‘ਪੰਜਾਬ 95’ ਫਿਲਮ ਨੂੰ 'ਸਤਲੁਜ' ਨਾਮ ਹੇਠ ਰਿਲੀਜ਼ ਕੀਤਾ ਗਿਆ, ਕੀ ਜਸਵੰਤ ਖਾਲੜਾ 'ਤੇ ਬਣੀ ਇਸ ਫਿਲਮ ’ਤੇ ਕੱਟ ਲੱਗੇ, ਡਾਇਰੈਕਟਰ ਨੇ ਕੀ ਕਿਹਾ

ਜ਼ੀ5

ਤਸਵੀਰ ਸਰੋਤ, zee5/Insta

ਤਸਵੀਰ ਕੈਪਸ਼ਨ, ਇਸ ਫ਼ਿਲਮ ਦਾ ਪਹਿਲਾ ਨਾਮ 'ਪੰਜਾਬ 95' ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਦਿਲਜੀਤ ਦੋਸਾਂਝ ਦੀ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਉੱਤੇ ਅਧਾਰਤ ਫਿਲਮ ਸਟ੍ਰੀਮਿੰਗ ਪਲੈਟਫਾਰਮ ਜ਼ੀ5 ਉੱਤੇ 'ਸਤਲੁਜ' ਨਾਮ ਨਾਲ ਰਿਲੀਜ਼ ਹੋ ਗਈ ਹੈ।

ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ, “ਇਸ ਫ਼ਿਲਮ ਵਿੱਚ ਨਾ ਕੋਈ ਕੱਟ ਹੈ ਅਤੇ ਨਾ ਹੀ ਇਸ ਦੇ ਅਸਲ ਰੂਪ ਨਾਲ ਕੋਈ ਸਮਝੌਤਾ ਕੀਤਾ ਗਿਆ ਹੈ।”

‘ਸਤਲੁਜ’ ਫ਼ਿਲਮ ਦਾ ਪਹਿਲਾ ਨਾਮ 'ਪੰਜਾਬ 95' ਸੀ। ਇਹ ਫ਼ਿਲਮ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਕਾਰਨਾਂ ਕਰਕੇ ਰੁਕੀ ਹੋਈ ਸੀ।

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ‘ਪੰਜਾਬ 95’ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ 'ਕਈਆਂ ਦੇ ਮੂੰਹ ਬੰਦ ਹੋਣਗੇ, ਜਿਹੜੀਆਂ ਫ਼ਿਲਮਾਂ ਕੀਤੀਆਂ ਉਹ ਆਉਣਗੀਆਂ।''

ਸਾਲ 2025 ਵਿੱਚ 7 ਫਰਵਰੀ ਨੂੰ ਇਸ ਫਿਲਮ ਨੂੰ ਕੌਮਾਂਤਰੀ ਪੱਧਰ ʼਤੇ ਰਿਲੀਜ਼ ਕੀਤੇ ਜਾਣ ਦਾ ਐਲਾਨ ਹੋਇਆ ਸੀ ਤੇ ਇਸ ਦਾ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ ਸੀ।

ਫਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਸੁਵਿੰਦਰ ਵਿੱਕੀ, ਜਗਜੀਤ ਸੰਧੂ ਅਤੇ ਗੀਤਿਕਾ ਵਿਦਿਆ ਓਹਲਾਨ ਵੱਖ-ਵੱਖ ਭੂਮਿਕਾਵਾਂ ਵਿੱਚ ਹਨ।

ਫਿਲਮ ਦੇ ਨਾਮ ਬਾਰੇ ਡਾਇਰੈਕਟਰ ਨੇ ਕੀ ਕਿਹਾ?

ਹਨੀ ਤ੍ਰੇਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ

ਇਸ ਫ਼ਿਲਮ ਨੂੰ ਪਹਿਲਾਂ ਰਿਲੀਜ਼ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਡਾਇਰੈਕਟਰ ਹਨੀ ਤ੍ਰੇਹਨ ਇਸ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਨ ਕਿ ਸੈਂਟਰਲ ਬੋਰਡ ਆਫ ਫਿਲਮ ਸਰੀਟਫਿਕੇਟ ਵੱਲੋਂ ਫ਼ਿਲਮ ਵਿੱਚ ਕਈ ਕੱਟ ਲਾਏ ਜਾਣ ਅਤੇ ਤਬਦੀਲੀਆਂ ਲਈ ਕਿਹਾ ਗਿਆ ਸੀ।

ਫ਼ਿਲਮ ਦੇ ਜ਼ੀ5 ਉੱਤੇ ਆਉਣ ਤੋਂ ਬਾਅਦ ਪਾਈ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾਤਮਕ ਰਹੀ ਹੈ। ਉਨ੍ਹਾਂ ਨੇ ਲਿਖਿਆ, "ਇਹ ਉਨ੍ਹਾਂ (ਖਾਲੜਾ) ਦੀ ਕਹਾਣੀ ਹੈ। ਇਹ ਉਨ੍ਹਾਂ (ਖਾਲੜਾ) ਦਾ ਨਿਆਂ ਹੈ।

ਉਨ੍ਹਾਂ ਨੇ ਫ਼ਿਲਮ ਦੇ ਨਾਮ ਬਾਰੇ ਅੱਗੇ ਲਿਖਿਆ, "ਅਸੀਂ ਫ਼ਿਲਮ ਦਾ ਪੁਰਾਣਾ ਨਾਮ ਨਹੀਂ ਲੈ ਸਕੇ, ਹੁਣ ਇਸਦਾ ਟਾਈਟਲ 'ਸਤਲੁਜ' ਹੈ, ਇਹ ਪੂਰੀ ਫ਼ਿਲਮ ਹੈ, ਬਿਨਾਂ ਕਿਸੇ ਕੱਟਾਂ ਦੇ, ਅਤੇ ਸਮਝੌਤੇ ਦੇ ਆਪਣੇ ਅਸਲ ਰੂਪ ਵਿੱਚ ਜਿਵੇਂ ਅਸੀਂ ਹਮੇਸ਼ਾ ਚਾਹੁੰਦੇ ਸੀ।"

ਉਨ੍ਹਾਂ ਅੱਗੇ ਲਿਖਿਆ, "ਇਹ ਦਿਲਜੀਤ ਅਤੇ ਸਾਡੇ ਪ੍ਰੋਡਿਊਸਰਾਂ ਤੋਂ ਬਿਨਾਂ ਸੰਭਵ ਨਹੀ ਹੋ ਸਕਣਾ ਸੀ। ਜਿਵੇਂ ਦਿਲਜੀਤ ਅਤੇ ਮੈਂ ਕਹਿੰਦੇ ਆਏ ਹਾਂ ਕਿ ਅਸੀਂ ਫ਼ਿਲਮ ਦੇ ਕੌਂਪਰੋਮਾਈਜ਼ਡ ਰੂਪ ਦਾ ਸਮਰਥਨ ਨਹੀਂ ਕਰਾਂਗੇ, ਰੱਬ ਦੀ ਕਿਰਪਾ ਨਾਲ ਸਾਨੂੰ ਅਜਿਹਾ ਕਰਨ ਦੀ ਲੋੜ ਨਹੀਂ।"

ਬੀਬੀਸੀ ਪੰਜਾਬੀ ਨੇ ਇਸ ਫ਼ਿਲਮ ਦੇ ਰਿਲੀਜ਼ ਨਾ ਹੋ ਸਕਣ ਨੂੰ ਲੈ ਕੇ ਮਾਰਚ 2025 ਵਿੱਚ ਫ਼ਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨਾਲ ਗੱਲ ਕੀਤੀ ਸੀ।

ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਜਸਵੰਤ ਖਾਲੜਾ ʼਤੇ ਬਣੀ ਫਿਲਮ ਪੰਜਾਬ ʼ95 ਦਾ ਪਹਿਲਾਂ ਨਾਮ ʻਘੱਲੂਘਾਰਾʼ ਸੀ, "ਫਿਰ ਇਸ ਦਾ ਨਾਮ ʻਪੰਜਾਬ 95ʼ ਕੀਤਾ ਗਿਆ, ਬਲਕਿ ਸਾਡੇ ਕੋਲੋਂ ਕਰਵਾਇਆ ਗਿਆ।"

ਫ਼ਿਲਮ ਦੀ ਰਿਲੀਜ਼ 'ਚ ਦਿੱਕਤਾਂ ਬਾਰੇ ਡਾਇਰੈਕਟਰ ਨੇ ਕੀ ਕਿਹਾ ਸੀ?

ਜਸਵੰਤਸਿੰਘ ਖਾਲੜਾ ਅਤੇ ਦਿਲਜੀਤ ਦੋਸਾਂਝ

ਤਸਵੀਰ ਸਰੋਤ, KHALRA MISSION ORGANISATION/FB

ਤਸਵੀਰ ਕੈਪਸ਼ਨ, ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਕੀਤਾ ਗਿਆ ਸੀ

ਹਨੀ ਤ੍ਰੇਹਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸੈਂਟਰਲ ਬੋਰਡ ਆਫ ਫਿਲਮ ਸਰੀਟਫਿਕੇਟ (ਸੀਬੀਐੱਫਸੀ) ਨੇ ਉਨ੍ਹਾਂ ਨੂੰ ਪਹਿਲਾਂ 21 ਕੱਟਾਂ ਲਈ ਕਿਹਾ ਸੀ ਕਿ ਇਹ ਠੀਕ ਕਰ ਦਿਓ।

ਪਰ ਜਿਵੇਂ-ਜਿਵੇਂ ਗੱਲ ਅੱਗੇ ਵਧਦੀ ਗਈ ਉਹ ਕੱਟ 120 ਤੋਂ ਉੱਪਰ ਪਹੁੰਚ ਗਏ ਸਨ। ਇਹ ਤਾਂ ਮੇਰੀ ਸਮਝ ਤੋਂ ਪਰੇ ਹੈ ਅਤੇ ਬਿਨਾਂ ਸਮਝ ਲਗਾਏ ਗਏ ਕੱਟ ਸਨ।

ਉਸ ਵੇਲੇ ਹਨੀ ਨੇ ਕਿਹਾ ਸੀ, "ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਤੇ ਕਹਿੰਦੇ ਹਨ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਢ ਦਿਓ। ਮਤਲਬ ਇਹ ਤਾਂ ਅਪਰਾਧ ਹੈ। ਇਹ ਸਾਰੀਆਂ ਮੰਗਾਂ ਤਾਂ ਨਹੀਂ ਮੰਨੀਆਂ ਜਾ ਸਕਦੀਆਂ।"

ਉਹ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਦਿੱਕਤ ਹੈ ਉਹ ਮੇਰੇ ਸਾਹਮਣੇ ਆ ਕੇ ਗੱਲ ਤਾਂ ਕਰਨ। ਜੇਕਰ ਕੋਈ ਜਾਇਜ਼ ਦਿੱਕਤ ਹੈ ਤਾਂ ਮੈਂ ਮੰਨਣ ਨੂੰ ਬਿਲਕੁਲ ਤਿਆਰ ਹਾਂ। ਮੈਂ ਸ਼ਾਂਤ ਅਤੇ ਆਗਿਆਕਾਰੀ ਨਾਗਰਿਕ ਹਾਂ ਅਤੇ ਕਾਨੂੰਨ ਦੀ ਪਾਲਣਾ ਕਰਦਾ ਹਾਂ।"

"ਜਿਸ ਕਿਸੇ ਨੂੰ ਦਿੱਕਤ-ਪਰੇਸ਼ਾਨੀ ਹੈ ਤਾਂ ਮੈਂ ਨਿਆਂਪਾਲਿਕਾ ਵਿੱਚ ਲੜਨ ਲਈ ਤਿਆਰ ਹਾਂ। ਪਰ ਜੇ ਤੁਸੀਂ ਅਦਾਲਤ ਹੀ ਨਹੀਂ ਜਾਣ ਦਿਓਗੇ ਤਾਂ ਕੀ ਕਰਾਂਗੇ।"

ਜਸਵੰਤ ਸਿੰਘ ਖਾਲੜਾ ਕੌਣ ਸਨ?

ਜਸਵੰਤ ਸਿੰਘ ਖਾਲੜਾ

ਤਸਵੀਰ ਸਰੋਤ, Khalra Mission Committee

ਤਸਵੀਰ ਕੈਪਸ਼ਨ, ਜਸਵੰਤ ਸਿੰਘ ਖਾਲੜਾ ਨੇ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ

ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤੇ।

ਅਦਾਲਤਾਂ ਵਿੱਚ ਸੀਬੀਆਈ ਨੇ ਜੋ ਵੇਰਵੇ ਦਿੱਤੇ ਉਨ੍ਹਾਂ ਮੁਤਾਬਕ, ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।

ਉਨ੍ਹਾਂ ਮੁਤਾਬਕ, ਪੰਜਾਬ 1980ਵਿਆਂ ਅਤੇ 1990ਵਿਆਂ ਦੌਰ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਵੀ ਲਗਾਤਾਰ ਚਰਚਾ ਵਿੱਚ ਰਿਹਾ।

ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।

ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।

ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਸ਼ਮਸ਼ਾਨ ਘਾਟਾਂ ਤੱਕ ਪੁਲਿਸ ਵਲੋਂ ਪਹੁੰਚਾਈਆਂ ਗਈਆਂ ਸਨ।

ਸੀਬੀਆਈ ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਉਠਾਈ।

ਰਿਪੋਰਟ ਮੁਤਾਬਕ, "ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਅਪਰਾਧਿਕ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ 6 ਸਤੰਬਰ 1995 ਨੂੰ ਖਾਲੜਾ ਨੂੰ ਉਨ੍ਹਾਂ ਦੀ ਕਬੀਰ ਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ।''

''ਉਨ੍ਹਾਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਗਈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)