ਬੱਚੇ ਅਸ਼ਲੀਲ ਸਮੱਗਰੀ ਤੱਕ ਕਿਵੇਂ ਪਹੁੰਚ ਰਹੇ ਹਨ ? ਮਾਪਿਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ

ਕੰਪਿਊਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਦੇ ਚਿਲਡਰਨਜ਼ ਕਮਿਸ਼ਨਰ ਲਈ ਕੀਤੀ ਗਈ ਇੱਕ ਸਟੱਡੀ ਮੁਤਾਬਕ, ਬੱਚੇ ਨੌਂ ਸਾਲ ਦੀ ਉਮਰ ਤੋਂ ਹੀ ਆਨਲਾਈਨ ਅਸ਼ਲੀਲ ਸਮੱਗਰੀ ਦੇ ਸੰਪਰਕ ਵਿੱਚ ਆਉਣ ਲੱਗ ਪੈਂਦੇ ਹਨ (ਸੰਕੇਤਕ ਤਸਵੀਰ)
    • ਲੇਖਕ, ਪ੍ਰਤਿਭਾ ਨੂਰ ਕੌਰ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਕਥਿਤ ਤੌਰ 'ਤੇ 12 ਸਾਲ ਦੇ ਇੱਕ ਮੁੰਡੇ ਨੇ 9 ਮਹੀਨੇ ਦੀ ਬੱਚੀ ਨਾਲ ਰੇਪ ਕੀਤਾ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁੰਡੇ ਨੇ ਸ਼ਰਾਬ ਪੀਣ ਅਤੇ ਮੋਬਾਈਲ 'ਤੇ ਅਸ਼ਲੀਲ ਸਮੱਗਰੀ ਦੇਖਣ ਦੀ ਗੱਲ ਕਹੀ। ਪੁਲਿਸ ਨੂੰ ਉਸ ਦੇ ਫ਼ੋਨ ਵਿੱਚ ਵੀ ਵੱਡੀ ਗਿਣਤੀ ਵਿੱਚ ਅਸ਼ਲੀਲ ਵੀਡੀਓ ਮਿਲੇ।

ਇਹ ਘਟਨਾ ਇੱਕ ਗੰਭੀਰ ਸਵਾਲ ਖੜ੍ਹਾ ਕਰਦੀ ਹੈ ਕਿ ਬੱਚੇ ਅਸ਼ਲੀਲ ਸਮੱਗਰੀ ਤੱਕ ਕਿਵੇਂ ਪਹੁੰਚ ਰਹੇ ਹਨ ਅਤੇ ਇਸ ਦਾ ਉਨ੍ਹਾਂ 'ਤੇ ਕੀ ਅਸਰ ਪੈ ਸਕਦਾ ਹੈ?

ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਬੱਚਿਆਂ ਵਿੱਚ ਇਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਮਾਹਿਰ ਇਸ ਬਾਰੇ ਕੀ ਕਹਿੰਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਆਨਲਾਈਨ ਦੁਨੀਆ ਵਿੱਚ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹਨ?

ਬੱਚੇ ਕਿੰਨੀ ਉਮਰ 'ਚ ਅਸ਼ਲੀਲ ਸਮੱਗਰੀ ਦੇਖਣ ਲੱਗ ਪੈਂਦੇ ਹਨ?

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਜੇ ਬੱਚਾ ਅਚਾਨਕ ਬਹੁਤ ਜ਼ਿਆਦਾ ਰਾਜ਼ ਰੱਖਣ ਲੱਗੇ, ਤਾਂ ਉਸ ਵੱਲ ਧਿਆਨ ਦੇਵੋ। (ਸੰਕੇਤਕ ਤਸਵੀਰ)

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇੰਗਲੈਂਡ ਦੇ ਚਿਲਡਰਨਜ਼ ਕਮਿਸ਼ਨਰ ਲਈ ਕੀਤੀ ਗਈ ਇੱਕ ਸਟੱਡੀ ਮੁਤਾਬਕ, ਬੱਚੇ ਨੌਂ ਸਾਲ ਦੀ ਉਮਰ ਤੋਂ ਹੀ ਆਨਲਾਈਨ ਅਸ਼ਲੀਲ ਸਮੱਗਰੀ ਦੇ ਸੰਪਰਕ ਵਿੱਚ ਆਉਣ ਲੱਗ ਪੈਂਦੇ ਹਨ। ਚਾਰ ਵਿੱਚੋਂ ਇੱਕ ਨੌਜਵਾਨ ਨੇ ਪਹਿਲੀ ਵਾਰ ਅਜਿਹੀ ਸਮੱਗਰੀ ਪ੍ਰਾਇਮਰੀ ਸਕੂਲ ਦੌਰਾਨ ਦੇਖੀ।

ਅੱਧੇ ਬੱਚੇ 13 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਸ ਦੇ ਸੰਪਰਕ ਵਿੱਚ ਆ ਚੁੱਕੇ ਸਨ। ਕਈ ਬੱਚਿਆਂ ਨੇ ਕਿਹਾ ਕਿ ਉਹ ਜਾਣ-ਬੁੱਝ ਕੇ ਨਹੀਂ, ਸਗੋਂ ਇੰਟਰਨੈੱਟ 'ਤੇ ਆਮ ਖੋਜ ਕਰਦੇ ਹੋਏ ਅਚਾਨਕ ਅਜਿਹੀਆਂ ਵੈੱਬਸਾਈਟਾਂ ਤੱਕ ਪਹੁੰਚ ਗਏ।

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ ਅਧਿਐਨ ਦੱਸਦਾ ਹੈ ਕਿ ਮੁੰਡਿਆਂ ਵਿੱਚ ਪਹਿਲੀ ਵਾਰ ਅਸ਼ਲੀਲ ਸਮੱਗਰੀ ਦੇਖਣ ਦੀ ਔਸਤ ਉਮਰ 10 ਤੋਂ 11 ਸਾਲ ਅਤੇ ਕੁੜੀਆਂ ਵਿੱਚ 12 ਤੋਂ 13 ਸਾਲ ਹੈ।

ਅੱਜ ਸਮਾਰਟਫੋਨ, ਸੋਸ਼ਲ ਮੀਡੀਆ, ਵੀਡੀਓ ਪਲੇਟਫਾਰਮ, ਮੈਸੇਜਿੰਗ ਐਪ ਅਤੇ ਇੰਟਰਨੈੱਟ ਦੀ ਆਸਾਨ ਉਪਲੱਭਧਤਾ ਨੇ ਇਸ ਪਹੁੰਚ ਨੂੰ ਹੋਰ ਵੀ ਆਸਾਨ ਬਣਾ ਦਿੱਤਾ ਹੈ।

ਬੱਚੇ ਅਸ਼ਲੀਲ ਸਮੱਗਰੀ ਤੱਕ ਕਿਵੇਂ ਪਹੁੰਚਦੇ ਹਨ?

ਲੈਪਟਾਪ ਦੇਖਦਾ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ ਅਧਿਐਨ ਦੱਸਦਾ ਹੈ ਕਿ ਮੁੰਡਿਆਂ ਵਿੱਚ ਪਹਿਲੀ ਵਾਰ ਅਸ਼ਲੀਲ ਸਮੱਗਰੀ ਦੇਖਣ ਦੀ ਔਸਤ ਉਮਰ 10 ਤੋਂ 11 ਸਾਲ ਅਤੇ ਕੁੜੀਆਂ ਵਿੱਚ 12 ਤੋਂ 13 ਸਾਲ ਹੈ (ਸੰਕੇਤਕ ਤਸਵੀਰ)

ਐਨਸੀਪੀਸੀਆਰ (ਨੈਸ਼ਨਲ ਕਮਿਸ਼ਨ ਫ਼ਾਰ ਚਾਇਲਡ ਰਾਈਟਸ) ਦੀ ਬੀਇੰਗ ਸੇਫ ਆਨਲਾਈਨ ਹੈਂਡਬੁੱਕ ਮੁਤਾਬਕ, ਬੱਚੇ ਕਈ ਤਰੀਕਿਆਂ ਨਾਲ ਅਸ਼ਲੀਲ ਸਮੱਗਰੀ ਤੱਕ ਪਹੁੰਚ ਸਕਦੇ ਹਨ।

  • ਇੰਟਰਨੈੱਟ ਤੱਕ ਆਸਾਨ ਪਹੁੰਚ
  • ਸਸਤੇ ਸਮਾਰਟਫੋਨ, ਸਸਤਾ ਇੰਟਰਨੈੱਟ ਅਤੇ ਡਿਜ਼ੀਟਲ ਤਕਨਾਲੋਜੀ ਕਾਰਨ ਬੱਚਿਆਂ ਲਈ ਅਸ਼ਲੀਲ ਸਮੱਗਰੀ ਸਮੇਤ ਹਰ ਤਰ੍ਹਾਂ ਦੀ ਆਨਲਾਈਨ ਸਮੱਗਰੀ ਤੱਕ ਪਹੁੰਚਣਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ।
  • ਆਨਲਾਈਨ ਗਰੂਮਿੰਗ ਰਾਹੀਂ

ਹੈਂਡਬੁੱਕ ਮੁਤਾਬਕ, ਕੁਝ ਅਪਰਾਧੀ ਪਹਿਲਾਂ ਬੱਚਿਆਂ ਨਾਲ ਦੋਸਤੀ ਕਰਕੇ ਉਨ੍ਹਾਂ ਦਾ ਭਰੋਸਾ ਜਿੱਤਦੇ ਹਨ। ਫਿਰ ਉਹ ਅਸ਼ਲੀਲ ਸਮੱਗਰੀ ਦਿਖਾਉਂਦੇ, ਜਿਨਸੀ ਗੱਲਬਾਤ ਕਰਦੇ ਅਤੇ ਕਈ ਵਾਰ ਧਮਕੀਆਂ ਜਾਂ ਬਲੈਕਮੇਲ ਦਾ ਸਹਾਰਾ ਵੀ ਲੈਂਦੇ ਹਨ। ਵਾਰ-ਵਾਰ ਅਜਿਹੀ ਸਮੱਗਰੀ ਦੇਖਣ ਨਾਲ ਬੱਚੇ ਇਸ ਨੂੰ ਆਮ ਸਮਝਣ ਲੱਗ ਸਕਦੇ ਹਨ।

ਹੋਰ ਆਨਲਾਈਨ ਖ਼ਤਰੇ ਕੀ ਹਨ?

ਹੈਂਡਬੁੱਕ ਅਨੁਸਾਰ, ਬੱਚਿਆਂ ਨੂੰ ਆਨਲਾਈਨ ਪੋਰਨੋਗ੍ਰਾਫੀ, ਜਿਨਸੀ ਤੌਰ 'ਤੇ ਤੰਗ-ਪਰੇਸ਼ਾਨ, ਗਰੂਮਿੰਗ, ਸਾਈਬਰ ਸਟਾਕਿੰਗ ਅਤੇ ਹੋਰ ਨੁਕਸਾਨਦੇਹ ਸਮੱਗਰੀ ਵਰਗੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਉਨ੍ਹਾਂ ਦੀ ਸੁਰੱਖਿਆ ਅਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਦਾ ਕੀ ਅਸਰ ਹੋ ਸਕਦਾ ਹੈ?

ਪਰੇਸ਼ਾਨ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਨਸੀਪੀਸੀਆਰ ਦੀ ਬੀਇੰਗ ਸੇਫ ਆਨਲਾਈਨ ਹੈਂਡਬੁੱਕ ਮੁਤਾਬਕ, ਬੱਚਿਆਂ ਨੂੰ ਆਨਲਾਈਨ ਪੋਰਨੋਗ੍ਰਾਫੀ, ਜਿਨਸੀ ਤੌਰ 'ਤੇ ਤੰਗ-ਪਰੇਸ਼ਾਨ, ਗਰੂਮਿੰਗ, ਸਾਈਬਰ ਸਟਾਕਿੰਗ ਅਤੇ ਹੋਰ ਨੁਕਸਾਨਦੇਹ ਸਮੱਗਰੀ ਵਰਗੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ (ਸੰਕੇਤਕ ਤਸਵੀਰ)

ਮਨੋਵਿਗਿਆਨੀ ਅਤੇ ਮਾਈਂਡ ਸਪਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨਮਰਤਾ ਗੁਪਤਾ ਕਹਿੰਦੇ ਹਨ ਕਿ ਇਸ ਦਾ ਅਸਰ ਬੱਚੇ ਦੀ ਨੀਂਦ, ਭੁੱਖ ਅਤੇ ਪੜ੍ਹਾਈ 'ਤੇ ਪੈ ਸਕਦਾ ਹੈ। ਬੱਚਾ ਚਿੜਚਿੜਾ ਹੋ ਸਕਦਾ ਹੈ ਅਤੇ ਪਰਿਵਾਰ ਤੋਂ ਦੂਰ ਰਹਿਣ ਲੱਗ ਸਕਦਾ ਹੈ। ਦੂਜੇ ਪਾਸੇ, ਪਰਿਵਾਰ ਵੱਲੋਂ ਲਗਾਤਾਰ ਟੋਕਣ ਜਾਂ ਸਵਾਲ ਪੁੱਛਣ ਨਾਲ ਮਾਪਿਆਂ ਅਤੇ ਬੱਚੇ ਵਿਚਕਾਰ ਦੂਰੀ ਵਧ ਸਕਦੀ ਹੈ। ਬੱਚੇ ਦੇ ਮਨ ਵਿੱਚ ਇਹ ਡਰ ਅਤੇ ਦੋਸ਼-ਭਾਵਨਾ ਵੀ ਹੋ ਸਕਦੀ ਹੈ ਕਿ ਜੇ ਮਾਪਿਆਂ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ। ਇਸ ਕਾਰਨ ਉਹ ਸ਼ਰਮ ਵੀ ਮਹਿਸੂਸ ਕਰ ਸਕਦਾ ਹੈ।

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਸਮੀਖਿਆ ਮੁਤਾਬਕ, ਵਾਰ-ਵਾਰ ਅਸ਼ਲੀਲ ਸਮੱਗਰੀ ਦੇਖਣ ਵਾਲੇ ਬੱਚਿਆਂ ਵਿੱਚ ਜਿਨਸੀ ਰਿਸ਼ਤਿਆਂ ਬਾਰੇ ਗਲਤ ਅਤੇ ਗੈਰ-ਹਕੀਕਤੀ ਧਾਰਣਾਵਾਂ ਬਣ ਸਕਦੀਆਂ ਹਨ। ਕੁਝ ਅਧਿਐਨਾਂ ਵਿੱਚ ਅਜਿਹੇ ਬੱਚਿਆਂ ਵਿੱਚ ਜ਼ਿਆਦਾ ਜੋਖਿਮ ਵਾਲੇ ਵਿਵਹਾਰ, ਜਲਦੀ ਜਿਨਸੀ ਗਤੀਵਿਧੀਆਂ, ਅਤੇ ਮਹਿਲਾਵਾਂ ਤੇ ਰਿਸ਼ਤਿਆਂ ਬਾਰੇ ਸਟੀਰੀਓਟਾਈਪ ਸੋਚ ਨਾਲ ਸਬੰਧ ਵੀ ਦੇਖੇ ਗਏ ਹਨ। ਹਾਲਾਂਕਿ ਖੋਜਕਰਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇੱਕ ਸਬੰਧ (association) ਦਿਖਾਉਂਦੇ ਹਨ, ਨਾ ਕਿ ਇਹ ਸਾਬਤ ਕਰਦੇ ਹਨ ਕਿ ਅਸ਼ਲੀਲ ਸਮੱਗਰੀ ਹੀ ਇਨ੍ਹਾਂ ਬਦਲਾਵਾਂ ਦਾ ਸਿੱਧਾ ਕਾਰਨ ਹੈ।

ਯੂਨੀਸੇਫ਼ (ਯੂਨਾਇਟੇਡ ਨੇਸ਼ਨ ਚਿਲਡਰੇਂਜ਼ ਫੰਡ) ਚੇਤਾਵਨੀ ਦਿੰਦਾ ਹੈ ਕਿ ਛੋਟੀ ਉਮਰ ਵਿੱਚ ਅਸ਼ਲੀਲ ਸਮੱਗਰੀ ਨਾਲ ਸੰਪਰਕ ਮਾਨਸਿਕ ਸਿਹਤ, ਲਿੰਗ ਅਧਾਰਿਤ ਪੱਖਪਾਤ, ਲੋਕਾਂ ਦੀ ਵਸਤੂ ਵਾਂਗ ਸੋਚ ਅਤੇ ਜਿਨਸੀ ਹਿੰਸਾ ਵਰਗੀਆਂ ਸਮੱਸਿਆਵਾਂ ਨਾਲ ਜੁੜ ਸਕਦਾ ਹੈ। ਜੇ ਬੱਚੇ ਵਾਰ-ਵਾਰ ਅਜਿਹੀ ਸਮੱਗਰੀ ਦੇਖਦੇ ਹਨ, ਜਿਸ ਵਿੱਚ ਹਿੰਸਾ ਜਾਂ ਮਹਿਲਾਵਾਂ ਪ੍ਰਤੀ ਅਪਮਾਨਜਨਕ ਵਿਵਹਾਰ ਦਰਸਾਇਆ ਜਾਂਦਾ ਹੈ, ਤਾਂ ਉਹ ਇਸ ਨੂੰ ਆਮ ਸਮਝਣ ਲੱਗ ਸਕਦੇ ਹਨ।

ਬੀਬੀਸੀ ਵੱਲੋਂ ਰਿਪੋਰਟ ਕੀਤੀ ਇੱਕ ਸਟੱਡੀ ਵਿੱਚ 79 ਫੀਸਦੀ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ਵਿੱਚ ਜਿਨਸੀ ਹਿੰਸਾ ਵਾਲੀ ਅਸ਼ਲੀਲ ਸਮੱਗਰੀ ਦੇਖੀ ਸੀ। ਕੁਝ ਬੱਚਿਆਂ ਨੇ ਅਜਿਹੇ ਵਿਹਾਰ ਨੂੰ ਆਮ ਸਮਝਣਾ ਸ਼ੁਰੂ ਕਰ ਦਿੱਤਾ।

ਕੀ ਭਾਰਤ ਵਿੱਚ ਵੀ ਚਿੰਤਾ ਵਧ ਰਹੀ ਹੈ?

ਐਨਸੀਆਰਬੀ (ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ) ਦੀ "ਕ੍ਰਾਈਮ ਇਨ ਇੰਡੀਆ 2024" ਰਿਪੋਰਟ ਮੁਤਾਬਕ, 2024 ਵਿੱਚ ਦੇਸ਼ ਭਰ ਵਿੱਚ 34,878 ਅਜਿਹੇ ਅਪਰਾਧ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬੱਚੇ ਹਨ। ਸਾਲ 2023 ਵਿੱਚ ਇਹ ਗਿਣਤੀ 31,365 ਸੀ। ਇੱਕ ਸਾਲ ਵਿੱਚ ਇਹ ਵਾਧਾ 11.2 ਫੀਸਦੀ ਦਾ ਹੈ।

ਰਿਪੋਰਟ ਦੱਸਦੀ ਹੈ ਕਿ 2024 ਵਿੱਚ 1,067 ਬਲਾਤਕਾਰ ਦੇ ਮਾਮਲਿਆਂ ਵਿੱਚ ਨਾਬਾਲਗ ਮੁਲਜ਼ਮ ਵਜੋਂ ਦਰਜ ਹੋਏ। ਇਸ ਤੋਂ ਇਲਾਵਾ 408 ਛੇੜਛਾੜ, 172 ਜਿਨਸੀ ਪਰੇਸ਼ਾਨੀ ਅਤੇ 128 ਪਿੱਛਾ ਕਰਨ (ਸਟਾਕਿੰਗ) ਦੇ ਮਾਮਲਿਆਂ ਵਿੱਚ ਵੀ ਨਾਬਾਲਗ ਸ਼ਾਮਲ ਸਨ।

ਇਹ ਅੰਕੜੇ ਆਪਣੇ ਆਪ ਵਿੱਚ ਇਹ ਸਾਬਿਤ ਨਹੀਂ ਕਰਦੇ ਕਿ ਅਸ਼ਲੀਲ ਸਮੱਗਰੀ ਹੀ ਇਨ੍ਹਾਂ ਜੁਰਮਾਂ ਦਾ ਸਿੱਧਾ ਕਾਰਨ ਹੈ।

ਐਨਸੀਆਰਬੀ ਵੀ ਅਜਿਹਾ ਸਿੱਧਾ ਸਬੰਧ ਜੋੜਨ ਤੋਂ ਸਾਵਧਾਨ ਰਹਿਣ ਦੀ ਗੱਲ ਕਰਦਾ ਹੈ। ਪਰ ,ਪਰਿਵਾਰਕ ਨਿਗਰਾਨੀ ਦੀ ਕਮੀ, ਸਕੂਲ ਛੱਡਣਾ, ਨਸ਼ਿਆਂ ਦੀ ਵਰਤੋਂ, ਹਿੰਸਕ ਅਤੇ ਅਸ਼ਲੀਲ ਡਿਜੀਟਲ ਸਮੱਗਰੀ ਦਾ ਸੰਪਰਕ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਵਰਗੇ ਕਈ ਕਾਰਕ ਮਿਲ ਕੇ ਬੱਚਿਆਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਦੇ ਅਧਿਕਾਰੀਆਂ ਮੁਤਾਬਕ, ਮਾਪੇ ਬੱਚਿਆਂ ਦੀ ਆਨਲਾਈਨ ਗਤੀਵਿਧੀ 'ਤੇ ਨਜ਼ਰ ਰੱਖਣ। ਆਪਣੇ ਫ਼ੋਨ ਅਤੇ ਖਾਤਿਆਂ ਨੂੰ ਪਾਸਵਰਡ ਜਾਂ ਫਿੰਗਰਪ੍ਰਿੰਟ ਨਾਲ ਸੁਰੱਖਿਅਤ ਰੱਖਣ। ਜਿੱਥੇ ਤੱਕ ਸੰਭਵ ਹੋਵੇ, ਸਰਚ ਹਿਸਟਰੀ ਚੈੱਕ ਕਰਨ ਅਤੇ ਐਪਾਂ ਜਾਂ ਡਿਵਾਈਸਾਂ ਵਿੱਚ ਮਿਲਣ ਵਾਲੇ ਪੇਰੈਂਟਲ ਕੰਟਰੋਲ ਫੀਚਰ ਦੀ ਵਰਤੋਂ ਕਰਨ। ਜਿੱਥੇ ਇਹ ਸਹੂਲਤ ਹੋਵੇ, ਉੱਥੇ ਆਪਣੇ ਈਮੇਲ ਜਾਂ ਖਾਤੇ ਨੂੰ ਬੱਚੇ ਦੇ ਡਿਵਾਈਸ ਨਾਲ ਜੋੜ ਕੇ ਵੀ ਉਸ ਦੀ ਆਨਲਾਈਨ ਗਤੀਵਿਧੀ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

ਮਾਪਿਆਂ ਨੂੰ ਕਿਹੜੇ ਸੰਕੇਤਾਂ 'ਤੇ ਧਿਆਨ ਦੇਣਾ ਚਾਹੀਦਾ ਹੈ?

ਲੈਪਟਾਪ ਦੇਖਦੇ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਵਾਰ-ਵਾਰ ਅਸ਼ਲੀਲ ਸਮੱਗਰੀ ਦੇਖਣ ਵਾਲੇ ਬੱਚਿਆਂ ਵਿੱਚ ਜਿਨਸੀ ਰਿਸ਼ਤਿਆਂ ਬਾਰੇ ਗਲਤ ਅਤੇ ਗੈਰ-ਹਕੀਕਤੀ ਧਾਰਣਾਵਾਂ ਬਣ ਸਕਦੀਆਂ ਹਨ (ਸੰਕੇਤਕ ਤਸਵੀਰ)

ਮਨੋਵਿਗਿਆਨੀ ਅਤੇ ਮਾਈਂਡ ਸਪਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨਮਰਤਾ ਗੁਪਤਾ ਕਹਿੰਦੇ ਹਨ ਕਿ ਜੇ ਬੱਚਾ -

  • ਅਚਾਨਕ ਬਹੁਤ ਜ਼ਿਆਦਾ ਰਾਜ਼ ਰੱਖਣ ਲੱਗੇ
  • ਪਰਿਵਾਰ ਤੋਂ ਦੂਰ-ਦੂਰ ਰਹਿਣ ਲੱਗੇ
  • ਬੰਦ ਕਮਰੇ ਜਾਂ ਬਾਥਰੂਮ ਵਿੱਚ ਲੰਮਾ ਸਮਾਂ ਬਿਤਾਉਣ ਲੱਗੇ
  • ਸਕ੍ਰੀਨ 'ਤੇ ਪਹਿਲਾਂ ਨਾਲੋਂ ਵੱਧ ਸਮਾਂ ਬਿਤਾਵੇ
  • ਜਾਂ ਉਸ ਦੇ ਸੁਭਾਅ ਵਿੱਚ ਅਚਾਨਕ ਬਦਲਾਅ ਅਤੇ ਬੇਚੈਨੀ ਨਜ਼ਰ ਆਵੇ

....ਤਾਂ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ।

ਮਾਪੇ ਬੱਚਿਆਂ ਨੂੰ ਆਨਲਾਈਨ ਖ਼ਤਰਿਆਂ ਤੋਂ ਕਿਵੇਂ ਬਚਾ ਸਕਦੇ ਹਨ?

ਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਮਾਪਿਆਂ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਸਿਖਾਉਣੀ ਚਾਹੀਦੀ ਹੈ (ਸੰਕੇਤਕ ਤਸਵੀਰ)

ਯੂਨੀਸੇਫ਼ (ਯੂਨਾਇਟੇਡ ਨੇਸ਼ਨ ਚਿਲਡਰੇਂਜ਼ ਫੰਡ), ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਅਤੇ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦਾ ਕਹਿਣਾ ਹੈ ਕਿ ਬੱਚਿਆਂ ਤੋਂ ਸਿਰਫ਼ ਫ਼ੋਨ ਖੋਹ ਲੈਣ ਜਾਂ ਝਿੜਕਣ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਮੁਤਾਬਕ, ਮਾਪਿਆਂ ਨੂੰ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਸਿਖਾਉਣੀ ਚਾਹੀਦੀ ਹੈ।

ਉਹ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਬੱਚਿਆਂ ਨਾਲ ਨਿਯਮਿਤ ਗੱਲਬਾਤ ਕਰੋ ਅਤੇ ਜਾਣੋ ਕਿ ਉਹ ਕਿਹੜੀਆਂ ਵੈੱਬਸਾਈਟਾਂ ਜਾਂ ਐਪਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਆਨਲਾਈਨ ਕੀ ਚੰਗਾ ਲੱਗਦਾ ਹੈ ਅਤੇ ਜੇ ਕੋਈ ਗੱਲ ਉਨ੍ਹਾਂ ਨੂੰ ਪਰੇਸ਼ਾਨ ਕਰੇ ਤਾਂ ਉਹ ਕਿਸ ਤੋਂ ਮਦਦ ਲੈ ਸਕਦੇ ਹਨ।

ਬੱਚਿਆਂ ਦੀ ਆਨਲਾਈਨ ਗਤੀਵਿਧੀ 'ਤੇ ਨਜ਼ਰ ਰੱਖੋ ਅਤੇ ਇੰਟਰਨੈੱਟ, ਮੋਬਾਈਲ, ਡਿਵਾਈਸ 'ਤੇ ਪੇਰੈਂਟਲ ਕੰਟਰੋਲ ਅਤੇ ਸੇਫਟੀ ਫਿਲਟਰ ਵਰਤੋ। ਹਾਲਾਂਕਿ, ਇਹ 100 ਫ਼ੀਸਦੀ ਸੁਰੱਖਿਆ ਨਹੀਂ ਦਿੰਦੇ, ਇਸ ਲਈ ਗੱਲਬਾਤ ਅਤੇ ਨਿਗਰਾਨੀ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਘਰ ਵਿੱਚ ਸਪਸ਼ਟ ਨਿਯਮ ਵੀ ਬਣਾਓ।

ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਸਰੀਰ, ਨਿੱਜਤਾ, ਸਹਿਮਤੀ, ਸੁਰੱਖਿਅਤ ਰਿਸ਼ਤਿਆਂ ਅਤੇ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਬਾਰੇ ਸਿਖਾਇਆ ਜਾਵੇ। ਉਨ੍ਹਾਂ ਨੂੰ ਮਜ਼ਬੂਤ ਪਾਸਵਰਡ ਬਣਾਉਣ, ਨਿੱਜੀ ਜਾਣਕਾਰੀ ਸਾਂਝੀ ਨਾ ਕਰਨ, ਸ਼ੱਕੀ ਲੋਕਾਂ ਨੂੰ ਬਲਾਕ ਕਰਨ ਅਤੇ ਆਨਲਾਈਨ ਦੁਰਵਿਵਹਾਰ ਦੀ ਰਿਪੋਰਟ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇ।

ਘਰ ਵਿੱਚ ਅਜਿਹਾ ਮਾਹੌਲ ਬਣਾਇਆ ਜਾਵੇ, ਜਿੱਥੇ ਬੱਚੇ ਬਿਨਾਂ ਡਰ ਆਪਣੇ ਸਵਾਲ ਪੁੱਛ ਸਕਣ। ਸਭ ਤੋਂ ਮਹੱਤਵਪੂਰਨ, ਸਿਰਫ਼ ਫ਼ੋਨ ਖੋਹਣ ਜਾਂ ਇੰਟਰਨੈੱਟ ਬੰਦ ਦੀ ਬਜਾਏ ਬੱਚਿਆਂ ਨੂੰ ਤਕਨਾਲੋਜੀ ਦੀ ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਕਰਨੀ ਸਿਖਾਈ ਜਾਵੇ।

ਮਾਪੇ ਅਜਿਹੀ ਸਥਿਤੀ ਨੂੰ ਕਿਵੇਂ ਸੰਭਾਲਣ?

ਪਰੇਸ਼ਾਨ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੱਚੇ ਦੇ ਮਨ ਵਿੱਚ ਅਪਰਾਧ-ਬੋਧ ਜਾਂ ਸ਼ਰਮ ਪੈਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਦਾ ਅਸਰ ਉਸ ਦੇ ਆਤਮ-ਵਿਸ਼ਵਾਸ, ਵਿਵਹਾਰ ਅਤੇ ਭਵਿੱਖ ਦੀ ਜ਼ਿੰਦਗੀ 'ਤੇ ਪੈ ਸਕਦਾ ਹੈ (ਸੰਕੇਤਕ ਤਸਵੀਰ)

ਨਮਰਤਾ ਗੁਪਤਾ ਕਹਿੰਦੇ ਹਨ ਕਿ ਜੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗੇ ਤਾਂ ਉਹ ਬੱਚੇ ਨੂੰ ਡਾਂਟਣ, ਬੇਇੱਜ਼ਤ ਕਰਨ, ਮਾਰਨ ਜਾਂ ਗਾਲ੍ਹਾਂ ਕੱਢਣ ਦੀ ਬਜਾਏ ਸ਼ਾਂਤੀ ਨਾਲ ਉਸ ਨਾਲ ਗੱਲ ਕਰਨ। ਬੱਚੇ ਦੀ ਗੱਲ ਧਿਆਨ ਨਾਲ ਸੁਣਨ ਅਤੇ ਉਸ ਨੂੰ ਸਮਝਾਉਣ ਕਿ ਇਹ ਉਮਰ ਨਾਲ ਜੁੜੀਆਂ ਕੁਝ ਕੁਦਰਤੀ ਜਿਗਿਆਸਾਵਾਂ ਹੋ ਸਕਦੀਆਂ ਹਨ।

ਜੇ ਹਾਲਾਤ ਸੰਭਾਲਣੇ ਔਖੇ ਲੱਗਣ ਤਾਂ ਕਿਸੇ ਮਨੋਵਿਗਿਆਨੀ ਜਾਂ ਕਾਊਂਸਲਰ ਦੀ ਮਦਦ ਲੈਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਬੱਚੇ ਦੇ ਮਨ ਵਿੱਚ ਅਪਰਾਧ-ਬੋਧ ਜਾਂ ਸ਼ਰਮ ਪੈਦਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਦਾ ਅਸਰ ਉਸ ਦੇ ਆਤਮ-ਵਿਸ਼ਵਾਸ, ਵਿਵਹਾਰ ਅਤੇ ਭਵਿੱਖ ਦੀ ਜ਼ਿੰਦਗੀ 'ਤੇ ਪੈ ਸਕਦਾ ਹੈ।

ਸਿਰਫ਼ ਪਰਿਵਾਰ ਨਹੀਂ, ਸਮਾਜ ਦੀ ਵੀ ਜ਼ਿੰਮੇਵਾਰੀ

ਯੂਨੀਸੇਫ਼ (ਯੂਨਾਇਟੇਡ ਨੇਸ਼ਨ ਚਿਲਡਰੇਂਜ਼ ਫੰਡ) ਦਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਮਾਪਿਆਂ 'ਤੇ ਨਹੀਂ ਛੱਡਿਆ ਜਾ ਸਕਦਾ। ਸਰਕਾਰਾਂ, ਤਕਨੀਕੀ ਕੰਪਨੀਆਂ, ਸਕੂਲਾਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਜੋ ਬੱਚੇ ਇੰਟਰਨੈੱਟ ਦੇ ਫਾਇਦੇ ਤਾਂ ਲੈ ਸਕਣ, ਪਰ ਨੁਕਸਾਨਦਾਇਕ ਸਮੱਗਰੀ ਤੋਂ ਸੁਰੱਖਿਅਤ ਰਹਿਣ।

ਸਕੂਲਾਂ ਦੀ ਭੂਮਿਕਾ

ਲੈਪਟਾਪ ਦੇਖਦਾ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਨਸੀਪੀਸੀਆਰ (ਨੈਸ਼ਨਲ ਕਮਿਸ਼ਨ ਫ਼ਾਰ ਚਾਈਲਡ ਰਾਈਟਸ) ਦੀ 'ਬੀਇੰਗ ਸੇਫ ਆਨਲਾਈਨ' ਹੈਂਡਬੁੱਕ ਸਕੂਲਾਂ ਨੂੰ ਵੀ ਆਨਲਾਈਨ ਸੁਰੱਖਿਆ ਲਈ ਕਈ ਕਦਮ ਚੁੱਕਣ ਦੀ ਸਿਫ਼ਾਰਸ਼ ਕਰਦੀ ਹੈ (ਸੰਕੇਤਕ ਤਸਵੀਰ)

ਐਨਸੀਪੀਸੀਆਰ (ਨੈਸ਼ਨਲ ਕਮਿਸ਼ਨ ਫ਼ਾਰ ਚਾਈਲਡ ਰਾਈਟਸ) ਦੀ 'ਬੀਇੰਗ ਸੇਫ ਆਨਲਾਈਨ' ਹੈਂਡਬੁੱਕ ਸਕੂਲਾਂ ਨੂੰ ਵੀ ਆਨਲਾਈਨ ਸੁਰੱਖਿਆ ਲਈ ਕਈ ਕਦਮ ਚੁੱਕਣ ਦੀ ਸਿਫ਼ਾਰਸ਼ ਕਰਦੀ ਹੈ।

ਇਸ ਵਿੱਚ ਆਨਲਾਈਨ ਸੁਰੱਖਿਆ ਬਾਰੇ ਨਿਯਮਿਤ ਜਾਗਰੂਕਤਾ ਸੈਸ਼ਨ ਕਰਵਾਉਣ ਦੀ ਗੱਲ ਕੀਤੀ ਗਈ ਹੈ। ਸਕੂਲ ਦੀ ਬਾਲ ਸੁਰੱਖਿਆ ਨੀਤੀ ਵਿੱਚ ਆਨਲਾਈਨ ਸੁਰੱਖਿਆ ਨੂੰ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ।

ਹੈਂਡਬੁੱਕ ਬੱਚਿਆਂ ਦੀ ਮਦਦ ਲਈ ਕਾਊਂਸਲਰ ਨਿਯੁਕਤ ਕਰਨ ਅਤੇ ਮਾਪਿਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਵੀ ਗੱਲ ਕਰਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਭਰੋਸੇਯੋਗ ਆਨਲਾਈਨ ਜਾਣਕਾਰੀ ਦੀ ਪਛਾਣ ਕਰਨੀ ਅਤੇ ਆਪਣੇ ਡਿਜ਼ੀਟਲ ਫੁੱਟਪ੍ਰਿੰਟ ਬਾਰੇ ਜਾਣਕਾਰੀ ਦੇਣ ਦੀ ਵੀ ਗੱਲ ਕੀਤੀ ਗਈ ਹੈ।

ਗੋਰਖਪੁਰ ਦੀ ਘਟਨਾ ਦੇ ਅਸਲ ਕਾਰਨਾਂ ਬਾਰੇ ਅੰਤਿਮ ਨਤੀਜਾ ਅਦਾਲਤੀ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਮਾਹਰਾਂ ਮੁਤਾਬਕ ਅੱਜ ਸਭ ਤੋਂ ਵੱਡੀ ਲੋੜ ਇੰਟਰਨੈੱਟ ਤੋਂ ਡਰਣ ਦੀ ਨਹੀਂ, ਸਗੋਂ ਬੱਚਿਆਂ ਨੂੰ ਉਸ ਨੂੰ ਸਮਝਦਾਰੀ ਨਾਲ ਵਰਤਣਾ ਸਿਖਾਉਣ ਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)