ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਸਮੇਤ ਉਹ ਅਨਕੈਪਡ ਖਿਡਾਰੀ ਜਿਨ੍ਹਾਂ ਨੇ ਕਮਾਲ ਕੀਤੀ

ਵੈਭਵ ਸੂਰਿਆਵੰਸ਼ੀ - ਪ੍ਰਭਸਿਮਰਨ ਸਿੰਘ

ਤਸਵੀਰ ਸਰੋਤ, ANI/Getty Images

    • ਲੇਖਕ, ਹਰਪਿੰਦਰ ਸਿੰਘ ਟੋਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਕ੍ਰਿਕਟ ਲੀਗਾਂ ਵਿੱਚੋਂ ਇੱਕ ਮੰਨੀ ਜਾਂਦੀ ਆਈਪੀਐੱਲ ਦਾ 19ਵਾਂ ਸੀਜ਼ਨ ਲਗਭਗ ਸਮਾਪਤ ਹੋ ਚੁੱਕਿਆ ਹੈ। ਫਾਈਨਲ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਜ਼ ਵਿਚਲੇ ਖੇਡਿਆ ਜਾਣਾ ਹੈ। ਪਰ ਹਰ ਸਾਲ ਦੀ ਤਰ੍ਹਾਂ ਇਸ ਲੀਗ ਰਾਹੀਂ ਭਾਰਤ ਨੂੰ ਸਟਾਰ ਖਿਡਾਰੀ ਮਿਲਦੇ ਹਨ।

ਆਈਪੀਐੱਲ ਬਾਰੇ ਮੰਨਿਆ ਵੀ ਜਾਂਦਾ ਹੈ ਕਿ ਇਹ ਲੀਗ ਭਾਰਤ ਦੇ ਨੌਜਵਾਨਾਂ ਵਿੱਚ ਟੈਲੇਂਟ ਨੂੰ ਲੱਭਣ ਲਈ ਹਮੇਸ਼ਾ ਕਾਮਯਾਬ ਰਹਿੰਦੀ ਹੈ। ਆਈਪੀਐੱਲ ਦੇ ਇਸ ਸੀਜ਼ਨ ਵਿੱਚ ਵੀ ਬਹੁਤ ਖਿਡਾਰੀਆਂ ਨੇ ਖੁਦ ਨੂੰ ਸਾਬਿਤ ਕੀਤਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ ਤੇ ਕਈਆਂ ਨੇ ਤਾਂ ਭਾਰਤੀ ਕ੍ਰਿਕਟ ਟੀਮ ਦਾ ਦਰਵਾਜ਼ਾ ਵੀ ਖੜਕਾ ਦਿੱਤਾ ਹੈ।

ਇਸ ਰਿਪੋਰਟ ਵਿੱਚ ਉਨ੍ਹਾਂ 10 ਅਨਕੈਪਡ (ਜੋ ਅਜੇ ਤੱਕ ਭਾਰਤੀ ਟੀਮ ਲਈ ਨਹੀਂ ਖੇਡੇ) ਖਿਡਾਰੀਆਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਬੱਲੇ ਨਾਲ ਭਾਵੇਂ ਗੇਂਦ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸੁਰਖੀਆਂ ਵਿੱਚ ਆਏ ਹਨ।

ਵੈਭਵ ਸੂਰਿਆਵੰਸ਼ੀ

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਭਵ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ 72 ਛੱਕੇ ਜੜੇ (ਫਾਈਲ ਫੋਟੋ)

ਆਈਪੀਐੱਲ 2026 ਵਿੱਚ ਜਿਸ ਬੱਲੇਬਾਜ਼ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਹਨ 15 ਸਾਲਾ ਵੈਭਵ ਸੂਰਿਆਵੰਸ਼ੀ। ਉਨ੍ਹਾਂ ਨੇ ਇੰਨੀ ਘੱਟ ਉਮਰ ਵਿੱਚ ਉਹ ਕਮਾਲ ਕਰਕੇ ਦਿਖਾਏ ਜੋ ਵੱਡੇ-ਵੱਡੇ ਖਿਡਾਰੀ ਅਜੇ ਤੱਕ ਨਹੀਂ ਕਰ ਸਕੇ।

ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ ਰਿਕਾਰਡਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਨੇ ਅਨੇਕਾਂ ਰਿਕਾਰਡ ਤੋੜੇ ਅਤੇ ਕਈ ਅਜਿਹੇ ਰਿਕਾਰਡ ਬਣਾ ਦਿੱਤੇ, ਜਿਨ੍ਹਾਂ ਨੂੰ ਤੋੜਨਾ ਕਾਫੀ ਮੁਸ਼ਕਲ ਲਗ ਰਿਹਾ ਹੈ।

ਬਿਹਾਰ ਦੇ ਸਮਸਤੀਪੁਰ ਦੇ ਰਹਿਣ ਵਾਲੇ ਵੈਭਵ ਨੇ ਇਸ ਸੀਜ਼ਨ ਵਿੱਚ 16 ਮੁਕਾਬਲੇ ਖੇਡੇ। ਇਨ੍ਹਾਂ ਵਿੱਚ ਵੈਭਵ ਨੇ 237 ਦੇ ਸਟ੍ਰਾਈਕ ਰੇਟ ਨਾਲ 776 ਦੌੜਾਂ ਬਣਾਈਆਂ।

ਵੈਭਵ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ 72 ਛੱਕੇ ਜੜੇ। ਉਨ੍ਹਾਂ ਨੇ ਦੇ ਮਾਮਲੇ ਵਿੱਚ ਕ੍ਰਿਸ ਗੇਲ ਨੂੰ ਵੀ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦੇ ਨਾਮ ਇੱਕ ਸੀਜ਼ਨ ਵਿੱਚ 59 ਛੱਕਿਆ ਦਾ ਰਿਕਾਰਡ ਸੀ।

ਵੈਭਵ ਸੂਰਿਆਵੰਸ਼ੀ ਦੇ ਚੰਗੇ ਪ੍ਰਦਰਸ਼ਨ ਸਦਕਾ ਉਨ੍ਹਾਂ ਨੂੰ ਭਾਰਤੀ ਦੀ ਏ ਟੀਮ ਵਿੱਚ ਵੀ ਚੁਣਿਆ ਗਿਆ ਹੈ। ਭਾਰਤ ਦੀ ਏ ਟੀਮ ਨੇ ਸ਼੍ਰੀਲੰਕਾ ਵਿੱਚ ਤਿਕੋਣੀ ਲੜੀ ਖੇਡਣੀ ਹੈ, ਜਿਸ ਦੀ ਸ਼ੁਰੂਆਤ 9 ਜੂਨ ਤੋਂ ਹੋਵੇਗੀ।

ਪ੍ਰਭਸਿਮਰਨ ਸਿੰਘ

ਪ੍ਰਭਸਿਮਰਨ ਸਿੰਘ

ਤਸਵੀਰ ਸਰੋਤ, Surjeet Yadav/MB Media/Getty Images

ਤਸਵੀਰ ਕੈਪਸ਼ਨ, ਭਸਿਮਰਨ ਨੇ ਲਗਾਤਾਰ ਦੂਜੇ ਸੀਜ਼ਨ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ (ਫਾਈਲ ਫੋਟੋ)

ਪੰਜਾਬ ਕਿੰਗਜ਼ ਦੇ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਲਗਾਤਾਰ ਦੂਜੇ ਸੀਜ਼ਨ ਵਿੱਚ ਆਪਣੀ ਟੀਮ ਲਈ ਕਮਾਲ ਦਾ ਪ੍ਰਦਰਸ਼ਨ ਕੀਤਾ।

ਪੰਜਾਬ ਦੇ ਪਟਿਆਲਾ ਦੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਆਪਣੀ ਟੀਮ ਨੂੰ ਫਾਈਨਲ ਤੱਕ ਤਾਂ ਨਹੀਂ ਪਹੁੰਚਾ ਸਕੇ ਪਰ ਉਨ੍ਹਾਂ ਨੇ ਆਪਣੇ ਬੱਲੇ ਨਾਲ ਫਿਰ ਸਾਬਿਤ ਕਰਕੇ ਦਿਖਾਇਕ ਕਿ ਉਨ੍ਹਾਂ ਵਿੱਚ ਟੈਲੇਂਟ ਦੀ ਕਮੀ ਨਹੀਂ।

ਪ੍ਰਭਸਿਮਰਨ ਨੇ ਲਗਾਤਾਰ ਦੂਜੇ ਸੀਜ਼ਨ ਵਿੱਚ 500 ਤੋਂ ਵੱਧ ਦੌੜਾਂ ਬਣਾਈਆਂ। ਇਸ ਸੀਜ਼ਨ ਵਿੱਚ ਉਨ੍ਹਾਂ 14 ਮੈਚਾਂ ਵਿੱਚ 510 ਦੌੜਾਂ ਬਣਾਈਆਂ। ਜੇਕਰ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਪ੍ਰਭ ਨੇ 17 ਮੈਚਾਂ ਵਿੱਚ 549 ਦੌੜਾਂ ਬਣਾਈਆਂ ਸਨ।

ਪ੍ਰਭਸਿਮਰਨ ਲਗਾਤਾਰ ਦੋ ਸੀਜ਼ਨ ਵਿੱਚ 500 ਤੋਂ ਵੱਧ ਸਕੋਰ ਬਣਾਉਣ ਵਾਲੇ ਪਹਿਲੇ ਅਨਕੈਪਡ ਖਿਡਾਰੀ ਬਣ ਗਏ ਹਨ। ਪ੍ਰਭਸਿਮਰਨ ਸਿੰਘ ਨੂੰ ਵੀ ਸ਼੍ਰੀਲੰਕਾ ਦੌਰੇ 'ਤੇ ਜਾਣ ਵਾਲੀ ਭਾਰਤੀ-ਏ ਟੀਮ ਵਿੱਚ ਚੁਣਿਆ ਗਿਆ ਹੈ।

ਪ੍ਰਿਆਂਸ਼ ਆਰਿਆ

ਪ੍ਰਿਆਂਸ਼ ਆਰਿਆ

ਤਸਵੀਰ ਸਰੋਤ, Dipayan Bose/SOPA Images/LightRocket via Getty Images

ਤਸਵੀਰ ਕੈਪਸ਼ਨ, ਪ੍ਰਿਆਂਸ਼ ਆਰਿਆ ਨੇ ਪੂਰੇ ਸੀਜ਼ਨ ਵਿੱਚ ਤਿੰਨ ਅਰਧ-ਸੈਂਕੜੇ ਜੜੇ ਅਤੇ ਨਾਲ ਹੀ 32 ਛੱਕੇ ਵੀ ਲਗਾਏ (ਫਾਈਲ ਫੋਟੋ)

ਪੰਜਾਬ ਕਿੰਗਜ਼ ਵੱਲੋਂ ਹੀ ਓਪਨਿੰਗ ਕਰਨ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਪ੍ਰਿਆਂਸ਼ ਆਰਿਆ ਨੇ ਲਗਾਤਾਰ ਦੂਜੇ ਸੀਜ਼ਨ ਵਿੱਚ ਆਪਣਾ ਪ੍ਰਭਾਵ ਛੱਡਿਆ।

ਦਿੱਲੀ ਵਾਸੀ ਪ੍ਰਿਆਂਸ਼ ਨੇ ਬੀਤੇ ਸੀਜ਼ਨ ਨਾਲੋਂ ਤਾਂ ਘੱਟ ਸਕੋਰ ਬਣਾਏ ਪਰ ਉਨ੍ਹਾਂ ਨੂੰ ਇਸ ਸੀਜ਼ਨ ਵਿੱਚ ਹੋਰ ਵੀ ਧਮਾਕੇਦਾਰ ਅੰਦਾਜ਼ ਵਿੱਚ ਦੇਖਿਆ ਗਿਆ।

24 ਸਾਲਾ ਪ੍ਰਿਆਂਸ਼ ਆਰਿਆ ਨੇ ਬੀਤੇ ਸੀਜ਼ਨ ਵਿੱਚ 475 ਦੌੜਾਂ ਬਣਾਈਆਂ ਸਨ ਪਰ ਇਸ ਸੀਜ਼ਨ ਵਿੱਚ ਉਨ੍ਹਾਂ 364 ਦੌੜਾਂ ਬਣਾਈਆਂ।

ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਨੇ ਫਿਰ ਵੀ ਪੂਰੇ ਸੀਜ਼ਨ ਵਿੱਚ ਤਿੰਨ ਅਰਧ-ਸੈਂਕੜੇ ਜੜੇ ਅਤੇ ਨਾਲ ਹੀ 32 ਛੱਕੇ ਵੀ ਲਗਾਏ। ਉਹ 2026 ਵਿੱਚ ਕਾਫ਼ੀ ਜ਼ਿਆਦਾ ਵਿਸਫੋਟਕ ਦਿਖਾਈ ਦਿੱਤੇ।

ਬੀਤੇ ਸੀਜ਼ਨ ਵਿੱਚ ਪ੍ਰਿਆਂਸ਼ ਦਾ ਸਟ੍ਰਾਈਕ ਰੇਟ 179 ਦਾ ਸੀ ਤੇ ਇਸ ਸੀਜ਼ਨ ਵਿੱਚ ਉਨ੍ਹਾਂ 211 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਪ੍ਰਿਆਂਸ਼ ਦੀ ਚੋਣ ਵੀ ਭਾਰਤੀ ਏ ਟੀਮ ਵਿੱਚ ਹੋਈ ਹੈ।

ਪ੍ਰਿੰਸ ਯਾਦਵ

ਪ੍ਰਿੰਸ ਯਾਦਵ

ਤਸਵੀਰ ਸਰੋਤ, INDRANIL MUKHERJEE/AFP via Getty Images

ਤਸਵੀਰ ਕੈਪਸ਼ਨ, ਸ ਨੇ ਇਸ ਸੀਜ਼ਨ ਵਿੱਚ 16 ਵਿਕਟਾਂ ਹਾਸਲ ਕੀਤੀਆਂ। ਜਿਸ ਵਿੱਚ ਇੱਕ ਵਿਕਟ ਵਿਰਾਟ ਕੋਹਲੀ ਦੀ ਵੀ ਸ਼ਾਮਿਲ ਹੈ, ਜਦੋਂ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਬੋਲਡ ਆਊਟ ਕੀਤਾ ਸੀ (ਫਾਈਲ ਫੋਟੋ)

ਦਿੱਲੀ ਦੇ ਜੰਮਪਲ ਅਤੇ ਲਖਨਊ ਸੁਪਰਜਾਇੰਟਸ ਵੱਲੋਂ ਖੇਡਣ ਵਾਲੇ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੇ ਆਈਪੀਐੱਲ 2026 ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ।

ਪ੍ਰਿੰਸ ਨੇ ਇਸ ਸੀਜ਼ਨ ਵਿੱਚ 16 ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਇੱਕ ਵਿਕਟ ਵਿਰਾਟ ਕੋਹਲੀ ਦੀ ਵੀ ਸ਼ਾਮਿਲ ਹੈ, ਜਦੋਂ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਬੋਲਡ ਆਊਟ ਕੀਤਾ ਸੀ। ਇਹ ਪ੍ਰਿਸ ਯਾਦਵ ਦਾ ਦੂਜਾ ਆਈਪੀਐੱਲ ਸੀਜ਼ਨ ਸੀ।

ਬੀਤੇ ਸੀਜ਼ਨ ਵਿੱਚ ਪ੍ਰਿੰਸ ਯਾਦਵ ਨੇ 6 ਮੈਚਾਂ ਵਿੱਚ ਸਿਰਫ਼ 3 ਵਿਕਟਾਂ ਹਾਸਿਲ ਕੀਤੀਆਂ ਸਨ ਪਰ ਇਸ ਸੀਜ਼ਨ ਵਿੱਚ ਉਨ੍ਹਾਂ ਅੰਦਰ ਵੱਡਾ ਸੁਧਾਰ ਦੇਖਣ ਨੂੰ ਮਿਲਿਆ।

ਭਾਰਤੀ ਦੇ ਕਈ ਸਾਬਕਾ ਕ੍ਰਿਕਟਰਾਂ ਨੇ ਪ੍ਰਿੰਸ ਯਾਦਵ ਦੀ ਲਾਈਨ ਲੈਂਥ ਦੀ ਕਾਫ਼ੀ ਤਾਰੀਫ ਵੀ ਕੀਤੀ। ਪ੍ਰਿੰਸ ਯਾਦਵ ਅਜੇ ਤੱਕ ਅਨਕੈਪਡ ਹਨ, ਪਰ ਉਨ੍ਹਾਂ ਨੂੰ ਭਾਰਤੀ ਟੀਮ ਲਈ ਸੱਦਾ ਮਿਲ ਚੁੱਕਿਆ ਹੈ। ਅਫਗਾਨਿਸਤਾਨ ਨਾਲ ਹੋਣ ਵਾਲੀ ਇੱਕ ਰੋਜ਼ਾ ਲੜੀ (ਵਨਡੇਅ ਸੀਰੀਜ਼) ਲਈ ਪ੍ਰਿੰਸ ਯਾਦਵ ਦੀ ਚੋਣ ਹੋ ਚੁੱਕੀ ਹੈ।

ਕਾਰਤਿਕ ਸ਼ਰਮਾ

ਚੇਨੱਈ ਸੁਪਰ ਕਿੰਗਜ਼ ਦੇ ਮਿਡਲ ਆਰਡਰ ਵਿਕਟਕੀਪਰ ਬੱਲੇਬਾਜ਼ ਕਾਰਤਿਕ ਸ਼ਰਮਾ ਦੀ ਚਰਚਾ ਆਈਪੀਐੱਲ ਦੀ ਨਿਲਾਮੀ ਦੌਰਾਨ ਹੀ ਕਾਫ਼ੀ ਹੋਈ ਸੀ, ਜਦੋਂ ਚੇਨੱਈ ਨੇ ਕਾਰਤਿਕ ਸ਼ਰਮਾ ਨੂੰ 14.2 ਕਰੋੜ ਵਿੱਚ ਖਰੀਦਿਆ ਸੀ।

ਰਾਜਸਥਾਨ ਨਾਲ ਸਬੰਧ ਰੱਖਣ ਵਾਲੇ ਕਾਰਤਿਕ ਨੇ ਆਈਪੀਐੱਲ 2026 ਵਿੱਚ 136 ਦੀ ਸਟ੍ਰਾਈਕ ਰੇਟ ਨਾਲ 295 ਦੌੜਾਂ ਬਣਾਈਆਂ। ਉਨ੍ਹਾਂ ਦੀਆਂ ਪਾਰੀਆਂ ਅਕਸਰ ਉਹਨਾਂ ਹਾਲਾਤਾਂ ਵਿੱਚ ਆਈਆਂ, ਜਦੋਂ ਸੀਐੱਸਕੇ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਪਾਰੀ ਨੂੰ ਸੰਭਾਲਣ ਦੀ ਲੋੜ ਸੀ।

ਉਨ੍ਹਾਂ ਦੀਆਂ ਮਹੱਤਵਪੂਰਨ ਪਾਰੀਆਂ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਅਰਧ ਸੈਂਕੜਾ ਅਤੇ ਐਲਐਸਜੀ ਖ਼ਿਲਾਫ਼ 71 ਦੌੜਾਂ ਦੀ ਤੇਜ਼ ਪਾਰੀ ਸ਼ਾਮਲ ਹੈ। ਇਨ੍ਹਾਂ ਦੋਵੇਂ ਪਾਰੀਆਂ ਨੇ ਅਹਿਮ ਮੌਕਿਆਂ 'ਤੇ ਟੀਮ ਦੀ ਪਾਰੀ ਨੂੰ ਸਥਿਰ ਕਰਨ ਵਿੱਚ ਮਦਦ ਕੀਤੀ।

ਸਾਕਿਬ ਹੂਸੈਨ

ਸਾਕਿਬ ਹੂਸੈਨ

ਤਸਵੀਰ ਸਰੋਤ, IDREES MOHAMMED/AFP via Getty Images

ਤਸਵੀਰ ਕੈਪਸ਼ਨ, ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਾਕਿਬ ਹੂਸੈਨ ਨੂੰ ਹੈਦਰਾਬਾਦ ਨੇ ਕੇਵਲ 30 ਲੱਖ ਰੁਪਏ ਵਿੱਚ ਖਰੀਦਿਆ ਸੀ (ਫਾਈਲ ਫੋਟੋ)

ਬਿਹਾਰ ਦੇ ਹੀ ਰਹਿਣ ਵਾਲੇ ਸਾਕਿਬ ਹੂਸੈਨ ਨੇ ਆਈਪੀਐੱਲ 2026 ਵਿੱਚ ਆਪਣੀ ਗੇਂਦਬਾਜ਼ੀ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ। 21 ਸਾਲਾ ਸਾਕਿਬ ਨੇ 10 ਮੈਚਾਂ ਵਿੱਚ 15 ਵਿਕਟਾਂ ਹਾਸਲ ਕੀਤੀਆਂ, ਜਦਕਿ ਘੱਟੋ-ਘੱਟ 10 ਪਾਰੀਆਂ ਵਿੱਚ ਗੇਂਦਬਾਜ਼ੀ ਕਰਨ ਵਾਲੇ ਟੀਮ ਦੇ ਸਾਰੇ ਗੇਂਦਬਾਜ਼ਾਂ ਵਿੱਚੋਂ ਉਨ੍ਹਾਂ ਦੀ ਇਕਾਨਮੀ ਸਭ ਤੋਂ ਘੱਟ 9.08 ਰਹੀ।

ਸਾਕਿਬ ਹੂਸੈਨ ਨੇ ਆਪਣੀਆਂ ਸਲੋਅ ਗੇਂਦਾਂ ਨਾਲ ਪ੍ਰਭਾਵ ਪਾਇਆ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸਾਕਿਬ ਹੂਸੈਨ ਨੂੰ ਹੈਦਰਾਬਾਦ ਨੇ ਕੇਵਲ 30 ਲੱਖ ਰੁਪਏ ਵਿੱਚ ਖਰੀਦਿਆ ਸੀ।

ਉਨ੍ਹਾਂ ਦੀ ਗੇਂਦਬਾਜ਼ੀ, ਟੀਮ ਦੇ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਰਹਿਣ ਦਾ ਇੱਕ ਅਹਿਮ ਕਾਰਨ ਰਹੀ ਅਤੇ ਆਉਣ ਵਾਲੇ ਸੀਜ਼ਨ ਵਿੱਚ ਵੀ ਉਹ ਫ੍ਰੈਂਚਾਈਜ਼ੀ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ।

ਪ੍ਰਫੁਲ ਹਿੰਗੇ

ਨਾਗਪੁਰ ਵਿੱਚ ਜਨਮੇ ਤੇਜ਼ ਗੇਂਦਬਾਜ਼ ਪ੍ਰਫੁਲ ਹਿੰਗੇ ਨੇ ਹੈਦਰਾਬਾਦ ਵੱਲੋਂ ਖੇਡਦਿਆਂ ਆਈਪੀਐੱਲ 2026 ਵਿੱਚ ਯਾਦਗਾਰੀ ਪ੍ਰਦਰਸ਼ਨ ਕੀਤਾ। ਪਰਫੂਲ ਹਿੰਗੇ ਨੇ ਰਾਜਸਥਾਨ ਰਾਇਲਜ਼ ਵਿਰੁੱਧ ਆਪਣੇ ਪਹਿਲੇ ਹੀ ਮੈਚ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ।

ਉਹ ਆਪਣੇ ਡੈਬਿਊ ਮੈਚ ਦੇ ਪਹਿਲੇ ਓਵਰ ਵਿੱਚ ਤਿੰਨ ਵਿਕਟਾਂ ਲੈਣ ਵਾਲੇ ਆਈਪੀਐੱਲ ਦੇ ਇਤਿਹਾਸ ਵਿੱਚ ਪਹਿਲੇ ਗੇਂਦਬਾਜ਼ ਬਣੇ। ਹਿੰਗੇ ਨੇ ਆਈਪੀਐੱਲ 2026 ਵਿੱਚ 7 ਮੈਚਾਂ ਵਿੱਚ 14 ਵਿਕਟਾਂ ਲਈਆਂ।

ਆਯੁਸ਼ ਮਹਾਤਰੇ

ਆਯੁਸ਼ ਮਹਾਤਰੇ

ਤਸਵੀਰ ਸਰੋਤ, ARUN SANKAR/AFP via Getty Images

ਤਸਵੀਰ ਕੈਪਸ਼ਨ, ਆਯੁਸ਼ ਮਹਾਤਰੇ ਨੇ ਚੇਨੱਈ ਵੱਲੋਂ ਲਗਾਤਾਰ ਦੂਜੇ ਸਾਲ ਖੇਡਦਿਆਂ ਚੰਗਾ ਪ੍ਰਦਰਸ਼ਨ ਕੀਤਾ (ਫਾਈਲ ਫੋਟੋ)

ਸੀਐੱਸਕੇ ਦੇ ਇੱਕ ਹੋਰ ਨੌਜਵਾਨ ਬੱਲੇਬਾਜ਼ ਆਯੁਸ਼ ਮਹਾਤਰੇ ਨੇ ਆਈਪੀਐੱਲ 2026 ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਮਹਾਰਾਸ਼ਟਰ ਦੇ ਆਯੁਸ਼ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਵੀ ਹਨ। ਆਯੁਸ਼ ਮਹਾਤਰੇ ਨੇ ਚੇਨੱਈ ਵੱਲੋਂ ਲਗਾਤਾਰ ਦੂਜੇ ਸਾਲ ਖੇਡਦਿਆਂ ਚੰਗਾ ਪ੍ਰਦਰਸ਼ਨ ਕੀਤਾ।

ਆਯੁਸ਼ ਨੇ 6 ਮੈਚਾਂ ਵਿੱਚ 201 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਵੀ ਜੜੇ। ਹਾਲਾਂਕਿ ਉਹ ਹੈਮਸਟ੍ਰਿੰਗ ਇੰਜਰੀ ਕਾਰਨ ਬਾਕੀ ਦੇ ਮੁਕਾਬਲੇ ਨਹੀਂ ਖੇਡ ਸਕੇ। ਪਰ ਇਨ੍ਹਾਂ 6 ਮੈਚਾਂ ਵਿੱਚ ਆਯੁਸ਼ ਸਾਬਤ ਕਰ ਚੁੱਕੇ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।

ਸਮੀਰ ਰਿਜ਼ਵੀ

ਸਮੀਰ ਰਿਜ਼ਵੀ

ਤਸਵੀਰ ਸਰੋਤ, ankaj Nangia/Getty Images

ਤਸਵੀਰ ਕੈਪਸ਼ਨ, 22 ਸਾਲਾ ਸਮੀਰ ਰਿਜ਼ਵੀ ਦਾ ਇਹ ਤੀਜਾ ਸੀਜ਼ਨ ਸੀ (ਫਾਈਲ ਫੋਟੋ)

ਦਿੱਲੀ ਕੈਪੀਟਲਜ਼ ਲਈ ਸਮੀਰ ਰਿਜ਼ਵੀ ਨੇ ਮਿਡਲ ਆਰਡਰ ਵਿੱਚ ਲਗਾਤਾਰ ਯੋਗਦਾਨ ਦੇਣ ਵਾਲੀ ਭੂਮਿਕਾ ਨਿਭਾਈ ਹੈ। ਮੇਰਠ ਦੇ ਰਹਿਣ ਵਾਲੇ ਸਮੀਰ ਰਿਜ਼ਵੀ ਨੇ 147 ਦੇ ਸਟ੍ਰਾਈਕ ਰੇਟ ਨਾਲ ਲਗਭਗ 252 ਦੌੜਾਂ ਬਣਾਈਆਂ ਹਨ।

ਉਨ੍ਹਾਂ ਦੀਆਂ ਪਾਰੀਆਂ ਉਹਨਾਂ ਹਾਲਾਤਾਂ ਵਿੱਚ ਆਈਆਂ, ਜਦੋਂ ਸ਼ੁਰੂਆਤੀ ਵਿਕਟਾਂ ਡਿੱਗਣ ਤੋਂ ਬਾਅਦ ਟੀਮ ਨੂੰ ਪਾਰੀ ਸੰਭਾਲਣ ਦੀ ਲੋੜ ਸੀ। 22 ਸਾਲਾ ਸਮੀਰ ਰਿਜ਼ਵੀ ਦਾ ਇਹ ਤੀਜਾ ਸੀਜ਼ਨ ਸੀ।

ਸ਼ਿਵਾਂਗ ਕੁਮਾਰ

ਸਨਰਾਈਜ਼ਰਜ਼ ਹੈਦਰਾਬਾਦ ਕੈਂਪ ਦਾ ਇੱਕ ਹੋਰ ਅਨਕੈਪਡ ਸਪਿੰਨਰ ਸ਼ਿਵਾਂਗ ਕੁਮਾਰ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਖੱਬੇ ਹੱਥ ਦੇ ਰਿਸਟ ਸਪਿੰਨਰ ਸ਼ਿਵਾਂਘ ਕੁਮਾਰ ਨੇ ਹੈਦਰਾਬਾਦ ਵੱਲੋਂ ਖੇਡਦਿਆਂ ਸਭ ਨੂੰ ਕਾਫੀ ਪ੍ਰਭਾਵਿਤ ਕੀਤਾ।

23 ਸਾਲਾ ਸ਼ਿਵਾਂਗ ਨੂੰ ਹੈਦਰਾਬਾਦ ਨੇ 30 ਲੱਖ ਰੁਪਏ ਵਿੱਚ ਖਰੀਦਿਆ ਸੀ। ਸ਼ਿਵਾਂਗ ਨੇ 13 ਮੈਚਾਂ ਵਿੱਚ 9.62 ਦੀ ਇਕੌਨਮੀ ਨਾਲ 9 ਵਿਕਟਾਂ ਲਈਆਂ। ਸ਼ਿਵਾਂਗ ਦਾ ਸਭ ਤੋਂ ਚੰਗਾ ਪ੍ਰਦਰਸ਼ਨ- 33 ਦੌੜਾਂ ਬਦਲੇ 3 ਵਿਕਟਾਂ ਲੈਣਾ ਰਿਹਾ।

ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ

ਤਸਵੀਰ ਸਰੋਤ, Akash Chopra/X

ਤਸਵੀਰ ਕੈਪਸ਼ਨ, ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ

ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਅਨਕੈਪਡ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਈ ਨਾਮ ਲਏ। ਆਕਾਸ਼ ਚੋਪੜਾ ਨੇ ਆਪਣੇ ਅਨਕੈਪਡ 11 ਖਿਡਾਰੀਆਂ ਦੀ ਸੂਚੀ ਬਾਰੇ ਦੱਸਿਆ। ਉਨ੍ਹਾਂ ਦੀ ਟੀਮ ਕੁਝ ਇਸ ਤਰ੍ਹਾਂ ਹੈ...

  • ਵੈਭਵ ਸੂਰਿਆਵੰਸ਼ੀ
  • ਪ੍ਰਿਆਂਸ਼ ਆਰਿਆ
  • ਪ੍ਰਭਸਿਮਰਨ ਸਿੰਘ
  • ਅੰਗਕ੍ਰਿਸ਼ ਰਘੁਵੰਸ਼ੀ
  • ਕਾਰਤਿਕ ਸ਼ਰਮਾ
  • ਨਮਨ ਧੀਰ
  • ਅਨੁਕੂਲ ਰਾਏ
  • ਪ੍ਰਿੰਸ ਯਾਦਵ
  • ਸਾਕਿਬ ਹੁਸੈਨ
  • ਕਾਰਤਿਕ ਤਿਆਗੀ
  • ਸ਼ਿਵਾਂਗ ਕੁਮਾਰ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)