ਉਹ ਦੁਰਲੱਭ ਲੋਕ ਜਿਨ੍ਹਾਂ ਦੇ ਸਰੀਰ ਉੱਤੇ ਐੱਚਆਈਵੀ ਦਾ ਅਸਰ ਹੀ ਨਹੀਂ ਹੁੰਦਾ

ਲੌਰੀਨ ਵਿਲੇਨਬਰਗ

ਤਸਵੀਰ ਸਰੋਤ, Ari Michelson/ AUGUST

ਤਸਵੀਰ ਕੈਪਸ਼ਨ, ਲੌਰੀਨ ਸਾਲ 1992 ਵਿੱਚ ਐੱਚਆਈਵੀ ਪੌਜ਼ਿਟਿਵ ਪਾਏ ਗਏ ਸਨ
    • ਲੇਖਕ, ਡੇਵਿਡ ਕੌਕਸ
    • ਰੋਲ, ਬੀਬੀਸੀ ਫਿਊਚਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਵਿਗਿਆਨੀ ਉਨ੍ਹਾਂ ਕੁਝ ਲੋਕਾਂ ਉੱਤੇ ਅਧਿਐਨ ਕਰ ਰਹੇ ਹਨ ਜਿਨ੍ਹਾਂ ਬਾਰੇ ਲੱਗਦਾ ਹੈ ਕਿ ਉਨ੍ਹਾਂ ਦੇ ਸਰੀਰ ਕੁਦਰਤੀ ਤੌਰ ਉੱਤੇ ਐੱਚਆਈਵੀ ਤੋਂ ਬਚਾਅ ਵਿੱਚ ਸਮਰੱਥ ਹਨ। ਅਜਿਹਾ ਐੱਚਆਈਵੀ ਦੇ ਲਈ ਨਵੇਂ ਇਲਾਜ ਲੱਭਣ ਦੀ ਉਮੀਦ ਵਿੱਚ ਕੀਤਾ ਜਾ ਰਿਹਾ ਹੈ।

ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲੌਰੀਨ ਵਿਲੇਨਬਰਗ ਨਾਮ ਦੀ 71 ਸਾਲਾ ਲੈਂਡਸਕੇਪ ਡਿਜ਼ਾਇਨਰ ਨੂੰ ਐੱਚਆਈਵੀ ਵਿਗਿਆਨੀਆਂ ਵੱਲੋਂ ਉਨ੍ਹਾਂ ਦੇ ਅਸਧਾਰਣ ਹੋਣ ਲਈ ਜਾਣਿਆ ਜਾਂਦਾ ਸੀ। ਲੌਰੀਨ ਕੈਲੀਫੌਰਨੀਆ ਦੇ ਸੈਕਰਾਮੈਂਟੋ ਵਿੱਚ ਰਹਿੰਦੇ ਸਨ।

ਲੌਰੀਨ ਸਾਲ 1992 ਵਿੱਚ ਐੱਚਆਈਵੀ ਪੌਜ਼ਿਟਿਵ ਪਾਏ ਗਏ ਸਨ।

ਪਰ ਵਾਇਰਸ ਉਨ੍ਹਾਂ ਦੇ ਇਮਿਊਨ ਸਿਸਟਨ ਨੂੰ ਕਮਜ਼ੋਰ ਕਰਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਨ ਦੀ ਥਾਂ ਉਨ੍ਹਾਂ ਦੇ ਸਰੀਰ ਵਿੱਚ ਹੀ ਦਬਿਆ ਰਿਹਾ। ਉਹ ਕਈ ਦਹਾਕਿਆਂ ਤੱਕ ਇੱਕ ਸਧਾਰਣ ਜ਼ਿੰਦਗੀ ਜਿਉਂ ਸਕੇ, ਇਸ ਬਿਮਾਰੀ ਲਈ ਬਿਨਾਂ ਕੋਈ ਦਵਾਈ ਲਏ।

ਉਨ੍ਹਾਂ ਨੇ ਅਗਸਤ 2025 ਵਿੱਚ ਮੈਨੂੰ ਇੱਕ ਇੰਟਰਵਿਊ ਵਿੱਚ ਦੱਸਿਆ, "ਮੇਰੇ ਡਾਕਟਰ ਮੈਨੂੰ ਹਮੇਸ਼ਾ ਕਹਿੰਦੇ ਆਏ ਹਨ ਕਿ ਐੱਚਆਈਵੀ ਨੂੰ ਮੇਰਾ ਇਮਿਊਨ ਰਿਸਪਾਂਸ ਬਹੁਤ ਅਨੋਖਾ ਸੀ, ਕਈ ਸਾਲਾਂ ਤੱਕ ਉਨ੍ਹਾਂ ਨੂੰ ਇਸ ਬਾਰੇ ਸਪਸ਼ਟ ਨਹੀਂ ਪਤਾ ਸੀ ਪਰ ਉਹ ਇਹ ਜਾਣਦੇ ਸਨ ਕਿ ਮੈਂ ਅਨੋਖੀ ਹਾਂ।"

ਲੌਰੀਨ ਵਿਲੇਨਬਰਗ ਦੀ ਇਸ ਸਾਲ ਅਪਰੈਲ ਮਹੀਨੇ ਵਿੱਚ ਮੌਤ ਹੋ ਗਈ। ਉਹ ਸ਼ਾਇਦ ਦੁਨੀਆਂ ਦੇ ਸਭ ਤੋਂ ਮਸ਼ਹੂਰ ਇਲੀਟ ਕੰਟਰੋਲਰ ਸਨ, ਇਹ ਨਾਮ ਉਨ੍ਹਾਂ ਐੱਚਆਈਵੀ ਪਾਜ਼ਿਟਿਵ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਬਿਨਾ ਸੀ ਦਖ਼ਲਅੰਦਾਜ਼ੀ ਦੇ ਵਾਇਰਸ ਨੂੰ ਦਬਾ ਕੇ ਰੱਖਦੇ ਹਨ।

ਐੱਚਆਈਵੀ ਪਾਜ਼ਿਟਿਵ ਸਾਰੇ ਲੋਕਾਂ ਵਿੱਚੋਂ ਲਗਭਗ 0.5 ਫ਼ੀਸਦੀ ਲੋਕ ਹੀ ਇਸ ਅਸਧਾਰਣ ਸਮੂਹ ਵਿੱਚ ਹਨ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਲੋਕ ਐੱਚਆਈਵੀ ਨੂੰ ਹਰਾਉਣ ਲਈ ਸੰਸਾਰ ਦੇ ਲੱਖਾਂ ਲੋਕਾਂ ਲਈ ਸਹਾਈ ਹੋ ਸਕਦੇ ਹਨ।

ਜ਼ੂ ਯੂ

ਤਸਵੀਰ ਸਰੋਤ, Ragon Institute

ਤਸਵੀਰ ਕੈਪਸ਼ਨ, ਜ਼ੂ ਯੂਕ ਰੇਗਨ ਇੰਸਟੀਟਿਊਟ ਆਫ ਮਾਸ ਜਨਰਲ ਬ੍ਰਿਘਮ ਐੱਮਆਈਟੀ ਅਤੇ ਹਾਰਵਰਡ ਵਿੱਚ ਪ੍ਰੈਫ਼ੈਸਰ ਹਨ, ਉਨ੍ਹਾਂ ਨੇ ਲੌਰੀਨ ਦੇ ਸਰੀਰ ਵਿੱਚ ਐੱਚਆਈਵੀ ਦੇ ਨਿਸ਼ਾਨ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ

ਵਿਲੇਨਬਰਗ ਦਾ ਵਾਇਰਸ ਹੁੰਦਿਆਂ ਵੀ ਬਚੇ ਰਹਿਣਾ ਇਸ ਲਈ ਕਮਾਲ ਸੀ ਕਿਉਂਕਿ ਸਾਲ 2022 ਵਿੱਚ ਉਨ੍ਹਾਂ ਨੂੰ ਸਟੇਜ-4 ਕੈਂਸਰ ਹੋਣ ਬਾਰੇ ਪਤਾ ਲੱਗਾ ਜੋ ਉਨ੍ਹਾਂ ਦੇ ਫੇਫੜਿਆਂ ਤੋਂ ਉਨ੍ਹਾਂ ਦੇ ਦਿਮਾਗ ਤੱਕ ਫੈਲ ਗਿਆ ਸੀ।

ਉਨ੍ਹਾਂ ਉੱਤੇ ਦਵਾਈ ਦਾ ਅਸਰ ਹੋਇਆ, ਸਰਜਰੀ ਅਤੇ ਹੋਰ ਡਾਕਟਰੀ ਪ੍ਰਕਿਰਿਆਵਾਂ ਦੀ ਬਦੌਲਤ ਉਨ੍ਹਾਂ ਦਾ ਟਿਊਮਰ ਸੁੰਗਣ ਗਿਆ ਸੀ। ਕੈਂਸਰ ਨਾਲ ਲੜਨ ਲਈ ਆਪਣੇ ਇਮਿਊਨ ਸਿਸਟਮ ਉੱਤੇ ਦਬਾਅ ਪਾ ਕੇ ਹਾਲਾਂਕਿ ਦਵਾਈਆਂ ਨੇ ਉਨ੍ਹਾਂ ਦੇ ਸਰੀਰ ਵਿਚਲੇ ਐੱਚਆਈਵੀ ਨੂੰ ਮੁੜ ਅੱਗੇ ਆਉਣ ਅਤੇ ਜ਼ਿੰਦਾ ਹੋਣ ਦਿੱਤਾ।

ਪਰ ਜਦੋਂ ਖੋਜਾਰਥੀਆਂ ਨੇ ਲੌਰੀਨ ਦੇ ਸੈੱਲਾਂ ਦੀ ਐੱਚਆਈਵੀ ਲੱਭਣ ਲਈ ਜਾਂਚ ਕੀਤੀ ਤਾਂ ਵੀ ਉਨ੍ਹਾਂ ਨੂੰ ਵਾਇਰਸ ਦੇ ਟਰੇਸ ਨਹੀਂ ਮਿਲੇ।

ਇਸੇ ਲਈ 2025 ਇੰਟਰਨੈਂਸ਼ਨਲ ਏਡਜ਼ ਸੁਸਾਇਟੀ ਦੀ ਕਾਨਫਰੰਸ ਵਿੱਚ ਜ਼ੂ ਯੂ ਨੇ ਵਿਗਿਆਨੀਆਂ ਦੇ ਇੱਕ ਕਮਰੇ ਵਿੱਚ ਹੈਰਾਨੀਜਨਕ ਬਿਆਨ ਦਿੱਤਾ, ਉਨ੍ਹਾਂ ਕਿਹਾ ਸ਼ਾਇਦ ਲੌਰੀਨ ਨੇ ਐੱਚਆਈਵੀ ਤੋਂ ਨਿਜਾਤ ਹਾਸਲ ਕਰ ਲਈ ਹੈ। ਜ਼ੂ ਯੂ ਕ ਰੇਗਨ ਇੰਸਟੀਟਿਊਟ ਆਫ ਮਾਸ ਜਨਰਲ ਬ੍ਰਿਘਮ ਐੱਮਆਈਟੀ ਅਤੇ ਹਾਰਵਰਡ ਵਿੱਚ ਪ੍ਰੈਫ਼ੈਸਰ ਹਨ, ਉਨ੍ਹਾਂ ਨੇ ਲੌਰੀਨ ਦੇ ਸਰੀਰ ਵਿੱਚ ਐੱਚਆਈਵੀ ਦੇ ਨਿਸ਼ਾਨ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ।

ਕੁਝ ਮਹੀਨਿਆਂ ਬਾਅਦ ਲੌਰੀਨ ਵਿਲਨਬਰਗ ਦੀ ਅਪ੍ਰੈਲ 2026 ਵਿੱਚ ਕੈਂਸਰ ਦੇ ਕਰਕੇ ਮੌਤ ਹੋ ਗਈ। ਉਨ੍ਹਾਂ ਨੇ ਇੱਕ ਡੂੰਘੀ ਛਾਪ ਛੱਡੀ ਹੈ, ਇੱਕ ਸਬੂਤ ਕਿ ਪਿਛਲੀ ਸਦੀ 'ਚ ਉਪਜੀ ਸਭ ਤੋਂ ਖ਼ਤਰਨਾਕ ਲਾਗ਼ ਵਾਲੀ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ।

ਪ੍ਰਫੈਸਰ ਯੂ ਕਹਿੰਦੇ ਹਨ, "ਕੁਝ ਇਲੀਟ ਕੰਟਰੋਲਰਾਂ ਵਿੱਚ ਜਿਵੇਂ ਕਿ ਲੌਰੀਨ, ਉਨ੍ਹਾਂ ਦੇ ਸਰੀਰ ਵਿੱਚ ਕੋਈ ਵੀ ਵਾਇਰਸ ਨਹੀਂ ਹੈ, ਅਸੀਂ ਬਿਲੀਅਨਾਂ ਹੀ ਸੈੱਲਾਂ ਦਾ ਵਿਸ਼ਲੇਸ਼ਣ ਕੀਤਾ, ਕੁਝ ਵੀ ਨਹੀਂ ਹੈ।"

ਉਹ ਕਹਿੰਦੇ ਹਨ ਕਿ ਬਹੁਤ ਅਹਿਮ ਹੈ ਕਿਉਂਕਿ ਇਸ ਦਾ ਮਤਲਬ ਹੈ ਕਿ ਬਹੁਤ ਹੀ ਦਰੁਲੱਭ ਹਾਲਾਤ ਵਿੱਚ ਇਹ ਸੰਭਵ ਹੈ ਕਿ ਇਮਿਊਨ ਸਿਸਟਨ ਆਪਣੇ ਆਪ ਹੀ ਐੱਚਆਈਵੀ ਨੂੰ ਖ਼ਤਮ ਕਰ ਦੇਵੇ।

ਅਜਿਹੀ ਹੀ ਸਕਰਾਤਮਕਤਾ

ਐੱਚਆਈਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲੀਟ ਕੰਟਰੋਲਰ - ਇਹ ਨਾਮ ਉਨ੍ਹਾਂ ਐੱਚਆਈਵੀ ਪਾਜ਼ਿਟਿਵ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਬਿਨਾ ਸੀ ਦਖ਼ਲਅੰਦਾਜ਼ੀ ਦੇ ਵਾਇਰਸ ਨੂੰ ਦਬਾ ਕੇ ਰੱਖਦੇ ਹਨ (ਸੰਕੇਤਕ ਤਸਵੀਰ)

ਇੱਕ ਹੋਰ ਅਧੀਐਨ ਇਲੀਟ ਕੰਟਰੋਲਰ ਦੁਆਲੇ ਹੈ ਜੋ ਕਿ ਅਰਜਨਟੀਨਾ ਵਿੱਚ ਰਹਿੰਦੀ ਇੱਕ ਬੇਪਛਾਣ ਔਰਤ ਹਨ ਉਨ੍ਹਾਂ ਨੂੰ ਐਸਪੇਰਾਂਜ਼ਾ (ਸਪੈਨਿਸ਼ ਵਿੱਚ ਮਤਲਬ ਉਮੀਦ) ਵਜੋਂ ਜਾਣਿਆਂ ਜਾਂਦਾ ਹੈ, ਇਹ ਸੋਚਿਆ ਜਾਂਦਾ ਹੈ ਕਿ ਉਹ ਵੀ ਸੰਭਵ ਤੌਰ ਉੱਤੇ ਐੱਚਆਈਵੀ ਤੋਂ ਮੁਕਤ ਹਨ।

ਇਨ੍ਹਾਂ ਕਮਾਲ ਦੀਆਂ ਕਹਾਣੀਆਂ ਤੋਂ ਪ੍ਰੇਰਣਾ ਲੈਂਦਿਆਂ ਯੂ ਜਿਹੇ ਵਿਗਿਆਨੀ ਇਲੀਟ ਕੰਟਰੋਲਰਜ਼ ਦੀ ਬਾਇਓਲਾਜੀ ਦਾ ਡੂੰਘਾਈ ਨਾਲ ਅਧਿਐਨ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਦੇ ਅਸਧਾਰਣ ਇਮਿਊਨ ਸਿਸਟਮ ਵਿੱਚ ਐੱਚਆਈਵੀ ਨਾਲ ਰਹਿ ਰਹੇ 40.8 ਮਿਲਿਅਨ ਲੋਕਾਂ ਲਈ ਡਾਕਟਰੀ ਟਰੀਟਮੈਂਟ ਬਾਰੇ ਸੰਕੇਤ ਹੋ ਸਕਦੇ ਹਨ।

ਆਉਂਦੇ ਸਾਲਾਂ ਵਿੱਚ ਇਹ ਇਲਾਜ ਦੀ ਦਿਸ਼ਾ ਵਿੱਚ ਵੀ ਸਹਾਈ ਹੋ ਸਕਦਾ ਹੈ।

ਜੀਨ ਡੈਜ਼ਰਟ

ਮਰੀਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1990ਵਿਆਂ ਦੇ ਮੱਧ ਵਿੱਚ ਐਂਟੀਰੈਟਰੋਵਾਇਲਸ ਵਜੋਂ ਜਾਣੀ ਜਾਂਦੀ ਐਂਟੀਐੱਚਆਈਵੀ ਡਰੱਗ ਦੇ ਵਿਕਸਿਤ ਹੋਣਾ ਏਡਜ਼ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਮਹੱਤਵਪੂਰਨ ਪਲ ਸੀ (ਸੰਕੇਤਕ ਤਸਵੀਰ)

ਜਦੋਂ ਇੱਕ ਵਿਅਕਤੀ ਸ਼ੁਰੂਆਤ ਵਿੱਚ ਐੱਚਆਈਵੀ (ਹਿਊਮਨ ਇਮਿਊਨੋਡੈਫਿਸ਼ਿਐਂਸੀ ਵਾਇਰਸ) ਨਾਲ ਸੰਕ੍ਰਮਿਤ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰ ਵਿੱਚ ਤੇਜ਼ੀ ਨਾਲ ਫੈਲਦੀ ਹੈ। ਆਪਣੇ ਜੈਨੇਟਿਕ ਮਟੀਰੀਅਲ ਨੂੰ ਸੈੱਲਾਂ ਦੇ ਡੀਐੱਨਏ ਵਿੱਚ ਦਾਖ਼ਲ ਹੋ ਕਿ ਵਾਇਰਸ ਖੂਨ ਪ੍ਰਵਾਹ ਤੋਂ ਲਿੰਫ ਨੋਡਜ਼ ਵਿੱਚ ਜਾਂਦਾ ਹੈ ਫਿਰ ਵ੍ਹਾਈਟ ਬਲੱਡ ਸੈੱਲਾਂ ਨੂੰ ਨਿਸ਼ਾਨ ਬਣਾਉਂਦਾ ਹੈ ਅਤੇ ਟਾਰਗਿਟ ਕਰਦਾ ਹੈ। ਇਹ ਇਮਿਊਨ ਸਿਸਟਮ ਦਾ ਅਹਿਮ ਹਿੱਸਾ ਹੁੰਦੇ ਹਨ।

ਜੇ ਵਾਇਰਸ ਦਾ ਇਲਾਜ ਨਹੀਂ ਹੁੰਦਾ ਤਾਂ ਮਰੀਜ਼ਾਂ ਨੂੰ ਏਡਜ਼ (ਅਕਵਾਇਰਡ ਇਮਿਊਨ ਡੈਫਿਸ਼ਿਐਂਸੀ ਸਿੰਡਰੋਮ) ਹੋ ਸਕਦਾ ਹੈ ਜਿੱਥੇ ਉਨ੍ਹਾਂ ਦਾ ਇਮਿਊਨ ਸਿਸਟਮ ਹੋਰ ਲਾਗ਼ ਤੋਂ ਆਪਣੇ ਆਪ ਨੂੰ ਬਚਾਉਣ ਦੇ ਅਸਮਰੱਥ ਹੋ ਜਾਂਦਾ ਹੈ।

1990ਵਿਆਂ ਦੇ ਮੱਧ ਵਿੱਚ ਐਂਟੀਰੈਟਰੋਵਾਇਲਸ ਵਜੋਂ ਜਾਣੀ ਜਾਂਦੀ ਐਂਟੀਐੱਚਆਈਵੀ ਡਰੱਗ ਦੇ ਵਿਕਸਿਤ ਹੋਣਾ ਏਡਜ਼ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਮਹੱਤਵਪੂਰਨ ਪਲ ਸੀ। ਇਹ ਦਵਾਈ ਐੱਚਆਈਵੀ ਨੂੰ ਰੈਪਲੀਕੇਟ (ਵਧਣ) ਤੋਂ ਰੋਕਦੀ ਹੈ ਅਤੇ ਇਮਿਊਨ ਸਿਸਟਮ ਦੇ ਬੰਦ ਹੋਣ ਤੋਂ ਬਚਾਅ ਕਰਦੀ ਹੈ।

ਇਸ ਦੇ ਕਰਕੇ ਹੀ ਲੱਖਾਂ ਦੀ ਗਿਣਤੀ ਵਿੱਚ ਲੋਕ ਲਾਗ ਦੇ ਬਾਵਜੂਦ ਆਮ ਅਤੇ ਸਿਹਤਯਾਬ ਜ਼ਿੰਦਗੀ ਜੀਅ ਸਕਦੇ ਹਨ।

ਅਪ੍ਰੈਲ 2026 ਵਿੱਚ ਇੱਕ ਅਧਿਐਨ ਨੇ ਖੁਲਾਸਾ ਕੀਤਾ ਕਿ ਦੱਖਣੀ ਅਫਰੀਕਾ ਦੇ ਕਵਾਜ਼ੂਲੂ-ਨਟਾਲ ਵਰਗੇ ਐੱਚਆਈਵੀ ਹੌਟਸਪੋਟ ਖੇਤਰਾਂ ਵਿੱਚ ਐਂਟੀਰੇਟ੍ਰੋਵਾਇਰਲ ਦਵਾਈਆਂ ਦੀ ਵਿਆਪਕ ਵਰਤੋਂ ਨੇ ਮਨੁੱਖਾਂ ਦੇ ਕ੍ਰਮ-ਵਿਕਾਸ (ਇਵੋਲਿਊਸ਼ਨ) ਦੇ ਰਾਹ ਨੂੰ ਬਦਲ ਦਿੱਤਾ।

ਇਨ੍ਹਾਂ ਦਵਾਈਆਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ। ਇਸ ਕਾਰਨ ਮਨੁੱਖੀ ਜੀਨੋਮ ਵਿੱਚ ਉਹ ਬਦਲਾਅ ਨਹੀਂ ਆਏ ਜੋ ਕੁਦਰਤੀ ਚੋਣ ਦੇ ਨਤੀਜੇ ਵਜੋਂ ਹੋ ਸਕਦੇ ਸਨ।

ਪਰ ਬਹੁਤੇ ਮਾਮਲਿਆਂ ਵਿੱਚ ਇਹ ਦਵਾਈਆਂ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੀਆਂ। ਐੱਚਆਈਵੀ ਸਰੀਰ ਦੇ ਕਈ ਟਿਸ਼ੂਜ਼ ਵਿੱਚ ਲੁਕਿਆ ਰਹਿੰਦਾ ਹੈ। ਇਨ੍ਹਾਂ ਵਿੱਚ ਖੂਨ, ਲਿੰਫ ਨੋਡ, ਦਿਮਾਗ ਅਤੇ ਆਂਤਾਂ ਸ਼ਾਮਲ ਹਨ। ਇਹ ਵਾਇਰਸ ਕਈ ਸਾਲਾਂ ਤੱਕ ਸੁੱਤੀ ਹਾਲਤ ਵਿੱਚ ਰਹਿ ਸਕਦਾ ਹੈ। ਇਸ ਦੌਰਾਨ ਇਹ ਆਪਣਾ ਰੂਪ ਵੀ ਬਦਲਦਾ ਰਹਿੰਦਾ ਹੈ ਤਾਂ ਜੋ ਰੋਗ-ਰੋਧਕ ਕੋਸ਼ਿਕਾਵਾਂ ਇਸ ਨੂੰ ਪਛਾਣ ਨਾ ਸਕਣ।

ਦਵਾਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਦਵਾਈਆਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਪਰ ਬਹੁਤੇ ਮਾਮਲਿਆਂ ਵਿੱਚ ਇਹ ਦਵਾਈਆਂ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੀਆਂ (ਸੰਕੇਤਕ ਤਸਵੀਰ)

ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ

ਪਰ ਵਿਲੇਨਬਰਗ ਅਤੇ ਐਸਪੇਰਾਂਜ਼ਾ ਮਰੀਜ਼ ਵਰਗੇ "ਇਲੀਟ ਕੰਟਰੋਲਰਾਂ" ਵਿੱਚ ਇਹ ਨਿਯਮ ਲਾਗੂ ਨਹੀਂ ਹੁੰਦੇ।

ਸ਼ੁਰੂਆਤੀ ਖੋਜ ਦੱਸਦੀ ਹੈ ਕਿ ਐਲੀਟ ਕੰਟਰੋਲਰ ਬਿਨਾਂ ਕਿਸੇ ਦਵਾਈ ਦੇ ਵੀ ਐੱਚਆਈਵੀ ਨੂੰ ਕਾਬੂ ਵਿੱਚ ਰੱਖ ਸਕਦੇ ਹਨ। ਇਸ ਦਾ ਕਾਰਨ ਉਨ੍ਹਾਂ ਦੇ ਖਾਸ ਜੀਨ ਹਨ, ਜੋ ਸਰੀਰ ਦੀ ਅਡੈਪਟਿਵ ਇਮਿਊਨ ਸਿਸਟਮ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਖਾਸ ਤੌਰ 'ਤੇ CD8+ ਟੀ ਸੈੱਲ ਐੱਚਆਈਵੀ ਨੂੰ ਰੋਕਣ ਵਿੱਚ ਬਹੁਤ ਅਸਰਦਾਰ ਹੁੰਦੇ ਹਨ।

ਫਿਰ ਵੀ ਇਹ ਸਵਾਲ ਬਾਕੀ ਸੀ ਕਿ ਇਹ CD8+ ਟੀ ਸੈੱਲ ਐੱਚਆਈਵੀ ਨੂੰ ਇੰਨਾ ਲੰਬਾ ਸਮਾਂ ਕਿਵੇਂ ਕਾਬੂ ਵਿੱਚ ਰੱਖਦੇ ਹਨ। 2020 ਵਿੱਚ ਯੂ ਅਤੇ ਉਨ੍ਹਾਂ ਦੇ ਸਾਥੀਆਂ ਨੇ 64 ਐਲੀਟ ਕੰਟਰੋਲਰਾਂ 'ਤੇ ਅਧਿਐਨ ਕੀਤਾ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੇ ਸਰੀਰ ਨੇ ਵਾਇਰਸ ਨੂੰ ਡੀਐੱਨਏ ਦੇ ਵੱਡੇ ਹਿੱਸਿਆਂ ਵਿੱਚ ਬੰਦ ਕਰ ਦਿੱਤਾ ਸੀ, ਜਿਨ੍ਹਾਂ ਨੂੰ "ਜੀਨ ਡੈਜ਼ਰਟ" ਕਿਹਾ ਜਾਂਦਾ ਹੈ। ਇੱਥੇ ਉਹ ਸਰੀਰ ਨੂੰ ਥੋੜ੍ਹਾ ਨੁਕਸਾਨ ਹੀ ਪਹੁੰਚਾ ਸਕਦੇ ਹਨ।

ਹਰ ਮਨੁੱਖ ਦੇ ਜੀਨੋਮ ਵਿੱਚ ਜੀਨ ਡੈਜ਼ਰਟ ਮੌਜੂਦ ਹੁੰਦੇ ਹਨ। ਇਹ ਡੀਐਨਏ ਦੇ ਉਹ ਹਿੱਸੇ ਹਨ ਜਿੱਥੇ ਕੋਈ ਖਾਸ ਸਰਗਰਮ ਜੀਨ ਨਹੀਂ ਹੁੰਦੇ। ਇਹ ਲੱਗਦਾ ਹੈ ਕਿ ਇਲੀਟ ਕੰਟਰੋਲਰਾਂ ਦੀਆਂ ਰੋਗ-ਰੋਧਕ ਕੋਸ਼ਿਕਾਵਾਂ ਐੱਚਆਈਵੀ ਨੂੰ ਇਨ੍ਹਾਂ ਹਿੱਸਿਆਂ ਵਿੱਚ ਧੱਕ ਦਿੰਦੀਆਂ ਹਨ। ਇਸ ਨਾਲ ਵਾਇਰਸ ਸਰੀਰ ਦੇ ਸਰਗਰਮ ਜੀਨਾਂ ਤੋਂ ਦੂਰ ਹੋ ਜਾਂਦਾ ਹੈ। ਨਤੀਜੇ ਵਜੋਂ ਐੱਚਆਈਵੀ ਫਸ ਜਾਂਦਾ ਹੈ ਅਤੇ ਆਪਣੀ ਗਿਣਤੀ ਨਹੀਂ ਵਧਾ ਸਕਦਾ।

ਪ੍ਰੋਫ਼ੈਸਰ ਯੂ ਕਹਿੰਦੇ ਹਨ, "ਵਾਇਰਸ ਅਜੇ ਵੀ ਮੌਜੂਦ ਹੁੰਦੇ ਹਨ, ਪਰ ਉਹ ਅਜਿਹੀ ਥਾਂ 'ਤੇ ਬੰਦ ਹੁੰਦੇ ਹਨ ਜਿੱਥੇ ਉਹ ਕੁਝ ਨਹੀਂ ਕਰ ਸਕਦੇ, ਇਸ ਖੋਜ ਨੇ ਇਹ ਸਮਝਣ ਦਾ ਰਸਤਾ ਦਿਖਾਇਆ ਹੈ ਕਿ ਐੱਚਆਈਵੀ ਦਾ ਕਾਰਗਰ ਇਲਾਜ ਕਿਹੋ ਜਿਹਾ ਦਿਖ ਸਕਦਾ ਹੈ।"

ਐੱਚਆਈਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਖੋਜ ਦੱਸਦੀ ਹੈ ਕਿ ਐਲੀਟ ਕੰਟਰੋਲਰ ਬਿਨਾਂ ਕਿਸੇ ਦਵਾਈ ਦੇ ਵੀ ਐੱਚਆਈਵੀ ਨੂੰ ਕਾਬੂ ਵਿੱਚ ਰੱਖ ਸਕਦੇ ਹਨ (ਸੰਕੇਤਕ ਤਸਵੀਰ)

ਇਹੀ ਪ੍ਰਕਿਰਿਆ "ਪੋਸਟ-ਟਰੀਟਮੈਂਟ ਕੰਟਰੋਲਰਾਂ" ਵਿੱਚ ਵੀ ਹੋ ਸਕਦੀ ਹੈ। ਇਹ ਲੋਕ ਐਲੀਟ ਕੰਟਰੋਲਰਾਂ ਤੋਂ ਵੱਖਰੇ ਹੁੰਦੇ ਹਨ। ਉਨ੍ਹਾਂ ਨੂੰ ਸ਼ੁਰੂ ਵਿੱਚ ਐੱਚਆਈਵੀ ਨੂੰ ਕਾਬੂ ਕਰਨ ਲਈ ਐਂਟੀਰੇਟ੍ਰੋਵਾਇਰਲ ਦਵਾਈਆਂ ਦੀ ਲੋੜ ਪਈ ਸੀ।

ਪਰ ਕਰੀਬ 20 ਸਾਲ ਦਵਾਈ ਲੈਣ ਤੋਂ ਬਾਅਦ ਉਹ ਇਲਾਜ ਬੰਦ ਕਰਨ ਵਿੱਚ ਕਾਮਯਾਬ ਰਹੇ। ਇਸ ਦੇ ਬਾਵਜੂਦ ਐੱਚਆਈਵੀ ਮੁੜ ਸਰਗਰਮ ਨਹੀਂ ਹੋਇਆ।

ਮੰਨਿਆ ਜਾਂਦਾ ਹੈ ਕਿ ਦਵਾਈਆਂ ਵਾਇਰਸ ਨੂੰ ਦਬਾਉਣ ਵਿੱਚ ਮਦਦ ਕਰਦੀਆਂ ਹਨ। ਇਸ ਨਾਲ ਇਮਿਊਨ ਸਿਸਟਮ ਐਚਆਈਵੀ ਨੂੰ ਜੀਨ ਡੈਜ਼ਰਟ ਵਿੱਚ ਧੱਕਣ ਦੇ ਯੋਗ ਹੋ ਜਾਂਦਾ ਹੈ।

ਨੈਚਰਲ ਕਿਲਰ ਸੈੱਲ

ਹਾਲਾਂਕਿ CD8+ T ਸੈੱਲ ਸ਼ਾਇਦ ਪੂਰੀ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੀ ਹਨ। ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਹੋਰ ਖੋਜਾਂ ਨੇ ਰੋਗ-ਪ੍ਰਤੀਰੋਧਕ ਸੈੱਲਾਂ ਦੇ ਇੱਕ ਹੋਰ ਸਮੂਹ ਦੀ ਪਛਾਣ ਕੀਤੀ ਹੈ, ਜੋ ਐੱਚਆਈਵੀ ਨੂੰ 'ਜੀਨ ਮਾਰੂਥਲ' (ਡੀਐਨਏ ਦੇ ਉਹ ਹਿੱਸੇ ਜਿੱਥੇ ਕੋਈ ਜੀਨ ਨਹੀਂ ਹੁੰਦੇ ਨੂੰ ਜੀਨ ਡੈਜ਼ਰਟ ਕਿਹਾ ਜਾਂਦਾ ਹੈ) ਵਿੱਚ ਧੱਕਣ ਵਿੱਚ ਭੂਮਿਕਾ ਨਿਭਾ ਸਕਦਾ ਹੈ।

ਇੱਕ ਹਾਲੀਆ ਅਧਿਐਨ ਵਿੱਚ ਫ੍ਰਾਂਸ ਦੇ ਮਰੀਜ਼ਾਂ ਦੇ ਇੱਕ ਸਮੂਹ, ਜਿਸ ਨੂੰ ਵਿਸਕੋਂਤੀ ਕੋਹੋਰਟ (Visconti cohort) ਕਿਹਾ ਜਾਂਦਾ ਹੈ, ਵਿੱਚ ਇਸ ਦੇ ਸੰਕੇਤ ਮਿਲੇ ਹਨ।

ਵਿਸਕੋਂਤੀ ਕੋਹੋਰਟ, ਇਲਾਜ ਤੋਂ ਬਾਅਦ ਵੀ ਐੱਚਆਈਵੀ ਨੂੰ ਕਾਬੂ ਵਿੱਚ ਰੱਖਣ ਵਾਲੇ ਲੋਕਾਂ (post-treatment controllers) ਦਾ ਦੁਨੀਆ ਦਾ ਸਭ ਤੋਂ ਵੱਡਾ ਸਮੂਹ ਹੈ।

ਇਨ੍ਹਾਂ 30 ਵਿਸਕੋਂਤੀ ਵਿਅਕਤੀਆਂ ਦਾ ਸ਼ੁਰੂ ਵਿੱਚ ਐਂਟੀਰੈਟ੍ਰੋਵਾਇਰਲ ਦਵਾਈਆਂ ਨਾਲ ਇਲਾਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਬਿਨਾਂ ਦਵਾਈਆਂ ਦੇ ਵੀ ਵਾਇਰਸ ਨਾਲ ਜੀਵਨ ਬਿਤਾਉਣ ਦੇ ਯੋਗ ਰਹੇ ਹਨ, ਅਤੇ ਕੁਝ ਮਾਮਲਿਆਂ ਵਿੱਚ 20 ਸਾਲਾਂ ਤੋਂ ਵੀ ਵੱਧ ਸਮੇਂ ਲਈ।

ਇਸ ਅਧਿਐਨ ਨੇ ਦਿਖਾਇਆ ਕਿ ਵਿਸਕੋਂਤੀ ਮਰੀਜ਼ਾਂ ਵਿੱਚ ਜੀਨ ਦੇ ਅਜਿਹੇ ਰੂਪ (gene variants) ਮੌਜੂਦ ਹਨ, ਜੋ ਉਨ੍ਹਾਂ ਦੇ ਨੈਚਰਲ ਕਿਲਰ ਸੈੱਲਾਂ ਦੇ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ। ਇਹ ਇੱਕ ਕਿਸਮ ਦੇ ਇਮਿਊਨ ਸੈੱਲ ਹੁੰਦੇ ਹਨ ਜੋ ਵਾਇਰਸ ਨਾਲ ਸੰਕਰਮਿਤ ਸੈੱਲਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਸਕਦੇ ਹਨ।

ਐੱਚਆਈਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲੀਟ ਕੰਟਰੋਲਰਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹੁੰਦੀਆਂ ਹਨ ਅਤੇ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਔਰਤਾਂ ਦੀ ਜਨਮਜਾਤ ਰੋਗ-ਪ੍ਰਤੀਰੋਧਕ ਪ੍ਰਣਾਲੀ ਵਿੱਚ ਐੱਚਆਈਵੀ ਨਾਲ ਲੜਨ ਲਈ ਵਧੇਰੇ ਸਮਰੱਥ ਨੈਚਰਲ ਕਿਲਰ ਸੈੱਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ (ਸੰਕੇਤਕ ਤਸਵੀਰ)

CD8+ T ਸੈੱਲਾਂ ਦੇ ਉਲਟ, ਨੈਚਰਲ ਕਿਲਰ ਸੈੱਲ ਇਨਨੇਟ ਇਮਿਊਨ ਸਿਸਟਮ (ਜਨਮਜਾਤ ਰੋਗ-ਪ੍ਰਤੀਰੋਧਕ ਪ੍ਰਣਾਲੀ) ਦਾ ਹਿੱਸਾ ਹੁੰਦੇ ਹਨ। ਇਹ ਸਰੀਰ ਦੀ ਪੈਥੋਜਨਜ਼ (ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂਆਂ) ਦੇ ਵਿਰੁੱਧ ਪਹਿਲੀ ਸੁਰੱਖਿਆ-ਰੇਖਾ ਹੁੰਦੀ ਹੈ, ਜੋ ਜਨਮ ਤੋਂ ਹੀ ਮੌਜੂਦ ਰਹਿੰਦੀ ਹੈ।

ਦੱਖਣੀ ਅਫ਼ਰੀਕਾ ਵਿੱਚ ਵਿਟਵਾਟਰਸਰੈਂਡ ਯੂਨੀਵਰਸਿਟੀ ਅਤੇ ਨੈਸ਼ਨਲ ਹੈਲਥ ਲੈਬੋਰਟਰੀ ਸਰਵਿਸ ਦੇ ਇਮਿਊਨੋਲੋਜੀ ਵਿਭਾਗ ਦੇ ਮੁਖੀ, ਕ੍ਰਿਸਟੀਨਾ ਥੋਬਾਕਗਾਲੇ ਦੇ ਅਨੁਸਾਰ, ਐਲੀਟ ਕੰਟਰੋਲਰਾਂ ਵਿੱਚ ਵੀ ਨੈਚਰਲ ਕਿਲਰ ਸੈੱਲ ਖ਼ਾਸ ਤੌਰ 'ਤੇ ਬਹੁਤ ਸਰਗਰਮ ਹੁੰਦੇ ਹਨ।

ਥੋਬਾਕਗਾਲੇ ਨੇ ਇੱਕ ਅਧਿਐਨ ਕੀਤਾ, ਜਿਸ ਵਿੱਚ ਪਤਾ ਲੱਗਿਆ ਕਿ ਐਲੀਟ ਕੰਟਰੋਲਰਾਂ ਵਿੱਚ ਅਜਿਹੇ ਨੈਚਰਲ ਕਿਲਰ ਸੈੱਲ ਵੱਧ ਗਿਣਤੀ ਵਿੱਚ ਹੁੰਦੇ ਹਨ, ਜੋ CD69 ਨਾਮਕ ਮੌਲਿਕਿਊਲ ਨੂੰ ਪ੍ਰਗਟ ਕਰਦੇ ਹਨ। ਇਹ ਇੱਕ ਕਿਸਮ ਦਾ ਬਾਇਓਮਾਰਕਰ ਹੈ, ਜੋ ਦਰਸਾਉਂਦਾ ਹੈ ਕਿ ਇਹ ਸੈੱਲ ਚੌਕਸ ਹਨ ਅਤੇ ਪ੍ਰਤੀਕਿਰਿਆ ਦੇਣ ਲਈ ਤਿਆਰ ਹਨ।

ਥੋਬਾਕਗਾਲੇ ਦਾ ਕਹਿਣਾ ਹੈ ਕਿ ਇਹ ਪਹਿਲਾਂ ਤੋਂ ਤਿਆਰ (primed) ਨੈਚਰਲ ਕਿਲਰ ਸੈੱਲ ਐਲੀਟ ਕੰਟਰੋਲਰਾਂ ਦੇ ਸਰੀਰ ਵਿੱਚ ਵਿਆਪਕ ਤੌਰ 'ਤੇ ਮੌਜੂਦ ਹੋ ਸਕਦੇ ਹਨ।

ਉਹ ਕਹਿੰਦੇ ਹਨ, "ਸੰਭਵ ਹੈ ਕਿ ਇਹ ਸਰੀਰ ਦੇ ਅੰਦਰੂਨੀ ਹਿੱਸਿਆਂ, ਜਿਵੇਂ ਕਿ ਆਂਤ (gut), ਲਿੰਫ਼ ਨੋਡਾਂ ਜਾਂ ਪ੍ਰਜਨਨ ਮਾਰਗ (reproductive tract) ਵਿੱਚ ਵੀ ਮੌਜੂਦ ਹੋਣ ਅਤੇ ਕੰਮ ਕਰ ਰਹੇ ਹੋਣ, ਜਿੱਥੇ ਐੱਚਆਈਵੀ ਅਕਸਰ ਲੁਕਦਾ ਹੈ ਅਤੇ ਆਪਣੀ ਗਿਣਤੀ ਵਧਾਉਂਦਾ ਹੈ।"

ਜੇ ਅੱਗੇ ਦੀ ਖੋਜ ਇਸ ਗੱਲ ਨੂੰ ਸਹੀ ਸਾਬਤ ਕਰਦੀ ਹੈ, ਤਾਂ ਥੈਰੇਪਿਊਟਿਕ ਵੈਕਸੀਨਾਂ ਰਾਹੀਂ ਸਿਰਫ਼ ਖ਼ੂਨ ਵਿੱਚ ਹੀ ਨਹੀਂ, ਸਗੋਂ ਲਿੰਫ਼ ਨੋਡਾਂ ਅਤੇ ਹੋਰ ਟਿਸ਼ੂਆਂ ਵਿੱਚ ਵੀ ਨੈਚਰਲ ਕਿਲਰ ਸੈੱਲਾਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਤਾਂ ਜੋ ਐਲੀਟ ਕੰਟਰੋਲਰਾਂ ਬਾਇਓਲਾਜੀ ਦੀ ਨਕਲ ਕੀਤੀ ਜਾ ਸਕੇ।

ਥੋਬਾਕਗਾਲੇ ਕਹਿੰਦੇ ਹਨ, "ਐੱਚਆਈਵੀ ਦੇ ਇਲਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਇਹ ਹੈ ਕਿ ਵਾਇਰਸ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਲੁਕਿਆ ਰਹਿੰਦਾ ਹੈ। ਬਹੁਤ ਜ਼ਿਆਦਾ ਸਰਗਰਮ ਅਤੇ ਕੁਸ਼ਲ ਨੈਚਰਲ ਕਿਲਰ ਸੈੱਲ ਐੱਚਆਈਵੀ ਦੇ ਇਨ੍ਹਾਂ ਲੁਕੇ ਹੋਏ ਠਿਕਾਣਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਵਿੱਚ ਮਦਦ ਕਰ ਸਕਦੇ ਹਨ।"

ਔਰਤਾਂ ਦੀ ਭੂਮਿਕਾ

ਵਿਲੇਨਬਰਗ

ਤਸਵੀਰ ਸਰੋਤ, Ari Michelson/ AUGUST

ਤਸਵੀਰ ਕੈਪਸ਼ਨ, ਭਾਵੇਂ ਵਿਲੇਨਬਰਗ ਓਨਾ ਲੰਮਾ ਨਹੀਂ ਜਿਓਂ ਸਕੇ ਕਿ ਇਸ ਮਹਾਮਾਰੀ ਦਾ ਅੰਤ ਦੇਖ ਸਕਣ, ਪਰ ਉਨ੍ਹਾਂ ਵੱਲੋਂ ਜਗਾਈ ਗਈ ਉਮੀਦ ਅੱਜ ਵੀ ਕਾਇਮ ਹੈ

ਯੂ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਸੰਭਵ ਹੈ ਕਿ ਇਸ ਕਿਸਮ ਦੇ ਇਲਾਜ ਐੱਚਆਈਵੀ ਨਾਲ ਜਿਓਂ ਰਹੀਆਂ ਔਰਤਾਂ ਲਈ ਸਭ ਤੋਂ ਵੱਧ ਲਾਭਦਾਇਕ ਸਾਬਿਤ ਹੋਣ।

ਐਲੀਟ ਕੰਟਰੋਲਰਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹੁੰਦੀਆਂ ਹਨ ਅਤੇ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਮਹਿਲਾਵਾਂ ਦੀ ਜਨਮਜਾਤ ਰੋਗ-ਪ੍ਰਤੀਰੋਧਕ ਪ੍ਰਣਾਲੀ ਵਿੱਚ ਐੱਚਆਈਵੀ ਨਾਲ ਲੜਨ ਲਈ ਵਧੇਰੇ ਸਮਰੱਥ ਨੈਚਰਲ ਕਿਲਰ ਸੈੱਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਹਾਲਾਂਕਿ, ਇਤਿਹਾਸਕ ਤੌਰ 'ਤੇ ਵਾਇਰਸ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਕੀਤੇ ਗਏ ਜ਼ਿਆਦਾਤਰ ਟ੍ਰਾਇਲ ਮਰਦਾਂ ਉੱਤੇ ਹੀ ਕੀਤੇ ਗਏ ਹਨ।

ਯੂ ਕਹਿੰਦੇ ਹਨ, "ਅਸੀਂ ਇਲਾਜ ਨਾਲ ਸੰਬੰਧਿਤ ਟ੍ਰਾਇਲਾਂ ਅਤੇ ਅਧਿਐਨਾਂ ਵਿੱਚ ਮਹਿਲਾਵਾਂ ਦਾ ਬਹੁਤਾ ਅਧਿਐਨ ਨਹੀਂ ਕਰਦੇ। ਪਰ ਮਹਿਲਾਵਾਂ ਦੇ ਐਲੀਟ ਕੰਟਰੋਲਰ ਬਣਨ ਦੀ ਸੰਭਾਵਨਾ ਮਰਦਾਂ ਦੇ ਮੁਕਾਬਲੇ ਦੋ ਤੋਂ ਪੰਜ ਗੁਣਾ ਵੱਧ ਹੁੰਦੀ ਹੈ।"

ਵਿਲੇਨਬਰਗ ਖੁਦ ਇਹ ਦੇਖਣ ਲਈ ਉਤਸੁਕ ਸਨ ਕਿ ਉਨ੍ਹਾਂ ਵਰਗੇ ਐਲੀਟ ਕੰਟਰੋਲਰਾਂ ਦੇ ਅਧਿਐਨ ਤੋਂ ਪ੍ਰਾਪਤ ਜਾਣਕਾਰੀ ਦਾ ਇਸਤੇਮਾਲ ਉਨ੍ਹਾਂ ਲੋਕਾਂ ਲਈ ਬਿਹਤਰ ਨਤੀਜੇ ਪ੍ਰਾਪਤ ਕਰਨ ਵਿੱਚ ਕਿਵੇਂ ਕੀਤਾ ਜਾ ਸਕਦਾ ਹੈ ਜੋ ਅਜੇ ਵੀ ਇਸ ਵਾਇਰਸ ਨਾਲ ਜਿਓਂ ਰਹੇ ਹਨ।

ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਵਿਲੇਨਬਰਗ ਨੇ ਕਿਹਾ ਸੀ, "ਮੈਂ ਇੰਨੀ ਲੰਬੀ ਜ਼ਿੰਦਗੀ ਜੀਉਣਾ ਚਾਹੁੰਦੀ ਹਾਂ ਕਿ ਇਸ ਮਹਾਮਾਰੀ ਦਾ ਅੰਤ ਦੇਖ ਸਕਾਂ। ਜੇ ਮੇਰੇ ਯੋਗਦਾਨ ਨਾਲ ਇਸ ਵਿੱਚ ਕੋਈ ਵੀ ਮਦਦ ਮਿਲਦੀ ਹੈ, ਤਾਂ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਜਦੋਂ ਤੱਕ ਮੈਂ ਸਮਰੱਥ ਹਾਂ, ਮੈਂ ਲੋਕਾਂ ਲਈ ਉਮੀਦ ਦੀ ਕਿਰਨ ਬਣੇ ਰਹਿਣ ਦੀ ਕੋਸ਼ਿਸ਼ ਕਰਦੀ ਰਹਾਂਗੀ।"

ਭਾਵੇਂ ਵਿਲੇਨਬਰਗ ਓਨਾ ਲੰਮਾ ਨਹੀਂ ਜਿਓਂ ਸਕੇ ਕਿ ਇਸ ਮਹਾਮਾਰੀ ਦਾ ਅੰਤ ਦੇਖ ਸਕਣ, ਪਰ ਉਨ੍ਹਾਂ ਵੱਲੋਂ ਜਗਾਈ ਗਈ ਉਮੀਦ ਅੱਜ ਵੀ ਕਾਇਮ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)