ਕੀ ਕਿਸੇ ਆਪਣੇ ਦੇ ਵਿਛੋੜੇ ਦਾ ਗ਼ਮ ਮੌਤ ਦਾ ਕਾਰਨ ਬਣ ਸਕਦਾ ਹੈ? ਮਾਹਰਾਂ ਦਾ ਇਸ ਬਾਰੇ ਕੀ ਕਹਿਣਾ ਹੈ?

ਮਾਰਜਾਨ ਸਤਰਾਪੀ ਅਤੇ ਉਨ੍ਹਾਂ ਦੇ ਪਤੀ ਮਤਾਇਸ ਰੀਪਾ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਜਾਨ ਸਤਰਾਪੀ ਦਾ ਦੇਹਾਂਤ ਉਨ੍ਹਾਂ ਦੇ ਪਤੀ ਮਤਾਇਸ ਰੀਪਾ ਦੇ ਦੇਹਾਂਤ ਤੋਂ ਕਰੀਬ ਇੱਕ ਸਾਲ ਬਾਅਦ ਹੋਇਆ।
    • ਲੇਖਕ, ਸਟੀਫਨ ਈਵਾਨਸ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਕੀ ਗ਼ਮ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ?

56 ਸਾਲਾ ਮਾਰਜਾਨ ਸਤਰਾਪੀ ਦੀ ਮੌਤ ਤੋਂ ਬਾਅਦ ਇਹ ਸਵਾਲ ਕਈ ਲੋਕ ਪੁੱਛ ਰਹੇ ਹਨ। ਮਾਰਜਾਨ ਸਤਰਾਪੀ ਇੱਕ ਫਰਾਂਸੀਸੀ-ਇਰਾਨੀ ਲੇਖਿਕਾ, ਨਿਰਦੇਸ਼ਕ, ਚਿੱਤਰਕਾਰ ਅਤੇ ਸਮਾਜਿਕ ਕਾਰਕੁੰਨ ਸਨ, ਜੋ ਆਪਣੇ ਗ੍ਰਾਫਿਕ ਨਾਵਲ ਲੜੀ 'ਪਰਸੇਪੋਲਿਸ' ਲਈ ਜਾਣੇ ਜਾਂਦੇ ਸਨ।

ਸਾਲ 2000 ਵਿੱਚ ਪ੍ਰਕਾਸ਼ਿਤ ਹੋਈ ਇਸ ਸੀਰੀਜ਼ ਨੇ ਦੁਨੀਆ ਭਰ ਦੇ ਪਾਠਕਾਂ ਦਾ ਧਿਆਨ ਖਿੱਚਿਆ ਸੀ। ਇਹ ਕਹਾਣੀ ਇਰਾਨੀ ਕ੍ਰਾਂਤੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੌਰਾਨ ਮਾਰਜਾਨ ਦੇ ਹੀ ਤਜ਼ਰਬਿਆਂ 'ਤੇ ਆਧਾਰਿਤ ਹੈ।

8 ਸਾਲਾਂ ਬਾਅਦ ਇਸ ਨਾਵਲ 'ਤੇ ਆਧਾਰਿਤ ਇੱਕ ਫਿਲਮ ਬਣਾਈ ਗਈ ਜਿਸ ਦੇ ਸਹਿ-ਨਿਰਦੇਸ਼ਕ ਸਤਰਾਪੀ ਖੁਦ ਸਨ ਅਤੇ ਇਸ ਫਿਲਮ ਨੂੰ ਆਸਕਰ ਦੀ ਬੈਸਟ ਐਨੀਮੇਟਿਡ ਫਿਲਮ ਕੈਟੇਗਰੀ ਵਿੱਚ ਨੋਮੀਨੇਸ਼ਨ ਮਿਲੀ ਸੀ।

ਹਾਲਾਂਕਿ ਸਤਰਾਪੀ ਦੀ ਮੌਤ ਦੇ ਅਧਿਕਾਰਿਤ ਮੈਡੀਕਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਇਸ ਦਾ ਕਾਰਨ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਪਹੁੰਚੇ "ਡੂੰਘੇ ਸਦਮੇ" ਨੂੰ ਦੱਸਿਆ ਹੈ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਿਊਜ਼ ਏਜੰਸੀ ਏਐਫਪੀ ਨੂੰ ਭੇਜੇ ਆਪਣੇ ਬਿਆਨ ਵਿੱਚ ਕਿਹਾ, "ਮਾਰਜਾਨ ਸਤਰਾਪੀ ਦੀ ਮੌਤ ਉਨ੍ਹਾਂ ਦੇ ਪਤੀ ਅਤੇ ਜੀਵਨ ਸਾਥੀ ਮਤਾਇਸ ਰੀਪਾ ਦੀ ਮੌਤ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਡੂੰਘੇ ਸਦਮੇ ਕਾਰਨ ਹੋਈ ਹੈ।"

ਹਾਲ ਹੀ ਵਿੱਚ ਸਤਰਾਪੀ ਨੇ ਇੰਸਟਾਗ੍ਰਾਮ 'ਤੇ ਕਈ ਭਾਵੁਕ ਸੁਨੇਹੇ ਸਾਂਝੇ ਕੀਤੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਲਿਖਿਆ ਸੀ: "ਮੈਂ ਆਪਣੀ ਜ਼ਿੰਦਗੀ ਦਾ ਪਿਆਰ ਗੁਆ ਦਿੱਤਾ ਹੈ।"

ਮਤਾਇਸ ਰੀਪਾ ਦਾ ਦੇਹਾਂਤ ਅਪ੍ਰੈਲ 2025 ਵਿੱਚ 53 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਉਸ ਵੇਲੇ ਸਤਰਾਪੀ ਨੇ ਫ਼ਰਾਂਸੀਸੀ ਅਖ਼ਬਾਰ ਲੀ ਫਿਗਾਰੋ ਵਿੱਚ ਇੱਕ ਸੋਗ ਸੁਨੇਹਾ ਪ੍ਰਕਾਸ਼ਿਤ ਕਰਵਾਇਆ ਸੀ।

ਉਨ੍ਹਾਂ ਨੇ ਲਿਖਿਆ, "ਮਾਰਜਾਨ ਸਤਰਾਪੀ ਬਹੁਤ ਦੁੱਖ ਨਾਲ ਇਹ ਸੂਚਿਤ ਕਰਦੀ ਹੈ ਕਿ ਮਤਾਇਸ ਰੀਪਾ, ਜੋ ਉਨ੍ਹਾਂ ਦੀ ਜ਼ਿੰਦਗੀ ਦਾ ਪਿਆਰ ਸੀ, 31 ਸਾਲਾਂ ਦੇ ਸੁਹਾਵਣੇ ਸਾਥ ਤੋਂ ਬਾਅਦ 53 ਸਾਲ ਦੀ ਉਮਰ ਵਿੱਚ ਸਾਨੂੰ ਛੱਡ ਗਏ ਹਨ।"

ਕੀ ਦੁੱਖ ਨਾਲ ਮੌਤ ਹੋ ਸਕਦੀ ਹੈ ?

ਅਦਾਕਾਰਾ ਕੈਰੀ ਫਿਸ਼ਰ ਅਤੇ ਉਨ੍ਹਾਂ ਦੀ ਮਾਤਾ ਡੈਬੀ ਰੇਨੋਲਡਸ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2016 ਵਿੱਚ ਅਦਾਕਾਰਾ ਕੈਰੀ ਫਿਸ਼ਰ ਦੀ ਮੌਤ ਦੇ ਇੱਕ ਦਿਨ ਬਾਅਦ ਉਨ੍ਹਾਂ ਦੀ 84 ਸਾਲਾ ਮਾਤਾ ਅਤੇ ਅਦਾਕਾਰਾ ਡੈਬੀ ਰੇਨੋਲਡਸ ਦਾ ਵੀ ਦੇਹਾਂਤ ਹੋ ਗਿਆ ਸੀ।

ਸਵਾਲ ਇਹ ਹੈ ਕਿ ਕੀ ਕਿਸੇ ਪਿਆਰੇ ਦੀ ਮੌਤ ਦਾ ਦੁੱਖ ਇੰਨਾ ਗਹਿਰਾ ਹੋ ਸਕਦਾ ਹੈ ਕਿ ਕੁਦਰਤੀ ਕਾਰਨਾਂ ਨਾਲ ਮੌਤ ਹੋ ਜਾਵੇ ?

2014 ਵਿੱਚ ਜਾਮਾ ਇੰਟਰਨਲ ਮੈਡੀਸਨ 'ਚ ਪ੍ਰਕਾਸ਼ਿਤ ਇੱਕ ਅਧਿਐਨ 'ਚ ਇਹ ਪਾਇਆ ਗਿਆ ਕਿ ਬੇਸ਼ੱਕ ਇਹ ਬਹੁਤ ਘੱਟ ਹੁੰਦਾ ਹੈ ਪਰ ਕਿਸੇ ਪਿਆਰੇ ਦੀ ਮੌਤ ਤੋਂ ਬਾਅਦ ਦੇ ਮਹੀਨਿਆਂ ਵਿੱਚ ਉਨ੍ਹਾਂ ਦੇ ਕਰੀਬੀਆਂ ਵਿੱਚ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਲਗਭਗ ਦੁੱਗਣਾ ਹੋ ਜਾਂਦਾ ਹੈ, ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਮ੍ਰਿਤਕ ਦੇ ਕਰੀਬੀ ਨਹੀਂ ਹਨ।

ਅਧਿਐਨ ਮੁਤਾਬਕ 30,447 ਸੋਗਗ੍ਰਸਤ ਲੋਕਾਂ ਦੇ ਸਮੂਹ ਵਿੱਚੋਂ 50 ਲੋਕਾਂ ਨੂੰ ਉਪਰੋਕਤ ਬਿਮਾਰੀਆਂ (ਦਿਲ ਦਾ ਦੌਰਾ ਜਾਂ ਸਟ੍ਰੋਕ) ਹੋਈਆਂ, ਜੋ ਕਿ ਕੁੱਲ ਦਾ 0.16% ਬਣਦਾ ਹੈ। ਇਸਦੇ ਉਲਟ, ਜਿਨ੍ਹਾਂ ਲੋਕਾਂ ਨੇ ਕਿਸੇ ਪਿਆਰੇ ਨੂੰ ਨਹੀਂ ਗੁਆਇਆ ਸੀ, ਉਸ ਸਮੂਹ ਵਿੱਚ ਇਹ ਦਰ ਸਿਰਫ਼ 0.08% ਸੀ।

ਅਧਿਐਨ ਦੇ ਲੇਖਕਾਂ ਵਿੱਚੋਂ ਇੱਕ, ਯੂਨੀਵਰਸਿਟੀ ਕਾਲਜ ਲੰਡਨ ਦੇ ਡਾ. ਸੁਨੀਲ ਸ਼ਾਹ ਨੇ ਬੀਬੀਸੀ ਨੂੰ ਦੱਸਿਆ, "ਕਿਸੇ ਆਪਣੇ ਨੂੰ ਗਵਾਉਣ ਦੇ ਦਰਦ ਨੂੰ ਬਿਆਨ ਕਰਨ ਲਈ ਅਸੀਂ ਅਕਸਰ 'ਟੁੱਟੇ ਦਿਲ' ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਸਾਡਾ ਅਧਿਐਨ ਇਹ ਦਰਸਾਉਂਦਾ ਹੈ ਕਿ ਗ਼ਮ ਦਾ ਸਿੱਧਾ ਅਸਰ ਦਿਲ ਦੀ ਸਿਹਤ 'ਤੇ ਪੈਂਦਾ ਹੈ।"

ਦਿਲ ਨੂੰ ਪਹੁੰਚਣ ਵਾਲਾ ਡੂੰਘਾ ਸਦਮਾ

ਕਾਰਡੀਓਮਿਓਪੈਥੀ ਨਾਲ ਪੀੜਤ ਮਰੀਜ਼ ਦਾ ਐਕਸ-ਰੇਅ

ਤਸਵੀਰ ਸਰੋਤ, SPL

ਤਸਵੀਰ ਕੈਪਸ਼ਨ, ਕਾਰਡੀਓਮਿਓਪੈਥੀ ਨਾਲ ਪੀੜਤ ਮਰੀਜ਼ ਦਾ ਐਕਸ-ਰੇਅ

ਕੁਝ ਲੋਕ "ਬ੍ਰੋਕਨ ਹਾਰਟ ਸਿੰਡ੍ਰੋਮ" ਬਾਰੇ ਗੱਲ ਕਰਦੇ ਹਨ, ਜਿਸਨੂੰ ਮੈਡੀਕਲ ਭਾਸ਼ਾ ਵਿੱਚ ਤਾਕੋਤਸੁਬੋ ਕਾਰਡੀਓਮਿਓਪੈਥੀ ਜਾਂ ਸਟ੍ਰੈੱਸ ਕਾਰਡੀਓਮਿਓਪੈਥੀ ਕਿਹਾ ਜਾਂਦਾ ਹੈ।

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਮੁਤਾਬਕ, "ਇਹ ਇੱਕ ਅਸਥਾਈ ਹਾਲਤ ਹੈ ਜਿਸ 'ਚ ਦਿਲ ਦੀ ਮਾਸਪੇਸ਼ੀ ਅਚਾਨਕ ਕਮਜ਼ੋਰ ਜਾਂ ਸੁੰਨ ਹੋ ਜਾਂਦੀ ਹੈ। ਦਿਲ ਦੇ ਖੱਬੇ ਵੈਂਟ੍ਰੀਕਲ (ਖੂਨ ਪੰਪ ਕਰਨ ਵਾਲਾ ਹਿੱਸਾ) ਦਾ ਆਕਾਰ ਬਦਲ ਜਾਂਦਾ ਹੈ।"

ਵਿਗਿਆਨੀ ਨਾਂਅ, ਤਾਕੋਤਸੁਬੋ ਕਾਰਡੀਓਮਿਓਪੈਥੀ, ਜਾਪਾਨੀ ਸ਼ਬਦ ਤੋਂ ਲਿਆ ਗਿਆ ਹੈ ਜਿਸ ਦੀ ਵਰਤੋਂ ਆਕਟੋਪਸ ਨੂੰ ਫੜ੍ਹਨ ਵਾਲੇ ਗੋਲਾਕਾਰ ਅਤੇ ਤੰਗ ਜਾਲ ਲਈ ਕੀਤੀ ਜਾਂਦੀ ਹੈ।

ਅਚਾਨਕ ਪਹੁੰਚਿਆ ਸਦਮਾ ਦਿਲ ਦੇ ਖੱਬੇ ਵੈਂਟ੍ਰੀਕਲ ਜੋ ਖੂਨ ਨੂੰ ਪੰਪ ਕਰਦਾ ਹੈ, ਉਹ ਇਸ ਆਕਾਰ ਵਿੱਚ ਬਦਲ ਜਾਂਦਾ ਹੈ।

ਇਹ ਅਸਧਾਰਨ ਹਾਲਤ ਕਿਸੇ ਭਾਵਨਾਤਮਕ ਸਦਮੇ ਕਾਰਨ ਪੈਦਾ ਹੋ ਸਕਦੀ ਹੈ।

ਫਾਊਂਡੇਸ਼ਨ ਮੁਤਾਬਕ, "ਤਾਕੋਤਸੁਬੋ ਕਾਰਡੀਓਮਿਓਪੈਥੀ ਨਾਲ ਪੀੜਤ ਲਗਭਗ ਤਿੰਨ-ਚੌਥਾਈ ਲੋਕ ਬਿਮਾਰ ਹੋਣ ਤੋਂ ਪਹਿਲਾਂ ਕਿਸੇ ਨਾ ਕਿਸੇ ਗੰਭੀਰ ਭਾਵਨਾਤਮਕ ਜਾਂ ਸਰੀਰਕ ਤਣਾਅ ਵਿੱਚੋਂ ਲੰਘੇ ਹੁੰਦੇ ਹਨ।"

ਇਹ ਤਣਾਅ ਕਿਸੇ ਪਿਆਰੇ ਦੀ ਮੌਤ ਦੇ ਸੋਗ ਕਾਰਨ ਹੋ ਸਕਦਾ ਹੈ ਜਾਂ ਕਿਸੇ ਹੋਰ ਸਮੱਸਿਆ ਕਾਰਨ ਵੀ ਹੋ ਸਕਦਾ ਹੈ।

ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਸਾਥੀਆਂ ਵੱਲੋਂ ਮਜ਼ਾਕ ਵਿੱਚ ਅਚਾਨਕ ਡਰਾਏ ਜਾਣ ਤੋਂ ਬਾਅਦ ਜਾਂ ਵੱਡੀ ਭੀੜ ਸਾਹਮਣੇ ਭਾਸ਼ਣ ਦੇਣ ਦੇ ਤਣਾਅ ਕਾਰਨ ਇਸ ਹਾਲਤ ਦਾ ਸ਼ਿਕਾਰ ਹੋਏ ਹੋਣ।

ਮਾਹਰਾਂ ਦਾ ਮੰਨਣਾ ਹੈ ਕਿ ਹਾਰਮੋਨਾਂ—ਖ਼ਾਸ ਕਰਕੇ ਐਡ੍ਰੇਨੇਲਿਨ—ਦੇ ਅਚਾਨਕ ਵੱਡੀ ਮਾਤਰਾ ਵਿੱਚ ਨਿਕਲਣ ਕਾਰਨ ਦਿਲ ਦੀ ਮਾਸਪੇਸ਼ੀ ਅਸਥਾਈ ਤੌਰ 'ਤੇ ਸੁੰਨ ਜਾਂ ਕਮਜ਼ੋਰ ਹੋ ਸਕਦੀ ਹੈ।

'ਬ੍ਰੋਕਨ ਹਾਰਟ ਸਿੰਡ੍ਰੋਮ' ਹਾਰਟ ਅਟੈਕ ਤੋਂ ਕਿਵੇਂ ਵੱਖਰਾ ਹੈ ?

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਮੁਤਾਬਕ

ਇਹ ਸਥਿਤੀ ਆਮ ਪੈਣ ਵਾਲੇ ਦਿਲ ਦੇ ਦੌਰੇ ਤੋਂ ਵੱਖਰੀ ਹੁੰਦੀ ਹੈ। ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਆਮ ਤੌਰ 'ਤੇ ਮਾਸਪੇਸ਼ੀਆਂ ਦੇ ਬਲਾਕ ਹੋਣ ਕਾਰਨ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋਣ ਨਾਲ ਦਿਲ ਧੜਕਨਾ ਬੰਦ ਕਰ ਦਿੰਦਾ ਹੈ।

ਜੌਹਨ ਹੋਪਕਿਨਸ ਯੂਨੀਵਰਸਿਟੀ ਵੱਲੋਂ ਬ੍ਰੋਕਨ ਹਾਰਟ ਸਿੰਡ੍ਰੋਮ 'ਤੇ ਪ੍ਰਕਾਸ਼ਿਤ ਲੇਖ ਮੁਤਾਬਕ, "ਜ਼ਿਆਦਾਤਰ ਹਾਰਟ ਅਟੈਕ ਉਦੋਂ ਹੁੰਦੇ ਹਨ ਜਦੋਂ ਖੂਨ ਪਹੁੰਚਾਉਣ ਵਾਲੀਆਂ ਧਮਣੀਆਂ ਵਿੱਚ ਬਲਾਕੇਜ ਜਾਂ ਖੂਨ ਦੇ ਥੱਕੇ ਬਣ ਜਾਣ।"

ਸੈਂਟਰ ਵੱਲੋਂ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਕਾਰਡੀਓਮਿਓਪੈਥੀ ਨਾਲ ਪੀੜਤ ਜ਼ਿਆਦਾਤਰ ਮਰੀਜਾਂ ਵਿੱਚ "ਦਿਲ ਦੀਆਂ ਧਮਣੀਆਂ ਸਧਾਰਨ ਹੁੰਦੀਆਂ ਅਤੇ ਉਨ੍ਹਾਂ ਵਿੱਚ ਕੋਈ ਬਲਾਕੇਜ ਜਾਂ ਥੱਕੇ ਨਹੀਂ ਹੁੰਦੇ।"

ਕਈ ਲੋਕ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਜਿਵੇਂ-ਜਿਵੇਂ ਤਣਾਅ ਘੱਟਦਾ ਹੈ, ਦਿਲ ਵੀ ਆਪਣੀ ਆਮ ਹਾਲਤ ਵਿੱਚ ਵਾਪਸ ਆ ਜਾਂਦਾ ਹੈ।

ਪਰ ਬਜ਼ੁਰਗਾਂ ਜਾਂ ਪਹਿਲਾਂ ਤੋਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਵਿੱਚ ਇਹ ਹਾਲਤ ਕਈ ਵਾਰ ਜਾਨਲੇਵਾ ਸਾਬਤ ਹੋ ਸਕਦੀ ਹੈ।

ਕੀ ਜੀਵਨ ਸਾਥੀ ਦਾ ਵਿਛੋੜਾ ਮੌਤ ਦਾ ਕਾਰਨ ਬਣ ਸਕਦਾ ਹੈ ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀਵਨ ਸਾਥੀ ਦੇ ਵਿਛੋੜੇ ਦੇ ਛੇ ਮਹੀਨਿਆਂ ਅੰਦਰ ਦੂਜੇ ਸਾਥੀ ਦੀ ਮੌਤ ਦਾ ਖਤਰਾ ਵੱਧ ਹੁੰਦਾ ਹੈ (ਸੰਕੇਤਕ ਤਸਵੀਰ)

2006 ਵਿੱਚ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿੱਚ ਪ੍ਰਕਾਸ਼ਿਤ ਸਟੱਡੀ ਮੁਤਾਬਕ ਇੱਕ ਜੀਵਨ ਸਾਥੀ ਦੇ ਹਸਪਤਾਲ ਵਿੱਚ ਦਾਖਲ ਹੋਣ 'ਤੇ ਦੂਜੇ ਸਾਥੀ ਦੀ ਮੌਤ ਦਾ ਖਤਰਾ ਵੱਧ ਹੋਣ ਦੇ ਤੱਥ ਦਰਸਾਏ ਗਏ ਹਨ।

2011 ਵਿੱਚ ਪ੍ਰਕਾਸ਼ਿਤ ਇੱਕ ਹੋਰ ਸਟੱਡੀ ਮੁਤਾਬਕ ਜੀਵਨ ਸਾਥੀ ਦੇ ਵਿਛੋੜੇ ਦੇ ਛੇ ਮਹੀਨਿਆਂ ਅੰਦਰ ਦੂਜੇ ਸਾਥੀ ਦੀ ਮੌਤ ਦਾ ਖਤਰਾ ਵੱਧ ਹੁੰਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇੱਕ ਵਿਆਹੁਤਾ ਜੋੜਾ, ਜਿਸ ਦੇ ਆਪਸ ਵਿੱਚ ਚੰਗੇ ਸਬੰਧ ਹੋਣ, ਉਹ ਇੱਕ-ਦੂਜੇ ਦਾ ਸਟ੍ਰੈੱਸ ਜਾਂ ਚਿੰਤਾ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ। ਪਤੀ-ਪਤਨੀ ਇਕ-ਦੂਜੇ ਨੂੰ ਸਮੇਂ ਸਿਰ ਦਵਾਈ ਲੈਣਾ ਯਾਦ ਦਵਾਉਂਦੇ ਹਨ, ਸਿਹਤਮੰਦ ਆਦਤਾਂ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਸਮੁੱਚੀ ਸਿਹਤ ਦਾ ਧਿਆਨ ਰੱਖਦੇ ਹਨ।

ਤਾਕੋਤਸੁਬੋ ਕਾਰਡੀਓਮਿਓਪੈਥੀ, ਦਿਲ ਦੀ ਉਸ ਅਵਸਥਾ ਦਾ ਮੈਡੀਕਲ ਨਾਂਅ ਹੈ, ਜਿਸ ਨੇ ਸੰਭਾਵੀ ਤੌਰ 'ਤੇ ਮਾਰਜਾਨ ਸਤਰਾਪੀ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ ਪਰ "ਬ੍ਰੋਕਨ ਹਾਰਟ" ਜਾਂ "ਟੁੱਟਿਆ ਦਿਲ" ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)