ਸੈਕਸ ਹਾਰਮੋਨਜ਼ ਦਾ ਉਮਰ ਨਾਲ ਕੀ ਸਬੰਧ ਹੈ? ਮਰਦਾਂ ਦੇ ਮੁਕਾਬਲੇ ਔਰਤਾਂ ਦੀ ਉਮਰ ਜ਼ਿਆਦਾ ਕਿਉਂ ਹੁੰਦੀ ਹੈ?

ਰੰਗ ਬਿਰੰਗੀ ਦੀਵਾਰ ਦੇ ਅੱਗੇ ਖੜ੍ਹੇ ਨੌਜਵਾਨ ਮੁੰਡਾ ਤੇ ਕੁੜੀ। ਮੁੰਡੇ ਨੇ ਗੁਲਾਬੀ ਟੀ-ਸ਼ਰਟ ਪਹਿਨੀ ਅਤੇ ਕੁੜੀ ਨੇ ਪੀਲ਼ੀ।

ਤਸਵੀਰ ਸਰੋਤ, MStudioImages/Getty Images

    • ਲੇਖਕ, ਏਲੇਨ ਸਾਂਗ
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਜੇ ਤੁਸੀਂ ਮਹਿਲਾ ਹੋ ਤਾਂ ਆਪਣੇ ਭਰਾਵਾਂ ਜਾਂ ਦੋਸਤਾਂ ਦੇ ਮੁਕਾਬਲੇ ਪੰਜ ਸਾਲ ਵਧੇਰੇ ਜਿਉਂਦੇ ਰਹਿਣ ਦੀ ਸੰਭਾਵਨਾ ਹੈ, ਜੇ ਅਸੀਂ ਗਲੋਬਲ ਔਸਤ ਦੀ ਗੱਲ ਕਰੀਏ ਤਾਂ।

ਮਹਿਲਾਵਾਂ ਦੀ ਲੰਬੀ ਉਮਰ ਦੇ ਕਾਰਨ ਪੂਰੀ ਤਰ੍ਹਾਂ ਪਤਾ ਨਹੀਂ ਹਨ ਪਰ ਵਿਗਿਆਨੀਆਂ ਕੋਲ ਕੁਝ ਅੰਦਾਜ਼ੇ ਹਨ।

ਅਤੇ ਇਹ ਇਸ ਗੱਲ ਨੂੰ ਸਮਝਾਉਣ ਵਿੱਚ ਵੀ ਮਦਦ ਕਰ ਸਕਦੇ ਹਨ ਕਿ ਕੁਝ ਪ੍ਰਜਾਤੀਆਂ ਜਿਵੇਂ ਕਿ ਪੰਛੀਆਂ ਵਿੱਚ ਆਖਿਰ ਕਿਉਂ ਨਰਾਂ ਦੀ ਉਮਰ ਲੰਬੀ ਹੁੰਦੀ ਹੈ।

ਬਹੁਤ ਛੋਟੀ ਉਮਰੇ ਮਰਨਾ

ਪਰਾਲੀ ਦੀ ਕੋਨ ਜਿਹੀ ਟੋਪੀ ਪਹਿਨੇ ਮੁਸਕਰਾਉਂਦੀ ਹੋਈ ਇੱਕ ਬਜ਼ੁਰਗ ਔਰਤ

ਤਸਵੀਰ ਸਰੋਤ, Quynh Anh Nguyen/Getty Images

ਤਸਵੀਰ ਕੈਪਸ਼ਨ, ਅਵਰ ਵਰਲਡ ਇਨ ਡੇਟਾ ਮੁਤਾਬਕ 2023 ਵਿੱਚ ਵੀਅਤਨਾਮ ਵਿੱਚ ਔਰਤਾਂ ਦੀ ਔਸਤ ਉਮਰ 79.3 ਸਾਲ ਅਤੇ ਮਰਦਾਂ ਦੀ ਔਸਤ ਉਮਰ 69.9 ਸਾਲ ਸੀ।

ਯੂ.ਕੇ. ਦੇ ਆਕਸਫੋਰਡ ਇੰਸਚੀਚਿਊਟ ਆਫ ਪਾਪੂਲੇਸ਼ਨ ਏਜਿੰਗ ਦੀ ਡਾਇਰੈਕਟਰ ਪ੍ਰੋਫੈਸਰ ਸਾਰਾਹ ਹਾਰਪਰ ਕਹਿੰਦੇ ਹਨ, "ਲਗਭਗ ਹਰ ਦੇਸ਼ ਵਿੱਚ ਔਰਤਾਂ ਮਰਦਾਂ ਦੇ ਮੁਕਾਬਲੇ ਵੱਧ ਜਿਉਂਦੀਆਂ ਹਨ।"

ਪਰ ਉਹ ਇਸ਼ਾਰਾ ਕਰਦੇ ਹਨ ਕਿ ਇਹ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ।

ਰਿਸਰਚ ਪਬਲੀਕੇਸ਼ਨ 'ਅਵਰ ਵਰਲਡ ਇਨ ਡੇਟਾ' ਮੁਤਾਬਕ, ਉਦਾਹਰਨ ਵਜੋਂ ਰੂਸ, ਯੂਕਰੇਨ ਅਤੇ ਵੀਅਨਤਾਮ ਵਿੱਚ ਔਰਤਾਂ ਲਗਭਗ 10 ਸਾਲ ਜਾਂ ਇਸ ਤੋਂ ਵੱਧ ਸਮਾਂ ਜਿਉਂਦੀਆਂ ਹਨ, ਜਦੋਂ ਕਿ ਨਾਈਜੀਰੀਆ ਵਰਗੀਆਂ ਥਾਂਵਾਂ 'ਤੇ ਇਹ ਫਰਕ ਬਹੁਤ ਘੱਟ ਹੈ।

ਵਿਗਿਆਨੀ ਇਸ ਫਰਕ ਦੇ ਕੁਝ ਹਿੱਸੇ ਨੂੰ ਸਮਾਜਿਕ ਅਤੇ ਵਿਹਾਰਕ ਅੰਤਰਾਂ ਦੇ ਸਿਰ ਮੜ੍ਹਦੇ ਹਨ।

ਹਾਰਪਰ ਸਮਝਾਉਂਦੇ ਹਨ ਕਿ ਇਸ ਗੱਲ ਦੇ ਸਬੂਤ ਹਨ ਕਿ ਰੂਸ ਵਿੱਚ, 'ਇੱਕ ਬਹੁਤ ਹੀ ਵੱਡਾ ਮੁੱਖ ਕਾਰਨ ਅਸਲ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਹੈ', ਜੋ ਕਿ ਉੱਥੇ ਮਰਦਾਂ ਵਿੱਚ ਵਧੇਰੇ ਆਮ ਹੈ।

ਦੁਨੀਆਂ ਭਰ ਵਿੱਚ ਮਰਦਾਂ 'ਚ ਉਮਰ ਘਟਾਉਣ ਵਾਲੇ ਹੋਰ ਵਿਵਹਾਰਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵੀ ਵਧੇਰੇ ਹੁੰਦੀ ਹੈ।

ਹਾਰਪਰ ਕਹਿੰਦੇ ਹਨ, "ਉਨ੍ਹਾਂ ਦੀ ਖੁਰਾਕ ਵੀ ਘੱਟ ਸਿਹਤਮੰਦ ਹੁੰਦੀ ਹੈ।"

ਸੂਟ ਪਹਿਨੀਂ ਦੋ ਮਰਦਾਂ ਦੀ ਇੱਕ ਬਲੈਕ ਐਂਡ ਵਾਈਟ ਤਸਵੀਰ। ਜਿਨ੍ਹਾਂ ਨੇ ਪੋਸਟਰ ਫੜਿਆ ਹੈ ਜਿਸ ਉੱਤੇ ਲਿਖਿਆ ਹੈ, ਸਿਗਰਟ ਦੇ ਗਸ਼ ਨਾ ਲਗਾਓ।

ਤਸਵੀਰ ਸਰੋਤ, Ronald Dumont/Getty Images

ਤਸਵੀਰ ਕੈਪਸ਼ਨ, ਸਿਗਰਟ ਦੇ ਗਸ਼ ਨਾ ਲਗਾਓ। ਇਸ ਨੂੰ ਛੱਡੋ, ਜ਼ਿੰਦਗੀ ਮਾਣੋ। ਯੂ.ਕੇ. ਵਿੱਚ 1960 ਦੇ ਦਹਾਕੇ ਦੀਆਂ ਸਿਗਰਟਨੋਸ਼ੀ ਖ਼ਿਲਾਫ਼ ਮੁਹਿੰਮਾਂ ਵਿੱਚੋਂ ਇੱਕ ਸੀ।

ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਦੇ ਡਾਕਟਰ ਕੋਲ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ, ਹਾਲਾਂਕਿ ਵਿਆਹੇ ਹੋਏ ਮਰਦਾਂ ਨੂੰ ਫ਼ਾਇਦਾ ਹੁੰਦਾ ਹੈ, ਕਿਉਂਕਿ ਆਮ ਤੌਰ 'ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਲੈ ਜਾਂਦੀ ਹੈ।

ਉਹ ਕਹਿੰਦੇ ਹਨ ਕਿ ਕਈ ਸਮਾਜਾਂ ਵਿੱਚ ਮਰਦ ਵਧੇਰੇ ਖ਼ਤਰਨਾਕ ਕੰਮ ਕਰਦੇ ਹਨ ਅਤੇ ਮਰਦਾਨਗੀ ਨੂੰ ਵਧੇਰੇ ਜੋਖਮ ਲੈਣ ਨਾਲ ਜੋੜਿਆ ਜਾ ਸਕਦਾ ਹੈ।

ਉਹ ਚੇਤਾਵਨੀ ਦਿੰਦੇ ਹਨ, "ਕਾਰ ਹਾਦਸਿਆਂ, ਹਿੰਸਾ, ਕਤਲ ਅਤੇ ਖੁਦਕੁਸ਼ੀ ਕਾਰਨ ਮਰਦਾਂ ਦੀਆਂ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ ਹਨ।"

ਪਰ ਇਹ ਤਸਵੀਰ ਪੂਰੀ ਤਰ੍ਹਾਂ ਇੱਕੋ ਜਿਹੀ ਰਹਿਣ ਵਾਲੀ ਨਹੀਂ ਹੈ।

ਉਦਾਹਰਨ ਵਜੋਂ ਯੂ.ਕੇ. ਵਿੱਚ 1960-70 ਦੇ ਦਹਾਕੇ ਵਿੱਚ ਸਿਗਰਟਨੋਸ਼ੀ ਵਿਰੋਧੀ ਮੁਹਿੰਮਾਂ ਕਾਰਨ ਮਰਦਾਂ ਦੀ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ।

ਹਾਰਪਰ ਕਹਿੰਦੇ ਹਨ, "ਅਚਾਨਕ ਉਹ ਫਰਕ ਬਹੁਤ ਤੇਜ਼ੀ ਨਾਲ ਘੱਟ ਹੋ ਗਿਆ।"

ਪਰ ਉਹ ਮੰਨਦੇ ਹਨ ਕਿ ਆਦਤਾਂ ਬਦਲਣ ਨਾਲ ਵੀ ਇਹ ਜੈਂਡਰ ਗੈਪ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ, ਕਿਉਂਕਿ ਔਰਤਾਂ ਅਤੇ ਮਰਦਾਂ ਵਿਚਕਾਰ 'ਹਮੇਸ਼ਾ ਉਹ ਜੀਵ-ਵਿਗਿਆਨਕ(ਬਾਇਓਲਾਜੀਕਲ) ਅੰਤਰ ਰਹੇਗਾ।'

ਐਸਟ੍ਰੋਜਨ ਬਨਾਮ ਟੈਸਟੋਸਟ੍ਰੋਨ

ਹੈਲਮੇਟ ਪਹਿਨ ਕੇ ਸਾਈਕਲਾਂ 'ਤੇ ਬੈਠਾ ਬਜ਼ੁਰਗ ਜੋੜਾ।

ਤਸਵੀਰ ਸਰੋਤ, Half point images/Getty Images

ਤਸਵੀਰ ਕੈਪਸ਼ਨ, ਜਦੋਂ ਮੈਨੀਪੌਜ਼ ਦੇ ਸ਼ੁਰੂਆਤੀ ਦੌਰ ਵਿਚ ਕਈ ਮਹਿਲਾਵਾਂ ਨੂੰ ਹਾਰਮੋਨ ਰਿਲਪਲੇਸਮੈਂਟ ਥੈਰੇਪੀ ਦਿੱਤੀ ਜਾਂਦੀ ਹੈ ਤਾਂ ਅਸੀਂ ਅਕਸਰ ਇਨ੍ਹਾਂ ਵਿੱਚੋਂ ਕੁਝ ਸਰੀਰਕ ਕੰਮਾਂ ਨੂੰ ਦੁਬਾਰਾ ਠੀਕ ਹੁੰਦੇ ਦੇਖਦੇ ਹਾਂ।

ਉਨ੍ਹਾਂ ਅੰਤਰਾਂ ਵਿੱਚੋਂ ਇੱਕ ਹਾਰਮੋਨ ਹੈ।

ਸਪੇਨ ਦੀ ਯੂਨੀਵਰਸਿਟੀ ਆਫ ਵੈਲੇਂਸੀਆ ਵਿਚ ਉਮਰ ਵਧਣ ਦੇ ਵਿਗਿਆਨ ਬਾਰੇ ਮਾਹਿਰ ਅਤੇ ਸਰੀਰ ਵਿਗਿਆਨੀ ਪ੍ਰੋਫੈਸਰ ਕੋਨਸੁਏਲੋ ਬੋਰਸ ਕਹਿੰਦੇ ਹਨ, "ਐਸਟ੍ਰੋਜਨ ਔਰਤਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਕੰਮ ਕਰਦੇ ਹਨ।"

ਉਹ ਕਹਿੰਦੇ ਹਨ ਕਿ ਇਹ ਕੈਲੋਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਰੋਹ ਪ੍ਰਤੀਰੋਧਕ ਪ੍ਰਣਾਲੀ ਨੂੰ ਨਿਯਮਤ ਕਰਨ ਤੋਂ ਲੈ ਕੇ ਪਿਸ਼ਾਬ ਦੇ ਇਨਫੈਕਸ਼ਨ ਨੂੰ ਰੋਕਣ ਅਤੇ ਦਿਮਾਗ਼ ਤੇ ਹੱਡੀਆਂ ਦੀ ਸਿਹਤ ਦੀ ਰੱਖਿਆ ਕਰਨ ਤੱਕ ਫੈਲਿਆ ਹੋਇਆ ਹੈ।

ਇਸ ਦੇ ਇੰਨੇ ਸਾਰੇ ਫ਼ਾਇਦੇ ਹੋਣ ਦਾ ਇੱਕ ਤਰੀਕਾ ਇਹ ਹੈ ਕਿ ਇਹ ਇੱਕ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ, ਜੋ 'ਫ੍ਰੀ ਰੈਡੀਕਲਜ਼' ਨਾਮੀ ਨੁਕਸਾਨਦੇਹ ਕਣਾਂ ਦਾ ਮੁਕਾਬਲਾ ਕਰਦਾ ਹੈ ਜੋ ਸਾਡੇ ਸੈੱਲਾਂ ਅੰਦਰ ਇਕੱਠੇ ਹੁੰਦੇ ਹਨ ਅਤੇ ਉਮਰ ਵਧਣ ਵਿੱਚ ਯੋਗਦਾਨ ਪਾਉਂਦੇ ਹਨ।

ਬੋਰਸ ਸਮਝਾਉਂਦੇ ਹਨ, "ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਮੈਨੀਪੌਜ਼ ਦੌਰਾਨ ਐਸਟ੍ਰੋਜਨ ਦੀ ਸੁਰੱਖਿਆ ਖਤਮ ਹੋਣ ਨਾਲ ਸਰੀਰ ਦੇ ਕਈ ਕੰਮ ਪ੍ਰਭਾਵਿਤ ਹੁੰਦੇ ਹਨ। ਉਦਾਹਰਨ ਵਜੋਂ, ਓਸਟੀਓਪੋਰਸਿਸ ਬੁਢਾਪੇ ਦੀ ਪ੍ਰਕਿਰਿਆ ਦੇ ਕਾਰਨ ਤਾਂ ਹੁੰਦਾ ਹੀ ਹੈ, ਪਰ ਇਹ ਐਸਟ੍ਰੋਜਨ ਦੀ ਕਮੀ ਦੇ ਕਾਰਨ ਵੀ ਹੁੰਦਾ ਹੈ।"

ਪ੍ਰੋਫੈਸਰ ਸਾਰਾਹ ਹਾਰਪਰ ਦਾ ਬਿਆਨ

ਉਹ ਕਹਿੰਦੇ ਹਨ ਕਿ ਜਦੋਂ ਮੈਨੀਪੌਜ਼ ਦੇ ਸ਼ੁਰੂਆਤੀ ਦੌਰ ਵਿਚ ਕਈ ਮਹਿਲਾਵਾਂ ਨੂੰ ਹਾਰਮੋਨ ਰਿਲਪਲੇਸਮੈਂਟ ਥੈਰੇਪੀ ਦਿੱਤੀ ਜਾਂਦੀ ਹੈ ਤਾਂ ਅਸੀਂ ਅਕਸਰ ਇਨ੍ਹਾਂ ਵਿੱਚੋਂ ਕੁਝ ਸਰੀਰਕ ਕੰਮਾਂ ਨੂੰ ਦੁਬਾਰਾ ਠੀਕ ਹੁੰਦੇ ਦੇਖਦੇ ਹਾਂ।

ਦੂਜੇ ਪਾਸੇ, ਮਰਦਾਂ ਵਿੱਚ ਮੁੱਖ ਸੈਕਸ ਹਾਰਮੋਨ ਟੈਸਟੋਸਟ੍ਰੋਨ ਹੁੰਦਾ ਹੈ, ਜਿਸ ਨੂੰ ਵਧੇਰੇ ਜ਼ੋਖਮ ਲੈਣ ਵਾਲੇ ਵਿਵਹਾਰਾਂ ਨਾਲ ਜੋੜਿਆ ਗਿਆ ਹੈ। ਬੋਰਸ ਨੂੰ ਸ਼ੱਕ ਹੈ ਕਿ ਇਸ ਦੇ ਸਰੀਰ ਅੰਦਰ ਵੀ ਕੁਝ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ ਹਾਲਾਂਕਿ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਕਿਵੇਂ।

ਦਰਅਸਲ, 2012 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਇਤਿਹਾਸਕ ਕੋਰੀਆਈ ਖੁਸਰਿਆਂ ਦਾ ਇੱਕ ਸਮੂਹ ਜਿਨ੍ਹਾਂ ਨੂੰ ਨਪੁੰਸਕ ਕਰ ਦਿੱਤਾ ਗਿਆ ਸੀ ਅਤੇ ਉਹ ਟੈਸਟੋਸਟ੍ਰੋਨ ਨਹੀਂ ਬਣਾਉਂਦੇ ਸਨ, ਉਹ ਆਪਣੇ ਗੈਰ-ਨਪੁੰਸਕ ਮਰਦ ਸਾਥੀਆਂ ਨਾਲੋਂ 14 ਤੋਂ 19 ਸਾਲ ਵੱਧ ਜਿਉਂਦੇ ਰਹੇ।

ਹਾਲਾਂਕਿ ਇਨ੍ਹਾਂ ਅੰਕੜਿਆਂ ਦੀਆਂ ਕੁਝ ਸੀਮਾਵਾਂ ਹਨ ਅਤੇ ਸਪਸ਼ਟ ਕਾਰਨਾਂ ਕਰਕੇ ਇਸ ਨੂੰ ਦੁਹਰਾਇਆ ਨਹੀਂ ਜਾ ਸਕਦਾ। ਪਰ ਕੁਝ ਜਾਨਵਰਾਂ ਬਾਰੇ ਮਿਲੇ ਸਬੂਤ ਇਹ ਵੀ ਸੁਝਾਅ ਦਿੰਦੇ ਹਨ ਕਿ ਮਰਦਾਨਾ ਜੀਵ ਨਪੁੰਸਕ ਕੀਤੇ ਜਾਣ 'ਤੇ ਵੱਧ ਸਮਾਂ ਜਿਉਂਦੇ ਹਨ।

ਬੋਰਸ ਕਹਿੰਦੇ ਹਨ, "ਇਸ ਵਿੱਚ ਬਹੁਤ ਸਾਰੇ ਕਾਰਕ ਸ਼ਾਮਲ ਹਨ ਅਤੇ ਅਸੀਂ ਉਨ੍ਹਾਂ ਵਿੱਚੋਂ ਕੁਝ ਨੂੰ ਜਾਣਦੇ ਹਾਂ ਪਰ ਮੇਰੇ ਖਿਆਲ ਵਿੱਚ ਇਹ ਅਸਲ ਵਿੱਚ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ। "

ਵਿਕਾਸਵਾਦੀ ਸੰਕੇਤ

ਇੱਕ ਕੰਪਿਊਟਰ ਵੱਲੋਂ ਤਿਆਰ ਤਸਵੀਰ, ਜਿਸ ਵਿੱਚ ਹਰੇ ਅਤੇ ਪੀਲ਼ੇ ਰੰਗ ਦੇ ਦੋ ਡੀ.ਐਨ.ਏ ਨਾਲ-ਨਾਲ ਦਿਖਾਏ ਗਏ ਹਨ। ਇੱਕ ਲੰਬਾ ਹੈ ਅਤੇ ਇਕ ਛੋਟਾ।

ਤਸਵੀਰ ਸਰੋਤ, Nathan Devery/Getty Images

ਤਸਵੀਰ ਕੈਪਸ਼ਨ, ਮਰਦਾਂ ਵਿੱਚ ਵਾਈ ਕ੍ਰੋਮੋਸੋਮ, ਐਕਸ ਕ੍ਰੋਮੋਸੋਮ ਨਾਲੋਂ ਛੋਟਾ ਹੁੰਦਾ ਹੈ ਅਤੇ ਇਸ ਵਿੱਚ ਬਹੁਤ ਘੱਟ ਜੀਨਜ਼ ਹੁੰਦੇ ਹਨ।

ਇੱਕ ਬਿਹਤਰ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ ਲਈ ਕੁਝ ਵਿਗਿਆਨੀ ਇਨਸਾਨਾਂ ਤੋਂ ਪਰ੍ਹੇ ਦੂਜੇ ਜੀਵਾਂ ਵੱਲ ਦੇਖ ਰਹੇ ਹਨ।

ਅਸੀਂ ਇਕੱਲੀ ਅਜਿਹੀ ਪ੍ਰਜਾਤੀ ਨਹੀਂ ਹਾਂ ਜਿੱਥੇ ਮਾਦਾ ਲੰਬੀ ਉਮਰ ਜਿਉਂਦੀਆਂ ਹਨ। ਸ਼ੇਰਾਂ ਅਤੇ ਭੇਡਾਂ ਤੋਂ ਲੈ ਕੇ ਵ੍ਹੇਲ ਅਤੇ ਚੂਹਿਆਂ ਤੱਕ, ਕਈ ਅਣਗਿਣਤ ਥਣਧਾਰੀ ਜੀਵਾਂ ਵਿੱਚ ਅਜਿਹਾ ਹੀ ਹੈ।

ਦਿਲਚਸਪ ਗੱਲ ਇਹ ਕਿ ਪੰਛੀਆਂ ਵਿੱਚ ਇਹ ਬਿਲਕੁਲ ਉਲਟ ਹੈ, ਜਿੱਥੇ ਨਰਾਂ ਦੀ ਉਮਰ ਆਮ ਤੌਰ 'ਤੇ ਲੰਬੀ ਹੁੰਦੀ ਹੈ।

ਇਸ ਦਾ ਸੰਕੇਤ ਵੱਖ ਵੱਖ ਸੈਕਸ ਕ੍ਰੋਮੋਸੋਮਸ ਵਿੱਚ ਲੁਕਿਆ ਹੋ ਸਕਦਾ ਹੈ।

ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਐਵੋਲਿਉਸ਼ਨਰੀ ਐਂਥਰੋਪੋਲੋਜੀ ਦੀ ਖੋਜਕਰਤਾ ਡਾ. ਜੋਹਾਨਾ ਸਟਾਰਕ ਕਹਿੰਦੀ ਹੈ, "ਥਣਧਾਰੀ ਜੀਵਾਂ ਵਿੱਚ, ਮਾਦਾ ਕੋਲ ਦੋ ਐਕਸ(X) ਕ੍ਰੋਮੋਸੋਮ ਹੁੰਦੇ ਹਨ ਜਦਕਿ ਨਰ ਕੋਲ ਸਿਰਫ਼ ਇੱਕ ਐਕਸ(X) ਅਤੇ ਇੱਕ ਵਾਈ(Y) ਕ੍ਰੋਮੋਸੋਮ ਹੁੰਦੇ ਹਨ।"

ਸਟਾਰਕ ਸਮਝਾਉਂਦੀ ਹੈ ਕਿ ਇੱਕ ਸਿਧਾਂਤ ਮੁਤਾਬਕ, XX ਕ੍ਰੋਮੋਸੋਮ ਹੋਣ ਨਾਲ ਮਾਦਾ ਨੂੰ ਜਿਉਂਦੇ ਰਹਿਣ ਦਾ ਫ਼ਾਇਦਾ ਮਿਲ ਸਕਦਾ ਹੈ ਕਿਉਂਕਿ ਜੇਕਰ ਕਿਸੇ ਇੱਕ ਕਾਪੀ ਵਿੱਚ ਕੋਈ ਪਰਿਵਰਤਨ ਹੁੰਦਾ ਹੈ ਤਾਂ ਵੀ ਤੁਹਾਡੇ ਕੋਲ ਇੱਕ ਵਾਧੂ ਕਾਪੂ ਹੁੰਦੀ ਹੈ, ਜੋ ਉਸ ਦੀ ਭਰਪਾਈ ਕਰ ਸਕਦੀ ਹੈ।

ਪਰ ਨਰਾਂ ਕੋਲ ਕਿਉਂਕਿ ਇੱਕ ਹੀ X ਕ੍ਰੋਮੋਸੋਮ ਹੁੰਦਾ ਹੈ, ਇਸ ਲਈ ਇਹ ਪਰਿਵਰਤਨ ਵਧੇਰੇ ਨੁਕਸਾਨਦੇਹ ਹੋ ਸਕਦੇ ਹਨ।

ਪੰਛੀਆਂ ਵਿੱਚ ਇਹ ਨਰਾਂ ਕੋਲ ਇੱਕੋ ਜਿਹੇ ਕ੍ਰੋਮੋਸੋਮ ਦੀਆਂ ਦੋ ਕਾਪੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ Z ਕਿਹਾ ਜਾਂਦਾ ਹੈ ਜਦੋਂ ਕਿ ਮਾਦਾ ਕੋਲ ਇੱਕ ਜ਼ੈੱਡ (Z) ਅਤੇ ਇੱਕ ਡਬਲਿਊ (W) ਕ੍ਰੋਮੋਸੋਮ ਹੁੰਦਾ ਹੈ।

ਸਟਾਰਕ ਸੁਝਾਅ ਦਿੰਦੇ ਹਨ, "ਇਹ ਇੱਕ ਕਾਰਨ ਹੋ ਸਕਦਾ ਹੈ ਕਿ ਥਣਧਾਰੀ ਜੀਵਾਂ ਵਿੱਚ ਮਾਦਾ ਲੰਬੀ ਉਮਰ ਜਿਉਂਦੀਆਂ ਹਨ, ਅਤੇ ਪੰਛੀਆਂ ਵਿੱਚ ਨਰ ਲੰਬੀ ਉਮਰ ਜਿਉਂਦੇ ਹਨ।"

ਸੰਘਣੀ ਬਨਸਪਤੀ ਵਿਚਕਾਰ ਲੇਟੀ ਹੋਈ ਇੱਕ ਮਾਦਾ ਪਹਾੜੀ ਗੋਰੀਲਾ ਜਿਸ ਦੀ ਛਾਤੀ 'ਤੇ ਉਸ ਦਾ ਇੱਕ ਛੋਟਾ ਬੱਚਾ ਹੈ।

ਤਸਵੀਰ ਸਰੋਤ, guenterguni/Getty Images

ਤਸਵੀਰ ਕੈਪਸ਼ਨ, ਗੋਰੀਲਿਆਂ ਵਿੱਚ ਬਹੁ-ਮਾਦਾ ਮੇਲਣ ਪ੍ਰਣਾਲੀ ਹੁੰਦੀ ਹੈ, ਜਿੱਥੇ ਇੱਕ ਸਿਲਵਰਬੈਕ ਨਰ ਆਪਣੇ ਸਮੂਹ ਦੀਆਂ ਕਈ ਮਾਦਾਵਾਂ ਨਾਲ ਸਬੰਧ ਬਣਾਉਂਦਾ ਹੈ।

ਪਰ 2025 ਵਿੱਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਖੋਜ ਇਹ ਸੰਕੇਤ ਦਿੰਦੀ ਹੈ ਕਿ ਇਸ ਕਹਾਣੀ ਵਿੱਚ ਹਾਲੇ ਹੋਰ ਵੀ ਬਹੁਤ ਕੁਝ ਹੈ।

ਉਹ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਇੱਕ ਸਾਥੀ ਰੱਖਣ ਵਾਲੀਆਂ ਪ੍ਰਜਾਤੀਆਂ, ਲਿੰਗ ਦੇ ਅਧਾਰ 'ਤੇ ਕੋਈ ਵੱਡਾ ਫਰਕ ਨਹੀਂ ਦਿਖਾਉਂਦੀਆਂ। ਜਦੋਂ ਕਿ ਬਹੁ-ਸਾਥੀ ਰੱਖਣ ਵਾਲੀਆਂ ਪ੍ਰਜਾਤੀਆਂ ਜਿਵੇਂ ਕਿ ਗੋਰੀਲਾ, ਸ਼ੇਰ, ਜਿੱਥੇ ਨਰ ਕਈ ਮਾਦਾਵਾਂ ਲਈ ਆਪਸ ਵਿੱਚ ਮੁਕਾਬਲਾ ਕਰਦੇ ਹਨ, ਉਹ ਲਿੰਗ ਦੇ ਅਧਾਰ 'ਤੇ ਬਹੁਤ ਵੱਡਾ ਫਰਕ ਦਿਖਾਉਂਦੇ ਹਨ।"

ਉਨ੍ਹਾਂ ਨੂੰ ਸ਼ੱਕ ਹੈ ਕਿ ਬਹੁ-ਸਾਥੀਆਂ ਵਾਲੀ ਸ਼੍ਰੇਣੀ ਵਿੱਚ, ਨਰਾਂ ਨੇ ਮਾਦਾਵਾਂ ਨੂੰ ਆਕਰਸ਼ਿਤ ਕਰਨ ਲਈ ਉਮਰ ਦੀ ਕੀਮਤ 'ਤੇ ਊਰਜਾ ਨਾਲ ਭਰਪੂਰ ਕੰਮਾਂ ਜਿਵੇਂ ਕਿ ਵੱਡੇ ਸਰੀਰ ਜਾਂ ਵੱਡੇ ਸਿੰਗ ਵਿਕਸਿਤ ਕਰਨ ਨੂੰ ਪਹਿਲ ਦਿੱਤੀ ਹੋ ਸਕਦੀ ਹੈ।

ਦੂਜੇ ਵਾਸੇ , ਵਿਕਾਸਵਾਦ ਨੇ ਮਾਦਾਵਾਂ ਵਿੱਚ ਇੱਕ ਵੱਖਰਾ ਰਾਹ ਚੁਣਿਆ ਹੋ ਸਕਦਾ ਹੈ।

ਸਟਾਰਕ ਕਹਿੰਦੀ ਹੈ ਕਿ ਇੱਕ ਵਿਚਾਰ ਮੁਤਾਬਕ ਜਿਨ੍ਹਾਂ ਪ੍ਰਜਾਤੀਆਂ ਵਿੱਚ ਮਾਦਾ ਬੱਚਿਆਂ ਦੀ ਦੇਖਭਾਲ ਕਰਦੀ ਹੈ, ਖਾਸ ਕਰਕੇ ਮਨੁੱਖਾਂ ਜਾਂ ਵੱਡੇ ਬਣ-ਮਾਣਸਾਂ ਜਿਹੀਆਂ ਲੰਬੀ ਉਮਰ ਵਾਲੀਆਂ ਪ੍ਰਜਾਤੀਆਂ ਵਿੱਚ, ਮਾਂ ਲਈ ਲੰਬੇ ਸਮੇਂ ਤੱਤ ਜਿਉਂਦੇ ਰਹਿਣਾ ਫਾਇਦੇਮੰਦ ਹੁੰਦਾ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਵੱਡਾ ਹੋਣ ਤੱਕ ਪਾਲ ਸਕਣ।

ਲੰਬਾ ਅਤੇ ਬਿਹਤਰ ਜੀਵਨ

ਇੱਕ ਕਲੀਨਿਕ ਦੇ ਕਮਰੇ ਵਿਚ ਬੈਠੀ ਔਰਤ ਦੀ ਜਾਂਚ ਕਰਦਿਆਂ ਇੱਕ ਮਹਿਲਾ ਡਾਕਟਰ ਨੇ ਆਪਣਾ ਹੱਥ ਉਸ ਔਰਤ ਦੀ ਪਿੱਠ 'ਤੇ ਰੱਖਿਆ ਹੋਇਆ ਹੈ।

ਤਸਵੀਰ ਸਰੋਤ, The Good Brigade/Getty Images

ਤਸਵੀਰ ਕੈਪਸ਼ਨ, ਗਲੋਬਲ ਬਰਡਨ ਆਫ ਡਿਜ਼ੀਜ਼ ਸਟੱਡੀ 2021 ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਔਰਤਾਂ ਮਰਦਾਂ ਮੁਤਾਬਲੇ ਵਧੇਰੇ ਦਰਦ ਤੋਂ ਪੀੜਤ ਸਨ ਅਤੇ ਉਮਰ ਵਧਣ ਨਾਲ ਇਹ ਫਰਕ ਹੋਰ ਵਧ ਗਿਆ।

ਪਰ ਔਰਤਾਂ ਲਈ ਇਹ ਸਾਰੀ ਖ਼ਬਰ ਚੰਗੀ ਨਹੀਂ।

ਉਹ ਮਰਦਾਂ ਮੁਕਾਬਲੇ ਲੰਬੀ ਉਮਰ ਜਿਉਂ ਸਕਦੀਆਂ ਹਨ, ਪਰ ਖੋਜ ਸੁਝਾਅ ਦਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੌਰਾਨ ਵਧੇਰੇ ਗੈਰ-ਜਾਨਲੇਵਾ ਬਿਮਾਰੀਆਂ ਦਾ ਸਾਹਮਣਾ ਵੀ ਕਰਦੀਆਂ ਹਨ- ਜਿਵੇਂ ਕਿ ਕਮਰ ਦੇ ਹੇਠਲੇ ਹਿੱਸੇ ਦਾ ਦਰਦ, ਡਿਪਰੈਸ਼ਨ ਅਤੇ ਸਿਰ ਦਰਦ।

ਹਾਰਪਰ ਸਮਝਾਉਂਦੇ ਹਨ, "ਔਰਤਾਂ ਵਿੱਚ ਰੋਗ ਪ੍ਰਤੀਰੋਧਕ ਪ੍ਰਤੀਕਿਰਿਆਵਾਂ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ, ਪਰ ਇਹ ਐਂਟੀ-ਇਨਫਲੇਮੇਟਰੀ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਨਾਲ ਹੀ, ਬੇਸ਼ੱਕ ਸਾਡਾ ਮਾਸਪੇਸ਼ੀਆਂ ਅਤੇ ਹੱਡੀਆਂ ਦਾ ਢਾਂਚਾ ਥੋੜ੍ਹਾ ਘੱਟ ਮਜ਼ਬੂਤ ਹੁੰਦਾ ਹੈ।"

ਉਹ ਸਿੱਟਾ ਕੱਢਦਿਆਂ ਕਹਿੰਦੇ ਹਨ, "ਮਰਦਾਂ ਦੀ ਬਾਇਓਲਾਜੀ ਉਨ੍ਹਾਂ ਨੂੰ ਮੌਤ ਪ੍ਰਤੀ ਸੰਵੇਦਨਸ਼ੀਲ ਬਣਾਉਂਦੀ ਹੈ ਅਤੇ ਔਰਤਾਂ ਦੀ ਬਾਇਓਲਾਜੀ ਉਨ੍ਹਾਂ ਨੂੰ ਬਿਮਾਰੀਆਂ ਪ੍ਰਤੀ ਸੰਵੇਦਨਸ਼ੀਲ ਬਣਾਉਂਦੀ ਹੈ।"

ਪਰ ਤਿੰਨੋਂ ਮਾਹਿਰ ਇਸ ਗੱਲ 'ਤੇ ਜ਼ੋਰ ਦੇਣ ਲਈ ਉਤਸੁਕ ਹਨ ਕਿ ਸਾਡੀ ਬਾਇਓਲਾਜੀ ਸਾਡੀ ਕਿਸਮਤ ਨੂੰ ਪਹਿਲਾਂ ਤੋਂ ਤੈਅ ਨਹੀਂ ਕਰਦੀ।

ਬੋਰਸ ਸਮਝਾਉਂਦੇ ਹਨ, "ਜੀਵ ਵਿਗਿਆਨ ਅੰਤਰ ਪੂਰੀ ਤਰ੍ਹਾਂ ਵਾਤਾਵਰਣ ਅਤੇ ਵਿਵਹਾਰਕ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਹਨ।"

ਉਹ ਕਹਿੰਦੇ ਹਨ ਕਿ ਔਰਤਾਂ ਅਤੇ ਮਰਦਾਂ ਦੋਹਾਂ ਨੂੰ ਖੁਰਾਕ, ਕਸਰਤ, ਨੀਂਦ ਅਤੇ ਤਣਾਅ ਦੇ ਪੱਧਰ ਜਿਹੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ਼ ਲੰਬੀ ਉਮਰ ਜਿਉਣ ਲਈ ਬਲਕਿ ਬੇਸ਼ੱਕ ਬਿਹਤਰ ਜ਼ਿੰਦਗੀ ਲਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)