ਜਿਸ ਸ਼ਖਸ ਨੇ ਕਦੇ ਝੋਨੇ ਦਾ ਬੂਟਾ ਨਹੀਂ ਸੀ ਦੇਖਿਆ, ਉਹ ਕਿਵੇਂ ਬਣਿਆ 'ਫਾਦਰ ਆਫ਼ ਸੁਪਰ ਰਾਈਸ'

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, ਡਾ. ਖੁਸ਼ ਵੱਲੋਂ ਇਜਾਦ ਚੌਲਾਂ ਦੀ IR36 ਅਤੇ IR64 ਕਿਸਮ ਨੂੰ ਦੁਨੀਆ ਭਰ ਦੇ ਮੁਲਕਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ।
    • ਲੇਖਕ, ਜੋਤੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 12 ਮਿੰਟ

"ਇਹ ਸੱਚ ਹੈ ਕਿ ਪੰਜਾਬ ਵਿੱਚ ਰਹਿੰਦਿਆਂ ਮੈਂ ਕਦੇ ਝੋਨੇ ਦਾ ਬੂਟਾ ਨਹੀਂ ਸੀ ਦੇਖਿਆ ਕਿਉਂਕਿ ਉਸ ਸਮੇਂ ਪੰਜਾਬ ਵਿੱਚ ਝੋਨੇ ਦੀ ਖੇਤੀ ਹੀ ਨਹੀਂ ਹੁੰਦੀ ਸੀ।"

ਇਹ ਸ਼ਬਦ ਹਨ ਦੁਨੀਆ ਭਰ 'ਚ 'ਫਾਦਰ ਆਫ਼ ਸੁਪਰ ਰਾਈਸ' ਦੇ ਨਾਂਅ ਨਾਲ ਜਾਣੇ ਜਾਂਦੇ ਡਾ. ਗੁਰਦੇਵ ਸਿੰਘ ਖੁਸ਼ ਦੇ।

ਡਾ. ਗੁਰਦੇਵ ਸਿੰਘ ਖੁਸ਼, ਜਿਨ੍ਹਾਂ ਨੇ ਦੁਨੀਆ ਨੂੰ ਚੌਲਾਂ ਦੀਆਂ 300 ਤੋਂ ਵੱਧ ਕਿਸਮਾਂ ਨਾਲ ਰੁਬਰੂ ਕਰਵਾਇਆ।

IR8, IR36, IR64 ਕੁਝ ਅਜਿਹੀਆਂ ਕਿਸਮਾਂ ਸਨ ਜਿਨ੍ਹਾਂ ਦੀ ਉੱਚ-ਪੱਧਰੀ ਪੈਦਾਵਾਰ, ਬਿਮਾਰੀਆਂ ਅਤੇ ਕੀਟਾਂ ਪ੍ਰਤੀਰੋਧੀ ਸਮਰੱਥਾ ਕਾਰਨ ਦੁਨੀਆ ਭਰ ਦੇ ਮੁਲਕਾਂ ਵਿੱਚ ਵੱਡੇ ਪੱਧਰ 'ਤੇ ਉਗਾਇਆ ਗਿਆ।

1970 ਦੇ ਦੌਰ ਵਿੱਚ ਚੌਲਾਂ ਦੇ ਖੇਤਰ ਵਿੱਚ ਆਈ ਹਰਿਤ ਕ੍ਰਾਂਤੀ ਲਈ ਡਾ. ਗੁਰਦੇਵ ਸਿੰਘ ਖੁਸ਼ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।

ਵਰਲਡ ਫੂਡ ਪ੍ਰਾਈਜ਼ ਦੀ ਵੈੱਬਸਾਈਟ ਮੁਤਾਬਕ ਇਨ੍ਹਾਂ ਵੱਖ-ਵੱਖ ਕਿਸਮਾਂ ਦੀ ਖੋਜ ਸਦਕਾ ਚੌਲ ਦੀ ਪੈਦਾਵਾਰ ਜੋ 1966 ਵਿੱਚ 257 ਮਿਲੀਅਨ ਟਨ ਸੀ, ਉਹ 2010 ਵਿੱਚ ਵਧ ਕੇ 686 ਮਿਲੀਅਨ ਟਨ ਤੱਕ ਪਹੁੰਚ ਗਈ।

ਹਰਿਤ ਕ੍ਰਾਂਤੀ ਦੇ ਜਨਕ ਕਹੇ ਜਾਣ ਵਾਲੇ ਨੌਰਮਨ ਈ. ਬੋਰਲੌਗ ਨੇ ਡਾ. ਖੁਸ਼ ਵੱਲੋਂ ਕੀਤੀ ਰਿਸਰਚ 'ਤੇ ਕਿਹਾ ਸੀ, "ਡਾ. ਖੁਸ਼ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਖੁਰਾਕ ਸੁਰੱਖਿਆ ਦੀ ਬੁਨਿਆਦ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"

ਜਲੰਧਰ ਦੇ ਪਿੰਡ ਰੁੜਕੀ ਤੋਂ ਦੁਨੀਆ ਭਰ ਵਿੱਚ 'ਫਾਦਰ ਆਫ ਸੁਪਰ ਰਾਈਸ' ਵੱਜੋਂ ਜਾਣੇ ਜਾਣ ਦਾ ਸਫ਼ਰ ਕਿਹੋ ਜਿਹਾ ਸੀ ਅਤੇ ਮੌਜੂਦਾ ਸਮੇਂ ਵਿੱਚ ਝੋਨੇ ਦੀ ਪੈਦਾਵਾਰ ਕਾਰਨ ਖੜ੍ਹੇ ਹੋਏ ਪਾਣੀ ਦੇ ਸੰਕਟ ਬਾਰੇ ਉਹ ਕੀ ਸੋਚਦੇ ਹਨ, ਇਹ ਜਾਨਣ ਲਈ ਬੀਬੀਸੀ ਨੇ ਡਾ. ਗੁਰਦੇਵ ਸਿੰਘ ਖੁਸ਼ ਨਾਲ ਗੱਲਬਾਤ ਕੀਤੀ।

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, IRRI

ਤਸਵੀਰ ਕੈਪਸ਼ਨ, ਡਾ. ਗੁਰਦੇਵ ਸਿੰਘ ਖੁਸ਼ ਵੱਲੋਂ ਝੋਨੇ ਦੀਆਂ 300 ਤੋਂ ਵੱਧ ਕਿਸਮਾਂ ਦੀ ਖੋਜ ਕੀਤੀ ਗਈ, ਇਸ ਲਈ ਉਨ੍ਹਾਂ ਨੂੰ 'ਫਾਦਰ ਆਫ਼ ਸੁਪਰ ਰਾਈਸ' ਵੀ ਕਿਹਾ ਜਾਂਦਾ ਹੈ

ਜਲੰਧਰ ਦੇ ਪਿੰਡ ਰੁੜਕੀ ਤੋਂ ਸਬੰਧ

ਡਾ. ਗੁਰਦੇਵ ਸਿੰਘ ਖੁਸ਼ ਦਾ ਪਰਿਵਾਰ ਜਲੰਧਰ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ। ਹਾਲਾਂਕਿ ਪਰਿਵਾਰ ਦੀ ਪਹਿਲੀ ਸੰਤਾਨ ਕਾਰਨ ਉਨ੍ਹਾਂ ਦਾ ਜਨਮ ਆਪਣੀ ਮਾਤਾ ਦੇ ਪਿੰਡ ਖਟਕੜ ਕਲਾਂ ਵਿੱਚ ਹੋਇਆ। ਸ਼ੁਰੂਆਤੀ ਕੁਝ ਸਾਲ ਖਟਕੜ ਕਲਾਂ 'ਚ ਗੁਜ਼ਾਰਨ ਤੋਂ ਬਾਅਦ ਪਿਤਾ ਨੇ ਉਨ੍ਹਾਂ ਨੂੰ ਰੁੜਕੀ ਸੱਦ ਲਿਆ ਅਤੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਦਾਖਲਾ ਕਰਵਾਇਆ।

ਆਪਣੀ ਆਤਮਕਥਾ 'ਚੌਲਾਂ ਦੀ ਖੋਜੀ' ਵਿੱਚ ਡਾ. ਖੁਸ਼ ਲਿਖਦੇ ਹਨ,"ਕਿਉਂਕਿ ਮੇਰਾ ਸਕੂਲ ਵਿੱਚ ਦਾਖਲਾ ਦੇਰੀ ਨਾਲ ਹੋਇਆ ਸੀ ਇਸ ਲਈ ਮੇਰੇ ਪਿਤਾ ਨੇ ਮੇਰੀ ਜਨਮ ਮਿਤੀ 22 ਅਗਸਤ 1935 ਲਿਖਾ ਦਿੱਤੀ ਜੋ ਮੇਰੀ ਅਸਲ ਉਮਰ ਤੋਂ 2 ਸਾਲ ਘੱਟ ਸੀ।" ਯਾਨੀ ਮੌਜੂਦਾ ਸਮੇਂ ਵਿੱਚ ਡਾ. ਖੁਸ਼ ਦੀ ਉਮਰ 93 ਸਾਲ ਦੇ ਕਰੀਬ ਹੈ।

ਆਪਣੇ ਬਚਪਨ ਨੂੰ ਯਾਦ ਕਰਦਿਆਂ ਡਾ. ਖੁਸ਼ ਦੱਸਦੇ ਹਨ ਕਿ ਉਦੋਂ ਸਕੂਲ ਉਨ੍ਹਾਂ ਦਾ ਮਨ ਨਹੀਂ ਲੱਗਦਾ ਸੀ ਕਿਉਂਕਿ ਉਨ੍ਹਾਂ ਦੇ ਸਾਰੇ ਦੋਸਤ ਖਟਕੜ ਕਲਾਂ ਹੀ ਰਹਿ ਗਏ ਸਨ। ਫਿਰ ਹੌਲੀ-ਹੌਲੀ ਪੜ੍ਹਾਈ ਵਿੱਚ ਮਨ ਲੱਗਣ ਲੱਗਾ।

ਉਹ ਕਹਿੰਦੇ ਹਨ,"ਮੇਰੇ ਪਿਤਾ ਚਾਹੁੰਦੇ ਸੀ ਕਿ ਮੈਂ ਖੇਤੀਬਾੜੀ ਦੀ ਪੜ੍ਹਾਈ ਕਰਾਂ ਕਿਉਂਕਿ ਮੇਰਾ ਪਰਿਵਾਰ ਖੇਤੀ ਕਰਦਾ ਸੀ।" 1955 ਵਿੱਚ ਡਾ. ਖੁਸ਼ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਡਿਗਰੀ ਹਾਸਲ ਕੀਤੀ ਸੀ।

ਉਚੇਰੀ ਪੜ੍ਹਾਈ ਲਈ ਜਦੋਂ ਲੈਣਾ ਪਿਆ ਉਧਾਰ

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, Dr. Gurdev Singh Khush

ਡਾ. ਖੁਸ਼ ਦੱਸਦੇ ਹਨ ਕਿ ਉਚੇਰੀ ਪੜ੍ਹਾਈ ਲਈ ਪੰਜਾਬ ਤੋਂ ਵਿਦੇਸ਼ ਜਾਣ ਦਾ ਸਫ਼ਰ ਆਸਾਨ ਨਹੀਂ ਸੀ।

ਉਹ ਦੱਸਦੇ ਹਨ, "ਬੀਐੱਸਸੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਮੈਂ ਉਚੇਰੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦਾ ਸੀ। ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਅਪਲਾਈ ਕੀਤਾ ਸੀ ਪਰ ਮੈਨੂੰ ਵੀਜ਼ਾ ਨਹੀਂ ਮਿਲਿਆ। ਵੀਜ਼ਾ ਨਾ ਮਿਲਣ ਕਾਰਨ ਮੈਂ ਬਹੁਤ ਦੁਖੀ ਹੋ ਗਿਆ ਸੀ।"

ਉਹ ਦੱਸਦੇ ਹਨ, "ਫਿਰ ਮੈਂ ਇੰਗਲੈਂਡ ਜਾਣ ਦਾ ਫੈਸਲਾ ਲਿਆ ਕਿਉਂਕਿ ਉਸ ਸਮੇਂ ਭਾਰਤੀਆਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਪੈਂਦੀ ਸੀ। ਪਰ ਵਿਦੇਸ਼ ਜਾਣ ਦਾ ਖਰਚਾ ਚੁੱਕਣ ਲਈ ਬਹੁਤ ਮੁਸ਼ਕਿਲਾਂ ਪੇਸ਼ ਆਈਆਂ। ਮੈਂ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਤੋਂ ਉਧਾਰ ਲੈਕੇ 10 ਹਜ਼ਾਰ ਰੁਪਏ ਇਕੱਠੇ ਕੀਤੇ ਜਿਸ ਤੋਂ ਬਾਅਦ ਮੈਂ ਇੰਗਲੈਂਡ ਪਹੁੰਚਿਆ। ਇਸ ਦੌਰਾਨ ਮੈਂ ਉੱਥੇ ਫੈਕਟਰੀ ਵਿੱਚ ਕੰਮ ਕੀਤਾ ਅਤੇ ਕਰਜ਼ਾ ਮੋੜਿਆ ਪਰ ਉਚੇਰੀ ਪੜ੍ਹਾਈ ਦਾ ਸੁਪਨਾ ਵੇਖਣਾ ਨਹੀਂ ਛੱਡਿਆ।"

ਡਾ. ਖੁਸ਼ ਦੱਸਦੇ ਹਨ, "ਇੰਗਲੈਂਡ ਵਿੱਚ ਕੰਮ ਕਰਨ ਦੇ ਨਾਲ-ਨਾਲ ਮੈਂ ਅਮਰੀਕਾ ਦੀਆਂ ਤਿੰਨ ਯੂਨੀਵਰਸਿਟੀਸ ਵਿੱਚ ਅਪਲਾਈ ਕੀਤਾ। 1957 ਵਿੱਚ ਮੈਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਦਾਖਲਾ ਮਿਲ ਗਿਆ। ਚੰਗੇ ਗ੍ਰੇਡਸ ਕਾਰਨ ਮੈਨੂੰ ਮਾਸਟਰਸ ਕਰਨ ਦੀ ਲੋੜ ਨਹੀਂ ਪਈ ਅਤੇ ਤਿੰਨ ਸਾਲਾਂ ਵਿੱਚ ਹੀ ਮੇਰੀ ਪੀਐੱਚਡੀ ਪੂਰੀ ਹੋ ਗਈ।"

ਇੱਕ ਸਮਾਂ ਸੀ ਜਦੋਂ ਝੋਨਾ ਦੇਖਿਆ ਤੱਕ ਨਹੀਂ ਸੀ

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 1990 ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਿਖੇ ਆਪਣੇ ਦਫ਼ਤਰ ਵਿੱਚ ਡਾ. ਗੁਰਦੇਵ ਸਿੰਘ ਖੁਸ਼

ਡਾ. ਖੁਸ਼ ਕਹਿੰਦੇ ਹਨ, "ਉਸ ਵੇਲੇ ਪੰਜਾਬ ਵਿੱਚ ਸਿਰਫ਼ ਕਣਕ ਦੀ ਫਸਲ ਹੁੰਦੀ ਸੀ। ਸਰਦੀਆਂ ਵਿੱਚ ਕਿਸਾਨ ਕਣਕ ਲਾਉਂਦੇ ਸਨ ਅਤੇ ਗਰਮੀਆਂ ਵਿੱਚ ਖੇਤ ਖਾਲੀ ਰਹਿੰਦੇ ਸਨ। ਇਸ ਲਈ ਪੰਜਾਬ ਵਿੱਚ ਰਹਿੰਦਿਆਂ ਮੈਂ ਕਦੇ ਝੋਨੇ ਦਾ ਬੂਟਾ ਨਹੀਂ ਦੇਖਿਆ ਸੀ।"

"ਜਦੋਂ ਮੈਂ ਅਮਰੀਕਾ ਵਿੱਚ ਪੜ੍ਹਾਈ ਕਰਨ ਲੱਗਾ ਤਾਂ ਉਸ ਦੌਰਾਨ ਮੈਂ ਪਹਿਲੀ ਵਾਰ ਝੋਨੇ ਦਾ ਬੂਟਾ ਵੇਖਿਆ ਸੀ। ਪਰ ਉਸ ਸਮੇਂ ਜ਼ਿਆਦਾ ਗੌਰ ਨਹੀਂ ਕੀਤਾ ਕਿਉਂਕਿ ਮੈਂ ਉਦੋਂ ਟਮਾਟਰਾਂ 'ਤੇ ਸਟੱਡੀ ਕਰ ਰਿਹਾ ਸੀ।"

1960 ਵਿੱਚ ਅਮਰੀਕਾ ਦੀ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਕਰੀਬ 7 ਸਾਲ ਉਨ੍ਹਾਂ ਨੇ ਟਮਾਟਰ 'ਤੇ ਰਿਸਰਚ ਨੂੰ ਦਿੱਤੇ। ਚੌਲਾਂ 'ਤੇ ਰਿਸਰਚ ਕਰਨ ਦਾ ਮੌਕਾ ਡਾ. ਖੁਸ਼ ਨੂੰ ਉਦੋਂ ਮਿਲਿਆ ਜਦੋਂ ਫਿਲੀਪੀਨਜ਼ ਸਥਿਤ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਨੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਦਾ ਸੱਦਾ ਭੇਜਿਆ।

ਚੌਲਾਂ 'ਤੇ ਰਿਸਰਚ ਦੇ 35 ਸਾਲ

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 1985 ਵਿੱਚ ਆਈ ਆਰ ਆਰ ਆਈ (IRRI) ਵਿਖੇ ਡਾ. ਸ਼ੀਓਬਿੰਗ ਪੈਂਗ ਦੇ ਨਾਲ ਨਵੀਂ ਚੌਲ ਦੀ ਕਿਸਮ ਦੇਖਦੇ ਹੋਏ ਡਾ. ਖੁਸ਼

ਡਾ. ਖੁਸ਼ ਨੂੰ 1967 ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵੱਲੋਂ ਰਿਸਰਚ ਲਈ ਨੌਕਰੀ 'ਤੇ ਰੱਖਿਆ ਗਿਆ। ਜਿੱਥੇ ਉਨ੍ਹਾਂ ਨੂੰ ਚੌਲਾਂ ਦੀਆਂ ਅਜਿਹੀਆਂ ਕਿਸਮਾਂ ਤਿਆਰ ਕਰਨ ਦਾ ਜ਼ਿੰਮਾ ਸੌਂਪਿਆ ਗਿਆ, ਜਿਨ੍ਹਾਂ ਦੀ ਉੱਚ ਪੈਦਾਵਾਰ ਹੋਵੇ, ਪੱਕਣ ਦੀ ਮਿਆਦ ਘੱਟ ਹੋਵੇ, ਦਾਣੇ ਦੀ ਗੁਣਵੱਤਾ ਉੱਤਮ ਹੋਵੇ ਅਤੇ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰਤੀਰੋਧੀ ਹੋਣ।

ਇੱਥੇ ਕੰਮ ਕਰਦਿਆਂ ਮਹਿਜ਼ ਪੰਜ ਸਾਲਾਂ ਦੇ ਅੰਦਰ ਹੀ ਉਹ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਬਣ ਗਏ ਸਨ। ਇਸ ਸੰਸਥਾ ਨੂੰ ਉਨ੍ਹਾਂ ਨੇ ਆਪਣੇ 35 ਸਾਲ ਦਿੱਤੇ ਅਤੇ ਇਸ ਦੌਰਾਨ ਉਨ੍ਹਾਂ ਦਾ ਮੁੱਖ ਫੋਕਸ ਚੌਲਾਂ ਦੀਆਂ ਉੱਚ ਪੱਧਰੀ ਕੀਮਤਾਂ ਇਜਾਦ ਕਰਨਾ ਸੀ। ਡਾ. ਖੁਸ਼ ਦੀ ਅਗਵਾਈ ਹੇਠ ਇੱਥੇ ਚੌਲਾਂ ਦੀਆਂ 300 ਤੋਂ ਵੱਧ ਕਿਸਮਾਂ ਤਿਆਰ ਕੀਤੀਆਂ ਗਈਆਂ ਸਨ।

ਡਾ. ਖੁਸ਼ ਦੱਸਦੇ ਹਨ, "ਜਦੋਂ ਮੈਂ ਨੌਕਰੀ ਸ਼ੁਰੂ ਕੀਤੀ ਤਾਂ ਉਦੋਂ ਮੈਨੂੰ ਚੌਲਾਂ ਦੇ ਅਧਿਐਨ ਦਾ ਜ਼ਿੰਮਾ ਸੌਂਪਿਆ ਗਿਆ। ਪਰ ਮੇਰੇ ਲਈ ਇਹ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਮੈਨੂੰ ਇਸ ਫਸਲ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਇਸ ਦੀ ਖੇਤੀ ਕਿਵੇਂ ਹੁੰਦੀ, ਇਸ ਦਾ ਦਾਣਾ ਕਿਹੋ ਜਿਹਾ ਹੁੰਦਾ ਪਰ ਇਹ ਮੇਰੇ ਲਈ ਨਵਾਂ ਤਜਰਬਾ ਸੀ।"

IR36, IR64 ਕਿਸਮ ਨੇ ਬਦਲੀ ਤਸਵੀਰ

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, ਡਾ. ਗੁਰਦੇਵ ਸਿੰਘ ਖੁਸ਼ ਨੇ 1960 ਵਿੱਚ ਅਮਰੀਕਾ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਸੀ (ਪੁਰਾਣੀ ਤਸਵੀਰ)

ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਵਿੱਚ ਖੋਜੀਆਂ ਗਈਆਂ ਜ਼ਿਆਦਾਤਰ ਝੋਨੇ ਦੀਆਂ ਕਿਸਮਾਂ ਦਾ ਨਾਮਕਰਨ IR (ਇੰਟਰਨੈਸ਼ਨਲ ਰਾਈਸ) ਲੜੀ ਵੱਜੋਂ ਕੀਤਾ ਗਿਆ ਹੈ।

ਡਾ. ਖੁਸ਼ ਵੱਲੋਂ ਇਜਾਦ ਚੌਲ ਦੀ ਨਵੀਂ ਕਿਸਮ IR36 ਨੂੰ ਦੁਨੀਆ ਭਰ ਦੇ ਮੁਲਕਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ।

ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ 1980 ਦੇ ਦਹਾਕੇ ਤੱਕ ਚੌਲ ਦੀ IR36 ਕਿਸਮ ਨੂੰ ਦੁਨੀਆ ਭਰ ਵਿੱਚ ਵਿਆਪਕ ਤੌਰ 'ਤੇ ਅਪਣਾਇਆ ਜਾ ਚੁੱਕਾ ਸੀ ਅਤੇ ਉਸ ਸਮੇਂ ਲਗਭਗ 1.1 ਕਰੋੜ ਹੈਕਟੇਅਰ ਰਕਬੇ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਸੀ।

IR36 ਤੋਂ ਇਲਾਵਾ ਡਾ. ਖੁਸ਼ ਵੱਲੋਂ ਇਜਾਦ IR64 ਕਿਸਮ ਵੀ ਬਹੁਤ ਲੋਕਪ੍ਰਿਯ ਹੋਈ।1985 ਵਿੱਚ IR64 ਦੀ ਖੋਜ ਹੋਈ ਅਤੇ ਦੋ ਦਹਾਕਿਆਂ ਅੰਦਰ ਹੀ ਇਸ ਦੀ ਖੇਤੀ 1 ਕਰੋੜ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕੀਤੀ ਜਾਣ ਲੱਗੀ, ਜਿਸ ਨਾਲ ਦੁਨੀਆ ਭਰ ਦੇ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀ 'ਤੇ ਸਕਾਰਾਤਮਕ ਅਸਰ ਪਿਆ। ਏਸ਼ੀਆਈ ਮੁਲਕਾਂ ਭਾਰਤ, ਚੀਨ, ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਵਿਅਤਨਾਮ ਦੇ ਨਾਲ-ਨਾਲ ਪੱਛਮੀ ਅਫ਼ਰੀਕਾ ਦੇ ਸਾਹੇਲੀ ਖੇਤਰਾਂ ਤੱਕ IR64 ਦਾ ਪਸਾਰ ਹੋਇਆ।

ਪੰਜਾਬ ਵਿੱਚ ਝੋਨੇ ਦੀ ਪੈਦਾਵਾਰ ਨੂੰ ਲੈ ਕੇ ਯੋਗਦਾਨ

ਝੋਨੇ ਦੀ IR36 ਦੀ ਵੱਖ-ਵੱਖ ਕਿਸਮ ਦੇ ਦਾਣੇ

ਤਸਵੀਰ ਸਰੋਤ, IRRI

ਤਸਵੀਰ ਕੈਪਸ਼ਨ, ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਿਖੇ ਇਜਾਦ ਝੋਨੇ ਦੀ IR36 ਦੀ ਵੱਖ-ਵੱਖ ਕਿਸਮ ਦੇ ਦਾਣੇ

ਆਪਣੀ ਆਤਮਕਥਾ 'ਚੌਲਾਂ ਦਾ ਖੋਜੀ' ਵਿੱਚ ਡਾ. ਖੁਸ਼ ਦੱਸਦੇ ਹਨ ਕਿ 1970 ਵਿੱਚ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਸਥਿਤ ਝੋਨਾ ਖੋਜ ਸਟੇਸ਼ਨ ਦਾ ਦੌਰਾ ਕੀਤਾ ਸੀ। ਜਿੱਥੇ ਇਹ ਅਧਿਐਨ ਹੋ ਰਿਹਾ ਸੀ ਕਿ ਝੋਨੇ ਦੀ IR8 ਕਿਸਮ ਪੰਜਾਬ ਦੇ ਵਾਤਾਵਰਨ ਦੇ ਕਿੰਨੇ ਅਨੁਕੂਲ ਸੀ। ਉਸ ਸਮੇਂ ਦੇ ਸਟੇਸ਼ਨ ਡਾਇਰੈਕਟਰ ਡਾ. ਐਸ.ਐਸ. ਸੈਣੀ ਨੇ ਡਾ. ਖੁਸ਼ ਨੂੰ ਦੱਸਿਆ ਕਿ IR8 ਕਿਸਮ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ ਹੈ ਪਰ ਦਾਣੇ ਦੀ ਗੁਣਵੱਤਾ ਘੱਟ ਹੈ।

ਜਿਸ ਤੋਂ ਬਾਅਦ ਡਾ. ਖੁਸ਼ ਵੱਲੋਂ ਕਰੀਬ 30 ਵੱਖ-ਵੱਖ ਕਿਸਮ ਦੇ ਬੀਜ ਭੇਜੇ ਗਏ। ਇਨ੍ਹਾਂ ਵਿੱਚੋਂ IR 665-79-2 ਦੀ ਚੋਣ ਕੀਤੀ ਗਈ ਜਿਸਨੂੰ ਬਾਅਦ ਵਿੱਚ ਪੀਏਯੂ ਵੱਲੋਂ PR106 (ਪੰਜਾਬ ਰਾਈਸ 106) ਵੱਜੋਂ ਜਾਰੀ ਕੀਤਾ ਗਿਆ। ਉਸ ਸਮੇਂ ਪੰਜਾਬ ਸਣੇ ਉੱਤਰੀ ਭਾਰਤ ਵਿੱਚ PR106 ਵੱਡੇ ਪੱਧਰ 'ਤੇ ਉਗਾਈ ਗਈ ਜਿਸ ਨੇ ਝੋਨਾ ਕ੍ਰਾਂਤੀ ਵਿੱਚ ਅਹਿਮ ਰੋਲ ਅਦਾ ਕੀਤਾ।

ਜਦੋਂਕਿ ਦੱਖਣੀ ਅਤੇ ਪੂਰਬੀ ਸੂਬਿਆਂ ਵਿੱਚ IR36 ਅਤੇ IR64 ਦਾ ਵੱਡੇ ਪੱਧਰ 'ਤੇ ਉਤਪਾਦਨ ਹੋਇਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੀ ਟਿੱਪਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੱਸਦੇ ਹਨ, "ਉਸ ਸਮੇਂ ਝੋਨੇ ਦੀ IR8 ਕਿਸਮ ਨੂੰ ਬਿਨਾਂ ਕਿਸੇ ਸੋਧ ਦੇ ਪੰਜਾਬ ਵਿੱਚ ਲਾਇਆ ਗਿਆ ਸੀ ਅਤੇ ਝੋਨੇ ਦੀ ਪੈਦਾਵਾਰ ਵਿੱਚ ਚਾਰ ਗੁਣਾ ਵਾਧਾ ਦੇਖਣ ਨੂੰ ਮਿਲਿਆ ਸੀ। ਹਾਲਾਂਕਿ ਬਾਕੀ ਹੋਰ ਕਿਸਮਾਂ ਦੇ ਸੋਧੇ ਹੋਏ ਜਾਂ ਹਾਈਬ੍ਰਿਡ ਕਿਸਮਾਂ ਬੀਜੀਆਂ ਗਈਆਂ ਸਨ ਜਿਨ੍ਹਾਂ ਨੇ ਝੋਨੇ ਦੀ ਪੈਦਾਵਾਰ ਕਈ ਗੁਣਾ ਵਧਾਉਣ ਵਿੱਚ ਮਦਦ ਕੀਤੀ ਸੀ।"

ਡਾ. ਗੋਸਲ ਦੱਸਦੇ ਹਨ ਕਿ ਡਾ. ਖੁਸ਼ ਨੇ ਨਾ ਸਿਰਫ਼ ਉਦੋਂ IRRI ਵਿੱਚ ਇਜਾਦ ਝੋਨੇ ਦੀਆਂ ਕਿਸਮਾਂ ਦੇ ਬੀਜ ਪੰਜਾਬ ਭੇਜੇ ਸਨ ਸਗੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਈ ਵਿਗਿਆਨੀਆਂ ਅਤੇ ਪ੍ਰੋਫੈਸਰਾਂ ਨੂੰ ਉੱਥੇ ਟ੍ਰੇਨਿੰਗ ਦੇਣ ਵਿੱਚ ਵੀ ਮਦਦ ਕੀਤੀ ਸੀ। ਅੱਜ ਵੀ ਉਹ ਖੇਤੀਬਾੜੀ ਸੈਕਟਰ ਵਿੱਚ ਰਿਸਰਚ 'ਤੇ ਬਹੁਤ ਜ਼ੋਰ ਦਿੰਦੇ ਹਨ।

ਭਾਰਤ ਵਿੱਚ ਹਰਿਤ ਕ੍ਰਾਂਤੀ ਦੇ ਜਨਕ ਕਹੇ ਜਾਣ ਵਾਲੇ ਐਮ ਐਸ ਸਵਾਮੀਨਾਥਨ ਨੇ 1982 ਤੋਂ 1988 ਤੱਕ ਬਤੌਰ ਡਾਇਰੈਕਟਰ ਜਨਰਲ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਿੱਚ ਕੰਮ ਕੀਤਾ ਸੀ।

ਡਾ. ਖੁਸ਼ ਵੱਲੋਂ ਚੌਲਾਂ 'ਤੇ ਕੀਤੀ ਰਿਸਰਚ ਨੂੰ ਲੈ ਕੇ ਸਵਾਮੀਨਾਥਨ ਨੇ ਕਿਹਾ ਸੀ,"ਡਾ. ਖੁਸ਼ ਥਿਓਰੀ ਅਤੇ ਫੀਲਡ ਵਰਕ ਦੇ ਸੁਮੇਲ ਦੀ ਸਮਰੱਥਾ ਰੱਖਦੇ ਹਨ। ਨੌਜਵਾਨ ਵਿਗਿਆਨੀਆਂ ਦੇ ਲਈ ਉਹ ਆਦਰਸ਼ ਹਨ।"

ਅੱਜ ਝੋਨੇ ਕਾਰਨ ਖੜ੍ਹੇ ਪਾਣੀ ਦੇ ਸੰਕਟ 'ਤੇ ਕੀ ਸੋਚਦੇ?

ਹਰਿਤ ਕ੍ਰਾਂਤੀ ਦੇ ਨਾਮੀ ਚਿਹਰੇ ਡਾ. ਬੋਰਲੌਗ ਅਤੇ ਡਾ. ਸਵਾਮੀਨਾਥਨ ਨਾਲ ਡਾ. ਖੁਸ਼ ਦੀ ਤਸਵੀਰ

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, ਡਾ. ਨੌਰਮਨ ਈ. ਬੋਰਲੌਗ ਅਤੇ ਡਾ. ਐਮ. ਐਸ. ਸਵਾਮੀਨਾਥਨ ਨਾਲ ਡਾ. ਗੁਰਦੇਵ ਸਿੰਘ ਖੁਸ਼ ਦੀ ਤਸਵੀਰ

ਡਾ. ਗੁਰਦੇਵ ਸਿੰਘ ਖੁਸ਼ ਮੰਨਦੇ ਹਨ ਕਿ ਮੌਜੂਦਾ ਸਮੇਂ ਵਿੱਚ ਖਾਸ ਤੌਰ 'ਤੇ ਪੰਜਾਬ ਵਿੱਚ ਝੋਨੇ ਕਾਰਨ ਪੈਦਾ ਹੋਇਆ ਪਾਣੀ ਦਾ ਸੰਕਟ ਗੰਭੀਰ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਸੁਝਾਅ ਵੀ ਦਿੱਤੇ ਹਨ।

ਡਾ. ਖੁਸ਼ ਮੁਤਾਬਕ ਪਹਿਲਾਂ ਪੰਜਾਬ ਵਿੱਚ ਸਾਲ ਵਿੱਚ ਸਿਰਫ ਇੱਕ ਫਸਲ ਉਗਾਈ ਜਾਂਦੀ ਸੀ ਪਰ ਹੁਣ ਸਾਲ ਵਿੱਚ ਦੋ ਫਸਲਾਂ ਉਗਾਈਆਂ ਜਾਂਦੀਆਂ, ਜਿਸ ਕਾਰਨ ਜ਼ਮੀਨ ਹੇਠਲੇ ਪਾਣੀ ਦੀ ਖਪਤ ਵਧਣਾ ਸੁਭਾਵਿਕ ਹੈ ਅਤੇ ਇਹ ਸਮੱਸਿਆ ਹੁਣ ਗੰਭੀਰ ਹੁੰਦੀ ਜਾ ਰਹੀ ਹੈ।

ਉਹ ਕਹਿੰਦੇ ਹਨ, "ਇਸ ਸਮੱਸਿਆ ਨਾਲ ਨਜਿੱਠਣ ਲਈ ਸਾਨੂੰ ਝੋਨੇ ਹੇਠ ਆਉਣ ਵਾਲਾ ਰਕਬਾ ਘਟਾਉਣ ਦੀ ਲੋੜ ਹੈ। ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਕਰੀਬ 3 ਮਿਲੀਅਨ ਹੈਕਟੇਅਰ ਜ਼ਮੀਨ 'ਤੇ ਝੋਨੇ ਦੀ ਪੈਦਾਵਾਰ ਹੁੰਦੀ ਹੈ ਅਤੇ ਸਾਨੂੰ ਇਹ ਰਕਬਾ ਘਟਾ ਕੇ 1.5 ਮਿਲੀਅਨ ਹੈਕਟੇਅਰ ਕਰਨ ਦੀ ਲੋੜ ਹੈ।"

"ਕਿਸਾਨਾਂ ਨੂੰ ਕਣਕ-ਚੌਲ ਦੀ ਥਾਂ ਹੋਰਨਾਂ ਫਸਲਾਂ ਉਗਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਸਰਦੀਆਂ ਵਿੱਚ ਕਣਕ ਦੀ ਥਾਂ ਤੇਲ ਬੀਜਾਂ ਵਾਲੀਆਂ ਫਸਲਾਂ ਜਿਵੇਂ ਸਰ੍ਹੋਂ ਉਗਾਈਆਂ ਜਾਣ। ਭਾਰਤ ਖਾਦ ਤੇਲ ਦੀ ਭਾਰੀ ਮਾਤਰਾ ਵਿੱਚ ਇੰਪੋਰਟ ਕਰਦਾ ਹੈ। ਜੇ ਦੇਸ਼ ਵਿੱਚ ਹੀ ਅਜਿਹੀਆਂ ਫਸਲਾਂ ਦਾ ਉਤਪਾਦਨ ਵਧਾਇਆ ਜਾਵੇ ਤਾਂ ਭਾਰਤ ਨੂੰ ਤੇਲ ਘੱਟ ਇੰਪੋਰਟ ਕਰਨਾ ਪਵੇਗਾ। ਗਰਮੀਆਂ ਵਿੱਚ ਚੌਲਾਂ ਦੀ ਥਾਂ ਸੋਇਆਬੀਨ, ਦਾਲਾਂ ਉਗਾਈਆਂ ਜਾ ਸਕਦੀਆਂ ਹਨ।"

"ਜੇ ਝੋਨੇ ਦੀ ਖੇਤੀ ਕਰਨੀ ਵੀ ਹੈ ਤਾਂ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਜਿਵੇਂ ਪੁਰਾਣੇ ਸਮੇਂ ਤੋਂ ਕੱਦੂ ਕਰਨ ਵਾਲੀ ਤਕਨੀਕ ਪ੍ਰਚਲਿਤ ਹੈ ਪਰ ਹੁਣ ਲੋੜ ਹੈ ਕਿ ਸਿੱਧੀ ਬਿਜਾਈ ਨੂੰ ਵੱਧ ਤੋਂ ਵੱਧ ਤਵੱਜੋ ਦਿੱਤੀ ਜਾਵੇ ਜਿਸ ਵਿੱਚ ਘੱਟ ਪਾਣੀ ਦਾ ਇਸਤੇਮਾਲ ਹੁੰਦਾ ਹੈ।"

ਕਣਕ-ਝੋਨੇ ਦੇ ਗੇੜ 'ਚੋਂ ਕਿਵੇਂ ਨਿਕਲਣਗੇ ਕਿਸਾਨ?

ਝੋਨੇ ਲਾਉਂਦੇ ਕਿਸਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਗੁਰਦੇਵ ਸਿੰਘ ਖੁਸ਼ ਮੰਨਦੇ ਹਨ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਝੋਨੇ ਕਾਰਨ ਪੈਦਾ ਹੋਇਆ ਪਾਣੀ ਦਾ ਸੰਕਟ ਗੰਭੀਰ ਹੈ (ਸੰਕੇਤਕ ਤਸਵੀਰ)

ਪੰਜਾਬ ਵਿੱਚ ਕਣਕ ਅਤੇ ਝੋਨੇ 'ਤੇ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ। ਆਮਦਨ ਯਕੀਨੀ ਹੋਣ ਕਾਰਨ ਕਿਸਾਨ ਹੋਰਨਾਂ ਫਸਲਾਂ ਦੀ ਪੈਦਾਵਾਰ ਤੋਂ ਪੈਰ ਪਿਛਾਂਹ ਖਿੱਚ ਲੈਂਦੇ ਹਨ। ਅਜਿਹੇ 'ਚ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਕੱਢਣਾ ਇੱਕ ਵੱਡੀ ਚੁਣੌਤੀ ਹੈ।

ਡਾ. ਖੁਸ਼ ਕਹਿੰਦੇ ਹਨ, "ਕਿਸਾਨ ਨੂੰ ਹਰ ਫਸਲ 'ਤੇ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ ਪਰ ਇੱਥੇ ਸਮੱਸਿਆ ਆਰਥਿਕਤਾ ਦੀ ਹੈ ਕਿ ਕੀ ਸਰਕਾਰ ਇਹ ਯਕੀਨੀ ਬਣਾ ਸਕਦੀ ਹੈ ਜਾਂ ਨਹੀਂ। ਪਰ ਅਜਿਹਾ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਜੇਕਰ ਅਸੀਂ ਪੰਜਾਬ ਦੀ ਹੀ ਗੱਲ ਕਰੀਏ ਤਾਂ ਕਣਕ-ਚੌਲ ਦੇ ਬਦਲ ਵੱਜੋਂ ਜਿਹੜੀ ਫਸਲ ਲਾਈ ਜਾਣੀ ਹੈ ਉਸਨੂੰ ਐਮਐਸਪੀ 'ਤੇ ਖਰੀਦਿਆ ਜਾਵੇ ਤਾਂ ਜੋ ਕਿਸਾਨਾਂ ਦੀ ਵੀ ਆਮਦਨ ਯਕੀਨੀ ਬਣਾਈ ਜਾ ਸਕੇ ਅਤੇ ਫਸਲੀ ਵਿਭਿੰਨਤਾ ਵੱਲ ਵੀ ਉਨ੍ਹਾਂ ਦਾ ਰੁਝਾਨ ਵਧੇ।"

ਪਦਮ ਸ਼੍ਰੀ ਤੋਂ ਲੈ ਕੇ ਵਰਲਡ ਫੂਡ ਪ੍ਰਾਈਜ਼ ਤੱਕ

ਡਾ. ਗੁਰਦੇਵ ਸਿੰਘ ਖੁਸ਼ ਵਰਲਡ ਫੂਡ ਪ੍ਰਾਈਜ਼ ਹਾਸਲ ਕਰਦੇ ਹੋਏ

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 1996 ਵਿੱਚ ਡੇਸ ਮੋਇਨੇਸ, ਲੋਵਾ ਵਿੱਚ ਵਰਲਡ ਫੂਡ ਪ੍ਰਾਈਜ਼ ਫਾਊਂਡੇਸ਼ਨ ਦੇ ਬੋਰਡ ਦੇ ਚੇਅਰਮੈਨ ਜੌਨ ਰੁਆਨ ਤੋਂ ਵਰਲਡ ਫੂਡ ਪੁਰਸਕਾਰ ਪ੍ਰਾਪਤ ਕਰਦੇ ਹੋਏ

ਖਾਦ ਸੁਰੱਖਿਆ ਅਤੇ ਖੇਤੀਬਾੜੀ ਸੈਕਟਰ ਵਿੱਚ ਯੋਗਦਾਨ ਲਈ ਡਾ. ਗੁਰਦੇਵ ਸਿੰਘ ਖੁਸ਼ ਨੂੰ ਸਾਲ 1996 ਵਿੱਚ ਵਰਲਡ ਫੂਡ ਪ੍ਰਾਈਜ਼ ਨਾਲ ਨਵਾਜ਼ਿਆ ਗਿਆ ਸੀ। ਖੇਤੀਬਾੜੀ ਦੇ ਸੈਕਟਰ ਵਿੱਚ ਇਸ ਐਵਾਰਡ ਦੀ ਤੁਲਨਾ ਨੋਬਲ ਪੁਰਸਕਾਰ ਨਾਲ ਕੀਤੀ ਜਾਂਦੀ ਹੈ।

ਜਪਾਨ ਪੁਰਸਕਾਰ ਪ੍ਰਾਪਤ ਕਰਨ ਸਮੇਂ ਡਾ. ਖੁਸ਼ ਦੀ ਤਸਵੀਰ

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 1987 ਵਿੱਚ ਜਪਾਨ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਜਪਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਯਾਸੁਕਿਰੋ ਨਾਕਸੋਨੇ ਨਾਲ ਮੁਲਾਕਾਤ ਕਰਦੇ ਹੋਏ ਡਾ. ਖੁਸ਼

ਸਾਲ 2000 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਭਾਰਤ ਸਰਕਾਰ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 1987 ਵਿੱਚ ਜਪਾਨ ਪੁਰਸਕਾਰ, 1998 ਵਿੱਚ ਰੈਂਕ ਪ੍ਰਾਈਜ਼, ਸਾਲ 2000 ਵਿੱਚ ਵੋਲਫ ਪ੍ਰਾਈਜ਼ ਲਈ ਐਗਰੀਕਲਚਰ ਅਤੇ 2007 ਵਿੱਚ ਗੋਲਡਨ ਸਿਕਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ।

ਬੋਰਲੌਗ ਪੁਰਸਕਾਰ ਪ੍ਰਾਪਤ ਕਰਦੇ ਹੋਏ ਡਾ. ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 1977 ਵਿੱਚ ਭਾਰਤ ਦੇ ਤਤਕਾਲੀ ਖੇਤੀਬਾੜੀ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੋਂ ਨਵੀਂ ਦਿੱਲੀ ਵਿਖੇ ਬੋਰਲੌਗ ਪੁਰਸਕਾਰ ਪ੍ਰਾਪਤ ਕਰਦੇ ਹੋਏ ਡਾ. ਖੁਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ, "ਸ਼ਾਇਦ ਹੀ ਅਜਿਹਾ ਕੋਈ ਵਿਗਿਆਨੀ ਹੋਵੇ ਜਿਸ ਨੇ ਇੱਕੋ ਫਸਲ ਦੀਆਂ 300 ਤੋਂ ਵੱਧ ਕਿਸਮਾਂ ਦੀ ਕਾਢ ਕੱਢੀ ਹੋਵੇ। ਚੌਲਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਵੱਢਮੁੱਲੇ ਯੋਗਦਾਨ ਸਦਕਾ ਹੀ ਇੰਡੋਨੇਸ਼ੀਆ, ਮਲੇਸ਼ੀਆ, ਚੀਨ ਸਣੇ ਕਈ ਮੁਲਕਾਂ ਦੇ ਢਿੱਡ ਭਰੇ। ਪੰਜਾਬ ਵਿੱਚ ਵੀ ਉਨ੍ਹਾਂ ਵੱਲੋਂ ਵਿਕਸਿਤ ਕੀਤੀਆਂ ਚੌਲਾਂ ਦੀਆਂ ਕਿਸਮਾਂ ਦਾ ਰੁਝਾਨ ਵਧਿਆ।"

ਸਵਾਮੀਨਾਥਨ ਪੁਰਸਕਾਰ ਪ੍ਰਾਪਤ ਕਰਦੇ ਹੋਏ ਡਾ. ਖੁਸ਼

ਤਸਵੀਰ ਸਰੋਤ, Dr. Gurdev Singh Khush

ਤਸਵੀਰ ਕੈਪਸ਼ਨ, 2006 ਵਿੱਚ ਨਵੀਂ ਦਿੱਲੀ ਵਿਖੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਸਵਾਮੀਨਾਥਨ ਪੁਰਸਕਾਰ ਪ੍ਰਾਪਤ ਕਰਦੇ ਹੋਏ ਡਾ. ਖੁਸ਼

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਮਿਊਨੀਕੇਸ਼ਨ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ. ਅਨਿਲ ਕੁਮਾਰ ਸ਼ਰਮਾ ਕਹਿੰਦੇ ਹਨ,"ਡਾ. ਗੁਰਦੇਵ ਸਿੰਘ ਖੁਸ਼ ਅਨਸੰਗਡ ਹੀਰੋ ਹਨ। ਜੇਕਰ ਉਨ੍ਹਾਂ ਨੇ ਚੌਲਾਂ ਨੂੰ ਲੈਕੇ ਡੂੰਘੀ ਰਿਸਰਚ ਨਾ ਕੀਤੀ ਹੁੰਦੀ ਤਾਂ ਸ਼ਾਇਦ ਉਸ ਸਮੇਂ ਭੁੱਖਮਰੀ ਦਾ ਸ਼ਿਕਾਰ ਮੁਲਕ ਅੱਜ ਦੁਨੀਆ ਦੇ ਨਕਸ਼ੇ 'ਤੇ ਹੀ ਨਾ ਹੁੰਦੇ।"

ਪੰਜਾਬ ਅਤੇ ਖੇਤੀ ਨਾਲ ਅੱਜ ਵੀ ਗੂੜ੍ਹਾ ਸਬੰਧ

ਪੀਏਯੂ ਵਿੱਚ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਅਤੇ ਮਿਊਜ਼ੀਅਮ ਦੇ ਉਦਘਾਟਨੀ ਸਮਾਗਮ ਦੀ ਤਸਵੀਰ

ਤਸਵੀਰ ਸਰੋਤ, PAU

ਤਸਵੀਰ ਕੈਪਸ਼ਨ, 16 ਅਕਤੂਬਰ 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਅਤੇ ਮਿਊਜ਼ੀਅਮ ਦੇ ਉਦਘਾਟਨੀ ਸਮਾਗਮ ਦੀ ਤਸਵੀਰ

ਡਾ. ਗੁਰਦੇਵ ਸਿੰਘ ਖੁਸ਼ ਮੌਜੂਦਾ ਸਮੇਂ ਵਿੱਚ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਰਹਿੰਦੇ ਹਨ ਪਰ ਅੱਜ ਵੀ ਪੰਜਾਬ ਅਤੇ ਖੇਤੀ ਨਾਲ ਉਨ੍ਹਾਂ ਦਾ ਗੂੜ੍ਹਾ ਸਬੰਧ ਹੈ।

16 ਅਕਤੂਬਰ 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਅਤੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਡਾ. ਗੁਰਮੀਤ ਸਿੰਘ ਖੁੱਡੀਆਂ ਮੌਜੂਦ ਰਹੇ ਸਨ।

ਸਾਲ 2009 ਵਿੱਚ ਵਰਲਡ ਫੂਡ ਪ੍ਰਾਈਜ਼ ਸਣੇ ਤਮਾਮ ਪੁਰਸਕਾਰਾਂ ਤੋਂ ਮਿਲੀ ਕਰੀਬ ਸਾਢੇ ਤਿੰਨ ਕਰੋੜ ਦੀ ਇਨਾਮੀ ਰਾਸ਼ੀ ਉਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਗ੍ਰਾਂਟ ਵੱਜੋਂ ਦਿੱਤੀ ਗਈ। ਜਿਸ ਸਦਕਾ 2010 ਵਿੱਚ ਖੁਸ਼ ਫਾਊਂਡੇਸ਼ਨ ਦਾ ਆਗਾਜ਼ ਹੋਇਆ। ਇਸ ਸੰਸਥਾ ਦਾ ਮਕਸਦ ਖੇਤੀਬਾੜੀ ਸੈਕਟਰ ਵਿੱਚ ਰਿਸਰਚ ਅਤੇ ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਨਾ ਹੈ।

ਡਾ. ਗੁਰਦੇਵ ਸਿੰਘ ਖੁਸ਼

ਤਸਵੀਰ ਸਰੋਤ, PAU

ਤਸਵੀਰ ਕੈਪਸ਼ਨ, ਰਿਸਰਚ ਦੇ ਖੇਤਰ ਵਿੱਚ ਜਿੰਨਾ ਵੱਧ ਨਿਵੇਸ਼ ਹੋਵੇਗਾ ਉਨਾ ਹੀ ਦੇਸ਼ ਅੱਗੇ ਵਧੇਗਾ: ਡਾ. ਗੁਰਦੇਵ ਸਿੰਘ ਖੁਸ਼

ਹਰ ਸਾਲ ਡਾ. ਖੁਸ਼ ਯੂਨੀਵਰਸਿਟੀ ਆਉਂਦੇ ਹਨ ਜਿੱਥੇ ਉਨ੍ਹਾਂ ਵੱਲੋਂ ਲੋੜਵੰਦ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

ਪੀਏਯੂ ਦੇ ਵਾਈਸ ਚਾਂਸਲਰ ਡਾ. ਗੋਸਲ ਦੱਸਦੇ ਹਨ ਕਿ ਬੇਸ਼ੱਕ ਡਾ. ਖੁਸ਼ ਨੇ ਖੇਤੀ ਦੇ ਸੈਕਟਰ ਵਿੱਚ ਨਾਮਣਾ ਖੱਟਿਆ ਪਰ ਬਾਵਜੂਦ ਇਸ ਦੇ ਉਹ ਅੱਜ ਵੀ ਸਾਦਗੀ ਭਰਿਆ ਜੀਵਨ ਗੁਜ਼ਾਰਦੇ ਹਨ।

ਡਾ. ਖੁਸ਼ ਕਹਿੰਦੇ ਹਨ,"ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਮੈਂ ਜੋ ਕਰ ਸਕਦਾ ਹਾਂ ਉਹ ਕਰਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੈਂ ਪੜ੍ਹਾਈ ਕੀਤੀ। ਜ਼ਿੰਦਗੀ ਦੇ ਅਹਿਮ ਸਾਲ ਉੱਥੇ ਗੁਜ਼ਾਰੇ ਅਤੇ ਮੇਰੀ ਇੱਛਾ ਸੀ ਕਿ ਮੈਂ ਸਮਾਜ ਨੂੰ ਕੁਝ ਵਾਪਸ ਮੋੜਾਂ।"

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਭਾਰਤ ਦੀਆਂ ਨਾਮੀ ਹਸਤੀਆਂ ਨੂੰ ਰਿਸਰਚ ਦੇ ਖੇਤਰ ਵਿੱਚ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਰਨਾ ਚਾਹੀਦਾ ਹੈ। ਕਿਉਂਕਿ ਰਿਸਰਚ ਦੇ ਖੇਤਰ ਵਿੱਚ ਜਿੰਨਾ ਵੱਧ ਨਿਵੇਸ਼ ਹੋਵੇਗਾ ਉਨਾ ਹੀ ਦੇਸ਼ ਅੱਗੇ ਵਧੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)