You’re viewing a text-only version of this website that uses less data. View the main version of the website including all images and videos.
ਪੰਜਾਬ ਕਿੰਗਜ਼ ਦੀ ਆਈਪੀਐੱਲ ਵਿੱਚ 6ਵੀਂ ਜਿੱਤ, ਸਭ ਤੋਂ ਵੱਡਾ ਰਨ ਚੇਜ਼ ਕਰਕੇ ਰਚਿਆ ਇਤਿਹਾਸ ਤੇ ਤੋੜਿਆ ਆਪਣਾ ਹੀ ਰਿਕਾਰਡ
ਆਈਪੀਐੱਲ ਦੇ ਇਸ ਸੀਜ਼ਨ 'ਚ ਪੰਜਾਬ ਕਿੰਗਜ਼ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ 6ਵੀਂ ਜਿੱਤ ਦਰਜ ਕਰ ਲਈ ਹੈ।
ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਨਾਲ ਹੋਏ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਹੁਣ ਤੱਕ ਦਾ ਸਭ ਤੋਂ ਵੱਡਾ 265 ਦੌੜਾਂ ਦਾ ਟੀਚਾ ਸਫਲਤਾਪੂਰਵਕ ਹਾਸਲ ਕਰ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
ਆਈਪੀਐਲ ਦਾ ਸਭ ਤੋਂ ਸਫ਼ਲ ਰਨ ਚੇਜ਼
ਪੰਜਾਬ ਦੇ ਓਪਨਿੰਗ ਬੱਲੇਬਾਜ਼ਾਂ ਨੇ ਸ਼ੁਰੂਆਤ 'ਚ ਹੀ ਮਜ਼ਬੂਤ ਨੀਂਹ ਰੱਖੀ ਜਿਸ ਦੀ ਬਦੌਲਤ ਟੀਮ ਵੱਡਾ ਸਕੋਰ ਚੇਜ਼ ਕਰਨ 'ਚ ਕਾਮਯਾਬ ਰਹੀ।
ਬੱਲੇਬਾਜ਼ ਪ੍ਰਿਆਂਸ਼ ਆਰਿਆ ਨੇ 17 ਗੇਂਦਾਂ 'ਚ 43 ਦੌੜਾਂ ਅਤੇ ਪ੍ਰਭਸਿਮਰਨ ਸਿੰਘ ਨੇ 26 ਗੇਂਦਾਂ 'ਚ 76 ਦੌੜਾਂ ਬਣਾਈਆਂ। ਕੂਪਰ ਕੋਨੋਲੀ ਨੇ 10 ਗੇਂਦਾਂ 'ਚ 17 ਦੌੜਾਂ ਅਤੇ ਨੇਹਾਲ ਵਡੇਰਾ ਨੇ 15 ਗੇਂਦਾਂ 'ਚ 25 ਦੌੜਾਂ ਬਣਾਈਆਂ।
ਕਪਤਾਨ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਚ ਨਾਬਾਦ 71 ਦੌੜਾਂ ਬਣਾਈਆਂ ਅਤੇ ਸ਼ਸ਼ਾਂਕ ਸਿੰਘ ਨੇ 10 ਗੇਂਦਾਂ 'ਚ ਨਾਬਾਦ 19 ਦੌੜਾਂ ਦੀ ਪਾਰੀ ਖੇਡੀ।
ਪੰਜਾਬ ਕਿੰਗਜ਼ ਨੇ 18.5 ਓਵਰਾਂ 'ਚ ਹੀ ਇਹ ਮੁਕਾਬਲਾ ਜਿੱਤ ਲਿਆ।
ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, "ਮੇਰੇ ਕੋਲ ਸ਼ਬਦ ਘੱਟ ਪੈ ਰਹੇ ਹਨ। ਸਭ ਤੋਂ ਪਹਿਲਾਂ, ਉੱਥੇ ਫੀਲਡਿੰਗ ਕਰਨ ਲਈ ਬਹੁਤ ਤੇਜ਼ ਗਰਮੀ ਸੀ। ਸਾਨੂੰ ਲੱਗਾ ਸੀ ਕਿ ਪਿਚ 'ਤੇ ਟਰਨ ਮਿਲੇਗਾ ਪਰ ਅਜਿਹਾ ਜ਼ਿਆਦਾ ਨਹੀਂ ਹੋਇਆ। ਗੇਂਦ ਥੋੜ੍ਹਾ ਰੁਕ ਕੇ ਆ ਰਹੀ ਸੀ।"
ਸ਼੍ਰੇਅਸ ਨੇ ਅੱਗੇ ਕਿਹਾ, "ਕੇੇਐਲ ਰਾਹੁਲ ਨੂੰ ਸਿਹਰਾ ਜਾਂਦਾ ਹੈ। ਮੇਰੇ ਮਨ 'ਚ ਇਹੀ ਚੱਲ ਰਿਹਾ ਸੀ ਕਿ ਹੁਣ ਉਹ ਜਿੰਨੇ ਮਰਜ਼ੀ ਰਨ ਬਣਾ ਲੈਣ। ਅਸੀਂ ਉਨ੍ਹਾਂ ਤੋਂ ਇੱਕ ਰਨ ਵਧ ਬਣਾਉਣਾ ਹੈ।"
"ਉਹ ਹਾਲਾਤ ਮੁਤਾਬਕ ਖੇਡਦੇ ਹੋਏ ਸ਼ਾਨਦਾਰ ਸ਼ੌਟਸ ਲਗਾ ਰਹੇ ਸਨ। ਮੈਂ ਬਸ ਇੰਨਾ ਕਿਹਾ ਕਿ ਜੇਕਰ ਉਹ ਕਰ ਸਕਦੇ ਹਨ ਤਾਂ ਅਸੀਂ ਵੀ ਕਰ ਸਕਦੇ ਹਾਂ। ਅਸੀਂ ਪਹਿਲਾਂ ਵੀ 220 ਜਾਂ 225 ਦੌੜਾਂ ਦਾ ਟੀਚਾ ਕੁਝ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਚੁੱਕੇ ਹਾਂ।"
ਉਨ੍ਹਾਂ ਅੱਗੇ ਕਿਹਾ, "ਇਸ ਲਈ ਸੋਚ ਉਹੀ ਸੀ ਕਿ ਪਾਵਰਪਲੇਅ 'ਚ ਜਿੰਨੇ ਹੋ ਸਕਣ, ਓਨੀਆਂ ਦੌੜਾਂ ਬਣਾਈਆਂ। ਅਜੇ ਸਾਡਾ ਫੋਕਸ ਹੈ ਕਿ ਮੈਦਾਨ 'ਤੇ ਜਾ ਕੇ ਖੇਡ ਦਾ ਅਨੰਦ ਲਈਏ। ਇਹ ਤਿੰਨ ਦਿਨ ਦੀ ਸਖਤ ਮਿਹਨਤ ਸੀ, ਜਿਸ 'ਚ ਪ੍ਰੈਕਟਿਸ ਅਤੇ ਗਰਮੀ 'ਚ ਖੇਡਣਾ ਸ਼ਾਮਿਲ ਰਿਹਾ।"
ਹੁਣ ਤੱਕ ਦੇ ਸਭ ਤੋਂ ਸਫ਼ਲ ਰਨ ਚੇਜ਼
ਪੰਜਾਬ ਕਿੰਗਜ਼ ਨੇ 2024 'ਚ ਕੇਕੇਆਰ ਖਿਲਾਫ 262 ਦੌੜਾਂ ਦਾ ਸਫਲ ਰਨ ਚੇਜ਼ ਕੀਤਾ ਸੀ।
ਇਸ ਲਿਸਟ 'ਚ ਤੀਜੇ ਨੰਬਰ 'ਤੇ ਸਨਰਾਈਜ਼ਰਸ ਹੈਦਰਾਬਾਦ ਦਾ ਨਾਂਅ ਆਉਂਦਾ ਹੈ ਜਿਸਨੇ 2025 'ਚ ਪੰਜਾਬ ਕਿੰਗਜ਼ ਖਿਲਾਫ 246 ਦੌੜਾਂ ਦਾ ਸਫ਼ਲ ਰਨ ਚੇਜ਼ ਕੀਤਾ ਸੀ।
ਚੌਥੇ ਨੰਬਰ 'ਤੇ 2025 'ਚ ਹੀ ਰੋਇਲ ਚੈਲੇਂਜਰਸ ਨੇ ਲਖਨਊ ਸੁਪਰ ਜਾਇੰਟਸ ਖਿਲਾਫ 228 ਦੌੜਾਂ ਅਤੇ ਸਾਲ 2020 'ਚ ਰਾਜਸਥਾਨ ਰੋਇਲਜ਼ ਨੇ ਪੰਜਾਬ ਕਿੰਗਜ਼ ਖਿਲਾਫ 224 ਦੌੜਾਂ ਦਾ ਸਫ਼ਲ ਰਨ ਚੇਜ਼ ਕੀਤਾ ਸੀ।
ਆਈਪੀਐਲ 'ਚ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ
ਕੇਐਲ ਰਾਹੁਲ ਨੇ 152 ਦੌੜਾਂ ਦੀ ਪਾਰੀ 'ਚ 16 ਚੌਕੇ ਅਤੇ 9 ਛੱਕੇ ਲਗਾਏ।
ਆਈਪੀਐੱਲ ਦੇ ਇਤਿਹਾਸ 'ਚ ਇਹ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ।
ਦੂਜੇ ਨੰਬਰ 'ਤੇ ਰਿਸ਼ਭ ਪੰਤ ਦਾ ਨਾਂਅ ਹੈ ਜਿਨ੍ਹਾਂ ਨੇ 2018 'ਚ ਨਾਬਾਦ 128 ਦੌੜਾਂ ਬਣਾਈਆਂ ਸਨ।
ਆਈਪੀਐਲ ਦੇ 19 ਸਾਲ ਦੇ ਇਤਿਹਾਸ 'ਚ ਕੇਐਲ ਰਾਹੁਲ ਤੋਂ ਇਲਾਵਾ ਸਿਰਫ਼ ਦੋ ਬੱਲੇਬਾਜ਼ਾਂ ਵੱਲੋਂ ਇੱਕ ਪਾਰੀ 'ਚ 150 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਗਈਆਂ ਹਨ।
ਸਭ ਤੋਂ ਪਹਿਲਾਂ ਇਹ ਕਾਰਨਾਮਾ 2008 'ਚ 18 ਅਪ੍ਰੈਲ ਨੂੰ ਆਈਪੀਐਲ ਦੇ ਪਹਿਲੇ ਸੀਜ਼ਨ 'ਚ ਬੈਂਡਨ ਮੈਕੂਲਮ ਨੇ ਦਿਖਾਇਆ ਸੀ। ਕੇਕੇਆਰ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਆਰਸੀਬੀ ਦੇ ਖਿਲਾਫ 158 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਮੈਕੂਲਮ ਨੇ 73 ਗੇਂਦਾਂ ਦਾ ਸਾਹਮਣਾ ਕੀਤਾ ਸੀ।
ਜਦੋਂਕਿ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਸਾਲ 2013 'ਚ ਆਰਸੀਬੀ ਵੱਲੋਂ ਖੇਡਦੇ ਹੋਏ ਵਾਰੀਅਰਸ ਪੁਣੇ ਖਿਲਾਫ 175 ਦੌੜਾਂ ਦੀ ਪਾਰੀ ਖੇਡੀ ਸੀ। ਗੇਲ ਨੇ ਮਹਿਜ਼ 66 ਗੇਂਦਾਂ 'ਚ ਇਹ ਸਕੋਰ ਬਣਾਇਆ ਸੀ।
ਅਤੇ ਹੁਣ ਇਸ ਲਿਸਟ 'ਚ ਕੇਐਲ ਰਾਹੁਲ ਦਾ ਵੀ ਨਾਂਅ ਸ਼ਾਮਿਲ ਹੈ। ਹਾਲਾਂਕਿ 150 ਤੋਂ ਵੱਧ ਸਕੋਰ ਬਣਾਉਣ ਵਾਲੇ ਕੇਐਲ ਰਾਹੁਲ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਰਾਹੁਲ ਦਾ ਸੈਂਕੜਾ ਦਿੱਲੀ ਨੂੰ ਜਿਤਾ ਨਹੀਂ ਸਕਿਆ
ਬੇਸ਼ੱਕ ਕੇਐਲ ਰਾਹੁਲ ਆਈਪੀਐਲ ਦੇ ਇਤਿਹਾਸ ਵਿੱਚ 150 ਤੋਂ ਵੱਧ ਸਕੋਰ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ ਪਰ ਉਨ੍ਹਾਂ ਦੀ ਇਹ ਪਾਰੀ ਦਿੱਲੀ ਕੈਪੀਟਲਸ ਨੂੰ ਜਿੱਤ ਨਹੀਂ ਦਵਾ ਸਕੀ।
ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ।
ਓਪਨਿੰਗ ਬੱਲੇਬਾਜ਼ ਕੇਐੱਲ ਰਾਹੁਲ ਨੇ 67 ਗੇਂਦਾਂ 'ਚ 152 ਦੌੜਾਂ ਦੀ ਪਾਰੀ ਖੇਡੀ।
ਰਾਹੁਲ ਆਪਣੀ ਟੀਮ ਲਈ ਓਪਨਿੰਗ ਕਰਨ ਉਤਰੇ ਸਨ ਅਤੇ ਪੂਰੇ 20 ਓਵਰਾਂ ਤੱਕ ਡਟੇ ਰਹੇ। ਪੰਜਾਬ ਕਿੰਗਜ਼ ਦਾ ਕੋਈ ਵੀ ਗੇਂਦਬਾਜ਼ ਉਨ੍ਹਾਂ ਨੂੰ ਆਊਟ ਨਹੀਂ ਕਰ ਸਕਿਆ।
ਆਈਪੀਐਲ 2026 'ਚ ਕੇਐਲ ਰਾਹੁਲ ਦਾ ਇਹ ਪਹਿਲਾ ਸੈਂਕੜਾ ਹੈ।
ਰਾਹੁਲ ਨੇ ਦੂਜੇ ਵਿਕਟ ਲਈ ਨੀਤੀਸ਼ ਰਾਣਾ ਦੇ ਨਾਲ 220 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਨੀਤੀਸ਼ ਰਾਣਾ ਨੇ 44 ਗੇਂਦਾਂ 'ਚ 91 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਸੈਂਕੜੇ ਤੋਂ ਖੁੰਝ ਗਏ। ਪਥੁੱਮ ਨਿਸਾਂਕਾ ਨੇ 7 ਗੇਂਦਾਂ 'ਚ 11 ਦੌੜਾਂ ਬਣਾਈਆਂ ਅਤੇ ਅਰਸ਼ਦੀਪ ਦੀ ਗੇਂਦ 'ਤੇ ਆਊਟ ਹੋ ਗਏ। ਡੇਵਿਡ ਮਿਲਰ 3 ਗੇਂਦਾਂ 'ਚ ਤਿੰਨ ਦੌੜਾਂ ਬਣਾ ਕੇ ਨਾਬਾਦ ਰਹੇ।
ਦਿੱਲੀ ਕੈਪੀਟਲਸ ਅਤੇ ਪੰਜਾਬ ਕਿੰਗਜ਼ ਵਿਚਾਲੇ ਇਹ ਮੈਚ ਦਿੱਲੀ 'ਚ ਖੇਡਿਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ