ਗੁਜਰਾਤ 'ਚ ਕਤਲ ਕਰ ਭੱਜਿਆ ਵਕੀਲ ਮੁੰਬਈ 'ਚ ਬਣਿਆ ਐਕਟਰ, ਜਾਣੋ 12 ਸਾਲਾਂ ਬਾਅਦ ਕਿਵੇਂ ਫੜ੍ਹਿਆ ਗਿਆ ?

ਤਸਵੀਰ ਸਰੋਤ, Ahmedabad Crime Branch
- ਲੇਖਕ, ਭਾਰਗਵ ਪਾਰਿਖ
- ਰੋਲ, ਬੀਬੀਸੀ ਗੁਜਰਾਤੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਹਾਲ ਹੀ ਵਿੱਚ ਇੱਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਰੀਬ 21 ਸਾਲ ਪੁਰਾਣੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਅਤੇ 12 ਸਾਲ ਪਹਿਲਾਂ ਪੈਰੋਲ ਮਿਲਣ 'ਤੇ ਫਰਾਰ ਹੋ ਗਿਆ ਸੀ।
ਪੁਲਿਸ ਦਾ ਦਾਅਵਾ ਹੈ ਕਿ ਇਹ ਅਪਰਾਧੀ ਹੇਮੰਤ ਮੋਦੀ ਹੈ, ਜੋ ਪੈਰੋਲ ਤੋਂ ਭੱਜਣ ਮਗਰੋਂ ਫ਼ਿਲਮਾਂ, ਟੀਵੀ ਸੀਰੀਅਲ ਅਤੇ ਵੈੱਬ ਸੀਰੀਜ਼ ਵਿੱਚ ਐਕਟਿੰਗ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ, ਪੁਲਿਸ ਨੇ ਅਹਿਮਦਾਬਾਦ ਵਿੱਚ ਜਾਲ ਵਿਛਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ।
ਇਸ ਪੂਰੇ ਮਾਮਲੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ, ਬੀਬੀਸੀ ਗੁਜਰਾਤੀ ਨੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਅਤੇ ਹੇਮੰਤ ਮੋਦੀ ਨੂੰ ਜਾਣਨ ਵਾਲੇ ਲੋਕਾਂ ਨਾਲ ਗੱਲ ਕੀਤੀ।
ਇਹ ਪੂਰਾ ਮਾਮਲਾ ਸਾਹਮਣੇ ਕਿਵੇਂ ਆਇਆ ਅਤੇ ਇੰਨੇ ਸਾਲਾਂ ਤੋਂ ਫਰਾਰ ਚੱਲ ਰਿਹਾ ਇਹ ਅਪਰਾਧੀ ਆਖ਼ਿਰ ਪੁਲਿਸ ਦੇ ਹੱਥੇ ਕਿਵੇਂ ਚੜ੍ਹਿਆ ?
ਕੀ ਸੀ ਪੂਰਾ ਮਾਮਲਾ ?
ਅਹਿਮਦਾਬਾਦ ਕ੍ਰਾਈਮ ਪੁਲਿਸ ਇੰਸਪੈਕਟਰ ਪੀਐਮ ਧਾਕੜਾ ਕਹਿੰਦੇ ਹਨ, "ਜਦੋਂ ਅਸੀਂ 'ਮੋਟੀ ਬਾ ਨੀ ਨਾਨੀ ਵਹੂ' ਸੀਰੀਅਲ ਵਿੱਚ ਕੰਮ ਕਰਨ ਵਾਲੇ ਇਸ ਅਦਾਕਾਰ ਨੂੰ ਗ੍ਰਿਫ਼ਤਾਰ ਕਰਨ ਪਹੁੰਚੇ ਤਾਂ ਉਸਦੀ ਐਕਟਿੰਗ ਇੰਨੀ ਜ਼ਬਰਦਸਤ ਸੀ ਕਿ ਉਸਨੂੰ ਪਛਾਣਨਾ ਮੁਸ਼ਕਲ ਸੀ।
ਪਰ ਉਸਦੀ ਸਜ਼ਾ ਦੇ ਸਮੇਂ ਉਸਦੇ ਸਰੀਰ 'ਤੇ ਦਰਜ ਨਿਸ਼ਾਨਾਂ ਦੇ ਡੇਟਾ ਨੂੰ ਦੇਖਣ ਤੋਂ ਬਾਅਦ ਅਤੇ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਸਨੇ ਕਬੂਲ ਕਰ ਲਿਆ ਕਿ ਉਹੀ ਹੇਮੰਤ ਮੋਦੀ ਹੈ ਜੋ 12 ਸਾਲਾਂ ਤੋਂ ਪੁਲਿਸ ਦੇ ਸ਼ਿਕੰਜੇ ਤੋਂ ਭੱਜ ਰਿਹਾ ਸੀ।"
ਮਾਮਲੇ ਵਿੱਚ ਸਾਹਮਣੇ ਆਏ ਤੱਥਾਂ ਦੇ ਅਨੁਸਾਰ, ਕਤਲ ਦੇ ਮਾਮਲੇ ਤੋਂ ਪਹਿਲਾਂ ਹੇਮੰਤ ਮੋਦੀ ਅਹਿਮਦਾਬਾਦ ਦੇ ਨਰੋਦਾ ਇਲਾਕੇ ਵਿੱਚ ਸੈਜਪੁਰ ਬੋਘਾ ਦੀ ਦਾਸਨੀ ਚਾਲੀ ਵਿੱਚ ਰਹਿੰਦਾ ਸੀ। ਉਸ ਸਮੇਂ, 12 ਜੂਨ 2005 ਨੂੰ ਆਪਣੇ ਇੱਕ ਗੁਆਂਢੀ ਨਾਲ ਝਗੜਾ ਹੋਣ ਤੋਂ ਬਾਅਦ, ਉਸਨੇ ਆਪਣੇ ਭਰਾ ਅਤੇ ਦੋਸਤਾਂ ਨਾਲ ਮਿਲ ਕੇ ਗੁਆਂਢੀ ਨਰਿੰਦਰ ਤਾਮਲ ਉਰਫ਼ ਨੰਨੋ ਦਾ ਕਤਲ ਕਰ ਦਿੱਤਾ ਸੀ।

ਤਸਵੀਰ ਸਰੋਤ, Gujarat Police
ਕਿਉਂਕਿ ਹੇਮੰਤ ਮੋਦੀ ਖੁਦ ਇੱਕ ਵਕੀਲ ਸੀ, ਇਸ ਲਈ ਉਸਨੇ ਆਪਣੇ ਨਾਲ ਗ੍ਰਿਫ਼ਤਾਰ ਹੋਏ ਸੱਤ ਜਣਿਆਂ ਦਾ ਕੇਸ ਖੁਦ ਹੀ ਲੜਿਆ। ਪਰ ਤਿੰਨ ਸਾਲ ਤੱਕ ਚਲੇ ਟ੍ਰਾਇਲ ਤੋਂ ਬਾਅਦ, 2008 ਵਿੱਚ ਕੋਰਟ ਨੇ ਹੇਮੰਤ ਮੋਦੀ ਸਮੇਤ ਸੱਤੇ ਲੋਕਾਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ।
ਵਕੀਲ ਹੋਣ ਦੇ ਨਾਤੇ ਅਤੇ ਜੇਲ੍ਹ ਮੈਨੂਅਲ ਦੀ ਜਾਣਕਾਰੀ ਹੋਣ ਕਾਰਨ ਹੇਮੰਤ ਨੇ ਉਸ ਸਮੇਂ ਦੇ ਜੇਲ੍ਹਰ ਕੇਸ਼ਵ ਕੁਮਾਰ ਦੇ ਖ਼ਿਲਾਫ਼ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਸ ਵਿੱਚ ਉਸਨੇ ਸ਼ਿਕਾਇਤ ਕੀਤੀ ਸੀ ਕਿ ਉਹ ਡਿਪ੍ਰੈਸ਼ਨ ਨਾਲ ਜੂਝ ਰਿਹਾ ਹੈ।
ਇਸ ਤੋਂ ਬਾਅਦ ਉਸਨੂੰ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਤੋਂ ਮੇਹਸਾਣਾ ਜੇਲ੍ਹ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
ਕੋਰਟ ਦੇ ਫ਼ੈਸਲੇ ਤੋਂ ਛੇ ਸਾਲ ਬਾਅਦ, ਮੇਹਸਾਣਾ ਜੇਲ੍ਹ ਵਿੱਚ ਬੰਦ ਹੇਮੰਤ ਨੂੰ ਗੁਜਰਾਤ ਹਾਈ ਕੋਰਟ ਤੋਂ 30 ਦਿਨਾਂ ਦੀ ਪੈਰੋਲ ਮਿਲੀ। ਪੈਰੋਲ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਅਤੇ ਇੱਕ ਐਕਟਰ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣ ਲੱਗ ਪਿਆ।
ਪੁਲਿਸ ਨੇ ਕੀ ਕਿਹਾ ?

ਤਸਵੀਰ ਸਰੋਤ, Bhargav Parikh
ਇੰਸਪੈਕਟਰ ਪੀਐਮ ਧਾਕੜਾ ਨੇ ਦੱਸਿਆ ਕਿ ਹੇਮੰਤ ਪੈਰੋਲ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਸੀ। ਕੁਝ ਸਮੇਂ ਤੱਕ ਵੱਖ-ਵੱਖ ਥਾਵਾਂ 'ਤੇ ਰਹਿਣ ਤੋਂ ਬਾਅਦ ਉਹ ਐਕਟਿੰਗ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮੌਕਿਆਂ ਦੀ ਤਲਾਸ਼ ਵਿੱਚ ਮੁੰਬਈ ਪਹੁੰਚਿਆ।
ਉਹ ਕਹਿੰਦੇ ਹਨ, "ਉੱਥੇ ਉਸਨੂੰ ਜਾਣੇ-ਪਛਾਣੇ ਐਕਟਰਾਂ ਨਾਲ ਸਾਈਡ ਰੋਲ ਮਿਲਣ ਲੱਗੇ ਅਤੇ ਨਾਟਕਾਂ ਵਿੱਚ ਵੀ ਕੰਮ ਮਿਲਣ ਲੱਗਾ। ਇਸੇ ਦੌਰਾਨ ਉਸਨੇ ਆਪਣਾ ਨਾਮ ਬਦਲ ਕੇ ਸਵਪਨਿਲ ਮੋਦੀ ਰੱਖ ਲਿਆ। ਉਸਨੇ ਆਪਣਾ ਹੇਅਰਸਟਾਈਲ ਵੀ ਬਦਲ ਲਿਆ।''
''ਉਸਨੇ ਫ਼ਿਲਮਾਂ, ਟੀਵੀ ਸੀਰੀਅਲ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਊਥ ਦੀਆਂ ਫ਼ਿਲਮਾਂ ਦੇ ਨਾਲ-ਨਾਲ ਉਸਨੇ ਗੁਜਰਾਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਪਰ ਕਿਸੇ ਨੇ ਉਸਨੂੰ ਪਛਾਣਿਆ ਨਹੀਂ, ਜਿਸ ਨਾਲ ਉਸਦਾ ਹੌਸਲਾ ਹੋਰ ਵਧ ਗਿਆ। ਇਸ ਤਰ੍ਹਾਂ, ਉਸਨੇ ਗੁਜਰਾਤੀ ਫ਼ਿਲਮਾਂ ਵਿੱਚ ਸਾਈਡ ਰੋਲ ਕਰਨ ਦੇ ਨਾਲ-ਨਾਲ ਸੀਰੀਅਲ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।"
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਅਹਿਮਦਾਬਾਦ ਵਾਪਸ ਆਉਣ ਤੋਂ ਬਾਅਦ ਉਸਨੇ ਅਹਿਮਦਾਬਾਦ ਦੇ ਕੋਟ ਇਲਾਕੇ ਵਿੱਚ ਇੱਕ ਘਰ ਕਿਰਾਏ 'ਤੇ ਲਿਆ ਅਤੇ 'ਮੋਟੀ ਬਾ ਨੀ ਨਾਨੀ ਵਹੂ' ਸੀਰੀਅਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਅੱਗੇ ਦੱਸਿਆ ਕਿ ਹੇਮੰਤ ਅਹਿਮਦਾਬਾਦ ਵਿੱਚ ਆਪਣੇ ਘਰ ਦੇ ਆਸ-ਪਾਸ ਦੇ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਇੱਕ ਵੱਡਾ ਐਕਟਰ ਹੈ। ਪਰ ਇਸ ਇਲਾਕੇ ਦੇ ਇੱਕ ਸੋਸ਼ਲ ਵਰਕਰ ਨੂੰ ਉਸਦੀਆਂ ਹਰਕਤਾਂ 'ਤੇ ਸ਼ੱਕ ਹੋ ਗਿਆ, ਕਿਉਂਕਿ ਹੇਮੰਤ ਨੇ ਆਪਣੇ ਮਕਾਨ ਮਾਲਕ ਨੂੰ ਆਪਣਾ ਆਧਾਰ ਕਾਰਡ ਅਤੇ ਹੋਰ ਸਬੂਤ ਨਹੀਂ ਦਿੱਤੇ ਸਨ।
ਨਾਲ ਹੀ ਉੱਥੋਂ ਦੇ ਇੱਕ ਹੋਰ ਵਕੀਲ ਨੇ ਇਸ ਸੋਸ਼ਲ ਵਰਕਰ ਨੂੰ ਦੱਸਿਆ ਕਿ ਹੇਮੰਤ ਇੱਕ ਅਜਿਹੇ ਅਪਰਾਧੀ ਵਰਗਾ ਲੱਗਦਾ ਹੈ, ਜੋ ਪਹਿਲਾਂ ਫ਼ਰਾਰ ਹੋ ਚੁੱਕਾ ਹੈ। ਇਸ ਤੋਂ ਬਾਅਦ, ਪੂਰਾ ਮਾਮਲਾ ਸਿਰਫ਼ ਸ਼ੱਕ ਤੱਕ ਹੀ ਸੀਮਿਤ ਨਹੀਂ ਰਿਹਾ ਅਤੇ ਪੁਲਿਸ ਤੱਕ ਪਹੁੰਚ ਗਿਆ।
ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਹੇਮੰਤ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਇੱਕ ਦਿਨ ਜਦੋਂ ਉਹ ਇੱਕ ਸੀਰੀਅਲ ਦੀ ਸ਼ੂਟਿੰਗ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ, ਤਾਂ ਉਸਨੂੰ ਰੋਕ ਲਿਆ। ਪੁੱਛਗਿੱਛ ਤੋਂ ਬਾਅਦ, ਉਸਨੇ ਸਭ ਕੁਝ ਕਬੂਲ ਕਰ ਲਿਆ।
ਪੁਲਿਸ ਨੇ ਕਿਹਾ, "ਉਸਨੇ ਫ਼ਿਲਮਾਂ ਅਤੇ ਸੀਰੀਅਲ ਲਈ ਕਾਫ਼ੀ ਸੋਚ-ਸਮਝ ਕੇ ਆਪਣਾ ਨਾਮ ਬਦਲਿਆ ਸੀ, ਕਿਉਂਕਿ ਉਸਨੂੰ ਡਰ ਸੀ ਕਿ ਜੇ ਉਸਦਾ ਅਸਲੀ ਨਾਮ ਸਕ੍ਰੀਨ 'ਤੇ ਆ ਗਿਆ ਤਾਂ ਉਹ ਫੜਿਆ ਜਾਵੇਗਾ।"
ਹੇਮੰਤ ਮੋਦੀ ਨੂੰ ਜਾਨਣ ਵਾਲੇ ਲੋਕ ਕੀ ਕਹਿੰਦੇ ਹਨ?
ਗੁਜਰਾਤੀ ਫ਼ਿਲਮਾਂ ਦੇ ਲਾਈਨ ਪ੍ਰੋਡਿਊਸਰ ਅਤੇ ਜਾਣੇ-ਪਛਾਣੇ ਸਿਨੇਮੈਟੋਗ੍ਰਾਫਰ ਰਸਿਕ ਤ੍ਰਿਵੇਦੀ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਕਿਹਾ, "ਕੁਝ ਸਮਾਂ ਪਹਿਲਾਂ ਜਦੋਂ ਮੈਂ ਮੁੰਬਈ ਦੇ ਇੱਕ ਐਕਟਰ ਨਾਲ ਫ਼ਿਲਮ ਬਣਾ ਰਿਹਾ ਸੀ ਤਾਂ ਸਵਪਨਿਲ ਮੇਰੇ ਕੋਲ ਫ਼ਿਲਮ ਵਿੱਚ ਕੰਮ ਮੰਗਣ ਆਇਆ ਸੀ, ਪਰ ਮੈਂ ਉਸਨੂੰ ਕੰਮ ਨਹੀਂ ਦਿੱਤਾ ਕਿਉਂਕਿ ਮੈਨੂੰ ਉਸਦੀ ਐਕਟਿੰਗ ਵਿੱਚ ਖਿੱਚ ਨਹੀਂ ਲੱਗੀ।"
"ਮੈਨੂੰ ਉਸਦਾ ਚਿਹਰਾ ਯਾਦ ਹੈ, ਕਿਉਂਕਿ ਉਸ ਸਮੇਂ ਉਸਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ। ਉਸਨੇ ਮੈਨੂੰ ਦੱਸਿਆ ਸੀ ਕਿ ਉਹ ਮੁੰਬਈ ਵਿੱਚ ਸਾਈਡ ਐਕਟਰ ਦਾ ਕੰਮ ਕਰਦਾ ਹੈ, ਇਸ ਤੋਂ ਇਲਾਵਾ ਮੈਨੂੰ ਉਸ ਬਾਰੇ ਹੋਰ ਕੁਝ ਨਹੀਂ ਪਤਾ।"

ਤਸਵੀਰ ਸਰੋਤ, Hemant Modi/FB
ਮਨੀਸ਼ ਪਟੇਲ, ਪਹਿਲਾਂ ਸੈਜਪੁਰ ਬੋਘਾ ਦੀ ਦਾਸਨੀ ਚਾਲੀ ਵਿੱਚ ਰਹਿੰਦੇ ਸਨ ਅਤੇ 2018 ਤੋਂ ਨਾਰਣਪੁਰਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨਾਲ ਫੋਨ 'ਤੇ ਹੋਈ ਗੱਲਬਾਤ ਵਿੱਚ ਉਨ੍ਹਾਂ ਦੱਸਿਆ, "2005 ਵਿੱਚ ਹੋਈ ਲੜਾਈ ਤੋਂ ਪਹਿਲਾਂ ਹੇਮੰਤ ਮੋਦੀ ਸਭ ਨੂੰ ਕਾਨੂੰਨੀ ਨੋਟਿਸ ਭੇਜ ਕੇ ਲੋਕਾਂ 'ਤੇ ਦਬਾਅ ਪਾ ਰਹੇ ਸਨ। ਉਨ੍ਹਾਂ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ। ਇਸ ਕਤਲ ਤੋਂ ਬਾਅਦ ਤੋਂ ਇਸ ਪਰਿਵਾਰ ਨਾਲ ਸਾਡਾ ਕੋਈ ਸੰਪਰਕ ਨਹੀਂ ਹੈ।"
ਬੀਬੀਸੀ ਗੁਜਰਾਤੀ ਨੇ ਇੱਕ ਸਥਾਨਕ ਪੱਤਰਕਾਰ ਦੀ ਮਦਦ ਨਾਲ ਅਹਿਮਦਾਬਾਦ ਦੇ ਕੋਟ ਇਲਾਕੇ ਵਿੱਚ ਸਥਿੱਤ ਇੱਕ ਸੈਲੂਨ ਵਿੱਚ ਕੰਮ ਕਰਨ ਵਾਲੇ ਇਕਬਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਹੇਮੰਤ ਇਸੇ ਇਲਾਕੇ ਵਿੱਚ ਰਹਿੰਦਾ ਸੀ।
ਉਨ੍ਹਾਂ ਕਿਹਾ, "ਜਦੋਂ ਉਹ ਇੱਥੇ ਆਉਂਦੇ ਸਨ, ਤਾਂ ਆਪਣੀ ਕ੍ਰੀਮ, ਹੇਅਰ ਜੈਲ ਵਗੈਰਾ ਨਾਲ ਲਿਆਉਂਦੇ ਸਨ ਅਤੇ ਹਮੇਸ਼ਾ ਮੁੰਬਈ ਵਿੱਚ ਇੱਕ ਵੱਡਾ ਐਕਟਰ ਹੋਣ ਦੀਆਂ ਗੱਲਾਂ ਕਰਦੇ ਸਨ। ਉਹ ਕਹਿੰਦੇ ਸਨ ਕਿ ਆਪਣੀ ਨਵੀਂ ਫ਼ਿਲਮ ਦੇ ਮਾਹੌਲ ਨੂੰ ਸਮਝਣ ਲਈ ਉਹ ਕੋਟ ਇਲਾਕੇ ਵਿੱਚ ਰਹਿ ਰਹੇ ਹਨ, ਇਸ ਲਈ ਅਸੀਂ ਇਸ ਬਾਰੇ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












