ਪਾਕਿਸਤਾਨ ਦੀ ਨਵੀਂ ਹੈਂਗੋਰ ਪਣਡੁੱਬੀ ਕਿੰਨੀ ਤਾਕਤਵਰ, ਭਾਰਤ ਨਾਲ ਜੁੜਿਆ ਇਸਦਾ ਇਤਿਹਾਸ ਕੀ ਹੈ ਤੇ ਮੁਲਕ ਨੂੰ ਇਸਦੀ ਲੋੜ ਕਿਉਂ ਪਈ

ਪਾਕਿਸਤਾਨ

ਤਸਵੀਰ ਸਰੋਤ, Pakistan Navy

ਤਸਵੀਰ ਕੈਪਸ਼ਨ, ਪਾਕਿਸਤਾਨ ਅਤੇ ਚੀਨ ਵਿਚਕਾਰ ਰੱਖਿਆ ਸਹਿਯੋਗ ਤਹਿਤ ਬਣਾਈ ਗਈ ਹੈਂਗੋਰ ਪਣਡੁੱਬੀ ਵਿੱਚ ਕਈ ਨਵੀਆਂ ਸਮਰੱਥਾਵਾਂ ਹਨ
    • ਲੇਖਕ, ਮੁੰਜ਼ਾ ਅਨਵਰ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਪਾਕਿਸਤਾਨ ਜਲ ਸੈਨਾ ਦੀ ਪਹਿਲੀ ਹੈਂਗੋਰ ਸ਼੍ਰੇਣੀ ਦੀ ਪਣਡੁੱਬੀ ਕਰਾਚੀ ਬੰਦਰਗਾਹ 'ਤੇ ਪਹੁੰਚ ਗਈ ਹੈ, ਪਰ ਇਹ ਸਿਰਫ਼ ਇੱਕ ਨਵੀਂ ਪਣਡੁੱਬੀ ਦਾ ਆਗਮਨ ਨਹੀਂ, ਸਗੋਂ ਇੱਕ ਅਜਿਹੇ ਨਾਮ ਦੀ ਵਾਪਸੀ ਵੀ ਹੈ ਜੋ ਪਾਕਿਸਤਾਨ ਦੇ ਜਲ ਸੈਨਿਕ ਇਤਿਹਾਸ ਦਾ ਹਿੱਸਾ ਹੈ।

'ਹੈਂਗੋਰ' ਇੱਕ ਕਿਸਮ ਦੀ ਸ਼ਾਰਕ ਹੈ ਜੋ ਚੁੱਪਚਾਪ ਆਪਣੇ ਸ਼ਿਕਾਰ ਦਾ ਪਿੱਛਾ ਕਰਦੀ ਹੈ, ਸਹੀ ਮੌਕੇ ਦੀ ਉਡੀਕ ਕਰਦੀ ਹੈ ਅਤੇ ਫਿਰ ਅਚਾਨਕ ਹਮਲਾ ਕਰਦੀ ਹੈ।

1971 ਵਿੱਚ ਪਾਕਿਸਤਾਨੀ ਜਲ ਸੈਨਾ ਦੀ ਪਣਡੁੱਬੀ 'ਹੈਂਗੋਰ' ਅਤੇ ਭਾਰਤੀ ਜੰਗੀ ਜਹਾਜ਼ 'ਆਈਐੱਨਐੱਸ ਖੁਖਰੀ' ਵਿਚਕਾਰ ਸਮੁੰਦਰ ਵਿੱਚ ਹੋਈ ਆਹਮਣੇ-ਸਾਹਮਣੇ ਦੀ ਟੱਕਰ ਇੱਕ ਮਸ਼ਹੂਰ ਕਹਾਣੀ ਹੈ।

ਹੁਣ, ਲਗਭਗ 55 ਸਾਲਾਂ ਬਾਅਦ, ਉਸੇ ਨਾਮ ਦੀ ਇੱਕ 'ਨਵੀਂ ਅਤੇ ਆਧੁਨਿਕ' ਪਣਡੁੱਬੀ ਪਾਕਿਸਤਾਨ ਦੇ ਪਣਡੁੱਬੀ ਬੇੜੇ ਵਿੱਚ ਸ਼ਾਮਲ ਹੋ ਗਈ ਹੈ।

ਪਾਕਿਸਤਾਨ ਜਲ ਸੈਨਾ ਦੇ ਅਨੁਸਾਰ, ਪਾਕਿਸਤਾਨ ਅਤੇ ਚੀਨ ਵਿਚਕਾਰ ਰੱਖਿਆ ਸਹਿਯੋਗ ਤਹਿਤ ਵਿਕਸਤ ਕੀਤੀ ਗਈ 'ਪੀਐਨਐਸਐਮ ਹੈਂਗੋਰ' ਉੱਨਤ ਜੰਗੀ ਪ੍ਰਣਾਲੀਆਂ, ਨਵੇਂ ਸੈਂਸਰਾਂ, ਏਅਰ-ਇੰਡੀਪੈਂਡੈਂਟ ਪ੍ਰੋਪਲਸ਼ਨ (ਏਆਈਪੀ) ਤਕਨਾਲੋਜੀ ਅਤੇ ਬਿਹਤਰ ਸਟੀਲਥ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਇਹ ਪਣਡੁੱਬੀ ਪਾਕਿਸਤਾਨ ਦੀਆਂ ਸਭ ਤੋਂ ਵੱਡੀਆਂ ਜਲ ਸੈਨਿਕ ਰੱਖਿਆ ਪ੍ਰੋਜੈਕਟਾਂ ਵਿੱਚੋਂ ਇੱਕ ਦਾ ਹਿੱਸਾ ਹੈ, ਜਿਸ ਦੇ ਤਹਿਤ ਆਉਣ ਵਾਲੇ ਸਾਲਾਂ ਵਿੱਚ ਪਾਕਿਸਤਾਨੀ ਜਲ ਸੈਨਾ ਦੇ ਬੇੜੇ ਵਿੱਚ ਕੁੱਲ ਅੱਠ ਪਣਡੁੱਬੀਆਂ ਸ਼ਾਮਲ ਕੀਤੀਆਂ ਜਾਣਗੀਆਂ।

ਪਰ ਸਵਾਲ ਇਹ ਹੈ ਕਿ ਹੈਂਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਵਿੱਚ ਅਜਿਹਾ ਕੀ ਖ਼ਾਸ ਹੈ ਅਤੇ ਪਾਕਿਸਤਾਨ ਨੂੰ ਇਨ੍ਹਾਂ ਦੀ ਲੋੜ ਕਿਉਂ ਪਈ?

ਪਾਕਿਸਤਾਨ ਜਲ ਸੈਨਾ ਵਿੱਚ ਪਣਡੁੱਬੀਆਂ ਦਾ ਸਫ਼ਰ

ਪਾਕਿਸਤਾਨੀ ਜਲ ਸੈਨਾ ਦੀ ਪਣਡੁੱਬੀ ਹੈਂਗੋਰ ਕਰਾਚੀ ਵਿੱਚ ਦਾਖਲ ਹੁੰਦੀ ਹੋਈ

ਤਸਵੀਰ ਸਰੋਤ, Pakistan Navy

ਤਸਵੀਰ ਕੈਪਸ਼ਨ, ਪਾਕਿਸਤਾਨੀ ਜਲ ਸੈਨਾ ਦੀ ਪਣਡੁੱਬੀ ਹੈਂਗੋਰ ਕਰਾਚੀ ਵਿੱਚ ਦਾਖਲ ਹੁੰਦੀ ਹੋਈ

ਮਾਹਰਾਂ ਦੇ ਅਨੁਸਾਰ, ਪਾਕਿਸਤਾਨੀ ਜਲ ਸੈਨਾ ਦੀ ਪਣਡੁੱਬੀ ਸੇਵਾ ਦੀ ਨੀਂਹ 1960 ਦੇ ਦਹਾਕੇ ਵਿੱਚ ਅਮਰੀਕਾ ਤੋਂ ਮਿਲੀਆਂ ਟੈਂਚ ਸ਼੍ਰੇਣੀ ਦੀਆਂ ਪਣਡੁੱਬੀਆਂ 'ਤੇ ਰੱਖੀ ਗਈ ਸੀ।

ਅਗਸਤਾ ਪ੍ਰੋਗਰਾਮ ਦੌਰਾਨ ਪਾਕਿਸਤਾਨ ਵਿੱਚ ਦੋ ਪਣਡੁੱਬੀਆਂ ਦਾ ਨਿਰਮਾਣ ਕੀਤਾ ਗਿਆ ਸੀ। ਪਾਕਿਸਤਾਨੀ ਜਲ ਸੈਨਾ ਦੇ ਅਨੁਸਾਰ, ਇਹ ਤਜਰਬਾ ਬਾਅਦ ਵਿੱਚ ਹੈਂਗੋਰ ਸ਼੍ਰੇਣੀ ਦੇ ਪ੍ਰੋਗਰਾਮ ਦਾ ਆਧਾਰ ਬਣਿਆ।

ਇਸ ਪ੍ਰੋਜੈਕਟ ਦੀ ਨੀਂਹ ਅਪ੍ਰੈਲ 2015 ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਸਲਾਮਾਬਾਦ ਯਾਤਰਾ ਦੌਰਾਨ ਰੱਖੀ ਗਈ ਸੀ।

ਅਪ੍ਰੈਲ 2015 ਵਿੱਚ ਸ਼ੀ ਨੇ ਅੱਠ ਹੈਂਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਦੇ ਨਿਰਮਾਣ ਲਈ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।

ਇਸ ਪ੍ਰੋਜੈਕਟ ਤਹਿਤ, ਚਾਰ ਪਣਡੁੱਬੀਆਂ ਦਾ ਨਿਰਮਾਣ ਚੀਨ ਵਿੱਚ ਕੀਤਾ ਜਾ ਰਿਹਾ ਹੈ, ਜਦਕਿ ਚਾਰ ਦਾ ਨਿਰਮਾਣ ਕਰਾਚੀ ਵਿੱਚ ਕੀਤਾ ਜਾ ਰਿਹਾ ਹੈ।

ਹੈਂਗੋਰ ਕਲਾਸ ਵਿੱਚ ਨਵਾਂ ਕੀ ਹੈ?

ਕਰਾਚੀ ਦੇ ਨੇਵੀ ਮਿਊਜ਼ੀਅਮ ਵਿੱਚ ਹੈਂਗੋਰ ਪਣਡੁੱਬੀ
ਤਸਵੀਰ ਕੈਪਸ਼ਨ, ਕਰਾਚੀ ਦੇ ਨੇਵੀ ਮਿਊਜ਼ੀਅਮ ਵਿੱਚ ਹੈਂਗੋਰ ਪਣਡੁੱਬੀ

ਹੈਂਗੋਰ ਦਾ ਡਿਜ਼ਾਈਨ ਚੀਨ ਦੀ ਆਧੁਨਿਕ 039ਬੀ ਯੁਆਨ ਸ਼੍ਰੇਣੀ ਦੀ ਪਣਡੁੱਬੀ 'ਤੇ ਆਧਾਰਿਤ ਹੈ।

ਇਹ ਪਣਡੁੱਬੀਆਂ ਉੱਨਤ ਰਾਡਾਰ, ਸੋਨਾਰ, ਇਲੈਕਟ੍ਰਾਨਿਕ ਸਪੋਰਟ ਸਿਸਟਮ ਅਤੇ ਔਪਟ੍ਰੋਨਿਕ ਸਕੋਪ ਨਾਲ ਲੈਸ ਹਨ, ਜੋ ਸਮੁੰਦਰ ਦੀ ਸਤ੍ਹਾ ਅਤੇ ਪਾਣੀ ਦੇ ਹੇਠਾਂ ਬਿਹਤਰ ਨਿਗਰਾਨੀ ਕਰ ਸਕਦੀਆਂ ਹਨ।

ਹਥਿਆਰਾਂ ਦੇ ਮਾਮਲੇ ਵਿੱਚ, ਹੈਂਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਭਾਰੀ ਵਜ਼ਨ ਵਾਲੇ ਟਾਰਪੀਡੋ ਅਤੇ ਜਹਾਜ਼-ਵਿਰੋਧੀ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਨ ਦੇ ਸਮਰੱਥ ਹਨ।

ਪਾਕਿਸਤਾਨ ਜਲ ਸੈਨਾ ਦੇ ਅਨੁਸਾਰ, "ਹੈਂਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਦੀ ਭੂਮਿਕਾ ਸਿਰਫ਼ ਹਥਿਆਰਾਂ ਦੀ ਵਰਤੋਂ ਤੱਕ ਸੀਮਤ ਨਹੀਂ ਹੈ, ਸਗੋਂ ਇੱਕ ਵਿਆਪਕ ਰਣਨੀਤਕ ਉਦੇਸ਼ ਦੀ ਪੂਰਤੀ ਵਿੱਚ ਵੀ ਸਹਾਇਕ ਹੈ।"

ਇਹ ਪਣਡੁੱਬੀਆਂ ਮੁੱਖ ਤੌਰ 'ਤੇ ਤਿੰਨ ਮਹੱਤਵਪੂਰਨ ਕੰਮ ਕਰਦੀਆਂ ਹਨ:

  • ਸਮੁੰਦਰੀ ਮਾਰਗਾਂ ਨੂੰ ਦੁਸ਼ਮਣ ਲਈ ਅਸੁਰੱਖਿਅਤ ਬਣਾਉਣਾ,
  • ਦੁਸ਼ਮਣ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਦਾ ਪਤਾ ਲਗਾਉਣਾ,
  • ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨਾ।

ਇਸੇ ਕਾਰਨ ਪਣਡੁੱਬੀ ਨੂੰ ਇੱਕ ਅਹਿਮ ਰਣਨੀਤਕ ਹਥਿਆਰ ਮੰਨਿਆ ਜਾਂਦਾ ਹੈ।

ਇਸ ਪਣਡੁੱਬੀ ਦੀ ਸਭ ਤੋਂ ਅਹਿਮ ਖ਼ਾਸੀਅਤ ਏਅਰ-ਇੰਡੀਪੈਂਡੈਂਟ ਪ੍ਰੋਪਲਸ਼ਨ (ਏਆਈਪੀ) ਸਿਸਟਮ ਹੈ।

ਰਵਾਇਤੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਨੂੰ ਆਪਣੀਆਂ ਬੈਟਰੀਆਂ ਰੀਚਾਰਜ ਕਰਨ ਲਈ ਸਮੇਂ-ਸਮੇਂ 'ਤੇ ਸਮੁੰਦਰ ਦੀ ਸਤ੍ਹਾ 'ਤੇ ਆਉਣਾ ਪੈਂਦਾ ਹੈ, ਪਰ ਏਆਈਪੀ ਪਣਡੁੱਬੀਆਂ ਲੰਬੇ ਸਮੇਂ ਤੱਕ ਪਾਣੀ ਦੇ ਹੇਠਾਂ ਰਹਿ ਸਕਦੀਆਂ ਹਨ।

ਇਸ ਖ਼ੂਬੀ ਕਾਰਨ ਇਹ ਪਣਡੁੱਬੀਆਂ ਲੰਬੇ ਸਮੇਂ ਤੱਕ ਚੁੱਪਚਾਪ ਆਪਣੇ ਮਿਸ਼ਨ ਨੂੰ ਅੰਜਾਮ ਦੇ ਸਕਦੀਆਂ ਹਨ।

ਪਰ ਇਸ ਦੀ ਅਸਲ ਤਾਕਤ ਸਿਰਫ਼ ਏਆਈਪੀ ਜਾਂ ਖ਼ਾਮੋਸ਼ੀ ਵਿੱਚ ਨਹੀਂ, ਸਗੋਂ ਦੋਵਾਂ ਦੇ ਮੇਲ ਵਿੱਚ ਹੈ। ਭਾਵ, ਹੈਂਗੋਰ ਸ਼੍ਰੇਣੀ ਦੀ ਪਣਡੁੱਬੀ ਦੁਸ਼ਮਣ ਦੀ ਨਜ਼ਰ ਤੋਂ ਦੂਰ ਰਹਿੰਦੇ ਹੋਏ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਤੈਨਾਤ ਰਹਿ ਸਕਦੀ ਹੈ। "ਲੁਕ ਕੇ ਰਹਿਣ ਅਤੇ ਲੰਬੇ ਸਮੇਂ ਤੱਕ ਟਿਕੇ ਰਹਿਣ" ਦੀ ਇਹ ਖ਼ੂਬੀ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ।

'ਸਭ ਤੋਂ ਵੱਡਾ ਫ਼ਰਕ ਏਅਰ-ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ ਹੈ'

ਹੈਂਗੋਰ-ਕਲਾਸ ਪਣਡੁੱਬੀ

ਤਸਵੀਰ ਸਰੋਤ, Pakistan Navy

ਤਸਵੀਰ ਕੈਪਸ਼ਨ, ਹੈਂਗੋਰ-ਕਲਾਸ ਪਣਡੁੱਬੀ ਨਜ਼ਰ ਤੋਂ ਬਚ ਕੇ ਲੰਬੇ ਸਮੇਂ ਤੱਕ ਪਾਣੀ ਹੇਠਾਂ ਰਹਿ ਸਕਦੀ ਹੈ

1971 ਦੀ ਜੰਗ ਦੌਰਾਨ ਪਾਕਿਸਤਾਨ ਜਲ ਸੈਨਾ ਦੇ ਰਿਟਾਇਰਡ ਵਾਈਸ ਐਡਮਿਰਲ ਅਹਿਮਦ ਤਸਨੀਮ ਦੇਸ਼ ਦੀ ਪਹਿਲੀ ਪਣਡੁੱਬੀ 'ਗ਼ਾਜ਼ੀ' 'ਤੇ ਤੈਨਾਤ ਸਨ।

ਬੀਬੀਸੀ ਉਰਦੂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਫ਼ਰਕ ਏਅਰ-ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ ਹੈ, ਜੋ ਪਣਡੁੱਬੀ ਨੂੰ ਲੰਬੇ ਸਮੇਂ ਤੱਕ ਲੁਕੇ ਰਹਿਣ ਦੀ ਇਜਾਜ਼ਤ ਦਿੰਦਾ ਹੈ ਅਤੇ ਇਹੀ ਇਸ ਦਾ ਅਸਲ ਫ਼ਾਇਦਾ ਹੈ।

ਅਹਿਮਦ ਤਸਨੀਮ ਦੇ ਅਨੁਸਾਰ, ਉਨ੍ਹਾਂ ਦੇ ਸਮੇਂ ਵਿੱਚ ਪਣਡੁੱਬੀਆਂ ਨੂੰ ਬੈਟਰੀ ਚਾਰਜ ਕਰਨ ਲਈ ਅਕਸਰ ਸਮੁੰਦਰ ਦੀ ਸਤ੍ਹਾ ਦੇ ਨੇੜੇ ਆਉਣਾ ਪੈਂਦਾ ਸੀ, ਜਦਕਿ ਨਵੀਂ ਹੈਂਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਨੂੰ ਅਜਿਹਾ ਬਹੁਤ ਘੱਟ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ, "ਪਹਿਲਾਂ ਅਸੀਂ ਟਾਰਪੀਡੋ ਅਤੇ ਬਾਅਦ ਵਿੱਚ ਹਾਰਪੂਨ ਮਿਜ਼ਾਈਲਾਂ ਦੀ ਵਰਤੋਂ ਕਰਦੇ ਸੀ। ਹੁਣ ਸਾਡੇ ਕੋਲ ਹੋਰ ਆਧੁਨਿਕ ਅਤੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਹਨ। ਇਨ੍ਹਾਂ ਦੇ ਵਾਰਹੈੱਡ ਵੱਖਰੇ ਹਨ। ਸੈਂਸਰ ਬਿਹਤਰ ਹਨ। ਰੌਲਾ ਘੱਟ ਹੁੰਦਾ ਹੈ ਅਤੇ ਕੁੱਲ ਮਿਲਾ ਕੇ ਇਹ ਇੱਕ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਪਣਡੁੱਬੀ ਹੈ।"

ਪਾਕਿਸਤਾਨੀ ਜਲ ਸੈਨਾ ਦੇ ਰਿਟਾਇਰਡ ਕਮੋਡੋਰ ਸਈਅਦ ਮੁਹੰਮਦ ਉਬੈਦੁੱਲਾਹ ਏਆਈਪੀ ਪ੍ਰਣਾਲੀ ਬਾਰੇ ਕਹਿੰਦੇ ਹਨ, "ਇਹ ਸਾਡੀਆਂ ਮੌਜੂਦਾ ਅਤੇ ਨਵੀਆਂ ਪਣਡੁੱਬੀਆਂ ਦੀ ਸੰਚਾਲਨ ਸਮਰੱਥਾ ਨੂੰ ਕਾਫ਼ੀ ਵਧਾਏਗੀ।"

ਉਨ੍ਹਾਂ ਦੇ ਅਨੁਸਾਰ, ਪਾਕਿਸਤਾਨੀ ਜਲ ਸੈਨਾ ਦੀਆਂ ਕੁਝ ਪਣਡੁੱਬੀਆਂ ਵਿੱਚ ਪਹਿਲਾਂ ਤੋਂ ਹੀ ਏਆਈਪੀ ਪ੍ਰਣਾਲੀ ਮੌਜੂਦ ਹੈ।

ਅੱਠ ਨਵੀਆਂ ਪਣਡੁੱਬੀਆਂ ਦੀ ਲੋੜ ਕਿਉਂ ਪਈ?

ਪਣਡੁੱਬੀਆਂ

ਤਸਵੀਰ ਸਰੋਤ, Pakistan Navy

ਤਸਵੀਰ ਕੈਪਸ਼ਨ, ਪੁਰਾਣੀਆਂ ਪਣਡੁੱਬੀਆਂ ਨੂੰ ਆਪਣੀਆਂ ਬੈਟਰੀਆਂ ਚਾਰਜ ਕਰਨ ਲਈ ਅਕਸਰ ਸਤ੍ਹਾ ਦੇ ਨੇੜੇ ਆਉਣਾ ਪੈਂਦਾ ਸੀ, ਜਦੋਂ ਕਿ ਨਵੀਆਂ ਹੈਂਗੋਰ-ਕਲਾਸ ਪਣਡੁੱਬੀਆਂ ਨੂੰ ਅਜਿਹਾ ਬਹੁਤ ਘੱਟ ਵਾਰ ਕਰਨ ਦੀ ਲੋੜ ਹੁੰਦੀ ਹੈ

ਇਸ ਸਵਾਲ ਦੇ ਜਵਾਬ ਵਿੱਚ ਅਹਿਮਦ ਤਸਨੀਮ ਕਹਿੰਦੇ ਹਨ, "ਮੂਲ ਰੂਪ ਵਿੱਚ, ਇਹ ਨਵੀਆਂ ਪਣਡੁੱਬੀਆਂ ਪੁਰਾਣੀਆਂ ਪਣਡੁੱਬੀਆਂ ਦੀ ਥਾਂ ਲੈਣਗੀਆਂ।"

ਉਨ੍ਹਾਂ ਦੇ ਅਨੁਸਾਰ, ਪੁਰਾਣੀਆਂ ਪਣਡੁੱਬੀਆਂ ਲਗਭਗ 35 ਸਾਲ ਪੁਰਾਣੀਆਂ ਹਨ ਅਤੇ 1960 ਅਤੇ 1970 ਦੇ ਦਹਾਕਿਆਂ ਦੀਆਂ ਪਣਡੁੱਬੀਆਂ ਆਪਣਾ ਸੰਚਾਲਨ ਜੀਵਨ ਪੂਰਾ ਕਰ ਚੁੱਕੀਆਂ ਸਨ, ਇਸ ਲਈ ਉਨ੍ਹਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਹੈ।

ਉਹ ਕਹਿੰਦੇ ਹਨ, "ਇਹ ਸਿਰਫ਼ ਇੱਕ ਬਦਲੀ (ਰਿਪਲੇਸਮੈਂਟ) ਹੈ, ਕਿਸੇ ਨਾਲ ਕੋਈ ਦੌੜ ਜਾਂ ਹੋੜ ਨਹੀਂ ਹੈ।"

ਇਸ ਬਾਰੇ ਸਈਅਦ ਮੁਹੰਮਦ ਉਬੈਦੁੱਲ੍ਹਾ ਕਹਿੰਦੇ ਹਨ, "ਦੁਨੀਆ ਭਰ ਦੀਆਂ ਜਲ ਸੈਨਾਵਾਂ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲਗਾਤਾਰ ਆਪਣੇ ਆਪ ਨੂੰ ਅਪਡੇਟ ਕਰ ਰਹੀਆਂ ਹਨ।"

ਉਨ੍ਹਾਂ ਕਿਹਾ, "ਅਸੀਂ ਮੁੱਖ ਤੌਰ 'ਤੇ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦਾ ਸੰਚਾਲਨ ਕਰਦੇ ਰਹੇ ਹਾਂ, ਪਹਿਲਾਂ ਡੈਫਨੀ ਸ਼੍ਰੇਣੀ ਦੀਆਂ ਅਤੇ ਫਿਰ ਅਗਸਤਾ ਸ਼੍ਰੇਣੀ ਦੀਆਂ। ਹੁਣ ਸਾਨੂੰ ਭਵਿੱਖ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੋਜੀ ਦੀ ਲੋੜ ਸੀ। ਇਸੇ ਲਈ ਇਹ ਕਦਮ ਚੁੱਕਿਆ ਗਿਆ। ਹਰ ਜਲ ਸੈਨਾ ਬਿਹਤਰ ਅਤੇ ਵਧੇਰੇ ਆਧੁਨਿਕ ਸਾਜ਼ੋ-ਸਾਮਾਨ ਚਾਹੁੰਦੀ ਹੈ।"

ਰਿਟਾਇਰਡ ਵਾਈਸ ਐਡਮਿਰਲ ਅਹਿਮਦ ਤਸਨੀਮ ਕਹਿੰਦੇ ਹਨ, "ਭਾਰਤੀ ਪਣਡੁੱਬੀਆਂ ਵੀ ਸਾਡੇ ਲਈ ਇੱਕ ਚੁਣੌਤੀ ਹਨ। ਉਨ੍ਹਾਂ ਕੋਲ ਪਰਮਾਣੂ ਪਣਡੁੱਬੀਆਂ ਵੀ ਹਨ, ਜੋ ਤੇਜ਼ ਤਾਂ ਹਨ ਪਰ ਆਵਾਜ਼ ਬਹੁਤ ਕਰਦੀਆਂ ਹਨ। ਉਨ੍ਹਾਂ ਕੋਲ ਚੰਗੇ ਹਥਿਆਰ ਹਨ, ਪਰ ਉਨ੍ਹਾਂ ਵਿੱਚ ਵੀ ਕੁਝ ਕਮੀਆਂ ਹਨ।"

ਉਨ੍ਹਾਂ ਕਿਹਾ, "ਪਾਕਿਸਤਾਨ ਵਿੱਚ ਵੀ ਸਮੱਸਿਆਵਾਂ ਹਨ, ਪਰ ਸਾਡੀ ਪ੍ਰੇਰਨਾ ਅਤੇ ਤਜਰਬਾ ਬਹੁਤ ਮਜ਼ਬੂਤ ਹੈ।"

ਸਈਅਦ ਮੁਹੰਮਦ ਉਬੈਦੁੱਲ੍ਹਾ ਦਾ ਦਾਅਵਾ ਹੈ ਕਿ ਭਾਰਤ ਕੋਲ 20 ਪਣਡੁੱਬੀਆਂ ਹਨ, ਪਰ ਉਨ੍ਹਾਂ ਵਿੱਚ ਏਆਈਪੀ ਸਿਸਟਮ ਨਹੀਂ ਹੈ।

ਇਹ ਪਣਡੁੱਬੀਆਂ ਕਿੰਨੀ ਮਹੱਤਵਪੂਰਨ ਹਨ?

ਹਿੰਦ ਮਹਾਸਾਗਰ ਵਿੱਚ ਚੀਨ, ਭਾਰਤ ਅਤੇ ਹੋਰ ਖੇਤਰੀ ਤਾਕਤਾਂ ਵਿਚਕਾਰ ਵਧ ਰਹੀਆਂ ਜਲ ਸੈਨਿਕ ਗਤੀਵਿਧੀਆਂ ਕਾਰਨ ਪਣਡੁੱਬੀਆਂ ਦੀ ਮਹੱਤਤਾ ਵਧ ਰਹੀ ਹੈ।

ਪਾਕਿਸਤਾਨ ਜਲ ਸੈਨਾ ਦੇ ਸਾਬਕਾ ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪਾਕਿਸਤਾਨ ਦੀ ਜਲ ਸੈਨਿਕ ਰਣਨੀਤੀ ਮੁੱਖ ਤੌਰ 'ਤੇ ਰੱਖਿਆਤਮਕ ਹੈ ਅਤੇ ਇਸ ਦਾ ਉਦੇਸ਼ ਕਿਸੇ ਵੀ ਖੇਤਰ 'ਤੇ ਕਬਜ਼ਾ ਕਰਨਾ ਨਹੀਂ, ਸਗੋਂ ਦੁਸ਼ਮਣ ਨੂੰ ਹਮਲਾ ਕਰਨ ਤੋਂ ਰੋਕਣਾ ਹੈ।

ਰਿਟਾਇਰਡ ਕਮੋਡੋਰ ਸਈਅਦ ਮੁਹੰਮਦ ਉਬੈਦੁੱਲ੍ਹਾ ਇਸ ਨੂੰ "ਏਰੀਆ ਡਿਨਾਇਲ" (ਕਿਸੇ ਖੇਤਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੀ) ਰਣਨੀਤੀ ਕਹਿੰਦੇ ਹਨ। ਇਸ ਦਾ ਅਰਥ ਹੈ ਕਿ ਅਸੀਂ ਦੁਸ਼ਮਣ ਨੂੰ ਉਸ ਥਾਂ ਤੱਕ ਪਹੁੰਚਣ ਤੋਂ ਰੋਕਣਾ ਚਾਹੁੰਦੇ ਹਾਂ, ਜਿੱਥੋਂ ਉਹ ਖ਼ਤਰਾ ਪੈਦਾ ਕਰ ਸਕੇ।

"ਜੇ ਦੁਸ਼ਮਣ ਨੇੜੇ ਨਹੀਂ ਆ ਸਕਦਾ, ਤਾਂ ਉਹ ਖ਼ਤਰਾ ਨਹੀਂ ਬਣ ਸਕਦਾ ਅਤੇ ਇਹੀ ਸਾਡੀ ਰਣਨੀਤੀ ਹੈ।"

ਹਾਲਾਂਕਿ, ਰੱਖਿਆ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਅੱਠ ਨਵੀਆਂ ਏਆਈਪੀ ਪਣਡੁੱਬੀਆਂ ਦੇ ਸ਼ਾਮਲ ਹੋਣ ਨਾਲ ਪਾਕਿਸਤਾਨ ਦੀਆਂ ਪਾਣੀ ਹੇਠਾਂ ਜੰਗੀ ਸਮਰੱਥਾਵਾਂ, ਗੁਪਤ ਅਭਿਆਨਾਂ ਅਤੇ ਸਮੁੰਦਰੀ ਸੰਚਾਰ ਮਾਰਗਾਂ ਦੀ ਸੁਰੱਖਿਆ ਵਿੱਚ ਕਾਫੀ ਵਾਧਾ ਹੋਵੇਗਾ।

ਪਾਕਿਸਤਾਨ-ਚੀਨ ਰੱਖਿਆ ਸਹਿਯੋਗ

ਕਰਾਚੀ ਵਿੱਚ ਚਾਰ ਪਣਡੁੱਬੀਆਂ ਬਣਾਈਆਂ ਜਾ ਰਹੀਆਂ ਹਨ

ਤਸਵੀਰ ਸਰੋਤ, Pakistan Navy

ਤਸਵੀਰ ਕੈਪਸ਼ਨ, ਕਰਾਚੀ ਵਿੱਚ ਚਾਰ ਪਣਡੁੱਬੀਆਂ ਬਣਾਈਆਂ ਜਾ ਰਹੀਆਂ ਹਨ

ਸਾਬਕਾ ਫੌਜੀ ਅਤੇ ਰਿਟਾਇਰਡ ਵਾਈਸ ਐਡਮਿਰਲ ਅਹਿਮਦ ਤਸਨੀਮ ਕਹਿੰਦੇ ਹਨ, "ਸਾਨੂੰ ਅਜਿਹੇ ਦੇਸ਼ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਜੋ ਮੁਸ਼ਕਲ ਸਮੇਂ ਵਿੱਚ ਸਾਡਾ ਸਾਥ ਨਾ ਛੱਡੇ। ਚੀਨ ਸਾਡਾ ਭਰੋਸੇਯੋਗ ਦੋਸਤ ਹੈ। ਅਸੀਂ ਅਤੀਤ ਵਿੱਚ ਪਾਬੰਦੀਆਂ ਦਾ ਸਾਹਮਣਾ ਕੀਤਾ ਹੈ, ਇਸ ਲਈ ਪੁਰਜ਼ਿਆਂ ਅਤੇ ਰਸਦ ਲਈ ਚੀਨ 'ਤੇ ਨਿਰਭਰ ਰਹਿਣਾ ਮਹੱਤਵਪੂਰਨ ਹੈ।"

ਉਹ ਦੱਸਦੇ ਹਨ ਕਿ 'ਗ਼ਾਜ਼ੀ' ਪਣਡੁੱਬੀ 1964 ਵਿੱਚ ਆਈ ਸੀ ਅਤੇ 1965 ਦੀ ਜੰਗ ਦੌਰਾਨ ਉਸ 'ਤੇ ਪਾਬੰਦੀਆਂ ਅਤੇ ਹਥਿਆਰ ਪਾਬੰਦੀ ਲਾਗੂ ਸੀ।

"ਫਿਰ ਅਜਿਹੀ ਪਣਡੁੱਬੀ ਦਾ ਕੀ ਫ਼ਾਇਦਾ, ਜਿਸ ਦੇ ਪੁਰਜ਼ਿਆਂ 'ਤੇ ਹੀ ਪਾਬੰਦੀ ਹੋਵੇ? ਇਸ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਇੱਕ ਭਰੋਸੇਯੋਗ ਸਹਿਯੋਗੀ ਕਿੰਨਾ ਜ਼ਰੂਰੀ ਹੁੰਦਾ ਹੈ।"

ਰਿਟਾਇਰਡ ਵਾਈਸ ਐਡਮਿਰਲ ਅਹਿਮਦ ਤਸਨੀਮ ਦੇ ਅਨੁਸਾਰ, 'ਗ਼ਾਜ਼ੀ' ਜਹਾਜ਼ ਨੂੰ ਮੁਰੰਮਤ ਲਈ ਕੇਪ ਆਫ਼ ਗੁੱਡ ਹੋਪ ਰਾਹੀਂ ਤੁਰਕੀ ਲੈ ਕੇ ਜਾਣਾ ਪਿਆ ਸੀ ਕਿਉਂਕਿ ਜੰਗ ਤੋਂ ਬਾਅਦ ਉਸ ਵਿੱਚ ਕੁਝ ਮੁਰੰਮਤ ਦੀ ਲੋੜ ਸੀ ਅਤੇ ਸਾਨੂੰ ਲੰਮਾ ਰਸਤਾ ਤੈਅ ਕਰਨਾ ਪਿਆ।

"ਸੁਏਜ਼ ਨਹਿਰ ਬੰਦ ਸੀ, ਇਸ ਲਈ ਸਾਨੂੰ ਕੇਪ ਆਫ਼ ਗੁੱਡ ਹੋਪ ਰਾਹੀਂ ਘੁੰਮ ਕੇ ਤੁਰਕੀ ਜਾਣਾ ਪਿਆ।"

ਪਾਕਿਸਤਾਨ ਜਲ ਸੈਨਾ ਦੇ ਅਨੁਸਾਰ, ਹੈਂਗੋਰ ਪ੍ਰੋਜੈਕਟ ਸਿਰਫ਼ ਪਣਡੁੱਬੀਆਂ ਦੀ ਖ਼ਰੀਦ ਤੱਕ ਸੀਮਤ ਨਹੀਂ ਹੈ।

ਕਰਾਚੀ ਵਿੱਚ ਚਾਰ ਪਣਡੁੱਬੀਆਂ ਦਾ ਨਿਰਮਾਣ ਪਾਕਿਸਤਾਨ ਲਈ ਤਕਨਾਲੋਜੀ ਟ੍ਰਾਂਸਫਰ ਨੂੰ ਸੁਰੱਖਿਅਤ ਕਰਨ, ਇੰਜੀਨੀਅਰਿੰਗ ਮੁਹਾਰਤ ਵਿਕਸਤ ਕਰਨ ਅਤੇ ਸਥਾਨਕ ਪਣਡੁੱਬੀਆਂ ਨਿਰਮਾਣ ਸਮਰੱਥਾਵਾਂ ਨੂੰ ਬਣਾਉਣ ਦਾ ਇੱਕ ਸਾਧਨ ਵੀ ਬਣ ਰਿਹਾ ਹੈ।

ਪਾਕਿਸਤਾਨ ਜਲ ਸੈਨਾ ਦੇ ਅਨੁਸਾਰ, ਇਸ ਪ੍ਰੋਗਰਾਮ ਤਹਿਤ ਡਿਜ਼ਾਈਨ, ਨਿਰਮਾਣ, ਹਥਿਆਰ ਏਕੀਕਰਨ, ਗੁਣਵੱਤਾ ਭਰੋਸਾ ਅਤੇ ਇੰਜੀਨੀਅਰਾਂ ਦੀ ਸਿਖਲਾਈ ਵਰਗੇ ਖੇਤਰਾਂ ਵਿੱਚ ਮਾਹਰਤਾ ਦਾ ਟ੍ਰਾਂਸਫਰ ਕੀਤਾ ਜਾ ਰਿਹਾ ਹੈ।

ਇਸ ਲਈ ਹੈਂਗੋਰ ਸ਼੍ਰੇਣੀ ਦੀ ਪਣਡੁੱਬੀ ਨੂੰ ਨਾ ਸਿਰਫ਼ ਇੱਕ ਨਵੀਂ ਪਣਡੁੱਬੀ, ਸਗੋਂ ਪਾਕਿਸਤਾਨ ਦੇ ਸਮੁੰਦਰੀ ਉਦਯੋਗ ਲਈ ਇੱਕ ਲੰਬੇ ਸਮੇਂ ਦੇ ਨਿਵੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।

50 ਸਾਲ ਪਹਿਲਾਂ, ਹੈਂਗੋਰ ਪਣਡੁੱਬੀ ਪਾਕਿਸਤਾਨ ਲਈ ਇੱਕ ਫੌਜੀ ਉਪਲਬਧੀ ਦਾ ਪ੍ਰਤੀਕ ਸੀ। ਅੱਜ, ਉਸੇ ਨਾਮ ਦੀ ਇੱਕ ਨਵੀਂ ਪਣਡੁੱਬੀ ਪਾਕਿਸਤਾਨੀ ਜਲ ਸੈਨਾ ਵਿੱਚ ਸ਼ਾਮਲ ਹੋ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)