ਡਿਨਰ ਕਰਨ ਦਾ ਸਹੀ ਸਮਾਂ ਕੀ ਹੈ, ਇੱਕੋ ਭੋਜਨ ਦਿਨ ਦੇ ਵੱਖ-ਵੱਖ ਸਮੇਂ 'ਤੇ ਖਾਣ ਦੇ ਨਤੀਜੇ ਵੱਖ ਕਿਉਂ ਹੁੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਮੈਲਿਸਾ ਹੋਗੇਨਬੂਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਤੁਸੀਂ ਕੀ ਖਾਂਦੇ ਹੋ, ਸਿਰਫ਼ ਇਹੀ ਅਹਿਮੀਅਤ ਨਹੀਂ ਰੱਖਦਾ। ਤੁਹਾਡੀ ਬਾਇਓਲੋਜੀਕਲ ਕਲੌਕ ਭੋਜਨ ਨੂੰ ਪਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ
"ਨਾਸ਼ਤਾ ਰਾਜੇ ਵਾਂਗ, ਦੁਪਹਿਰ ਦਾ ਖਾਣਾ ਰਾਜਕੁਮਾਰ ਵਾਂਗ ਅਤੇ ਰਾਤ ਦਾ ਖਾਣਾ ਗਰੀਬ ਵਾਂਗ ਖਾਓ," ਮੇਰੀ ਸਪੇਨ ਦੀ ਦੋਸਤ ਅਤੇ ਸਹਿਕਰਮੀ ਜੇਵੀਅਰ ਹਿਰਸ਼ਫ਼ੇਲਡ ਨੇ ਮੈਨੂੰ ਦੱਸਿਆ, ਜਦੋਂ ਮੈਂ ਉਨ੍ਹਾਂ ਨੂੰ ਸਪੇਨ ਵਿੱਚ ਖਾਣ-ਪੀਣ ਦੀਆਂ ਆਮ ਆਦਤਾਂ ਬਾਰੇ ਪੁੱਛਿਆ।”
ਮੇਰੇ ਦੋਸਤ ਨੇ ਦੱਸਿਆ ਕਿ ਇਹ ਇੱਕ ਕਹਾਵਤ ਹੈ, ਜੋ ਉਨ੍ਹਾਂ ਨੂੰ ਬਚਪਨ ਤੋਂ ਹੀ ਸਿਖਾਈ ਗਈ ਸੀ।
ਸਪੇਨ ਵਿੱਚ ਆਮ ਤੌਰ 'ਤੇ ਦੁਪਹਿਰ ਦਾ ਖਾਣਾ ਦਿਨ ਦਾ ਸਭ ਤੋਂ ਭਰਪੂਰ ਭੋਜਨ ਹੁੰਦਾ ਹੈ, ਜਦਕਿ ਰਾਤ ਦਾ ਖਾਣਾ ਆਮ ਤੌਰ 'ਤੇ ਹਲਕਾ ਹੁੰਦਾ ਹੈ। ਉਹ ਦੱਸਦੇ ਹਨ, "ਕੁਝ ਲੋਕ ਰਾਤ ਦਾ ਖਾਣਾ ਛੱਡ ਵੀ ਦਿੰਦੇ ਹਨ ਜਾਂ ਸਿਰਫ਼ ਫਲ ਅਤੇ ਦਹੀਂ ਹੀ ਖਾਂਦੇ ਹਨ।"
ਯੂਕੇ ਅਤੇ ਅਮਰੀਕਾ ਵਿੱਚ ਦੁਪਹਿਰ ਦਾ ਖਾਣਾ ਹਲਕਾ ਜਦੋਂਕਿ ਰਾਤ ਦਾ ਖਾਣਾ ਭਰਪੂਰ ਤਰੀਕੇ ਨਾਲ ਖਾਧਾ ਜਾਂਦਾ ਹੈ।
ਪਰ ਉੱਭਰ ਰਹੇ ਵਿਗਿਆਨਕ ਖੇਤਰ ਕ੍ਰੋਨੋਨਿਊਟ੍ਰੀਸ਼ਨ ਮੁਤਾਬਕ, ਹੋ ਸਕਦਾ ਹੈ ਕਿ ਅਸੀਂ ਖਾਣੇ ਦੇ ਸਮੇਂ ਨੂੰ ਉਲਟ ਤਰੀਕੇ ਨਾਲ ਸਮਝ ਰਹੇ ਹਾਂ।
ਇਸ ਖੇਤਰ ਦੇ ਅਧਿਐਨ ਦੱਸਦੇ ਹਨ ਕਿ ਸਿਹਤਮੰਦ ਖੁਰਾਕ ਦਾ ਸਬੰਧ ਸਿਰਫ਼ ਇਸ ਗੱਲ ਨਾਲ ਨਹੀਂ ਕਿ ਅਸੀਂ ਕੀ ਖਾਂਦੇ ਹਾਂ, ਸਗੋਂ ਇਸ ਨਾਲ ਵੀ ਹੈ ਕਿ ਅਸੀਂ ਕਦੋਂ ਖਾਂਦੇ ਹਾਂ।
ਮੋਟਾਪਾ ਘਟਾਉਣ ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਤੱਕ, ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਅੰਦਰੂਨੀ ਜੈਵਿਕ ਘੜੀ, ਜਿਸ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ, ਇਸ ਗੱਲ ਵਿੱਚ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ ਕਿ ਸਾਡਾ ਸਰੀਰ ਭੋਜਨ ਨੂੰ ਕਿਵੇਂ ਪ੍ਰੋਸੈੱਸ ਕਰਦਾ ਹੈ ਅਤੇ ਇਸ ਦਾ ਸਾਡੀ ਸਮੁੱਚੀ ਸਿਹਤ 'ਤੇ ਵੀ ਅਸਰ ਪੈਂਦਾ ਹੈ।
ਆਓ ਸਮਝੀਏ ਕਿ ਆਪਣੇ ਭੋਜਨ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਸੀਂ ਆਪਣੇ ਖਾਣ-ਪੀਣ ਦੇ ਸਮੇਂ ਨੂੰ ਕਿਉਂ ਅਤੇ ਕਿਵੇਂ ਵਿਵਸਥਿਤ ਕਰ ਸਕਦੇ ਹਾਂ।
ਆਪਣੀ ਜੈਵਿਕ ਘੜੀ ਦਾ ਸਹੀ ਸਮਾਂ ਨਿਰਧਾਰਤ ਕਰੋ

ਤਸਵੀਰ ਸਰੋਤ, Getty Images
ਸਪੇਨ ਦੀ ਯੂਨੀਵਰਸਿਟੀ ਆਫ਼ ਮੁਰਸੀਆ ਦੇ ਮਾਰਤਾ ਗਾਰਾਉਲੇਟ ਨੂੰ ਭੋਜਨ ਦੇ ਟਾਈਮ-ਟੇਬਲ ਦੇ ਪ੍ਰਭਾਵ ਬਾਰੇ ਉਸ ਵੇਲੇ ਦਿਲਚਸਪੀ ਪੈਦਾ ਹੋਈ, ਜਦੋਂ ਉਨ੍ਹਾਂ ਨੇ ਆਪਣੇ ਭਾਰ ਘਟਾਉਣ ਵਾਲੇ ਕਲੀਨਿਕ ਵਿੱਚ ਕੁਝ ਦਿਲਚਸਪ ਗੱਲਾਂ ਦੇਖੀਆਂ।
10 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ, ਉਨ੍ਹਾਂ ਨੇ ਦੋ ਅਜਿਹੇ ਮਰੀਜ਼ਾਂ ਨੂੰ ਦੇਖਿਆ ਜੋ ਇਕੱਠੇ ਰਹਿੰਦੇ ਸਨ ਅਤੇ ਬਿਲਕੁੱਲ ਇੱਕੋ ਜਿਹੀ ਡਾਇਟ ਦੀ ਪਾਲਣਾ ਕਰ ਰਹੇ ਸਨ, ਪਰ ਉਨ੍ਹਾਂ ਦੇ ਭਾਰ ਘਟਾਉਣ ਦੇ ਨਤੀਜੇ ਵੱਖਰੇ ਸਨ।
ਇੱਕ ਸ਼ਖਸ ਦੁਪਹਿਰ ਦਾ ਖਾਣਾ ਕਰੀਬ 1 ਵਜੇ ਖਾਂਦਾ ਸੀ, ਜਦਕਿ ਦੂਜਾ ਆਪਣੀ ਕਲਾਸ ਦੇ ਸਮੇਂ ਕਾਰਨ ਦੇਰ ਨਾਲ ਖਾਂਦਾ ਸੀ।
ਗਾਰਾਉਲੇਟ ਕਹਿੰਦੇ ਹਨ, "ਇਹੀ ਇੱਕੋ ਫ਼ਰਕ ਸੀ।"
ਜੋ ਵਿਦਿਆਰਥੀ ਜਲਦੀ ਦੁਪਹਿਰ ਦਾ ਖਾਣਾ ਖਾਂਦਾ ਸੀ, ਉਸ ਨੇ ਛੇ ਹਫ਼ਤਿਆਂ ਬਾਅਦ ਕਾਫ਼ੀ ਭਾਰ ਘਟਾਇਆ ਸੀ।
ਇਸ ਤੋਂ ਬਾਅਦ ਗਾਰਾਉਲੇਟ ਨੇ ਇਸ ਸੰਭਾਵਨਾ 'ਤੇ ਖੋਜ ਕਰਨੀ ਸ਼ੁਰੂ ਕੀਤੀ ਕਿ ਕੀ ਖਾਣੇ ਦਾ ਟਾਈਮ-ਟੇਬਲ ਭਾਰ ਘਟਾਉਣ 'ਤੇ ਵੱਡਾ ਪ੍ਰਭਾਵ ਪਾ ਸਕਦਾ ਹੈ।
ਯੂਨੀਵਰਸਿਟੀ ਆਫ਼ ਮੁਰਸੀਆ ਦੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ, ਗਾਰਾਉਲੇਟ ਨੇ ਸਪੇਨ ਦੇ 420 ਬਾਲਗਾਂ ਦਾ ਅਧਿਐਨ ਕੀਤਾ, ਜੋ ਇੱਕੋ ਭਾਰ ਘਟਾਉਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਿਲ ਸਨ ਜਿਸ ਦੀ ਮਿਆਦ 20 ਹਫ਼ਤਿਆਂ ਦੀ ਸੀ।
ਉਨ੍ਹਾਂ ਨੇ ਪਾਇਆ ਕਿ ਜਿਹੜੇ ਲੋਕ ਦੁਪਹਿਰ ਦਾ ਖਾਣਾ ਜਲਦੀ ਖਾਂਦੇ ਸਨ, ਉਨ੍ਹਾਂ ਨੇ ਦੇਰ ਨਾਲ ਖਾਣਾ ਖਾਣ ਵਾਲਿਆਂ ਦੇ ਮੁਕਾਬਲੇ ਵੱਧ ਅਤੇ ਤੇਜ਼ੀ ਨਾਲ ਭਾਰ ਘਟਾਇਆ।
ਇਸੇ ਤਰ੍ਹਾਂ, ਇੱਕ ਛੋਟੇ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ 32 ਸਿਹਤਮੰਦ ਔਰਤਾਂ ਨੂੰ ਦੋ ਹਫ਼ਤਿਆਂ ਤੱਕ ਇੱਕੋ ਜਿਹਾ ਭੋਜਨ ਦਿੱਤਾ ਗਿਆ।
ਜਿਹੜੀਆਂ ਔਰਤਾਂ ਨੇ ਦੁਪਹਿਰ ਦਾ ਖਾਣਾ ਦੇਰ ਨਾਲ ਖਾਧਾ, ਉਨ੍ਹਾਂ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਘੱਟ ਪ੍ਰਭਾਵਸ਼ਾਲੀ ਪਾਈ ਗਈ ਅਤੇ ਉਨ੍ਹਾਂ ਦਾ ਸਰੀਰ ਕਾਰਬੋਹਾਈਡ੍ਰੇਟ ਵੀ ਘੱਟ ਸਾੜ ਰਿਹਾ ਸੀ।
ਉਸ ਤੋਂ ਬਾਅਦ ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਸਾਡੀ ਸਰਕੇਡੀਅਨ ਰਿਦਮ ਭੁੱਖ, ਪਾਚਨ ਅਤੇ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੀ ਹੈ।
ਇੱਕੋ ਭੋਜਨ ਦਿਨ ਦੇ ਵੱਖ-ਵੱਖ ਸਮੇਂ 'ਤੇ ਖਾਣ ਦਾ ਅਸਰ ਵੱਖਰਾ ਕਿਉਂ ?

ਤਸਵੀਰ ਸਰੋਤ, Getty Images
ਮੈਸਾਚੂਸੈਟ ਦੇ ਬੋਸਟਨ ਵਿੱਚ ਸਥਿਤ ਬ੍ਰਿਘਮ ਐਂਡ ਵੂਮਨਜ਼ ਹਸਪਤਾਲ ਦੇ ਮੈਡੀਸਨ ਪ੍ਰੋਫੈਸਰ ਅਤੇ ਨਿਊਰੋਸਾਇੰਟਿਸਟ ਫਰੈਂਕ ਸ਼ੀਅਰ ਕਹਿੰਦੇ ਹਨ, "ਜੈਵਿਕ ਤੌਰ 'ਤੇ ਅਸੀਂ ਸਵੇਰੇ ਅਤੇ ਰਾਤ ਨੂੰ ਇੱਕੋ ਜਿਹੇ ਵਿਅਕਤੀ ਨਹੀਂ ਹੁੰਦੇ।"
ਉਹ ਕਹਿੰਦੇ ਹਨ ਕਿ ਸਾਡੀ ਅੰਦਰੂਨੀ ਜੈਵਿਕ ਘੜੀ ਸਰੀਰ ਦੀ ਲਗਭਗ ਹਰ ਸਰੀਰਕ ਪ੍ਰਕਿਰਿਆ ਨੂੰ ਨਿਯੰਤਰਿਤ ਕਰਦੀ ਹੈ।
ਜਦੋਂ ਅਸੀਂ ਉਸ ਸਮੇਂ ਖਾਂਦੇ ਹਾਂ, ਜਦੋਂ ਸਾਡੀ ਜੈਵਿਕ ਘੜੀ ਸਾਨੂੰ ਸੌਣ ਲਈ ਤਿਆਰ ਕਰ ਰਹੀ ਹੁੰਦੀ ਹੈ ਤਾਂ ਇਹ ਇੱਕ ਜੈਵਿਕ ਗੜਬੜ ਪੈਦਾ ਕਰ ਸਕਦੀ ਹੈ, ਜਿਸ ਨੂੰ "ਸਰਕੇਡੀਅਨ ਮਿਸਅਲਾਈਨਮੈਂਟ" ਕਿਹਾ ਜਾਂਦਾ ਹੈ।
ਇਸ ਦੀ ਇੱਕ ਉਦਾਹਰਨ ਇਹ ਹੈ ਕਿ ਸਰੀਰ ਬਲੱਡ ਸ਼ੂਗਰ ਨੂੰ ਕਿਵੇਂ ਕੰਟਰੋਲ ਕਰਦਾ ਹੈ।
2022 ਦੇ ਇੱਕ ਅਧਿਐਨ ਵਿੱਚ 800 ਤੋਂ ਵੱਧ ਬਾਲਗਾਂ ਨੂੰ ਇੱਕ ਗਲੂਕੋਜ਼ ਡਰਿੰਕ ਦਿੱਤਾ ਗਿਆ, ਜਿਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਇੱਕ ਆਮ ਰਾਤ ਦੇ ਖਾਣੇ ਦੇ ਬਰਾਬਰ ਸੀ।
ਖੋਜਕਰਤਾਵਾਂ ਨੇ ਪਾਇਆ ਕਿ ਜਦੋਂ ਭਾਗੀਦਾਰਾਂ ਨੇ ਇਸ ਨੂੰ ਸੌਣ ਤੋਂ ਇੱਕ ਘੰਟਾ ਪਹਿਲਾਂ ਪੀਤਾ ਤਾਂ ਉਨ੍ਹਾਂ ਦਾ ਸਰੀਰ ਇਸ ਨੂੰ ਠੀਕ ਤਰੀਕੇ ਨਾਲ ਮੈਟਾਬੋਲਾਈਜ਼ ਨਹੀਂ ਕਰ ਸਕਿਆ, ਜਦਕਿ ਸੌਣ ਤੋਂ ਚਾਰ ਘੰਟੇ ਪਹਿਲਾਂ ਲੈਣ 'ਤੇ ਨਤੀਜੇ ਬਿਹਤਰ ਸਨ।
ਜਿਨ੍ਹਾਂ ਲੋਕਾਂ ਨੇ ਸੌਣ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਇਹ ਡਰਿੰਕ ਪੀਤਾ, ਉਨ੍ਹਾਂ ਦਾ ਬਲੱਡ ਸ਼ੂਗਰ ਪੱਧਰ ਵੱਧ ਸੀ ਅਤੇ ਇਨਸੁਲਿਨ ਦਾ ਉਤਪਾਦਨ ਘੱਟ ਹੋਇਆ। ਇਨਸੁਲਿਨ ਉਹ ਹਾਰਮੋਨ ਹੈ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ।
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ਵਿੱਚ ਮੈਲਾਟੋਨਿਨ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਜਿਵੇਂ-ਜਿਵੇਂ ਸਰੀਰ ਸੌਣ ਲਈ ਤਿਆਰ ਹੁੰਦਾ ਹੈ, ਮੈਲਾਟੋਨਿਨ ਦਾ ਪੱਧਰ ਵੱਧਦਾ ਜਾਂਦਾ ਹੈ।
ਫਰੈਂਕ ਸ਼ੀਅਰ, ਜੋ ਇਸ ਅਧਿਐਨ ਵਿੱਚ ਵੀ ਸ਼ਾਮਿਲ ਸਨ, ਕਹਿੰਦੇ ਹਨ, "ਜੇ ਤੁਸੀਂ ਉਸ ਵੇਲੇ ਖਾਂਦੇ ਹੋ ਜਦੋਂ ਰਾਤ ਨੂੰ ਮੈਲਾਟੋਨਿਨ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ ਤਾਂ ਤੁਹਾਡੇ ਸਰੀਰ ਦੀ ਗਲੂਕੋਜ਼ ਨੂੰ ਕੰਟਰੋਲ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।"
ਇਹ ਪ੍ਰਭਾਵ ਉਨ੍ਹਾਂ ਲੋਕਾਂ ਵਿੱਚ ਹੋਰ ਵੀ ਵੱਧ ਪਾਇਆ ਗਿਆ ਜਿਨ੍ਹਾਂ ਵਿੱਚ MTNR1B ਜੀਨ ਦਾ ਇੱਕ ਆਮ ਰੂਪ ਮੌਜੂਦ ਸੀ। ਇਸ ਜੀਨ ਨੂੰ ਟਾਈਪ-2 ਡਾਇਬਟੀਜ਼ ਦੇ ਵਧੇ ਹੋਏ ਖਤਰੇ ਨਾਲ ਜੋੜਿਆ ਗਿਆ ਹੈ।
ਲੰਬੇ ਸਮੇਂ ਤੱਕ ਬਹੁਤ ਦੇਰ ਨਾਲ ਖਾਣਾ ਖਾਣ ਦੀ ਆਦਤ ਸੰਭਵ ਤੌਰ 'ਤੇ ਇਸ ਬਿਮਾਰੀ ਦੇ ਖਤਰੇ ਨੂੰ ਵਧਾ ਸਕਦੀ ਹੈ, ਜਿਸ ਦੇ ਮਾਮਲੇ ਦੁਨੀਆ ਭਰ ਵਿੱਚ ਲਗਾਤਾਰ ਵੱਧ ਰਹੇ ਹਨ।
ਭੁੱਖ ਘੱਟ ਲੱਗੇ ਇਸ ਲਈ ਜਲਦੀ ਖਾਣਾ ਖਾਓ

ਤਸਵੀਰ ਸਰੋਤ, Getty Images
ਦੇਰ ਨਾਲ ਖਾਣ ਦੇ ਪ੍ਰਭਾਵ ਸਿਰਫ਼ ਬਲੱਡ ਸ਼ੂਗਰ ਦੇ ਕੰਟਰੋਲ ਤੱਕ ਹੀ ਸੀਮਤ ਨਹੀਂ ਹਨ।
ਪਿਛਲੀ ਖੋਜ ਤੋਂ ਪਤਾ ਲੱਗਿਆ ਹੈ ਕਿ ਦੇਰ ਨਾਲ ਖਾਣ ਵਾਲੇ ਲੋਕਾਂ ਨੂੰ ਅਗਲੇ ਦਿਨ ਜ਼ਿਆਦਾ ਭੁੱਖ ਮਹਿਸੂਸ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਦੇਰ ਨਾਲ ਖਾਣਾ ਖਾਣ ਨਾਲ ਭੁੱਖ ਅਤੇ ਪੇਟ ਭਰਿਆ ਹੋਣ ਦੀ ਭਾਵਨਾ ਨੂੰ ਨਿਯੰਤਰਿਤ ਕਰਨ ਵਾਲੇ ਹਾਰਮੋਨ ਪ੍ਰਭਾਵਿਤ ਹੁੰਦੇ ਹਨ।
ਜਿਹੜੇ ਲੋਕ ਦੇਰ ਨਾਲ ਖਾਂਦੇ ਸਨ, ਉਨ੍ਹਾਂ ਦੇ ਸਰੀਰ ਵਿੱਚ ਲੈਪਟਿਨ ਘੱਟ ਬਣਦਾ ਹੈ, ਇਹ ਉਹ ਹਾਰਮੋਨ ਹੈ ਜੋ ਦਿਮਾਗ ਨੂੰ ਇਹ ਸੰਕੇਤ ਦਿੰਦਾ ਹੈ ਕਿ ਸਾਡਾ ਢਿੱਡ ਭਰ ਗਿਆ ਹੈ।
ਇਸ ਦੇ ਨਾਲ ਹੀ, ਖਾਣੇ ਦਾ ਸਮਾਂ ਇਸ ਗੱਲ ਨੂੰ ਵੀ ਪ੍ਰਭਾਵਿਤ ਕਰਦਾ ਹੈ ਕਿ ਸਾਡਾ ਸਰੀਰ ਚਰਬੀ ਨੂੰ ਕਿਵੇਂ ਸੰਭਾਲਦਾ ਹੈ। ਦੇਰ ਨਾਲ ਖਾਣ ਨਾਲ ਸਰੀਰ ਚਰਬੀ ਨੂੰ ਤੋੜਨ ਦੀ ਬਜਾਏ ਇਸ ਨੂੰ ਸੈੱਲਸ ਵਿੱਚ ਇਕੱਠਾ ਕਰ ਸਕਦਾ ਹੈ।
ਸਮੇਂ ਦੇ ਨਾਲ, ਇਸ ਕਾਰਨ ਸਰੀਰ ਲਈ ਸਿਹਤਮੰਦ ਭਾਰ ਬਣਾਈ ਰੱਖਣਾ ਮੁਸ਼ਕਿਲ ਹੋ ਸਕਦਾ ਹੈ।
ਇਸ ਲਈ ਖਾਣੇ ਦਾ ਸਮਾਂ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੋ ਸਕਦਾ ਹੈ, ਜਿਨ੍ਹਾਂ ਵਿੱਚ ਅਜਿਹੇ ਜੈਨੇਟਿਕ ਬਦਲਾਅ ਹੁੰਦੇ ਹਨ ਜੋ ਉਨ੍ਹਾਂ ਨੂੰ ਭਾਰ ਵਧਣ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਹਨ।
ਲਗਭਗ 1,200 ਬਾਲਗਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ, ਖੋਜਕਰਤਾਵਾਂ ਦੀ ਇੱਕ ਅੰਤਰਰਾਸ਼ਟਰੀ ਟੀਮ, ਜਿਸ ਵਿੱਚ ਸ਼ੀਅਰ ਵੀ ਸ਼ਾਮਲ ਸਨ, ਨੇ ਪਾਇਆ ਕਿ ਮੋਟਾਪੇ ਦੇ ਵੱਧ ਖਤਰੇ ਵਾਲੇ ਲੋਕਾਂ ਵਿੱਚ ਦੇਰ ਨਾਲ ਖਾਣਾ ਵੱਧ ਬਾਡੀ ਮਾਸ ਇੰਡੈਕਸ ਨਾਲ ਜੁੜਿਆ ਹੋਇਆ ਸੀ। ਇਸ ਦੇ ਉਲਟ, ਜਲਦੀ ਖਾਣਾ ਖਾਣ ਵਾਲਿਆਂ ਵਿੱਚ ਇਹ ਖਤਰਾ ਘੱਟ ਸੀ।
ਭਰਪੂਰ ਨਾਸ਼ਤਾ ਦਿਲ ਦੀ ਸਿਹਤ ਲਈ ਫਾਇਦੇਮੰਦ

ਤਸਵੀਰ ਸਰੋਤ, Getty Images
ਜਲਦੀ ਭੋਜਨ ਕਰਨਾ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਫਰਾਂਸ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਹੜੇ ਲੋਕ ਦੇਰ ਨਾਲ ਨਾਸ਼ਤਾ ਕਰਦੇ ਸਨ, ਉਨ੍ਹਾਂ ਵਿੱਚ ਦਿਲ ਅਤੇ ਖੂਨ ਦੀਆਂ ਨਲੀਆਂ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਸੀ।
ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਰਾਤ ਦੇ ਖਾਣੇ ਨੂੰ ਜਲਦੀ ਖਾ ਕੇ ਅਤੇ ਨਾਸ਼ਤੇ ਵਿੱਚ ਦੇਰੀ ਨਾ ਕਰਕੇ ਰਾਤ ਭਰ ਦਾ ਲੰਮਾ ਵਰਤ ਰੱਖਣ ਨਾਲ ਦਿਲ ਦੀ ਸਿਹਤ ਬਿਹਤਰ ਹੋਣ ਨਾਲ ਸੰਬੰਧ ਸੀ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਗੱਲ ਸ਼ਿਫਟ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਜ਼ਿਆਦਾ ਸੀ ਜਾਂ ਅਜਿਹੇ ਲੋਕਾਂ ਵਿੱਚ ਜਿਨ੍ਹਾਂ ਦੀ ਜੈਵਿਕ ਘੜੀ ਵਿੱਚ ਅਕਸਰ ਗੜਬੜ ਹੁੰਦੀ ਹੈ।
ਇਸ ਲਈ ਰਾਤ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ, ਜਿੱਥੋਂ ਤੱਕ ਸੰਭਵ ਹੋਵੇ, ਆਪਣੇ ਖਾਣੇ ਨੂੰ ਦਿਨ ਦੇ ਸਮੇਂ ਤੱਕ ਸੀਮਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਹਾਲਾਂਕਿ ਇਹ ਹਰ ਕਿਸੇ ਲਈ ਢੁੱਕਵਾਂ ਜਾਂ ਸੁਰੱਖਿਅਤ ਨਹੀਂ ਹੋ ਸਕਦਾ।
ਉਦਾਹਰਨ ਵਜੋਂ, ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਆਪਣੀ ਊਰਜਾ ਬਣਾਈ ਰੱਖਣ ਲਈ ਕੰਮ ਦੌਰਾਨ ਖਾਣਾ ਪੈ ਸਕਦਾ ਹੈ।
ਜੇ ਤੁਹਾਨੂੰ ਭੁੱਖ ਲੱਗੇ ਤਾਂ ਥੋੜ੍ਹੀ ਮਾਤਰਾ ਵਿੱਚ ਪ੍ਰੋਟੀਨ ਭਰਪੂਰ ਸਨੈਕਸ ਲੈਣਾ ਇੱਕ ਵਿਕਲਪ ਹੋ ਸਕਦਾ ਹੈ ਅਤੇ ਜੇ ਤੁਹਾਡਾ ਕੰਮਕਾਜੀ ਸਮਾਂ ਇਜਾਜ਼ਤ ਦੇਵੇ ਤਾਂ ਨਾਸ਼ਤਾ ਸਵੇਰ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਤੁਸੀਂ "ਅਰਲੀ ਬਰਡ" ਹੋ ਜਾਂ "ਨਾਈਟ ਆਊਲ" ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਭੋਜਨ ਦਾ ਟਾਈਮ-ਟੇਬਲ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਤੈਅ ਨਹੀਂ ਕਰ ਸਕਦੇ।
ਖੋਜ ਤੋਂ ਪਤਾ ਲੱਗਿਆ ਹੈ ਕਿ ਸਾਡਾ ਕ੍ਰੋਨੋਟਾਈਪ ਭਾਵ ਕੁਝ ਲੋਕਾਂ ਦਾ ਸਵੇਰੇ ਜਲਦੀ ਉੱਠਣ ਅਤੇ ਕੁਝ ਦਾ ਰਾਤ ਨੂੰ ਦੇਰ ਤੱਕ ਜਾਗਣ ਦਾ ਕੁਦਰਤੀ ਰੁਝਾਨ, ਸਾਡੇ ਖਾਣ-ਪੀਣ ਦੇ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ।
ਇਟਲੀ ਦੀ ਯੂਨੀਵਰਸਿਟੀ ਆਫ਼ ਨੇਪਲਜ਼ ਫੈਡਰਿਕੋ II ਦੇ ਸਹਾਇਕ ਪ੍ਰੋਫੈਸਰ ਜਿਓਵਾਨਾ ਮੁਸਕੋਜਿਉਰੀ ਕਹਿੰਦੇ ਹਨ ਕਿ ਸਵੇਰੇ ਜਲਦੀ ਉੱਠਣ ਵਾਲੇ ਲੋਕ ਆਮ ਤੌਰ 'ਤੇ ਮੈਡੀਟੇਰੀਅਨ ਡਾਇਟ ਦੀ ਵਧੇਰੇ ਪਾਲਣਾ ਕਰਦੇ ਹਨ, ਜਦਕਿ ਰਾਤ ਨੂੰ ਦੇਰ ਤੱਕ ਜਾਗਣ ਵਾਲੇ ਲੋਕ ਖਾਣਾ ਵੀ ਦੇਰ ਨਾਲ ਖਾਂਦੇ ਹਨ ਅਤੇ ਸ਼ਾਮ ਜਾਂ ਰਾਤ ਵੇਲੇ ਵਧੇਰੇ ਕੈਲੋਰੀ ਵਾਲੇ ਭੋਜਨ ਦੀ ਚੋਣ ਕਰਦੇ ਹਨ।
ਇਹ ਵੀ ਮਹੱਤਵਪੂਰਨ ਹੈ ਕਿ ਸਾਡਾ ਕ੍ਰੋਨੋਟਾਈਪ ਇਸ ਗੱਲ ਨੂੰ ਪ੍ਰਭਾਵਿਤ ਕਰਦਾ ਹੈ ਕਿ ਸਾਡਾ ਸਰੀਰ ਭੋਜਨ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ।

ਸਵੇਰੇ ਜਲਦੀ ਉੱਠਣ ਵਾਲੇ ਲੋਕਾਂ ਵਿੱਚ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਆਮ ਤੌਰ 'ਤੇ ਜਲਦੀ ਆਪਣੇ ਸਿਖਰ 'ਤੇ ਪਹੁੰਚਦੀ ਹੈ ਅਤੇ ਉਨ੍ਹਾਂ ਵਿੱਚ ਮੈਲਾਟੋਨਿਨ ਦਾ ਰਿਸਾਅ ਵੀ ਰਾਤ ਨੂੰ ਦੇਰ ਤੱਕ ਜਾਗਣ ਵਾਲਿਆਂ ਨਾਲੋਂ ਪਹਿਲਾਂ ਹੁੰਦਾ ਹੈ।
ਰਾਤ ਨੂੰ ਦੇਰ ਤੱਕ ਜਾਗਣ ਵਾਲੇ ਲੋਕ, ਕਿਉਂਕਿ ਅਕਸਰ ਦੇਰ ਨਾਲ ਖਾਂਦੇ ਹਨ, ਉਨ੍ਹਾਂ ਵਿੱਚ ਬਲੱਡ ਸ਼ੂਗਰ ਦਾ ਕੰਟਰੋਲ ਖਰਾਬ ਹੋਣ ਅਤੇ ਭਾਰ ਵਧਣ ਦੀ ਸੰਭਾਵਨਾ ਵੱਧ ਹੋ ਸਕਦੀ ਹੈ।
ਇਸ ਲਈ ਮੁਸਕੋਜਿਉਰੀ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਇਸ ਕੁਦਰਤੀ ਰੁਝਾਨ ਬਾਰੇ ਵਧੇਰੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਅਸੀਂ "ਅਰਲੀ ਬਰਡ" (ਸਵੇਰੇ ਜਲਦੀ ਉੱਠਣ ਵਾਲੇ) ਹਾਂ ਜਾਂ "ਨਾਈਟ ਆਊਲ" (ਰਾਤ ਨੂੰ ਦੇਰ ਤੱਕ ਜਾਗਣ ਵਾਲੇ) । ਜਿਹੜੇ ਲੋਕ ਦੇਰ ਨਾਲ ਖਾਂਦੇ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਆਪਣੇ ਡਿਨਰ ਦਾ ਸਮਾਂ ਪਹਿਲਾਂ ਕਰਨ ਨਾਲ ਫਾਇਦਾ ਹੋ ਸਕਦਾ ਹੈ।
ਇਸ ਦੇ ਨਾਲ ਹੀ, ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਡੀ ਨੀਂਦ ਦੀ ਮਿਆਦ ਅਤੇ ਗੁਣਵੱਤਾ ਸਾਡੀ ਭੁੱਖ ਅਤੇ ਕੁਝ ਖਾਸ ਖਾਣਿਆਂ ਦੀ ਤੀਬਰ ਇੱਛਾ ਨੂੰ ਪ੍ਰਭਾਵਿਤ ਕਰਦੀ ਹੈ।
ਮੁਸਕੋਜਿਉਰੀ ਕਹਿੰਦੇ ਹਨ ਕਿ ਜੇ ਸਾਨੂੰ ਪੂਰੀ ਨੀਂਦ ਨਾ ਮਿਲੇ ਤਾਂ ਸਾਡੇ ਵੱਲੋਂ ਲੋੜ ਤੋਂ ਵੱਧ ਖਾਣ ਅਤੇ ਵਧੇਰੇ ਕੈਲੋਰੀ ਵਾਲੇ ਭੋਜਨ ਚੁਣਨ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਸਮੇਂ ਦੇ ਨਾਲ ਭਾਰ ਵੱਧ ਸਕਦਾ ਹੈ।
ਸਮਝਦਾਰੀ ਨਾਲ ਕਿਵੇਂ ਖਾਧਾ ਜਾਵੇ ?
ਵਿਹਾਰਕ ਸਲਾਹ ਮੁਕਾਬਲਤਨ ਸਧਾਰਨ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਨਿਯਮਤ ਸਮੇਂ 'ਤੇ ਖਾਣਾ ਖਾਓ ਅਤੇ ਫਾਈਬਰ ਨਾਲ ਭਰਪੂਰ ਕਾਰਬੋਹਾਈਡਰੇਟ, ਜਿਵੇਂ ਕਿ ਸਾਬਤ ਅਨਾਜ, ਦਾਲਾਂ, ਬੀਨਜ਼, ਮਟਰ ਅਤੇ ਫਲ, ਦਿਨ ਦੇ ਸ਼ੁਰੂਆਤੀ ਹਿੱਸੇ ਵਿੱਚ ਖਾਓ, ਜਦੋਂ ਸਰੀਰ ਇਨ੍ਹਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਸੈੱਸ ਕਰ ਸਕਦਾ ਹੈ।
ਸ਼ਾਮ ਵੇਲੇ ਹਲਕਾ ਭੋਜਨ ਚੁਣੋ, ਜਿਸ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ।
ਇੱਕ ਹਾਲੀਆ ਸਮੀਖਿਆ ਵਿੱਚ ਮੁਸਕੋਜਿਉਰੀ ਇਹ ਵੀ ਸਿਫ਼ਾਰਸ਼ ਕਰਦੇ ਹਨ ਕਿ ਰਾਤ ਵੇਲੇ ਅਜਿਹੇ ਭੋਜਨ ਸ਼ਾਮਲ ਕੀਤੇ ਜਾਣ ਜੋ ਨੀਂਦ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜਿਵੇਂ ਕਿ ਸੁੱਕੇ ਮੇਵੇ ਅਤੇ ਸੀਡਜ਼। ਇਸ ਤੋਂ ਇਲਾਵਾ, ਟ੍ਰਿਪਟੋਫੈਨ ਨਾਲ ਭਰਪੂਰ ਪ੍ਰੋਟੀਨ ਸਰੋਤ, ਜਿਵੇਂ ਚਿਕਨ, ਸੈਲਮਨ ਅਤੇ ਟੂਨਾ, ਵੀ ਸ਼ਾਮਿਲ ਕੀਤੇ ਜਾ ਸਕਦੇ ਹਨ, ਕਿਉਂਕਿ ਟ੍ਰਿਪਟੋਫੈਨ ਨੂੰ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਨਾਲ ਜੋੜਿਆ ਗਿਆ ਹੈ।

ਤਸਵੀਰ ਸਰੋਤ, Getty Images
ਭਵਿੱਖ ਵਿੱਚ ਮੈਂ ਯਕੀਨੀ ਤੌਰ 'ਤੇ ਆਪਣੀ ਜੈਵਿਕ ਘੜੀ ਵੱਲ ਵਧੇਰੇ ਧਿਆਨ ਦੇਵਾਂਗਾ।
ਸਪੇਨ ਵਿੱਚ ਦੁਪਹਿਰ ਦੇ ਖਾਣੇ ਨੂੰ ਦਿਨ ਦਾ ਸਭ ਤੋਂ ਭਰਪੂਰ ਭੋਜਨ ਬਣਾਉਣ ਦੀ ਪਰੰਪਰਾ ਮੈਨੂੰ ਖ਼ਾਸ ਤੌਰ 'ਤੇ ਪਸੰਦ ਆਈ। ਸ਼ਾਇਦ ਮੈਂ ਕੰਮ ਦਾ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ ਹੀ ਖਾਣਾ ਬਣਾਉਣ ਦੀ ਕੋਸ਼ਿਸ਼ ਕਰਾਂ। ਹੋ ਸਕਦਾ ਹੈ ਕਿ ਮੈਂ ਪਾਏਲਾ (ਸਪੈਨਿਸ਼ ਡਿਸ਼) ਵੀ ਬਣਾਵਾਂ।
ਤਾਂ ਫਿਰ ਡਿਨਰ ਕਰਨ ਦਾ ਸਭ ਤੋਂ ਵਧੀਆ ਸਮਾਂ ਕੀ ਹੈ ?
ਅਸਲ ਵਿੱਚ ਇਸ ਲਈ ਕੋਈ ਇੱਕ ਨਿਸ਼ਚਿਤ ਜਾਂ ਆਦਰਸ਼ ਸਮਾਂ ਨਹੀਂ ਹੈ ਜੋ ਹਰ ਵਿਅਕਤੀ ਲਈ ਇੱਕੋ ਜਿਹਾ ਹੋਵੇ।
ਹਾਲਾਂਕਿ, ਆਮ ਤੌਰ 'ਤੇ ਇਹ ਬਿਹਤਰ ਹੋ ਸਕਦਾ ਹੈ ਕਿ ਦਿਨ ਦਾ ਭਰਪੂਰ ਭੋਜਨ ਸਵੇਰੇ ਜਾਂ ਦਿਨ ਦੇ ਸ਼ੁਰੂਆਤੀ ਹਿੱਸੇ ਵਿੱਚ ਖਾਧਾ ਜਾਵੇ ਅਤੇ ਰਾਤ ਦਾ ਖਾਣਾ ਸੌਣ ਤੋਂ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਖਾ ਲਿਆ ਜਾਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























