ਕੈਨੇਡਾ 'ਚ 1700 ਕਿਲੋ ਨਸ਼ੀਲਾ ਪਦਾਰਥ ਜ਼ਬਤ, ਫੜੇ ਗਏ ਮੁਲਜ਼ਮਾਂ ਵਿੱਚੋਂ ਕਈ ਪੰਜਾਬੀ ਮੂਲ ਦੇ, ਪੁਲਿਸ ਨੇ ਦੱਸਿਆ ਕਿਵੇਂ ਹੁੰਦੀ ਸੀ ਤਸਕਰੀ

ਕੈਨੇਡਾ ਪੁਲਿਸ ਵੱਲੋਂ ਬਰਾਮਦ ਨਸ਼ਾ

ਤਸਵੀਰ ਸਰੋਤ, Ontario Provincial Police

ਤਸਵੀਰ ਕੈਪਸ਼ਨ, ਇੱਕ ਤੋਂ ਵੱਧ ਖੇਤਰਾਂ ਅਤੇ ਸਰਹੱਦ-ਪਾਰ ਚਲਾਈ ਗਈ ਜਾਂਚ ਦੌਰਾਨ ਲਗਭਗ 1.7 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਕੈਨੇਡਾ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਏ ਗਏ ਇੱਕ ਸਪੈਸ਼ਲ ਆਪਰੇਸ਼ਨ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਲੋਕਾਂ ਤੋਂ 1700 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।

ਇਹ ਜਾਣਕਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ 23 ਜੁਲਾਈ 2026 ਨੂੰ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ ਹੈ।

ਪੁਲਿਸ ਨੇ ਇਸ ਆਪਰੇਸ਼ਨ ਦਾ ਨਾਮ 'ਪ੍ਰੋਜੈਕਟ ਬੇਅ' ਰੱਖਿਆ ਸੀ।

ਕੈਨੇਡਾ ਦੀਆਂ ਵੱਖ ਵੱਖ ਪੁਲਿਸ ਏਜੰਸੀਆਂ ਅਤੇ ਸਰਹੱਦੀ ਸੁਰੱਖਿਆ ਬਲਾਂ ਨੇ ਇਸ ਸਾਂਝੇ ਗੁਪਤ ਅਭਿਆਨ 'ਪ੍ਰੋਜੈਕਟ ਬੇਅ' ਨੂੰ ਅੰਜਾਮ ਦਿੱਤਾ ਹੈ।

ਪੁਲਿਸ ਨੇ ਇਸ ਮਾਮਲੇ 'ਚ 21 ਜਣਿਆਂ ਖਿਲਾਫ਼ ਕਾਰਵਾਈ ਕੀਤੀ ਸੀ ਪਰ 23 ਜੁਲਾਈ ਨੂੰ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2 ਮੁਲਜ਼ਮ ਹਾਲੇ ਫਰਾਰ ਹਨ।

ਪੁਲਿਸ ਨੇ ਮਾਮਲੇ ਨਾਲ ਸਬੰਧਿਤ ਜ਼ਿਨ੍ਹਾਂ ਮੁਲਜ਼ਮਾਂ ਦੀ ਲਿਸਟ ਦਿੱਤੀ ਹੈ ਉਨ੍ਹਾਂ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਵੀ ਸ਼ਾਮਿਲ ਹਨ।

ਪੁਲਿਸ ਦੇ ਆਪ੍ਰੇਸ਼ਨ ਵਿੱਚ ਕੀ-ਕੀ ਮਿਲਿਆ

ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ

ਤਸਵੀਰ ਸਰੋਤ, Ontario Provincial Police

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ 'ਇਹ ਗਿਰੋਹ ਵਪਾਰਕ ਟਰਾਂਸਪੋਰਟ ਸੈਕਟਰ ਦਾ ਸਹਾਰਾ ਲੈ ਕੇ ਅਤੇ ਟਰੱਕ ਡਰਾਈਵਰਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ।'

ਓਨਟਾਰੀਓ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਕ ਤੋਂ ਵੱਧ ਖੇਤਰਾਂ ਅਤੇ ਸਰਹੱਦ-ਪਾਰ ਚਲਾਈ ਗਈ ਜਾਂਚ ਦੌਰਾਨ ਲਗਭਗ 1.7 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਸ ਵਿੱਚ ਸ਼ੱਕੀ ਕੋਕੀਨ, ਮੈਥਾਮਫੇਟਾਮਾਈਨ ਅਤੇ ਅਫੀਮ ਸ਼ਾਮਲ ਹੈ। ਪੁਲਿਸ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਦੱਸਿਆ ਹੈ।

ਪੁਲਿਸ ਨੇ ਜ਼ਬਤ ਕੀਤੇ ਨਸ਼ੇ ਅਤੇ ਹਥਿਆਰਾਂ ਦੀ ਇੱਕ ਲਿਸਟ ਸਾਂਝੀ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ 'ਪ੍ਰੋਜੈਕਟ ਬੇਅ' ਤਹਿਤ 973 ਕਿੱਲੋ ਸ਼ੱਕੀ ਕੋਕੀਨ, 660 ਕਿੱਲੋ ਸ਼ੱਕੀ ਮੈਥਾਮਫੇਟਾਮਾਈਨ, 49 ਕਿੱਲੋ ਅਫੀਮ, 230 ਆਕਸੀਕੋਡੋਨ ਗੋਲੀਆਂ (5mg), 17 ਹਥਿਆਰ ਜਿਨ੍ਹਾਂ ਵਿੱਚ ਇੱਕ ਐਂਟੀ-ਟੈਂਕ ਰਾਈਫਲ ਸ਼ਾਮਲ, ਗੋਲਾ-ਬਾਰੂਦ, ਪਾਬੰਦੀਸ਼ੁਦਾ ਯੰਤਰ ਅਤੇ ਹਥਿਆਰ ਜਿਨ੍ਹਾਂ ਵਿੱਚ ਪਿੱਤਲ ਦੇ ਨੱਕਲ, ਮੈਗਜ਼ੀਨ ਅਤੇ ਡੰਡੇ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ 80,000 ਕੈਨੇਡੀਅਨ ਡਾਲਰ, 10,000 ਅਮਰੀਕੀ ਡਾਲਰ, ਅਪਰਾਧ ਲਈ ਵਰਤੀ ਗਈ ਇੱਕ ਗੱਡੀ, ਕੀਮਤੀ ਗਹਿਣੇ, ਪੈਸੇ ਗਿਣਨ ਵਾਲੀਆਂ ਮਸ਼ੀਨਾਂ, 43 ਸੈੱਲ ਫੋਨ ਅਤੇ ਛੇ ਲੈਪਟਾਪ ਵੀ ਜ਼ਬਤ ਕੀਤੇ ਗਏ ਹਨ।

ਪੁਲਿਸ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ਿਆਂ ਦੀ ਬਾਜ਼ਾਰ 'ਚ ਕੀਮਤ ਕਰੋੜਾਂ ਵਿੱਚ ਹੈ ਜਿਸ ਨਾਲ ਓਨਟਾਰੀਓ ਵਿੱਚ ਗੈਰ-ਕਾਨੂੰਨੀ ਨਸ਼ਿਆਂ ਦੀ ਸਪਲਾਈ ਲੜੀ ਨੂੰ ਵੱਡਾ ਝਟਕਾ ਲੱਗਿਆ ਹੈ।

ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰ

ਤਸਵੀਰ ਸਰੋਤ, Ontario Provincial Police

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ 'ਚ 21 ਜਣਿਆਂ ਖਿਲਾਫ਼ ਕਾਰਵਾਈ ਕੀਤੀ ਸੀ ਪਰ 23 ਜੁਲਾਈ ਤੱਕ ਪੁਲਿਸ ਵੱਲੋਂ ਦੱਸਿਆ ਗਿਆ ਕਿ 2 ਮੁਲਜ਼ਮ ਹਾਲੇ ਫਰਾਰ ਹਨ।

ਜਨਵਰੀ 2025 'ਚ ਸ਼ੁਰੂ ਹੋਈ ਸੀ ਜਾਂਚ

ਇਸ ਮਾਮਲੇ ਦੀ ਜਾਂਚ ਜਨਵਰੀ 2025 ਵਿੱਚ 'ਵਿੰਡਸਰ ਪੁਲਿਸ ਸਰਵਿਸ' ਦੁਆਰਾ ਸ਼ੁਰੂ ਕੀਤੀ ਗਈ ਸੀ। ਫਰਵਰੀ 2025 ਵਿੱਚ 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' ਵੀ ਇਸ ਜਾਂਚ ਨਾਲ ਜੁੜ ਗਈ।

ਪੁਲਿਸ ਨੇ ਦੱਸਿਆ ਕਿ ਜਿਵੇਂ-ਜਿਵੇਂ ਨੈੱਟਵਰਕ ਦਾ ਘੇਰਾ ਵੱਡਾ ਹੁੰਦਾ ਗਿਆ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਟੋਰਾਂਟੋ ਪੁਲਿਸ, ਪੀਲ ਰੀਜਨਲ ਪੁਲਿਸ ਅਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਅਤੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ।

ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗਿਰੋਹ ਵਪਾਰਕ ਟਰਾਂਸਪੋਰਟ ਸੈਕਟਰ ਦਾ ਸਹਾਰਾ ਲੈ ਕੇ ਅਤੇ ਟਰੱਕ ਡਰਾਈਵਰਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ।

ਪੁਲਿਸ ਮੁਤਾਬਕ ਇੱਕ ਬ੍ਰੋਕਰ-ਅਧਾਰਿਤ ਮਾਡਲ ਵਰਤਿਆ ਜਾ ਰਿਹਾ ਸੀ। ਇਸ ਮਾਡਲ ਤਹਿਤ ਪਹਿਲਾਂ ਤੋਂ ਬਣੇ ਸੰਪਰਕਾਂ ਦਾ ਫਾਇਦਾ ਚੁੱਕ ਕੇ ਸਰਹੱਦ ਪਾਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਈ ਜਾਂਦੀ ਸੀ। ਇਸ ਵਿੱਚ ਅਜਿਹੇ ਡਰਾਈਵਰਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਸੀ, ਜੋ ਜਾਣਬੁੱਝ ਕੇ ਕਾਨੂੰਨੀ ਸਪਲਾਈ ਚੇਨ ਦੇ ਅੰਦਰ ਗੈਰ-ਕਾਨੂੰਨੀ ਸਮਾਨ ਦੀ ਢੋਆ-ਢੁਆਈ ਕਰਦੇ ਸਨ।

ਜੂਨ ਅਤੇ ਜੁਲਾਈ 2026 ਦੌਰਾਨ ਪੁਲਿਸ ਵੱਲੋਂ ਵਿੰਡਸਰ, ਕੋਰੁਨਾ, ਲਾਸਾਲੇ, ਬ੍ਰੈਂਪਟਨ, ਕਲਾਈਨਬਰਗ, ਮਾਰਖਮ ਅਤੇ ਕੈਲੇਡਨ ਸਮੇਤ ਕਈ ਸ਼ਹਿਰਾਂ ਵਿੱਚ 22 ਤੋਂ ਵੱਧ ਸਰਚ ਵਾਰੰਟਾਂ ਤਹਿਤ ਛਾਪੇਮਾਰੀ ਕੀਤੀ ਗਈ।

ਜਾਂਚ ਏਜੰਸੀਆਂ ਨੇ ਕੀ ਕਿਹਾ

ਐਂਟੀ ਟੈਂਕ ਰਾਈਫਲ

ਤਸਵੀਰ ਸਰੋਤ, Ontario Provincial Police

ਤਸਵੀਰ ਕੈਪਸ਼ਨ, ਕੈਨੇਡਾ ਪੁਲਿਸ ਨੇ ਇਹ ਐਂਟੀ ਟੈਂਕ ਰਾਈਫਲ ਵੀ ਮੁਲਜ਼ਮਾਂ ਤੋਂ ਜ਼ਬਤ ਕੀਤੀ ਹੈ।

ਇੱਕ ਪ੍ਰੈੱਸ ਕਾਨਫੰਰਸ ਦੌਰਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਚੀਫ਼ ਸੁਪਰਡੈਂਟ ਮਾਈਕ ਸਟੋਡਾਰਟ ਨੇ ਕਿਹਾ, ''ਇਹ ਜ਼ਬਤੀ ਦਿਖਾਉਂਦੀ ਹੈ ਕਿ ਅਪਰਾਧੀਆਂ ਦਾ ਜਾਲ ਸਰਹੱਦਾਂ ਤੋਂ ਪਾਰ ਤੱਕ ਫੈਲਿਆ ਹੋਇਆ ਹੈ, ਜੋ ਪੂਰੇ ਓਨਟਾਰੀਓ ਦੇ ਲੋਕਾਂ 'ਤੇ ਅਸਰ ਪਾਉਂਦਾ ਹੈ''

ਸਟੋਡਾਰਟ ਨੇ ਅੱਗੇ ਕਿਹਾ, “ਹਜ਼ਾਰ ਕਿੱਲੋ ਤੋਂ ਵੱਧ ਨਸ਼ੇ ਅਤੇ ਕਈ ਹਥਿਆਰ ਫੜ ਕੇ ਅਸੀਂ ਮਾੜੀਆਂ ਚੀਜ਼ਾਂ ਦੀ ਸਪਲਾਈ ਰੋਕੀ ਹੈ, ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਹੈ ਅਤੇ ਮੁਜਰਮਾਂ ਦੀ ਵੱਡੀ ਕਮਾਈ 'ਤੇ ਰੋਕ ਲਾਈ ਹੈ। ਇਹ ਕਾਰਵਾਈ ਦਿਖਾਉਂਦੀ ਹੈ ਕਿ ਸਰਹੱਦੀ ਸੁਰੱਖਿਆ ਕਿੰਨੀ ਜ਼ਰੂਰੀ ਹੈ, ਜਿਸ ਨਾਲ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸਥਾਨਕ, ਸੂਬਾਈ, ਕੇਂਦਰੀ ਅਤੇ ਅੰਤਰਰਾਸ਼ਟਰੀ ਪੁਲਿਸ ਨਾਲ ਮਿਲ ਕੇ ਗੈਰ-ਕਾਨੂੰਨੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕ ਸਕਦੀ ਹੈ।"

ਵਿੰਡਸਰ ਪੁਲਿਸ ਸਰਵਿਸ ਦੇ ਚੀਫ਼ ਜੇਸਨ ਕਰੌਲੀ ਕਹਿੰਦੇ ਹਨ ਕਿ ਪ੍ਰੋਜੈਕਟ ਬੇਅ ਇਸ ਗੱਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਕਿ ਕਿਵੇਂ ਖੁਫੀਆ ਜਾਣਕਾਰੀ 'ਤੇ ਆਧਾਰਿਤ ਪੁਲਿਸਿੰਗ ਅਤੇ ਏਜੰਸੀਆਂ ਦਾ ਆਪਸੀ ਸਹਿਯੋਗ ਵੱਡੇ ਨਤੀਜੇ ਦੇ ਸਕਦਾ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ 'ਚ ਦੱਖਣੀ ਓਨਟਾਰੀਓ ਦੇ ਖੇਤਰੀ ਡਾਇਰੈਕਟਰ ਜਨਰਲ ਮਾਈਕਲ ਪ੍ਰੋਸੀਆ ਨੇ ਕਿਹਾ ਕਿ ਬਾਰਡਰ ਸਰਵਿਸਿਜ਼ ਅਧਿਕਾਰੀ ਕੈਨੇਡਾ ਦੀ ਸੁਰੱਖਿਆ ਦੀ ਪਹਿਲੀ ਲਾਈਨ ਹਨ, ਜੋ ਕੈਨੇਡਾ ਵਾਸੀਆਂ ਨੂੰ ਗੈਰ-ਕਾਨੂੰਨੀ ਨਸ਼ਿਆਂ ਅਤੇ ਸੰਗਠਿਤ ਅਪਰਾਧ ਤੋਂ ਸੁਰੱਖਿਅਤ ਰੱਖਦੇ ਹਨ।

ਮਾਈਕਲ ਪ੍ਰੋਸੀਆ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ, ਦੱਖਣੀ ਓਨਟਾਰੀਓ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜ਼ਮੀਨੀ ਲੈਂਡ ਪੋਰਟਾਂ 'ਤੇ 206 ਤੋਂ ਵੱਧ ਹਥਿਆਰ ਅਤੇ 5,555 ਕਿੱਲੋ ਗੈਰ-ਕਾਨੂੰਨੀ ਨਸ਼ੇ ਜ਼ਬਤ ਕੀਤੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)