ਵੈਨਕੂਵਰ ਪੁਲਿਸ ਵੱਲੋਂ ਆਪਣੇ ਇੱਕ ਅਧਿਕਾਰੀ ਕਲਵਿੰਦਰ ਸਿੰਘ ਦੋਸਾਂਝ ਨੂੰ ਗ੍ਰਿਫ਼ਤਾਰ ਕਰਨ ਦਾ ਕੀ ਹੈ ਮਾਮਲਾ

ਕਲਵਿੰਦਰ ਸਿੰਘ ਦੋਸਾਂਝ

ਤਸਵੀਰ ਸਰੋਤ, Kal Dosanjh / FB

ਤਸਵੀਰ ਕੈਪਸ਼ਨ, ਵੈਨਕੂਵਰ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਕਲਵਿੰਦਰ ਸਿੰਘ ਦੋਸਾਂਝ ਨੂੰ 3 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਵੈਨਕੂਵਰ ਪੁਲਿਸ ਨੇ ਆਪਣੇ ਇੱਕ ਅਧਿਕਾਰੀ (ਹੁਣ ਮੁਅੱਤਲ) ਕਲਵਿੰਦਰ ਸਿੰਘ ਦੋਸਾਂਝ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਮੂਲ ਦੇ ਕਲਵਿੰਦਰ ਸਿੰਘ 'ਤੇ ਧੋਖਾਧੜੀ ਦੇ ਇਲਜ਼ਾਮ ਹਨ।

ਵੈਨਕੂਵਰ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਦੋਸਾਂਝ ਨੂੰ 3 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕ੍ਰਾਊਨ ਕਾਊਂਸਲ ਨੇ 50 ਸਾਲਾ ਕਲਵਿੰਦਰ ਸਿੰਘ ਦੋਸਾਂਝ ਅਤੇ ਇੱਕ ਹੋਰ 51 ਸਾਲਾ ਵਿਅਕਤੀ ਸਰਬਜੀਤ ਸਿੰਘ ਗਿੱਲ ਖ਼ਿਲਾਫ਼ ਚਾਰਜ ਫਰੇਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਸੀਬੀਸੀ ਦੀ ਰਿਪੋਰਟ ਮੁਤਾਬਕ, ਇਹ ਮਾਮਲਾ ਕਥਿਤ ਤੌਰ 'ਤੇ ਘੱਟੋ-ਘੱਟ 19 ਲੋਕਾਂ ਕੋਲੋਂ ਕੁੱਲ ਮਿਲਾ ਕੇ 3 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਹੈ।

ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਵੈਨਕੂਵਰ ਪੁਲਿਸ ਦੇ ਚੀਫ਼ ਕਾਂਸਟੇਬਲ ਸਟੀਵ ਰਾਏ ਨੇ ਕਿਹਾ ਕਿ ਦੋਸਾਂਝ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਵੈਨਕੂਵਰ ਪੁਲਿਸ ਬੋਰਡ ਨੂੰ ਸਿਫ਼ਾਰਸ਼ ਕੀਤੀ ਹੈ ਕਿ ਇਹ ਮੁਅੱਤਲੀ ਬਿਨਾਂ ਤਨਖ਼ਾਹ ਦੇ ਲਾਗੂ ਕੀਤੀ ਜਾਵੇ।

ਕੀ ਹੈ ਮਾਮਲਾ?

ਵੈਨਕੂਵਰ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਵੈਨਕੂਵਰ ਪੁਲਿਸ ਦੇ ਚੀਫ਼ ਕਾਂਸਟੇਬਲ ਸਟੀਵ ਰਾਏ ਨੇ ਕਿਹਾ ਕਿ ਦੋਸਾਂਝ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ (ਸੰਕੇਤਕ ਤਸਵੀਰ)

ਕਿਉਂਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਅਦਾਲਤ ਵਿੱਚ ਜਾਰੀ ਹੈ, ਇਸ ਲਈ ਵੈਨਕੂਵਰ ਪੁਲਿਸ ਨੇ ਫਿਲਹਾਲ ਇਸ ਬਾਰੇ ਸੀਮਿਤ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਮੁਤਾਬਕ, ਇਹ ਮਾਮਲਾ ਦਸੰਬਰ 2023 ਵਿੱਚ ਸਾਹਮਣੇ ਆਇਆ ਸੀ, ਜਦੋਂ ਵੈਨਕੂਵਰ ਪੁਲਿਸ ਨੂੰ ਕਈ ਪੀੜਤਾਂ ਤੋਂ ਜਾਣਕਾਰੀ ਮਿਲੀ, ਜਿਸ ਵਿੱਚ ਕੁਲਵਿੰਦਰ ਦੋਸਾਂਝ ਨਾਲ ਜੁੜੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਬਾਰੇ ਇਲਜ਼ਾਮ ਲਗਾਏ ਗਏ ਸਨ।

ਇਨ੍ਹਾਂ ਇਲਜ਼ਾਮਾਂ ਨਾਲ ਸਬੰਧਿਤ ਘਟਨਾਵਾਂ 2017 ਅਤੇ 2025 ਦੇ ਵਿਚਕਾਰ ਹੋਈਆਂ।

ਉਸ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ ਦੋਸਾਂਝ ਦੀਆਂ ਕਾਰਵਾਈਆਂ ਦੀ ਜਾਂਚ ਸ਼ੁਰੂ ਕੀਤੀ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ।

ਦੱਸਿਆ ਗਿਆ ਹੈ ਕਿ ਵੈਨਕੂਵਰ ਪੁਲਿਸ ਵਿਭਾਗ ਦੀ ਅਗਵਾਈ ਹੇਠ ਇੱਕ ਲੰਬੀ ਅਤੇ ਡੂੰਘੀ ਜਾਂਚ ਤੋਂ ਬਾਅਦ, ਕਥਿਤ ਅਪਰਾਧਿਕ ਗਤੀਵਿਧੀਆਂ ਲਈ ਵਿਭਾਗ ਦੇ ਹੀ ਇੱਕ ਮੈਂਬਰ ਕਲਵਿੰਦਰ ਸਿੰਘ ਦੋਸਾਂਝ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪ੍ਰਾਪਰਟੀ ਡਿਵੈਲਪਮੈਂਟ ਪ੍ਰੋਜੈਕਟਾਂ ਵਿੱਚ ਧੋਖਾਧੜੀ ਦੇ ਇਲਜ਼ਾਮ

ਕਲਵਿੰਦਰ ਸਿੰਘ ਦੋਸਾਂਝ

ਤਸਵੀਰ ਸਰੋਤ, Kal Dosanjh / FB

ਤਸਵੀਰ ਕੈਪਸ਼ਨ, ਕਲਵਿੰਦਰ ਸਿੰਘ ਦੋਸਾਂਝ 'ਤੇ ਧੋਖਾਧੜੀ ਦੇ ਇਲਜ਼ਾਮ ਹਨ

ਸੀਸੀਬੀ ਦੀ ਰਿਪੋਰਟ ਮੁਤਾਬਕ, ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ, ਕਈ ਇਲਜ਼ਾਮ ਅਜ਼ੂਰਾ, ਕਵੀਨਜ਼ ਪਾਰਕ ਅਤੇ ਸਹਾਰਾ ਡਿਵੈਲਪਮੈਂਟ ਪ੍ਰੋਜੈਕਟਾਂ ਵਿੱਚ ਨਿਵੇਸ਼ਕਾਂ ਨਾਲ ਕਥਿਤ ਧੋਖਾਧੜੀ ਅਤੇ ਚੋਰੀ ਨਾਲ ਜੁੜੇ ਹਨ।

ਰਿਪੋਰਟ ਮੁਤਾਬਕ, ਇਨ੍ਹਾਂ ਇਲਜ਼ਾਮਾਂ ਵਿੱਚ ਸਰਬਜੀਤ ਸਿੰਘ ਗਿੱਲ ਵੀ ਸਹਿ-ਮੁਲਜ਼ਮ ਵਜੋਂ ਸ਼ਾਮਿਲ ਹਨ, ਜਿਨ੍ਹਾਂ ਨੂੰ ਪੁਲਿਸ ਨੇ ਦੋਸਾਂਝ ਦਾ ਬਿਜ਼ਨਸ ਪਾਰਟਨਰ ਦੱਸਿਆ ਹੈ।

ਢਾਈ ਸਾਲ ਤੱਕ ਚੱਲੀ ਜਾਂਚ ਦੀ ਅਗਵਾਈ ਕਰਨ ਵਾਲੇ ਸੁਪਰਿਟੇਂਡੈਂਟ ਮਾਈਕ ਰਿਚੀ ਨੇ ਕਿਹਾ, "ਇਹ ਸਿਲਸਿਲਾ ਕਈ ਸਾਲਾਂ ਤੱਕ ਚੱਲਦਾ ਰਿਹਾ, ਜਦੋਂ ਤੱਕ ਪੀੜਤਾਂ ਨੇ ਉਨ੍ਹਾਂ ਗੱਲਾਂ ਦੀ ਸੱਚਾਈ 'ਤੇ ਸਵਾਲ ਉਠਾਉਣੇ ਸ਼ੁਰੂ ਨਹੀਂ ਕਰ ਦਿੱਤੇ।"

ਉਨ੍ਹਾਂ ਕਿਹਾ, "2023 ਤੱਕ ਸਾਨੂੰ ਇਸ ਬਾਰੇ ਅੰਦਰੂਨੀ ਤੌਰ 'ਤੇ ਕੋਈ ਜਾਣਕਾਰੀ ਨਹੀਂ ਸੀ।"

ਦੋਸਾਂਝ 'ਤੇ ਕਿਡਸਪਲੇ ਯੂਥ ਫਾਊਂਡੇਸ਼ਨ ਨਾਲ ਧੋਖਾਧੜੀ ਅਤੇ ਚੋਰੀ ਦੇ ਵੀ ਦੋ ਇਲਜ਼ਾਮ ਹਨ। ਕੁਲਵਿੰਦਰ ਦੋਸਾਂਝ ਨੇ 2015 ਵਿੱਚ ਇਸ ਚੈਰਿਟੀ ਦੀ ਸ਼ੁਰੂਆਤ "ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਨੂੰ ਅਪਰਾਧ ਦੀ ਦੁਨੀਆ ਤੋਂ ਦੂਰ ਰੱਖਣ" ਦੇ ਮਕਸਦ ਨਾਲ ਕੀਤੀ ਸੀ।

ਰਿਚੀ ਨੇ ਪੁਸ਼ਟੀ ਕੀਤੀ ਕਿ ਪੁਲਿਸ ਨੇ ਕਿਡਸਪਲੇ ਦੇ ਦਫ਼ਤਰ ਦੀ ਤਲਾਸ਼ੀ ਲਈ ਸੀ।

ਉਨ੍ਹਾਂ ਦੱਸਿਆ,''ਸੂਬੇ ਦਾ ਸਿਵਲ ਫ਼ੋਰਫ਼ੀਚਰ ਆਫ਼ਿਸ "ਕਾਫ਼ੀ ਸਮੇਂ ਤੋਂ" ਇੱਕ ਵੱਖਰੀ ਪਰ ਸਮਾਨਾਂਤਰ ਪ੍ਰਕਿਰਿਆ ਵਿੱਚ ਲੱਗਿਆ ਹੋਇਆ ਹੈ, ਪੁਲਿਸ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀ ਕਿ ਹੋਰ ਪੁਲਿਸ ਜਾਂਚ ਅਤੇ ਅਪਰਾਧਿਕ ਇਲਜ਼ਾਮ ਲਗਾਏ ਜਾਣ ਦੀ ਸੰਭਾਵਨਾ ਹੋ ਸਕਦੀ ਹੈ।''

ਕੁਲਵਿੰਦਰ ਦੋਸਾਂਝ 'ਤੇ ਲੱਗੇ ਇਹ ਇਲਜ਼ਾਮ

ਪੁਲਿਸ ਦੇ ਅਧਿਕਾਰਿਤ ਬਿਆਨ ਮੁਤਾਬਕ, ਕੁਲਵਿੰਦਰ ਦੋਸਾਂਝ 'ਤੇ ਹੇਠ ਲਿਖੇ ਇਲਜ਼ਾਮ ਲਗਾਏ ਗਏ ਹਨ:

  • 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ ਮਾਮਲੇ
  • 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਮਾਮਲੇ ਅਤੇ
  • ਭਰੋਸੇ ਦੀ ਉਲੰਘਣਾ ਦਾ ਇੱਕ ਮਾਮਲਾ

ਪੁਲਿਸ ਨੇ ਕੀ ਕਿਹਾ

ਧੋਖਾਧੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਅਤੇ ਪੀੜਤ ਵੀ ਹੋ ਸਕਦੇ ਹਨ, ਜਿਨ੍ਹਾਂ ਕੋਲ ਕੁਲਵਿੰਦਰ ਦੋਸਾਂਝ ਦੇ ਕਥਿਤ ਵਿਹਾਰ ਬਾਰੇ ਜਾਣਕਾਰੀ ਹੋਵੇ, ਪਰ ਉਹ ਅਜੇ ਤੱਕ ਸਾਹਮਣੇ ਨਹੀਂ ਆਏ ਹਨ

ਵੈਨਕੂਵਰ ਪੁਲਿਸ ਦੇ ਚੀਫ਼ ਕਾਂਸਟੇਬਲ ਸਟੀਵ ਰਾਏ ਦੇ ਬਿਆਨ ਮੁਤਾਬਕ, ''ਇਹ ਮਾਮਲਾ ਵੈਨਕੂਵਰ ਪੁਲਿਸ ਵਿਭਾਗ (ਵੀਪੀਡੀ) ਲਈ ਬਹੁਤ ਮਹੱਤਵਪੂਰਨ ਅਤੇ ਬੇਹੱਦ ਚਿੰਤਾਜਨਕ ਹੈ।''

''ਉਨ੍ਹਾਂ ਦੇ ਇੱਕ ਅਧਿਕਾਰੀ ਦੀ ਗ੍ਰਿਫ਼ਤਾਰੀ ਉਸ ਜਨਤਕ ਭਰੋਸੇ ਨੂੰ ਠੇਸ ਪਹੁੰਚਾਉਂਦੀ ਹੈ, ਜਿਸ ਨੂੰ ਹਾਸਿਲ ਕਰਨ ਅਤੇ ਕਾਇਮ ਰੱਖਣ ਲਈ ਅਸੀਂ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਾਂ।''

''ਇਸ ਤਰ੍ਹਾਂ ਦੀਆਂ ਘਟਨਾਵਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਹਨ ਅਤੇ ਸਾਡੀ ਸੰਸਥਾ ਦੇ ਮੂਲ ਮੁੱਲਾਂ ਦੇ ਖ਼ਿਲਾਫ਼ ਹਨ, ਇਨ੍ਹਾਂ ਲਈ ਡੂੰਘੀ, ਪਾਰਦਰਸ਼ੀ ਅਤੇ ਦ੍ਰਿੜ੍ਹ ਪ੍ਰਤੀਕਿਰਿਆ ਦੀ ਲੋੜ ਹੈ।

ਇਸ ਦੌਰਾਨ ਚੀਫ਼ ਕਾਂਸਟੇਬਲ ਸਟੀਵ ਰਾਏ ਉਨ੍ਹਾਂ 19 ਪੀੜਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹੌਸਲਾ ਰੱਖਦੇ ਹੋਏ ਜਾਂਚ 'ਚ ਸਹਿਯੋਗ ਦਿੱਤਾ।

ਉਨ੍ਹਾਂ ਕਿਹਾ, ''ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੀ ਗੱਲ ਸੁਣ ਰਹੇ ਹਾਂ। ਤੁਹਾਡੀ ਆਵਾਜ਼ ਮਾਅਨੇ ਰੱਖਦੀ ਹੈ, ਅਤੇ ਤੁਸੀਂ ਨਾ ਸਿਰਫ਼ ਆਪਣੇ ਲਈ, ਸਗੋਂ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਵੀ ਬਦਲਾਅ ਲਿਆਂਦਾ ਹੈ।''

ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਅਤੇ ਪੀੜਤ ਵੀ ਹੋ ਸਕਦੇ ਹਨ, ਜਿਨ੍ਹਾਂ ਕੋਲ ਕੁਲਵਿੰਦਰ ਦੋਸਾਂਝ ਦੇ ਵਿਹਾਰ ਬਾਰੇ ਜਾਣਕਾਰੀ ਹੋਵੇ, ਪਰ ਉਹ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਇਸ ਸਬੰਧੀ ਪੁਲਿਸ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)