ਪੰਜਾਬ 'ਚ 'ਕਾਕਰੋਚ ਜਨਤਾ ਪਾਰਟੀ' ਬਾਰੇ ਸੋਸ਼ਲ ਮੀਡੀਆ 'ਤੇ ਬਣੇ ਪੇਜ ਅਤੇ ਮੀਮ, ਪਰ ਇਸ ਤੋਂ ਸਾਵਧਾਨ ਰਹਿਣ ਬਾਰੇ ਕਿਉਂ ਕਿਹਾ ਜਾ ਰਿਹਾ

ਤਸਵੀਰ ਸਰੋਤ, Abhijeet Dipke/X and CJP
- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਦੇ ਨੌਜਵਾਨਾਂ ਅਤੇ ਕਾਕਰੋਚਾਂ ਬਾਰੇ ਇੱਕ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣੀ 'ਕਾਕਰੋਚ ਜਨਤਾ ਪਾਰਟੀ' ਦੇ ਇੰਸਟਾਗ੍ਰਾਮ ਉੱਪਰ 2 ਕਰੋੜ ਤੋਂ ਵੱਧ ਫੌਲਰ ਹੋ ਗਏ ਹਨ।
ਇਹ ਪਾਰਟੀ ਪੰਜਾਬ ਵਿੱਚ ਵੀ ਸੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਹਾਲਾਂਕਿ ਵੀਰਵਾਰ ਨੂੰ ਇਸ ਮੁਹਿੰਮ ਨੂੰ ਚਲਾਉਣ ਵਾਲੇ ਅਭਿਜੀਤ ਦੀਪਕੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 'ਕਾਕਰੋਚ ਜਨਤਾ ਪਾਰਟੀ' ਦਾ 'ਐਕਸ' ਹੈਂਡਲ ਭਾਰਤ ਵਿੱਚ ਦਿਖਾਈ ਨਹੀਂ ਦੇ ਰਿਹਾ ਅਤੇ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, ਕੁਝ ਹੀ ਘੰਟਿਆਂ ਬਾਅਦ 'ਕਾਕਰੋਚ ਇਜ਼ ਬੈਕ' (ਕਾਕਰੋਚ ਵਾਪਸ ਆ ਗਿਆ ਹੈ) ਦੇ ਪੋਸਟਰ ਨਾਲ ਇੱਕ ਨਵਾਂ 'ਐਕਸ' ਹੈਂਡਲ ਸ਼ੁਰੂ ਕਰ ਦਿੱਤਾ ਗਿਆ।
'ਕਾਕਰੋਚ ਜਨਤਾ ਪਾਰਟੀ' ਵਾਂਗ ਪੰਜਾਬ ਵਿੱਚ ਵੀ ਸੋਸ਼ਲ ਮੀਡੀਆ 'ਤੇ 'ਕਾਕਰੋਚ ਜਨਤਾ ਪਾਰਟੀ, ਪੰਜਾਬ' ਜਾਂ ਵੱਖ- ਵੱਖ ਸ਼ਹਿਰਾਂ ਅਤੇ ਜ਼ਿਲ੍ਹਾ ਪੱਧਰੀ ਨਾਵਾਂ ਨਾਲ ਪੇਜ ਬਣ ਰਹੇ ਹਨ।
'ਕਾਕਰੋਚ ਜਨਤਾ ਪਾਰਟੀ' ਦੀ ਮੁਹਿੰਮ ਨੂੰ ਹਾਲੇ ਤੱਕ ਸੋਸ਼ਲ ਮੀਡੀਆ ਉੱਪਰ ਹੀ ਚਲਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ 'ਕਾਕਰੋਚ ਪਾਰਟੀ ਪੰਜਾਬ' ਨਾਮ ਦੇ ਇੱਕ ਪੇਜ ਤੋਂ 'ਰੈਲੀ ਕਰਨ ਲਈ ਵੀ ਲੋਕਾਂ ਦੇ ਵਿਚਾਰ ਮੰਗੇ ਜਾ ਰਹੇ ਹਨ।'
ਦੂਜੇ ਪਾਸੇ 'ਕਾਕਰੋਚ ਜਨਤਾ ਪਾਰਟੀ' ਦੇ ਸੰਸਥਾਪਕ ਅਭਿਜੀਤ ਦੀਪਕੇ ਦੀਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਨੌਜਨਾਵਾਂ ਦੇ ਇੱਕ ਧੜੇ ਵੱਲੋਂ ਇਸ ਨੂੰ 'ਆਪ' ਵਰਗਾ ਹੀ ਵਰਤਾਰਾ ਦੱਸਿਆ ਜਾ ਰਿਹਾ ਹੈ।
ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 'ਕਾਕਰੋਚ ਜਨਤਾ ਪਾਰਟੀ' ਨੂੰ ਸੋਸ਼ਲ ਮੀਡੀਆ 'ਤੇ ਨੌਜਨਾਵਾਂ ਦਾ ਸਮਰਥਨ ਤਾਂ ਮਿਲ ਰਿਹਾ ਪਰ ਉਹ ਅੱਗੇ ਇਸ ਦੇ ਵੋਟਾਂ ਵਿੱਚ ਬਦਲਣ ਬਾਰੇ ਕੁਝ ਯਕੀਨੀ ਤੌਰ 'ਤੇ ਨਹੀਂ ਕਹਿ ਪਾ ਰਹੇ।
ਪੰਜਾਬ 'ਚ ਸੋਸ਼ਲ ਮੀਡੀਆ 'ਤੇ ਕੀ-ਕੀ ਚੱਲ ਰਿਹਾ

ਤਸਵੀਰ ਸਰੋਤ, @abhijeet_dipke
ਪੰਜਾਬ ਵਿੱਚ ਕੁਝ ਲੋਕ ਏਆਈ ਨਾਲ ਆਪਣੀਆਂ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ 'ਕਾਕਰੋਚ ਜਨਤਾ ਪਾਰਟੀ' ਦਾ ਪ੍ਰਧਾਨ ਬਣਨ ਵਰਗੀਆਂ ਪੋਸਟਾਂ ਪਾ ਰਹੇ ਹਨ।
ਇਸ ਤੋਂ ਇਲਾਵਾਂ 'ਕਾਕਰੋਚ ਜਨਤਾ ਪਾਰਟੀ, ਪੰਜਾਬ', ਲੁਧਿਆਣਾ, ਜਲੰਧਰ, ਤਰਨ ਤਾਰਨ ਆਦਿ ਪੇਜ ਬਣਾ ਕੇ ਵੱਖ-ਵੱਖ ਮੰਗਾਂ ਦੇ ਨਾਲ ਪੰਜਾਬ ਦੀਆਂ ਮੰਗਾਂ ਨੂੰ ਵੀ ਚੁੱਕ ਰਹੇ ਹਨ।
ਸੋਸ਼ਲ ਮੀਡੀਆ ਪੇਜਾਂ 'ਤੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਬੀਜੇਪੀ ਦੇ ਵਿਰੋਧ ਸੰਘਰਸ਼ ਦਾ ਸੱਦਾ ਦਿੱਤਾ ਜਾ ਰਿਹਾ।
ਕਾਕਰੋਚ ਜਨਤਾ ਪਾਰਟੀ, ਜਲੰਧਰ ਨਾਂ ਦੇ ਪੇਜ 'ਤੇ ਲਿਖਿਆ, "ਇੱਕ ਨਵੀਂ ਆਵਾਜ਼। ਇੱਕ ਨਵੀਂ ਸੋਚ। ਇੱਕ ਨਵੀਂ ਸ਼ੁਰੂਆਤ। ਜਲੰਧਰ ਨੂੰ ਅਜਿਹੀ ਰਾਜਨੀਤੀ ਦੀ ਲੋੜ ਹੈ, ਜੋ ਲੋਕਾਂ ਦੀ ਆਵਾਜ਼ ਸੁਣੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰੇ।"
ਹਾਲਾਂਕਿ, ਕੁਝ ਲੋਕਾਂ ਵੱਲੋਂ ਇਸ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਪਿਛੋਕੜ ਨੂੰ ਦੇਖਿਆ, ਆਮ ਆਦਮੀ ਪਾਰਟੀ ਵਰਗੇ ਵਿਚਾਰਾਂ ਤੋਂ ਸਾਵਧਾਨ ਰਹਿਣ ਦੀ ਗੱਲ ਆਖੀ ਜਾ ਰਹੀ ਹੈ।

ਪੰਜਾਬੀ ਨੌਜਵਾਨ 'ਕਾਕਰੋਚ ਜਨਤਾ ਪਾਰਟੀ' ਦੀ ਮੁਹਿੰਮ ਬਾਰੇ ਕੀ ਸੋਚਦੇ ਹਨ?

ਤਸਵੀਰ ਸਰੋਤ, Gurdas Singh
ਪੰਜਾਬ ਵਿੱਚ ਉੱਚ ਸਿੱਖਿਆ ਸੰਸਥਾਵਾਂ ਅੰਦਰ ਪੜ੍ਹਦੇ ਨੌਜਨਾਵਾਂ ਵਿੱਚ ਵੀ 'ਕਾਕਰੋਚ ਜਨਤਾ ਪਾਰਟੀ' ਨੂੰ ਲੈ ਕੇ ਰਲਵਾਂ-ਮਿਲਵਾ ਪ੍ਰਤੀਕਰਮ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਾਨੂੰਨ ਦੀ ਪੜਾਈ ਕਰਦੇ ਗੁਰਦਾਸ ਸਿੰਘ ਦਾ ਕਹਿਣਾ ਹੈ, "ਅਸੀਂ ਬੀਤੀ ਸ਼ਾਮ ਯੂਨੀਵਰਸਿਟੀ ਵਿੱਚ 'ਕਾਕਰੋਚ ਜਨਤਾ ਪਾਰਟੀ' ਦੇ ਮੁੱਦੇ ਉਪਰ ਵਿਚਾਰ ਚਰਚਾ ਰੱਖੀ ਸੀ। ਜ਼ਿਆਦਾਤਰ ਨੌਜਵਾਨਾਂ ਦੇ ਵਿਚਾਰਾਂ ਤੋਂ ਲੱਗਦਾ ਹੈ ਕਿ ਇਹ ਸੱਤਾਧਾਰੀ ਪਾਰਟੀ ਤੋਂ ਨਿਰਾਸ਼ਾ ਦਾ ਪ੍ਰਤੀਕਰਮ ਹੈ। ਆਮ ਨੌਜਵਾਨ ਸੋਚਦੇ ਹਨ ਕਿ ਜੇ ਪਾਰਟੀ ਵਾਲੇ ਖੜੇ ਹੋਣਗੇ ਤਾਂ ਉਹ ਵੋਟ ਕਰਨਗੇ। ਹਾਲਾਂਕਿ ਨੌਜਵਾਨਾਂ ਦੇ ਵਿਚਾਰ ਸਥਿਰ ਵੀ ਨਹੀਂ ਰਹਿੰਦੇ, ਉਹ ਅੱਜ ਕੁਝ ਹੋਰ ਹਨ, ਕੱਲ੍ਹ ਕੁਝ ਹੋਰ ਹੋ ਸਕਦੇ ਹਨ।"
ਚੰਡੀਗੜ੍ਹ ਵਿੱਚ ਅਰਥ-ਸ਼ਾਸ਼ਤਰ ਵਿੱਚ ਪੀਐੱਚਡੀ ਕਰ ਰਹੇ ਰਮਿੰਦਰ ਸਿੰਘ ਕਹਿੰਦੇ ਹਨ, "ਕਰੀਬ ਦੋ-ਤਿੰਨ ਦਿਨ ਇਹ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਕੇਂਦਰ ਵਿੱਚ ਰਹੀ। ਪਹਿਲਾਂ ਲੋਕਾਂ ਨੇ ਇਸ ਨੂੰ ਮੀਮ ਪਾਉਣ ਵਾਂਗ ਲਿਆ ਪਰ ਜਦੋਂ ਅਭਿਜੀਤ ਦੀਪਕੇ ਦੀਆਂ ਤਸਵੀਰਾਂ ਮਨੀਸ਼ ਸਿਸੋਦੀਆਂ ਨਾਲ ਸਾਹਮਣੇ ਆ ਗਈਆਂ ਤਾਂ ਕੁਝ ਲੋਕਾਂ ਨੇ ਕਿਹਾ ਕਿ 'ਪਹਿਲਾਂ ਪੰਜਾਬੀਆਂ ਨੇ ਇਨਕਲਾਬ ਦੇ ਨਾਂ 'ਤੇ ਧੋਖਾ' ਖਾ ਲਿਆ। ਹੁਣ ਇਹਨਾਂ ਦੇ ਪਿੱਛੇ ਨਾ ਲੱਗ ਜਾਣਾ। ਪਰ ਹੁਣ ਇਸ ਦੀ ਅਲੋਚਨਾ ਵੀ ਹੋ ਰਹੀ ਹੈ ਕਿ ਇਸ ਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ ਸਬੰਧ ਨਹੀਂ ਹੈ। "
ਉਹ ਕਹਿੰਦੇ ਹਨ, "ਇਹ ਉਹ ਮੱਧ ਵਰਗੀ ਤਬਕਾ ਹੈ, ਜਿੰਨ੍ਹਾਂ ਨੂੰ ਆਪਣਾ-ਆਪ ਭਾਰਤ ਲੱਗਦਾ ਹੈ। ਸੀਜੇਪੀ ਨੂੰ ਸਮਰਥਨ ਮਿਲਣ ਦਾ ਸਭ ਤੋਂ ਵੱਡਾ ਕਾਰਨ 'ਨੀਟ' ਦੇ ਪੇਪਰ ਦਾ ਲੀਕ ਹੋਣਾ ਹੈ। ਨੌਜਵਾਨਾਂ ਵਿੱਚ ਉਸ ਉਪਰ ਜੋ ਗੁੱਸਾ ਸੀ, ਉਹ ਤੁਰੰਤ ਪ੍ਰਭਾਵ ਨਾਲ ਸੀ। ਪਰ ਭਾਰਤ ਵਿੱਚ ਸਾਰੇ ਲੋਕਾਂ ਦਾ ਇੱਕ ਮੁੱਦੇ 'ਤੇ ਇਕੱਠੇ ਹੋਣਾ ਮੁਸ਼ਕਿਲ ਲੱਗਦਾ ਹੈ ਕਿਉਂਕਿ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ਅਲੱਗ-ਅਲੱਗ ਮਸਲੇ ਹਨ। ਦਰਅਸਲ, ਇਹ 'ਆਪ' ਵਰਗਾ ਵਰਤਾਰਾ ਹੈ।"
ਨੌਜਵਾਨਾਂ ਦਾ ਸਮਰਥਨ ਪਰ...

ਤਸਵੀਰ ਸਰੋਤ, Getty Images
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਸਾਸ਼ਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਨੌਜਵਾਨਾਂ ਵਿੱਚ ਸਰਕਾਰ ਨੂੰ ਲੈ ਕੇ ਨਿਰਾਸ਼ਾ ਤਾਂ ਪਾਈ ਜਾ ਰਹੀ ਹੈ, ਜਿਸ ਕਾਰਨ 'ਕਾਕਰੋਚ ਜਨਤਾ ਪਾਰਟੀ' ਦਾ ਸੋਸ਼ਲ ਮੀਡੀਆ 'ਤੇ ਸਮਰਥਨ ਹੋ ਰਿਹਾ ਹੈ।
ਉਹ ਕਹਿੰਦੇ ਹਨ, "ਪੰਜਾਬ ਵਿੱਚ ਵੀ ਨੌਜਵਾਨਾਂ ਅੰਦਰ ਇਸ ਵਿਚਾਰ ਦਾ ਸਮਰਥਨ ਹੈ। ਇਸ ਲਈ ਉਹਨਾਂ ਨੂੰ ਬਾਹਰ ਵੀ ਨਹੀਂ ਨਿਕਲਣਾ ਪੈਂਦਾ, ਉਹ ਘਰ ਬੈਠੇ ਹੀ ਫੌਲੋ ਕਰ ਸਕਦੇ ਹਨ। ਇਹ ਸਾਰੀ ਸੋਸ਼ਲ ਮੀਡੀਆ ਦੀ ਖੇਡ ਹੈ। ਜਦੋਂ ਪਾਰਟੀ ਦੇ ਫੌਲੋਅਰ ਮਿਲੀਅਨਜ਼ ਵਿੱਚ ਹਨ, ਤਾਂ ਮਾਮਲਾ ਚਰਚਾ ਵਿੱਚ ਰਹਿਣਾ ਹੈ ਅਤੇ ਸਰਕਾਰ ਦੀ ਵੀ ਚਿੰਤਾ ਵਧੇਗੀ।"
ਜਤਿੰਦਰ ਸਿੰਘ ਮੁਤਾਬਕ, "ਹਾਲਾਂਕਿ ਇਹ ਇੱਕ ਮਹੱਤਵਪੂਰਨ ਘਟਨਾ ਹੈ ਪਰ ਅਸਲ ਸਵਾਲ ਇਹ ਹੈ ਕਿ ਨੌਜਵਾਨ ਗਰਾਉਂਡ 'ਤੇ ਕਿੰਨੀ ਗਿਣਤੀ ਵਿੱਚ ਉੱਤਰਦੇ ਹਨ।"

ਤਸਵੀਰ ਸਰੋਤ, Screengrab from Cockroach Janta Party's website
ਸਿਆਸੀ ਮਾਹਰ ਯੋਗੇਂਦਰ ਯਾਦਵ ਕਹਿੰਦੇ ਹਨ, "ਇਹ ਜੋ 'ਕਾਕਰੋਚ ਜਨਤਾ ਪਾਰਟੀ' ਸੋਸ਼ਲ ਮੀਡੀਆ 'ਤੇ ਇੱਕ ਮੀਮ ਵਾਂਗ ਸ਼ੁਰੂ ਹੋਈ, ਇਹ ਮਹਿਜ਼ ਹਾਸਾ-ਮਜ਼ਾਕ ਜਾਂ ਗੁੱਸਾ ਨਹੀਂ ਹੈ। ਦੇਸ਼ ਦੇ ਅੰਦਰ ਹੇਠਾਂ ਇੱਕ ਹਲਚਲ ਅਤੇ ਬੇਚੈਨੀ ਹੈ ਕਿਉਂਕਿ ਸਿਸਟਮ ਦੇ ਬਣੇ-ਬਣਾਏ ਰਾਹ ਅਤੇ ਦਰਵਾਜ਼ੇ ਬੰਦ ਹੋ ਗਏ ਹਨ।"
"ਮਜ਼ਾਕ ਜਾਂ ਚੁਟਕਲਾ ਹਮੇਸ਼ਾ ਕਿਸੇ ਨਾ ਕਿਸੇ ਡੂੰਘੇ ਦਰਦ ਨਾਲ ਜੁੜਿਆ ਹੁੰਦਾ ਹੈ, ਇਸ ਲਈ ਅਸੀਂ ਇਸਦਾ ਵਿਸ਼ਲੇਸ਼ਣ ਮਜ਼ਾਕ ਵਿੱਚ ਨਹੀਂ ਕਰ ਸਕਦੇ। ਸਰਕਾਰ ਵੱਲੋਂ ਇਸਨੂੰ ਬੈਨ ਕਰਨਾ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਹੋ ਸਕਦਾ ਹੈ।"
ਯੋਗੇਂਦਰ ਯਾਦਵ ਨੂੰ ਲੱਗਦਾ ਹੈ ਕਿ ਇਹ ਬਦਲੇ ਹੋਏ ਜ਼ਮਾਨੇ ਦੀ ਨਵੀਂ ਭਾਸ਼ਾ ਹੈ।
ਉਹ ਕਹਿੰਦੇ ਹਨ, "ਮੇਰੇ ਸਮੇਂ ਵਿੱਚ ਲੋਕ ਮੈਨੀਫੈਸਟੋ ਪੜ੍ਹਦੇ ਹੁੰਦੇ ਸਨ। ਅੱਜ-ਕੱਲ੍ਹ ਲੋਕ ਯੂਟਿਊਬ ਦੇਖਦੇ ਹਨ। ਪਹਿਲਾਂ ਲੋਕ ਪੋਸਟਰ ਬਣਾਉਂਦੇ ਸਨ, ਹੁਣ ਮੀਮ ਬਣਾਉਂਦੇ ਹਨ। ਤਾਂ ਹਰ ਜੈਨੇਰੇਸ਼ਨ ਦਾ ਨਵਾਂ ਗ੍ਰੈਮਰ ਸਾਨੂੰ ਸਿੱਖਣਾ ਪਵੇਗਾ। ਇਸ ਵਿਅੰਗ ਦੇ ਪਿੱਛੇ ਇੱਕ ਬਹੁਤ ਡੂੰਘਾ ਸਿਆਸੀ ਸੰਦੇਸ਼ ਹੈ ਅਤੇ ਜੇ ਸੱਤਾਧਾਰੀ ਦਲ ਅਤੇ ਵਿਰੋਧੀ ਧਿਰ ਦੋਵੇਂ ਇਸ ਤੋਂ ਨਹੀਂ ਸਿੱਖਣਗੇ ਤਾਂ ਮੈਂ ਸਮਝਦਾ ਹਾਂ ਕਿ ਉਹ ਆਪਣੀ ਜ਼ਮੀਨ ਗੁਆ ਦੇਣਗੇ।"
ਪੁਲਿਸ ਨੇ ਚੁਕੰਨੇ ਰਹਿਣ ਨੂੰ ਕਿਉਂ ਕਿਹਾ ?
ਕਾਕਰੋਚ ਜਨਤਾ ਪਾਰਟੀ ਦੇ ਓਹਲੇ ਸੰਭਾਵੀ ਸਕੈਮ ਨੂੰ ਲੈਕੇ ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਲਰਟ ਕੀਤਾ ਗਿਆ ਹੈ। ਪੁਲਿਸ ਨੇ ਸੁਚੇਤ ਕੀਤਾ ਕਿ ਕਾਕਰੋਚ ਜਨਤਾ ਪਾਰਟੀ ਜੁਆਇਨ ਕਰਵਾਉਣ ਦਾ ਬਹਾਨਾ ਬਣਾ ਕੇ ਕੁਝ ਸਕੈਮਰ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।
ਪੁਲਿਸ ਵੱਲੋਂ ਜਾਰੀ ਵੀਡੀਓ 'ਚ ਆਗਾਹ ਕੀਤਾ ਗਿਆ ਕਿ ਇਸ ਪਾਰਟੀ ਨੂੰ ਜੁਆਇਨ ਕਰਨ ਦੀ ਆੜ ਵਿੱਚ ਵੱਟਸਐਪ 'ਤੇ ਭੇਜੇ ਜਾ ਰਹੇ ਲਿੰਕ ਨੂੰ ਕਲਿੱਕ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਬੈਂਕਿੰਗ ਡਿਟੇਲ ਸਕੈਮਰਾਂ ਕੋਲ ਜਾ ਸਕਦੀ ਹੈ ਅਤੇ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ।
ਸੀਜੇਆਈ ਦਾ ਬਿਆਨ ਅਤੇ ਸੀਜੇਪੀ ਦਾ ਬਣਨਾ

ਤਸਵੀਰ ਸਰੋਤ, AFP via Getty Images
ਪਿਛਲੇ ਹਫ਼ਤੇ, ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀਆਂ ਟਿੱਪਣੀਆਂ ਤੋਂ ਬਾਅਦ ਕਾਕਰੋਚ ਅਚਾਨਕ ਸੁਰਖੀਆਂ ਵਿੱਚ ਆ ਗਿਆ।
ਇੱਕ ਸੁਣਵਾਈ ਦੌਰਾਨ, ਉਨ੍ਹਾਂ ਨੇ ਕਥਿਤ ਤੌਰ 'ਤੇ ਬੇਰੋਜ਼ਗਾਰ ਨੌਜਵਾਨਾਂ, ਜੋ ਪੱਤਰਕਾਰਤਾ ਅਤੇ ਐਕਟਿਵਿਜ਼ਮ ਵੱਲ ਵਧ ਰਹੇ ਹਨ, ਉਹਨਾਂ ਦੀ ਤੁਲਨਾ ਤਿਲਚੱਟਿਆਂ ਅਤੇ ਪਰਜੀਵੀਆਂ ਨਾਲ ਕੀਤੀ।
ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਸ਼ਾਰਾ ਵਿਸ਼ੇਸ਼ ਰੂਪ ਨਾਲ 'ਫਰਜ਼ੀ ਅਤੇ ਬੇਹੂਦਾ ਡਿਗਰੀ' ਵਾਲੇ ਲੋਕਾਂ ਵੱਲ ਸੀ, ਨਾ ਕਿ ਵਿਆਪਕ ਤੌਰ 'ਤੇ ਭਾਰਤ ਦੇ ਨੌਜਵਾਨਾਂ ਵੱਲ।
ਪਰ ਉਸ ਵੇਲੇ ਤੱਕ ਇਹ ਟਿੱਪਣੀ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਫੈਲ ਚੁੱਕੀ ਸੀ, ਜਿਸ ਨਾਲ ਗੁੱਸਾ, ਚੁਟਕਲੇ ਅਤੇ ਇੱਕ ਮਜ਼ੇਦਾਰ ਸਿਆਸੀ ਵਿਚਾਰ, ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਜਨਮ ਹੋ ਚੁੱਕਾ ਸੀ।
ਸੀਜੇਪੀ ਕੋਈ ਰਸਮੀ ਸਿਆਸੀ ਪਾਰਟੀ ਨਹੀਂ, ਸਗੋਂ ਸਿਆਸੀ ਵਿਅੰਗ 'ਤੇ ਆਧਾਰਿਤ ਇੱਕ ਆਨਲਾਈਨ ਅੰਦੋਲਨ ਹੈ।
ਇਸ ਦੀ ਮੈਂਬਰਸ਼ਿਪ ਦੀਆਂ ਸ਼ਰਤਾਂ ਵਿੱਚ ਬੇਰੋਜ਼ਗਾਰ ਹੋਣਾ, ਆਲਸੀ ਹੋਣਾ, ਹਮੇਸ਼ਾ ਆਨਲਾਈਨ ਰਹਿਣਾ ਅਤੇ 'ਪੇਸ਼ੇਵਰ ਤਰੀਕੇ ਨਾਲ ਭੜਾਸ ਕੱਢਣ ਦੀ ਸਮਰੱਥਾ' ਹੋਣਾ ਸ਼ਾਮਲ ਹੈ।
ਇਸਨੂੰ ਅਭਿਜੀਤ ਦੀਪਕੇ ਨੇ ਬਣਾਇਆ ਹੈ, ਜੋ ਇੱਕ ਸਿਆਸੀ ਸੰਚਾਰ ਰਣਨੀਤਿਕਾਰ ਅਤੇ ਬੋਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਹਨ।
ਅਭਿਜੀਤ ਦਾ ਕਹਿਣਾ ਹੈ ਕਿ ਇਹ ਵਿਚਾਰ ਇੱਕ ਮਜ਼ਾਕ ਦੇ ਤੌਰ 'ਤੇ ਆਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












