'ਕਾਕਰੋਚ ਜਨਤਾ ਪਾਰਟੀ' ਕੀ ਹੈ ਅਤੇ ਇਸ ਦੇ ਸੰਸਥਾਪਕ ਅਭਿਜੀਤ ਦੀਪਕੇ ਕੌਣ ਹਨ?

ਅਭਿਜੀਤ ਦੀਪਕੇ

ਤਸਵੀਰ ਸਰੋਤ, @abhijeet_dipke

ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ 'ਕਾਕਰੋਚ ਜਨਤਾ ਪਾਰਟੀ' ਨਾਮਕ ਔਨਲਾਈਨ ਲਹਿਰ ਦੇ ਸੰਸਥਾਪਕ ਹਨ
    • ਲੇਖਕ, ਆਸ਼ਯ ਯੇਡਗੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਵੱਲੋਂ ਨੌਜਵਾਨਾਂ ਅਤੇ ਕਾਕਰੋਚਾਂ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਮੁਹਿੰਮ 'ਕਾਕਰੋਚ ਜਨਤਾ ਪਾਰਟੀ' ਕਾਫ਼ੀ ਚਰਚਾ ਵਿੱਚ ਹੈ।

ਹਾਲਾਂਕਿ, ਜਸਟਿਸ ਸੂਰਿਆਕਾਂਤ ਨੇ ਸ਼ਨੀਵਾਰ ਨੂੰ ਆਪਣੀਆਂ ਟਿੱਪਣੀਆਂ ਬਾਰੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਮੀਡੀਆ ਦੇ ਇੱਕ ਹਿੱਸੇ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ।

ਜਸਟਿਸ ਸੂਰਿਆਕਾਂਤ ਦੇ ਬਿਆਨ ਤੋਂ ਬਾਅਦ ਇੱਕ ਵਿਅੰਗਾਤਮਕ ਸੋਸ਼ਲ ਮੀਡੀਆ ਮੁਹਿੰਮ ਕਾਫ਼ੀ ਚਰਚਾ ਵਿੱਚ ਆ ਗਈ। ਇਸ ਚਰਚਾ ਦਾ ਕੇਂਦਰ ਹੈ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ)।

ਇੰਟਰਨੈੱਟ 'ਤੇ ਇਸ ਦੇ ਨਾਮ ਨਾਲ ਵੈੱਬਸਾਈਟ ਵੀ ਬਣ ਚੁੱਕੀ ਹੈ ਅਤੇ ਇੰਸਟਾਗ੍ਰਾਮ 'ਤੇ ਇਸ ਦੇ 40 ਲੱਖ ਤੋਂ ਵੱਧ ਫ਼ਾਲੋਅਰ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਲੱਖ ਤੋਂ ਵੱਧ ਲੋਕਾਂ ਨੇ ਵੈੱਬਸਾਈਟ 'ਤੇ ਇਸ ਦੀ ਮੈਂਬਰਸ਼ਿਪ ਲਈ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਹੈ।

ਜਸਟਿਸ ਸੂਰਿਆਕਾਂਤ

ਸੀਜੇਪੀ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ?

ਕਾਕਰੋਚ ਜਨਤਾ ਪਾਰਟੀ ਦੀ ਵੈੱਬਸਾਈਟ 'ਤੇ ਇਸ ਦੇ ਸੰਸਥਾਪਕ ਅਤੇ ਕਨਵੀਨਰ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਨਾਮ ਅਭਿਜੀਤ ਦੀਪਕੇ ਦੱਸਿਆ ਗਿਆ ਹੈ।

ਅਭਿਜੀਤ ਦੀਪਕੇ ਨਾਲ ਬੀਬੀਸੀ ਨਿਊਜ਼ ਮਰਾਠੀ ਨੇ ਵਿਸਥਾਰ ਨਾਲ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਕਿਉਂ ਸ਼ੁਰੂ ਕੀਤੀ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਵਿਚਾਰ ਕਿੱਥੋਂ ਆਇਆ, ਤਾਂ ਅਭਿਜੀਤ ਦੀਪਕੇ ਨੇ ਕਿਹਾ, "ਮੈਂ ਟਵਿੱਟਰ (ਹੁਣ ਐਕਸ) 'ਤੇ ਸੀਜੇਆਈ (ਭਾਰਤ ਦੇ ਚੀਫ ਜਸਟਿਸ) ਦਾ ਬਿਆਨ ਦੇਖ ਰਿਹਾ ਸੀ, ਜਿੱਥੇ ਉਹ ਪ੍ਰਣਾਲੀ ਦੀ ਆਲੋਚਨਾ ਕਰਨ ਅਤੇ ਆਪਣੀ ਰਾਇ ਦੇਣ ਵਾਲੇ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਰ ਰਹੇ ਸਨ।"

"ਮੈਨੂੰ ਇਹ ਬਹੁਤ ਵਿਅੰਗਾਤਮਕ ਲੱਗਿਆ ਕਿਉਂਕਿ ਸੀਜੇਆਈ ਨੂੰ ਦੇਸ਼ ਦੇ ਸੰਵਿਧਾਨ ਦਾ ਰੱਖਿਅਕ ਮੰਨਿਆ ਜਾਂਦਾ ਹੈ। ਉਹੀ ਸੰਵਿਧਾਨ ਜੋ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਹੁਣ ਅਜਿਹਾ ਵਿਅਕਤੀ, ਜਿਸ ਦਾ ਕੰਮ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨਾ ਹੈ, ਉਹ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਿਵੇਂ ਕਰ ਸਕਦਾ ਹੈ?"

"ਇਸ ਗੱਲ ਨੇ ਮੈਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਅਤੇ ਮੈਂ ਟਵਿੱਟਰ 'ਤੇ ਆਪਣੀ ਰਾਇ ਦਿੱਤੀ। ਮੈਂ ਪੁੱਛਿਆ ਕਿ ਜੇ ਸਾਰੇ ਕਾਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ। ਮੈਨੂੰ ਜੈਨ ਜ਼ੀ ਅਤੇ 25 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਕਮਾਲ ਦੇ ਜਵਾਬ ਮਿਲੇ। ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਆ ਕੇ ਇੱਕ ਮੰਚ ਬਣਾਉਣਾ ਚਾਹੀਦਾ ਹੈ।"

"ਇੱਥੋਂ ਮੈਨੂੰ ਇਹ ਵਿਚਾਰ ਆਇਆ ਕਿ ਸਾਨੂੰ ਆਨਲਾਈਨ ਇੱਕ ਪੈਰੋਡੀ ਪਾਰਟੀ ਬਣਾਉਣੀ ਚਾਹੀਦੀ ਹੈ, ਜਿਸ ਦਾ ਨਾਮ 'ਕਾਕਰੋਚ ਜਨਤਾ ਪਾਰਟੀ' ਹੋਵੇ। ਜੇ ਤੁਸੀਂ ਸਾਨੂੰ ਕਾਕਰੋਚ ਕਹਿ ਰਹੇ ਹੋ ਤਾਂ ਠੀਕ ਹੈ, ਅਸੀਂ ਕਾਕਰੋਚ ਜਨਤਾ ਪਾਰਟੀ ਹੀ ਬਣਾਉਂਦੇ ਹਾਂ। ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਕੁਝ ਯੋਗਤਾਵਾਂ ਰੱਖੀਆਂ, ਜਿਵੇਂ ਕਿ ਤੁਹਾਨੂੰ ਆਲਸੀ ਹੋਣਾ ਚਾਹੀਦਾ ਹੈ, ਜਿਵੇਂ ਸੀਜੇਆਈ ਨੇ ਕਿਹਾ, ਤੁਸੀਂ ਬੇਰੁਜ਼ਗਾਰ ਹੋਣੇ ਚਾਹੀਦੇ ਹੈ ਅਤੇ ਹਮੇਸ਼ਾ ਆਨਲਾਈਨ ਰਹਿਣ ਵਾਲੇ ਹੋਣੇ ਚਾਹੀਦੇ ਹੋ।"

"ਉਨ੍ਹਾਂ (ਸੀਜੇਆਈ) ਨੇ ਨੌਜਵਾਨਾਂ ਦੀ ਬੇਇਜ਼ਤੀ ਲਈ ਜਿਹੜੇ ਵੀ ਸ਼ਬਦ ਵਰਤੇ, ਅਸੀਂ ਉਹਨਾਂ ਨੂੰ ਹੀ ਇਸ ਪਾਰਟੀ ਦੀ ਮੈਂਬਰਸ਼ਿਪ ਦੀ ਯੋਗਤਾ ਬਣਾ ਦਿੱਤਾ। ਕੁਝ ਹੀ ਘੰਟਿਆਂ ਵਿੱਚ ਇਸ ਨੇ ਚਮਤਕਾਰ ਕਰ ਦਿੱਤਾ ਅਤੇ ਹਰ ਕੋਈ ਇਸ 'ਤੇ ਪ੍ਰਤੀਕਿਰਿਆ ਦੇਣ ਅਤੇ ਰਜਿਸਟਰ ਕਰਨ ਲੱਗ ਪਿਆ।"

"ਇਸ ਤੋਂ ਬਾਅਦ ਸਾਨੂੰ ਲੱਗਣ ਲੱਗਾ ਕਿ ਇਹ ਵੱਡਾ ਰੂਪ ਲੈ ਸਕਦਾ ਹੈ ਅਤੇ ਇਹ ਸਿਰਫ਼ ਮਜ਼ਾਕ ਨਹੀਂ ਰਹਿ ਗਿਆ। ਲੋਕ ਪਹਿਲਾਂ ਹੀ ਨਿਰਾਸ਼ ਸਨ, ਇਸ ਲਈ ਅਸੀਂ ਇੱਕ ਵੈੱਬਸਾਈਟ ਬਣਾਈ ਅਤੇ ਪਾਰਟੀ ਦਾ ਐਲਾਨ ਪੱਤਰ ਤਿਆਰ ਕੀਤਾ।"

"ਇੰਸਟਾਗ੍ਰਾਮ 'ਤੇ ਸਾਡੇ ਦੋ ਮਿਲੀਅਨ ਫਾਲੋਅਰ ਹੋ ਗਏ ਸਨ (ਹੁਣ ਚਾਰ ਮਿਲੀਅਨ ਤੋਂ ਵੱਧ) ਅਤੇ ਦੋ ਲੱਖ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਕਾਕਰੋਚ ਜਨਤਾ ਪਾਰਟੀ ਦੇ ਮੈਂਬਰ ਵਜੋਂ ਰਜਿਸਟਰ ਕੀਤਾ ਹੈ। ਭਾਰਤੀ ਰਾਜਨੀਤੀ ਵਿੱਚ ਕਾਫ਼ੀ ਸਮੇਂ ਬਾਅਦ ਇਹ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਹੈ।"

ਅਭਿਜੀਤ ਦੀਪਕੇ
ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ ਨੇ ਬੀਬੀਸੀ ਨਿਊਜ਼ ਮਰਾਠੀ ਨਾਲ ਵਿਸਥਾਰ ਵਿੱਚ ਗੱਲ ਕੀਤੀ ਹੈ

ਇੰਨੀ ਕਾਮਯਾਬੀ ਦੇ ਪਿੱਛੇ ਕੀ ਕਾਰਨ ਹੈ?

ਕਈ ਮਸ਼ਹੂਰ ਹਸਤੀਆਂ ਨੇ ਵੀ ਅਭਿਜੀਤ ਦੀਪਕੇ ਦੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।

ਇਸ ਬਾਰੇ ਅਭਿਜੀਤ ਕਹਿੰਦੇ ਹਨ, "ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਕਿਹਾ ਕਿ ਉਹ ਇਸ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਇਸ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਅਤੇ ਅੱਜ ਇਹ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਨਾਲ ਹੀ ਇਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।"

ਜਦੋਂ ਡਿਜੀਟਲ ਮਾਰਕੀਟਿੰਗ ਨਾਲ ਜੁੜੇ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਡਿਜੀਟਲ ਮੀਡੀਆ ਵਿੱਚ ਇੱਕ ਵੱਡੇ ਖਲਲ ਵਾਂਗ ਹੈ।

ਸੋਸ਼ਲ ਮੀਡੀਆ 'ਤੇ 40 ਲੱਖ ਤੋਂ ਵੱਧ ਫਾਲੋਅਰ ਹੋਣ ਦੇ ਪਿੱਛੇ ਕੀ ਕਾਰਨ ਹੈ?

ਇਸ ਸਵਾਲ ਦੇ ਜਵਾਬ ਵਿੱਚ ਅਭਿਜੀਤ ਕਹਿੰਦੇ ਹਨ, "ਮੈਂ ਇਹ ਨਹੀਂ ਕਹਾਂਗਾ ਕਿ ਇਹ ਸਭ ਮੈਂ ਹਾਸਲ ਕੀਤਾ ਹੈ। ਇਹ ਸਭ ਲੋਕਾਂ ਦੇ ਇਕੱਠੇ ਆਉਣ ਨਾਲ ਹੋਇਆ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਹੜੀ ਗੱਲ ਉਨ੍ਹਾਂ ਨੂੰ ਇਕੱਠਾ ਲੈ ਕੇ ਆਈ ਹੈ।"

"ਜੇ ਅੱਜ ਕੋਈ ਡਿਜ਼ਿਟਲ ਏਜੰਸੀ ਜਾਂ ਕੋਈ ਰਾਜਨੀਤਿਕ ਪਾਰਟੀ ਇਸ ਤਰ੍ਹਾਂ ਦੀ ਚੀਜ਼ ਕਰਦੀ, ਤਾਂ ਵੀ ਉਸਨੂੰ ਇੰਨੀ ਤੇਜ਼ੀ ਨਾਲ ਇਹ ਕਾਮਯਾਬੀ ਨਾ ਮਿਲਦੀ। ਚਾਹੇ ਉਹ ਕਿੰਨਾ ਵੀ ਪੈਸਾ ਖਰਚ ਕਰਦੇ, ਕਰੋੜਾਂ ਰੁਪਏ ਖਰਚ ਕੇ ਵੀ ਅਜਿਹੀ ਪ੍ਰਤੀਕਿਰਿਆ ਨਹੀਂ ਮਿਲ ਸਕਦੀ ਸੀ।"

"ਨੌਜਵਾਨਾਂ ਦੇ ਅੰਦਰ ਕਈ ਸਾਲਾਂ ਤੋਂ ਪਲ ਰਹੀ ਨਿਰਾਸ਼ਾ ਅਤੇ ਗੁੱਸਾ ਹੀ ਇਸ ਵੱਡੀ ਪ੍ਰਤੀਕਿਰਿਆ ਦਾ ਕਾਰਨ ਹੈ। ਸਰਕਾਰ ਦੀਆਂ ਨਾਕਾਮੀਆਂ ਕਰਕੇ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਇੱਕ ਅਜਿਹਾ ਮੰਚ ਮਿਲਿਆ ਜਿੱਥੇ ਉਹ ਆਪਣੀ ਨਿਰਾਸ਼ਾ ਅਤੇ ਗੁੱਸਾ ਬਿਆਨ ਕਰ ਸਕਦੇ ਹਨ।"

ਸੀਜੇਪੀ

ਤਸਵੀਰ ਸਰੋਤ, CJP

ਤਸਵੀਰ ਕੈਪਸ਼ਨ, ਸੀਜੇਪੀ ਦੇ ਸੋਸ਼ਲ ਮੀਡੀਆ ਪਲੇਟਫਾਰਮ, ਇੰਸਟਾਗ੍ਰਾਮ ਦੇ ਇਸ ਸਮੇਂ ਚਾਰ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ

ਅਭਿਜੀਤ ਦੀਪਕੇ ਕੌਣ ਹਨ?

ਕਿਸੇ ਵੀ ਰਾਜਨੀਤਕ ਪਾਰਟੀ ਜਾਂ ਅੰਦੋਲਨ ਲਈ ਇੱਕ ਆਗੂ ਬਹੁਤ ਮਹੱਤਵਪੂਰਨ ਹੁੰਦਾ ਹੈ। ਆਖਿਰ ਅਭਿਜੀਤ ਦੀਪਕੇ ਕੌਣ ਹਨ?

ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਮੈਂ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀ ਨਗਰ ਤੋਂ ਹਾਂ। ਗ੍ਰੈਜੂਏਸ਼ਨ ਲਈ ਮੈਂ ਪੁਣੇ ਗਿਆ। ਇਸ ਤੋਂ ਬਾਅਦ ਮੈਨੂੰ ਕੁਝ ਸਾਲਾਂ ਲਈ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ਉਨ੍ਹਾਂ ਦੀ ਕਮਿਊਨੀਕੇਸ਼ਨ ਟੀਮ ਵਿੱਚ ਸੀ।"

"ਮੈਂ ਉਨ੍ਹਾਂ ਦੇ ਸਿਹਤ ਅਤੇ ਸਿੱਖਿਆ 'ਤੇ ਕੀਤੇ ਕੰਮ ਤੋਂ ਪ੍ਰਭਾਵਿਤ ਸੀ। ਇਹ ਕੁਝ ਨਵਾਂ ਸੀ, ਜੋ ਪਹਿਲੀ ਵਾਰ ਭਾਰਤੀ ਰਾਜਨੀਤੀ ਵਿੱਚ ਹੋ ਰਿਹਾ ਸੀ। ਜਿਵੇਂ ਅੱਜ ਕਾਕਰੋਚ ਜਨਤਾ ਪਾਰਟੀ ਨਵੀਂ ਹੈ, ਉਸੇ ਤਰ੍ਹਾਂ ਮੈਨੂੰ ਲੱਗਿਆ ਕਿ ਉਹ ਵੀ ਕੋਈ ਨਵਾਂ ਬਦਲਾਅ ਲਿਆਉਣ ਵਾਲੇ ਹਨ।"

"ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਾਈ ਕਰਨ ਦੀ ਲੋੜ ਹੈ ਅਤੇ ਮੈਂ ਘਰ 'ਤੇ ਮਾਸਟਰਜ਼ ਦੀ ਤਿਆਰੀ ਕਰਨ ਲੱਗ ਪਿਆ। ਮੈਨੂੰ ਬੋਸਟਨ ਯੂਨੀਵਰਸਿਟੀ ਤੋਂ ਬੁਲਾਵਾ ਆਇਆ। ਮੈਂ ਪਿਛਲੇ ਦੋ ਸਾਲਾਂ ਤੋਂ ਇੱਥੇ ਹਾਂ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।"

ਕਾਕਰੋਚ ਜਨਤਾ ਪਾਰਟੀ ਦਾ ਐਲਾਨ ਪੱਤਰ ਕਾਫ਼ੀ ਧਿਆਨ ਖਿੱਚ ਰਿਹਾ ਹੈ।

ਇਸ ਬਾਰੇ ਅਭਿਜੀਤ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਐਲਾਨ ਪੱਤਰ ਇਸ ਵੇਲੇ ਭਾਰਤ ਦੇ ਲੋਕਤੰਤਰ ਅਤੇ ਮੌਜੂਦਾ ਰਾਜਨੀਤਕ ਹਾਲਾਤ ਬਾਰੇ ਬਹੁਤ ਕੁਝ ਦੱਸਦਾ ਹੈ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਹ ਜੱਜ, ਜਿਨ੍ਹਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ, ਉਹ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਤੋਂ ਲਾਭ ਲੈ ਰਹੇ ਹਨ।"

"ਇਹ ਬਹੁਤ ਖ਼ਤਰਨਾਕ ਹੈ ਕਿਉਂਕਿ ਨਿਆਂਪਾਲਿਕਾ ਦਾ ਸੁਤੰਤਰ ਰਹਿਣਾ ਬਹੁਤ ਜ਼ਰੂਰੀ ਹੈ। ਜੇ ਨਿਆਂਪਾਲਿਕਾ ਵੀ ਸਰਕਾਰ ਦੇ ਰਾਹ 'ਤੇ ਚੱਲਣ ਲੱਗੇਗੀ ਤਾਂ ਫਿਰ ਕੀ ਬਚੇਗਾ? ਫਿਰ ਲੋਕਤੰਤਰ ਨੂੰ ਕੌਣ ਬਚਾਏਗਾ?"

"ਦੂਜੀ ਗੱਲ ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਹੈ। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿ ਔਰਤਾਂ ਨੂੰ 33 ਫ਼ੀਸਦੀ ਰਾਖਵਾਂ ਮਿਲੇਗਾ, ਪਰ ਅੱਜ ਤੱਕ ਇਹ ਨਹੀਂ ਹੋਇਆ। ਜੇ ਔਰਤਾਂ ਨੂੰ ਰਾਖਵਾਂ ਦੇਣਾ ਹੀ ਹੈ ਤਾਂ ਉਨ੍ਹਾਂ ਨੂੰ 50 ਫ਼ੀਸਦੀ ਰਾਖਵਾਂ ਦਿਓ।"

ਅਭਿਜੀਤ ਦੀਪਕੇ

ਤਸਵੀਰ ਸਰੋਤ, @abhijeet_dipke

ਤਸਵੀਰ ਕੈਪਸ਼ਨ, ਅਭਿਜੀਤ ਦੀਪਕੇ ਬੋਸਟਨ ਵਿੱਚ ਰਹਿੰਦਾ ਹੈ

ਭਾਰਤ ਦਾ ਜੈਨ ਜ਼ੀ ਕਿਹੋ ਜਿਹਾ ਹੈ?

ਨੇਪਾਲ ਅਤੇ ਸ਼੍ਰੀਲੰਕਾ ਵਿੱਚ ਜੈਨ ਜ਼ੀ ਅੰਦੋਲਨ ਦੇਖੇ ਗਏ ਹਨ। ਨੇਪਾਲ ਵਿੱਚ ਤਾਂ ਅੰਦੋਲਨ ਤੋਂ ਬਾਅਦ ਸਰਕਾਰ ਨੂੰ ਅਸਤੀਫ਼ਾ ਤੱਕ ਦੇਣਾ ਪਿਆ।

ਸ਼੍ਰੀਲੰਕਾ-ਨੇਪਾਲ ਦੇ ਜੈਨ ਜ਼ੀ ਦੀ ਤੁਲਨਾ ਭਾਰਤ ਦੇ ਜੈਨ ਜ਼ੀ ਨਾਲ ਕਰਨ ਬਾਰੇ ਅਭਿਜੀਤ ਕੀ ਸੋਚਦੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਭਾਰਤ ਦੇ ਜੈਨ ਜ਼ੀ ਦੀ ਤੁਲਨਾ ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ਦੇ ਜੈਨ ਜ਼ੀ ਨਾਲ ਕਰਨਾ 'ਇੱਕ ਵੱਡੀ ਬੇਇਜ਼ਤੀ' ਹੋਵੇਗੀ ਕਿਉਂਕਿ ਉਹ (ਭਾਰਤੀ ਜੈਨ ਜ਼ੀ) ਹਿੰਸਾ ਨਹੀਂ ਭੜਕਾ ਰਹੇ ਹਨ।

ਅਭਿਜੀਤ ਕਹਿੰਦੇ ਹਨ, "ਭਾਰਤੀ ਜੈਨ ਜ਼ੀ ਵਿਅੰਗ ਦੇ ਜ਼ਰੀਏ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਕਾਕਰੋਚ ਦਾ ਕਾਸਟਿਊਮ ਪਾ ਕੇ ਉਹ ਯਮੁਨਾ ਨੂੰ ਸਾਫ਼ ਕਰ ਰਹੇ ਹਨ, ਕੂੜਾ ਹਟਾ ਰਹੇ ਹਨ। ਉਹ ਇਸ ਦੇ ਜ਼ਰੀਏ ਸਿਸਟਮ ਦੀ ਖਿੱਲੀ ਉਡਾ ਰਹੇ ਹਨ।"

"ਉਹ ਸੜਕਾਂ 'ਤੇ ਜਾ ਕੇ ਹਿੰਸਾ ਨਹੀਂ ਭੜਕਾ ਰਹੇ ਹਨ ਅਤੇ ਜੇ ਕੱਲ੍ਹ ਨੂੰ ਉਹ ਸੜਕਾਂ 'ਤੇ ਜਾਂਦੇ ਵੀ ਹਨ ਤਾਂ ਉਹ ਲੋਕਤੰਤਰਕ ਅਤੇ ਸ਼ਾਂਤਮਈ ਤਰੀਕੇ ਨਾਲ ਇਹ ਕਰਨਗੇ। ਇਹ ਜੈਨ ਜ਼ੀ ਅਬਾਦੀ ਸਾਡੇ ਕੇਂਦਰੀ ਮੰਤਰੀਮੰਡਲ ਨਾਲੋਂ ਵੱਧ ਪੜ੍ਹੀ-ਲਿਖੀ ਹੈ। ਸਾਨੂੰ ਸਵਾਲ ਇਹ ਕਰਨਾ ਚਾਹੀਦਾ ਹੈ ਕਿ ਸਾਡੇ 'ਤੇ ਅਣਪੜ੍ਹ ਲੋਕ ਰਾਜ ਕਿਉਂ ਕਰ ਰਹੇ ਹਨ।"

ਕਾਕਰੋਚ ਜਨਤਾ ਪਾਰਟੀ ਦਾ ਭਵਿੱਖ ਕੀ ਹੋਵੇਗਾ? ਕੀ ਇਹ ਸਿਰਫ਼ ਇੱਕ ਵਿਅੰਗਾਤਮਕ ਸੋਸ਼ਲ ਮੀਡੀਆ ਅਭਿਆਨ ਬਣ ਕੇ ਰਹਿ ਜਾਵੇਗੀ? ਇਸ ਬਾਰੇ ਅਭਿਜੀਤ ਕਹਿੰਦੇ ਹਨ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ, ਕੱਲ੍ਹ ਹੋਰ ਨੌਜਵਾਨ ਸੰਗਠਨ ਅੱਗੇ ਆਉਣਗੇ।

ਉਹ ਕਹਿੰਦੇ ਹਨ, "ਨੌਜਵਾਨ ਮੌਜੂਦਾ ਰਾਜਨੀਤਕ ਵਿਵਸਥਾ ਤੋਂ ਤੰਗ ਆ ਚੁੱਕਾ ਹੈ। ਅਗਲੇ ਕੁਝ ਸਾਲਾਂ ਵਿੱਚ ਤੁਸੀਂ ਦੇਖੋਗੇ ਕਿ ਨੌਜਵਾਨ ਬਦਲਾਅ ਦੀ ਮੰਗ ਕਰੇਗਾ ਕਿਉਂਕਿ ਪਿਛਲੇ 10-12 ਸਾਲਾਂ ਵਿੱਚ ਨੌਜਵਾਨ ਨੇ 'ਹਿੰਦੂ-ਮੁਸਲਿਮ' ਉਪਦੇਸ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਿਆ ਹੈ।"

"ਨੌਜਵਾਨ ਇਸ ਰਾਜਨੀਤਕ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ ਜਿੱਥੇ ਅਸੀਂ ਤਕਨੀਕੀ ਤੌਰ 'ਤੇ ਅੱਗੇ ਵਧੇ ਹੋਈਏ, ਜਿੱਥੇ ਰੋਜ਼ਗਾਰ ਮਿਲੇ। ਅੱਗੇ ਵਧਦਿਆਂ ਅਸੀਂ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਨਾਲ ਤੁਲਨਾ ਕਰੀਏ। ਅਸੀਂ ਕਿੰਨਾ ਸਮਾਂ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਤੁਲਨਾ ਕਰਦੇ ਰਹਾਂਗੇ। ਭਾਰਤੀ ਜੈਨ ਜ਼ੀ ਇਹ ਚਾਹੁੰਦਾ ਹੈ ਅਤੇ ਉਹ ਆਪਣੇ ਨਾਲ ਕਾਕਰੋਚਾਂ ਵਾਂਗ ਵਿਵਹਾਰ ਨਹੀਂ ਚਾਹੁੰਦਾ ਹੈ।"

ਅਭਿਜੀਤ ਕੀ ਅਮਰੀਕਾ ਤੋਂ ਵਾਪਸ ਭਾਰਤ ਆਉਣਗੇ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਉਹ ਜ਼ਰੂਰ ਭਾਰਤ ਵਾਪਸ ਆਉਣਗੇ।

ਉਨ੍ਹਾਂ ਕਿਹਾ, "ਮੈਂ ਪਿਛਲੇ ਹਫ਼ਤੇ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਮੈਂ ਵਾਪਸ ਆ ਕੇ ਇਸ ਨੂੰ ਅੱਗੇ ਵਧਾਊਂਗਾ ਕਿਉਂਕਿ ਲੋਕ ਸਾਡੇ ਨਾਲ ਜੁੜ ਰਹੇ ਹਨ। ਅਤੇ ਉਹ ਚੰਗੇ ਲਈ ਬਦਲਾਅ ਚਾਹੁੰਦੇ ਹਨ। ਸਾਡੀ ਸਥਾਪਨਾ ਦੇ ਚੌਥੇ ਦਿਨ ਹੀ ਰਜਿਸਟਰਡ ਮੈਂਬਰਾਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੋ ਚੁੱਕੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਜੈਨ ਜ਼ੀ ਚਾਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਰਾਜਨੀਤਕ ਮੋਰਚਾ ਹੋਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)