ਬੀਅਰ ਦਾ ਇੱਕ ਗਲਾਸ ਵੀ ਦੇ ਸਕਦਾ ਹੈ ਦਿਮਾਗ਼ ਲਈ ਲਾਭਦਾਇਕ ਵਿਟਾਮਿਨ– ਨਵੀਂ ਖੋਜ ਵਿੱਚ ਕੀ ਆਇਆ ਸਾਹਮਣੇ

ਤਸਵੀਰ ਸਰੋਤ, Getty Images
- ਲੇਖਕ, ਮਾਈਕਲ ਰੋਬਰਟ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 4 ਮਿੰਟ
ਇੱਕ ਨਵੀਂ ਛਪੀ ਰਿਸਰਚ ਦੇ ਮੁਤਾਬਕ ਇੱਕ ਪਾਇੰਟ ਬੀਅਰ ਪੀਣ ਨਾਲ ਦਿਮਾਗ਼ ਦੇ ਲਈ ਲਾਹੇਵੰਦ ਵਿਟਾਮਿਨ ਦੀ ਇੱਕ "ਅਹਿਮ ਮਾਤਰਾ" ਮਿਲ ਸਕਦੀ ਹੈ।
ਵਿਟਾਮਿਨ ਬੀ6 ਦਿਮਾਗ਼, ਖੂਨ ਅਤੇ ਇਮਿਊਨ ਸਿਸਟਮ ਲਈ ਚੰਗਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੇ ਖਾਣਿਆਂ ਵਿੱਚ ਮਿਲਦਾ ਹੈ।
ਇੱਕ ਬੀਅਰ "ਸਰਵਿੰਗ" ਭਾਵ ਇੱਕ ਸ਼ਖਸ ਲਈ ਤੈਅ ਮਾਤਰਾ ਵਿੱਚ ਬੀਅਰ ਪੀਣ ਨਾਲ ਦਿਨ ਦੀ ਬੀ6 ਦੀ ਪੂਰੀ ਲੋੜ ਦਾ 15 ਫ਼ੀਸਦੀ ਮਿਲ ਸਕਦਾ ਹੈ। ਹਾਲਾਂਕਿ ਐਲਕੋਹਲ ਫ੍ਰੀ 'ਲਾਗਰ' ਬੀਅਰ ਦਾ ਵੀ ਇਹੀ ਅਸਰ ਹੋ ਸਕਦਾ ਹੈ।
ਬੀਅਰ ਬਣਾਉਣ ਲਈ ਵਰਤੇ ਜਾਣ ਵਾਲੇ ਪਦਾਰਥਾਂ ਵਿੱਚ ਬਾਰਲੇ, ਕਣਕ ਅਤੇ ਬੀਅਰ ਲਈ ਵਰਤਿਆ ਜਾਣ ਵਾਲਾ ਖਮੀਰ ਸ਼ਾਮਲ ਹਨ। ਇਨ੍ਹਾਂ ਵਿੱਚ ਵਿਟਾਮਿਨ ਬੀ6 ਹੁੰਦਾ ਹੈ ਅਤੇ ਖੋਜ ਇਹ ਸੁਝਾਅ ਦਿੰਦੀ ਹੈ ਕਿ ਬੀਅਰ ਬਣਾਉਣ ਦੀ ਪ੍ਰਕਿਰਿਆ ਵਿੱਚ ਇਹ ਨਸ਼ਟ ਨਹੀਂ ਹੁੰਦਾ।
ਬੀ6 ਇੱਕ ਜ਼ਰੂਰੀ ਪੋਸ਼ਕ ਤੱਤ ਹੈ ਜੋ ਸਾਨੂੰ ਖਾਣਿਆਂ ਵਿੱਚ ਮਿਲਦਾ ਹੈ। ਇਸ ਦੇ ਚੰਗੇ ਸਰੋਤ ਮੀਟ ਅਤੇ ਮੱਛੀ ਹਨ ਪਰ ਇਹ ਓਟਸ ਆਲੂਆਂ ਸਣੇ ਹੋਰ ਖਾਣਿਆਂ ਵਿੱਚ ਵੀ ਮਿਲਦਾ ਹੈ। ਕਈ ਬ੍ਰੇਕਫਾਸਟ ਸੀਰੀਅਲਜ਼ ਵਿੱਚ ਵੀ ਬੀ6 ਹੁੰਦਾ ਹੈ।
ਅਜਿਹਾ ਬਹੁਤ ਘੱਟ ਹੀ ਹੁੰਦਾ ਹੈ ਕਿ ਕਿਸੇ ਨੂੰ ਬੀ6 ਦੀ ਘਾਟ ਹੋਵੇ। ਕਦੇ-ਕਦੇ ਬੀ12 ਜਿਹੇ ਹੋਰ ਵਿਟਾਮਿਨਜ਼ ਦੇ ਨਾਲ ਇਹ ਘੱਟ ਸਕਦਾ ਹੈ, ਜਿਸ ਨਾਲ ਥਕਾਵਟ ਅਤੇ ਜੀਅ ਘਬਰਾਉਣ ਵਰਗੀਆਂ ਚੀਜ਼ਾਂ ਮਹਿਸੂਸ ਹੋ ਸਕਦੀਆਂ ਹਨ।

ਤਸਵੀਰ ਸਰੋਤ, Getty Images
ਬੀਅਰ 'ਚ ਵਿਟਾਮਿਨ ਬੀ6
ਇਸ ਸਟੱਡੀ ਵਿੱਚ ਜਰਮਨੀ ਦੀਆਂ ਸਥਾਨਕ ਸੁਪਰ ਮਾਰਕਿਟਸ ਵਿੱਚ ਮਿਲੀਆਂ 65 ਵੱਖੋ-ਵੱਖਰੀਆਂ ਬੀਅਰਜ਼ ਨੂੰ ਟੈਸਟ ਕੀਤਾ ਗਿਆ ਅਤੇ ਇਸ ਵਿੱਚ ਸਾਹਮਣੇ ਆਇਆ-
- ਬੌਕ ਬੀਅਰ ਵਿੱਚ ਵੱਧ ਮਾਤਰਾ ਵਿੱਚ ਬੀ6 ਸੀ ਅਤੇ ਇਸ ਤੋਂ ਇਲਾਵਾ ਲਾਗਰ, ਡਾਰਕ ਲਾਗਰ ਅਤੇ ਵ੍ਹੀਟ ਬੀਅਰ ਵਿੱਚ ਵੀ ਇਸ ਦੀ ਮਾਤਰਾ ਸੀ।
- ਰਾਈਸ ਬੀਅਰ ਵਿੱਚ ਬੀ6 ਦੀ ਮਾਤਰਾ ਘੱਟ ਸੀ।
- ਐਲਕੋਹੋਲ ਮੁਕਤ ਬੀਅਰਜ਼ ਵਿੱਚੋਂ ਇਥਨੌਲ ਹਟਾ ਦਿੱਤੇ ਜਾਣ ਮਗਰੋਂ ਫਰਮੈਂਟੇਸ਼ਨ ਵਿੱਚ ਬੀ6 ਵਿਟਾਮਿਨ ਦੀ ਮਾਤਰਾ ਉਨ੍ਹਾਂ ਬੀਅਰਾਂ ਨਾਲੋਂ ਵੱਧ ਸੀ ਜਿਨ੍ਹਾਂ ਨੂੰ ਖ਼ਮੀਰ ਰਾਹੀਂ ਬਣਾਇਆ ਗਿਆ ਸੀ ਜੋ ਘੱਟ ਈਥਨੌਲ ਬਣਾਉਂਦੇ ਹਨ।
- ਇਸ ਸਟੱਡੀ ਵਿੱਚ ਔਸਤ ਲਾਗਰ ਨੇ ਸਿਫ਼ਾਰਿਸ਼ ਕੀਤੀ ਜਾਂਦੀ ਬੀ6 ਦੀ ਮਾਤਰਾ ਦਾ 20 ਫ਼ੀਸਦੀ ਦਿੱਤਾ।
- ਇੱਕ ਐਲਕੋਹੋਲ ਮੁਕਤ ਲਾਗਰ ਨੂੰ ਚੈੱਕ ਕਰਨ ਉੱਤੇ ਉਨ੍ਹਾਂ ਵਿੱਚ 59 ਫ਼ੀਸਦੀ ਹੈ।
ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਪੁਰਸ਼ਾਂ ਨੂੰ 1.4 ਐੱਮਜੀ ਅਤੇ ਔਰਤਾਂ ਨੂੰ 1.2 ਐੱਮਜੀ ਵਿਟਾਮਿਨ ਬੀ6 ਦੀ ਲੋੜ ਹੁੰਦੀ ਹੈ।
ਰਿਸਰਚ ਮੁਤਾਬਕ ਇੱਕ ਲੀਟਰ ਬੀਅਰ ਵਿੱਚ 0.3 ਐੱਮਜੀ ਤੋਂ 1 ਐੱਮਜੀ ਤੱਕ ਬੀ6 ਹੋ ਸਕਦਾ ਹੈ।
ਇਸ ਸਟੱਡੀ ਦੇ ਲੇਖਕ ਪ੍ਰੋਫੈਸਰ ਮਾਈਕਲ ਰਾਇਕਲਿਕ ਕਹਿੰਦੇ ਹਨ ਜੇ ਤੁਸੀਂ ਐਲਕੋਹਲ ਦੀ ਸਿਫ਼ਾਰਿਸ਼ ਕੀਤੀ ਜਾਂਦੀ ਮਾਤਰਾ ਦਾ ਸੇਵਨ ਕਰਦੇ ਹੋ ਤਾਂ ਵੀ ਇਹ ਇਸ ਲਈ ਬਹੁਤ ਨਹੀਂ ਹੈ ਕਿ ਪ੍ਰਸ਼ਾਸਨਿਕ ਸੰਸਥਾ ਤੁਹਾਨੂੰ ਬੋਤਲ ਉੱਤੇ ਇਸ ਵਿੱਚ ਵਿਟਾਮਿਨ ਹੋਣ ਬਾਰੇ ਪ੍ਰਸ਼ੰਸਾ ਕਰਨ ਦੀ ਇਜਾਜ਼ਤ ਦੇਵੇ।
ਉਹ ਕਹਿੰਦੇ ਹਨ, "ਇਹ ਖੋਜ ਦੇ ਨਤੀਜੇ ਉਨ੍ਹਾਂ ਲਈ ਹੀ ਸਹੀ ਹਨ ਜੋ ਆਪਣੇ ਵਿਟਾਮਿਨ ਦੀ ਖੁਰਾਕ ਨੂੰ ਬਿਹਤਰ ਕਰਨਾ ਚਾਹੁੰਦੇ ਹਨ।"

ਤਸਵੀਰ ਸਰੋਤ, Getty Images
ਰਵਾਇਤੀ ਜਰਮਨ ਬੌਕ ਬੀਅਰ ਵਿੱਚ ਬਾਕੀ ਬੀਅਰਾਂ ਨਾਲੋਂ ਵੱਧ ਬੀ6 ਸੀ ਕਿਉਂਕਿ ਇਸ ਵਿੱਚ ਐਲਕੋਹਲ ਦੀ ਮਾਤਰਾ ਵੱਧ ਹੁੰਦੀ ਹੈ ਇਸ ਵਿੱਚ ਸ਼ੁਰੂਆਤੀ ਮਾਤਰਾ 6.5 ਫ਼ੀਸਦੀ ਹੁੰਦੀ ਹੈ।
ਬ੍ਰਿਟਿਸ਼ ਨਿਊਟ੍ਰਿਸ਼ੀਅਨ ਫਾਉਂਡੇਸ਼ਨ ਤੋਂ ਬ੍ਰਿਜਟ ਬੇਨੇਲਮ ਕਹਿੰਦੇ ਹਨ ਹਨ ਕਿ ਯੂਕੇ ਵਿੱਚ ਬੀ-6 ਦੀ ਕਮੀ ਵਾਲੇ ਲੋਕਾਂ ਦੀ ਗਿਣਤੀ ਇਸ ਲਈ ਬਹੁਤ ਘੱਟ ਹੈ ਕਿਉਂਕਿ ਇਹ ਵਿਟਾਮਿਨ ਕਈ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਵਿੱਚ ਹੁੰਦਾ ਹੈ
ਉਹ ਕਹਿੰਦੇ ਹਨ, "ਅਸੀਂ ਕਿਸੇ ਨੂੰ ਇਹ ਸੁਝਾਅ ਨਹੀਂ ਦੇਵਾਂਗੇ ਕਿ ਬੀਅਰ ਜਾਂ ਕਿਸੇ ਹੋਰ ਐਲਕੋਹੋਲਿਕ ਡ੍ਰਿੰਕ ਨੂੰ ਪੋਸ਼ਕ ਤੱਤਾਂ ਦਾ ਮੁੱਖ ਸਰੋਤ ਮੰਨਿਆ ਜਾਵੇ, ਇਹ ਖ਼ੁਰਾਕ ਤੋਂ ਹੀ ਮਿਲਣਾ ਚਾਹੀਦਾ ਹੈ।"
"ਜੇਕਰ ਤੁਸੀਂ ਬਹੁਤ ਸੀਮਤ ਖ਼ੁਰਾਕ ਨਹੀਂ ਲੈ ਰਹੇ ਤਾਂ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਤੁਹਾਨੂੰ ਲੋੜੀਂਦਾ ਵਿਟਾਮਿਨ ਬੀ6 ਨਹੀਂ ਮਿਲੇਗਾ।"
ਬੇਨੇਲਮ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਹੋਰ ਸਰੀਰਕ ਦਿੱਕਤਾਂ ਹਨ, ਜਿਵੇਂ ਸ਼ਰਾਬ ਦੀ ਲਤ ਜਾਂ ਕਿਡਨੀ ਦੀ ਬੀਮਾਰੀ ਤਾਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।
ਉਹ ਇਹ ਸਿਫਾਰਿਸ਼ ਕਰਦੇ ਹਨ ਕਿ ਹੋਰ ਵੀ ਵਿਟਾਮਿਨ ਜਿਵੇਂ ਬੀ12 ਅਤੇ ਰਿਬੋਫਲੇਨਿ ਜਿਸ ਨੂੰ ਕਿ ਬੀ2 ਵੀ ਕਿਹਾ ਜਾਂਦਾ ਹੈ, ਇਹ ਡੇਅਰੀ ਜਾਂ ਜਾਨਵਰਾਂ ਤੋਂ ਮਿਲਣ ਵਾਲੇ ਭੋਜਨ ਵਿੱਚ ਮਿਲਦੇ ਹਨ।
ਉਹ ਕਹਿੰਦੇ ਹਨ, "ਇਹ ਵਿਟਾਮਿਨ ਪਾਚਨ ਕਿਰਿਆ ਅਤੇ ਊਰਜਾ ਦੇ ਨਿਕਾਸ ਵਿੱਚ ਭੂਮਿਕਾ ਨਿਭਾਉਂਦਾ ਹੈ।"
ਉਹ ਸਲਾਹ ਦਿੰਦੇ ਹਨ ਕਿ ਜਿਹੜੇ ਲੋਕ ਵੀਗਨ ਹਨ ਉਨ੍ਹਾਂ ਫੋਰਟੀਫਾਈਡ ਦੁੱਧ ਜਾਂ ਯੋਗਰਟ ਤੋਂ ਮਿਲਣ ਵਾਲੇ ਅਜਿਹੇ ਵਿਟਾਮਿਨਜ਼ ਦੀ ਪੂਰਤੀ ਲਈ ਹੋਰ ਬਦਲਾਂ ਦੀ ਚੋਣ ਕਰਨੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































