ਅਮਰੀਕਾ 'ਚ ਨਸ਼ਿਆਂ ਦਾ ਬਦਲਦਾ ਰੂਪ, ਹੁਣ ਘਰਾਂ 'ਚ ਤਿਆਰ ਹੋ ਰਹੇ ਘਾਤਕ ਸਿੰਥੈਟਿਕ ਨਸ਼ੇ

ਤਸਵੀਰ ਸਰੋਤ, Darren Conway/BBC
- ਲੇਖਕ, ਕੁਐਂਟਿਨ ਸੋਮਰਵਿਲ
- ਰੋਲ, ਬੀਬੀਸੀ ਪੱਤਰਕਾਰ, ਕੋਲੰਬਸ, ਓਹਾਇਓ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 16 ਮਿੰਟ
ਚੇਤਾਵਨੀ: ਇਸ ਖ਼ਬਰ ਦੀ ਸ਼ੁਰੂਆਤ ਤੋਂ ਹੀ ਨਸ਼ਿਆਂ ਦੇ ਸੇਵਨ ਦੇ ਵੇਰਵੇ ਦਿੱਤੇ ਗਏ ਹਨ ਅਤੇ ਇਸ ਵਿੱਚ ਖ਼ੁਦਕੁਸ਼ੀ ਬਾਰੇ ਵੀ ਚਰਚਾ ਕੀਤੀ ਗਈ ਹੈ।
ਸਿਲਵਰ ਫੁਆਇਲ ਉੱਤੇ ਫੈਂਟਾਨਿਲ ਦੇ ਕੁਝ ਨਿੱਕੇ-ਨਿੱਕੇ ਦਾਣੇ ਪਏ ਹਨ। ਮਾਈਕ ਦੇ ਬੁੱਲ੍ਹਾਂ ਵਿਚਕਾਰ ਫੜੀ ਤੀਲੀ ਵਰਗੀ ਨਲੀ ਉਨ੍ਹਾਂ ਦੇ ਉੱਪਰ ਮੰਡਰਾ ਰਹੀ ਹੈ, ਜਦਕਿ ਹੇਠਾਂ ਸਿਗਰਟ ਬਾਲਣ ਵਾਲਾ ਲਾਈਟਰ ਫੜਿਆ ਹੋਇਆ ਹੈ।
48 ਸਾਲਾ ਸਾਬਕਾ ਫ਼ੌਜੀ ਮਾਈਕ ਅਮਰੀਕਾ ਦੇ ਓਹਾਇਓ ਸੂਬੇ ਦੇ ਕੋਲੰਬਸ ਸ਼ਹਿਰ ਦੇ ਲਿੰਡਨ ਇਲਾਕੇ ਦੀ ਇੱਕ ਤੰਗ ਗਲੀ ਵਿੱਚ ਹੇਠਾਂ ਨੂੰ ਝੁਕ ਕੇ ਬੈਠਾ ਹੈ।
ਉਹ ਕਹਿੰਦਾ ਹੈ, "ਬਦਕਿਸਮਤੀ ਨਾਲ, ਇਹ ਨਸ਼ਾ ਤੁਹਾਡੇ ਤੋਂ ਲਗਭਗ ਕੁਝ ਵੀ ਕਰਵਾ ਸਕਦਾ ਹੈ।"
ਉਹ ਜਿਹੜਾ ਨਸ਼ਾ ਪੀ ਰਿਹਾ ਹੈ, ਉਸ ਦੀ ਇੱਕ ਖੁਰਾਕ ਦੀ ਕੀਮਤ ਤਿੰਨ ਜਾਂ ਚਾਰ ਡਾਲਰ ਹੈ।
ਉਹ ਕਹਿੰਦਾ ਹੈ, "ਤੁਸੀਂ ਇਸ ਨੂੰ ਨੱਕ ਰਾਹੀਂ ਲੋੜ ਤੋਂ ਵੱਧ ਲੈ ਸਕਦੇ ਹੋ ਅਤੇ ਫਿਰ ਇਸ ਨੂੰ ਵਾਪਸ ਨਹੀਂ ਮੋੜਿਆ ਨਹੀਂ ਜਾਂਦਾ। ਇਹ ਬੰਦੂਕ ਦੀ ਗੋਲੀ ਵਾਂਗ ਹੈ। ਤੁਸੀਂ ਗੋਲੀ ਨੂੰ ਵਾਪਸ ਨਹੀਂ ਬੁਲਾ ਸਕਦੇ।"
ਉਹ ਫੁਆਇਲ ਨੂੰ ਗਰਮ ਕਰਦਾ ਹੈ ਅਤੇ ਧੂੰਆਂ ਅੰਦਰ ਖਿੱਚਦਾ ਹੈ। ਜਿਵੇਂ ਹੀ ਇਹ ਓਪੀਔਇਡ ਨਸ਼ਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਦਾ ਹੈ, ਉਹ ਆਪਣੇ ਪਿੱਛੇ ਲੱਗੀ ਵਾੜ ਨੂੰ ਘੁੱਟ ਕੇ ਫੜ ਲੈਂਦਾ ਹੈ।
ਉਹ ਡੋਲਣ ਲੱਗਦਾ ਹੈ ਅਤੇ ਉਸ ਦੇ ਗਲੇ ਦੀਆਂ ਗਹਿਰਾਈਆਂ ਵਿੱਚੋਂ ਇੱਕ ਹੌਲੀ ਜਿਹੀ ਆਵਾਜ਼ ਨਿਕਲਦੀ ਹੈ, ਇੰਝ ਲੱਗਦਾ ਹੈ ਜਿਵੇਂ ਉਹ ਕੋਈ ਧੁਨ ਗੁਣਗੁਣਾ ਰਿਹਾ ਹੋਵੇ।
ਅਸੀਂ ਮਾਈਕ ਨਾਲ ਕੁਝ ਦਿਨ ਬਿਤਾਏ ਹਨ। ਉਹ ਸਾਨੂੰ ਇਸ ਇਲਾਕੇ ਦੀਆਂ ਪਿਛਲੀਆਂ ਗਲੀਆਂ ਵਿੱਚ ਲੈ ਕੇ ਜਾਂਦਾ ਰਿਹਾ ਹੈ। ਇੱਥੇ ਹਰ ਕੋਈ ਉਸ ਨੂੰ ਜਾਣਦਾ ਜਾਪਦਾ ਹੈ ਅਤੇ ਲੋਕ ਉਸ ਨੂੰ ਪਿਆਰ ਨਾਲ ਦੇਖਦੇ ਹਨ।
ਉਹ ਇੱਕ ਸਥਾਨਕ ਪੁਰਾਣੀਆਂ ਚੀਜ਼ਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੀ ਦੁਕਾਨ ਅਤੇ ਪੈਟ੍ਰੋਲ ਪੰਪ 'ਤੇ ਲੋਕਾਂ ਦੀ ਮਦਦ ਕਰਦਾ ਹੈ। ਇਸੇ ਤਰ੍ਹਾਂ ਉਹ ਆਪਣੀ 20 ਸਾਲਾਂ ਤੋਂ ਚੱਲ ਰਹੀ ਓਪੀਔਇਡ ਦੀ ਲਤ ਦਾ ਖ਼ਰਚਾ ਪੂਰਾ ਕਰਦਾ ਹੈ।
ਸਿੰਥੈਟਿਕ ਓਪੀਔਇਡਜ਼ ਵਧੇਰੇ ਤਾਕਤਵਰ ਹਨ ਅਤੇ ਵੱਡੀ ਮਾਤਰਾ ਵਿੱਚ ਉਪਲਬਧ ਹਨ। ਇਨ੍ਹਾਂ ਨੇ ਨਸ਼ਿਆਂ ਦੀ ਦੁਨੀਆ ਦਾ ਸਰੂਪ ਹੀ ਬਦਲ ਦਿੱਤਾ ਹੈ।
ਫੈਂਟਾਨਿਲ, ਜੋ ਪੂਰੀ ਤਰ੍ਹਾਂ ਮਨੁੱਖ ਵੱਲੋਂ ਬਣਾਇਆ ਜਾਂਦਾ ਹੈ, ਭੁੱਕੀ ਤੋਂ ਤਿਆਰ ਕੀਤੇ ਜਾਣ ਵਾਲੇ ਹੈਰੋਇਨ ਨਾਲੋਂ 50 ਤੋਂ 100 ਗੁਣਾ ਵੱਧ ਤਾਕਤਵਰ ਹੈ।
ਹੁਣ ਇਸ ਵਿੱਚ ਅਕਸਰ ਸਿੰਥੈਟਿਕ ਟ੍ਰੈਂਕੁਲਾਈਜ਼ਰ ਮਿਲਾਏ ਜਾਂਦੇ ਹਨ, ਜਿਸ ਕਾਰਨ ਓਵਰਡੋਜ਼ ਦੇ ਸ਼ਿਕਾਰ ਲੋਕਾਂ ਨੂੰ ਮੁੜ ਹੋਸ਼ ਵਿੱਚ ਲਿਆਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਹ ਘਰਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਖ਼ਤਰੇ ਹਨ, ਜਿੱਥੇ ਅਮਰੀਕਾ ਦੇ ਬੇਸਮੈਂਟਾਂ ਅਤੇ ਬਾਥਟੱਬਾਂ ਵਿੱਚ ਸਿੰਥੈਟਿਕ ਨਸ਼ੀਲੇ ਪਦਾਰਥਾਂ ਦੇ ਮਿਸ਼ਰਣ ਤਿਆਰ ਕੀਤੇ ਜਾ ਸਕਦੇ ਹਨ।
ਸਾਡੀਆਂ ਜੇਬ੍ਹਾਂ ਵਿੱਚ ਨੈਲੋਕਸੋਨ (ਬ੍ਰਾਂਡ ਨਾਮ ਨਾਰਕਨ) ਮੌਜੂਦ ਹੈ, ਤਾਂ ਜੋ ਜੇ ਸਾਡੀ ਟੀਮ ਦਾ ਕੋਈ ਮੈਂਬਰ ਫੈਂਟਾਨਿਲ ਦੇ ਸੰਪਰਕ ਵਿੱਚ ਆ ਜਾਵੇ ਜਾਂ ਸਾਡੇ ਆਲੇ-ਦੁਆਲੇ ਕਿਸੇ ਦੀ ਓਵਰਡੋਜ਼ ਹੋ ਜਾਵੇ, ਤਾਂ ਅਸੀਂ ਇਸ ਦੀ ਵਰਤੋਂ ਕਰ ਸਕੀਏ।
ਇਹ ਨੱਕ ਰਾਹੀਂ ਦਿੱਤੀ ਜਾਣ ਵਾਲੀ ਸਪਰੇਅ ਹੈ, ਜੋ ਓਪੀਔਇਡ ਦੀ ਓਵਰਡੋਜ਼ ਦੇ ਅਸਰ ਨੂੰ ਤੁਰੰਤ ਉਲਟਾ ਦਿੰਦੀ ਹੈ।
ਇਸ ਦੀ ਵਿਆਪਕ ਵਰਤੋਂ ਨੇ ਅਮਰੀਕਾ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਤਸਵੀਰ ਸਰੋਤ, Darren Conway/BBC
2022 ਵਿੱਚ ਆਪਣੇ ਸਿਖਰ 'ਤੇ ਪਹੁੰਚਣ ਸਮੇਂ, ਅਮਰੀਕਾ ਵਿੱਚ ਓਵਰਡੋਜ਼ ਕਾਰਨ 1,10,000 ਲੋਕਾਂ ਦੀ ਮੌਤ ਹੋ ਰਹੀ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਓਪੀਔਇਡਜ਼ ਕਾਰਨ ਹੋਈਆਂ ਸਨ।
ਇਸ ਤੋਂ ਬਾਅਦ ਇਹ ਗਿਣਤੀ ਲਗਾਤਾਰ ਘਟ ਰਹੀ ਹੈ ਅਤੇ ਪਿਛਲੇ ਸਾਲ ਇਹ ਲਗਭਗ 70,000 ਰਹਿ ਗਈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਓਪੀਔਇਡ ਸੰਕਟ ਖ਼ਤਮ ਹੋ ਗਿਆ ਹੈ।
ਇਹ ਸੰਭਾਵਨਾ ਹੈ ਕਿ ਮੇਰੀ ਜੇਬ੍ਹ ਵਿੱਚ ਪਈ ਉਹ ਦਵਾਈ, ਜਿਸ ਨੇ ਹਜ਼ਾਰਾਂ ਨਹੀਂ, ਸਗੋਂ ਲੱਖਾਂ ਨਸ਼ਾ ਕਰਨ ਵਾਲੇ ਲੋਕਾਂ ਦੀ ਜਾਨ ਬਚਾਈ ਹੈ, ਮਾਈਕ 'ਤੇ ਅਸਰ ਨਹੀਂ ਕਰਦੀ ਕਿਉਂਕਿ ਉਹ ਸਿਰਫ਼ ਫੈਂਟਾਨਿਲ ਨਹੀਂ ਪੀ ਰਿਹਾ ਸੀ।
ਉਸ ਦੀਆਂ ਦੁੱਧੀਆਂ ਨੀਲੀਆਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਕੇ ਬਿੰਦੀਆਂ ਜਿੰਨੀਆਂ ਰਹਿ ਜਾਂਦੀਆਂ ਹਨ।
ਉਹ ਗੀਤ ਗਾਉਣ ਵਰਗੀ ਆਵਾਜ਼ ਵਿੱਚ ਕਹਿੰਦਾ ਹੈ, "ਓਪੀਔਇਡਜ਼ ਨਾਲ ਅੱਖਾਂ ਦੀਆਂ ਪੁਤਲੀਆਂ ਛੋਟੀਆਂ ਹੋ ਜਾਂਦੀਆਂ ਹਨ, ਪਰ ਇੰਨੀਆਂ ਛੋਟੀਆਂ ਨਹੀਂ।"
ਇੱਥੋਂ ਤੱਕ ਕਿ ਫੈਂਟਾਨਿਲ, ਜੋ ਆਪਣੇ ਆਪ ਵਿੱਚ ਹੀ ਖ਼ਤਰਨਾਕ ਹੈ, ਵਿੱਚ ਵੀ ਹੋਰ ਸਿੰਥੈਟਿਕ ਨਸ਼ੀਲੇ ਪਦਾਰਥ ਮਿਲਾਏ ਗਏ ਹਨ।
ਜਦੋਂ ਅਸੀਂ ਉਸ ਨੂੰ ਪੁੱਛਦੇ ਹਾਂ ਕਿ ਉਸ ਦੇ ਖ਼ਿਆਲ ਵਿੱਚ ਉਸ ਦੇ ਨਸ਼ੇ ਵਿੱਚ ਹੋਰ ਕਿਹੜੇ ਪਦਾਰਥ ਮਿਲਾਏ ਗਏ ਹਨ, ਤਾਂ ਉਹ ਜਵਾਬ ਦਿੰਦਾ ਹੈ, "ਜ਼ਾਇਲਾਜ਼ੀਨ ਅਤੇ ਉਹ ਇੱਕ ਹੋਰ, ਜਿਸ ਦਾ ਨਾਂ ਅਸੀਂ ਉਚਾਰ ਵੀ ਨਹੀਂ ਸਕਦੇ।"
ਉਸ ਦਾ ਇਸ਼ਾਰਾ ਮੈਡੇਟੋਮੀਡੀਨ ਵੱਲ ਹੈ। ਜ਼ਾਇਲਾਜ਼ੀਨ ਵਾਂਗ, ਇਸ ਨੂੰ ਵੀ ਟ੍ਰੈਂਕ ਕਿਹਾ ਜਾਂਦਾ ਹੈ ਅਤੇ ਇਹ ਦੋਵੇਂ ਜਾਨਵਰਾਂ ਨੂੰ ਸ਼ਾਂਤ ਕਰਨ ਲਈ ਵਰਤੇ ਜਾਣ ਵਾਲੇ ਸਿੰਥੈਟਿਕ ਨਸ਼ੀਲੇ ਪਦਾਰਥ ਹਨ।
ਇੱਕ ਨਸ਼ਾ ਮੁਕਤੀ ਮਾਹਰ ਨੇ ਮੈਨੂੰ ਦੱਸਿਆ ਸੀ, "ਇਹ ਵੱਡੇ ਜਾਨਵਰਾਂ ਨੂੰ ਸ਼ਾਂਤ ਕਰਨ ਵਾਲੀਆਂ ਦਵਾਈਆਂ ਹਨ।"
ਇਹ ਪਦਾਰਥ ਫੈਂਟਾਨਿਲ ਦੇ ਨਸ਼ੇ ਦੇ ਅਸਰ ਨੂੰ ਲੰਬਾ ਕਰਨ ਵਿੱਚ ਮਦਦ ਕਰਦੇ ਹਨ, ਪਰ ਇਹ ਸੈਡੇਟਿਵ ਵੀ ਹਨ, ਜੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਨੈਲੋਕਸੋਨ ਇਨ੍ਹਾਂ ਦੇ ਅਸਰ ਨੂੰ ਖ਼ਤਮ ਨਹੀਂ ਕਰਦਾ।
ਜ਼ਾਇਲਾਜ਼ੀਨ ਚਮੜੀ 'ਤੇ ਟਿਸ਼ੂਆਂ ਦੇ ਮਰਨ ਕਾਰਨ ਡੂੰਘੇ ਜ਼ਖ਼ਮ ਅਤੇ ਅਲਸਰ ਵੀ ਪੈਦਾ ਕਰਦਾ ਹੈ। ਇਹ ਜ਼ਖ਼ਮ ਇੰਨੇ ਡੂੰਘੇ ਹੋ ਸਕਦੇ ਹਨ ਕਿ ਹੱਡੀ ਤੱਕ ਪਹੁੰਚ ਜਾਂਦੇ ਹਨ ਅਤੇ ਇਨ੍ਹਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੁੰਦਾ ਹੈ।
ਨਸ਼ਾ ਮੁਕਤੀ ਲਈ ਉਮੀਦ ਦੀ ਕਿਰਨ ਜਗਾਉਣ ਵਾਲਾ ਸਮੂਹ

ਤਸਵੀਰ ਸਰੋਤ, Darren Conway/BBC
ਸ਼ਹਿਰ ਦੇ ਦੂਜੇ ਪਾਸੇ ਸਥਿਤ ਗਲੈਨਵੁੱਡ ਚਰਚ ਵਿੱਚ, ਹੋਪ ਡੀਲਰ ਕਮਿਊਨਿਟੀ ਨਾਮ ਦੇ ਨਸ਼ਾ ਮੁਕਤੀ ਸਮੂਹ ਦੇ ਮੈਂਬਰ ਆਪਣੀ ਹਫ਼ਤਾਵਾਰੀ ਮੀਟਿੰਗ ਲਈ ਇਕੱਠੇ ਹੁੰਦੇ ਹਨ।
ਬਹੁਤ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਜ਼ਿੰਦਗੀ ਦੇ ਸੰਘਰਸ਼ਾਂ ਦੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਕਿਸੇ ਵੱਡੇ ਸਦਮੇ ਵਿੱਚੋਂ ਬਚ ਕੇ ਨਿਕਲੇ ਲੋਕਾਂ ਦੀ ਝਲਕ ਮਿਲਦੀ ਹੈ।
ਉਹ ਚਰਚ ਦੇ ਸਾਹਮਣੇ ਬਣੇ ਮੰਚ 'ਤੇ ਆਉਂਦੇ ਹਨ ਅਤੇ ਬੇਹੱਦ ਸਪੱਸ਼ਟਤਾ ਤੇ ਹਿੰਮਤ ਨਾਲ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ।
ਇੱਕ ਵਿਅਕਤੀ ਜੁਲਾਈ 2022 ਵਿੱਚ ਆਪਣੀ ਓਵਰਡੋਜ਼ ਦੀ ਘਟਨਾ ਬਾਰੇ ਦੱਸਦਾ ਹੈ।
ਦੋ ਪੈਰਾਮੈਡਿਕਸ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਦੀਆਂ ਦੋਵੇਂ ਬਾਹਾਂ ਵਿੱਚ ਨੈਲੋਕਸੋਨ ਦੀਆਂ ਡ੍ਰਿਪਾਂ ਲੱਗੀਆਂ ਹੋਈਆਂ ਸਨ।
ਉਨ੍ਹਾਂ ਨੇ ਓਪੀਔਇਡ ਦੇ ਅਸਰ ਨੂੰ ਉਲਟਾਉਣ ਵਾਲੀ ਦਵਾਈ ਤਿੰਨ ਵਾਰ ਦਿੱਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ।
ਇੱਕ ਪੈਰਾਮੈਡਿਕ ਨੇ ਕਿਹਾ, "ਬੱਸ, ਹੁਣ ਮੈਂ ਇਸ ਨੂੰ ਛੱਡਣ ਲੱਗਾ ਹਾਂ।"
ਪਰ ਦੂਜੇ ਨੇ ਇੱਕ ਹੋਰ ਵਾਰ ਕੋਸ਼ਿਸ਼ ਕਰਨ 'ਤੇ ਜ਼ੋਰ ਦਿੱਤਾ ਅਤੇ ਉਸੇ ਕੋਸ਼ਿਸ਼ ਨੇ ਉਸ ਦੀ ਜਾਨ ਬਚਾ ਲਈ।
ਜਦੋਂ ਇਕੱਠੇ ਹੋਏ ਲੋਕ ਹੌਸਲਾ ਵਧਾਉਣ ਲਈ ਉੱਚੀ ਆਵਾਜ਼ ਵਿੱਚ ਬੋਲਦੇ ਹਨ, ਤਾਂ ਟੋਨਿਆ ਮੰਚ 'ਤੇ ਲੱਗੇ ਲੈਕਟਰਨ ਕੋਲ ਆਉਂਦੀ ਹੈ।
ਉਹ ਦੱਸਦੀ ਹੈ ਕਿ ਕਿਵੇਂ ਉਸ ਦੇ ਭਤੀਜੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ, ਜਦਕਿ ਉਸੇ ਸਮੇਂ ਉਹ ਖ਼ੁਦ ਵੀ ਕ੍ਰੈਕ ਕੋਕੀਨ ਦੀ ਓਵਰਡੋਜ਼ ਦਾ ਸ਼ਿਕਾਰ ਹੋ ਰਹੀ ਸੀ। ਕ੍ਰੈਕ ਕੋਕੀਨ ਇੱਕ ਉਤੇਜਕ ਨਸ਼ਾ ਹੈ, ਜਿਸ ਵਿੱਚ ਫੈਂਟਾਨਿਲ ਨਾਮਕ ਸਿੰਥੈਟਿਕ ਓਪੀਔਇਡ ਮਿਲਾਇਆ ਗਿਆ ਸੀ।
ਉਹ ਅੱਖਾਂ ਵਿੱਚ ਹੰਝੂ ਭਰ ਕੇ ਕਹਿੰਦੀ ਹੈ, "ਇਹ ਕੋਈ ਕਿਸਮਤ ਦੀ ਗੱਲ ਨਹੀਂ ਹੈ। ਮੇਰਾ ਇੱਥੇ ਹੋਣਾ ਤੈਅ ਸੀ।"
ਸਰੋਤੇ ਉੱਚੀ ਆਵਾਜ਼ ਵਿੱਚ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹਨ।

ਤਸਵੀਰ ਸਰੋਤ, Darren Conway/BBC
ਕੋਲੰਬਸ ਵਿੱਚ ਅਤੇ ਬਾਅਦ ਵਿੱਚ ਸ਼ਿਕਾਗੋ ਵਿੱਚ ਵੀ, ਅਸੀਂ ਅਜਿਹੇ ਕ੍ਰੈਕ ਕੋਕੀਨ ਵਰਤਣ ਵਾਲੇ ਲੋਕਾਂ ਬਾਰੇ ਸੁਣਿਆ, ਜਿਨ੍ਹਾਂ ਦੀ ਮੌਤ ਓਵਰਡੋਜ਼ ਕਾਰਨ ਹੋ ਗਈ ਸੀ ਕਿਉਂਕਿ ਉਨ੍ਹਾਂ ਦੇ ਨਸ਼ੇ ਵਿੱਚ ਫੈਂਟਾਨਿਲ ਮਿਲਿਆ ਹੋਇਆ ਸੀ। ਸੜਕਾਂ 'ਤੇ ਇਸ ਨੂੰ "ਹੌਟ ਡੋਜ਼" ਕਿਹਾ ਜਾਂਦਾ ਹੈ।
ਹੋਪ ਡੀਲਰਜ਼ ਚਲਾਉਣ ਵਾਲੇ 65 ਸਾਲਾ ਸਕੌਟ ਸੈਂਡਰਜ਼ ਦੱਸਦੇ ਹਨ, "ਪਿਛਲੇ 12 ਮਹੀਨਿਆਂ ਦੌਰਾਨ ਫ੍ਰੈਂਕਲਿਨ ਕਾਊਂਟੀ (ਕੋਲੰਬਸ) ਵਿੱਚ ਓਵਰਡੋਜ਼ ਕਾਰਨ ਹੋਈਆਂ ਮੌਤਾਂ ਵਿੱਚੋਂ 78 ਫ਼ੀਸਦੀ ਮੌਤਾਂ ਉਤੇਜਕ ਨਸ਼ਿਆਂ ਕਾਰਨ ਹੋਈਆਂ ਹਨ।"
ਸਕੌਟ ਨੂੰ ਨਸ਼ਾ ਛੱਡਿਆਂ ਲਗਭਗ 10 ਸਾਲ ਹੋ ਚੁੱਕੇ ਹਨ। ਉਹ 60 ਸਾਲਾਂ ਦੀ ਉਮਰ ਦੇ ਸ਼ੁਰੂਆਤੀ ਦਹਾਕੇ ਵਿੱਚ ਹਨ, ਉਨ੍ਹਾਂ ਦਾ ਸਰੀਰ ਮਜ਼ਬੂਤ ਹੈ ਅਤੇ ਉਨ੍ਹਾਂ ਵਿੱਚ ਬੇਹੱਦ ਜੋਸ਼ ਹੈ।
ਜਦੋਂ ਉਹ ਕਮਰੇ ਵਿੱਚ ਮੌਜੂਦ ਲੋਕਾਂ ਨੂੰ ਪੁੱਛਦੇ ਹਨ ਕਿ ਜੇ ਕਿਸੇ ਦੀ ਕਦੇ ਓਵਰਡੋਜ਼ ਹੋਈ ਹੈ ਤਾਂ ਉਹ ਆਪਣਾ ਹੱਥ ਖੜ੍ਹਾ ਕਰੇ, ਤਾਂ ਇਕੱਠੇ ਹੋਏ ਜ਼ਿਆਦਾਤਰ ਲੋਕ ਆਪਣੇ ਹੱਥ ਖੜ੍ਹੇ ਕਰ ਦਿੰਦੇ ਹਨ।
ਸਕੌਟ ਮੈਨੂੰ ਬਾਅਦ ਵਿੱਚ ਦੱਸਦੇ ਹਨ, "ਸੰਕਟ ਨੇ ਸਿਰਫ਼ ਆਪਣਾ ਰੂਪ ਬਦਲਿਆ ਹੈ। ਦੁਖਾਂਤ ਇਹ ਹੈ ਕਿ ਉਤੇਜਕ ਨਸ਼ੇ ਵਰਤਣ ਵਾਲੇ ਲੋਕ ਜਦੋਂ ਕ੍ਰੈਕ ਖ਼ਰੀਦਦੇ ਹਨ, ਤਾਂ ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਉਹੀ ਮਿਲ ਰਿਹਾ ਹੈ ਜੋ ਉਹ ਖ਼ਰੀਦ ਰਹੇ ਹਨ, ਪਰ ਅਜਿਹਾ ਨਹੀਂ ਹੈ।"
"ਉਨ੍ਹਾਂ ਨੂੰ ਫੈਂਟਾਨਿਲ ਜਾਂ ਹੋਰ ਓਪੀਔਇਡ ਨਸ਼ਿਆਂ ਦੇ ਮਿਸ਼ਰਣ ਨਾਲ ਮਿਲਾਇਆ ਹੋਇਆ ਕ੍ਰੈਕ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ ਕਿ ਉਹ ਓਵਰਡੋਜ਼ ਦਾ ਸ਼ਿਕਾਰ ਹੋ ਰਹੇ ਹਨ।"
ਉਹ ਅੱਗੇ ਦੱਸਦੇ ਹਨ ਕਿ ਓਹਾਇਓ ਵਿੱਚ ਸਿਆਫਾਮ ਮਰਦਾਂ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਅਸਲ ਵਿੱਚ ਵਧ ਰਹੀਆਂ ਹਨ।
ਉਨ੍ਹਾਂ ਦੀ ਸੰਸਥਾ ਨਸ਼ਿਆਂ ਦੇ ਨਮੂਨੇ ਇਕੱਠੇ ਕਰਨ ਵਾਲੇ ਇੱਕ ਪ੍ਰੋਗਰਾਮ ਲਈ ਰੋਗ ਕੰਟ੍ਰੋਲ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਨਾਲ ਕੰਮ ਕਰਦੀ ਹੈ।
ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਲੋਕ ਆਪਣੀਆਂ ਸੂਈਆਂ ਜਾਂ ਪਾਈਪਾਂ ਲਿਆਉਂਦੇ ਹਨ, ਜਿਨ੍ਹਾਂ ਤੋਂ ਸਵੈਬ ਰਾਹੀਂ ਨਮੂਨੇ ਲਏ ਜਾਂਦੇ ਹਨ। ਫਿਰ ਇਹ ਨਮੂਨੇ ਉੱਤਰੀ ਕੈਰੋਲੀਨਾ ਵਿੱਚ ਸਥਿਤ ਸੀਡੀਸੀ ਦੀ ਪ੍ਰਯੋਗਸ਼ਾਲਾ ਵਿੱਚ ਭੇਜੇ ਜਾਂਦੇ ਹਨ।
ਇਸੇ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਮਾਈਕ ਦਾ ਅੰਦਾਜ਼ਾ ਸਹੀ ਸੀ। ਸੰਭਵ ਹੈ ਕਿ ਉਹ ਸਿਰਫ਼ ਫੈਂਟਾਨਿਲ ਨਹੀਂ ਪੀ ਰਿਹਾ ਸੀ। ਉਸ ਵੱਲੋਂ ਲਿਆਂਦੀਆਂ ਨਸ਼ਿਆਂ ਦੀ ਜਾਂਚ ਵਾਲੀਆਂ ਕਿੱਟਾਂ ਵਿੱਚੋਂ ਇੱਕ ਦੇ ਨਮੂਨੇ ਵਿੱਚ ਮੈਡੇਟੋਮੀਡੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ।
ਸਕੌਟ ਕਹਿੰਦੇ ਹਨ, "2026 ਵਿੱਚ ਨਸ਼ਿਆਂ ਦੀ ਸਪਲਾਈ ਦੀ ਹਾਲਤ ਇਹ ਹੈ, ਅਸੀਂ ਸੋਚਦੇ ਹਾਂ ਕਿ ਅਸੀਂ ਕ੍ਰੈਕ ਖ਼ਰੀਦ ਰਹੇ ਹਾਂ, ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਅਸੀਂ ਕਈ ਵੱਖ-ਵੱਖ ਚੀਜ਼ਾਂ ਖ਼ਰੀਦ ਰਹੇ ਹੁੰਦੇ ਹਾਂ।"
"ਅੱਜਕੱਲ੍ਹ ਨਸ਼ਿਆਂ ਵਿੱਚ ਸਿਰਫ਼ ਹੋਰ ਪਦਾਰਥ ਮਿਲਾ ਕੇ ਉਨ੍ਹਾਂ ਨੂੰ ਪਤਲਾ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਨੂੰ ਫੈਂਟਾਨਿਲ ਜਾਂ ਮੈਥ ਵਰਗੇ ਹੋਰ ਨਸ਼ਿਆਂ ਨਾਲ ਮਿਲਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਬੇਸਮੈਂਟਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਹੋਰ ਮਿਲਾਵਟੀ ਰਸਾਇਣ ਵੀ ਸ਼ਾਮਲ ਕੀਤੇ ਜਾਂਦੇ ਹਨ।"
ਇਸੇ ਤਰ੍ਹਾਂ ਬੇਸਮੈਂਟਾਂ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਸਿੰਥੈਟਿਕ ਨਸ਼ੀਲੀਆਂ ਦਵਾਈਆਂ ਹੀ ਗੁਆਂਢੀ ਸੂਬੇ ਇਲੀਨੋਇਸ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧੇ ਦਾ ਕਾਰਨ ਬਣਨ ਵਾਲੀਆਂ ਸਨ।
ਮੈਂ ਸ਼ਿਕਾਗੋ ਵਿੱਚ ਇੱਕ ਅਜਿਹੇ ਨਸ਼ਾ ਤਸਕਰ ਨੂੰ ਮਿਲਦਾ ਹਾਂ, ਜੋ ਮੈਕਸੀਕਨ ਕਾਰਟੈਲਾਂ ਲਈ ਕੰਮ ਕਰਦਾ ਹੈ ਅਤੇ ਫੈਂਟਾਨਿਲ ਵੇਚਦਾ ਹੈ। ਉਹ ਸਾਡੇ ਨਾਲ ਗੱਲ ਕਰਨ ਲਈ ਸਿਰਫ਼ ਇਸ ਸ਼ਰਤ 'ਤੇ ਤਿਆਰ ਹੋਇਆ ਕਿ ਅਸੀਂ ਉਸ ਦੀ ਪਛਾਣ ਗੁਪਤ ਰੱਖਾਂਗੇ।
ਜਦੋਂ ਉਸ ਨੂੰ ਓਪੀਔਇਡ ਸੰਕਟ ਕਾਰਨ ਹਰ ਸਾਲ ਮਰਨ ਵਾਲੇ 50,000 ਲੋਕਾਂ ਦੀਆਂ ਮੌਤਾਂ ਵਿੱਚ ਉਸ ਦੀ ਭੂਮਿਕਾ ਬਾਰੇ ਸਵਾਲ ਕੀਤਾ ਜਾਂਦਾ ਹੈ, ਤਾਂ ਉਹ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਗ਼ਲਤ ਹੈ।
ਪਰ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਫਿਰ ਵੀ ਇਹ ਕੰਮ ਕਿਉਂ ਕਰਦਾ ਰਹਿੰਦਾ ਹੈ, ਤਾਂ ਉਹ ਕਹਿੰਦਾ ਹੈ ਕਿ ਮਕਸਦ ਹਾਸਲ ਕਰਨ ਲਈ ਅਪਣਾਏ ਗਏ ਤਰੀਕੇ ਜਾਇਜ਼ ਹਨ।
ਉਸ ਨੇ ਮੈਨੂੰ ਦੱਸਿਆ ਕਿ ਅਮਰੀਕੀ ਸਰਕਾਰ ਵੱਲੋਂ ਕਾਰਟੈਲਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀਆਂ ਗਈਆਂ ਤਾਜ਼ਾ ਕੋਸ਼ਿਸ਼ਾਂ ਦੇ ਬਾਵਜੂਦ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਐਲਾਨਣਾ ਅਤੇ ਫੈਂਟਾਨਿਲ ਨੂੰ ਵਿਆਪਕ ਤਬਾਹੀ ਦਾ ਹਥਿਆਰ ਕਰਾਰ ਦੇਣਾ ਸ਼ਾਮਲ ਹੈ, ਉਸ ਦੀ ਸਪਲਾਈ ਲੜੀ ਪਹਿਲਾਂ ਵਾਂਗ ਹੀ ਮਜ਼ਬੂਤ ਹੈ।
ਜਦੋਂ ਮੈਂ ਉਸ ਨੂੰ ਪੁੱਛਦਾ ਹਾਂ ਕਿ ਟਰੰਪ ਪ੍ਰਸ਼ਾਸਨ ਵੱਲੋਂ ਸ਼ੱਕੀ ਨਸ਼ਾ ਤਸਕਰਾਂ ਨੂੰ ਲੈ ਕੇ ਜਾਣ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਨਾਲ ਕੋਈ ਫ਼ਰਕ ਪਿਆ ਹੈ ਜਾਂ ਨਹੀਂ, ਤਾਂ ਉਹ ਜਵਾਬ ਦਿੰਦਾ ਹੈ ਕਿ ਉਸ ਦਾ ਉਤਪਾਦ ਅਜੇ ਵੀ ਮੈਕਸੀਕੋ ਤੋਂ ਅਮਰੀਕਾ ਪਹੁੰਚ ਰਿਹਾ ਹੈ।
ਉਹ ਕਹਿੰਦਾ ਹੈ, "ਜੇ ਇਹ ਕੰਧ ਦੇ ਉੱਪਰੋਂ ਨਹੀਂ ਜਾਂਦਾ, ਤਾਂ ਕੰਧ ਦੇ ਹੇਠਾਂ ਤੋਂ ਲੰਘ ਜਾਂਦਾ ਹੈ। ਜੇ ਇਹ ਸਰਹੱਦ ਰਾਹੀਂ ਨਹੀਂ ਜਾਂਦਾ, ਤਾਂ ਉੱਪਰਲੀ ਸਰਹੱਦ ਰਾਹੀਂ ਆ ਜਾਂਦਾ ਹੈ। ਇਹ ਖੇਡ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਬਾਰੇ ਹੈ।"
ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਦੇ ਕਾਰੋਬਾਰ ਵਿੱਚ ਕੀ ਬਦਲਿਆ ਹੈ, ਤਾਂ ਉਸ ਦਾ ਜਵਾਬ ਸਪੱਸ਼ਟ ਸੀ।
ਉਹ ਮੈਨੂੰ ਕਹਿੰਦਾ ਹੈ, "ਸਿੰਥੈਟਿਕ ਨਸ਼ੇ। ਅਸੀਂ ਅਜੇ ਤੱਕ ਇਹ ਨਹੀਂ ਦੇਖਿਆ ਕਿ ਸਿੰਥੈਟਿਕ ਨਸ਼ੇ ਕੀ ਕੁਝ ਕਰ ਸਕਦੇ ਹਨ। ਇਹ ਤਾਂ ਅਜੇ ਬਹੁਤ ਵੱਡੇ ਖ਼ਤਰੇ ਦੀ ਸਿਰਫ਼ ਸ਼ੁਰੂਆਤ ਹੈ।"

ਤਸਵੀਰ ਸਰੋਤ, Darren Conway/BBC
ਇੱਕ ਨਵਾਂ ਤਰੀਕਾ
ਸ਼ਿਕਾਗੋ ਦੀ ਸਭ ਤੋਂ ਵੱਡੀ ਜੇਲ੍ਹ, ਜੋ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ਵਿੱਚੋਂ ਵੀ ਇੱਕ ਹੈ, ਕੁੱਕ ਕਾਊਂਟੀ ਜੇਲ੍ਹ ਹੈ।
ਪਹਿਲਾਂ ਰਵਾਇਤੀ ਨਸ਼ੀਲੇ ਪਦਾਰਥਾਂ ਨੂੰ ਅਕਸਰ ਸਰੀਰ ਦੀਆਂ ਖੋਖਲੀਆਂ ਥਾਵਾਂ ਵਿੱਚ ਲੁਕਾ ਕੇ ਜੇਲ੍ਹ ਅੰਦਰ ਲਿਆਂਦਾ ਜਾਂਦਾ ਸੀ। ਇਸ ਨੂੰ ਰੋਕਣ ਲਈ ਜੇਲ੍ਹ ਵਿੱਚ ਵੀ ਹਵਾਈ ਅੱਡਿਆਂ 'ਤੇ ਵਰਤੇ ਜਾਣ ਵਾਲੇ ਸਰੀਰ ਦੀ ਜਾਂਚ ਕਰਨ ਵਾਲੇ ਸਕੈਨਰ ਲਗਾਏ ਗਏ ਸਨ।
ਜੇਲ੍ਹ ਦੇ ਮੁਖੀ, ਸ਼ੈਰਿਫ਼ ਟੌਮ ਡਾਰਟ ਦੱਸਦੇ ਹਨ, "2023 ਵਿੱਚ ਅਚਾਨਕ ਅਸੀਂ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਦੇਖਿਆ। ਪਰ ਇਸ ਦੇ ਨਾਲ ਹੀ ਅਸੀਂ ਉਨ੍ਹਾਂ ਲੋਕਾਂ ਦੇ ਆਲੇ-ਦੁਆਲੇ, ਜੋ ਜਾਂ ਤਾਂ ਮਰ ਚੁੱਕੇ ਸਨ ਜਾਂ ਜਿਨ੍ਹਾਂ ਨੂੰ ਅਸੀਂ ਮੁੜ ਹੋਸ਼ ਵਿੱਚ ਲਿਆਂਦਾ ਸੀ, ਹਰ ਪਾਸੇ ਕਾਗਜ਼ ਖਿੱਲਰੇ ਹੋਏ ਦੇਖੇ। ਅਸੀਂ ਕਾਗਜ਼ ਨੂੰ ਸੜਿਆ ਹੋਇਆ ਦੇਖ ਰਹੇ ਸੀ ਅਤੇ ਇਹ ਸਭ ਕੁਝ ਬਿਲਕੁਲ ਨਵਾਂ ਸੀ।"
ਇਸ ਜੇਲ੍ਹ ਵਿੱਚ ਆਮ ਤੌਰ 'ਤੇ ਹਰ ਸਾਲ ਓਵਰਡੋਜ਼ ਕਾਰਨ ਇੱਕ ਜਾਂ ਦੋ ਮੌਤਾਂ ਹੁੰਦੀਆਂ ਹਨ, ਪਰ ਉਸ ਸਾਲ ਨਸ਼ਿਆਂ ਕਾਰਨ ਪੈਣ ਵਾਲੇ ਘਾਤਕ ਦੌਰਿਆਂ ਨਾਲ ਅੱਠ ਕੈਦੀਆਂ ਦੀ ਮੌਤ ਹੋ ਗਈ।
ਸੁਰੱਖਿਆ ਕੈਮਰਿਆਂ ਦੀ ਫੁਟੇਜ ਵਿੱਚ ਕੈਦੀਆਂ ਦੇ ਸਰੀਰ ਨੂੰ ਬੇਕਾਬੂ ਝਟਕੇ ਲੱਗਦੇ ਅਤੇ ਉਨ੍ਹਾਂ ਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ। ਫੁਟੇਜ ਵਿੱਚ ਇਹ ਵੀ ਦਿਖਾਈ ਦਿੰਦਾ ਹੈ ਕਿ ਉਹ ਜੇਲ੍ਹ ਦੀਆਂ ਬੈਰਕਾਂ ਵਿੱਚ ਬਣੀਆਂ ਰਸੋਈਆਂ ਦੇ ਮਾਈਕ੍ਰੋਵੇਵ ਵਿੱਚ ਕਾਗਜ਼ ਨੂੰ ਅੱਗ ਲਗਾ ਰਹੇ ਸਨ।
ਜਿਵੇਂ ਕਿ ਡਾਰਟ ਨੇ ਕਿਹਾ ਸੀ, ਇਹ ਸੱਚਮੁੱਚ ਇੱਕ ਨਵਾਂ ਤਰੀਕਾ ਸੀ। ਨਸ਼ੀਲੇ ਪਦਾਰਥਾਂ ਵਿੱਚ ਭਿੱਜੇ ਕਿਤਾਬਾਂ ਦੇ ਪੰਨਿਆਂ ਅਤੇ ਚਿੱਠੀਆਂ ਰਾਹੀਂ ਨਸ਼ੇ ਡਾਕ ਦੁਆਰਾ ਜੇਲ੍ਹ ਅੰਦਰ ਭੇਜੇ ਜਾ ਰਹੇ ਸਨ।
ਸ਼ੈਰਿਫ਼ ਨੇ ਸਮਝਾਇਆ, "ਕੈਨਾਬਿਨੋਇਡਜ਼ ਅਤੇ ਹੋਰ ਕਈ ਪਦਾਰਥਾਂ ਵਿੱਚ ਭਿੱਜੇ ਕਾਗਜ਼ ਨੂੰ ਬਾਅਦ ਵਿੱਚ ਅੱਗ ਲਗਾਈ ਜਾਂਦੀ ਸੀ ਅਤੇ ਨਸ਼ੇ ਦਾ ਅਸਰ ਲੈਣ ਲਈ ਉਸ ਦਾ ਧੂੰਆਂ ਅੰਦਰ ਖਿੱਚਿਆ ਜਾਂਦਾ ਸੀ।"
ਕੈਨਾਬਿਨੋਇਡਜ਼, ਜਿਨ੍ਹਾਂ ਨੂੰ ਕਈ ਵਾਰ ਕੇ2 ਵੀ ਕਿਹਾ ਜਾਂਦਾ ਹੈ, ਭੰਗ ਦੇ ਪੌਦੇ ਤੋਂ ਮਿਲਣ ਵਾਲੇ ਨਸ਼ੀਲੇ ਤੱਤਾਂ ਦੇ ਪੂਰੀ ਤਰ੍ਹਾਂ ਸਿੰਥੈਟਿਕ ਰੂਪ ਹਨ। ਇਹ ਬੇਹੱਦ ਖ਼ਤਰਨਾਕ ਹੁੰਦੇ ਹਨ ਅਤੇ ਇਨ੍ਹਾਂ ਕਾਰਨ ਹੀ ਉਹ ਘਾਤਕ ਦੌਰੇ ਪਏ ਸਨ।
ਅਗਸਤ ਵਿੱਚ, ਮੈਂ ਡਾਰਟ ਦੇ ਜੇਲ੍ਹ ਅਧਿਕਾਰੀਆਂ ਦੇ ਨਾਲ ਗਿਆ, ਜਦੋਂ ਉਹ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਡੀ ਬਲਾਕ ਵਿੱਚ ਤੜਕੇ ਸਵੇਰੇ ਛਾਪਾ ਮਾਰਨ ਦੀ ਤਿਆਰੀ ਕਰ ਰਹੇ ਸਨ।
ਲਗਭਗ ਦੋ ਦਰਜਨ ਅਧਿਕਾਰੀ ਬਲਾਕ ਦੇ ਦਰਵਾਜ਼ੇ ਦੇ ਬਾਹਰ ਇਕੱਠੇ ਹੋਏ। ਉਹ ਹੌਲੀ-ਹੌਲੀ ਕਦਮ ਰੱਖ ਰਹੇ ਸਨ ਅਤੇ ਬਹੁਤ ਹੌਲੀ ਆਵਾਜ਼ ਵਿੱਚ ਗੱਲ ਕਰ ਰਹੇ ਸਨ।
ਤਲਾਸ਼ੀ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਵਿੱਚੋਂ ਇੱਕ ਨੇ ਹੁਕਮ ਦਿੱਤਾ, "ਉਨ੍ਹਾਂ ਨੂੰ ਤੁਹਾਡੀ ਆਵਾਜ਼ ਨਹੀਂ ਸੁਣਾਈ ਦੇਣੀ ਚਾਹੀਦੀ। ਚੁੱਪ ਰਹੋ, ਬਿਲਕੁਲ ਚੁੱਪ।"
ਜਿਵੇਂ ਹੀ ਅਧਿਕਾਰੀ ਤੇਜ਼ੀ ਨਾਲ ਅੰਦਰ ਦਾਖ਼ਲ ਹੋਏ, ਮੈਨੂੰ ਹਵਾ ਵਿੱਚ ਸੜਦੇ ਕਾਗਜ਼ ਦੀ ਗੰਧ ਆਈ। ਨਾਲ ਹੀ ਪਖਾਨਿਆਂ ਵਿੱਚ ਪਾਣੀ ਦੇ ਫਲੱਸ਼ ਹੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸੰਭਵ ਹੈ ਕਿ ਨਾਜਾਇਜ਼ ਪਦਾਰਥਾਂ ਨੂੰ ਜਲਦੀ-ਜਲਦੀ ਨਸ਼ਟ ਕੀਤਾ ਜਾ ਰਿਹਾ ਸੀ।

ਤਸਵੀਰ ਸਰੋਤ, Darren Conway/BBC
ਤਲਾਸ਼ੀ ਸ਼ੁਰੂ ਹੋਣ 'ਤੇ ਅਧਿਕਾਰੀਆਂ ਦਾ ਧਿਆਨ ਕੈਦੀਆਂ ਦੇ ਕਮਰਿਆਂ ਵਿੱਚ ਪਏ ਕਾਗਜ਼ਾਂ ਵੱਲ ਸੀ, ਖ਼ਾਸ ਤੌਰ 'ਤੇ ਕਿਤਾਬਾਂ ਅਤੇ ਚਿੱਠੀਆਂ ਵੱਲ।
ਕਮਰਿਆਂ ਦੀ ਤਲਾਸ਼ੀ ਲੈਣ ਦੌਰਾਨ ਕੈਦੀਆਂ ਨੂੰ ਇੱਕ ਵੱਖਰੀ ਥਾਂ 'ਤੇ ਪਹੁੰਚਾਇਆ ਗਿਆ।
ਅਧਿਕਾਰੀਆਂ ਨੇ ਕਮਰਿਆਂ ਵਿੱਚ ਪਏ ਕਾਗਜ਼ ਦੇ ਹਰ ਛੋਟੇ-ਵੱਡੇ ਟੁਕੜੇ ਦੀ ਜਾਂਚ ਕੀਤੀ।
ਕਈ ਕਮਰਿਆਂ ਵਿੱਚ ਹਵਾ ਬਾਹਰ ਕੱਢਣ ਵਾਲੀਆਂ ਜਾਲੀਆਂ 'ਤੇ ਸੜਨ ਦੇ ਨਿਸ਼ਾਨ ਸਨ। ਕੈਦੀ ਉੱਥੇ ਹੌਲੀ-ਹੌਲੀ ਸੁਲਗਣ ਵਾਲੀਆਂ ਬੱਤੀਆਂ ਰੱਖਦੇ ਸਨ, ਜਿਨ੍ਹਾਂ ਦੀ ਮਦਦ ਨਾਲ ਨਸ਼ੇ ਵਿੱਚ ਭਿੱਜੇ ਕਾਗਜ਼ ਨੂੰ ਅੱਗ ਲਗਾਈ ਜਾ ਸਕਦੀ ਸੀ।
ਹੁਣ ਜੇਲ੍ਹ ਵਿੱਚ ਆਉਣ ਵਾਲੀ ਹਰ ਡਾਕ ਦੀ ਨਮੀ ਦੀ ਜਾਂਚ ਕੀਤੀ ਜਾਂਦੀ ਹੈ। ਸਾਰੇ ਪੈਕੇਟਾਂ ਅਤੇ ਚਿੱਠੀਆਂ ਵਿੱਚੋਂ ਲਗਭਗ ਪੰਜਵੇਂ ਤੋਂ ਚੌਥੇ ਹਿੱਸੇ ਤੱਕ ਨਮੀ ਦੀ ਜਾਂਚ ਵਿੱਚ ਪਾਜ਼ਿਟਿਵ ਪਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ।
ਜੇਲ੍ਹ ਵਿੱਚ ਆਉਣ ਵਾਲੇ ਸਾਰੇ ਪੈਕੇਟਾਂ ਅਤੇ ਚਿੱਠੀਆਂ ਵਿੱਚੋਂ ਲਗਭਗ 20 ਤੋਂ 25 ਫ਼ੀਸਦੀ ਨਮੀ ਦੀ ਜਾਂਚ ਵਿੱਚ ਪਾਜ਼ਿਟਿਵ ਪਾਏ ਜਾਂਦੇ ਹਨ।
ਜੇਲ੍ਹ ਦੀਆਂ ਕੰਧਾਂ ਤੋਂ ਬਾਹਰ, ਸ਼ਿਕਾਗੋ ਦੀਆਂ ਸੜਕਾਂ 'ਤੇ ਸਿੰਥੈਟਿਕ ਨਸ਼ਿਆਂ ਦੀ ਲਹਿਰ ਦੇ ਅਸਰ ਦੇਖਣਾ ਮੁਸ਼ਕਲ ਨਹੀਂ ਹੈ।
ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਦਿਨ-ਰਾਤ ਮਰਦ ਅਤੇ ਔਰਤਾਂ ਦੋਹਰੇ ਹੋਏ, ਡੋਲਦੇ ਹੋਏ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਸਰੀਰਾਂ ਵਿੱਚੋਂ ਫੈਂਟਾਨਿਲ ਅਤੇ ਹੋਰ ਸਿੰਥੈਟਿਕ ਨਸ਼ਿਆਂ ਦਾ ਅਸਰ ਗੁਜ਼ਰ ਰਿਹਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਾਈਕ ਨਾਲ ਹੋਇਆ ਸੀ।
ਉੱਚ ਵਰਗ ਦੇ ਲੋਕਾਂ ਦੇ ਰਿਹਾਇਸ਼ੀ ਇਲਾਕੇ ਓਕ ਪਾਰਕ ਵਿੱਚ, ਸਥਾਨਕ ਮੈਟਰੋ ਸਟੇਸ਼ਨ 'ਤੇ ਇੱਕ ਵੈਂਡਿੰਗ ਮਸ਼ੀਨ ਲੱਗੀ ਹੋਈ ਹੈ, ਜਿਸ ਵਿੱਚੋਂ ਨੈਲੋਕਸੋਨ ਮੁਫ਼ਤ ਮਿਲਦਾ ਹੈ। ਨੇੜੇ ਹੀ ਵ੍ਹੀਲਚੇਅਰ 'ਤੇ ਬੈਠੇ ਇੱਕ ਬਹੁਤ ਦੁਬਲੇ-ਪਤਲੇ ਵਿਅਕਤੀ ਦੀਆਂ ਲੱਤਾਂ 'ਤੇ ਡੂੰਘੇ ਜ਼ਖ਼ਮ ਹਨ, ਜੋ ਸੰਭਵ ਤੌਰ 'ਤੇ ਜ਼ਾਇਲਾਜ਼ੀਨ ਦੀ ਵਰਤੋਂ ਕਾਰਨ ਹੋਏ ਹਨ। 40 ਸਾਲਾ ਕੈਰਨ ਬੈੱਲ ਉਸ ਦੀ ਦੇਖਭਾਲ ਕਰ ਰਹੀ ਹੈ।
ਕੈਰਨ, ਲਿਵ4ਲਾਲੀ (Liv4Lali) ਨਾਮ ਦੀ ਸੰਸਥਾ ਵਿੱਚ ਨਸ਼ਾ ਮੁਕਤੀ ਸਹਾਇਕ ਵਜੋਂ ਕੰਮ ਕਰਦੀ ਹੈ। ਉਹ ਪਹਿਲਾਂ ਹੈਰੋਇਨ ਦੀ ਵਰਤੋਂ ਕਰਦੀ ਸੀ, ਪਰ ਹੁਣ ਉਸ ਨੂੰ ਸਖ਼ਤ ਨਸ਼ੇ ਛੱਡਿਆਂ 17 ਸਾਲ ਹੋ ਚੁੱਕੇ ਹਨ।
ਉਸ ਦੇ ਵਿਹਾਰ ਵਿੱਚ ਬਹੁਤ ਦਿਆਲਤਾ ਝਲਕਦੀ ਹੈ। ਜਦੋਂ ਮੈਂ ਉਸ ਨੂੰ ਪੁੱਛਦਾ ਹਾਂ ਕਿ ਅੱਜਕੱਲ੍ਹ ਕਿਹੜੇ ਨਸ਼ੇ ਵਰਤੇ ਜਾ ਰਹੇ ਹਨ, ਤਾਂ ਉਹ ਕਹਿੰਦੀ ਹੈ, "ਇਸ ਸਮੇਂ ਨਸ਼ਿਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲਾਈਆਂ ਜਾ ਰਹੀਆਂ ਹਨ।"
"ਇਸ ਦਾ ਸਾਡੇ ਸਰੀਰਾਂ 'ਤੇ ਅਸਰ ਪੈ ਰਿਹਾ ਹੈ, ਭਾਵੇਂ ਉਹ ਜ਼ਖ਼ਮਾਂ ਦੇ ਰੂਪ ਵਿੱਚ ਹੋਵੇ ਜਾਂ ਨਸ਼ਾ ਛੱਡਣ 'ਤੇ ਹੋਣ ਵਾਲੇ ਲੱਛਣਾਂ ਦੇ ਰੂਪ ਵਿੱਚ। ਕਈ ਵਾਰ ਜ਼ਖ਼ਮ ਇੰਨੇ ਵਧ ਜਾਂਦੇ ਹਨ ਕਿ ਉਹ ਕਿਸੇ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੰਦੇ ਹਨ।"

ਤਸਵੀਰ ਸਰੋਤ, Darren Conway/BBC
ਕੋਲੰਬਸ ਵਿੱਚ ਹੋਪ ਡੀਲਰਜ਼ ਵਾਂਗ, ਉਸ ਦੀ ਸੰਸਥਾ ਵੀ ਜਾਂਚ ਵਾਲੀਆਂ ਪੱਟੀਆਂ ਵੰਡਦੀ ਹੈ। ਇਨ੍ਹਾਂ ਦੀ ਮਦਦ ਨਾਲ ਨਸ਼ਿਆਂ ਵਿੱਚ ਫੈਂਟਾਨਿਲ, ਮੈਡੇਟੋਮੀਡੀਨ, ਜ਼ਾਇਲਾਜ਼ੀਨ ਅਤੇ ਹੋਰ ਮਿਲਾਵਟੀ ਪਦਾਰਥਾਂ ਦੀ ਮੌਜੂਦਗੀ ਦੀ ਜਾਂਚ ਕੀਤੀ ਜਾਂਦੀ ਹੈ।
ਕੈਰਨ ਕਹਿੰਦੀ ਹੈ ਕਿ ਅੱਜਕੱਲ੍ਹ ਦੇ ਨਸ਼ੇ "ਕਿਤੇ ਜ਼ਿਆਦਾ ਖ਼ਤਰਨਾਕ" ਹਨ।
ਉਹ ਮੈਨੂੰ ਦੱਸਦੀ ਹੈ, "ਕਿਉਂਕਿ ਪਹਿਲਾਂ, ਮੇਰੇ ਸਮੇਂ ਵਿੱਚ, ਮੈਂ 17 ਸਾਲ ਪਹਿਲਾਂ ਹੈਰੋਇਨ ਦੀ ਵਰਤੋਂ ਛੱਡੀ ਸੀ, ਹੈ ਨਾ। ਉਸ ਸਮੇਂ ਉਹ ਹੈਰੋਇਨ ਹੀ ਹੁੰਦੀ ਸੀ। ਜਦੋਂ ਤੁਸੀਂ ਉਹ ਖ਼ਰੀਦਦੇ ਸੀ, ਤਾਂ ਤੁਹਾਨੂੰ ਪਤਾ ਹੁੰਦਾ ਸੀ ਕਿ ਇਹ ਹੈਰੋਇਨ ਹੈ।"
"ਪਰ ਹੁਣ, ਜਦੋਂ ਤੁਸੀਂ ਨਸ਼ੇ ਦੀ ਇੱਕ ਪੁੜੀ ਖ਼ਰੀਦਦੇ ਹੋ, ਤਾਂ ਤੁਹਾਨੂੰ ਅਸਲ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਉਸ ਵਿੱਚ ਕੀ ਹੈ।"
ਕੈਰਨ, ਜੋ ਨਸ਼ਾ ਮੁਕਤੀ ਸਹਾਇਕ ਵਜੋਂ ਕੰਮ ਕਰਦੀ ਹੈ, ਸ਼ਹਿਰ ਦੇ ਇੱਕ ਮਹਿੰਗੇ ਰਿਹਾਇਸ਼ੀ ਇਲਾਕੇ ਵਿੱਚ ਵ੍ਹੀਲਚੇਅਰ 'ਤੇ ਬੈਠੇ ਇੱਕ ਬਹੁਤ ਦੁਬਲੇ-ਪਤਲੇ ਵਿਅਕਤੀ ਦੀ ਦੇਖਭਾਲ ਕਰਦੀ ਹੈ।
ਡਾਰਟ ਪਿਛਲੇ 20 ਸਾਲਾਂ ਤੋਂ ਕੁੱਕ ਕਾਊਂਟੀ ਦੇ ਸ਼ੈਰਿਫ਼ ਹਨ। ਇਸ ਲਈ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਨਸ਼ਿਆਂ ਵਿਰੁੱਧ ਜੰਗ ਕਿਵੇਂ ਅੱਗੇ ਵਧ ਰਹੀ ਹੈ।
ਉਹ ਮੈਨੂੰ ਦੱਸਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਜੁੜਿਆ ਕੋਈ ਵੀ ਵਿਅਕਤੀ ਬੈਠ ਕੇ ਇਹ ਕਹੇਗਾ ਕਿ ਇਹ ਜੰਗ ਬਹੁਤ ਵੱਡੀ ਸਫ਼ਲਤਾ ਹੈ। ਅਜਿਹਾ ਨਹੀਂ ਹੈ।"
ਉਹ ਕਹਿੰਦੇ ਹਨ ਕਿ ਹੁਣ ਨਵੀਂ ਸਮੱਸਿਆ ਸਿੰਥੈਟਿਕ ਨਸ਼ੇ ਹਨ, ਜਿਸ ਗੱਲ ਨੂੰ ਸ਼ਿਕਾਗੋ ਦੇ ਨਸ਼ਾ ਤਸਕਰ ਨੇ ਵੀ ਦੁਹਰਾਇਆ ਸੀ।
ਉਹ ਕਹਿੰਦੇ ਹਨ, "ਰਵਾਇਤੀ ਤੌਰ 'ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਭੂਮਿਕਾ ਹੋਰ ਵੀ ਅਹਿਮ ਰਹੀ ਹੈ, ਕਿਉਂਕਿ ਸਾਰੇ ਤਾਕਤਵਰ ਨਸ਼ੇ ਸਰਹੱਦ ਪਾਰੋਂ ਆਉਂਦੇ ਸਨ, ਭਾਵੇਂ ਉਹ ਕੋਲੰਬੀਆ, ਮੈਕਸੀਕੋ, ਚੀਨ ਜਾਂ ਅਫ਼ਗਾਨਿਸਤਾਨ ਦੇ ਭੁੱਕੀ ਦੇ ਖੇਤਾਂ ਤੋਂ ਆਉਂਦੇ ਹੋਣ।"
"ਪਰ ਹੁਣ ਸਿੰਥੈਟਿਕ ਨਸ਼ਿਆਂ ਦੇ ਤੇਜ਼ੀ ਨਾਲ ਫੈਲਣ ਕਾਰਨ ਲੋਕ ਇਹ ਸਭ ਕੁਝ ਆਪਣੇ ਘਰ ਵਿੱਚ, ਆਪਣੇ ਸਿੰਕ ਵਿੱਚ, ਆਪਣੇ ਬਾਥਟੱਬ ਵਿੱਚ, ਜਿੱਥੇ ਮਰਜ਼ੀ ਤਿਆਰ ਕਰ ਸਕਦੇ ਹਨ।"
ਸ਼ੈਰਿਫ਼ ਅੱਗੇ ਕਹਿੰਦੇ ਹਨ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਜਿੱਤ ਸਿਰਫ਼ ਨਸ਼ਿਆਂ ਦੀ ਸਪਲਾਈ 'ਤੇ ਧਿਆਨ ਕੇਂਦਰਿਤ ਕਰਨ ਨਾਲ ਨਹੀਂ ਮਿਲੇਗੀ।
ਉਹ ਕਹਿੰਦੇ ਹਨ, "ਸਭ ਤੋਂ ਪਹਿਲਾਂ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਨਸ਼ਿਆਂ ਦੀ ਲਤ ਦੇ ਇਲਾਜ ਲਈ ਵੱਡੇ ਪੱਧਰ 'ਤੇ ਪ੍ਰਬੰਧ ਹੋਣੇ ਚਾਹੀਦੇ ਹਨ।" ਇਸ ਦੌਰਾਨ ਉਹ ਆਪਣੀ ਜੇਲ੍ਹ ਵਿੱਚ ਚੱਲ ਰਹੇ ਨਸ਼ਾ ਮੁਕਤੀ ਦੇ ਕਈ ਪ੍ਰੋਗਰਾਮਾਂ ਦਾ ਜ਼ਿਕਰ ਕਰਦੇ ਹਨ।
"ਜੇ ਤੁਸੀਂ ਲੋਕਾਂ ਦੀ ਨਸ਼ਿਆਂ ਦੀ ਲਤ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ, ਤਾਂ ਨਸ਼ਿਆਂ ਦੇ ਬਾਜ਼ਾਰ ਨੂੰ ਘਟਾ ਸਕਦੇ ਹੋ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਮੋੜ ਦਿੱਤਾ ਹੈ।"
'ਬਹੁਤ ਸਾਰੇ ਲੋਕ ਸੰਘਰਸ਼ ਕਰ ਰਹੇ ਹਨ'

ਤਸਵੀਰ ਸਰੋਤ, Darren Conway/BBC
ਕੈਰਨ ਜਾਣਦੀ ਹੈ ਕਿ ਨਸ਼ਾ ਛੱਡਣਾ ਕਿੰਨਾ ਔਖਾ ਹੁੰਦਾ ਹੈ। ਜਦੋਂ ਉਹ ਆਪਣੀ ਧੀ ਐਬੀ ਦੇ ਗਰਭਵਤੀ ਹੋਈ ਸੀ, ਜੋ ਹੁਣ 17 ਸਾਲਾਂ ਦੀ ਹੈ, ਉਸ ਸਮੇਂ ਵੀ ਉਹ ਹੈਰੋਇਨ ਦੀ ਵਰਤੋਂ ਕਰ ਰਹੀ ਸੀ।
ਮੈਟਰੋ ਸਟੇਸ਼ਨ 'ਤੇ ਸਾਡੀ ਮੁਲਾਕਾਤ ਤੋਂ ਬਾਅਦ, ਮੈਂ ਸ਼ਿਕਾਗੋ ਦੇ ਬਾਹਰਵਾਰ ਇੱਕ ਉਪਨਗਰ ਦੇ ਜੰਗਲੀ ਪਾਰਕ ਵਿੱਚ ਦੋਵਾਂ ਨੂੰ ਮਿਲਦਾ ਹਾਂ। ਆਪਣੇ ਸੁਭਾਅ ਅਨੁਸਾਰ ਕੈਰਨ ਸਾਡੀ ਪੂਰੀ ਦੇਖਭਾਲ ਕਰਦੀ ਹੈ ਅਤੇ ਚਿੱਕੜ ਵਾਲੇ ਰਸਤੇ 'ਤੇ ਤੁਰਦਿਆਂ ਮੈਨੂੰ ਜ਼ਹਿਰੀਲੀ ਆਈਵੀ ਨਾਮਕ ਬੂਟੀ ਤੋਂ ਬਚਣ ਲਈ ਕਹਿੰਦੀ ਹੈ।
ਇਸ ਥਾਂ ਤੋਂ ਬਹੁਤੀ ਦੂਰ ਨਹੀਂ, ਲਗਭਗ 17 ਸਾਲ ਪਹਿਲਾਂ, ਉਸ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਦੌਰ ਸੀ।
ਕੈਰਨ ਦੱਸਦੀ ਹੈ ਕਿ ਉਸ ਦਾ ਗਰਭਵਤੀ ਹੋਣਾ ਨਸ਼ਾ ਛੱਡਣ ਦਾ ਇੱਕ ਮੌਕਾ ਬਣਿਆ। ਉਸ ਨੂੰ ਸਖ਼ਤ ਨਸ਼ੇ ਛੱਡਿਆਂ 17 ਸਾਲ ਹੋ ਚੁੱਕੇ ਹਨ।
ਸਾਡੇ ਕੋਲ ਖੜ੍ਹੇ ਇੱਕ ਉੱਚੇ ਓਕ ਦੇ ਦਰੱਖਤ ਵਿੱਚੋਂ ਹਵਾ ਲੰਘ ਰਹੀ ਹੁੰਦੀ ਹੈ।
ਉਹ ਕਹਿੰਦੀ ਹੈ, "ਜਿਸ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ, ਉਸ ਦਿਨ ਮੈਂ ਖ਼ੁਦਕੁਸ਼ੀ ਕਰਨ ਜਾ ਰਹੀ ਸੀ। ਮੈਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਿਆਂ ਬਹੁਤ ਤੰਗ ਆ ਚੁੱਕੀ ਸੀ।"
"ਮੈਂ ਜੰਗਲ ਵਿੱਚ ਤੰਬੂ ਲਾ ਕੇ ਰਹਿਣ ਅਤੇ ਬਾਲਟੀ ਵਰਤ ਕੇ ਗੁਜ਼ਾਰਾ ਕਰਨ ਤੋਂ ਬਹੁਤ ਤੰਗ ਆ ਚੁੱਕੀ ਸੀ। ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਗੁਆਉਣ ਤੋਂ ਵੀ ਬਹੁਤ ਦੁਖੀ ਸੀ, ਕਿਉਂਕਿ ਮੈਨੂੰ ਆਪਣੇ ਆਪ 'ਤੇ ਇੰਨੀ ਸ਼ਰਮ ਮਹਿਸੂਸ ਹੁੰਦੀ ਸੀ।"
ਗਰਭ-ਜਾਂਚ ਦੀ ਇੱਕ ਕਿੱਟ ਦੇ ਨਤੀਜੇ ਨੇ ਉਸ ਦਾ ਮਨ ਬਦਲ ਦਿੱਤਾ।
ਇਸ ਤੋਂ ਬਾਅਦ ਉਸ ਨੂੰ ਚੋਰੀ ਦੇ ਮਾਮਲੇ ਵਿੱਚ ਕੁੱਕ ਕਾਊਂਟੀ ਦੀ ਜੇਲ੍ਹ ਵਿੱਚ ਸਮਾਂ ਬਿਤਾਉਣਾ ਪਿਆ। ਉਸ ਦੇ ਮਾਪਿਆਂ ਨੂੰ ਲੱਗਾ ਕਿ ਇਹ ਉਸ ਦੇ ਨਸ਼ਾ ਛੱਡਣ ਦਾ ਮੌਕਾ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੇ ਉਸ ਦੀ ਜ਼ਮਾਨਤ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤਰ੍ਹਾਂ ਕੈਰਨ ਨੇ ਨਸ਼ਾ ਛੱਡ ਦਿੱਤਾ ਅਤੇ ਐਬੀ ਦਾ ਜਨਮ ਜੇਲ੍ਹ ਦੇ ਅੰਦਰ ਹੋਇਆ।

ਤਸਵੀਰ ਸਰੋਤ, Darren Conway/BBC
ਜਦੋਂ ਮੈਂ ਐਬੀ ਨੂੰ ਪੁੱਛਦਾ ਹਾਂ, ਜੋ ਟੈਟੂ ਬਣਾਉਣ ਵਾਲੀ ਕਲਾਕਾਰ ਬਣਨਾ ਚਾਹੁੰਦੀ ਹੈ, ਕਿ ਕੀ ਕਦੇ ਉਸ ਦੇ ਮਨ ਵਿੱਚ ਵੀ ਨਸ਼ੇ ਅਜ਼ਮਾਉਣ ਦਾ ਖ਼ਿਆਲ ਆਇਆ ਹੈ, ਤਾਂ ਉਹ ਕਹਿੰਦੀ ਹੈ, "ਨਹੀਂ, ਮੈਂ ਆਪਣੇ ਪਰਿਵਾਰ 'ਤੇ ਨਸ਼ਿਆਂ ਦੇ ਬਹੁਤ ਮਾੜੇ ਅਸਰ ਦੇਖੇ ਹਨ, ਮੇਰੇ ਪਿਤਾ ਜੀ, ਮੇਰੀ ਮਾਂ, ਮੇਰੀ ਮਾਸੀ ਅਤੇ ਮੇਰੇ ਮਾਮਿਆਂ 'ਤੇ।4
"ਤੁਸੀਂ ਜਾਣਦੇ ਹੋ, ਸਿਰਫ਼ ਕੁਝ ਘੰਟਿਆਂ ਦੇ ਨਸ਼ੇ ਲਈ ਇਹ ਸਭ ਕੁਝ ਕਰਨਾ ਬਿਲਕੁਲ ਵੀ ਫ਼ਾਇਦੇਮੰਦ ਨਹੀਂ ਹੈ।"
ਉਹ ਅੱਗੇ ਕਹਿੰਦੀ ਹੈ, "ਬਹੁਤ ਸਾਰੇ ਲੋਕ ਸੰਘਰਸ਼ ਕਰ ਰਹੇ ਹਨ, ਖ਼ਾਸ ਕਰਕੇ ਇਸ ਲਈ ਕਿਉਂਕਿ ਸਾਡੇ ਦੇਸ਼ ਵਿੱਚ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ, ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਇਹ ਵੀ ਇੱਕ ਕਾਰਨ ਬਣ ਰਿਹਾ ਹੈ।"
"ਅੱਜਕੱਲ੍ਹ ਮਾਨਸਿਕ ਸਿਹਤ ਨਾਲ ਜੁੜੇ ਇਲਾਜ ਬਹੁਤ ਮਹਿੰਗੇ ਹਨ, ਇਸ ਲਈ ਲੋਕ ਮਦਦ ਨਹੀਂ ਲੈ ਸਕਦੇ। ਅਜਿਹੀ ਹਾਲਤ ਵਿੱਚ ਉਹ ਨਸ਼ਿਆਂ ਵੱਲ ਮੁੜ ਸਕਦੇ ਹਨ।"
ਅਮਰੀਕਾ ਦੀਆਂ ਕਈ ਪੀੜ੍ਹੀਆਂ ਨਸ਼ਿਆਂ ਦੇ ਸੰਕਟ ਦਾ ਸਾਹਮਣਾ ਕਰਦੀਆਂ ਆਈਆਂ ਹਨ, ਪਰ ਇਹ ਸੰਕਟ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ।
ਇਹ ਹੈਰੋਇਨ ਤੋਂ ਸ਼ੁਰੂ ਹੋ ਕੇ, ਡਾਕਟਰਾਂ ਦੀ ਪਰਚੀ 'ਤੇ ਮਿਲਣ ਵਾਲੇ ਓਪੀਔਇਡਜ਼ ਤੋਂ ਹੁੰਦਾ ਹੋਇਆ ਫੈਂਟਾਨਿਲ ਤੱਕ ਪਹੁੰਚਿਆ ਹੈ ਅਤੇ ਹੁਣ ਸਿੰਥੈਟਿਕ ਨਸ਼ਿਆਂ ਦੀ ਇੱਕ ਬਿਲਕੁਲ ਨਵੀਂ ਸ਼੍ਰੇਣੀ ਵਿੱਚ ਬਦਲ ਗਿਆ ਹੈ।
ਲਗਾਤਾਰ ਆਉਣ ਵਾਲੀਆਂ ਸਰਕਾਰਾਂ ਨੇ ਨਸ਼ਿਆਂ ਵਿਰੁੱਧ ਜੰਗ ਲੜੀ ਹੈ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।
ਨਸ਼ਾ ਤਸਕਰ, ਸਪਲਾਇਰ, ਕਾਰਟੈਲ ਅਤੇ ਨਸ਼ੇ ਵਰਤਣ ਵਾਲੇ ਲੋਕ, ਸਾਰੇ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਤਰੀਕੇ ਬਦਲ ਲੈਂਦੇ ਹਨ ਅਤੇ ਨਸ਼ਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੋਂ ਹਮੇਸ਼ਾ ਕੁਝ ਕਦਮ ਅੱਗੇ ਰਹਿੰਦੇ ਹਨ।
(ਡੈਰੇਨ ਕੌਨਵੇ ਦੀ ਜਾਣਕਾਰੀ ਸਣੇ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































