ਜੋਖ਼ਮ ਲੈਣ ਦਾ ਮਨੋਵਿਗਿਆਨ: ਸਿੱਧਾ 50,000 ਡਾਲਰ ਜਾਂ 1 ਮਿਲੀਅਨ ਡਾਲਰ ਜਿੱਤਣ ਦਾ 50/50 ਮੌਕਾ, ਜੇ ਤੁਹਾਡੇ ਸਾਹਮਣੇ ਅਜਿਹੀ ਪੇਸ਼ਕਸ਼ ਆਵੇ ਤਾਂ ਤੁਸੀਂ ਕੀ ਚੁਣੋਗੇ?

ਤਸਵੀਰ ਸਰੋਤ, Getty Images
- ਲੇਖਕ, ਲਿਜ਼ੀ ਮੈਕਨੀਲ ਅਤੇ ਟੌਮ ਕੌਲਸ
- ਰੋਲ, ਮੋਰ ਔਰ ਲੈੱਸ, ਬੀਬੀਸੀ ਪੌਡਕਾਸਟ ਅਤੇ ਸੀਰੀਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਜੇ ਤੁਹਾਡੇ ਅੱਗੇ ਦੋ ਮੌਕੇ ਹੋਣ, ਇੱਕ ਵਿੱਚ ਤੁਸੀਂ ਸਿੱਧਾ 50 ਹਜ਼ਾਰ ਡਾਲਰ ਲੈ ਸਕਦੇ ਹੋ ਅਤੇ ਦੂਜੇ ਵਿੱਚ ਤੁਸੀਂ 1 ਮਿਲੀਅਨ ਡਾਲਰ ਜਿੱਤ ਸਕਦੇ ਹੋ, ਪਰ ਉਸ ਵਿੱਚ ਜਿੱਤਣ ਦੀ ਉਮੀਦ 50 ਫੀਸਦੀ ਹੈ, ਤਾਂ ਤੁਸੀਂ ਦੋਵਾਂ ਵਿੱਚੋਂ ਕਿਸ ਨੂੰ ਚੁਣੋਗੇ?
ਹਾਲ ਹੀ ਵਿੱਚ, ਇੰਟਰਨੈਸ਼ਨਲ ਰਿਸਰਚ ਅਤੇ ਡੇਟਾ ਐਨਾਲੇਟਿਕਸ ਫਰਮ ਯੂਗੋਵ ਨੇ 4,600 ਬ੍ਰਿਟਿਸ਼ ਬਾਲਗਾਂ ਦੇ ਸਾਹਮਣੇ ਅਜਿਹੀ ਹੀ ਦੁਵਿਧਾ ਭਰੀ ਸਥਿਤੀ ਰੱਖੀ।
ਨਤੀਜਾ ਕੀ ਰਿਹਾ?
ਲਗਭਗ ਤਿੰਨ-ਚੌਥਾਈ (73%) ਲੋਕਾਂ ਨੇ ਕਿਹਾ ਕਿ ਉਹ ਹੁਣੇ 50,000 ਡਾਲਰ ਲੈਣਾ ਪਸੰਦ ਕਰਨਗੇ।
ਸਿਰਫ਼ 21% ਲੋਕਾਂ ਨੇ 1 ਮਿਲੀਅਨ ਡਾਲਰ ਜਿੱਤਣ ਦਾ ਮੌਕਾ ਚੁਣਿਆ ਅਤੇ 6% ਲੋਕ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਕੀ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਇਸ ਫੈਸਲੇ ਵਿੱਚ ਲਿੰਗ ਦੇ ਆਧਾਰ 'ਤੇ ਵੀ ਸਾਫ਼ ਅੰਤਰ ਨਜ਼ਰ ਆਇਆ, 82% ਮਹਿਲਾਵਾਂ ਨੇ 50,000 ਡਾਲਰ ਚੁਣੇ, ਜਦਕਿ ਮਰਦਾਂ ਵਿੱਚ ਇਹ ਅੰਕੜਾ 63% ਸੀ।
ਸ਼ੁਰੂ ਵਿੱਚ ਇਹ ਸਰਵੇਖਣ ਸਿਰਫ਼ ਯੂਨਾਈਟਿਡ ਕਿੰਗਡਮ ਵਿੱਚ ਕੀਤਾ ਗਿਆ ਸੀ ਅਤੇ ਇਸ ਦੇ ਨਤੀਜਿਆਂ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ।
ਇੱਕ ਵਿਅਕਤੀ ਨੇ ਟਿੱਪਣੀ ਕਰਦਿਆਂ ਕਿਹਾ, "ਬ੍ਰਿਟੇਨ ਸ਼ਾਇਦ ਦੁਨੀਆ ਦਾ ਸਭ ਤੋਂ ਜ਼ਿਆਦਾ ਰਿਸਕ ਤੋਂ ਬਚਣ ਵਾਲਾ ਸਮਾਜ ਹੈ!"
ਇੱਕ ਹੋਰ ਵਿਅਕਤੀ ਨੇ ਕਿਹਾ, "ਯੂਕੇ ਨਾਲ ਇਹੀ ਤਾਂ ਸਮੱਸਿਆ ਹੈ!"
ਪਰ ਕੀ ਇਹ ਸੱਚ ਹੈ? ਕੀ ਬ੍ਰਿਟਿਸ਼ ਲੋਕ ਅਤੇ ਸ਼ਾਇਦ ਤੁਸੀਂ ਵੀ, ਜੇ ਤੁਸੀਂ ਪਹਿਲਾ ਆਪਸ਼ਨ ਜਾਂ ਮੌਕਾ ਚੁਣਦੇ ਹੋ, ਬਿਨਾਂ ਕਿਸੇ ਠੋਸ ਕਾਰਨ ਦੇ ਰਿਸਕ ਲੈਣ ਤੋਂ ਬਚਦੇ ਹਨ?
ਕੀ ਤੁਸੀਂ ਸਿੱਕਾ ਉਛਾਲ ਕੇ ਫੈਸਲੇ ਲੈਂਦੇ ਹੋ?

ਤਸਵੀਰ ਸਰੋਤ, Getty Images
ਬੀਬੀਸੀ ਦੇ ਇਕਨਾਮਿਕਸ ਐਡੀਟਰ ਫੈਸਲ ਇਸਲਾਮ ਇਸ ਸੋਚ ਨੂੰ ਚੁਣੌਤੀ ਦਿੰਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਇਸ ਸਵਾਲ ਨੂੰ ਸਿਰਫ਼ ਸੰਭਾਵਨਾ (ਪ੍ਰੋਬੇਬਿਲਿਟੀ) ਦੇ ਨਜ਼ਰੀਏ ਤੋਂ ਦੇਖਣਾ ਬਹੁਤ ਸੀਮਤ ਸੋਚ ਹੈ।
ਉਹ ਕਹਿੰਦੇ ਹਨ, "ਜੋ ਲੋਕ ਸੋਚਦੇ ਹਨ ਕਿ ਤੁਹਾਨੂੰ ਸਿੱਕਾ ਉਛਾਲਣ ਵਾਲਾ ਆਪਸ਼ਨ ਚੁਣਨਾ ਚਾਹੀਦਾ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਸਮਝਦਾਰੀ ਦਿਖਾ ਰਹੇ ਹਨ ਅਤੇ 50,000 ਡਾਲਰ ਦੀ ਪੱਕੀ ਰਕਮ ਲੈਣਾ ਬੇਵਕੂਫ਼ੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਇਕਨਾਮਿਕਸ ਦਾ ਬੇਸਿਕ ਕੌਂਸੈਪਟ ਹੈ, ਜਿਸ ਨੂੰ ਬਿਹੇਵੀਅਰਲ ਇਕਨਾਮਿਕਸ ਵਿੱਚ 'ਡਿਸੀਜ਼ਨ ਥਿਊਰੀ' ਕਿਹਾ ਜਾਂਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ 'ਐਕਸਪੈਕਟਿਡ ਵੈਲਿਊ' (ਸੰਭਾਵਿਤ ਮੁੱਲ), ਜਿਸ ਨੂੰ ਸੰਭਾਵਨਾ ਅਤੇ ਨਤੀਜੇ ਨੂੰ ਗੁਣਾ ਕਰਕੇ ਕੱਢਿਆ ਜਾਂਦਾ ਹੈ, ਅਸਲ ਵਿੱਚ ਉਸ ਤਰ੍ਹਾਂ ਕੰਮ ਨਹੀਂ ਕਰਦੀ ਜਿਵੇਂ ਸਾਡਾ ਦਿਮਾਗ ਕੰਮ ਕਰਦਾ ਹੈ ਜਾਂ ਅਸੀਂ ਫ਼ੈਸਲੇ ਲੈਂਦੇ ਹਾਂ।
ਫੈਸਲ, ਸਵਿਸ ਗਣਿਤ-ਵਿਗਿਆਨੀ ਡੈਨਿਅਲ ਬਰਨੌਲੀ (1700-1782) ਦੇ ਕੰਮ ਦਾ ਜ਼ਿਕਰ ਕਰਦੇ ਹਨ, ਜਿਨ੍ਹਾਂ ਨੇ ਲਗਭਗ ਤਿੰਨ ਸਦੀਆਂ ਪਹਿਲਾਂ ਇੱਕ ਅਹਿਮ ਗੱਲ ਸਮਝੀ ਸੀ ਕਿ ਲੋਕ ਪੈਸੇ ਨੂੰ ਸਿਰਫ਼ ਗਣਿਤਕ ਨਜ਼ਰੀਏ ਨਾਲ ਨਹੀਂ ਦੇਖਦੇ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ, ਕਿਸੇ ਚੀਜ਼ ਦੀ ਮੋਨਿਟਰੀ ਵੈਲਿਊ (ਪੈਸੇ ਵਿੱਚ ਕੀਮਤ) ਉਸ ਦੀ ਪਰਸਨਲ ਵੈਲਿਊ (ਨਿੱਜੀ ਮਹੱਤਤਾ) ਵਰਗੀ ਨਹੀਂ ਹੁੰਦੀ।

ਤਸਵੀਰ ਸਰੋਤ, Getty Images
ਬਰਨੌਲੀ ਦੇ ਕੰਮ ਨੇ 'ਡਿਮਿਨਿਸ਼ਿੰਗ ਮਾਰਜਿਨਲ ਯੂਟਿਲਿਟੀ' (ਘਟਦੀ ਸੀਮਾਂਤ ਉਪਯੋਗਤਾ) ਦੇ ਸਿਧਾਂਤ ਦੀ ਨੀਂਹ ਰੱਖਣ ਵਿੱਚ ਮਦਦ ਕੀਤੀ। ਇਹ ਸਿਧਾਂਤ ਦੱਸਦਾ ਹੈ ਕਿ ਕਿਸੇ ਚੀਜ਼ ਦੀ ਹਰ ਵਾਧੂ ਯੂਨਿਟ ਤੋਂ ਮਿਲਣ ਵਾਲਾ ਫ਼ਾਇਦਾ ਜਾਂ ਸੰਤੁਸ਼ਟੀ ਉਦੋਂ ਘਟਣ ਲੱਗਦੀ ਹੈ, ਜਦੋਂ ਕੋਈ ਵਿਅਕਤੀ ਉਸ ਨੂੰ ਹੋਰ ਜ਼ਿਆਦਾ ਮਾਤਰਾ ਵਿੱਚ ਹਾਸਿਲ ਕਰਦਾ ਹੈ।
ਸੌਖੇ ਸ਼ਬਦਾਂ ਵਿਚ, ਜਦੋਂ ਕਿਸੇ ਵਿਅਕਤੀ ਨੂੰ ਕਿਸੇ ਚੀਜ਼ ਦੀ ਮਾਤਰਾ ਵਾਰ-ਵਾਰ ਵੱਧ ਮਿਲਦੀ ਜਾਂਦੀ ਹੈ, ਤਾਂ ਹਰ ਅਗਲੀ ਯੂਨਿਟ ਤੋਂ ਮਿਲਣ ਵਾਲਾ ਫ਼ਾਇਦਾ ਜਾਂ ਸੰਤੁਸ਼ਟੀ ਆਮ ਤੌਰ 'ਤੇ ਘੱਟ ਹੁੰਦੀ ਜਾਂਦੀ ਹੈ।
ਉਦਾਹਰਨ ਲਈ:
• 0 ਡਾਲਰ ਤੋਂ 50,000 ਡਾਲਰ ਤੱਕ ਪਹੁੰਚਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਜ਼ਬਰਦਸਤ ਬਦਲਾਅ ਆ ਸਕਦਾ ਹੈ।
• 50,000 ਡਾਲਰ ਤੋਂ 100,000 ਡਾਲਰ ਤੱਕ ਪਹੁੰਚਣ ਨਾਲ ਵੀ ਕਾਫ਼ੀ ਮਦਦ ਮਿਲੇਗੀ, ਪਰ ਸ਼ਾਇਦ ਓਨੀ ਨਹੀਂ।
• 950,000 ਡਾਲਰ ਤੋਂ 1 ਮਿਲੀਅਨ ਤੱਕ ਪਹੁੰਚਣ ਨਾਲ ਤੁਹਾਡੀ ਸਥਿਤੀ ਵਿੱਚ ਸ਼ਾਇਦ ਹੀ ਕੋਈ ਖ਼ਾਸ ਫ਼ਰਕ ਪਵੇ।
ਉਪਰੋਕਤ ਮਾਮਲੇ ਵਿੱਚ ਅਤੇ ਕਈ ਬ੍ਰਿਟਿਸ਼ ਲੋਕਾਂ ਵੱਲੋਂ ਮਹਿਸੂਸ ਕੀਤੇ ਜਾ ਰਹੇ ਮੌਜੂਦਾ ਆਰਥਿਕ ਦਬਾਅ ਨੂੰ ਦੇਖਦੇ ਹੋਏ 50,000 ਪੌਂਡ ਦਾ ਪੱਕਾ ਮਿਲਣਾ ਬਹੁਤ ਆਕਰਸ਼ਕ ਲੱਗਦਾ ਹੈ।
ਆਖ਼ਿਰਕਾਰ, ਸਰਕਾਰੀ ਅੰਕੜਿਆਂ ਮੁਤਾਬਕ, ਇਹ ਯੂਕੇ ਵਿੱਚ ਫੁੱਲ-ਟਾਈਮ ਕੰਮ ਕਰਨ ਵਾਲਿਆਂ ਦੀ ਔਸਤ ਸਾਲਾਨਾ ਤਨਖ਼ਾਹ ਤੋਂ 10,000 ਪੌਂਡ ਜ਼ਿਆਦਾ ਹੈ।
ਪਰ ਸਿਰਫ਼ ਇਹੀ ਇੱਕ ਗੱਲ ਨਹੀਂ ਹੈ। ਇੱਕ ਹੋਰ ਅਹਿਮ ਵਿਚਾਰ ਹੈ 'ਪ੍ਰੋਸਪੈਕਟ ਥਿਊਰੀ'।
ਨੁਕਸਾਨ ਦਾ ਡਰ

ਤਸਵੀਰ ਸਰੋਤ, Getty Images
ਪ੍ਰੋਸਪੈਕਟ ਥਿਊਰੀ, ਡੈਨਿਅਲ ਕਾਹਨੇਮੈਨ ਅਤੇ ਅਮੋਸ ਟਵਰਸਕੀ ਦੇ 1979 ਦੇ ਇੱਕ ਅਹਿਮ ਪੇਪਰ ਤੋਂ ਨਿੱਕਲੀ ਹੈ ਅਤੇ ਇਸ ਨੂੰ ਬਿਹੇਵੀਅਰਲ ਇਕਨਾਮਿਕਸ (ਵਿਹਾਰਕ ਅਰਥਸ਼ਾਸਤਰ) ਦੀ ਨੀਂਹ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਵੱਡੇ ਪੱਧਰ 'ਤੇ ਕੀਤੇ ਗਏ ਕੰਟਰੋਲਡ ਸਰਵੇਖਣ ਦੇ ਆਧਾਰ 'ਤੇ, ਜਿਨ੍ਹਾਂ ਵਿੱਚ ਲੋਕਾਂ ਨੇ ਵੱਖ-ਵੱਖ ਆਰਥਿਕ ਨਤੀਜਿਆਂ ਵਿਚਕਾਰ ਚੋਣ ਕੀਤੀ, ਇਸ ਜੋੜੀ ਨੇ ਕਈ ਪ੍ਰਭਾਵਸ਼ਾਲੀ ਨਤੀਜੇ ਕੱਢੇ ਕਿ ਲੋਕ ਰਿਸਕ (ਜੋਖਮ) ਅਤੇ ਇਨਾਮ ਦਾ ਮੁਲਾਂਕਣ ਕਿਵੇਂ ਕਰਦੇ ਹਨ।
ਇੱਕ ਨਤੀਜਾ ਇਹ ਨਿੱਕਲਿਆ ਕਿ ਲੋਕ ਛੋਟੀਆਂ ਸੰਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਦਰਮਿਆਨੀ ਅਤੇ ਵੱਡੀਆਂ ਸੰਭਾਵਨਾਵਾਂ ਨੂੰ ਬਹੁਤ ਘੱਟ ਮਹੱਤਵ ਦਿੰਦੇ ਹਨ। ਲੋਕ ਪੈਸੇ ਅਤੇ ਰਿਸਕ ਬਾਰੇ ਫ਼ੈਸਲੇ ਵੀ ਇੱਕ 'ਰੈਫ਼ਰੈਂਸ ਪੁਆਇੰਟ' (ਸੰਦਰਭ ਬਿੰਦੂ) ਦੇ ਆਧਾਰ 'ਤੇ ਲੈਂਦੇ ਹਨ।
ਉਦਾਹਰਨ ਲਈ, ਕਿਸੇ ਦੋਸਤ ਨਾਲ ਸ਼ਰਤ ਵਿੱਚ 10 ਡਾਲਰ ਹਾਰਨ ਤੋਂ ਬਾਅਦ, ਤੁਸੀਂ ਉਸ ਨੂੰ ਵਾਪਸ ਜਿੱਤਣ ਦੀ ਕੋਸ਼ਿਸ਼ ਵਿੱਚ ਇੱਕ ਹੋਰ 10 ਡਾਲਰ ਦਾ ਰਿਸਕ ਲੈਣ ਲਈ ਜ਼ਿਆਦਾ ਤਿਆਰ ਹੋ ਸਕਦੇ ਹੋ, ਬਜਾਏ ਇਸ ਦੇ ਕਿ ਤੁਸੀਂ ਸ਼ੁਰੂ ਤੋਂ ਹੀ 20 ਅਲਰ ਦੀ ਸ਼ਰਤ ਲਗਾਵੋ।
ਦੂਜੇ ਸ਼ਬਦਾਂ ਵਿੱਚ, ਤੁਸੀਂ ਕਿਸੇ ਰਕਮ ਜਾਂ ਨਤੀਜੇ ਨੂੰ ਇਕੱਲੇ ਨਹੀਂ ਦੇਖਦੇ, ਸਗੋਂ ਆਪਣੀ ਮੌਜੂਦਾ ਸਥਿਤੀ ਨਾਲ ਤੁਲਨਾ ਕਰਕੇ ਉਸਦੀ ਕੀਮਤ ਤੈਅ ਕਰਦੇ ਹੋ।
ਫਿਰ ਇਸ ਅਧਿਐਨ ਦਾ ਸਭ ਤੋਂ ਮਸ਼ਹੂਰ ਨਤੀਜਾ ਆਉਂਦਾ ਹੈ, "ਫ਼ਾਇਦੇ ਦੀ ਤੁਲਨਾ ਵਿੱਚ ਨੁਕਸਾਨ ਜ਼ਿਆਦਾ ਵੱਡਾ ਲੱਗਦਾ ਹੈ।"
ਪੈਸੇ ਦੀ ਕੋਈ ਰਕਮ ਹਾਰਨ ਨਾਲ ਹੋਣ ਵਾਲੀ ਤਕਲੀਫ਼, ਓਨੀ ਹੀ ਰਕਮ ਜਿੱਤਣ ਨਾਲ ਮਿਲਣ ਵਾਲੀ ਖੁਸ਼ੀ ਨਾਲੋਂ ਜ਼ਿਆਦਾ ਲੱਗਦੀ ਹੈ। ਲੋਕ ਉਨ੍ਹਾਂ ਚੀਜ਼ਾਂ ਨੂੰ ਗੁਆਉਣ ਤੋਂ ਬਚਣ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਜੋ ਉਨ੍ਹਾਂ ਕੋਲ ਪਹਿਲਾਂ ਤੋਂ ਹਨ। ਜੇ ਤੁਸੀਂ 1 ਮਿਲੀਅਨ ਪੌਂਡ ਜਿੱਤਣ ਦਾ ਮੌਕਾ ਚੁਣਦੇ ਹੋ ਅਤੇ ਨਹੀਂ ਜਿੱਤਦੇ, ਤਾਂ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ 50,000 ਪੌਂਡ ਗੁਆ ਦਿੱਤੇ ਹੋਣ।
ਬਹੁਤ ਸਾਰੇ ਲੋਕਾਂ ਲਈ ਇਹ ਬਹੁਤ ਵੱਡੀ ਰਕਮ ਹੈ। ਯੂਕੇ ਵਿੱਚ ਘਰ ਅਤੇ ਪੈਨਸ਼ਨ ਨੂੰ ਛੱਡ ਕੇ ਸਿਰਫ਼ 25% ਬ੍ਰਿਟਿਸ਼ ਲੋਕਾਂ ਕੋਲ 50,000 ਪੌਂਡ ਜਾਂ ਇਸ ਤੋਂ ਜ਼ਿਆਦਾ ਦੀ ਵਿੱਤੀ ਜਾਇਦਾਦ ਹੈ। ਦੂਜੇ ਪਾਸੇ, 25% ਲੋਕਾਂ ਕੋਲ 300 ਪੌਂਡ ਤੋਂ ਵੀ ਘੱਟ ਪੈਸੇ ਹਨ।
ਹਾਲਾਂਕਿ, ਸਰਵੇਖਣ ਮੁਤਾਬਕ, ਆਮ ਤੌਰ 'ਤੇ ਘੱਟ ਕਮਾਈ ਦੇ ਬਾਵਜੂਦ 18 ਤੋਂ 24 ਸਾਲ ਉਮਰ ਵਰਗ ਦੇ ਨੌਜਵਾਨ ਕਿਸੇ ਵੀ ਦੂਜੇ ਉਮਰ ਦੇ ਗਰੁੱਪ ਦੇ ਮੁਕਾਬਲੇ 1 ਮਿਲੀਅਨ ਪੌਂਡ ਲਈ ਦਾਅ ਲਗਾਉਣ ਨੂੰ ਜ਼ਿਆਦਾ ਤਿਆਰ ਸਨ। ਉਨ੍ਹਾਂ ਵਿੱਚੋਂ 28% ਲੋਕ ਸਿੱਕਾ ਉਛਾਲ ਕੇ ਰਿਸਕ ਲੈਣ ਲਈ ਤਿਆਰ ਸਨ, ਜਦਕਿ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਇਹ ਅੰਕੜਾ ਸਿਰਫ਼ 11% ਸੀ।
ਲਿੰਗ ਅਤੇ ਉਮਰ ਤੋਂ ਇਲਾਵਾ, ਆਨਲਾਈਨ ਕੁਝ ਲੋਕਾਂ ਨੇ ਕਿਹਾ ਕਿ ਸੱਭਿਆਚਾਰਕ ਅੰਤਰ ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਆਨਲਾਈਨ ਬਹਿਸ ਵਿੱਚ ਸ਼ਾਮਿਲ ਕੁਝ ਅਮਰੀਕੀਆਂ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਲੋਕ ਜ਼ਿਆਦਾ ਰਿਸਕ ਲੈਣ ਲਈ ਤਿਆਰ ਹੋ ਸਕਦੇ ਹਨ। ਇਸ ਲਈ ਇਹ ਸਹੀ ਸੀ ਕਿ ਕੁਝ ਦਿਨਾਂ ਬਾਅਦ YouGov ਨੇ ਅਮਰੀਕਾ ਵਿੱਚ ਵੀ ਇਹੀ ਸਵਾਲ ਪੁੱਛਿਆ।
ਨਤੀਜਾ ਲਗਭਗ ਉਹੀ ਰਿਹਾ।
(ਇਹ ਲੇਖ ਬੀਬੀਸੀ ਦੀ ਸੀਰੀਜ਼ 'ਮੋਰ ਔਰ ਲੈੱਸ' ਦੇ ਇੱਕ ਐਪੀਸੋਡ 'ਤੇ ਆਧਾਰਿਤ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



























