ਪੰਜ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ, ਪੱਛਮੀ ਬੰਗਾਲ ਵਿੱਚ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਟੀਐਮਸੀ ਤੋਂ ਅੱਗੇ, ਜਾਣੋ ਕਿੱਥੇ ਕਿਸਦਾ ਪੱਲੜਾ ਪਵੇਗਾ ਭਾਰੀ

ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 7 ਮਿੰਟ

ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਸਵੇਰੇ 8:00 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਪੱਛਮੀ ਬੰਗਾਲ ਵਿੱਚ, ਸ਼ੁਰੂਆਤੀ ਰੁਝਾਨਾਂ 'ਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੋਂ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ।

ਡੇਟਾਨੇਟ ਦੇ ਅਨੁਸਾਰ, ਟੀਐਮਸੀ 127 ਸੀਟਾਂ 'ਤੇ ਅੱਗੇ ਹੈ, ਜਦਕਿ ਭਾਜਪਾ 147 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

ਇਸਦੇ ਨਾਲ ਹੀ ਅਸਾਮ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਕਾਂਗਰਸ ਤੋਂ ਕਾਫ਼ੀ ਅੱਗੇ ਹੈ। ਰੁਝਾਨਾਂ ਦੇ ਅਨੁਸਾਰ, ਭਾਜਪਾ 66 ਸੀਟਾਂ 'ਤੇ ਅੱਗੇ ਹੈ ਅਤੇ ਕਾਂਗਰਸ 20 ਸੀਟਾਂ 'ਤੇ।

ਤਾਮਿਲਨਾਡੂ ਵਿੱਚ, ਮੁੱਖ ਮੰਤਰੀ ਐਮਕੇ ਸਟਾਲਿਨ ਦੀ ਡੀਐਮਕੇ 87 ਸੀਟਾਂ 'ਤੇ ਅੱਗੇ ਹੈ, ਜਦਕਿ ਵਿਰੋਧੀ ਏਆਈਏਡੀਐਮਕੇ 37 ਸੀਟਾਂ 'ਤੇ ਅੱਗੇ ਹੈ। ਅਦਾਕਾਰ ਵਿਜੇ ਦੀ ਪਾਰਟੀ, ਟੀਵੀਕੇ 21 ਸੀਟਾਂ 'ਤੇ ਅੱਗੇ ਹੈ।

ਕੇਰਲ ਵਿੱਚ, ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) 50 ਸੀਟਾਂ 'ਤੇ ਅੱਗੇ ਹੈ ਅਤੇ ਸੱਤਾਧਾਰੀ ਲੇਫਟ ਡੈਮੋਕ੍ਰੇਟਿਕ ਫਰੰਟ 39 ਸੀਟਾਂ 'ਤੇ ਅੱਗੇ ਹੈ।

ਪੰਜ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ

ਤਸਵੀਰ ਸਰੋਤ, Samir Jana/Hindustan Times via Getty Images

ਗਿਣਤੀ ਦੀ ਸ਼ੁਰੂਆਤ ਡਾਕ ਵੋਟਾਂ ਦੀ ਗਿਣਤੀ ਨਾਲ ਕੀਤੀ ਗਈ। ਫਿਰ ਸਵੇਰੇ 8:30 ਵਜੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਗਿਣਤੀ ਸ਼ੁਰੂ ਹੋਈ।

ਪੱਛਮੀ ਬੰਗਾਲ ਵਿੱਚ 293, ਤਾਮਿਲਨਾਡੂ ਵਿੱਚ 234, ਕੇਰਲ ਵਿੱਚ 140, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਨਤੀਜੇ ਐਲਾਨੇ ਜਾਣਗੇ।

ਪੱਛਮੀ ਬੰਗਾਲ ਵਿੱਚ 294 ਸੀਟਾਂ ਲਈ ਵੋਟਿੰਗ 23 ਅਤੇ 29 ਅਪ੍ਰੈਲ ਨੂੰ ਹੋਈ ਸੀ ਪਰ ਫਾਲਟਾ ਸੀਟ ਲਈ ਦੁਬਾਰਾ ਵੋਟਿੰਗ 21 ਮਈ ਨੂੰ ਹੋਣੀ ਹੈ।

ਨਤੀਜੇ ਵਜੋਂ, ਅੱਜ ਪੱਛਮੀ ਬੰਗਾਲ ਵਿੱਚ 293 ਸੀਟਾਂ ਦੇ ਨਤੀਜੇ ਐਲਾਨੇ ਜਾਣਗੇ।

ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ

ਤਸਵੀਰ ਸਰੋਤ, EPA

ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਪਿਛਲੇ ਮਹੀਨੇ ਹੋਈਆਂ ਹਨ।

ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਇੱਕ ਹੀ ਪੜਾਅ ਵਿੱਚ 9 ਅਪ੍ਰੈਲ ਨੂੰ ਮਤਦਾਨ ਹੋਇਆ ਸੀ। ਤਮਿਲਨਾਡੂ ਵਿੱਚ ਵੀ ਇੱਕ ਹੀ ਪੜਾਅ ਵਿੱਚ 23 ਅਪ੍ਰੈਲ ਨੂੰ ਮਤਦਾਨ ਹੋਇਆ ਸੀ।

ਜਦਕਿ ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ 23 ਅਤੇ 29 ਅਪ੍ਰੈਲ ਨੂੰ ਵੋਟਾਂ ਪਈਆਂ ਸਨ।

ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਹਨ ਕਿਉਂਕਿ ਇਸ ਸੂਬੇ ਵਿੱਚ ਕਈ ਐਗਜ਼ਿਟ ਪੋਲਾਂ ਨੇ ਸੱਤਾਧਾਰੀ ਟੀਐਮਸੀ ਅਤੇ ਭਾਜਪਾ ਦੇ ਵਿਚਕਾਰ ਸਿਰੇ ਦੀ ਟੱਕਰ ਦਾ ਅਨੁਮਾਨ ਲਗਾਇਆ ਹੈ।

ਜਦਕਿ ਅਸਾਮ ਅਤੇ ਪੁਡੂਚੇਰੀ ਨੂੰ ਲੈ ਕੇ ਆਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਦੀ ਸੱਤਾ ਵਿੱਚ ਵਾਪਸੀ ਦਾ ਅਨੁਮਾਨ ਲਗਾਇਆ ਗਿਆ ਹੈ।

ਜੇਕਰ ਕੇਰਲ ਅਤੇ ਤਮਿਲਨਾਡੂ ਦੀ ਗੱਲ ਕਰੀਏ ਤਾਂ ਇੱਥੇ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਯੂਡੀਐਫ਼ ਅਤੇ ਡੀਐਮਕੇ ਦੀ ਸਰਕਾਰ ਬਣਨ ਦਾ ਅਨੁਮਾਨ ਲਗਾਇਆ ਗਿਆ ਹੈ।

ਪੱਛਮੀ ਬੰਗਾਲ 'ਚ ਵੋਟਾਂ ਦੀ ਗਿਣਤੀ ਦੌਰਾਨ ਕੀ ਬੋਲੇ ਭਾਜਪਾ ਦੇ ਸੂਬਾ ਪ੍ਰਧਾਨ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ

ਤਸਵੀਰ ਸਰੋਤ, Samir Jana/Hindustan Times via Getty Images

ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿੱਤ ਦਾ ਪੂਰਾ ਭਰੋਸਾ ਹੈ।

ਕੋਲਕਾਤਾ ਵਿੱਚ ਵੋਟਾਂ ਦੀ ਗਿਣਤੀ ਵਾਲੇ ਇੱਕ ਕੇਂਦਰ ਦੇ ਬਾਹਰ ਬੋਲਦੇ ਹੋਏ ਸਮਿਕ ਭੱਟਾਚਾਰੀਆ ਨੇ ਕਿਹਾ, "ਸੂਬੇ ਦੇ ਲੋਕਾਂ ਨੇ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਨਕਾਰ ਦਿੱਤਾ ਹੈ।"

ਉਨ੍ਹਾਂ ਅੱਗੇ ਕਿਹਾ, "ਕੁਝ ਘੰਟਿਆਂ ਵਿੱਚ ਸੀਟਾਂ ਦੀ ਭਾਰੀ ਬਹੁਮਤ ਦੇ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਮਮਤਾ ਬੈਨਰਜੀ ਅਤੇ ਜਨਤਾ ਦੀ ਲੜਾਈ ਵਿੱਚ, ਜਨਤਾ ਨੇ ਮਮਤਾ ਬੈਨਰਜੀ ਨੂੰ ਨਕਾਰ ਦਿੱਤਾ ਹੈ।"

ਪੱਛਮੀ ਬੰਗਾਲ ਵਿੱਚ 293 ਸੀਟਾਂ ਲਈ ਸ਼ੁਰੂਆਤੀ ਰੁਝਾਨ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਚੰਗੇ ਮੁਕਾਬਲੇ ਦਾ ਸੰਕੇਤ ਦੇ ਰਹੇ ਹਨ।

ਤ੍ਰਿਣਮੂਲ ਕਾਂਗਰਸ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਵਾਪਸੀ ਲਈ ਕੋਸ਼ਿਸ਼ ਕਰ ਹੈ, ਜਦਕਿ ਭਾਜਪਾ ਪਹਿਲੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਦੀ ਉਮੀਦ ਕਰ ਰਹੀ ਹੈ।

ਪੱਛਮੀ ਬੰਗਾਲ 'ਤੇ ਸਭ ਦੀਆਂ ਨਜ਼ਰਾਂ

ਅੱਜ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ

ਤਸਵੀਰ ਸਰੋਤ, ANI/Getty Images

ਤਸਵੀਰ ਕੈਪਸ਼ਨ, ਅੱਜ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ

ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਵਿੱਚੋਂ 293 ਸੀਟਾਂ ਦੇ ਨਤੀਜੇ ਅੱਜ ਆ ਜਾਣਗੇ ਕਿਉਂਕਿ ਫਾਲਟਾ ਸੀਟ 'ਤੇ ਚੋਣ ਕਮਿਸ਼ਨ ਨੇ ਦੁਬਾਰਾ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ।

ਫਾਲਟਾ ਵਿਧਾਨ ਸਭਾ ਸੀਟ ਦੇ 285 ਮਤਦਾਨ ਕੇਂਦਰਾਂ 'ਤੇ 21 ਮਈ ਨੂੰ ਵੋਟਿੰਗ ਹੋਵੇਗੀ ਜਦਕਿ ਇਸਦੇ ਨਤੀਜੇ 24 ਮਈ ਨੂੰ ਆਉਣਗੇ।

ਇਸੇ ਤਰ੍ਹਾਂ, ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਦੋ ਸੀਟਾਂ (ਮਗਰਾਹਟ ਪੱਛਮ ਅਤੇ ਡਾਇਮੰਡ ਹਾਰਬਰ) ਦੇ 15 ਬੂਥਾਂ 'ਤੇ ਵੀ ਲੰਘੇ ਸ਼ਨੀਵਾਰ ਭਾਵ 2 ਮਈ ਨੂੰ ਦੁਬਾਰਾ ਮਤਦਾਨ ਹੋਇਆ ਸੀ।

ਪੱਛਮੀ ਬੰਗਾਲ ਵਿੱਚ ਬਹੁਮਤ ਦਾ ਅੰਕੜਾ 148 ਸੀਟਾਂ ਹੈ। ਸੂਬੇ ਦੀ ਸੱਤਾ 'ਤੇ ਟੀਐਮਸੀ ਪਿਛਲੇ 15 ਸਾਲਾਂ ਤੋਂ ਕਾਬਜ਼ ਹੈ। ਭਾਜਪਾ ਨੂੰ ਉਮੀਦ ਹੈ ਕਿ ਇਸ ਵਾਰ ਉਹ ਟੀਐਮਸੀ ਨੂੰ ਸੱਤਾ ਤੋਂ ਹਟਾ ਦੇਵੇਗੀ।

ਹਾਲਾਂਕਿ, ਪੱਛਮੀ ਬੰਗਾਲ ਨੂੰ ਲੈਕੇ ਆਏ ਵੱਖ-ਵੱਖ ਐਗਜ਼ਿਟ ਪੋਲ ਵੱਖ-ਵੱਖ ਕਹਾਣੀਆਂ ਬਿਆਨ ਕਰ ਰਹੇ ਹਨ। ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਦੋਵਾਂ ਦਲਾਂ ਦੇ ਵਿਚਕਾਰ ਸਖਤ ਮੁਕਾਬਲਾ ਦਿਖਾਇਆ ਗਿਆ ਹੈ।

ਇਸ ਵਾਰ ਦਾ ਪੱਛਮੀ ਬੰਗਾਲ ਵਿਧਾਨ ਸਭਾ ਚੋਣ, ਮਤਦਾਤਾ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਕਾਰਨ ਵੀ ਕਾਫ਼ੀ ਚਰਚਾ ਵਿੱਚ ਰਹੀ।

ਪੱਛਮੀ ਬੰਗਾਲ ਦੀ ਵੋਟਰ ਲਿਸਟ ਤੋਂ ਕਰੀਬ 91 ਲੱਖ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਹਨ।

ਇਹ ਗਿਣਤੀ ਸੂਬੇ ਦੇ ਕੁੱਲ ਵੋਟਰਾਂ ਦਾ ਲਗਭਗ 12% ਹੈ, ਜੋ ਪਿਛਲੇ ਸਾਲ ਅਕਤੂਬਰ ਵਿੱਚ ਐਸਆਈਆਰ ਸ਼ੁਰੂ ਹੋਣ ਸਮੇਂ ਕਰੀਬ 7.66 ਕਰੋੜ ਸੀ।

ਪੱਛਮੀ ਬੰਗਾਲ ਦੇ ਮੁੱਖ ਚੋਣ ਕਮਿਸ਼ਨਰ ਮਨੋਜ ਕੁਮਾਰ ਅੱਗਰਵਾਲ ਨੇ ਦੱਸਿਆ ਹੈ ਕਿ ਵੋਟਾਂ ਦੀ ਗਿਣਤੀ ਲਈ 77 ਕੇਂਦਰ ਬਣਾਏ ਗਏ ਹਨ।

ਅਸਾਮ ਵਿੱਚ ਜਿੱਤ ਦੀ ਹੈਟ੍ਰਿਕ ਲਗਾ ਸਕੇਗੀ ਭਾਜਪਾ?

ਕਾਂਗਰਸ ਦੇ ਗੌਰਵ ਗੋਗੋਈ (ਖੱਬੇ) ਅਤੇ ਭਾਜਪਾ ਦੇ ਹਿਮੰਤ ਬਿਸਵਾ ਸਰਮਾ (ਸੱਜੇ)

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਸਾਮ ਚੋਣਾਂ ਵਿੱਚ, ਕਾਂਗਰਸ ਦੇ ਗੌਰਵ ਗੋਗੋਈ (ਖੱਬੇ) ਅਤੇ ਭਾਜਪਾ ਦੇ ਹਿਮੰਤ ਬਿਸਵਾ ਸਰਮਾ (ਸੱਜੇ) ਨੇ ਚੋਣਾਂ ਦੀ ਵਾਗਡੋਰ ਸੰਭਾਲੀ ਹੋਈ ਹੈ

126 ਸੀਟਾਂ ਵਾਲੀ ਅਸਾਮ ਵਿਧਾਨ ਸਭਾ ਵਿੱਚ ਜਿੱਤ ਦਾ ਅੰਕੜਾ 64 ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਲਗਾਤਾਰ ਤੀਜੀ ਵਾਰ ਭਾਜਪਾ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ।

ਉੱਥੇ ਹੀ, ਕਾਂਗਰਸ ਦਾ ਦਾਅਵਾ ਹੈ ਕਿ ਉਹ ਸੂਬੇ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ।

ਹਾਲਾਂਕਿ, ਅਸਾਮ ਦੀਆਂ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

ਕੇਰਲ ਵਿੱਚ ਕੀ ਯੂਡੀਐਫ਼ ਦੀ ਹੋਵੇਗੀ ਵਾਪਸੀ?

140 ਸੀਟਾਂ ਵਾਲੀ ਕੇਰਲ ਵਿਧਾਨ ਸਭਾ ਵਿੱਚ ਲਗਾਤਾਰ 10 ਸਾਲਾਂ ਤੋਂ ਵਾਮ ਮੋਰਚਾ ਸੱਤਾ ਵਿੱਚ ਹੈ।

ਕੇਰਲ ਵਿਧਾਨ ਸਭਾ ਚੋਣਾਂ ਵਿੱਚ ਹੁਣ ਤੱਕ ਜ਼ਿਆਦਾਤਰ ਦੋ-ਤਰਫ਼ਾ ਮੁਕਾਬਲੇ ਵੇਖਣ ਨੂੰ ਮਿਲੇ ਹਨ।

ਐਗਜ਼ਿਟ ਪੋਲਾਂ ਵਿੱਚ ਵੀ ਸੱਤਾਧਾਰੀ ਐਲਡੀਐਫ਼ ਅਤੇ ਵਿਰੋਧੀ ਯੂਡੀਐਫ਼ ਵਿਚਕਾਰ ਮੁਕਾਬਲਾ ਦਿਖਾਇਆ ਗਿਆ ਹੈ ਜਦਕਿ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਯੂਡੀਐਫ਼ ਨੂੰ ਲੀਡ ਮਿਲਣ ਦਾ ਅਨੁਮਾਨ ਹੈ।

ਹਾਲਾਂਕਿ ਚੋਣਾਂ ਤੋਂ ਪਹਿਲਾਂ ਸਿਆਸੀ ਵਿਸ਼ਲੇਸ਼ਕਾਂ ਦਾ ਅਨੁਮਾਨ ਸੀ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਇੱਕ ਮਜ਼ਬੂਤ 'ਤ੍ਰਿਕੋਣੀ ਮੁਕਾਬਲਾ' ਹੋ ਸਕਦਾ ਹੈ।

ਪਿਛਲੇ 10 ਸਾਲਾਂ ਤੋਂ ਕੇਰਲ ਦੀ ਸੱਤਾ ਸੰਭਾਲ ਰਹੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐਮ) ਦੀ ਅਗਵਾਈ ਵਾਲੇ ਵਾਮ ਲੋਕਤੰਤਰਿਕ ਮੋਰਚੇ (ਐਲਡੀਐਫ਼) ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ (ਯੂਡੀਐਫ਼) ਤੋਂ ਇਲਾਵਾ, ਇਸ ਚੋਣ ਵਿੱਚ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐਨਡੀਏ) ਵੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਿਆ ਸੀ।

ਤਮਿਲਨਾਡੂ ਵਿੱਚ ਕੀ ਡੀਐਮਕੇ ਬਰਕਰਾਰ ਰੱਖੇਗੀ ਸਰਕਾਰ?

ਤਮਿਲਨਾਡੂ ਵਿਧਾਨ ਸਭਾ ਚੋਣਾਂ

ਤਸਵੀਰ ਸਰੋਤ, Riya Mariyam R/NurPhoto via Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਤਮਿਲਨਾਡੂ ਵਿੱਚ ਡੀਐਮਕੇ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਹੈ

ਤਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਡੀਐਮਕੇ ਅਤੇ ਏਆਈਏਡੀਐਮਕੇ ਗਠਜੋੜ ਤੋਂ ਇਲਾਵਾ ਤੀਜੇ ਦਲ ਨੇ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ।

ਇਹ ਦਲ ਤਮਿਲ ਸਿਨੇਮਾ ਦੇ ਜਾਣੇ-ਪਛਾਣੇ ਅਦਾਕਾਰ ਵਿਜੈ ਦਾ ਟੀਵੀਕੇ ਹੈ।

ਤਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ 'ਤੇ ਇੱਕ ਪੜਾਅ ਵਿੱਚ 23 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਇੱਥੇ ਬਹੁਮਤ ਦਾ ਅੰਕੜਾ 118 ਹੈ।

ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਤਮਿਲਨਾਡੂ ਵਿੱਚ ਡੀਐਮਕੇ ਗਠਜੋੜ ਨੂੰ ਲੀਡ ਮਿਲਣ ਦਾ ਅਨੁਮਾਨ ਲਗਾਇਆ ਹੈ।

ਹਾਲਾਂਕਿ, ਐਕਸਿਸ ਮਾਈ ਇੰਡੀਆ ਵਰਗੇ ਐਗਜ਼ਿਟ ਪੋਲਾਂ ਮੁਤਾਬਕ, ਡੀਐਮਕੇ ਗਠਜੋੜ ਅਤੇ ਟੀਵੀਕੇ ਵਿਚਕਾਰ ਚੰਗਾ ਮੁਕਾਬਲਾ ਰਹੇਗਾ।

ਪੁਡੂਚੇਰੀ ਵਿੱਚ ਕਿਸ ਦੀ ਸਰਕਾਰ?

ਪਿਛਲੇ ਮਹੀਨੇ ਚਾਰ ਸੂਬਿਆਂ ਦੇ ਨਾਲ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀ ਵੋਟਾਂ ਪਈਆਂ।

ਪੁਡੂਚੇਰੀ ਵਿੱਚ ਪਹਿਲਾਂ ਤੋਂ ਹੀ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਸੱਤਾ ਵਿੱਚ ਹੈ।

ਪੁਡੂਚੇਰੀ ਵਿਧਾਨ ਸਭਾ ਦੀਆਂ 30 ਸੀਟਾਂ ਲਈ ਬਹੁਮਤ ਦਾ ਅੰਕੜਾ 16 ਹੈ। ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ ਭਾਜਪਾ ਗਠਜੋੜ ਨੂੰ ਹੀ ਮਜ਼ਬੂਤੀ ਦਾ ਅੰਦਾਜ਼ਾ ਲਗਾਇਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)