ਧੜਕਣ ਵਾਂਗ ਇੱਕ ਮਹੱਤਵਪੂਰਨ ਸਿਹਤ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ।

ਅਗਲੇ ਤਿੰਨ ਸਾਲਾਂ ਦੌਰਾਨ 13 ਖੋਜਕਾਰਾਂ ਦੀ ਇੱਕ ਟੀਮ ਦੁਨੀਆ ਭਰ ਵਿੱਚ ਭਾਰੀ ਮਾਹਵਾਰੀ ਖੂਨ ਵਗਣ ਦੀ ਜਾਂਚ ਅਤੇ ਇਲਾਜ ਵਿੱਚ ਹੋ ਰਹੀ ਦੇਰੀ ਨੂੰ ਔਸਤਨ ਪੰਜ ਸਾਲ ਤੋਂ ਘਟਾ ਕੇ ਪੰਜ ਮਹੀਨੇ ਕਰਨ ਲਈ ਕੰਮ ਕਰੇਗੀ।

ਇਸ ਟੀਚੇ ਵੱਲ ਇੱਕ ਕਦਮ ਵਜੋਂ, ਮੇਬਿਨ ਭਾਰੀ ਮਾਹਵਾਰੀ ਖੂਨ ਵਗਣ ਦੇ ਪਿੱਛੇ ਕੰਮ ਕਰਨ ਵਾਲੀਆਂ ਪ੍ਰਕਿਰਿਆਵਾਂ ਅਤੇ ਇਸ ਦੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣਾ ਚਾਹੁੰਦੀ ਹੈ। ਇੱਕ ਹੋਰ ਧਿਆਨ ਇਸ ਸਥਿਤੀ ਦੀ ਜਾਂਚ ਨੂੰ ਬਿਹਤਰ ਬਣਾਉਣ 'ਤੇ ਹੈ।

ਮਾਹਵਾਰੀ

ਕੁਝ ਪ੍ਰਾਜੈਕਟ ਮਾਹਵਾਰੀ ਤਰਲ ਵਿੱਚ ਬਾਇਓਮਾਰਕਰ, ਭਾਵ ਭਾਰੀ ਮਾਹਵਾਰੀ ਖੂਨ ਵਗਣ ਦੇ ਰਸਾਇਣਕ ਸੰਕੇਤ, ਲੱਭਣਗੇ, ਮਾਹਵਾਰੀ ਉਤਪਾਦਾਂ ਦੀ ਵਰਤੋਂ ਕਰਕੇ ਖੂਨ ਵਗਣ ਦੀ ਨਿਗਰਾਨੀ ਕਰਨ ਵਾਲੇ ਸਮਾਰਟ ਸੈਂਸਰ ਤਿਆਰ ਕਰਨਗੇ ਜਾਂ ਅਜਿਹੇ ਸਾਧਨ ਬਣਾਉਣਗੇ ਜੋ ਸਮਾਰਟਫੋਨ ਅਤੇ ਪਹਿਨਣ ਵਾਲੀਆਂ ਡਿਵਾਈਸਾਂ (ਵੇਅਰੇਬਲਸ) ਤੋਂ ਮਿਲੇ ਡੇਟਾ ਦੀ ਵਰਤੋਂ ਕਰਕੇ ਸਰੀਰ ਵਿੱਚ ਆਇਰਨ ਦੀ ਕਮੀ ਦੇ ਖ਼ਤਰੇ ਦਾ ਅੰਦਾਜ਼ਾ ਲਗਾ ਸਕਣ।

ਤਕਨਾਲੋਜੀ ਦੇ ਪੱਖੋਂ, ਮੇਬਿਨ ਦਾ ਮੰਨਣਾ ਹੈ ਕਿ ਇਸ ਪ੍ਰਾਜੈਕਟ ਲਈ ਸਮਾਂ ਢੁੱਕਵਾਂ ਹੈ, ਕਿਉਂਕਿ ਜੀਨੋਮ ਦੀ ਤੇਜ਼ੀ ਨਾਲ ਜਾਂਚ ਵਰਗੀਆਂ ਨਵੀਆਂ ਅਤੇ ਵਿਕਸਤ ਹੋ ਰਹੀਆਂ ਖੋਜ ਤਕਨੀਕਾਂ ਉਪਲਬਧ ਹਨ।

ਮੇਬਿਨ ਕਹਿੰਦੀ ਹੈ, "ਪਹਿਲਾਂ ਇਨ੍ਹਾਂ ਤਕਨੀਕਾਂ ਦੀ ਵਰਤੋਂ ਔਰਤਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਨਹੀਂ ਕੀਤੀ ਗਈ। ਮੇਰੇ ਖ਼ਿਆਲ ਵਿੱਚ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਕਰੀਏ।"

ਇਸੇ ਤਰ੍ਹਾਂ, ਜੈਫਰੇ ਨੇ ਖੂਨ ਵਿਗਿਆਨ ਮਾਹਿਰਾਂ (ਹੀਮੈਟੋਲੋਜਿਸਟਾਂ) ਨੂੰ ਭਾਰੀ ਮਾਹਵਾਰੀ ਖੂਨ ਵਗਣ ਦੀ ਸਮੱਸਿਆ ਨਾਲ ਜੋੜਨ ਲਈ ਕੰਮ ਕੀਤਾ ਹੈ।

ਉਹ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਖੂਨ ਦੇ ਮਾਹਰਾਂ ਅਤੇ ਗਾਇਨੀਕੋਲੋਜਿਸਟਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਉਦਾਹਰਨ ਵਜੋਂ, ਫਾਊਂਡੇਸ਼ਨ ਫਾਰ ਵੂਮੈਨ ਐਂਡ ਗਰਲਜ਼ ਵਿਦ ਬਲੱਡ ਡਿਸਆਰਡਰਜ਼ ਪਹਿਲਾਂ ਹੀ ਅਮਰੀਕਾ ਵਿੱਚ ਹੀਮੋਫੀਲੀਆ ਇਲਾਜ ਕੇਂਦਰਾਂ ਦੀ ਮਦਦ ਕਰ ਰਹੀ ਹੈ, ਤਾਂ ਜੋ ਉਹ ਔਰਤਾਂ ਅਤੇ ਕੁੜੀਆਂ ਲਈ ਆਪਣੀਆਂ ਸੇਵਾਵਾਂ ਨੂੰ ਬਿਹਤਰ ਅਤੇ ਵਧਾ ਸਕਣ।

ਪਰ ਇਸ ਤਰੱਕੀ ਦਾ ਇੱਕ ਮਹੱਤਵਪੂਰਨ ਹਿੱਸਾ ਇਹ ਯਕੀਨੀ ਬਣਾਉਣਾ ਹੈ ਕਿ ਭਾਰੀ ਮਾਹਵਾਰੀ ਖੂਨ ਵਗਣ ਵਾਲੇ ਲੋਕ ਅਸਲ ਵਿੱਚ ਨਵੀਆਂ ਜਾਂਚ ਤਕਨੀਕਾਂ ਅਤੇ ਇਲਾਜਾਂ ਦੀ ਵਰਤੋਂ ਕਰ ਸਕਣ।

ਇਸੇ ਕਾਰਨ ਮਾਰਸ਼ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਸਿਆਫਾਮ ਅਤੇ ਹਿਸਪੈਨਿਕ ਔਰਤਾਂ ਨਾਲ ਮਿਲ ਕੇ ਇਲਾਜੀ ਤਰੀਕੇ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ, ਕਿਉਂਕਿ ਅਮਰੀਕਾ ਵਿੱਚ ਇਨ੍ਹਾਂ ਔਰਤਾਂ ਨੂੰ ਗੋਰੀਆਂ ਔਰਤਾਂ ਦੇ ਮੁਕਾਬਲੇ ਅਨੀਮੀਆ ਦਾ ਖ਼ਤਰਾ ਵੱਧ ਹੁੰਦਾ ਹੈ।

ਉਹ ਉਮੀਦ ਕਰਦੀ ਹੈ ਕਿ ਭਰੋਸੇਯੋਗ ਭਾਈਚਾਰਕ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਨਾਲ ਉਸ ਦੀ ਤਾਜ਼ਾ ਖੋਜ ਇਹ ਪਤਾ ਲਗਾ ਸਕੇਗੀ ਕਿ ਲੋਕਾਂ ਨੂੰ ਲੋੜੀਂਦੀ ਸਿਹਤ ਸੇਵਾ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਅਤੇ ਇਨ੍ਹਾਂ ਸਥਿਤੀਆਂ ਬਾਰੇ ਆਮ ਜਾਣਕਾਰੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ।

ਖੋਜਕਾਰ ਹੁਣ ਵੱਧ ਤੋਂ ਵੱਧ ਇਹ ਮੰਨਣ ਲੱਗੇ ਹਨ ਕਿ ਖੋਜ ਅਤੇ ਦਵਾਈ ਵਿੱਚ ਭਾਰੀ ਮਾਹਵਾਰੀ ਖੂਨ ਵਗਣ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਔਰਤਾਂ ਅਤੇ ਮਾਹਵਾਰੀ ਆਉਣ ਵਾਲੇ ਸਾਰੇ ਲੋਕ ਆਪਣੀ ਪੂਰੀ ਸਮਰੱਥਾ ਨਾਲ ਜੀਵਨ ਜੀਅ ਸਕਣ, ਬਿਨਾਂ ਆਇਰਨ ਦੀ ਕਮੀ ਕਾਰਨ ਦਿਮਾਗ਼ੀ ਧੁੰਦਲਾਪਣ ਮਹਿਸੂਸ ਕੀਤੇ ਅਤੇ ਬਿਨਾਂ ਕੰਮ ਜਾਂ ਸਕੂਲ ਦੇ ਮੌਕੇ ਗੁਆਏ।

ਐਲਸਟਨ ਕਹਿੰਦੀ ਹੈ, "ਸਾਨੂੰ ਔਰਤਾਂ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਾਨੂੰ ਢੁੱਕਵੀਂ ਦੇਖਭਾਲ ਦੀ ਲੋੜ ਹੈ, ਤਾਂ ਜੋ ਅਸੀਂ ਇਸ ਦੁਨੀਆ ਵਿੱਚ ਮੌਜੂਦ ਰਹਿਣ ਦੇ ਆਪਣੇ ਬਰਾਬਰ ਅਧਿਕਾਰਾਂ ਦੀ ਵਰਤੋਂ ਕਰ ਸਕੀਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)