ਜੰਤਰ-ਮੰਤਰ 'ਤੇ ਦਿਨ-ਰਾਤ ਦਾ ਧਰਨਾ ਲਾਈ ਬੈਠੇ ਨੌਜਵਾਨ: 'ਮੀਂਹ 'ਚ ਭਿੱਜੇ, ਬਿਮਾਰ ਹੋਏ, ਠੀਕ ਵੀ ਇੱਥੇ ਹੋਏ, ਅਸੀਂ ਕਿਤੇ ਨਹੀਂ ਜਾਣਾ'

- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਅੱਤ ਦੀ ਗਰਮੀ ਝੱਲੀ ਹੈ, ਮੀਂਹ ਵਿੱਚ ਭਿੱਜੇ ਹਾਂ, ਬਿਮਾਰ ਹੋਏ ਹਾਂ ਅਤੇ ਬਿਨਾਂ ਦਵਾਈ ਖਾਧੇ ਆਪਣੇ ਆਪ ਠੀਕ ਹੋ ਗਏ। ਅਸੀਂ ਇੱਥੇ ਹੀ ਰਹਾਂਗੇ, ਕਿਤੇ ਨਹੀਂ ਜਾਣ ਵਾਲੇ।"
ਇਹ ਸ਼ਬਦ ਹਨ ਦਿੱਲੀ ਦੇ ਜੰਤਰ ਮੰਤਰ 'ਤੇ 20 ਜੂਨ ਤੋਂ ਧਰਨੇ 'ਤੇ ਬੈਠੀ ਸ਼ੀਤਲ ਦੇ, ਜੋ ਯੂਪੀ ਨਾਲ ਸਬੰਧ ਰੱਖਦੇ ਹਨ ਅਤੇ 'ਕਾਕਰੋਚ ਜਨਤਾ ਪਾਰਟੀ' ਦੇ ਸੱਦੇ ਤੋਂ ਬਾਅਦ ਪੱਲੀਆਂ ਦੇ ਬਣੇ ਟੈਂਟ ਅੰਦਰ ਰਹਿ ਰਹੇ ਹਨ।
ਸ਼ੀਤਲ ਦੱਸਦੇ ਹਨ ਕਿ ਉਨ੍ਹਾਂ ਨੇ 20 ਜੁਲਾਈ ਨੂੰ 'ਚਲੋ ਸੰਸਦ' ਮਾਰਚ ਦੌਰਾਨ ਪੁਲਿਸ ਦੀਆਂ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕੀਤਾ ਪਰ ਉਹ ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੱਕ ਧਰਨੇ ਵਾਲੀ ਥਾਂ 'ਤੇ ਹੀ ਡਟੇ ਰਹਿਣਗੇ।
ਸ਼ੀਤਲ ਵਾਂਗ ਦਰਜਨਾਂ ਨੌਜਵਾਨ ਦਿੱਲੀ ਦੀ ਤੇਜ਼ ਗਰਮੀ ਅਤੇ ਬਾਰਿਸ਼ ਵਿੱਚ ਖੁੱਲ੍ਹੇ ਆਸਮਾਨ ਹੇਠ ਟੈਟਾਂ ਅੰਦਰ ਹੀ ਜੰਤਰ ਮੰਤਰ 'ਤੇ ਦਿਨ ਰਾਤ ਬਿਤਾ ਰਹੇ ਹਨ। ਬਹੁਤ ਸਾਰੇ ਨੌਜਵਾਨ ਕਿਸੇ ਵੀ ਸੰਸਥਾ ਜਾਂ ਪਾਰਟੀ ਨਾਲ ਨਹੀਂ ਜੁੜੇ ਹੋਏ ਪਰ ਉਹ ਇੱਥੇ ਕੌਕਰੋਚ ਜਨਤਾ ਪਾਰਟੀ ਦੇ ਸੱਦੇ 'ਤੇ ਪਹੁੰਚੇ ਹੋਏ ਹਨ।
ਪਿਛਲੇ ਕਰੀਬ ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਚੱਲ ਰਹੇ ਇਸ ਅੰਦੋਲਨ ਤਹਿਤ ਸੀਜੇਪੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ, ਪੇਪਰ ਲੀਕ ਮਾਮਲਿਆਂ ਵਿੱਚ ਜਵਾਬਦੇਹੀ ਤੈਅ ਕਰਨ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।
20 ਜੁਲਾਈ ਨੂੰ 'ਚਲੋ ਸੰਸਦ' ਮਾਰਚ ਦੌਰਾਨ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਵੀ ਪ੍ਰਦਰਸ਼ਨ ਜਾਰੀ ਹੈ ਅਤੇ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਨੌਜਵਾਨ ਮੁੜ ਜੰਤਰ-ਮੰਤਰ ਪਹੁੰਚੇ।
'ਅਸੀਂ ਕਿਸੇ ਸੰਗਠਨ ਨਾਲ ਨਹੀਂ ਜੁੜੇ, ਅਸੀਂ ਆਮ ਲੋਕ ਹਾਂ'

ਸੋਮਵਾਰ ਨੂੰ ਧਰਨੇ ਵਾਲੀ ਥਾਂ ਕਲੀਅਰ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਸਵੇਰੇ ਫਿਰ ਤੋਂ ਸੈਂਕੜੇ ਨੌਜਵਾਨ ਧਰਨੇ ਵਾਲੀ ਥਾਂ 'ਤੇ ਪਹੁੰਚਣੇ ਸ਼ੁਰੂ ਹੋਏ ਅਤੇ ਦੇਖਦੇ-ਦੇਖਦੇ ਸੈਂਕੜਿਆਂ ਦੀ ਗਿਣਤੀ ਜਮ੍ਹਾਂ ਹੋ ਗਈ।
ਇਸ ਦੌਰਾਨ ਇੱਕ ਕੰਧ ਦੇ ਨਾਲ ਨੌਜਵਾਨਾਂ ਦੇ ਆਪਣੇ ਰਹਿਣ ਅਤੇ ਅਰਾਮ ਕਰਨ ਲਈ ਫਿਰ ਤੋਂ ਟੈਂਟ ਲਗਾ ਲਏ।
ਗਰਮੀ ਅਤੇ ਬਾਰਿਸ਼ ਦੇ ਮਾਹੌਲ ਵਿੱਚ ਪਸੀਨੇ ਦੀ ਬਦਬੋ ਦੇ ਅੰਦਰ ਭੀੜ ਵਿੱਚ ਇੱਕ ਦੂਜੇ ਨਾਲ ਜੁੜ-ਜੁੜ ਕੇ ਪਏ ਇਹ ਨੌਜਵਾਨ ਇਸੇ ਥਾਂ 'ਤੇ ਧਰਨਾ ਦਿੰਦੇ ਹਨ, ਖਾਂਦੇ ਹਨ ਅਤੇ ਸੌਂਦੇ ਹਨ।

ਸ਼ੀਤਲ ਮੁਤਾਬਕ ਉਹ 20 ਜੂਨ ਤੋਂ ਉੱਥੇ ਹੀ ਰਹਿ ਰਹੇ ਹਾਂ, ਉੱਥੇ ਹੀ ਸੌਂ ਰਹੇ ਹਾਂ।
ਉਹ ਦੱਸਦੇ ਹਨ, "ਪਹਿਲਾਂ ਜਦੋਂ ਲੋਕ ਕੁਝ ਘੱਟ ਸਨ ਤਾਂ ਅਸੀਂ ਦੂਜੇ ਪਾਸੇ ਸੀ। ਬੈਰੀਕੇਡਿੰਗ ਦੇ ਬਿਲਕੁਲ ਸਾਹਮਣੇ ਉੱਥੇ ਹੀ ਸੌਂਦੇ ਸੀ। ਉਸ ਤੋਂ ਬਾਅਦ ਜਦੋਂ ਤੋਂ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ, ਉਦੋਂ ਤੋਂ ਅਸੀਂ ਇੱਥੇ ਸ਼ਿਫ਼ਟ ਹੋ ਗਏ ਹਾਂ।"
"ਇੱਥੇ ਮੀਂਹ ਵਿੱਚ ਵੀ ਭਿੱਜੇ ਹਾਂ, ਬੀਮਾਰ ਵੀ ਪਏ ਹਾਂ। ਬੀਮਾਰ ਪੈ ਕੇ ਬਿਨਾਂ ਦਵਾਈ ਖਾਧੇ ਆਪਣੇ ਆਪ ਠੀਕ ਵੀ ਹੋ ਗਏ ਹਾਂ। ਇਨ੍ਹਾਂ ਹੀ ਹਾਲਾਤ ਵਿੱਚ ਅਸੀਂ ਇੱਥੇ ਰਹਿ ਰਹੇ ਹਾਂ। ਕੱਲ੍ਹ ਵੀ ਇੱਥੇ ਹੀ ਰਹਾਂਗੇ।"

ਉਹ ਦੱਸਦੇ ਹਨ, "ਸੋਮਵਾਰ ਨੂੰ ਅਸੀਂ ਅੱਥਰੂ ਗੈਸ ਦੇ ਗੋਲੇ ਵੀ ਝੱਲੇ ਹਨ। ਅਸੀਂ ਕਿਸੇ ਸੰਗਠਨ ਨਾਲ ਨਹੀਂ ਜੁੜੇ, ਅਸੀਂ ਆਮ ਲੋਕ ਹਾਂ। ਅਸੀਂ ਆਪਣੇ ਆਪ ਉੱਠ ਕੇ ਇਸ ਪ੍ਰਦਰਸ਼ਨ ਵਿੱਚ ਆਏ ਹਾਂ, ਕਿਉਂਕਿ ਸਾਨੂੰ ਲੱਗਿਆ ਕਿ ਇਸ ਦੇਸ਼ ਵਿੱਚ ਸਿੱਖਿਆ ਇੱਕ ਮੁੱਦਾ ਬਣਨਾ ਚਾਹੀਦਾ ਹੈ।"
"ਅਸੀਂ ਉੱਦੋਂ ਤੱਕ ਇੱਥੇ ਰਹਾਂਗੇ ਜਦੋਂ ਤੱਕ ਸੋਨਮ ਸਰ ਨੂੰ ਰਿਹਾਅ ਨਹੀਂ ਕਰਵਾ ਲੈਂਦੇ। ਜਿਹੜੇ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰਿਆਂ ਨੂੰ ਮੁਆਵਜ਼ਾ ਨਹੀਂ ਦਿਵਾ ਲੈਂਦੇ ਅਤੇ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨਹੀਂ ਹੋ ਜਾਂਦਾ।"
ਮਹਾਰਾਸ਼ਟਰ ਦੇ ਸਚਿਨ ਵਾਗਮਾਰੇ ਆਪਣੇ ਭਰਾ ਨਾਲ ਇਸ ਧਰਨੇ 'ਤੇ 4 ਦਿਨਾਂ ਤੋਂ ਟੈਟ ਅੰਦਰ ਰਹਿ ਰਹੇ ਹਨ। ਸਚਿਨ ਕਹਿੰਦੇ ਹਨ ਕਿ ਅੱਤ ਦੀ ਗਰਮੀ ਵਿੱਚ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ ਪਰ ਉਹ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਹੀ ਘਰ ਵਾਪਸ ਜਾਣਗੇ।
ਵਾਗਮਾਰੇ ਦੱਸਦੇ ਹਨ, "ਮੈਂ ਇੱਥੇ ਨੀਟ ਦਾ ਜੋ ਪੇਪਰ ਲੀਕ ਹੋਇਆ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਗੁਆਈ ਹੈ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਆਇਆ ਹਾਂ। ਰਾਤ ਨੂੰ ਬਹੁਤ ਮੁਸ਼ਕਲ ਹੋਈ। ਇੱਥੇ ਕੁਝ ਵੀ ਨਹੀਂ ਸੀ। ਪੁਲਿਸ ਨੇ ਸਭ ਕੁਝ ਪਾੜ ਦਿੱਤਾ ਸੀ। ਸਾਡਾ ਸਟੇਜ ਵੀ ਪੂਰੀ ਤਰ੍ਹਾਂ ਕੁਚਲ ਦਿੱਤਾ ਸੀ।"
"ਫਿਰ ਵੀ ਅਸੀਂ ਲੜ ਰਹੇ ਹਾਂ ਅਤੇ ਅੱਗੇ ਵੀ ਲੜਾਂਗੇ। ਘਰ ਵਾਪਸ ਨਹੀਂ ਜਾਵਾਂਗੇ। ਜਦੋਂ ਤੱਕ ਅਸਤੀਫ਼ਾ ਨਹੀਂ ਮਿਲਦਾ, ਉਦੋਂ ਤੱਕ ਘਰ ਨਹੀਂ ਜਾਵਾਂਗੇ।"
ਸਰਕਾਰ ਨੇ ਕੀ ਕਿਹਾ

ਤਸਵੀਰ ਸਰੋਤ, @JPNadda
ਸੀਜੇਪੀ ਨੇ 20 ਜੁਲਾਈ 'ਚਲੋ ਸੰਸਦ' ਦਾ ਸੱਦਾ ਦਿੱਤਾ ਸੀ ਜਿਸ ਦੌਰਾਨ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ।
ਪਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਦਿੱਲੀ ਪੁਲਿਸ ਅਤੇ ਕੇਂਦਰੀ ਬਲਾਂ ਦੇ 118 ਤੋਂ ਵੱਧ ਜਵਾਨ ਵੀ ਜ਼ਖਮੀ ਹੋਏ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਵੀ ਅਪੀਲ ਕੀਤੀ ਹੈ।
ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਨੌਜਵਾਨ ਫਿਰ ਜੰਤਰ ਮੰਤਰ ਤੇ ਇਕੱਠੇ ਹੋਏ।
ਹਾਲਾਂਕਿ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਜੇਪੀ ਨੱਢਾ ਨੇ ਸੀਜੇਪੀ ਦੇ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਉਨ੍ਹਾਂ ਨੂੰ ਮੰਗਾਂ ਨੂੰ ਵਿਚਾਰੇ ਜਾਣ ਦਾ ਭਰੋਸਾ ਦਿੱਤਾ ਸੀ।
ਉਧਰ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਭਾਵ ਮੰਗਲਵਾਰ ਨੂੰ ਐੱਨਡੀਏ ਸੰਸਦਾਂ ਦੇ 'ਮੰਗਲ ਮਿਲਨ' ਵਿੱਚ ਪੀਐੱਮ ਨਰਿੰਦਰ ਮੋਦੀ ਨੇ ਪੇਪਰ ਲੀਕ ਦੇ ਮੁੱਦੇ 'ਤੇ ਸਰਕਾਰ ਦਾ ਪੱਖ ਰੱਖਿਆ।
ਕੇਂਦਰੀ ਮੰਤਰੀ ਕਿਰਨ ਰਿੱਜੂ ਨੇ ਕਿਹਾ, "ਨੀਟ ਪ੍ਰੀਖਿਆ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੇਨਿਯਮੀਆਂ ਦੀਆਂ ਖ਼ਬਰਾਂ ਮਿਲਣ ਤੇ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਅਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ।
ਸੋਮਵਾਰ ਨੂੰ ਕੀ ਹੋਇਆ

ਤਸਵੀਰ ਸਰੋਤ, Sajjad HUSSAIN / AFP via Getty Images
ਦਿੱਲੀ ਵਿੱਚ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਬੁਲਾਏ ਗਏ 'ਚਲੋ ਸੰਸਦ' ਮਾਰਚ ਦੌਰਾਨ ਹਜ਼ਾਰਾਂ ਨੌਜਵਾਨ ਸੜਕਾਂ 'ਤੇ ਉਤਰੇ। ਮੁਜ਼ਾਹਰਾਕਾਰੀਆਂ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ, ਪ੍ਰੀਖਿਆਵਾਂ ਵਿੱਚ ਗੜਬੜੀਆਂ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ।
ਸੀਜੇਪੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅੰਦੋਲਨ ਕਰ ਰਹੀ ਸੀ। ਸੋਮਵਾਰ ਨੂੰ ਇਸ ਅੰਦੋਲਨ ਤਹਿਤ ਪਾਰਟੀ ਨੇ ਸੰਸਦ ਵੱਲ ਸ਼ਾਂਤੀਪੂਰਨ ਮਾਰਚ ਕਰਨ ਦਾ ਸੱਦਾ ਦਿੱਤਾ ਸੀ।
ਮੁਜ਼ਾਹਰੇ ਵਿੱਚ ਕਾਲਜ ਵਿਦਿਆਰਥੀਆਂ ਦੇ ਨਾਲ-ਨਾਲ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੇ ਵੀ ਹਿੱਸਾ ਲਿਆ। ਸਮਰਥਕਾਂ ਦਾ ਕਹਿਣਾ ਸੀ ਕਿ ਇਹ ਅੰਦੋਲਨ ਸਿਰਫ਼ ਸਿੱਖਿਆ ਤੱਕ ਸੀਮਤ ਨਹੀਂ ਹੈ, ਸਗੋਂ ਨੌਜਵਾਨਾਂ ਦੇ ਭਵਿੱਖ, ਰੁਜ਼ਗਾਰ ਅਤੇ ਸਰਕਾਰ ਦੀ ਜਵਾਬਦੇਹੀ ਨਾਲ ਵੀ ਜੁੜਿਆ ਹੋਇਆ ਹੈ।

ਤਸਵੀਰ ਸਰੋਤ, ANI Video Grab
ਇਸ ਤੋਂ ਇਲਾਵਾ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਸ਼ੁਰੂ ਕੀਤੀ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ।
ਇਹ ਭੁੱਖ ਹੜਤਾਲ ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਹਟਾ ਕੇ ਹਸਪਤਾਲ ਲੈ ਕੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।
ਪ੍ਰਦਰਸ਼ਨ ਦੌਰਾਨ ਕੁਝ ਲੋਕ ਗਰਮੀ ਕਾਰਨ ਬੇਹੋਸ਼ ਵੀ ਹੋਏ। ਸੋਸ਼ਲ ਮੀਡੀਆ 'ਤੇ ਸੁਰੱਖਿਆ ਕਰਮੀਆਂ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਈ ਝੜਪ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।
ਦਿੱਲੀ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਕਾਨੂੰਨ ਅਨੁਸਾਰ ਸੰਭਾਲਿਆ ਗਿਆ ਹੈ ਅਤੇ ਹਿੰਸਾ ਜਾਂ ਵੱਡੇ ਪੱਧਰ 'ਤੇ ਹਿਰਾਸਤ ਨਾਲ ਜੁੜੀਆਂ ਰਿਪੋਰਟਾਂ ਨੂੰ ਰੱਦ ਕੀਤਾ।
ਸੀਜੇਪੀ ਆਗੂਆਂ ਦੀ ਜੇਪੀ ਨੱਢਾ ਨਾਲ ਮੁਲਾਕਾਤ

ਤਸਵੀਰ ਸਰੋਤ, Getty Images
ਪ੍ਰਦਰਸ਼ਨ ਵਿਚਾਲੇ ਸੀਜੇਪੀ ਦੇ ਬੁਲਾਰੇ ਸੌਰਵ ਦਾਸ ਅਤੇ ਆਸ਼ੁਤੋਸ਼ ਰਾਂਕਾ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ।
ਜੇਪੀ ਨੱਢਾ ਨੇ ਕਿਹਾ ਕਿ ਮੁਜ਼ਾਹਰਾਕਾਰੀਆਂ ਵੱਲੋਂ ਸਰਕਾਰ ਨਾਲ ਗੱਲਬਾਤ ਦਾ ਪ੍ਰਸਤਾਵ ਆਇਆ ਸੀ। ਉਨ੍ਹਾਂ ਮੁਤਾਬਕ ਮੀਟਿੰਗ ਦੌਰਾਨ ਸੀਜੇਪੀ ਦੇ ਵਫ਼ਦ ਨੇ ਆਪਣੀਆਂ ਮੰਗਾਂ ਦਾ ਲਿਖਤੀ ਪੱਤਰ ਸੌਂਪਿਆ।
ਨੱਢਾ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖ਼ਤਮ ਕਰਨ ਅਤੇ ਆਮ ਸਥਿਤੀ ਬਹਾਲ ਕਰਨ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਸੀਜੇਪੀ ਦੀਆਂ ਮੁੱਖ ਮੰਗਾਂ
- ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾਵੇ।
- ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਗੜਬੜੀਆਂ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫ਼ਾ ਦੇਣ।
- ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ 'ਤੇ ਸਰਕਾਰ ਜਵਾਬਦੇਹੀ ਦਿਖਾਏ।
- ਸਿੱਖਿਆ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਨਿਆਂਪੂਰਨ ਬਣਾਇਆ ਜਾਵੇ।
ਸੀਜੇਪੀ ਦੇ ਇਸ ਪ੍ਰਦਰਸ਼ਨ ਨੇ ਸਿੱਖਿਆ, ਨੌਜਵਾਨਾਂ ਦੇ ਭਵਿੱਖ ਅਤੇ ਰੁਜ਼ਗਾਰ ਵਰਗੇ ਮੁੱਦਿਆਂ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਹਾਲਾਂਕਿ ਸਰਕਾਰ ਨੇ ਅਜੇ ਤੱਕ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



















