ਰਾਜ ਸਭਾ ਐੱਮਪੀ ਹਰਭਜਨ ਸਿੰਘ ਦੀ ਕਿਹੜੀ ਸੋਸ਼ਲ ਮੀਡੀਆ ਪੋਸਟ ਕਰਕੇ ਵਿਵਾਦ ਹੋਇਆ, ਆਮ ਆਦਮੀ ਪਾਰਟੀ ਨੇ ਭੱਜੀ ਉੱਤੇ ਕੀ ਨਿਸ਼ਾਨੇ ਲਗਾਏ

ਹਰਭਜਨ ਸਿੰਘ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਭਜਨ ਸਿੰਘ ਵੱਲੋਂ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਸ ਉੱਤੇ ਕੁਝ ਵੱਲੋਂ ਸਮਰਥਨ ਵਿੱਚ ਪ੍ਰਤੀਕਿਰਿਆ ਦਿੱਤੀ ਗਈ ਅਤੇ ਕਈ ਲੋਕਾਂ ਨੇ ਵਿਰੋਧ ਕੀਤਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਨੇ ਪੰਜਾਬ ਸਰਕਾਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਆਹਮੋ ਸਾਹਮਣੇ ਲਿਆ ਦਿੱਤਾ ਹੈ।

ਹਰਭਜਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਉਸ ਦੀ ਕਲਿੱਪ ਵਿੱਚ ਦੋ ਨੌਜਵਾਨ ਨਜ਼ਰ ਆ ਰਹੇ ਹਨ। ਹਰਭਜਨ ਸਿੰਘ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਲਿਖਿਆ।

ਪੰਜਾਬ ਪੁਲਿਸ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਇਹ ਵੀਡੀਓ ਪੰਜਾਬ ਦੀ ਥਾਂ ਰਾਜਸਥਾਨ ਦੀ ਹੋਣ ਦੀ ਗੱਲ ਕਹੀ ਹੈ।

ਸੋਸ਼ਲ ਮੀਡੀਆ ਉੱਤੇ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਨੂੰ ਕਈ ਪੋਸਟਾਂ ਰਾਹੀਂ "ਜ਼ੌਂਬੀ ਡਰੱਗ" ਨਾਲ ਜੋੜਿਆ ਜਾ ਰਿਹਾ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਉੱਧਰ ਗੰਗਾਨਗਰ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਅਜੇ ਵੀਡੀਓ ਦੀ ਜਾਂਚ ਚੱਲ ਰਹੀ ਹੈ। ਇਸ ਮਗਰੋਂ ਹੀ ਵੀਡੀਓ ਦੀ ਲੋਕੇਸ਼ਨ ਬਾਰੇ ਪੁਸ਼ਟੀ ਹੋ ਸਕੇਗੀ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਪਹਿਲਾਂ ਹਰਭਜਨ ਸਿੰਘ ਵੱਲੋਂ ਬਿਨਾਂ ਨਾਮ ਲਏ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਵੀਡੀਓ ਨੂੰ ਰਾਜਸਥਾਨ ਦਾ ਦੱਸ ਕੇ ਤੁਰੰਤ ਪਲਟਵਾਰ ਕੀਤਾ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਕੌਮੀ ਅਤੇ ਪੰਜਾਬ ਦੇ ਆਗੂਆਂ ਨੇ ਹਰਭਜਨ ਸਿੰਘ ਦੇ ਨਾਲ-ਨਾਲ ਭਾਜਪਾ ਉੱਤੇ ਵੀ ਸ਼ਬਦੀ ਹਮਲਾ ਕੀਤਾ ਹੈ।

ਪੰਜਾਬ ਪੁਲਿਸ ਦੇ ਇਸ ਜਵਾਬ ਤੋਂ ਬਾਅਦ ਹਰਭਜਨ ਸਿੰਘ ਨੇ ਮੰਗਲਵਾਰ ਨੂੰ ਇੱਕ ਹੋਰ ਵੀਡੀਓ ਐਕਸ ਉਤੇ ਸ਼ੇਅਰ ਕੀਤੀ ਅਤੇ ਨਾਲ ਹੀ ਪੰਜਾਬ ਪੁਲਿਸ ਤੋਂ ਇਸ ਵੀਡੀਓ ਬਾਰੇ ਸਵਾਲ ਪੁੱਛਿਆ ਹੈ।

ਹਰਭਜਨ ਸਿੰਘ ਦਾ ਤਾਜ਼ਾ ਬਿਆਨ

ਵਾਇਰਲ ਵੀਡੀਓ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ, "ਮੈਂ ਚਾਹੁੰਦਾ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ। ਜੋ ਵੀਜ਼ੂਅਲ ਲੋਕਾਂ ਨੇ ਦੇਖੇ ਉਨ੍ਹਾਂ 'ਤੇ ਕਈ ਲੋਕਾਂ ਨੇ ਇਤਰਾਜ਼ ਵੀ ਜ਼ਾਹਰ ਕੀਤਾ ਹੈ ਕਿ ਇਹ ਪੰਜਾਬ ਦੇ ਨਹੀਂ ਹਨ। ਪਰ ਮੈਂ ਉਨ੍ਹਾਂ ਨੂੰ ਵੀ ਇਹੀ ਕਹਿਣਾ ਚਾਹਾਂਗਾ ਕਿ ਕੀ ਤੁਹਾਨੂੰ ਉੱਥੇ ਅਜਿਹੇ ਵਿਜ਼ੂਅਲ ਦੇਖਣ ਨੂੰ ਨਹੀਂ ਮਿਲਦੇ? ਮੈਂ ਤਾਂ ਉੱਥੇ ਰਹਿੰਦਾ ਹਾਂ ਅਤੇ ਕੀ ਪੰਜਾਬ ਨਸ਼ਾ-ਮੁਕਤ ਹੋ ਗਿਆ ਹੈ?"

"ਜੇਕਰ ਹੋ ਗਿਆ ਹੈ ਤਾਂ ਤੁਸੀਂ ਉਸ ਤੋਂ ਬਾਅਦ ਇਸ ਬਾਰੇ ਗੱਲ ਕਰੋ ਅਤੇ ਜੇਕਰ ਪੰਜਾਬ ਨੂੰ ਨਸ਼ਾ-ਮੁਕਤ ਕਰਵਾਉਣਾ ਹੈ ਤਾਂ ਇਸ ਲਈ ਜੋ ਕੰਮ ਤੁਸੀਂ ਕਰ ਰਹੇ ਹੋ, ਉਸ 'ਤੇ ਧਿਆਨ ਕੇਂਦਰਿਤ ਕਰੋ, ਨਾ ਕਿ ਕਿਸੇ ਵਿਅਕਤੀ ਨੂੰ ਇਸ ਗੱਲ ਲਈ ਨਿਸ਼ਾਨਾ ਬਣਾਓ ਕਿ ਉਹ ਇਹ ਮੁੱਦਾ ਕਿਉਂ ਚੁੱਕ ਰਿਹਾ ਹੈ। ਜੇਕਰ ਮੈਂ ਪੰਜਾਬ ਦੇ ਮੁੱਦਿਆਂ 'ਤੇ ਗੱਲ ਨਹੀਂ ਕਰਾਂਗਾ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਇੱਥੇ ਮੇਰੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ।"

"ਮੈਨੂੰ ਲੱਗਦਾ ਹੈ ਕਿ ਪੰਜਾਬ ਲਈ ਇਹ ਗੰਭੀਰ ਮੁੱਦੇ ਹਨ, ਜਿਨ੍ਹਾਂ 'ਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਮੈਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਲਈ, ਪੰਜਾਬ ਦੀ ਭਲਾਈ ਲਈ, ਪੰਜਾਬ ਨੂੰ ਨਸ਼ਾ-ਮੁਕਤ ਕਰਵਾਉਣ ਲਈ ਅਤੇ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਇਹ ਮੁੱਦੇ ਉਠਾਉਂਦਾ ਰਹਾਂਗਾ।"

ਕੀ ਹੈ ਵੀਡੀਓ ਸਬੰਧੀ ਵਿਵਾਦ?

ਹਰਭਜਨ ਸਿੰਘ ਦੀ ਪੋਸਟ

ਤਸਵੀਰ ਸਰੋਤ, X/harbhajan_singh

ਪੂਰਾ ਮਾਮਲਾ ਸੋਮਵਾਰ ਨੂੰ ਉਸ ਵੇਲੇ ਸੁਰਖ਼ੀਆਂ ਵਿੱਚ ਆਇਆ ਜਦੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ।

ਵੀਡੀਓ ਦੇ ਨਾਲ ਉਨ੍ਹਾਂ ਭਾਵੁਕ ਸੰਦੇਸ਼ ਵੀ ਲਿਖਿਆ, "ਨਜ਼ਰ ਲੱਗ ਗਈ ਯਾਰ ਸਾਡੇ ਪੰਜਾਬ ਨੂੰ... ਸਰਕਾਰਾਂ ਨੇ ਕੀ ਹਾਲ ਬਣਾ ਦਿੱਤਾ ਪੰਜਾਬ ਦਾ ਤੇ ਪੰਜਾਬੀ ਨੌਜਵਾਨਾਂ ਦਾ। ਰੋਣਾ ਆਉਂਦਾ ਏ ਇਹ ਸਭ ਦੇਖ ਕੇ। ਬਖ਼ਸ਼ ਦਿਓ ਮੇਰੇ ਪੰਜਾਬ ਨੂੰ… ਮਾਫ਼ ਕਰੋ ਪੰਜਾਬ ਨੂੰ, ਕਿੱਥੇ ਲੈ ਆਏ ਓ ਪੰਜਾਬ ਨੂੰ? ਜਿਹੜਾ ਪੰਜਾਬ ਕਦੇ ਚੜ੍ਹਦੀ ਕਲਾ, ਹਿੰਮਤ ਤੇ ਬਹਾਦਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਘੇਰ ਲਿਆ ਏ। ਹਾਲੇ ਵੀ ਵੇਲਾ ਹੈ - ਮੇਰੇ ਪੰਜਾਬ ਨੂੰ ਬਚਾ ਲਓ।"

ਹਰਭਜਨ ਸਿੰਘ ਵੱਲੋਂ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਸ ਉੱਤੇ ਕੁਝ ਵੱਲੋਂ ਸਮਰਥਨ ਵਿੱਚ ਪ੍ਰਤੀਕਿਰਿਆ ਦਿੱਤੀ ਗਈ ਅਤੇ ਕਈ ਲੋਕਾਂ ਨੇ ਵਿਰੋਧ ਕੀਤਾ।

ਕੀ ਹੈ ਜ਼ੌਂਬੀ ਡਰੱਗ?

ਜ਼ੌਂਬੀ ਡਰੱਗ ਆਮ ਤੌਰ 'ਤੇ 'ਜ਼ਾਈਲਾਜ਼ੀਨ' (Xylazine) ਨੂੰ ਕਿਹਾ ਜਾਂਦਾ ਹੈ, ਜੋ ਜਾਨਵਰਾਂ (ਖਾਸ ਕਰਕੇ ਘੋੜਿਆਂ ਅਤੇ ਵੱਡੇ ਜਾਨਵਰਾਂ ਲਈ) ਦੇ ਇਲਾਜ਼ ਜਾਂ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਨਸਾਨਾਂ ਲਈ ਇਸ ਦੀ ਵਰਤੋਂ ਦੀ ਮਨਾਹੀ ਹੈ।

'ਜ਼ੌਂਬੀ ਡਰੱਗ' ਲਈ ਅੱਜਕੱਲ੍ਹ ਇਹ ਲਫ਼ਜ਼ ਜ਼ਿਆਦਾਤਰ 'ਜ਼ਾਈਲਾਜ਼ੀਨ' ਦਵਾਈ ਲਈ ਵਰਤਿਆ ਜਾਂਦਾ ਹੈ।

ਇੰਡੀਅਨ ਵੈਟਨਰੀ ਕੌਂਸਲ ਐਕਟ 1984 ਮੁਤਾਬਕ ਇਹ ਸਿਰਫ਼ ਰਜਿਸਟਰਡ ਵੈਟਰਨਰੀ ਡਾਕਟਰ ਦੀ ਨਿਗਰਾਨੀ ਹੇਠ ਹੀ ਵਰਤੀ ਜਾਣੀ ਚਾਹੀਦੀ ਹੈ। ਕੌਂਸਲ ਮੁਤਾਬਕ ਇਹ ਦਵਾਈ ਪਸ਼ੂਆਂ (ਖਾਸ ਕਰਕੇ ਗਾਵਾਂ, ਘੋੜੇ, ਕੁੱਤੇ, ਬਿੱਲੀਆਂ ਆਦਿ) ਦੇ ਇਲਾਜ ਵਿੱਚ ਵਰਤੀ ਜਾਂਦੀ ਹੈ।

ਭਾਰਤ ਵਿੱਚ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋਏ ਸਨ ਜਿਨ੍ਹਾਂ ਵਿੱਚ ਲੋਕ ਬੇਹੋਸ਼ ਜਾਂ ਭਟਕਦੇ ਦਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਨੂੰ "ਜ਼ੌਂਬੀ ਡਰੱਗ" ਨਾਲ ਜੋੜਿਆ ਗਿਆ ਪਰ ਬਹੁਤੀਆਂ ਘਟਨਾਵਾਂ ਵਿੱਚ ਪੁਲਿਸ ਅਤੇ ਡਾਕਟਰੀ ਜਾਂਚ ਵਿੱਚ ਇਸ ਡਰੱਗ ਦੀ ਪੁਸ਼ਟੀ ਨਹੀਂ ਹੋਈ ਹੈ।

ਪੰਜਾਬ ਪੁਲਿਸ ਦੀ ਹਰਭਜਨ ਸਿੰਘ ਨੂੰ ਸਲਾਹ

ਪੰਜਾਬ ਪੁਲਿਸ ਦੀ ਪੋਸਟ

ਤਸਵੀਰ ਸਰੋਤ, X/PunjabPolicInd

ਵੀਡੀਓ ਵਾਇਰਲ ਹੁੰਦੀ ਵੇਖ ਪੰਜਾਬ ਪੁਲਿਸ ਹਰਕਤ ਵਿੱਚ ਆਈ ਅਤੇ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਰਾਤ ਇਸ ਵੀਡੀਓ ਬਾਰੇ ਦਾਅਵਾ ਕਰਦਿਆਂ ਇਸ ਬਾਰੇ ਜਾਣਕਾਰੀ ਐਕਸ ਉੱਤੇ ਸ਼ੇਅਰ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਹਰਭਜਨ ਸਿੰਘ ਨੂੰ ਜ਼ਿੰਮੇਵਾਰੀ ਨਾਲ ਚੀਜ਼ਾਂ ਸ਼ੇਅਰ ਕਰਨ ਦੀ ਨਸੀਹਤ ਵੀ ਦਿੱਤੀ।

ਪੰਜਾਬ ਪੁਲਿਸ ਮੁਤਾਬਕ "ਵਾਇਰਲ ਵੀਡੀਓ ਪੰਜਾਬ ਦਾ ਨਹੀਂ, ਬਲਕਿ ਰਾਜਸਥਾਨ ਦੇ ਸ੍ਰੀਗੰਗਾਨਗਰ ਦਾ ਹੈ ਅਤੇ ਇਸ ਦਾ ਪੰਜਾਬ ਪੁਲਿਸ ਨਾਲ ਕੋਈ ਸਬੰਧ ਨਹੀਂ ਹੈ। ਸਿਰਫ਼ ਪੰਜਾਬੀ ਆਡੀਓ ਟਰੈਕ ਹੋਣ ਨਾਲ ਕੋਈ ਘਟਨਾ 'ਪੰਜਾਬ ਦੀ ਘਟਨਾ' ਨਹੀਂ ਬਣ ਜਾਂਦੀ।"

"ਅਸੀਂ ਵਰਤੋਂਕਾਰਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਅਪੀਲ ਕਰਦੇ ਹਾਂ ਕਿ ਗੁੰਮਰਾਹਕੁਨ ਸਮੱਗਰੀ ਪੋਸਟ ਕਰਨ ਜਾਂ ਪੰਜਾਬ ਪੁਲਿਸ ਨੂੰ ਟੈਗ ਕਰਨ ਤੋਂ ਪਹਿਲਾਂ ਤੱਥਾਂ ਅਤੇ ਸਥਾਨ ਦੀ ਪੁਸ਼ਟੀ ਜ਼ਰੂਰ ਕਰ ਲੈਣ।"

ਹਰਭਜਨ ਸਿੰਘ ਪੰਜਾਬ

ਗੰਗਾਨਗਰ ਪੁਲਿਸ ਨੇ ਕੀ ਕਿਹਾ

ਪੰਜਾਬ ਪੁਲਿਸ ਦੇ ਦਾਅਵੇ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਸ੍ਰੀ ਗੰਗਾਨਗਰ ਦੇ ਐੱਸਐੱਸਪੀ ਹਰੀ ਸ਼ੰਕਰ ਨਾਲ ਉਹਨਾਂ ਦੇ ਅਧਿਕਾਰਤ ਨੰਬਰ ਉਤੇ ਸੰਪਰਕ ਕੀਤਾ।

ਐੱਸਐੱਸਪੀ ਹਰੀ ਸ਼ੰਕਰ ਨੇ ਦੱਸਿਆ, “ਪੰਜਾਬ ਪੁਲਿਸ ਨੇ ਜੋ ਦਾਅਵਾ ਕੀਤਾ ਹੈ, ਇਸ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਵੀਡੀਓ ਦੀ ਲੋਕੇਸ਼ਨ ਕੀ ਹੈ।”

ਪੰਜਾਬ ਪੁਲਿਸ ਦੇ ਜਵਾਬ ਤੋਂ ਬਾਅਦ ਹਰਭਜਨ ਸਿੰਘ ਨੇ ਪੰਜਾਬ ਭਾਜਪਾ ਦੇ ਅਕਾਉਂਟ ਉੱਤੇ ਪਾਈ ਗਈ ਇੱਕ ਹੋਰ ਵੀਡੀਓ ਰੀ-ਪੋਸਟ ਕੀਤੀ।

ਇਸ ਪੋਸਟ ਵਿੱਚ ਪੰਜਾਬ ਭਾਜਪਾ ਵੱਲੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਪੰਜਾਬ ਸਰਕਾਰ ਤੋਂ ਨਸ਼ੇ ਦੇ ਮਸਲੇ ਉੱਤੇ ਜਵਾਬ ਮੰਗੇ।

ਕੇਜਰੀਵਾਲ ਸਣੇ ਆਪ ਆਗੂਆਂ ਦੇ ਨਿਸ਼ਾਨੇ 'ਤੇ ਭਾਜਪਾ

ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, X/ArvindKejriwal

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮੁੱਦੇ ਉੱਤੇ ਤੁਰੰਤ ਸੋਸ਼ਲ ਮੀਡੀਆ ਉੱਤੇ ਹਰਭਜਨ ਸਿੰਘ ਅਤੇ ਭਾਜਪਾ ਬਾਰੇ ਤਲਖ਼ ਬਿਆਨ ਦਿੱਤੇ।

ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ 'ਤੇ ਗੁੰਮਰਾਹਕੁਨ ਸੋਸ਼ਲ ਮੀਡੀਆ ਸਮੱਗਰੀ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਹੈ।

ਇਸ ਮੁੱਦੇ ਉੱਤੇ ਮੋਰਚਾ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਆਪਣੀ ਲਿਖਤ ਰਾਹੀਂ ਭਾਜਪਾ ਖਿਲਾਫ ਖੋਲ੍ਹਿਆ। ਕੇਜਰੀਵਾਲ ਨੇ ਐਕਸ ਉਤੇ ਲਿਖਿਆ "ਭਾਜਪਾ ਦੇ ਕਈ ਲੋਕਾਂ ਨੇ ਕੱਲ੍ਹ ਇਕੱਠੇ ਹੋ ਕੇ ਇੱਕ ਝੂਠ ਫੈਲਾਇਆ, ਕੀ ਆਦੇਸ਼ ਪੀਐੱਮ ਦਫ਼ਤਰ ਤੋਂ ਆਇਆ ਸੀ? ਕੀ ਪੀਐੱਮਓ ਦੇਸ਼ ਵਿੱਚ ਝੂਠ ਫੈਲਾਉਂਦਾ ਹੈ?"

ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆਂ ਨੇ ਵੀ ਐਕਸ ਉੱਤੇ ਲਿਖਿਆ "ਪੰਜਾਬ ਨੂੰ ਬਦਨਾਮ ਕਰਨ 'ਤੇ ਉਤਰ ਆਏ ਹੋ ਤੁਸੀਂ, ਭਾਜਪਾ ਦੇ ਕਹਿਣ 'ਤੇ… ਐਹੋ ਜਿਹੀ ਵੀ ਕੀ ਮਜਬੂਰੀ ਹੈ।"

ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲਗਭਗ ਤੁਰੰਤ ਹੀ ਜਵਾਬੀ ਹਮਲਾ ਕਰਦਿਆਂ ਭਾਜਪਾ ਆਗੂ 'ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਦਾ ਵੀਡੀਓ ਪੰਜਾਬ ਦੀ ਘਟਨਾ ਵਜੋਂ ਪੇਸ਼ ਕਰਦਿਆਂ ਸਾਂਝਾ ਕੀਤਾ ਹੈ।

ਹਰਭਜਨ ਸਿੰਘ 'ਤੇ ਸਿੱਧਾ ਨਿਸ਼ਾਨਾ ਉੱਤੇ ਲੈਂਦਿਆਂ ਉਨ੍ਹਾਂ ਉੱਤੇ ਆਪਣੇ ਸਿਆਸੀ ਮਾਲਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਉਹ ਭਾਜਪਾ ਦੀ ਰਾਜਨੀਤੀ ਲਈ ਪੰਜਾਬ ਦਾ ਅਕਸ ਖ਼ਰਾਬ ਕਰਨ ਲਈ ਤਿਆਰ ਹਨ।

ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ 'ਤੇ ਗੁੰਮਰਾਹਕੁਨ ਸੋਸ਼ਲ ਮੀਡੀਆ ਸਮਗਰ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ ਹੈ।

ਨਸ਼ੇ ਦੀ ਸਮੱਸਿਆ ਪੰਜਾਬ 'ਚ ਕਿੰਨੀ ਗੰਭੀਰ

ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਸਮੱਸਿਆ ਹੈ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਬਾਕੀ ਮੁੱਦਿਆਂ ਦੇ ਨਾਲ ਨਾਲ ਸਿਆਸੀ ਪਾਰਟੀਆਂ ਨਸ਼ੇ ਦੇ ਮੁੱਦੇ ਉਤੇ ਵੀ ਗੱਲ ਕਰਦੀਆਂ ਹਨ।

ਨਸ਼ਾ ਅਤੇ ਇਸ ਕਰਕੇ ਜ਼ਿੰਦਗੀ ਗਵਾਉਂਦੇ ਨੌਜਵਾਨਾਂ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀਆਂ ਫ਼ਿਜ਼ਾਵਾਂ ਵਿੱਚ ਬਰਕਰਾਰ ਹੈ।

ਚੋਣਾਂ ਦੇ ਨੇੜੇ ਇਸ ਮੁੱਦੇ ਬਾਰੇ ਵੱਖ-ਵੱਖ ਦਾਅਵਿਆਂ ਅਤੇ ਵਾਅਦਿਆਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ, ਪਰ ਬੀਤੇ ਸਮੇਂ ਦੌਰਾਨ ਕੋਈ ਵੀ ਸਰਕਾਰ ਇਸ ਉਤੇ ਕਾਬੂ ਨਹੀਂ ਪਾ ਸਕੀ।

ਮੌਜੂਦਾ ਪੰਜਾਬ ਸਰਕਾਰ ਨੇ ਬਕਾਇਦਾ ਨਸ਼ੇ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਛੇੜੀ ਹੋਈ, ਜਿਸ ਦੇ 500 ਦਿਨ ਪੂਰੇ ਹੋ ਚੁੱਕੇ ਹਨ ਪਰ ਨਸ਼ੇ ਉਤੇ ਕਾਬੂ ਅਜੇ ਤੱਕ ਨਹੀਂ ਪਾਇਆ ਜਾ ਸਕਿਆ।

ਇਸ ਮੁਹਿੰਮ ਦੇ 500 ਦਿਨ ਪੂਰੇ ਹੋਣ ਉੱਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਮੁਹਿੰਮ ਦੌਰਾਨ ਐੱਨਡੀਪੀਐੱਸ ਐਕਟ ਤਹਿਤ 52 ਹਜ਼ਾਰ ਤੋਂ ਵੱਧ ਐੱਫਆਈਆਰ ਦਰਜ ਹੋਈਆਂ ਹਨ ਤੇ 68 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ।

ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੀ ਇਕ ਕਮੇਟੀ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਮੁਤਾਬਕ ਸੂਬੇ ਵਿੱਚ ਨਸ਼ੇ ਦੇ ਰਜਿਸਟਰਡ ਮਰੀਜ਼ਾਂ ਦੀ ਗਿਣਤੀ 3 ਲੱਖ 17 ਹਜ਼ਾਰ ਹੈ।

ਪੰਜਾਬ ਵਿੱਚ ਇਹ ਸਮੱਸਿਆ ਕਿੰਨੀ ਗੰਭੀਰ ਹੈ, ਇਸ ਦਾ ਅੰਦਾਜ਼ਾ ਵਿਧਾਨ ਸਭਾ ਦੀ ਇਸ ਰਿਪੋਰਟ ਵਿੱਚ ਦਿੱਤੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ।

ਰਿਪੋਰਟ ਮੁਤਾਬਕ ਕਰੀਬ ਸਾਢੇ ਚਾਰ ਸਾਲਾਂ ਵਿੱਚ 'ਓਪੀਓਇਡ ਸਬਸਟੀਟਿਊਸ਼ਨ ਥੈਰੇਪੀ' ਲਈ 43.44 ਕਰੋੜ 'ਬੁਪ੍ਰੇਨੋਰਫੀਨ' ਗੋਲੀਆਂ ਖ਼ਰੀਦੀਆਂ ਗਈਆਂ ਹਨ ਅਤੇ ਹਰ ਸਾਲ ਇਸ ਦੀ ਖਪਤ ਵਧਦੀ ਜਾ ਰਹੀ ਹੈ।

ਰਿਪੋਰਟ ਅਨੁਸਾਰ ਸਾਲ 2022 'ਚ 7 ਕਰੋੜ, 2023 'ਚ 9.44 ਕਰੋੜ, 2024 'ਚ 10 ਕਰੋੜ, 2025 'ਚ 11 ਕਰੋੜ ਅਤੇ 2026 'ਚ ਛੇ ਕਰੋੜ (ਰਿਪੋਰਟ ਹੋਣ ਤੱਕ) ਬੁਪ੍ਰੇਨੋਰਫੀਨ ਗੋਲੀਆਂ ਖਰੀਦੀਆਂ ਜਾ ਚੁੱਕੀਆਂ ਹਨ।

ਐਨਐਸਆਰਬੀ ਦੀ ਰਿਪੋਰਟ ਮੁਤਾਬਕ, ਪੰਜਾਬ ਵਿੱਚ ਸਾਲ 2024 ਵਿੱਚ ਨਸ਼ਿਆਂ ਦੀ ਉਵਰਡੋਜ਼ ਨਾਲ 106 ਮੌਤਾਂ ਹੋਈਆਂ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)