'ਮੈਂ ਇੱਕ ਭੂਤ ਨਾਲ ਰਹਿੰਦੀ ਹਾਂ': ਜਪਾਨ ਦੇ 'ਭੂਤੀਆ' ਘਰਾਂ 'ਚ ਰਹਿਣ ਨੂੰ ਕਿਉਂ ਤਿਆਰ ਹੋ ਰਹੇ ਲੋਕ

- ਲੇਖਕ, ਮਾਈਕਲ ਫਿਟਜ਼ਪੈਟ੍ਰਿਕ
- ਰੋਲ, ਬਿਜ਼ਨਸ ਰਿਪੋਰਟਰ, ਟੋਕੀਓ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਜਦੋਂ ਰਯੁਆ ਪਹਿਲੀ ਵਾਰ ਟੋਕੀਓ ਵਿੱਚ ਆਪਣੇ ਕਿਰਾਏ ਦੇ ਅਪਾਰਟਮੈਂਟ ਵਿੱਚ ਗਏ, ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉੱਥੇ ਭੂਤ ਹੈ।
ਉਹ ਦੱਸਦੇ ਹਨ, "ਜਦੋਂ ਮੈਂ ਘਰ ਦੇਖਣ ਗਈ ਸੀ, ਤਾਂ ਉੱਥੇ ਇੱਕ ਆਦਮੀ ਖੜ੍ਹਾ ਸੀ, ਜੋ ਮੈਨੂੰ ਘੂਰ ਰਿਹਾ ਸੀ।"
"ਪਰ ਕਿਉਂਕਿ ਪ੍ਰਾਪਰਟੀ ਏਜੰਟ ਨੂੰ ਉਹ ਆਦਮੀ ਦਿਖਾਈ ਨਹੀਂ ਦਿੱਤਾ, ਇਸ ਲਈ ਮੈਨੂੰ ਸਮਝ ਆ ਗਿਆ ਕਿ ਉਹ ਜ਼ਰੂਰ ਕੋਈ ਭੂਤ ਹੋਵੇਗਾ।"
ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਡਰ ਕੇ ਤੁਰੰਤ ਉੱਥੋਂ ਭੱਜ ਜਾਂਦਾ ਅਤੇ ਕਦੇ ਵਾਪਸ ਨਾ ਆਉਂਦਾ। ਪਰ ਰਯੁਆ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ।
ਰਯੁਆ ਦੱਸਦੇ ਹਨ, "ਮੈਂ ਥੋੜ੍ਹੇ ਵੱਖਰੇ ਤਰੀਕੇ ਨਾਲ ਸੋਚਦੀ ਹਾਂ, ਇਸ ਲਈ ਮੈਂ ਫ਼ੈਸਲਾ ਕੀਤਾ ਕਿ ਇਸ ਘੂਰਦੇ ਰਹਿਣ ਵਾਲੇ ਭੂਤ ਨਾਲ ਦੋਸਤੀ ਕਰਾਂਗੀ।"
ਰਯੁਆ ਇੱਕ 'ਆਈਡੋਰੂ' - ਨੌਜਵਾਨ ਮਨੋਰੰਜਨ ਕਲਾਕਾਰ - ਹਨ ਅਤੇ ਆਪਣਾ ਉਪਨਾਮ ਨਹੀਂ ਦੱਸਣਾ ਚਾਹੁੰਦੇ।
ਚਾਰ ਸਾਲ ਬੀਤ ਚੁੱਕੇ ਹਨ ਅਤੇ ਉਹ ਅੱਜ ਵੀ ਉਸੇ ਅਪਾਰਟਮੈਂਟ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਕੁਝ ਅਜੀਬੋ-ਗ਼ਰੀਬ ਚੀਜ਼ਾਂ (ਅਲੌਕਿਕ ਗਤੀਵਿਧੀਆਂ) ਮਹਿਸੂਸ ਹੁੰਦੀਆਂ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਅਕਸਰ ਕਿਸੇ ਦੇ ਤੁਰਨ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਅਤੇ ਭੂਤ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ।

ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ ਜਪਾਨ ਵਿੱਚ ਹੈਲੋਵੀਨ ਦਾ ਰੁਝਾਨ ਵਧਿਆ ਹੈ, ਪਰ ਇੱਥੋਂ ਦੇ ਬਹੁਤ ਸਾਰੇ ਲੋਕ ਸਾਲ ਭਰ ਭੂਤਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਜਪਾਨੀ ਭਾਸ਼ਾ ਵਿੱਚ ਇਸ ਲਈ ਇੱਕ ਸ਼ਬਦ ਹੈ - 'ਯੁਰੇਈ', ਜਿਸ ਦਾ ਮਤਲਬ ਅਜਿਹੀ ਆਤਮਾ ਹੈ, ਜੋ ਭਟਕ ਰਹੀ ਹੋਵੇ ਅਤੇ ਬੇਚੈਨ ਹੋਵੇ।
ਇਹ ਉਨ੍ਹਾਂ ਲੋਕਾਂ ਦੀਆਂ ਆਤਮਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਮੌਤ ਹਿੰਸਕ ਜਾਂ ਦੁਖਦਾਈ ਹਾਲਾਤ ਵਿੱਚ ਹੋਈ ਹੋਵੇ - ਜਿਵੇਂ ਕਿ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੋਵੇ, ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੋਵੇ ਜਾਂ ਜੋ ਬਿਲਕੁਲ ਇਕੱਲੇ ਸਨ ਅਤੇ ਇਕੱਲਿਆਂ ਹੀ ਮਰ ਗਏ।
ਮੰਨਿਆ ਜਾਂਦਾ ਹੈ ਕਿ ਜੇ ਕਿਸੇ ਦੀ ਮੌਤ ਘਰ ਦੇ ਅੰਦਰ ਹੋਈ ਹੋਵੇ, ਤਾਂ ਉਸ ਦੀ 'ਯੁਰੇਈ' (ਆਤਮਾ) ਉੱਥੇ ਹੀ ਰਹਿ ਜਾਂਦੀ ਹੈ ਅਤੇ ਕਿਤੇ ਨਹੀਂ ਜਾਂਦੀ।
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਜਿਹੜੇ ਲੋਕ ਅੰਧਵਿਸ਼ਵਾਸੀ ਨਹੀਂ ਹਨ ਜਾਂ ਜਿਨ੍ਹਾਂ ਨੂੰ ਭੂਤਾਂ ਤੋਂ ਡਰ ਨਹੀਂ ਲੱਗਦਾ, ਉਨ੍ਹਾਂ ਲਈ ਅਜਿਹੇ ਘਰਾਂ ਨੂੰ ਲੈਕੇ ਸਸਤੇ ਸੌਦੇ ਮਿਲ ਸਕਦੇ ਹਨ।
ਜਪਾਨ ਵਿੱਚ ਅਜਿਹੀਆਂ ਜਾਇਦਾਦਾਂ ਦੀ ਇੱਕ ਵੱਖਰੀ ਕੈਟੇਗਿਰੀ ਹੈ, ਜਿਸ ਨੂੰ 'ਜਿਕੋ ਬੁੱਕੇਨ' ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ 'ਬਦਨਾਮ' ਜਾਂ 'ਕਿਸੇ ਅਣਸੁਖਾਵੀਂ ਘਟਨਾ ਨਾਲ ਜੁੜੀਆਂ' ਜਾਇਦਾਦਾਂ।
ਸਾਲ 2021 ਵਿੱਚ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜਪਾਨ ਵਿੱਚ ਪ੍ਰਾਪਰਟੀ ਏਜੰਟਾਂ ਲਈ ਇਹ ਦੱਸਣਾ ਲਾਜ਼ਮੀ ਹੈ ਕਿ ਕਿਸੇ ਘਰ ਵਿੱਚ ਖ਼ੁਦਕੁਸ਼ੀ, ਕਤਲ, ਅੱਗ ਕਾਰਨ ਮੌਤ ਜਾਂ ਅਜਿਹੀ ਕੋਈ ਮੌਤ ਹੋਈ ਸੀ, ਜਿਸ ਵਿੱਚ ਮ੍ਰਿਤਕ ਦੀ ਲਾਸ਼ ਕਾਫ਼ੀ ਸਮੇਂ ਤੱਕ ਨਹੀਂ ਮਿਲੀ ਸੀ।
ਕਿਰਾਏ 'ਤੇ ਦਿੱਤੀਆਂ ਜਾਣ ਵਾਲੀਆਂ ਜਾਇਦਾਦਾਂ ਦੇ ਮਾਮਲੇ ਵਿੱਚ ਜਾਣਕਾਰੀ (ਘਟਨਾ ਤੋਂ ਬਾਅਦ ਦੇ) ਤਿੰਨ ਸਾਲਾਂ ਤੱਕ ਦੇਣੀ ਲਾਜ਼ਮੀ ਹੈ, ਜਦਕਿ ਵਿੱਕਰੀ ਲਈ ਰੱਖੀ ਗਈ ਕਿਸੇ ਵੀ ਜਾਇਦਾਦ ਦੇ ਮਾਮਲੇ ਵਿੱਚ ਇਹ ਜਾਣਕਾਰੀ ਹਮੇਸ਼ਾ ਲਈ ਦੇਣੀ ਪੈਂਦੀ ਹੈ। ਭਾਵ ਘਟਨਾ ਭਾਵੇਂ ਕਿੰਨੀ ਪੁਰਾਣੀ ਕਿਉਂ ਨਾ ਹੋਵੇ, ਇਸ ਦੀ ਜਾਣਕਾਰੀ ਖਰੀਦਦਾਰ ਨੂੰ ਦੇਣਾ ਲਾਜ਼ਮੀ ਹੈ।
ਇਸ ਦੇ ਉਲਟ, ਬ੍ਰਿਟੇਨ ਵਿੱਚ ਅਜਿਹਾ ਕੋਈ ਕਾਨੂੰਨੀ ਨਿਯਮ ਨਹੀਂ ਹੈ, ਜਿਸ ਤਹਿਤ ਇਹ ਦੱਸਣਾ ਲਾਜ਼ਮੀ ਹੋਵੇ ਕਿ ਕਿਸੇ ਜਾਇਦਾਦ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਈ ਹੈ।
ਅਮਰੀਕਾ ਵਿੱਚ ਇਹ ਨਿਯਮ ਵੱਖ-ਵੱਖ ਸੂਬਿਆਂ ਮੁਤਾਬਕ ਬਦਲਦੇ ਹਨ। ਮਿਸਾਲ ਵਜੋਂ, ਕੈਲੀਫੋਰਨੀਆ ਵਿੱਚ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਕੀ ਪਿਛਲੇ ਤਿੰਨ ਸਾਲਾਂ ਦੌਰਾਨ ਉਸ ਜਾਇਦਾਦ ਵਿੱਚ ਕਿਸੇ ਦੀ ਮੌਤ ਹੋਈ ਹੈ, ਜਦਕਿ ਐਰੀਜ਼ੋਨਾ ਅਤੇ ਓਰੇਗਨ ਵਿੱਚ ਅਜਿਹੀ ਜਾਣਕਾਰੀ ਦੇਣਾ ਲਾਜ਼ਮੀ ਨਹੀਂ ਹੈ।
ਰਯੁਆ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਇੱਕ ਆਦਮੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦਾ ਮਤਲਬ ਇਹ ਹੋਇਆ ਕਿ ਸੇਤਾਗਾਇਆ ਦੇ ਮਹਿੰਗੇ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਛੋਟੇ ਜਿਹੇ, 25 ਵਰਗ ਮੀਟਰ ਦੇ ਅਪਾਰਟਮੈਂਟ ਦੇ ਕਿਰਾਏ 'ਤੇ ਉਸ ਨੂੰ ਲਗਭਗ 30 ਫ਼ੀਸਦੀ ਦੀ ਛੋਟ ਮਿਲ ਗਈ।
ਉਹ ਦੱਸਦੇ ਹਨ ਕਿ ਉਹ ਹਰ ਮਹੀਨੇ 45,000 ਯੇਨ ਕਿਰਾਇਆ ਦਿੰਦੇ ਹਨ, ਜਦਕਿ ਅਸਲ ਵਿੱਚ ਇਸ ਦਾ ਕਿਰਾਇਆ 62,000 ਯੇਨ ਹੋਣਾ ਚਾਹੀਦਾ ਸੀ।
ਦੁਨੀਆ ਵਿੱਚ ਕਿਤੇ ਵੀ, ਜਿਸ ਘਰ ਵਿੱਚ ਕਤਲ ਜਾਂ ਖ਼ੁਦਕੁਸ਼ੀ ਹੋਈ ਹੋਵੇ, ਉਸ ਨੂੰ ਵੇਚਣਾ ਜਾਂ ਕਿਰਾਏ 'ਤੇ ਦੇਣਾ ਮੁਸ਼ਕਿਲ ਹੋ ਸਕਦਾ ਹੈ। ਪਰ ਟੋਕੀਓ ਵਿੱਚ ਪ੍ਰਾਪਰਟੀ ਏਜੰਟ ਐਰਿਕ ਓਸਕੈਂਪ ਦਾ ਕਹਿਣਾ ਹੈ ਕਿ ਜਪਾਨੀ ਲੋਕ ਕੁਝ ਜ਼ਿਆਦਾ ਹੀ ਅੰਧਵਿਸ਼ਵਾਸੀ ਹੁੰਦੇ ਹਨ ਅਤੇ ਉਹ ਅਜਿਹੀਆਂ ਜਾਇਦਾਦਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ, ਜਿਨ੍ਹਾਂ ਨਾਲ ਕੋਈ ਮਾੜਾ ਜਾਂ ਡਰਾਉਣਾ ਇਤਿਹਾਸ ਜੁੜਿਆ ਹੋਵੇ।
ਓਸਕੈਂਪ ਦੱਸਦੇ ਹਨ, "ਇੱਥੋਂ ਤੱਕ ਕਿ ਕਬਰਸਤਾਨ ਦੇ ਨਾਲ ਲੱਗਦੇ ਅਪਾਰਟਮੈਂਟ ਨੂੰ ਕਿਰਾਏ 'ਤੇ ਦੇਣਾ ਵੀ ਮੁਸ਼ਕਿਲ ਹੁੰਦਾ ਹੈ, ਖ਼ਾਸ ਕਰਕੇ ਉਦੋਂ ਜਦੋਂ ਰਸੋਈ ਵਿੱਚੋਂ ਹੀ ਕਬਰਾਂ ਦਿਖਾਈ ਦਿੰਦੀਆਂ ਹੋਣ। ਸਭ ਤੋਂ ਮਾੜੀ ਸਥਿਤੀ ਤਾਂ ਉਦੋਂ ਹੁੰਦੀ ਹੈ, ਜਦੋਂ ਅਪਾਰਟਮੈਂਟ ਵਿੱਚ ਕਿਸੇ ਨੇ ਖ਼ੁਦਕੁਸ਼ੀ ਕੀਤੀ ਹੋਵੇ। ਜੇ ਕੋਈ ਛੱਤ ਤੋਂ ਛਾਲ ਮਾਰ ਦੇਵੇ, ਤਾਂ ਵੀ ਕਈ ਕਿਰਾਏਦਾਰ ਘਰ ਛੱਡ ਕੇ ਚਲੇ ਜਾਂਦੇ ਹਨ। ਇਸ ਤੋਂ ਇਲਾਵਾ, ਕੋਈ ਗੰਭੀਰ ਅਪਰਾਧ ਜਾਂ ਕਿਸੇ ਵਿਅਕਤੀ ਦੀ ਇਕੱਲਿਆਂ ਮੌਤ ਹੋ ਜਾਣਾ ਵੀ ਵੱਡੀ ਸਮੱਸਿਆ ਮੰਨਿਆ ਜਾਂਦਾ ਹੈ।"
ਇਕੱਲਿਆਂ ਮੌਤ ਹੋਣ ਦੇ ਮਾਮਲੇ 'ਚ ਆਮ ਤੌਰ 'ਤੇ ਬ੍ਰਿਟੇਨ ਜਾਂ ਅਮਰੀਕਾ ਵਰਗੀਆਂ ਥਾਵਾਂ 'ਤੇ ਜਾਇਦਾਦ ਦੀ ਕੀਮਤ 'ਤੇ ਕੋਈ ਖਾਸ ਅਸਰ ਨਹੀਂ ਪੈਂਦਾ।
'ਜੇ ਇੱਥੇ ਕੋਈ ਭੂਤ ਹੈ, ਤਾਂ ਮੈਂ ਉਸ ਦੀ ਸ਼ੁਕਰਗੁਜ਼ਾਰ ਹਾਂ'

ਤਸਵੀਰ ਸਰੋਤ, Diane Tincher
ਪਰ ਜਪਾਨ ਦੇ ਦੱਖਣ-ਪੱਛਮ ਵਿੱਚ ਸਥਿਤ ਪੇਂਡੂ ਇਲਾਕੇ ਕਾਗੋਸ਼ਿਮਾ ਵਿੱਚ, ਇਸੇ ਸਮੱਸਿਆ ਕਾਰਨ ਡਾਇਨੇ ਟਿੰਚਰ ਨੂੰ ਤਿੰਨ ਬੈੱਡਰੂਮਾਂ ਵਾਲਾ ਇੱਕ ਵੱਡਾ ਘਰ, ਉਸ ਦੀ ਅਸਲ ਕੀਮਤ ਤੋਂ ਲਗਭਗ ਅੱਧੀ ਕੀਮਤ 'ਤੇ ਮਿਲ ਗਿਆ।
79 ਸਾਲਾਂ ਦੇ ਇਹ ਅਮਰੀਕੀ ਮਹਿਲਾ ਲਗਭਗ 40 ਸਾਲਾਂ ਤੋਂ ਜਪਾਨ ਵਿੱਚ ਰਹਿ ਰਹੇ ਹਨ ਅਤੇ ਟੂਰ ਗਾਈਡ ਵਜੋਂ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਪ੍ਰਾਪਰਟੀ ਏਜੰਟ ਨੇ ਉਨ੍ਹਾਂ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ ਸੀ - ਘਰ ਦੀ ਕੀਮਤ 'ਤੇ ਭਾਰੀ ਛੋਟ ਇਸ ਲਈ ਦਿੱਤੀ ਗਈ ਸੀ, ਕਿਉਂਕਿ ਉੱਥੇ ਇੱਕ ਬਜ਼ੁਰਗ ਮਹਿਲਾ ਦੀ ਇਕੱਲਿਆਂ ਮੌਤ ਹੋ ਗਈ ਸੀ। ਇਸ ਕਾਰਨ ਉਸ ਜਾਇਦਾਦ ਨਾਲ ਇੱਕ ਤਰ੍ਹਾਂ ਦਾ ਮਾੜਾ ਇਤਿਹਾਸ ਜੁੜ ਗਿਆ ਸੀ।
ਟਿੰਚਰ ਨੇ ਇਸ ਘਰ ਲਈ 20 ਮਿਲੀਅਨ ਯੇਨ ਅਦਾ ਕੀਤੇ, ਜਦਕਿ ਉਸੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਜਾਇਦਾਦਾਂ ਆਮ ਤੌਰ 'ਤੇ 45 ਮਿਲੀਅਨ ਯੇਨ ਤੱਕ ਵਿੱਚ ਵਿਕਦੀਆਂ ਹਨ।
ਉਹ ਕਹਿੰਦੇ ਹਨ, "ਮੈਂ ਭੂਤਾਂ ਵਿੱਚ ਵਿਸ਼ਵਾਸ ਨਹੀਂ ਕਰਦੀ। ਪਰ ਮੈਨੂੰ ਪਤਾ ਹੈ ਕਿ ਜਪਾਨੀ ਲੋਕ ਬਹੁਤ ਅੰਧਵਿਸ਼ਵਾਸੀ ਹੁੰਦੇ ਹਨ।"
"ਜੇ ਇੱਥੇ ਕੋਈ ਭੂਤ ਹੈ, ਤਾਂ ਮੈਂ ਹਰ ਰੋਜ਼ ਉਸ ਦੀ ਸ਼ੁਕਰਗੁਜ਼ਾਰ ਹਾਂ... ਕਿ ਮੈਨੂੰ ਇੰਨਾ ਸ਼ਾਨਦਾਰ ਅਤੇ ਕਿਫ਼ਾਇਤੀ ਘਰ ਮਿਲਿਆ।"

ਤਸਵੀਰ ਸਰੋਤ, Getty Images
ਘਰ ਬਾਰੇ ਜਾਣਕਾਰੀ ਲੱਭਦਿਆਂ ਟਿੰਚਰ ਨੂੰ 'ਓਸ਼ੀਮਾਲੈਂਡ' (Oshimaland) ਨਾਂ ਦੀ ਇੱਕ ਵੈੱਬਸਾਈਟ ਬਾਰੇ ਪਤਾ ਲੱਗਿਆ। ਇਸ ਵੈੱਬਸਾਈਟ 'ਤੇ 'ਜਿਕੋ ਬੁੱਕੇਨ' ਜਾਇਦਾਦਾਂ ਦੀ ਸੂਚੀ ਦਿੱਤੀ ਜਾਂਦੀ ਹੈ, ਜਿਸ ਵਿੱਚ ਉੱਥੇ ਵਾਪਰੀਆਂ ਘਟਨਾਵਾਂ ਦਾ ਵੇਰਵਾ ਵੀ ਹੁੰਦਾ ਹੈ।
ਇਸ ਦੀ ਸ਼ੁਰੂਆਤ ਸਾਲ 2005 ਵਿੱਚ ਟੋਕੀਓ ਲਈ ਕੀਤੀ ਗਈ ਸੀ। ਬਾਅਦ ਵਿੱਚ ਇਹ ਪੂਰੇ ਜਪਾਨ ਵਿੱਚ ਵਰਤੀ ਜਾਣ ਲੱਗੀ ਅਤੇ 2011 ਵਿੱਚ ਇਹ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਗਈ।
ਇਹ ਇੱਕ 'ਕਰਾਊਡਸੋਰਸਡ' ਪਲੇਟਫਾਰਮ ਹੈ, ਜਿਸ ਦਾ ਮਤਲਬ ਹੈ ਕਿ ਇਸ ਵੈੱਬਸਾਈਟ 'ਤੇ ਘਰਾਂ ਅਤੇ ਉਨ੍ਹਾਂ ਨਾਲ ਜੁੜੀ ਜਾਣਕਾਰੀ ਆਮ ਲੋਕ ਸਾਂਝਾ ਕਰਦੇ ਹਨ।
ਓਸ਼ੀਮਾਲੈਂਡ ਦੇ ਸੰਸਥਾਪਕ, ਤੇਰੂ ਓਸ਼ੀਮਾ ਦੱਸਦੇ ਹਨ ਕਿ ਪਹਿਲਾਂ ਜਪਾਨ ਵਿੱਚ ਅਜਿਹੀਆਂ ਜਾਇਦਾਦਾਂ ਨੂੰ "ਬਹੁਤ ਜ਼ਿਆਦਾ ਪਸੰਦ ਨਹੀਂ" ਕੀਤਾ ਜਾਂਦਾ ਸੀ।
ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਵਿੱਚ ਘਰਾਂ ਦੀਆਂ ਕੀਮਤਾਂ ਅਤੇ ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ। 2025 ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਕਿ ਹੁਣ ਅੱਧੇ ਤੋਂ ਵੱਧ ਜਪਾਨੀ ਲੋਕ 'ਜਿਕੋ ਬੁੱਕੇਨ' ਜਾਇਦਾਦਾਂ ਕਿਰਾਏ 'ਤੇ ਲੈਣ ਲਈ ਤਿਆਰ ਹਨ, ਬਸ਼ਰਤੇ ਕਿ ਉਹ ਸਸਤੀਆਂ ਹੋਣ।
ਸੇਤਾਗਾਇਆ ਵਿੱਚ ਰਯੁਆ ਦਾ ਕਹਿਣਾ ਹੈ ਕਿ ਉਹ ਆਪਣੇ 'ਭੂਤੀਆ' ਫਲੈਟਮੇਟ ਨਾਲ ਰਹਿ ਕੇ ਖ਼ੁਸ਼ ਹੈ।
ਉਹ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਭੂਤ ਕਦੇ ਇਨਸਾਨ ਹੁੰਦੇ ਸਨ, ਇਸ ਲਈ ਉਹ ਸਾਡੇ ਸਤਿਕਾਰ ਦੇ ਹੱਕਦਾਰ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































