ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਇਤਿਹਾਸ ਰਚਣ ਬਾਰੇ ਦਿਲਜੀਤ ਦੋਸਾਂਝ ਨੇ ਬੀਬੀਸੀ ਨੂੰ ਕੀ ਦੱਸਿਆ

ਵੀਡੀਓ ਕੈਪਸ਼ਨ, ਦਿਲਜੀਤ ਦੋਸਾਂਝ ਨੇ ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਕਿਹੜਾ ਇਤਿਹਾਸ ਰਚਿਆ
ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਇਤਿਹਾਸ ਰਚਣ ਬਾਰੇ ਦਿਲਜੀਤ ਦੋਸਾਂਝ ਨੇ ਬੀਬੀਸੀ ਨੂੰ ਕੀ ਦੱਸਿਆ
ਪ੍ਰਕਾਸ਼ਿਤ

ਦਿਲਜੀਤ ਦੋਸਾਂਝ ਵੈਂਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।

ਉਨ੍ਹਾਂ ਦੇ ਲਈ ਇਹ ਉਪਲਬਧੀ ਕੀ ਮਾਅਨੇ ਰੱਖਦੀ ਹੈ ਅਤੇ ਕੀ ਕਦੇ ਉਨ੍ਹਾਂ ਨੇ ਇਸ ਬਾਰੇ ਸੋਚਿਆ ਸੀ? ਇਸ ਬਾਰੇ ਦਿਲਜੀਤ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ।

ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ, ਦੋਸਾਂਝ ਨੇ ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਫੈਨ ਬਣਾਏ ਹਨ, ਚਾਰਟਸ (ਮਿਊਜ਼ਿਕ ਚਾਰਟਸ) ਵਿੱਚ ਸਿਖਰ 'ਤੇ ਰਹੇ ਹਨ ਅਤੇ ਐੱਡ ਸ਼ੀਰਨ ਵਰਗੇ ਕਲਾਕਾਰਾਂ ਨਾਲ ਗਾਣੇ ਗਾਏ ਹਨ।

ਪੂਰੇ ਸ਼ੋਅ ਦੌਰਾਨ, ਦਰਸ਼ਕਾਂ ਨੇ ਲਾਈਟਾਂ ਲਹਿਰਾਈਆਂ, ਗਾਣੇ ਗਾਏ ਅਤੇ ਜ਼ਾਹਿਰ ਹੈ ਡਾਂਸ ਵੀ ਕੀਤਾ। ਕਈ ਵਾਰ ਤਾਂ ਇੰਝ ਲੱਗਿਆ ਜਿਵੇਂ ਸਟੇਜ ਦੇ ਸਭ ਤੋਂ ਨੇੜੇ ਵਾਲੀ ਥਾਂ ਕਿਸੇ ਭਾਰਤੀ ਵਿਆਹ ਦਾ ਦ੍ਰਿਸ਼ ਹੋਵੇ, ਜਿੱਥੇ ਫੈਨਜ਼ ਦੋਸਾਂਝ ਦੇ ਸ਼ਾਨਦਾਰ ਮੂਵਜ਼ ਦੀ ਨਕਲ ਕਰ ਰਹੇ ਸਨ।

ਪਰ ਇੰਨੀ ਵੱਡੀ ਜਗ੍ਹਾ 'ਤੇ ਪਰਫਾਰਮ ਕਰਨ ਦੇ ਬਾਵਜੂਦ, ਦੋਸਾਂਝ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਫੈਨਜ਼ ਨਾਲ ਵਿਅਕਤੀਗਤ ਤੌਰ 'ਤੇ ਜੁੜਨ ਵਿੱਚ ਮਾਹਿਰ ਹਨ।

ਉਨ੍ਹਾਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਇੱਕ ਬਜ਼ੁਰਗ ਮਹਿਲਾ ਤੱਕ, ਕਈ ਫੈਨਜ਼ ਨੂੰ ਸਟੇਜ 'ਤੇ ਬੁਲਾਇਆ, ਉਨ੍ਹਾਂ ਨਾਲ ਸੈਲਫ਼ੀਆਂ ਲਈਆਂ ਅਤੇ ਉਨ੍ਹਾਂ ਨੂੰ ਤੋਹਫ਼ੇ ਵੀ ਦਿੱਤੇ।

ਉਨ੍ਹਾਂ ਨੇ 90,000 ਲੋਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਪਿਛਲੀਆਂ ਕਤਾਰਾਂ ਵਿੱਚ ਬੈਠੇ ਲੋਕਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪਿੱਛੇ ਬੈਠੇ ਲੋਕ ਵੀ ਉਨ੍ਹਾਂ ਨਾਲ "ਦਿਲ ਨਾਲ ਜੁੜੇ ਹੋਏ" ਹਨ ਅਤੇ ਉਨ੍ਹਾਂ ਲਈ ਤਾੜੀਆਂ ਵਜਵਾਈਆਂ।

ਭਾਰਤ ਵਿੱਚ ਮੌਜੂਦ ਫੈਨਜ਼ ਲਈ ਵੀ ਇੱਕ ਰੋਮਾਂਚਕ ਖ਼ਬਰ ਸੀ, ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ।

ਕਾਨਸਰਟ ਸਮਾਪਤੀ ਰਾਤ ਦੇ ਸਭ ਤੋਂ ਭਾਵੁਕ ਪਲ ਨਾਲ ਹੋਈ, ਜਦੋਂ ਉਨ੍ਹਾਂ ਨੇ ਆਪਣਾ ਗਾਣਾ 'ਮੈਂ ਹੂੰ ਪੰਜਾਬ' ਗਾਇਆ - ਅਤੇ ਨਾਲ ਹੀ ਸ਼ਾਨਦਾਰ ਆਤਿਸ਼ਬਾਜ਼ੀ ਵੀ ਹੋਈ।

ਵੀਡੀਓ- ਨੂਰ ਨਾਂਜੀ, ਅੰਮ੍ਰਿਤ ਚੀਮਾ, ਅਲੀ ਕਾਜ਼ਮੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)