ਆਪ੍ਰੇਸ਼ਨ ਬਲੂ ਸਟਾਰ ਦੇ ਮ੍ਰਿਤਕਾਂ ਨੂੰ ਭਾਜਪਾ ਮੰਤਰੀ ਨੇ ਦਮਦਮੀ ਟਕਸਾਲ ਦੀ ਸਟੇਜ ਤੋਂ 'ਸ਼ਹੀਦ' ਕਿਹਾ, ਕੀ ਭਾਜਪਾ ਦੀ ਨੀਤੀ ਬਦਲ ਰਹੀ ਹੈ

ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦਮਦਮੀ ਟਕਸਾਲ ਦੇ ਸਮਾਗਮ ਵਿੱਚ ਪਹੁੰਚੇ ਸਨ

ਤਸਵੀਰ ਸਰੋਤ, Harmeet Singh Kalka/FB

ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦਮਦਮੀ ਟਕਸਾਲ ਦੇ ਸਮਾਗਮ ਵਿੱਚ ਪਹੁੰਚੇ ਸਨ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਆਪ੍ਰੇਸ਼ਨ ਬਲੂ ਸਟਾਰ ਦੇ ਕਰੀਬ 42 ਸਾਲ ਬਾਅਦ ਮਹਾਰਾਸ਼ਟਰ ਸਰਕਾਰ ਵਿੱਚ ਭਾਜਪਾ ਦੇ ਮੰਤਰੀ ਗਿਰੀਸ਼ ਮਹਾਜਨ ਨੇ ਅੰਮ੍ਰਿਤਸਰ ਦੇ ਚੌਂਕ ਮਹਿਤਾ ਸਥਿਤ ਦਮਦਮੀ ਟਕਸਾਲ ਦੇ ਮੁੱਖ ਦਫ਼ਤਰ ਵਿੱਚ ਪਹੁੰਚ ਕੇ 6 ਜੂਨ ਨੂੰ 'ਕਾਲਾ ਦਿਨ' ਕਰਾਰ ਦਿੱਤਾ ਅਤੇ ਇਸ ਫੌਜੀ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ ਨੂੰ 'ਸ਼ਹੀਦ' ਆਖਿਆ।

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਲੋਕਾਂ ਵਿੱਚ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਾਮਲ ਸਨ।

ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਹਰ ਕੱਢਣ ਲਈ ਫੌਜੀ ਕਾਰਵਾਈ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।

ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਗਿਰੀਸ਼ ਮਹਾਜਨ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ 'ਹਮਲਾ' ਕਿਉਂ ਕਿਹਾ?

ਦਰਅਸਲ, ਭਾਜਪਾ ਆਗੂ ਗਿਰੀਸ਼ ਮਹਾਜਨ ਜੂਨ 1984 ਦੀਆਂ ਘਟਨਾਵਾਂ ਨਾਲ ਸਬੰਧਤ 42ਵੇਂ ਸਾਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਚੌਂਕ ਮਹਿਤਾ ਪਹੁੰਚੇ ਸਨ।

ਹਾਲਾਂਕਿ, ਇਸ ਤੋਂ ਪਹਿਲਾਂ ਭਾਜਪਾ ਦੇ ਕਈ ਆਗੂ ਹਰਿਮੰਦਰ ਸਾਹਿਬ ਵਿੱਚ ਕੀਤੇ ਗਏ ਆਪ੍ਰੇਸ਼ਨ ਬਲੂ ਸਟਾਰ ਦਾ ਸਮਰਥਨ ਕਰਦੇ ਰਹੇ ਹਨ। ਇਨ੍ਹਾਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਸ਼ਾਮਲ ਰਹੇ ਹਨ।

ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਅਕਾਲ ਤਖ਼ਤ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ 'ਸ਼ਹੀਦ' ਮੰਨਿਆ ਜਾਂਦਾ ਹੈ, ਜਦਕਿ ਭਾਜਪਾ ਦੇ ਆਗੂ ਉਨ੍ਹਾਂ ਨੂੰ 'ਅੱਤਵਾਦੀ' ਵੀ ਕਹਿ ਚੁੱਕੇ ਹਨ।

ਦਮਦਮੀ ਟਕਸਾਲ ਵੱਲੋਂ ਮਨਾਇਆ ਜਾਂਦਾ ਸ਼ਹੀਦੀ ਸਮਾਗਮ

ਤਸਵੀਰ ਸਰੋਤ, Girish Mahajan/X

ਦਮਦਮੀ ਟਕਸਾਲ ਵੱਲੋਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਹੈੱਡਕੁਆਰਟਰ ਦਮਦਮੀ ਟਕਸਾਲ ਮਹਿਤਾ, ਅੰਮ੍ਰਿਤਸਰ, ਵਿੱਚ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ।

ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਸਿੱਖ ਧਰਮ ਨਾਲ ਜੁੜੇ ਲੋਕਾਂ ਸਮੇਤ ਭਾਜਪਾ ਆਗੂ ਗਿਰੀਸ਼ ਮਹਾਜਨ ਵੀ ਪਹੁੰਚੇ ਸਨ।

ਇਸ ਦੌਰਾਨ ਸਟੇਜ ਤੋਂ ਬੋਲਦਿਆਂ ਭਾਜਪਾ ਆਗੂ ਗਿਰੀਸ਼ ਮਹਾਜਨ ਨੇ ਕਿਹਾ, "ਅੱਜ ਦਾ ਦਿਨ ਸਾਡੇ ਲਈ ਕਾਲਾ ਦਿਨ ਹੈ। 6 ਜੂਨ 1984 ਅਸੀਂ ਕਦੇ ਭੁੱਲ ਨਹੀਂ ਸਕਦੇ। ਜਿਸ ਤਰ੍ਹਾਂ ਸਾਡੇ ਹਜ਼ਾਰਾਂ ਭੈਣ-ਭਰਾ ਸ਼ਹੀਦ ਹੋਏ, ਮਾਰੇ ਗਏ, ਸਾਡੇ ਪਵਿੱਤਰ ਧਾਰਮਿਕ ਸਥਾਨ 'ਤੇ ਫੌਜ ਦਾ ਹਮਲਾ ਹੋਇਆ।"

"ਮੈਂ ਇਹੋ ਕਹਾਂਗਾ ਕਿ ਇੰਦਰਾ ਜੀ ਨੇ ਜ਼ਬਰਦਸਤੀ ਉਨ੍ਹਾਂ ਨੂੰ ਪੰਜਾਬ ਵਿੱਚ ਭੇਜਿਆ, ਸਾਡੇ ਪਵਿੱਤਰ ਧਾਰਮਿਕ ਸਥਾਨ 'ਤੇ ਭੇਜਿਆ। ਸਾਡੇ ਲੋਕਾਂ ਦੇ ਬੁਰੀ ਤਰ੍ਹਾਂ ਕਤਲ ਹੋਏ, ਜੋ ਸ਼ਹੀਦ ਹੋਏ ਹਨ।"

ਗਿਰੀਸ਼ ਮਹਾਜਨ ਨੇ ਅੱਗੇ ਕਿਹਾ, "ਜਿਸ ਤਰ੍ਹਾਂ ਇੰਦਰਾ ਜੀ ਨੇ ਸਾਡੇ ਧਾਰਮਿਕ ਸਥਾਨ 'ਤੇ ਆਕਰਮਣ (ਹਮਲਾ) ਕੀਤਾ, ਮੈਂ ਆਕਰਮਣ ਹੀ ਕਹਾਂਗਾ। ਸਾਡੇ ਜਿੰਨੇ ਭੈਣ-ਭਰਾਵਾਂ ਨੂੰ ਸ਼ਹੀਦ ਕੀਤਾ, ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ।"

ਵਿਰੋਧੀਆਂ ਨੇ ਭਾਜਪਾ ਨੂੰ ਘੇਰਿਆ

ਰਾਜਾ ਵੜਿੰਗ

ਉੱਧਰ, ਮਹਾਜਨ ਦੇ ਆਕਰਮਣ ਵਾਲੇ ਬਿਆਨ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਭਾਵੇਂ ਕਿਸੇ ਨੂੰ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ, ਪਰ ਇਹ ਪਾਰਟੀ ਦੀ ਦੋਹਰੀ ਨੀਤੀ ਅਤੇ ਪਖੰਡ ਨੂੰ ਬੇਨਕਾਬ ਕਰਦਾ ਹੈ, ਜੋ ਦੂਜਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਂਦੀ ਹੈ, ਪਰ ਚੋਣਾਵੀਂ ਫਾਇਦੇ ਲਈ ਮੌਕਾਪ੍ਰਸਤੀ ਦਾ ਸਹਾਰਾ ਲੈਂਦੀ ਹੈ।"

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ 'ਤੇ ਲਿਖਿਆ, "ਪੰਜਾਬ ਨੇ ਵੰਡ ਪੈਦਾ ਕਰਨ ਵਾਲੀ ਅਤੇ ਫਿਰਕਾਪ੍ਰਸਤੀ ਦੀ ਵਿਚਾਰਧਾਰਾ ਨੂੰ ਬਹੁਤ ਪਹਿਲਾਂ ਹੀ ਨਕਾਰ ਦਿੱਤਾ ਸੀ। ਆਪਣੇ ਚੋਣਾਵੀਂ ਫਾਇਦੇ ਲਈ ਇਸ ਨੂੰ ਮੁੜ ਜਗਾਉਣ ਦੀ ਕੋਸ਼ਿਸ਼ ਨਾ ਕਰੋ।"

ਇਸ ਮਾਮਲੇ 'ਤੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ, "ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਹੈ। ਜੇ ਤੁਸੀਂ ਇਸ 'ਤੇ ਸਿਆਸੀ ਰੋਟੀਆਂ ਸੇਕਣੀਆਂ ਹਨ, ਤਾਂ ਤੁਹਾਨੂੰ ਮੁਬਾਰਕ, ਪਰ ਸਿੱਖ ਕੌਮ ਹਿੰਦੂ-ਸਿੱਖ ਭਾਈਚਾਰੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਨੂੰ ਮਾਫ਼ ਨਹੀਂ ਕਰੇਗੀ।"

ਕੀ ਭਾਜਪਾ ਸਿੱਖਾਂ ਨਾਲ ਸਾਂਝ ਪਾਉਣ ਦੀ ਨੀਤੀ ਅਪਣਾ ਰਹੀ ਹੈ?

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ

ਤਸਵੀਰ ਸਰੋਤ, X/Devendra Dadnavis

ਤਸਵੀਰ ਕੈਪਸ਼ਨ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਦਸੰਬਰ 2024 ਦੀ ਮੁਲਾਕਾਤ ਵੇਲੇ ਦੀ ਤਸਵੀਰ

ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ, ਮਹਾਰਾਸ਼ਟਰ ਵਿੱਚ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੰਚ ਸਾਂਝੇ ਕਰਦੇ ਰਹੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਭਾਜਪਾ ਦੇ ਨੇੜੇ ਰਹਿੰਦੇ ਹਨ।

ਦਮਦਮੀ ਟਕਸਾਲ ਦੀ ਭਾਰਤੀ ਜਨਤਾ ਪਾਰਟੀ ਨਾਲ 'ਇਕਸੁਰਤਾ ਅਤੇ ਸਾਂਝੀਆਂ ਗਤੀਵਿਧੀਆਂ' ਨੇ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਗੰਭੀਰ ਚਰਚਾ ਛੇੜ ਦਿੱਤੀ ਹੈ।

ਸਿੱਖ ਸਿਆਸਤ ਦੇ ਜਾਣਕਾਰ ਅਤੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਅਤੇ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ 'ਭਾਜਪਾ ਸਿੱਖਾਂ ਨੂੰ ਵੰਡਣਾ' ਚਾਹੁੰਦੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਐੱਲਕੇ ਅਡਵਾਨੀ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਹੈ ਕਿ ਉਹ ਆਪ੍ਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਨੂੰ ਮਿਲਣ ਗਏ ਸਨ।"

"ਮੌਜੂਦਾ ਸਮੇਂ ਵਿੱਚ ਇਹ ਸਭ ਕੁਝ ਚੋਣਾਂ ਕਰਕੇ ਹੋ ਰਿਹਾ ਹੈ, ਪਰ ਜਿੰਨੇ ਸਿੱਖ ਭਾਜਪਾ ਵਿੱਚ ਗਏ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਤਰੀਕੇ ਨਾਲ ਪਿੱਛੇ ਕਰ ਦਿੱਤਾ ਜਾਵੇਗਾ। ਜੇ ਪੰਜਾਬ ਵਿੱਚ ਭਾਜਪਾ ਦੀ ਕਦੇ ਸਰਕਾਰ ਵੀ ਬਣੇਗੀ ਤਾਂ ਮੁੱਖ ਮੰਤਰੀ ਆਰਐੱਸਐੱਸ ਦਾ ਹੀ ਹੋਵੇਗਾ।"

ਪਰਮਜੀਤ ਸਿੰਘ ਜੱਜ

ਅੰਮ੍ਰਿਤਸਰ ਵਿੱਚ ਪੱਤਰਕਾਰੀ ਕਰਦੇ ਇੱਕ ਸਥਾਨਕ ਪੱਤਰਕਾਰ ਦਾ ਕਹਿਣਾ ਹੈ ਕਿ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਦੀ ਗਰਮ-ਖਿਆਲੀ ਸਿਆਸਤ ਨਾਲ ਕੋਈ ਸਾਂਝ ਨਹੀਂ ਦਿਖਾਈ ਦਿੰਦੀ ਅਤੇ ਉਹ ਅਜਿਹੇ ਸਮਾਗਮਾਂ ਵਿੱਚ ਨਹੀਂ ਜਾਂਦੇ।

ਸਾਲ 1984 ਵਿੱਚ ਅੰਮ੍ਰਿਤਸਰ ਵਿੱਚ ਪੱਤਰਕਾਰੀ ਕਰਦੇ ਰਹੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਮੰਨਦੇ ਹਨ ਕਿ ਚਾਰ ਦਹਾਕਿਆਂ ਦਾ ਅਰਸਾ ਕਾਫ਼ੀ ਲੰਮਾ ਹੁੰਦਾ ਹੈ ਅਤੇ ਇਸ ਦੌਰਾਨ ਪਾਰਟੀਆਂ ਦੇ ਸਟੈਂਡ ਅਕਸਰ ਬਦਲ ਜਾਂਦੇ ਹਨ।

ਸਿੱਧੂ ਕਹਿੰਦੇ ਹਨ, "ਹੁਣ ਭਾਜਪਾ ਦਾ ਏਜੰਡਾ ਇਹ ਦਿਖਾਉਣਾ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਦੀ ਸਾਰੀ ਕਾਰਵਾਈ ਕਾਂਗਰਸ ਦੀ ਸੀ। ਭਾਜਪਾ ਸਿੱਖਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਅਜਿਹੇ ਪ੍ਰਚਾਰ ਨਾਲ ਸਿੱਖ ਕਾਂਗਰਸ ਵਿਰੋਧੀ ਹੋ ਜਾਣ। ਇਹ ਸਭ ਭਾਜਪਾ ਦੀ ਚੋਣ ਰਣਨੀਤੀ ਹੈ।"

ਸਿੱਧੂ ਮੁਤਾਬਕ, "ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੈ ਅਤੇ ਮੁੱਖ ਧਿਰ ਕਾਂਗਰਸ ਹੀ ਹੈ। ਜਦੋਂ ਸਿੱਖ ਕਾਂਗਰਸ ਦਾ ਸਾਥ ਨਹੀਂ ਦੇਣਗੇ ਤਾਂ ਭਾਜਪਾ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।"

ਪਰਮਜੀਤ ਸਿੰਘ ਜੱਜ ਅਤੇ ਸਿੱਧੂ ਦੋਵੇਂ ਹੀ ਮੰਨਦੇ ਹਨ ਕਿ ਦਿੱਲੀ ਅਤੇ ਮਹਾਰਾਸ਼ਟਰ ਵਿੱਚ ਸਿੱਖਾਂ ਦੀ ਗਿਣਤੀ ਘੱਟ ਹੋਣ ਕਾਰਨ ਉਹ ਸਿਆਸੀ ਤੌਰ 'ਤੇ ਮਜ਼ਬੂਤ ਪਾਰਟੀ ਭਾਜਪਾ ਨਾਲ ਹਨ, ਪਰ ਪੰਜਾਬ ਵਿੱਚ ਸਿੱਖ ਬਹੁਗਿਣਤੀ ਹਨ ਅਤੇ ਇੱਥੇ ਸਮੀਕਰਨ ਹੋਰ ਹਨ।

ਦਮਦਮੀ ਟਕਸਾਲ ਦਾ ਕੀ ਹੈ ਪਿਛੋਕੜ

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 7 ਅਗਸਤ, 1706 ਨੂੰ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਸੀ ਅਤੇ ਵਰਤਮਾਨ ਵਿੱਚ ਹਰਨਾਮ ਸਿੰਘ ਧੁੰਮਾਂ ਇਸਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ

ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 7 ਅਗਸਤ, 1706 ਨੂੰ ਦਮਦਮੀ ਟਕਸਾਲ ਦੀ ਸਥਾਪਨਾ ਕਰਕੇ ਬਾਬਾ ਦੀਪ ਸਿੰਘ ਨੂੰ ਇਸ ਟਕਸਾਲ ਦਾ ਪਹਿਲਾ ਮੁਖੀ ਥਾਪਿਆ ਸੀ।

ਇਸ ਵੇਲੇ ਦਮਦਮੀ ਟਕਸਾਲ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਹੈ। ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਉੱਤਰੀ ਦਿਸ਼ਾ ਵੱਲ ਵਸੇ ਕਸਬਾ ਮਹਿਤਾ ਵਿੱਚ ਸਥਿਤ ਹੈ।

ਇਸ ਦੀ ਉਸਾਰੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੀ ਯਾਦ ਵਿੱਚ 1969 ਦੇ ਨੇੜੇ-ਤੇੜੇ ਕਰਵਾਈ ਗਈ ਸੀ।

ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਦਾ ਗੁਰਦੁਆਰਾ ਅਖੰਡ ਪ੍ਰਕਾਸ਼ ਸਾਹਿਬ ਸੀ।

ਟਕਸਾਲ ਦਾ ਮੁੱਖ ਮੰਤਵ ਗੁਰਬਾਣੀ ਦੀ ਸੰਥਿਆ ਕਰਵਾਉਣਾ, ਉੱਚ ਦਰਜੇ ਦੇ ਕਥਾਵਾਚਕ ਤਿਆਰ ਕਰਨਾ ਅਤੇ ਕੀਰਤਨੀ ਜਥੇ ਤਿਆਰ ਕਰਨਾ ਹੈ।

ਅਸਲ ਵਿੱਚ ਦਮਦਮੀ ਟਕਸਾਲ ਆਪਣੀ ਸਥਾਪਨਾ ਤੋਂ ਲੈ ਕੇ ਸਿਰਫ਼ ਧਾਰਮਿਕ ਖੇਤਰ ਵਿੱਚ ਹੀ ਕਾਰਜਸ਼ੀਲ ਸੀ।

ਪਰ ਸਾਲ 1975 ਵਿੱਚ ਭਾਰਤ ਵਿੱਚ ਲੱਗੀ ਐਮਰਜੈਂਸੀ ਦੌਰਾਨ ਦਮਦਮੀ ਟਕਸਾਲ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਬਾਅਦ ਇਹ ਟਕਸਾਲ ਆਮ ਲੋਕਾਂ ਵਿੱਚ ਚਰਚਾ 'ਚ ਆ ਗਈ।

ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1975 ਦੀ ਐਮਰਜੈਂਸੀ ਦੌਰਾਨ ਦਮਦਮੀ ਟਕਸਾਲ ਨੇ ਲੋਕਤੰਤਰ ਦੀ ਬਹਾਲੀ ਲਈ ਸੁਨੇਹੇ ਦਿੱਤੇ

ਸਾਲ 1975 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਗਾਈ ਤਾਂ ਉਸ ਸਮੇਂ ਦਮਦਮੀ ਟਕਸਾਲ ਵੀ ਪੰਜਾਬ ਦੇ ਆਮ ਸਿਆਸੀ ਦਲਾਂ ਵਾਂਗ ਐਮਰਜੈਂਸੀ ਦੇ ਖ਼ਿਲਾਫ਼ ਮੈਦਾਨ ਵਿੱਚ ਨਿੱਤਰੀ ਸੀ।

ਦਮਦਮੀ ਟਕਸਾਲ ਦੇ ਉਸ ਵੇਲੇ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਵੱਲੋਂ ਐਮਰਜੈਂਸੀ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 37 ਜਲੂਸ ਕੱਢ ਕੇ ਧਾਰਮਿਕ ਪ੍ਰਚਾਰ ਕੀਤਾ ਗਿਆ ਸੀ ਅਤੇ ਨਾਲ ਹੀ ਲੋਕਤੰਤਰ ਦੀ ਬਹਾਲੀ ਲਈ ਵੀ ਸੁਨੇਹਾ ਦਿੱਤਾ ਗਿਆ ਸੀ।

ਸੰਤ ਕਰਤਾਰ ਸਿੰਘ ਖਾਲਸਾ ਦੇ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਰਬਸੰਮਤੀ ਨਾਲ ਦਮਦਮੀ ਟਕਸਾਲ ਦਾ 14ਵਾਂ ਮੁਖੀ ਥਾਪਿਆ ਗਿਆ।

ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਮਦਮੀ ਟਕਸਾਲ ਦਾ ਮੁਖੀ ਬਣਨ ਤੋਂ ਤੁਰੰਤ ਮਗਰੋਂ ਹੀ ਪੰਜਾਬ ਵਿੱਚ ਨਿਰੰਕਾਰੀ ਮਿਸ਼ਨ ਅਤੇ ਦਮਦਮੀ ਟਕਸਾਲ ਵਿਚਾਲੇ ਕੁਝ ਧਾਰਮਿਕ ਮੁੱਦਿਆਂ ਨੂੰ ਲੈ ਕੇ ਟਕਰਾਅ ਵਧ ਗਿਆ।

1984 ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹੋਏ 'ਆਪ੍ਰੇਸ਼ਨ ਬਲੂ ਸਟਾਰ' ਤੋਂ ਬਾਅਦ ਬਾਬਾ ਠਾਕੁਰ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਥਾਪਿਆ ਗਿਆ ਸੀ।

ਬਾਬਾ ਠਾਕੁਰ ਸਿੰਘ ਤੋਂ ਬਾਅਦ, ਜਦੋਂ ਸਾਲ 2017 ਵਿੱਚ ਪੰਥਕ ਧਿਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਮਾਨਤਾ ਦਿੱਤੀ, ਤਾਂ ਉਨ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ 'ਸ਼ਹੀਦ' ਐਲਾਨਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)