ਦੰਦਾਂ ਨੂੰ ਸਿਹਤਮੰਦ ਰੱਖਣਾ ਹੈ ਤਾਂ ਕੀ ਖਾਈਏ ਅਤੇ ਕੀ ਨਾ ਖਾਈਏ, ਕਿਵੇਂ ਦੰਦਾਂ ਨੂੰ ਬਚਾਈਏ

ਦੰਦ

ਤਸਵੀਰ ਸਰੋਤ, Getty Images

    • ਲੇਖਕ, ਜੈਸਮੀਨ ਫਾਕਸ-ਸਕੇਲੀ
    • ਰੋਲ, ਬੀਬੀਸੀ ਫਿਊਚਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਸੋਚੋ ਤੁਹਾਡੇ ਮੂੰਹ ਵਿੱਚ ਇੱਕ ਅਜਿਹੀ ਦੁਨੀਆਂ ਰਹਿੰਦੀ ਹੈ ਜਿਸ ਨੂੰ ਤੁਸੀਂ ਦੇਖ ਵੀ ਨਹੀਂ ਸਕਦੇ।

ਇੱਥੇ ਸੈਂਕੜੇ ਤਰ੍ਹਾਂ ਦੇ ਬੈਕਟੀਰੀਆ ਅਤੇ ਦੂਜੇ ਸੂਖ਼ਮ ਜੀਵ ਰਹਿੰਦੇ ਹਨ। ਇਨ੍ਹਾਂ ਵਿੱਚ ਕੁਝ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਕੁਝ ਉਨ੍ਹਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ।

ਅਸੀਂ ਅਕਸਰ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਬਰੱਸ਼, ਫਲੌਸ ਅਤੇ ਮਾਊਥਵਾਸ਼ ਦੀ ਗੱਲ ਕਰਦੇ ਹਾਂ, ਪਰ ਇੱਕ ਹੋਰ ਚੀਜ਼ ਹੈ ਜੋ ਇਸ ਪੂਰੀ ਦੁਨੀਆਂ 'ਤੇ ਵੱਡਾ ਅਸਰ ਪਾਉਂਦੀ ਹੈ- ਉਹ ਹੈ ਸਾਡਾ ਭੋਜਨ।

ਸਭ ਜਾਣਦੇ ਹਨ ਕਿ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਕੈਵਿਟੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਚੀਨੀ ਮੂੰਹ ਵਿੱਚ ਮੌਜੂਦ ਨੁਕਸਾਨਦੇਹ ਬੈਕਟੀਰੀਆ ਨੂੰ ਵਧਾਉਣ ਅਤੇ ਐਸਿਡ ਬਣਾਉਣ ਵਿੱਚ ਮਦਦ ਕਰਦੀ ਹੈ।

ਪਰ ਕਹਾਣੀ ਸਿਰਫ਼ ਇਹ ਨਹੀਂ ਹੈ ਕਿ ਸਾਨੂੰ ਕੀ ਨਹੀਂ ਖਾਣਾ ਚਾਹੀਦਾ। ਇਹ ਵੀ ਮਾਇਨੇ ਰੱਖਦਾ ਹੈ ਕਿ ਅਸੀਂ ਕੀ ਖਾਂਦੇ ਹਾਂ।

ਹੈਰਾਨੀ ਦੀ ਗੱਲ ਇਹ ਹੈ ਕਿ ਫਲ, ਚਾਹ, ਚੀਜ਼ ਅਤੇ ਕੁਝ ਫਰਮੈਂਟਿਡ ਭੋਜਨ ਵੀ ਮੂੰਹ ਵਿੱਚ ਰਹਿਣ ਵਾਲੇ ਫਾਇਦੇਮੰਦ ਬੈਕਟੀਰੀਆ ਲਈ ਮਦਦਗਾਰ ਹੋ ਸਕਦੇ ਹਨ।

ਮੂੰਹ ਅੰਦਰ ਬੈਕਟੀਰੀਆ ਦੀ ਆਪਣੀ ਦੁਨੀਆਂ

ਬੱਚੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਹੀ ਖੁਰਾਕ ਅਤੇ ਚੰਗੀ ਓਰਲ ਹਾਈਜੀਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ

ਆਪਣੇ ਮੂੰਹ ਵਿੱਚ ਕਰੀਬ 700 ਤਰ੍ਹਾਂ ਦੇ ਬੈਕਟੀਰੀਆ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਵਾਇਰਸ, ਫੰਗਸ ਅਤੇ ਦੂਜੇ ਸੂਖਮ ਜੀਵ ਵੀ ਮੌਜੂਦ ਹੁੰਦੇ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਓਰਲ ਮਾਈਕ੍ਰੋਬਾਇਓਮ ਕਿਹਾ ਜਾਂਦਾ ਹੈ।

ਹਰ ਸੂਖਮ ਜੀਵ ਦੀ ਆਪਣੀ ਪਸੰਦੀਦਾ ਥਾਂ ਹੁੰਦੀ ਹੈ। ਕੁਝ ਦੰਦਾਂ ਦੀ ਸਤ੍ਹਾ 'ਤੇ ਰਹਿੰਦੇ ਹਨ, ਕੁਝ ਜੀਭ 'ਤੇ ਅਤੇ ਕੁਝ ਦੰਦਾਂ ਅਤੇ ਮਸੂੜਿਆਂ ਵਿਚਕਾਰ ਛੋਟੀਆਂ-ਛੋਟੀਆਂ ਥਾਵਾਂ ਵਿੱਚ।

ਇਨ੍ਹਾਂ ਵਿੱਚੋਂ ਕੁਝ ਨੁਕਸਾਨਦੇਹ ਹੁੰਦੇ ਹਨ।

ਮਿਸਾਲ ਵਜੋਂ, ਸਟ੍ਰੇਪਟੋਕੋਕਸ ਮਿਉਟਨਸ ਦੰਦਾਂ ਦੀ ਸਤ੍ਹਾ 'ਤੇ ਪਾਇਆ ਜਾਂਦਾ ਹੈ ਅਤੇ ਇਸ ਨੂੰ ਖੰਡ ਬਹੁਤ ਪਸੰਦ ਹੈ। ਇਹ ਖੰਡ ਨੂੰ ਐਸਿਡ ਵਿੱਚ ਬਦਲ ਦਿੰਦਾ ਹੈ।

ਇਹ ਅਸਲ ਦੰਦਾਂ ਦੀ ਸੁਰੱਖਿਆਤਮਕ ਇਨੇਮਲ ਪਰਤ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦੇ ਹਨ। ਸਮੇਂ ਦੇ ਨਾਲ ਦੰਦਾਂ ਵਿੱਚ ਛੋਟੇ-ਛੋਟੇ ਛੇਦ ਜਾਂ ਕੈਵਿਟੀ ਬਣ ਸਕਦੀ ਹੈ।

ਅਮਰੀਕਾ ਵਿੱਚ ਤੀਹ ਦੀ ਉਮਰ ਦੇ ਮੱਧ ਤੱਕ ਪਹੁੰਚਣ ਵਾਲੇ 80 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਕੈਵਿਟੀ ਹੋ ਚੁੱਕੀ ਹੈ।

ਪਰ ਮੂੰਹ ਵਿੱਚ ਸਿਰਫ਼ ਨੁਕਸਾਨਦੇਹ ਬੈਕਟੀਰੀਆ ਹੀ ਨਹੀਂ ਹੁੰਦੇ। ਵੇਯਲੋਨੇਲਾ, ਐਕਟੀਨੋਮਾਇਸੀਸ ਅਤੇ ਸਟ੍ਰੇਪਟੋਕੋਕਸ ਅਤੇ ਨਾਈਸੇਰੀਆ ਦੀਆਂ ਕੁਝ ਪ੍ਰਜਾਤੀਆਂ ਫਾਇਦੇਮੰਦ ਹੋ ਸਕਦੀਆਂ ਹਨ।

ਇਹ ਬੈਕਟੀਰੀਆ ਨੁਕਸਾਨਦੇਹ ਬੈਕਟੀਰੀਆ ਅਤੇ ਬਿਮਾਰੀ ਪੈਦਾ ਕਰਨ ਵਾਲੇ ਦੂਜੇ ਸੂਖ਼ਮ ਜੀਵਾਂ ਨੂੰ ਮੂੰਹ ਵਿੱਚ ਥਾਂ ਬਣਾਉਣ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ।

ਭਾਵ ਮੂੰਹ ਵਿੱਚ ਚੰਗੇ ਅਤੇ ਬੁਰੇ ਬੈਕਟੀਰੀਆ ਵਿਚਕਾਰ ਲਗਾਤਾਰ ਇੱਕ ਤਰ੍ਹਾਂ ਦੀ ਹੋੜ ਚਲਦੀ ਰਹਿੰਦੀ ਹੈ।

ਦੰਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੰਦਾਂ ਦੀ ਸਿਹਤ ਦਾ ਸਿੱਧਾ ਸਬੰਧ ਸਾਡੀਆਂ ਰੋਜ਼ਾਨਾ ਖਾਣ-ਪੀਣ ਦੀਆਂ ਆਦਤਾਂ ਨਾਲ ਹੁੰਦਾ ਹੈ

ਜਦੋਂ ਮੂੰਹ ਦਾ ਸੰਤੁਲਨ ਵਿਗੜਦਾ ਹੈ

ਓਰਲ ਮਾਈਕ੍ਰੋਬਾਇਓਮ ਦਾ ਸੰਤੁਲਨ ਸਿਰਫ਼ ਦੰਦਾਂ ਲਈ ਮਹੱਤਵਪੂਰਨ ਨਹੀਂ ਹੈ।

ਜੇ ਅਸੀਂ ਦੰਦਾਂ ਦੀ ਨਿਯਮਿਤ ਅਤੇ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ ਤਾਂ ਦੰਦਾਂ ਅਤੇ ਮਸੂੜਿਆਂ ਵਿਚਕਾਰ ਛੋਟੀਆਂ-ਛੋਟੀਆਂ ਜੇਬਾਂ ਜਿਹੀਆਂ ਥਾਵਾਂ ਬਣ ਸਕਦੀਆਂ ਹਨ।

ਇਨ੍ਹਾਂ ਵਿੱਚ ਆਕਸੀਜਨ ਘੱਟ ਹੁੰਦੀ ਹੈ ਅਤੇ ਪੋਰਫਾਈਰੋਮੋਨਾਸ ਜਿੰਜੀਵੈਲਿਸ ਜਿਹੇ ਬੈਕਟੀਰੀਆ ਆਸਾਨੀ ਨਾਲ ਵਧ ਸਕਦੇ ਹਨ। ਪੋਰਫਾਈਰੋਮੋਨਾਸ ਜਿੰਜੀਵੈਲਿਸ ਮਸੂੜਿਆਂ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

ਵਿਗਿਆਨਕਾਂ ਨੇ ਇਸ ਨੂੰ ਦਿਲ ਦੇ ਰੋਗ, ਡਿਪਰੈਸ਼ਨ, ਅਲਜ਼ਾਈਮਰ, ਡਾਇਬਟੀਜ਼, ਇਨਫਲੇਮੇਟਰੀ ਬਾਊਲ ਡਿਸੀਜ਼, ਰੂਮੇਟਾਈਡ ਅਰਥਰਾਈਟਿਸ ਅਤੇ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਜਿਹੇ ਸਿਹਤ ਸਬੰਧੀ ਖਤਰਿਆਂ ਨਾਲ ਵੀ ਜੋੜਿਆ ਹੈ।

ਹਾਲ ਹੀ ਦੇ ਸਾਲਾਂ ਵਿੱਚ ਖ਼ਰਾਬ ਓਰਲ ਮਾਈਕ੍ਰੋਬਿਓਮ, ਆਂਦਰਾਂ ਦੇ ਕੈਂਸਰ ਅਤੇ ਪੈਨਕ੍ਰੀਆਜ਼ ਦੇ ਕੈਂਸਰ ਵਿਚਕਾਰ ਸੰਭਾਵਿਤ ਸਬੰਧ 'ਤੇ ਵੀ ਰਿਸਰਚ ਹੋਈ ਹੈ।

ਇੱਕ ਹਾਲੀਆ ਸਟੱਡੀ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿਗਿਆਨਕਾਂ ਨੇ ਲੋਕਾਂ ਦੀ ਲਾਰ ਵਿੱਚ ਮੌਜੂਦ ਸੂਖ਼ਮ ਜੀਵਾਂ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਅੰਦਰ ਕੈਂਸਰ ਦੇ ਖਤਰੇ ਨੂੰ ਦੇਖਿਆ।

ਜਿਨ੍ਹਾਂ ਲੋਕਾਂ ਦੇ ਓਰਲ ਮਾਈਕ੍ਰੋਬਿਓਮ ਵਿੱਚ ਦੰਦਾਂ ਦੀ ਸੜਨ ਨਾਲ ਜੁੜੇ ਕੁਝ ਬੈਕਟੀਰੀਆ ਜਾਂ ਕੈਂਡਿਡਾ ਯੀਸਟ ਪਾਏ ਗਏ, ਉਨ੍ਹਾਂ ਵਿੱਚ ਪੈਨਕ੍ਰੀਆਜ਼ ਦੇ ਕੈਂਸਰ ਦਾ ਖਤਰਾ ਜ਼ਿਆਦਾ ਵੇਖਿਆ ਗਿਆ।

ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਇਹ ਸੂਖਮਜੀਵ ਸਿੱਧੇ ਕੈਂਸਰ ਦਾ ਕਾਰਨ ਬਣਦੇ ਹਨ। ਵਿਗਿਆਨਕ ਹਾਲੇ ਇਨ੍ਹਾਂ ਵਿਚਕਾਰ ਸਬੰਧ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਵਿਗਿਆਨਕ ਇਹ ਵੀ ਮੰਨਦੇ ਹਨ ਕਿ ਮੂੰਹ ਵਿੱਚ ਕਈ ਤਰ੍ਹਾਂ ਦੇ ਸੂਖ਼ਮਜੀਵਾਂ ਦਾ ਹੋਣਾ ਚੰਗਾ ਹੈ। ਭਾਵ ਮਾਈਕ੍ਰੋਬਾਇਓਮ ਵਿੱਚ ਜਿੰਨੀ ਜ਼ਿਆਦਾ ਵਿਭਿੰਨਤਾ ਹੋਵੇਗੀ, ਉਸ ਦਾ ਸੰਤੁਲਨ ਓਨਾ ਜ਼ਿਆਦਾ ਬਿਹਤਰ ਹੋ ਸਕਦਾ ਹੈ।

ਇੱਕ ਸਟੱਡੀ ਵਿੱਚ ਮੂੰਹ ਅੰਦਰ ਸੂਖ਼ਮ ਜੀਵਾਂ ਦੀ ਘੱਟ ਵਿਭਿੰਨਤਾ ਅਤੇ ਡਿਪ੍ਰੈਸ਼ਨ ਵਿਚਕਾਰ ਸਬੰਧ ਪਾਇਆ ਗਿਆ।

ਸਿਰਫ਼ ਬਰੱਸ਼ ਕਰਨਾ ਕਾਫ਼ੀ ਨਹੀਂ

ਦੰਦਾਂ ਦੀ ਸਫਾਈ

ਤਸਵੀਰ ਸਰੋਤ, Alamy

ਤਸਵੀਰ ਕੈਪਸ਼ਨ, ਦੰਦਾਂ ਦੀ ਸਤ੍ਹਾ ਸਾਨੂੰ ਭਾਵੇਂ ਬਿਲਕੁਲ ਮੁਲਾਇਮ ਨਜ਼ਰ ਆਉਂਦੀ ਹੈ, ਪਰ ਸੂਖਮ ਪੱਧਰ 'ਤੇ ਇਸ ਵਿੱਚ ਕਈ ਛੋਟੀਆਂ-ਛੋਟੀਆਂ ਦਰਾਰਾਂ ਅਤੇ ਖਾਚੇ ਹੁੰਦੇ ਹਨ। ਇਹੀ ਥਾਵਾਂ ਸੂਖਮ ਜੀਵਾਂ ਦੇ ਰਹਿਣ ਅਤੇ ਵਧਣ-ਫੁੱਲਣ ਲਈ ਠਿਕਾਣਾ ਬਣ ਜਾਂਦੀਆਂ ਹਨ

ਇੱਥੇ ਇੱਕ ਅਹਿਮ ਗੱਲ ਹੈ। ਸਿਰਫ਼ ਦੰਦਾਂ ਨੂੰ ਬਰੱਸ਼ ਕਰਨਾ ਹੀ ਓਰਲ ਮਾਈਕ੍ਰੋਬਾਇਓਮ ਨੂੰ ਸਿਹਤਮੰਦ ਰੱਖਣ ਲਈ ਕਾਫ਼ੀ ਨਹੀਂ ਹੈ।

ਕਿਉਂਕਿ ਤੁਸੀਂ ਜੋ ਖਾਂਦੇ ਹੋ, ਉਹੀ ਤੁਹਾਡੇ ਮੂੰਹ ਵਿੱਚ ਰਹਿਣ ਵਾਲੇ ਸੂਖ਼ਮ ਜੀਵ ਵੀ ਖਾਂਦੇ ਹਨ।

ਇਸ ਲਈ ਸਾਡਾ ਖਾਣਾ-ਪੀਣਾ ਇਸ ਗੱਲ 'ਤੇ ਅਸਰ ਪਾ ਸਕਦਾ ਹੈ ਕਿ ਮੂੰਹ ਵਿੱਚ ਕਿਹੜੇ ਬੈਕਟੀਰੀਆ ਵਧਣਗੇ ਅਤੇ ਕਿਹੜੇ ਘੱਟ ਹੋਣਗੇ।

ਸਭ ਤੋਂ ਪਹਿਲਾਂ ਉਨ੍ਹਾਂ ਚੀਜ਼ਾਂ ਨੂੰ ਘੱਟ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਚੀਨੀ ਹੁੰਦੀ ਹੈ। ਕੈਵਿਟੀ ਪੈਦਾ ਕਰਨ ਵਾਲੇ ਬੈਕਟੀਰੀਆ ਚੀਨੀ ਦਾ ਆਸਾਨੀ ਨਾਲ ਇਸਤੇਮਾਲ ਕਰਦੇ ਹਨ।

ਪ੍ਰੋਸੈਸਡ ਕਾਰਬੋਹਾਈਡ੍ਰੇਟ ਵੀ ਘੱਟ ਖਾਣਾ ਬਿਹਤਰ ਹੈ ਕਿਉਂਕਿ ਮੂੰਹ ਵਿੱਚ ਇਹ ਆਸਾਨੀ ਨਾਲ ਟੁੱਟ ਕੇ ਸ਼ੂਗਰ ਵਿੱਚ ਬਦਲ ਸਕਦੇ ਹਨ।

ਇਸ ਵਿੱਚ ਸਫੇਦ ਬਰੈਡ, ਕ੍ਰੈਕਰਜ਼, ਬਿਸਕੁਟ, ਕੇਕ ਅਤੇ ਪ੍ਰੇਟਜ਼ੇਲ ਜਿਹੇ ਸਟਾਰਚ ਵਾਲੇ ਸਨੈਕਸ ਸ਼ਾਮਲ ਹਨ।

ਦੂਜੇ ਪਾਸੇ ਫਾਇਦੇਮੰਦ ਬੈਕਟੀਰੀਆ ਨੂੰ ਵਧਾਵਾ ਦੇਣਾ ਵੀ ਮਦਦਗਾਰ ਹੋ ਸਕਦਾ ਹੈ।

ਇਹ ਬੈਕਟੀਰੀਆ ਨੁਕਸਾਨਦੇਹ ਬੈਕਟੀਰੀਆ ਦੇ ਨਾਲ ਖਾਣੇ ਅਤੇ ਥਾਂ ਲਈ ਮੁਕਾਬਲਾ ਕਰਦੇ ਹਨ। ਇਸ ਵਿੱਚ ਨੁਕਸਾਨਦੇਹ ਬੈਕਟੀਰੀਆ ਲਈ ਵਧਣਾ ਅਤੇ ਮੂੰਹ ਵਿੱਚ ਆਪਣੀ ਥਾਂ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ।

ਕੁਝ ਫਾਇਦੇਮੰਦ ਬੈਕਟੀਰੀਆ ਅਜਿਹੇ ਪ੍ਰੋਟੀਨ ਅਤੇ ਦੂਜੇ ਪਦਾਰਥ ਵੀ ਬਣਾਉਂਦੇ ਹਨ ਜੋ ਨੁਕਸਾਨਦੇਹ ਸੂਖਮ ਜੀਵਾਂ 'ਤੇ ਸਿੱਧੇ ਹਮਲਾ ਕਰ ਸਕਦੇ ਹਨ।

ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਲਾਰਾ ਵਾਇਰਿਖ ਓਰਲ ਮਾਈਕ੍ਰੋਬਿਓਮ 'ਤੇ ਰਿਸਰਚ ਕਰਦੀ ਹੈ।

ਉਹ ਦੱਸਦੀ ਹੈ ਕਿ ਸਟ੍ਰੇਪਟੋਕੋਕਸ ਪਰਿਵਾਰ ਦੇ ਕੁਝ ਬੈਕਟੀਰੀਆ ਬਹੁਤ ਘੱਟ ਐਸਿਡ ਬਣਾਉਂਦੇ ਹਨ ਅਤੇ ਜ਼ਿਆਦਾ ਐਸਿਡ ਬਣਾਉਣ ਵਾਲੇ ਦੂਜੇ ਸੂਖਮ ਜੀਵਾਂ 'ਤੇ ਹਮਲਾ ਕਰ ਸਕਦੇ ਹਨ।

ਮਿਸਾਲ ਵਜੋਂ ਐੱਸ. ਸਲਿਵੇਰੀਅਸ ਨਾਮ ਦਾ ਫਾਇਦੇਮੰਦ ਬੈਕਟੀਰੀਆ ਅਜਿਹੇ ਪ੍ਰੋਟੀਨ ਬਣਾਉਂਦਾ ਹੈ ਜੋ ਕਈ ਤਰ੍ਹਾਂ ਦੇ ਨੁਕਸਾਨਦੇਹ ਸੂਖ਼ਮ ਜੀਵਾਂ ਨੂੰ ਖ਼ਤਮ ਕਰ ਸਕਦੇ ਹਨ।

ਇਨ੍ਹਾਂ ਵਿੱਚ ਕੁਝ ਰੋਗ ਪੈਦਾ ਕਰਨ ਵਾਲੇ ਸੂਖ਼ਮ ਜੀਵ ਵੀ ਸ਼ਾਮਲ ਹਨ, ਜੋ ਆਮ ਐਂਟੀ-ਬਾਇਓਟਿਕ ਦਵਾਈਆਂ ਦੇ ਅਸਰ ਤੋਂ ਬਚਣ ਦੀ ਸਮਰੱਥਾ ਰੱਖਦੇ ਹਨ।

ਹਰੀਆਂ ਸਬਜ਼ੀਆਂ ਕਿਉਂ ਫਾਇਦੇਮੰਦ?

ਹਰੀਆਂ ਸਬਜ਼ੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੰਦਾਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਪਾਣੀ ਪੀਣਾ ਵੀ ਜ਼ਰੂਰੀ ਹੈ

ਜੇ ਤੁਸੀਂ ਆਪਣੇ ਓਰਲ ਮਾਈਕ੍ਰੋਬਿਓਮ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਣਾ ਚੰਗਾ ਕਦਮ ਹੋ ਸਕਦਾ ਹੈ।

ਕੇਲਾ, ਪਾਲਕ, ਚਕੁੰਦਰ ਅਤੇ ਮੂਲੀ ਜਿਹੀਆਂ ਸਬਜ਼ੀਆਂ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਮੂੰਹ ਵਿੱਚ ਮੌਜੂਦ ਨਾਇਸੇਰਿਆ ਜਿਹੇ ਬੈਕਟੀਰੀਆ ਨਾਈਟ੍ਰੇਟ ਦਾ ਇਸਤੇਮਾਲ ਕਰਦੇ ਹਨ ਅਤੇ ਉਸ ਨੂੰ ਨਾਈਟ੍ਰਾਈਟ ਵਿੱਚ ਬਦਲ ਦਿੰਦੇ ਹਨ।

ਇਸ ਤੋਂ ਬਾਅਦ ਆਂਦਰਾਂ ਵਿੱਚ ਮੌਜੂਦ ਬੈਕਟੀਰੀਆ ਇਸ ਨੂੰ ਅੱਗੇ ਅਜਿਹੇ ਪਦਾਰਥਾਂ ਵਿੱਚ ਬਦਲਦੇ ਹਨ, ਜਿਨ੍ਹਾਂ ਨਾਲ ਨਾਇਟ੍ਰਿਕ ਆਕਸਾਈਡ ਬਣ ਸਕਦਾ ਹੈ।

ਨਾਇਟ੍ਰਿਕ ਆਕਸਾਈਡ ਖੂਨ ਵਾਹਕਾਵਾਂ ਨੂੰ ਫੈਲਾਉਣ ਅਤੇ ਬਲੱਡ ਪ੍ਰੈਸ਼ਰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਦਿਲ ਅਤੇ ਖੂਨ ਵਾਹਕਾਵਾਂ ਦੀ ਸਿਹਤ ਨੂੰ ਫ਼ਾਇਦਾ ਹੋ ਸਕਦਾ ਹੈ।

ਇੱਕ ਸਟੱਡੀ ਵਿੱਚ ਜ਼ਿਆਦਾ ਉਮਰ ਦੇ ਲੋਕਾਂ ਨੇ ਦੋ ਹਫਤਿਆਂ ਤੱਕ ਦਿਨ ਵਿੱਚ ਦੋ ਵਾਰ ਨਾਈਟ੍ਰੇਟ ਨਾਲ ਭਰਪੂਰ ਚਕੁੰਦਰ ਦਾ ਜੂਸ ਪੀਤਾ। ਇਸ ਦੌਰਾਨ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਵਿੱਚ ਕਮੀ ਦੇਖੀ ਗਈ।

ਲਸਣ ਵੀ ਦਿਲਚਸਪ ਉਦਾਹਰਨ ਹੈ।

ਇਸ ਨੂੰ ਚੱਬਣ ਨਾਲ ਸਾਹਾਂ ਵਿੱਚ ਬਦਬੂ ਆ ਸਕਦੀ ਹੈ, ਪਰ ਇਸ ਵਿੱਚ ਏਲਿਸਿਨ ਨਾਮ ਦਾ ਰਸਾਇਣ ਹੁੰਦਾ ਹੈ ਜੋ ਕੈਵਿਟੀ ਅਤੇ ਮਸੂੜਿਆਂ ਦੀ ਬਿਮਾਰੀ ਨਾਲ ਜੁੜੇ ਕੁਝ ਬੈਕਟੀਰੀਆ 'ਤੇ ਅਸਰ ਪਾ ਸਕਦਾ ਹੈ।

ਚਾਹ, ਫਲ ਅਤੇ ਪਾਲੀਫੇਨਾਲ

ਦੰਦਾਂ ਦਾ ਐਕਸਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੂੰਹ ਵਿੱਚ ਮੌਜੂਦ ਬੈਕਟੀਰੀਆ ਖਾਣੇ ਵਿੱਚ ਮੌਜੂਦ ਸ਼ੂਗਰ ਨਾਲ ਕ੍ਰਿਆ ਕਰਕੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ

ਪੌਦਿਆਂ ਤੋਂ ਮਿਲਣ ਵਾਲੇ ਖਾਣੇ ਵਿੱਚ ਪਾਲੀਫੇਨਾਲ ਨਾਮ ਦੇ ਕੁਦਰਤੀ ਪਦਾਰਥ ਪਾਏ ਜਾਂਦੇ ਹਨ। ਇਹ ਐਂਟੀਆਕਸੀਡੈਂਟ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਪੌਦਿਆਂ ਦੇ ਸੈੱਲ ਅਤੇ ਟੀਸ਼ੂਆਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਪੌਦਿਆਂ ਲਈ ਪਾਲੀਫੇਨਾਲ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਜਾਨਵਰ ਖਤਰੇ ਦੀ ਸਥਿਤੀ ਵਿੱਚ ਦੂਜੀ ਥਾਂ ਜਾ ਸਕਦੇ ਹਨ ਪਰ ਪੌਦੇ ਅਜਿਹਾ ਨਹੀਂ ਕਰ ਸਕਦੇ।

ਇਸ ਲਈ ਗਰਮੀ, ਠੰਢ ਜਾਂ ਤੇਜ਼ ਧੁੱਪ ਜਿਹੇ ਮੁਸ਼ਕਲ ਹਾਲਾਤ ਤੋਂ ਬਚਣ ਲਈ ਉਹ ਅਜਿਹੇ ਪਦਾਰਥ ਬਣਾਉਂਦੇ ਹਨ।

ਪਰ ਪਾਲੀਫੇਨਾਲ ਇਨਸਾਨਾਂ ਲਈ ਵੀ ਫਾਇਦੇਮੰਦ ਹੋ ਸਕਦੇ ਹਨ।

ਸ਼ਿਕਾਗੋ ਸਥਿਤ ਯੂਨੀਵਰਸਿਟੀ ਆਫ ਇਲਿਨਾਏ ਦੇ ਕਾਲਜ ਆਫ ਡੈਂਟਿਸਟ੍ਰੀ ਦੀ ਪ੍ਰੋਫੈਸਰ ਕ੍ਰਿਸਟੀਨ ਵੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਰਿਸਰਚ ਵਿੱਚ ਪਾਇਆ ਗਿਆ ਕਿ ਚਾਹ ਵਿੱਚ ਮੌਜੂਦ ਪਾਲੀਫੇਨਾਲ ਕੈਵਿਟੀ ਅਤੇ ਮਸੂੜਿਆਂ ਦੀ ਬਿਮਾਰੀ ਨਾਲ ਜੁੜੇ ਕੁਝ ਨੁਕਸਾਨਦੇਹ ਬੈਕਟੀਰੀਆ ਨੂੰ ਦਬਾ ਸਕਦੇ ਹਨ।

ਇਹ ਬੈਕਟੀਰੀਆ ਨੂੰ ਆਪਸ ਵਿੱਚ ਚਿਪਕਣ ਅਤੇ ਦੰਦਾਂ ਦੀ ਸਤ੍ਹਾ 'ਤੇ ਜਮ੍ਹਾ ਹੋਣ ਤੋਂ ਵੀ ਰੋਕ ਸਕਦੇ ਹਨ। ਵੂ ਦੇ ਮੁਤਾਬਕ, ਪਾਲੀਫੇਨਾਲ ਪਲਾਕ ਨੂੰ ਚਿਪਚਿਪਾ ਬਣਾਉਣ ਵਾਲੇ ਇੱਕ ਐਂਜ਼ਾਈਮ ਦੇ ਕੰਮ ਨੂੰ ਰੋਕਦੇ ਹਨ।

ਉਨ੍ਹਾਂ ਦੀ ਇੱਕ ਸਟੱਡੀ ਵਿੱਚ ਚਾਹ ਪੀਣ ਨਾਲ ਸਾਹਾਂ ਦੀ ਬਦਬੂ ਨਾਲ ਜੁੜੇ ਕੁਝ ਬੈਕਟੀਰੀਆ 'ਤੇ ਵੀ ਅਸਰ ਦੇਖਿਆ ਗਿਆ। ਇਹ ਬੈਕਟੀਰੀਆ ਜੀਭ ਦੇ ਪਿਛਲੇ ਹਿੱਸੇ ਵਿੱਚ ਰਹਿੰਦੇ ਹਨ।

ਕਈ ਫਲ, ਖਾਸ ਕਰਕੇ ਗੂੜੇ ਰੰਗ ਵਾਲੀਆਂ ਬੈਰੀਜ਼ ਵੀ ਪਾਲੀਫੇਨਾਲ ਨਾਲ ਭਰਪੂਰ ਹੁੰਦੀਆਂ ਹਨ। ਇਹ ਥੋੜ੍ਹਾ ਹੈਰਾਨ ਕਰਨ ਵਾਲਾ ਲੱਗ ਸਕਦਾ ਹੈ ਕਿਉਂਕਿ ਫਲਾਂ ਵਿੱਚ ਕੁਦਰਤੀ ਖੰਡ ਅਤੇ ਐਸਿਡ ਵੀ ਹੁੰਦਾ ਹੈ।

ਪਰ ਵੂ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਕ੍ਰੈਨਬੈਰੀ ਜੂਸ ਦੰਦਾਂ 'ਤੇ ਪਲਾਕ ਬਣਨ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ, ਕੈਵਿਟੀ ਅਤੇ ਮਸੂੜਿਆਂ ਦੀ ਬਿਮਾਰੀ ਨਾਲ ਜੁੜੇ ਕੁਝ ਬੈਕਟੀਰੀਆ ਦੇ ਵਿਕਾਸ ਨੂੰ ਸੀਮਤ ਕਰ ਸਕਦਾ ਹੈ।

ਸ਼ਹਿਦ ਵਿੱਚ ਵੀ ਪਾਲੀਫੇਨਾਲ ਹੁੰਦੇ ਹਨ। ਕੁਝ ਅਧਿਐਨਾਂ ਵਿੱਚ ਇਸ ਨੂੰ ਪਲਾਕ ਬਣਨ ਤੋਂ ਰੋਕਣ ਅਤੇ ਕੈਵਿਟੀ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਵਿੱਚ ਮਦਦਗਾਰ ਪਾਇਆ ਗਿਆ ਹੈ।

ਐਸੋਸੀਏਟ ਪ੍ਰੋਫੈਸਰ ਗਾਏਟਾਨੋ ਇਸੋਲਾ

ਚੀਜ਼ ਅਤੇ ਫਰਮੈਂਟਿਡ ਫੂਡ ਦਾ ਫ਼ਾਇਦਾ

ਚੀਜ਼ (cheese) ਵੀ ਮੂੰਹ ਦੇ ਮਾਈਕ੍ਰੋਬਾਇਓਮ ਲਈ ਫਾਇਦੇਮੰਦ ਹੋ ਸਕਦੀ ਹੈ। ਇਟਲੀ ਵਿੱਚ ਕੀਤੇ ਗਏ ਇੱਕ ਛੋਟੇ ਅਧਿਐਨ ਵਿੱਚ ਨੌ ਲੋਕਾਂ ਨੂੰ ਲਗਾਤਾਰ ਪੰਜ ਦਿਨਾਂ ਤੱਕ ਰੋਜ਼ ਗ੍ਰਾਨਾ ਪਡਾਨੋ ਚੀਜ਼ ਖਵਾਈ ਗਈ।

ਅਧਿਐਨ ਦੇ ਅੰਤ ਵਿੱਚ ਉਨ੍ਹਾਂ ਦੇ ਮੂੰਹ ਵਿੱਚ ਮੌਜੂਦ ਬੈਕਟੀਰੀਆ ਦੇ ਭਾਈਚਾਰੇ ਵਿੱਚ ਥੋੜ੍ਹਾ ਬਦਲਾਅ ਦੇਖਿਆ ਗਿਆ।

ਚੀਨੀ ਪਸੰਦ ਕਰਨ ਵਾਲੇ ਅਤੇ ਕੈਵਿਟੀ ਨਾਲ ਜੁੜੇ ਐਸ. ਮਿਊਟਨਸ ਦੀ ਮਾਤਰਾ ਘੱਟ ਹੋਈ, ਜਦਕਿ ਸਿਹਤਮੰਦ ਮੂੰਹ ਵਿੱਚ ਜ਼ਿਆਦਾ ਪਾਏ ਜਾਣ ਵਾਲੇ ਐਸ. ਸੇਂਗਿਵਿਨਸ ਦੀ ਮਾਤਰਾ ਵਧੀ।

ਚੀਜ਼ ਇੱਕ ਹੋਰ ਤਰੀਕੇ ਨਾਲ ਮਦਦ ਕਰ ਸਕਦੀ ਹੈ।

ਇਸ ਨੂੰ ਚਬਾਉਣ ਨਾਲ ਮੂੰਹ ਵਿੱਚ ਜ਼ਿਆਦਾ ਲਾਰ ਬਣਦੀ ਹੈ। ਲਾਰ ਦੰਦਾਂ ਅਤੇ ਮੂੰਹ ਤੋਂ ਵਾਧੂ ਖੰਡ ਹਟਾਉਣ ਵਿੱਚ ਮਦਦ ਕਰਦੀ ਹੈ। ਨਾਲ ਹੀ, ਇਹ ਮੂੰਹ ਵਿੱਚ ਬਣਨ ਵਾਲੇ ਐਸਿਡ ਦੇ ਅਸਰ ਨੂੰ ਵੀ ਘੱਟ ਕਰਦੀ ਹੈ।

ਫਰਮੈਂਟਿਡ ਫੂਡ ਵੀ ਮਦਦਗਾਰ ਹੋ ਸਕਦੇ ਹਨ। ਇਨ੍ਹਾਂ ਵਿੱਚ ਅਜਿਹੇ ਲਾਭਦਾਇਕ ਬੈਕਟੀਰੀਆ ਹੁੰਦੇ ਹਨ ਜੋ ਨੁਕਸਾਨਦੇਹ ਬੈਕਟੀਰੀਆ ਨਾਲ ਮੁਕਾਬਲਾ ਕਰਦੇ ਹਨ।

ਮਿਸਾਲ ਵਜੋਂ, ਇੱਕ ਹਾਲੀਆ ਰਿਸਰਚ ਸਮੀਖਿਆ ਵਿੱਚ ਪਾਇਆ ਗਿਆ ਕਿ ਕੇਫਿਰ, ਜੋ ਫਰਮੈਂਟਿਡ ਦੁੱਧ ਤੋਂ ਬਣਿਆ ਪੀਣ ਵਾਲਾ ਪਦਾਰਥ ਹੈ, ਕੁਝ ਨੁਕਸਾਨਦੇਹ ਬੈਕਟੀਰੀਆ ਦੇ ਵਿਕਾਸ ਨੂੰ ਰੋਕ ਸਕਦਾ ਹੈ। ਇਹ ਇਨ੍ਹਾਂ ਬੈਕਟੀਰੀਆ ਨੂੰ ਚਿਪਚਿਪੀ ਪਰਤ ਯਾਨੀ ਬਾਇਓਫਿਲਮ ਬਣਾਉਣ ਤੋਂ ਵੀ ਰੋਕ ਸਕਦਾ ਹੈ।

ਕੋਈ ਇੱਕ ਸੁਪਰਫੂਡ ਨਹੀਂ ਹੈ

ਸਲਾਦ ਖਾਂਦੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੰਦਾਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਦੇ ਨਾਲ-ਨਾਲ ਪਾਣੀ ਪੀਣਾ ਵੀ ਜ਼ਰੂਰੀ ਹੈ

ਇਸ ਦੇ ਬਾਵਜੂਦ ਵਿਗਿਆਨਕਾਂ ਦਾ ਕਹਿਣਾ ਹੈ ਕਿ ਓਰਲ ਹੈਲਥ ਲਈ ਕੋਈ ਇੱਕ ਸੁਪਰਫੂਡ ਨਹੀਂ ਹੈ।

ਇਟਲੀ ਦੀ ਯੂਨੀਵਰਸਿਟੀ ਆਫ ਕੈਟਾਨੀਆ ਦੇ ਐਸੋਸੀਏਟ ਪ੍ਰੋਫੈਸਰ ਗਾਏਟਾਨੋ ਇਸੋਲਾ ਦੇ ਮੁਤਾਬਕ, ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਕਿ ਅਸੀਂ ਕੁਲ ਮਿਲਾ ਕੇ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹਾਂ।

"ਜੇ ਅਸੀਂ ਵਾਰ-ਵਾਰ ਰਿਫਾਇੰਡ ਚੀਨੀ ਅਤੇ ਅਜਿਹੇ ਕਾਰਬੋਹਾਈਡ੍ਰੇਟ ਖਾਂਦੇ ਹਾਂ, ਜਿਨ੍ਹਾਂ ਨੂੰ ਮੂੰਹ ਦੇ ਬੈਕਟੀਰੀਆ ਆਸਾਨੀ ਨਾਲ ਤੋੜ ਸਕਦੇ ਹਨ, ਤਾਂ ਇਸ ਨਾਲ ਅਜਿਹੇ ਸੂਖ਼ਮਜੀਵਾਂ ਨੂੰ ਵਧਾਵਾ ਮਿਲਦਾ ਹੈ ਜੋ ਐਸਿਡ ਬਣਾਉਣ ਅਤੇ ਉਸ ਨੂੰ ਸਹਿਣ ਕਰਨ ਵਿੱਚ ਮਾਹਿਰ ਹੁੰਦੇ ਹਨ।"

ਸਮੇਂ ਦੇ ਨਾਲ ਇਸ ਨਾਲ ਮੂੰਹ ਦੇ ਸੂਖਮ ਜੀਵਾਂ ਦਾ ਸੰਤੁਲਨ ਵਿਗੜ ਸਕਦਾ ਹੈ।

ਇਸ ਦੇ ਉਲਟ, ਅਜਿਹੀ ਡਾਈਟ ਜਿਸ ਵਿੱਚ ਸਾਬਤੇ ਪੌਦਿਆਂ ਤੋਂ ਮਿਲਣ ਵਾਲੇ ਖਾਧ ਪਦਾਰਥ, ਫ਼ਾਈਬਰ ਅਤੇ ਕੰਪਲੈਕਸ ਕਾਰਬੋਹਾਈਡ੍ਰੇਟ ਜ਼ਿਆਦਾ ਹੋਣ ਅਤੇ ਰਿਫਾਇੰਡ ਚੀਨੀ ਘੱਟ ਹੋਵੇ, ਉਹ ਮੂੰਹ ਦੇ ਮਾਈਕ੍ਰੋਬਾਇਓਮ ਦੇ ਸੰਤੁਲਨ ਲਈ ਬਿਹਤਰ ਹੋ ਸਕਦੀ ਹੈ।

ਇਸੋਲਾ ਦੀ ਸੌਖੀ ਸਲਾਹ ਹੈ ਕਿ ਰਿਫਾਇੰਡ ਕਾਰਬੋਹਾਈਡ੍ਰੇਟ ਦੀ ਥਾਂ ਸਬਜ਼ੀਆਂ, ਸਾਬਤੇ ਫਲ, ਦਾਲਾਂ ਤੇ ਸਾਬਤੇ ਅਨਾਜ ਜ਼ਿਆਦਾ ਖਾਓ।

ਮੈਡੀਟੇਰੇਨਿਅਨ ਡਾਈਟ ਵੀ ਇਸ ਦੀ ਚੰਗੀ ਉਦਾਹਰਨ ਹੈ। ਇਸ ਵਿੱਚ ਫਲ, ਸਬਜ਼ੀਆਂ, ਸਾਬਤੇ ਅਨਾਜ ਅਤੇ ਸਿਹਤਮੰਦ ਚਰਬੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।

ਇੱਕ ਤਾਜ਼ਾ ਸਟੱਡੀ ਵਿੱਚ, ਜਿਸ ਵਿੱਚ ਇਸੋਲਾ ਵੀ ਸ਼ਾਮਲ ਸੀ, ਪਾਇਆ ਗਿਆ ਹੈ ਕਿ ਜੋ ਲੋਕ ਮੈਡੀਟੇਰੇਨਿਯਨ ਡਾਈਟ ਨੂੰ ਜ਼ਿਆਦਾ ਨੇੜਿਓਂ ਅਪਣਾਉਂਦੇ ਸੀ, ਉਨ੍ਹਾਂ ਵਿੱਚ ਮਸੂੜਿਆਂ ਦੀ ਬਿਮਾਰੀ ਘੱਟ ਗੰਭੀਰ ਸੀ।

ਜੋ ਲੋਕ ਇਸ ਡਾਈਟ ਦਾ ਘੱਟ ਪਾਲਨ ਕਰਦੇ ਸੀ, ਉਨ੍ਹਾਂ ਵਿੱਚ ਬਿਮਾਰੀ ਜ਼ਿਆਦਾ ਗੰਭੀਰ ਸੀ। ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਵਾਰ-ਵਾਰ ਲਾਲ ਮਾਸ ਖਾਂਦੇ ਸੀ।

ਹਾਲਾਂਕਿ ਲਾਲ ਮਾਸ ਅਤੇ ਮਸੂੜਿਆਂ ਦੀ ਬਿਮਾਰੀ ਵਿਚਕਾਰ ਇਹ ਸਬੰਧ ਕਿਉਂ ਹੈ, ਇਹ ਹਾਲੇ ਸਾਫ਼ ਨਹੀਂ ਹੈ।

ਇੱਕ ਸੰਭਾਵਨਾ ਇਹ ਹੈ ਕਿ ਪ੍ਰੋਟੀਨ ਮੂੰਹ ਵਿੱਚ ਅਜਿਹਾ ਮਾਹੌਲ ਬਣਾਉਣ ਵਿੱਚ ਮਦਦ ਕਰ ਸਕਦਾ ਹੈ, ਜੋ ਪੋਰਫਾਈਰੋਮੋਨਾਸ ਜਿੰਜੀਵੈਲਿਸ ਜਿਹੇ ਨੁਕਸਾਨਦੇਹ ਬੈਕਟੀਰੀਆ ਦੇ ਲਈ ਅਨੁਕੂਲ ਹੋਵੇ।

ਬਰੱਸ਼ ਅਤੇ ਫਲੌਸ ਕਰਨਾ ਵੀ ਜ਼ਰੂਰੀ ਹੈ

ਬਰੱਸ ਕਰਦਾ ਬੱਚਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਨ ਵਿੱਚ ਦੋ ਵਾਰ ਬਰਸ਼ ਕਰਨਾ ਅਤੇ ਫ਼ਲੌਸ ਕਰਨਾ ਮੂੰਹ ਦੀ ਸਫ਼ਾਈ ਦਾ ਅਹਿਮ ਹਿੱਸਾ ਹੈ

ਖਾਣ ਦੀਆਂ ਆਦਤਾਂ ਕਿੰਨੀਆਂ ਵੀ ਚੰਗੀਆਂ ਹੋਣ, ਬਰੱਸ਼ ਅਤੇ ਫ਼ਲੌਸ ਦੀ ਥਾਂ ਨਹੀਂ ਲੈ ਸਕਦੀਆਂ।

ਫ਼ਲੌਸਿੰਗ ਨੂੰ ਦੰਦਾਂ ਦੀ ਸੜਨ ਨਾਲ ਜੁੜੇ ਐੱਸ. ਮਿਊਟਨਸ ਵਰਗੇ ਬੈਕਟੀਰੀਆ ਦੀ ਘੱਟ ਮਾਤਰਾ ਨਾਲ ਜੋੜਿਆ ਗਿਆ ਹੈ।

ਉੱਥੇ ਹੀ, ਦੰਦਾਂ ਅਤੇ ਜੀਭ ਨੂੰ ਬਰੱਸ਼ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਦੀ ਬਿਮਾਰੀ ਨਾਲ ਜੁੜੇ ਬੈਕਟੀਰੀਆ ਦੀ ਗਿਣਤੀ ਕਾਫ਼ੀ ਘੱਟ ਹੋ ਸਕਦੀ ਹੈ।

ਮਾਊਥਵਾਸ਼ ਨੂੰ ਲੈ ਕੇ ਵਿਗਿਆਨਕ ਹਾਲੇ ਇਹ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਆਮ ਤੌਰ 'ਤੇ ਮਿਲਣ ਵਾਲੇ ਮਾਊਥਵਾਸ਼ ਲੰਬੇ ਸਮੇਂ ਵਿੱਚ ਓਰਲ ਮਾਈਕ੍ਰੋਬਾਇਓਮ 'ਤੇ ਕੀ ਅਸਰ ਪਾਉਂਦੇ ਹਨ।

ਉਮੀਦ ਹੈ ਕਿ ਭਵਿੱਖ ਵਿੱਚ ਅਜਿਹੇ ਮਾਊਥਵਾਸ਼ ਬਣਾਏ ਜਾ ਸਕਣਗੇ, ਜੋ ਮੂੰਹ ਵਿੱਚ ਮੌਜੂਦ ਸਾਰੇ ਬੈਕਟੀਰੀਆ ਨੂੰ ਘੱਟ ਕਰਨ ਦੀ ਬਜਾਏ ਚੰਗੇ ਅਤੇ ਨੁਕਸਾਨਦੇਹ ਬੈਕਟੀਰੀਆ ਵਿਚਕਾਰ ਸੰਤੁਲਨ ਬਣਾਉਣ ਵਿੱਚ ਮਦਦ ਕਰਨ।

ਦੂਜੇ ਪਾਸੇ, ਕਲੋਰਹੈਕਸਿਡੀਨ ਵਾਲੇ ਕੁਝ ਮਾਊਥਵਾਸ਼ ਮੂੰਹ ਵਿੱਚ ਮੌਜੂਦ ਸੂਖਮਜੀਵਾਂ ਦੇ ਸੰਤੁਲਨ ਨੂੰ ਵਿਗਾੜਨ ਲਈ ਜਾਣੇ ਜਾਂਦੇ ਹਨ।

ਫਿਰ ਵੀ ਮਸੂੜਿਆਂ ਦੀ ਬਿਮਾਰੀ ਅਤੇ ਕੁਝ ਦੂਜੀਆਂ ਓਰਲ ਸਮੱਸਿਆਵਾਂ ਦੇ ਇਲਾਜ ਵਿੱਚ ਇਨ੍ਹਾਂ ਦਾ ਥੋੜ੍ਹੇ ਸਮੇਂ ਲਈ ਇਸਤੇਮਾਲ ਮਦਦਗਾਰ ਹੋ ਸਕਦਾ ਹੈ।

ਤਾਂ ਆਖ਼ਿਰ ਕੀ ਖਾਈਏ

ਮੂੰਹ ਦੇ ਮਾਈਕ੍ਰੋਬਾਇਓਮ ਨੂੰ ਸਿਹਤਮੰਦ ਰੱਖਣ ਲਈ ਕਿਸੇ ਇੱਕ ਖ਼ਾਸ 'ਸੁਪਰ ਫੂਡ' ਦੀ ਲੋੜ ਨਹੀਂ ਹੈ।

ਸਭ ਤੋਂ ਜ਼ਰੂਰੀ ਹੈ ਕਿ ਸਾਡਾ ਪੂਰਾ ਖਾਣ-ਪੀਣ ਸੰਤੁਲਿਤ ਹੋਵੇ।

ਸਬਜ਼ੀਆਂ, ਖ਼ਾਸ ਕਰਕੇ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਓ। ਸਾਬਤੇ ਫਲ, ਦਾਲਾਂ, ਸਾਬਤੇ ਅਨਾਜ ਅਤੇ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਲਓ। ਚੀਜ਼, ਚਾਹ ਅਤੇ ਫਰਮੈਂਟਿਡ ਫੂਡ ਵੀ ਸੰਤੁਲਿਤ ਡਾਈਟ ਦਾ ਹਿੱਸਾ ਹੋ ਸਕਦੇ ਹਨ।

ਦੂਜੇ ਪਾਸੇ, ਮਿੱਠੇ ਪੇਅ ਅਤੇ ਵਾਰ-ਵਾਰ ਖਾਧੀਆਂ ਜਾਣ ਵਾਲੀਆਂ ਚੀਨੀ ਵਾਲੀਆਂ ਚੀਜ਼ਾਂ ਨੂੰ ਘੱਟ ਕਰਨਾ ਬਿਹਤਰ ਹੈ।

ਲਾਰਾ ਵਾਇਰਿਖ ਦੇ ਮੁਤਾਬਕ, ਸਲਾਹ ਭਾਵੇਂ ਸਧਾਰਨ ਲੱਗੇ, ਪਰ ਇਹੀ ਸਭ ਤੋਂ ਜ਼ਰੂਰੀ ਹੈ। ਸੰਤੁਲਿਤ ਖਾਣਾ ਖਾਓ, ਬਹੁਤ ਸਾਰੀਆਂ ਸਬਜ਼ੀਆਂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਲਓ, ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਲਓ ਅਤੇ ਚੀਨੀ, ਖ਼ਾਸ ਕਰਕੇ ਮਿੱਠੇ ਪੇਅ, ਦਾ ਸੇਵਨ ਘੱਟ ਕਰੋ।

ਅਤੇ ਬਰੱਸ਼ ਅਤੇ ਫ਼ਲੌਸ ਕਰਨਾ ਨਾ ਭੁੱਲੋ।

ਕਿਉਂਕਿ ਸਾਡੇ ਮੂੰਹ ਵਿੱਚ ਰਹਿਣ ਵਾਲੇ ਇਹ ਛੋਟੇ-ਛੋਟੇ ਜੀਵ ਦਿਖਾਈ ਨਹੀਂ ਦਿੰਦੇ, ਪਰ ਅਸੀਂ ਜੋ ਖਾਂਦੇ ਹਾਂ, ਉਸ ਦਾ ਅਸਰ ਉਨ੍ਹਾਂ 'ਤੇ ਵੀ ਪੈਂਦਾ ਹੈ।

ਤਾਂ ਅਗਲੀ ਵਾਰ ਜਦੋਂ ਤੁਹਾਡੀ ਪਲੇਟ ਵਿੱਚ ਹਰੀਆਂ ਸਬਜ਼ੀਆਂ ਨਾਲ ਭਰਿਆ ਸਲਾਦ ਹੋਵੇ, ਨਾਲ ਥੋੜ੍ਹਾ ਚੀਜ਼ ਅਤੇ ਇੱਕ ਕੱਪ ਗਰਮ ਚਾਹ ਹੋਵੇ, ਤਾਂ ਯਾਦ ਰੱਖੋ।

ਇਹ ਖਾਣਾ ਸਿਰਫ਼ ਤੁਹਾਡੇ ਸਰੀਰ ਲਈ ਨਹੀਂ ਹੈ।

ਤੁਹਾਡੇ ਮੂੰਹ ਵਿੱਚ ਰਹਿਣ ਵਾਲੇ ਚੰਗੇ ਬੈਕਟੀਰੀਆ ਵੀ ਇਸ ਨਾਲ ਖੁਸ਼ ਹੋ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)