ਨੋਇਡਾ ਵਿੱਚ 3 ਬੱਚਿਆਂ ਸਣੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, 'ਸਾਰੇ ਮੇਲਾ ਵੇਖਣ ਗਏ ਸਨ ਤੇ ਨੂਡਲਜ਼ ਖਾ ਕੇ ਸੁੱਤੇ ਸਨ'

ਤਸਵੀਰ ਸਰੋਤ, Getty Images
ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਸ਼ਨੀਵਾਰ ਨੂੰ ਆਪਣੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਏ ਗਏ ਹਨ।
ਸਮਾਚਾਰ ਏਜੰਸੀ ਏਐੱਨਆਈ ਨੇ ਨੋਇਡਾ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਮਹੇਸ਼ (37 ਸਾਲ), ਉਨ੍ਹਾਂ ਦੇ ਪਤਨੀ ਲਲਿਤਾ (35 ਸਾਲ) ਅਤੇ ਬੱਚਿਆਂ ਲੱਡੂ (ਪੁੱਤਰ, 11 ਸਾਲ), ਮਿਸ਼ਟੀ (ਧੀ, 7 ਸਾਲ) ਅਤੇ ਸਾਕਸ਼ਾਤ (ਪੁੱਤਰ, 3 ਸਾਲ) ਵਜੋਂ ਹੋਈ ਹੈ।
ਸੂਚਨਾ ਮਿਲਦੇ ਹੀ ਸਥਾਨਕ ਪੁਲਿਸ, ਸੀਨੀਅਰ ਅਧਿਕਾਰੀ, ਐਂਬੂਲੈਂਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਏ। ਫੀਲਡ ਯੂਨਿਟ ਅਤੇ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਸਬੂਤ ਇਕੱਠੇ ਕੀਤੇ ਹਨ।
ਪੁਲਿਸ ਮੁਤਾਬਕ, ਪਹਿਲੀ ਨਜ਼ਰੇ ਇਹ ਮਾਮਲਾ ਫੂਡ ਪੁਆਇਜ਼ਨਿੰਗ ਦਾ ਲੱਗ ਰਿਹਾ ਹੈ।

ਤਸਵੀਰ ਸਰੋਤ, ANI
ਗ੍ਰੇਟਰ ਨੋਇਡਾ ਦੇ ਡੀਸੀਪੀ ਸ਼੍ਰਵਣ ਕੁਮਾਰ ਸਿੰਘ ਨੇ ਕਿਹਾ, "ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚ ਪਤੀ, ਪਤਨੀ ਅਤੇ ਤਿੰਨ ਬੱਚੇ ਸ਼ਾਮਿਲ ਹਨ।"
ਉਨ੍ਹਾਂ ਕਿਹਾ, "ਇਹ ਲੋਕ ਰਾਤ ਨੂੰ (ਸ਼ੁੱਕਰਵਾਰ) ਦਸ ਵਜੇ ਘਰ ਆਏ ਸਨ। ਸਵੇਰੇ ਜਦੋਂ ਬੱਚੇ ਨੂੰ ਪ੍ਰੀਖਿਆ ਲਈ ਜਗਾਉਣ ਗਏ ਤਾਂ ਉਹ ਮ੍ਰਿਤਕ ਮਿਲੇ। ਇਨ੍ਹਾਂ ਨੇ ਜੋ ਕੁਝ ਖਾਧਾ ਸੀ, ਉਸ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਹੋਰ ਸਬੂਤ ਵੀ ਇਕੱਠੇ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।"
ਗੁਆਂਢੀਆਂ ਮੁਤਾਬਕ, ਮਾਰੇ ਗਏ ਸਾਰੇ ਲੋਕ ਸ਼ੁੱਕਰਵਾਰ ਨੂੰ ਮੇਲਾ ਦੇਖਣ ਗਏ ਸਨ ਅਤੇ ਉੱਥੋਂ ਵਾਪਸ ਆ ਕੇ ਸਾਰਿਆਂ ਨੇ ਨੂਡਲਜ਼ ਖਾਧੇ ਸਨ। ਸਵੇਰੇ ਪਤਾ ਲੱਗਿਆ ਕਿ ਨੂਡਲਜ਼ ਖਾਣ ਵਾਲੇ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਅਤੇ ਮ੍ਰਿਤਕ ਮਹੇਸ਼ ਦੀ ਮਾਂ ਮੁਤਾਬਕ, "ਪਰਿਵਾਰ ਦੇ ਮੈਂਬਰਾਂ ਨੇ ਪਿਛਲੀ ਰਾਤ ਨੂਡਲਜ਼ ਖਾਧੇ ਸਨ।"
ਮੌਤ ਦੇ ਅਸਲ ਕਾਰਨ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੋਸਟਮਾਰਟਮ ਰਿਪੋਰਟ ਅਤੇ ਹੋਰ ਵਿਗਿਆਨਕ ਜਾਂਚਾਂ ਦੇ ਨਤੀਜਿਆਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਰਿਵਾਰ ਨੇ ਕੀ ਦੱਸਿਆ

ਲਲਿਤਾ ਦੇ ਚਾਚਾ ਕਨ੍ਹੱਈਆ ਸਿੰਘ ਨੇ ਦੱਸਿਆ, "ਫਿਲਹਾਲ ਕੋਈ ਚਸ਼ਮਦੀਦ ਨਹੀਂ ਹੈ। ਘਰ ਵਿੱਚ ਪੰਜ ਮੈਂਬਰ ਸਨ। ਪੰਜਾਂ ਦੀ ਮੌਤ ਹੋ ਚੁੱਕੀ ਹੈ, ਇਸ ਲਈ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਸ ਪਰਿਵਾਰ ਕੋਲ ਚੰਗੀ ਜਾਇਦਾਦ ਸੀ।"
ਉਨ੍ਹਾਂ ਦੱਸਿਆ, "ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਦਾ ਇਤਿਹਾਸ ਰਿਹਾ ਹੈ। ਇਹ ਦੋ ਭਰਾ ਅਤੇ ਤਿੰਨ ਭੈਣਾਂ ਸਨ। ਪਹਿਲਾਂ ਵੱਡੇ ਭਰਾ ਦੀ ਰੇਲਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਫਿਰ ਪਿਤਾ ਦੀ ਮੌਤ ਹੋ ਗਈ ਅਤੇ ਹੁਣ ਇਨ੍ਹਾਂ ਦੀ ਮੌਤ ਹੋ ਗਈ ਹੈ। ਹੁਣ ਇਹ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ ਹੈ।"
ਕਨ੍ਹੱਈਆ ਸਿੰਘ ਖ਼ੁਦ ਦਿੱਲੀ ਵਿੱਚ ਰਹਿੰਦੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਹਸਪਤਾਲ ਪਹੁੰਚੇ, ਜਿੱਥੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ, "ਇਸ ਪਰਿਵਾਰ ਵਿੱਚ ਹੁਣ ਸਿਰਫ਼ ਮਾਂ ਹੀ ਬਚੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਉੱਠ-ਬੈਠ ਵੀ ਨਹੀਂ ਸਕਦੀ। ਕੁਝ ਦਿਨ ਪਹਿਲਾਂ ਵਿਵਾਦ ਹੋਇਆ ਸੀ। ਇਨ੍ਹਾਂ ਦੀ ਜ਼ਿਆਦਾਤਰ ਜਾਇਦਾਦ ਮਾਂ ਦੇ ਨਾਂ 'ਤੇ ਸੀ। ਮਾਂ ਦੀ ਜਾਇਦਾਦ ਨੂੰ ਲੈ ਕੇ ਧੀਆਂ ਨੇ ਕੁਝ ਮੁੱਦਾ ਖੜ੍ਹਾ ਕੀਤਾ ਸੀ, ਪਰ ਮੈਂ ਪੱਕੇ ਤੌਰ 'ਤੇ ਕੁਝ ਨਹੀਂ ਦੱਸ ਸਕਦਾ।"

ਤਸਵੀਰ ਸਰੋਤ, ANI
ਕਨ੍ਹੱਈਆ ਸਿੰਘ ਮੁਤਾਬਕ, "ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਵੀ ਇਸ ਨੇ ਕਮਰੇ ਵਿੱਚ ਦੋ-ਤਿੰਨ ਹੀਟਰ ਚਲਾ ਲਏ ਸਨ। ਮੈਂ ਭੱਜਦਾ ਹੋਇਆ ਆਇਆ ਸੀ ਅਤੇ ਫਿਰ ਇਸ ਨੂੰ ਬਚਾਇਆ ਸੀ। ਕੀ ਹੋਇਆ ਹੈ, ਇਸ ਬਾਰੇ ਪਤਾ ਨਹੀਂ ਹੈ। ਪੋਸਟਮਾਰਟਮ ਤੋਂ ਵੀ ਸਿਰਫ਼ ਇਹੀ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ ਹੋਈ ਹੈ, ਪਰ ਕਿਉਂ ਹੋਈ ਹੈ, ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ।"
ਯਾਨੀ ਲਲਿਤਾ ਦੇ ਭਰਾ ਸੋਨੂੰ ਨੇ ਦੱਸਿਆ, "ਮੇਰਾ ਛੋਟਾ ਭਰਾ ਇਸੇ ਇਲਾਕੇ ਵਿੱਚ ਕੰਮ ਕਰਨ ਲਈ ਆਇਆ ਸੀ। ਉਸ ਨੇ ਕਿਹਾ ਕਿ ਚਲੋ ਦੀਦੀ ਨੂੰ ਮਿਲ ਆਉਂਦੇ ਹਾਂ। ਜਦੋਂ ਅਸੀਂ ਇੱਥੇ ਆਏ ਤਾਂ ਦੇਖਿਆ ਕਿ ਸਭ ਕੁਝ ਖ਼ਤਮ ਹੋ ਗਿਆ ਹੈ।"
ਮ੍ਰਿਤਕਾਂ ਦੀਆਂ ਕੁਝ ਗੁਆਂਢਣਾਂ ਦਾ ਦਾਅਵਾ ਹੈ ਕਿ ਪੀੜਤ ਪਰਿਵਾਰ ਦੇ ਘਰੋਂ ਅਕਸਰ ਲੜਾਈ-ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ।
ਗੁਆਂਢ ਵਿੱਚ ਰਹਿਣ ਵਾਲੇ ਇੱਕ ਮਹਿਲਾ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਕਿਹਾ, "ਰਾਤ ਨੂੰ ਸਾਰੇ ਲੋਕ ਮੇਲਾ ਦੇਖ ਕੇ ਵਾਪਸ ਆਏ ਤਾਂ (ਲਲਿਤਾ ਦੀ) ਸੱਸ ਨੇ ਕਿਹਾ ਕਿ ਇੰਨੀ ਰਾਤ ਨੂੰ ਖਾਣਾ ਨਾ ਬਣਾਓ, ਸਾਰੇ ਨੂਡਲਜ਼ ਖਾ ਕੇ ਸੌਂ ਜਾਓ।"
ਉਨ੍ਹਾਂ ਦਾਅਵਾ ਕੀਤਾ, "ਇਸ ਘਰ ਵਿੱਚ ਸੱਸ ਨਾਲ ਅਕਸਰ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਸਨ ਅਤੇ ਲਲਿਤਾ ਦੀ ਸੱਸ ਕਹਿੰਦੀ ਸੀ ਕਿ ਉਹ ਆਪਣੀ ਸਾਰੀ ਜਾਇਦਾਦ ਧੀਆਂ ਨੂੰ ਦੇ ਦੇਵੇਗੀ।"
ਫੂਡ ਸੇਫਟੀ ਅਧਿਕਾਰੀ ਨੇ ਕੀ ਕਿਹਾ

ਇਹ ਘਟਨਾ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਵਿਧਾਨ ਸਭਾ ਹਲਕੇ ਦੇ ਨਗਲਾ ਪਦਮ ਪਿੰਡ ਵਿੱਚ ਵਾਪਰੀ ਹੈ।
ਸਥਾਨਕ ਭਾਜਪਾ ਵਿਧਾਇਕ ਧੀਰੇਂਦਰ ਸਿੰਘ ਨੇ ਕਿਹਾ, "ਮੁੱਖ ਮੰਤਰੀ ਦਫ਼ਤਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਜੂਦ ਹਨ ਅਤੇ ਫੋਰੈਂਸਿਕ ਟੀਮ ਵੀ ਪਹੁੰਚ ਗਈ ਹੈ। ਖੁਰਾਕ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।"
ਉਨ੍ਹਾਂ ਕਿਹਾ, "ਜ਼ਹਿਰੀਲੇ ਪਦਾਰਥ ਦੇ ਸੇਵਨ ਦੀ ਜਾਂਚ ਵਿੱਚ ਜੋ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਬੰਧਤ ਪਦਾਰਥ ਨੂੰ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜੇਕਰ ਇਹ ਜ਼ਹਿਰੀਲਾ ਪਾਇਆ ਜਾਂਦਾ ਹੈ ਤਾਂ ਇਸ ਨੂੰ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਹਾਲਾਂਕਿ, ਫੂਡ ਸੇਫਟੀ ਅਧਿਕਾਰੀ ਓਪੀ ਸਿੰਘ ਨੇ ਜਾਂਚ ਤੋਂ ਬਾਅਦ ਦੱਸਿਆ, "ਅਸੀਂ ਸਾਰੇ ਪੈਕਟਾਂ ਦੀ ਜਾਂਚ ਕੀਤੀ ਹੈ। ਕੋਈ ਵੀ ਚੀਜ਼ ਐਕਸਪਾਇਰੀ ਡੇਟ ਤੋਂ ਬਾਅਦ ਵਾਲੀ ਨਹੀਂ ਮਿਲੀ। ਸਾਨੂੰ ਕੋਈ ਹੋਰ ਸ਼ੱਕੀ ਚੀਜ਼ ਵੀ ਨਹੀਂ ਮਿਲੀ ਹੈ।"
ਉਨ੍ਹਾਂ ਕਿਹਾ, "ਜੇਕਰ ਇਹ ਫੂਡ ਪੁਆਇਜ਼ਨਿੰਗ ਦਾ ਮਾਮਲਾ ਹੁੰਦਾ ਤਾਂ ਉਲਟੀਆਂ ਜਾਂ ਦਸਤ ਦੇ ਲੱਛਣ ਪਾਏ ਜਾਂਦੇ। ਜਿਹੜੀਆਂ ਲਾਸ਼ਾਂ ਮਿਲੀਆਂ ਹਨ, ਉਹ ਆਮ ਹਾਲਤ ਵਿੱਚ ਲੇਟੀਆਂ ਹੋਈਆਂ ਮਿਲੀਆਂ।"
ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ 'ਇਹ ਸੇਥ ਪੁਆਇਜ਼ਨਿੰਗ (ਜ਼ਹਿਰ ਜਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਆਦਿ ਕਾਰਨ ਹੋਣ ਵਾਲੀ ਪੁਆਇਜ਼ਨਿੰਗ) ਦਾ ਮਾਮਲਾ ਹੋ ਸਕਦਾ ਹੈ।'
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































