ਪੰਜਾਬ ਸਰਕਾਰ ਦਾ 'ਸਰਬੱਤ ਏਆਈ' ਪ੍ਰੋਜੈਕਟ ਕੀ ਹੈ, ਬੱਚਿਆਂ ਨੂੰ ਸਕੂਲਾਂ ’ਚ ਏਆਈ ਪੜ੍ਹਾਉਣ ਵਿੱਚ ਕਿਹੜੀਆਂ ਚੁਣੌਤੀਆਂ ਆ ਸਕਦੀਆਂ ਹਨ

ਪੰਜਾਬ ਸਰਕਾਰ ਦਾ 'ਸਰਬੱਤ ਏਆਈ' ਪ੍ਰਾਜੈਕਟ ਕੀ ਹੈ

ਤਸਵੀਰ ਸਰੋਤ, Punjab School Education Board/FB

ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਦੇ 'ਸਰਬੱਤ ਏਆਈ' ਪ੍ਰੋਜੈਕਟ ਨੂੰ ਲਾਂਚ ਕਰਨ ਦੌਰਾਨ (ਖੱਬੇ ਤੋਂ ਸੱਜੇ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ, 'ਆਪ' ਆਗੂ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁੱਧਵਾਰ ਨੂੰ 'ਸਰਬੱਤ ਏਆਈ' ਪ੍ਰੋਜੈਕਟ ਲਾਂਚ ਕੀਤਾ ਗਿਆ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਏਆਈ ਦਾ ਵਿਸ਼ਾ ਪੜ੍ਹਾਇਆ ਜਾਵੇਗਾ।

ਸਿੱਖਿਆ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦੇ ਅਧਿਆਪਕ ਸਿਖਲਾਈ ਦੇਣਗੇ।

ਪਰ ਇਹ 'ਸਰਬੱਤ ਏਆਈ' ਪ੍ਰਾਜੈਕਟ ਕੀ ਹੈ, ਇਹ ਸਕੂਲਾਂ ਵਿੱਚ ਕਿਵੇਂ ਕੰਮ ਕਰੇਗਾ, ਕਿਹੜੀਆਂ ਚੁਣੌਤੀਆਂ ਹੋ ਸਕਦੀਆਂ ਹਨ, ਇਨ੍ਹਾਂ ਸਾਰੇ ਪਹਿਲੂਆਂ ਬਾਰੇ ਜਾਣਦੇ ਹਾਂ ਇਸ ਰਿਪੋਰਟ ਵਿੱਚ।

'ਸਰਬਤ ਏਆਈ' ਪ੍ਰੋਜੈਕਟ ਕੀ ਹੈ?

 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ

ਤਸਵੀਰ ਸਰੋਤ, Punjab School Education Board/FB

ਤਸਵੀਰ ਕੈਪਸ਼ਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 22 ਜੁਲਾਈ, ਬੁੱਧਵਾਰ ਨੂੰ ਸਰਬੱਤ ਏਆਈ ਪ੍ਰੋਜੈਕਟ ਲਾਂਚ ਕੀਤਾ ਹੈ।

ਪੀਐੱਸਈਬੀ ਦੇ ਅਧਿਕਾਰਤ ਫੇਸਬੁੱਕ ਪੇਜ ਮੁਤਾਬਕ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਏਆਈ ਯਾਨੀ ਆਰਟੀਫੀਸ਼ਲ ਇੰਟੈਲੀਜੈਂਸੀ ਨੂੰ ਲਾਜ਼ਮੀ ਤੇ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਸਾਡੇ ਬੱਚਿਆਂ ਦਾ ਭਵਿੱਖ ਸਭ ਤੋਂ ਅਹਿਮ ਹੈ। ਪੰਜਾਬ ਦੇ ਨੌਜਵਾਨ ਸਿਰਫ ਟੈਕਨਾਲੌਜੀ ਦੇ ਯੂਜ਼ਰ ਨਹੀਂ ਬਣਨਗੇ, ਬਲਕਿ ਉਹ ਕ੍ਰਿਏਟਰ, ਇਨੋਵੇਟਰ ਅਤੇ ਲੀਡਰ ਬਣਨਗੇ। ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਯੂਨੈਸਕੋ ਦੇ ਐਥੀਕਲ ਏਆਈ ਫ੍ਰੇਮਵਰਕ ਦੇ ਮਾਪਦੰਡਾਂ ਦੇ ਆਧਾਰ 'ਤੇ ਬਣਾਇਆ ਗਿਆ ਹੈ ਤਾਂ ਜੋ ਇਹ ਪੱਕਾ ਹੋ ਸਕੇ ਕਿ ਸਾਡੇ ਬੱਚੇ ਸੁਰੱਖਿਅਤ, ਜ਼ਿੰਮੇਵਾਰ ਅਤੇ ਮਨੁੱਖੀ ਕੇਂਦਰਿਤ ਏਆਈ ਸਿੱਖਣ।"

ਚੇਅਰਮੈਨ ਮੁਤਾਬਕ, ਏਆਈ ਦੀ ਮੁਹਾਰਤ ਤੇ ਸਿੱਖਣ ਦੇ ਨਤੀਜਿਆਂ ਨੂੰ ਹੁਣ ਅਧਿਕਾਰਤ ਤੌਰ 'ਤੇ ਪੰਜਾਬ ਬੋਰਡ ਦੇ ਸਰਟੀਫਿਕੇਟ ਵਿੱਚ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ, "12,424 ਟ੍ਰੇਂਡ ਕੰਪਿਊਟਰ ਸਾਇੰਸ ਅਧਿਆਪਕਾਂ ਦੀ ਮਦਦ ਨਾਲ ਅੱਠਵੀਂ ਅਤੇ 12ਵੀਂ ਕਲਾਸ ਦੇ ਲਈ ਪਹਿਲਾ ਪੜਾਅ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਗੂਗਲ, ਇੰਟੈਲ, ਐਮਾਜ਼ਨ ਵੈੱਬ ਸਰਵਿਸ, ਕੈਨਵਾ, ਨੀਵ ਏਆਈ ਅਤੇ ਐੱਫਏ-ਏਆਈ ਵਰਗੀਆਂ ਟੈੱਕ ਕੰਪਨੀਆਂ ਦੇ ਨਾਲ ਰਣਨੀਤਿਕ ਸਾਂਝੇਦਾਰੀ ਨਾਲ ਇਸ ਨੂੰ ਸਪੋਰਟ ਮਿਲ ਰਿਹਾ ਹੈ।"

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਵਰਿੰਦਰ ਭਾਟੀਆ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਹ ਪਹਿਲਕਦਮੀ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਲਈ ਬਹੁਤ ਕਾਰਗਾਰ ਸਾਬਿਤ ਹੋ ਸਕਦੀ ਹੈ ਪਰ ਉਹ ਇਹ ਵੀ ਕਹਿੰਦੇ ਹਨ ਕਿ ਇਸ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਲਈ ਬੁਨਿਆਦੀ ਢਾਂਚੇ ਦੀ ਜ਼ਰੂਰਤ ਪਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀ ਕਿਹਾ?

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਤਸਵੀਰ ਸਰੋਤ, Harjot Singh Bains/FB

ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜੋ ਏਆਈ ਨੂੰ ਮੁੱਖ ਵਿਸ਼ੇ ਵਜੋਂ ਪੜ੍ਹਾਏਗਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ 'ਸਰਬੱਤ ਏਆਈ' ਪ੍ਰਾਜੈਕਟ ਦੇ ਲਾਂਚ ਦੌਰਾਨ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਏਆਈ ਮੁੱਖ ਵਿਸ਼ਾ ਨਹੀਂ ਹੈ।

ਉਨ੍ਹਾਂ ਕਿਹਾ, "ਹੋਰ ਥਾਵਾਂ 'ਤੇ ਏਆਈ ਇੱਕ ਚੋਣਵਾਂ ਜਾਂ ਕਿੱਤਾਮੁਖੀ ਵਿਸ਼ਾ ਹੈ ਪਰ ਪੰਜਾਬ ਪਹਿਲਾ ਸੂਬਾ ਹੈ, ਜਿਸਨੇ ਇਸ ਨੂੰ ਪਹਿਲੀ ਕਲਾਸ ਤੋਂ ਮੁੱਖ ਵਿਸ਼ਾ ਕਰ ਦਿੱਤਾ ਹੈ। ਪਹਿਲੀ ਜਮਾਤ ਤੋਂ ਲੈਕੇ ਬਾਰ੍ਹਵੀਂ ਜਮਾਤ ਤੱਕ ਸਾਡੇ ਬੱਚਿਆਂ ਨੂੰ ਅਸੀਂ ਆਰਟੀਫੀਸ਼ਲ ਇੰਟੈਲੀਜੈਂਸ ਪੜ੍ਹਾਵਾਂਗੇ। ਅਸੀਂ ਉਸ ਪੱਧਰ 'ਤੇ ਜਾ ਰਹੇ ਹਾਂ ਜਿੱਥੇ ਪੂਰੇ ਯੋਜਨਾਬੱਧ ਤਰੀਕੇ ਨਾਲ ਇਸ ਉੱਪਰ ਕੰਮ ਕਰਾਂਗੇ। ਇਸ ਪਿੱਛੇ ਕਈ ਸਾਲਾਂ ਦੀ ਮਿਹਨਤ ਹੈ।"

ਬੈਂਸ ਨੇ ਅੱਗੇ ਕਿਹਾ, "ਇਸ ਲਈ ਕਿਤਾਬਾਂ ਆਉਣਗੀਆਂ ਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਅਸੀਂ ਆਪਣੇ ਬਾਰ੍ਹਾਂ ਹਜ਼ਾਰ ਕੰਪਿਊਟਰ ਫੈਕਲਟੀ ਨੂੰ, ਜੋ ਕੰਪਿਊਟਰ ਅਧਿਆਪਕ ਹਨ, ਏਆਈ ਅਧਿਆਪਕ ਬਣਨ ਦੇ ਸਮਰੱਥ ਬਣਾਵਾਂਗੇ। ਇਸ ਤੋਂ ਇਲਾਵਾ, ਅਸੀਂ ਆਪਣੇ ਦੋ ਲੱਖ ਹੋਰ ਅਧਿਆਪਕਾਂ ਨੂੰ ਸਿਖਲਾਈ ਦੇਵਾਂਗੇ।"

"ਇੱਕ ਜ਼ਿੰਮੇਦਾਰ ਨਾਗਰਿਕ ਕਿਵੇਂ ਬਣੀਏ, ਇਹ ਏਆਈ ਬਾਰੇ ਉਨ੍ਹਾਂ ਦੀ ਸ਼ੁਰੂਆਤੀ ਸਿਖਲਾਈ ਹੋਵੇਗੀ ਅਤੇ ਛੇਵੀਂ ਕਲਾਸ ਤੋਂ ਹੀ ਬੱਚੇ ਏਆਈ ਬਣਾਉਣਾ ਸਿੱਖਣਗੇ। ਅੱਠਵੀਂ ਅਤੇ ਨੌਵੀਂ ਕਲਾਸ ਤੱਕ ਪਹੁੰਚਦੇ-ਪਹੁੰਚਦੇ ਉਹ ਆਪਣਾ ਖੁਦ ਦਾ ਮਡਿਊਲ ਬਣਾ ਸਕਣਗੇ।"

ਉਨ੍ਹਾਂ ਅੱਗੇ ਕਿਹਾ ਕਿ ਥਿਊਰੀ ਸਿਰਫ 10 ਫੀਸਦ ਹੋਵੇਗੀ ਜਦਕਿ 90 ਫੀਸਦ ਪ੍ਰੈਕਟੀਕਲ ਰਾਹੀਂ ਸਿਖਾਇਆ ਜਾਵੇਗਾ।

ਹਰਜੋਤ ਬੈਂਸ ਨੇ ਕਿਹਾ, "ਅਸੀਂ ਆਪਣੇ ਸਕੂਲਾਂ ਨੂੰ ਏਆਈ ਲਈ ਤਿਆਰ ਕਰਨ ਲਈ 2500 ਕਰੋੜ ਰੁਪਏ ਬੁਨਿਆਦੀ ਢਾਂਚੇ ਉੱਪਰ ਖਰਚ ਕੀਤੇ ਹਨ।"

ਸਰਕਾਰ ਅੱਗੇ ਕੀ ਚੁਣੌਤੀਆਂ ਹੋ ਸਕਦੀਆਂ ਹਨ?

ਸਕੂਲ ਵਿੱਚ ਏਆਈ ਬਾਰੇ ਪੜ੍ਹਾਉਂਦੀ ਅਧਿਆਪਿਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਏਆਈ ਦਾ ਵਿਸ਼ਾ ਪੜ੍ਹਾਇਆ ਜਾਵੇਗਾ (ਸੰਕੇਤਕ ਤਸਵੀਰ)

ਏਆਈ ਦੇ ਮਾਹਰ ਡਾਕਟਰ ਸੰਦੀਪ ਸਿੰਘ ਸੰਧਾ ਪੰਜਾਬ ਵਿੱਚ ਨੌਜਵਾਨਾਂ ਨੂੰ ਏਆਈ ਦੀ ਸਿਖਲਾਈ ਦੇ ਰਹੇ ਹਨ।

ਉਨ੍ਹਾਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿੱਚ ਕੁਝ ਚੁਣੌਤੀਆਂ ਵੀ ਪੇਸ਼ ਹੋ ਸਕਦੀਆਂ ਹਨ।

ਸੰਦੀਪ ਕਹਿੰਦੇ ਹਨ, "ਇਹ ਸ਼ਲਾਘਾਯੋਗ ਕਦਮ ਹੈ ਪਰ ਸਾਡਾ ਜ਼ਮੀਨੀ ਤਜਰਬਾ ਇਹ ਕਹਿੰਦਾ ਕਿ ਪ੍ਰੋਜੈਕਟ ਨੂੰ ਸਿਰਫ ਲਾਂਚ ਕਰਨਾ ਹੀ ਕਾਫੀ ਨਹੀਂ ਹੈ। ਉਨ੍ਹਾਂ ਦੇ ਪਾਠਕ੍ਰਮ ਕੀ ਹਨ, ਉਹ ਦੇਖਣਾ ਹੋਵੇਗਾ। ਇਹ ਹਰ ਕਿਸੇ ਲਈ ਹੈ ਕਿ ਜੇ ਨਵਾਂ ਵਿਸ਼ਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਇਸ ਵਿੱਚ ਕਈ ਚੁਣੌਤੀਆਂ ਵੀ ਆਉਣਗੀਆਂ। ਉਹ ਕਹਿ ਰਹੇ ਹਨ ਕਿ 12,000 ਅਧਿਆਪਕ ਇਸ ਵਿਸ਼ੇ ਨੂੰ ਪੜ੍ਹਾਉਣ ਲਈ ਟ੍ਰੇਂਡ ਕੀਤੇ ਗਏ ਹਨ ਤੇ ਅਸੀਂ ਸਿਰਫ ਕੰਪਿਊਟਰ ਅਧਿਆਪਕ ਉੱਪਰ ਹੀ ਇਹ ਜ਼ਿੰਮੇਵਾਰੀ ਰੱਖੀ ਹੈ।"

ਸੰਦੀਪ ਸਿੰਘ ਦਾ ਮੰਨਣਾ ਹੈ ਕਿ ਇਹ ਸਿਰਫ ਪੰਜਾਬ ਦੀ ਹੀ ਨਹੀਂ ਪੂਰੇ ਭਾਰਤ ਵਿੱਚ ਹੀ ਵੱਡੀ ਸਮੱਸਿਆ ਹੈ ਕਿ ਸਾਡੇ ਕੋਲ ਏਆਈ ਪੜ੍ਹਾਉਣ ਲਈ ਸਿੱਖਿਅਤ ਅਧਿਆਪਕ ਹੀ ਨਹੀਂ ਹਨ।

ਉਨ੍ਹਾਂ ਕਿਹਾ, "ਅਮਰੀਕਾ-ਚੀਨ ਤੋਂ ਅਸੀਂ ਏਆਈ ਵਿੱਚ ਬਹੁਤ ਪਿੱਛੇ ਹਾਂ। ਇਸ ਲਈ ਪੜ੍ਹਾਉਣ ਉੱਪਰ ਜੋਰ ਤਾਂ ਦੇ ਰਹੇ ਹਾਂ ਪਰ ਸਾਨੂੰ ਏਆਈ ਪੜ੍ਹਾਉਣ ਵਾਲੇ ਅਧਿਆਪਕ ਚਾਹੀਦੇ ਹਨ। ਸਾਨੂੰ ਏਆਈ ਵਿੱਚ ਚੰਗੇ ਪਾਠਕ੍ਰਮ ਦੀ ਲੋੜ ਹੈ, ਨਵੇਂ ਪਾਠਕ੍ਰਮ ਦੀ ਲੋੜ ਹੈ।”

“ ਅੱਠਵੀਂ ਵਾਲੇ ਬੱਚੇ ਨੂੰ ਅਸੀਂ ਏਆਈ ਕਿਵੇਂ ਪੜ੍ਹਾਉਣਾ ਹੈ, ਅਜਿਹੀਆਂ ਕਿਤਾਬਾਂ ਸਾਡੇ ਕੋਲ ਅਜੇ ਨਹੀਂ ਹਨ। ਮੈਂ ਕਈ ਬੋਰਡਾਂ ਦੇ ਪਾਠਕ੍ਰਮ ਦੇਖੇ ਹਨ ਪਰ ਉਹ ਰੱਟੇ ਦੀ ਤਰ੍ਹਾਂ ਪੜ੍ਹਾ ਰਹੇ ਹਨ ਪਰ ਇਹ ਵਿਸ਼ਾ ਰੱਟੇ ਵਾਲਾ ਨਹੀਂ ਹੈ। ਇਸ ਨੂੰ ਅਸੀਂ ਮੈਥ, ਕੈਮਿਸਟ੍ਰੀ, ਫਿਜ਼ੀਕਸ ਦੀ ਤਰ੍ਹਾਂ ਨਹੀਂ ਪੜ੍ਹਾ ਸਕਦੇ, ਇਸਦੇ ਲਈ ਸਭ ਪ੍ਰੈਕਟੀਕਲ ਹੋਣਾ ਚਾਹੀਦਾ ਕਿਉਂਕਿ ਇਸ ਵਿੱਚ ਜੋ ਉਪਕਰਣ ਹਨ, ਉਹ ਥੋੜ੍ਹਾ ਜਿਹਾ ਰੋਬੋਟਿਕ ਹਨ, ਏਆਈ ਵਾਸਤੇ ਕਲਾਊਡ ਦੀ ਲੋੜ ਹੈ, ਇਸ ਲਈ ਛੋਟੇ ਕੰਪਿਊਟਰਾਂ ਵਿੱਚ ਏਆਈ ਬਣਦਾ ਨਹੀਂ ਹੈ।"

ਵਰਿੰਦਰ ਭਾਟੀਆ ਦਾ ਬਿਆਨ

ਛੋਟੇ ਬੱਚਿਆਂ ਨੂੰ ਏਆਈ ਬਾਰੇ ਕਿਵੇਂ ਪੜ੍ਹਾਇਆ ਜਾਵੇਗਾ, ਇਸ ਬਾਰੇ ਸੰਦੀਪ ਕਹਿੰਦੇ ਹਨ ਕਿ ਉਹ ਉਸ ਪਾਠਕ੍ਰਮ 'ਤੇ ਨਿਰਭਰ ਕਰਦਾ ਹੈ ਜੋ ਪੰਜਾਬ ਬੋਰਡ ਵੱਲੋਂ ਬਣਾਇਆ ਹੋਵੇਗਾ।

ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਐੱਸਆਈਆਰ ਵਰਗੇ ਕੌਮੀ ਕਾਰਜਾਂ ਵਿੱਚ ਲੱਗਦੀਆਂ ਡਿਊਟੀਆਂ ਬਾਰੇ ਵਰਿੰਦਰ ਭਾਟੀਆ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹੜੇ ਕੰਮ ਲਾਉਣਾ।

ਇਨ੍ਹਾਂ ਡਿਊਟੀਆਂ ਦੌਰਾਨ ਅਧਿਆਪਕ ਬੱਚਿਆਂ ਨੂੰ ਕਿਵੇਂ ਪੜ੍ਹਾਉਣਗੇ ਇਸ ਬਾਰੇ ਵਰਿੰਦਰ ਭਾਟੀਆ ਕਹਿੰਦੇ ਹਨ, "ਇਸ ਬਾਰੇ ਕੌਮੀ ਪੱਧਰ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਕਾਰਜਾਂ ਵਿੱਚ ਕਿਸ ਨੂੰ ਲਗਾਉਣਾ ਹੈ ਤੇ ਕਿਸ ਨੂੰ ਨਹੀਂ। ਕਿਉਂਕਿ ਜੇ ਇਸ ਨਾਲ ਅਧਿਆਪਕਾਂ ਦਾ ਸਮਾਂ ਬਰਬਾਦ ਹੋ ਰਿਹਾ ਤਾਂ ਇੱਕ ਬੈਲੇਂਸ ਬਣਾ ਲੈਣਾ ਚਾਹੀਦਾ।"

'ਏਆਈ ਵਰਤਣ ਦੀ ਥਾਂ ਏਆਈ ਬਣਾਉਣਾ ਟੀਚਾ ਹੋਣਾ ਚਾਹੀਦਾ ਹੈ'

ਏਆਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਆਈ ਮਾਹਿਰ ਡਾਕਟਰ ਸੰਦੀਪ ਦੱਸਦੇ ਹਨ ਕਿ ਬੱਚਿਆਂ ਨੂੰ ਏਆਈ ਪੜ੍ਹਾਉਣ ਦੇ ਨਾਲ-ਨਾਲ ਇਹ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ ਕੇ ਸੋਸ਼ਲ ਮੀਡੀਆ ਉੱਪਰ ਇਸਦੀ ਕਿੰਨੀ ਗਲਤ ਦੁਰਵਰਤੋਂ ਵੀ ਹੁੰਦੀ ਹੈ ਤੇ ਕਿੰਨਾ ਸਾਰਾ ਕੰਟੈਂਟ ਅਸਲੀ ਨਹੀਂ ਹੈ (ਸੰਕੇਤਕ ਤਸਵੀਰ)

ਸੰਦੀਪ ਕਹਿੰਦੇ ਹਨ ਕਿ ਇਹ ਦੇਖਣਾ ਅਹਿਮ ਹੋਵੇਗਾ ਕਿ ਕੰਪਿਊਟਰ ਅਧਿਆਪਕ ਜ਼ਮੀਨੀ ਪੱਧਰ 'ਤੇ ਏਆਈ ਦੀ ਸਿਖਲਾਈ ਨੂੰ ਕਿੰਨਾ ਕੁ ਅਮਲੀਜਾਮਾ ਪਹਿਨਾਉਂਦੇ ਹਨ।

ਉਨ੍ਹਾਂ ਕਿਹਾ, "ਏਆਈ ਦੀ ਭਾਸ਼ਾ ਨੂੰ ਅਧਿਆਪਕ ਕਿਵੇਂ ਟਰਾਂਸਲੇਟ ਕਰਕੇ ਸਮਝਾਉਂਦੇ ਹਨ, ਇਹ ਵੱਡਾ ਟੀਚਾ ਹੋਵੇਗਾ। ਜਿਵੇਂ ਅਸੀਂ ਪਿੰਡਾਂ ਵਿੱਚ ਬੱਚਿਆਂ ਨੂੰ ਸਿਖਲਾਈ ਦੇ ਰਹੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਬੱਚੇ ਅੰਗਰੇਜ਼ੀ ਵਿੱਚ ਤਾਂ ਤਕੜੇ ਹਨ ਪਰ ਤਕਨੀਕੀ ਭਾਸ਼ਾ ਵਿੱਚ ਉਨ੍ਹਾਂ 'ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।"

ਉਹ ਕਹਿੰਦੇ ਹਨ ਕਿ ਏਆਈ ਵਿੱਚ ਬਹੁਤ ਕੁਝ ਹੈ। "ਸਾਡਾ ਟੀਚਾ ਇਹ ਹੋਣਾ ਚਾਹੀਦਾ ਕਿ ਬੱਚੇ ਏਆਈ ਵਰਤਣੀ ਸਿਖਣ ਦੀ ਥਾਂ ਏਆਈ ਨੂੰ ਬਣਾਉਣਾ ਸਿੱਖਣ। ਏਆਈ ਅਜਿਹੀ ਚੀਜ਼ ਹੈ, ਜਿਸ ਨੇ ਹਰ ਪਿੰਡ-ਸ਼ਹਿਰ ਦੇ ਘਰ-ਘਰ ਵੜ ਜਾਣਾ ਹੈ ਤੇ ਹਰ ਕਿਸੇ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦੇਣਾ ਹੈ, ਇਸੇ ਤੋਂ ਕੰਪਨੀਆਂ ਪੈਸਾ ਬਣਾ ਰਹੀਆਂ ਹਨ।"

ਸਿੱਖਿਆ ਮੰਤਰੀ ਦੇ ਇਸ ਬਿਆਨ ਬਾਰੇ ਕਿ ਬੱਚੇ ਖੁਦ ਮਡਿਊਲ ਬਣਾਉਣਗੇ, ਸੰਦੀਪ ਕਹਿੰਦੇ ਹਨ, "ਇਹ ਕੋਈ ਔਖੀ ਚੀਜ਼ ਵੀ ਨਹੀਂ ਹੈ ਪਰ ਅਸੀਂ ਬੱਚੇ ਨੂੰ ਕੀ ਸਿਖਾ ਰਹੇ ਹਾਂ ਇਹ ਅਹਿਮੀਅਤ ਰੱਖਦਾ ਹੈ।"

ਪੰਜਾਬ ਦੇ ਬੱਚੇ ਇਸ ਲਈ ਕਿੰਨੇ ਕੁ ਤਿਆਰ ਹਨ?

ਵਿਦਿਆਰਥੀ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਮਾਹਰ ਖਿੜੇ ਹਨ ਕਿ ਅੱਜ ਦਾ ਬੱਚਾ ਪਹਿਲਾਂ ਹੀ ਮੋਬਾਈਲ ਅਤੇ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ, ਇਸ ਲਈ ਉਹ ਤਕਨੀਕ ਲਈ ਪੂਰੀ ਤਰ੍ਹਾਂ ਤਿਆਰ ਹਨ (ਸੰਕੇਤਕ ਤਸਵੀਰ)

ਏਆਈ ਦੇ ਮਾਹਰ ਡਾਕਟਰ ਸੰਦੀਪ ਸਿੰਘ ਸੰਧਾ ਪੰਜਾਬ ਵਿੱਚ ਨੌਜਵਾਨਾਂ ਨੂੰ ਏਆਈ ਦੀ ਸਿਖਲਾਈ ਦੇ ਰਹੇ ਹਨ।

ਉਨ੍ਹਾਂ ਦੱਸਦੇ ਹਨ ਕਿ ਪੰਜਾਬ ਦੇ ਬੱਚਿਆਂ ਵਿੱਚ ਬਾਕਮਾਲ ਸਮਰੱਥਾ ਅਤੇ ਉਤਸ਼ਾਹ ਹੈ। ਅੱਜ ਦਾ ਬੱਚਾ ਪਹਿਲਾਂ ਹੀ ਮੋਬਾਈਲ ਅਤੇ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ, ਇਸ ਲਈ ਉਹ ਤਕਨੀਕ ਲਈ ਪੂਰੀ ਤਰ੍ਹਾਂ ਤਿਆਰ ਹਨ।

"ਹੁਣ ਤੱਕ ਦੀ ਸਿਖਲਾਈ ਵਿੱਚ ਮੈਂ ਖਾਸ ਕਰਕੇ ਸਾਡੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਬੱਚਿਆਂ ਵਿੱਚ 'ਸਿੱਖਣ ਦੀ ਭੁੱਖ' ਦੇਖੀ ਹੈ। ਉਨ੍ਹਾਂ ਦੀ ਕਲਪਨਾ ਬਹੁਤ ਵਿਸ਼ਾਲ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਏਆਈ ਨੂੰ ਸਿਰਫ਼ ਕਿਤਾਬੀ ਗਿਆਨ ਵਾਂਗ ਨਾ ਪੜ੍ਹਨ, ਬਲਕਿ ਇਸਨੂੰ ਆਪਣੇ ਆਲੇ-ਦੁਆਲੇ ਦੀਆਂ ਜ਼ਮੀਨੀ ਸਮੱਸਿਆਵਾਂ, ਜਿਵੇਂ ਕਿ ਸਾਡੀ ਖੇਤੀਬਾੜੀ, ਸਿਹਤ ਸਹੂਲਤਾਂ, ਜਾਂ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਜੋੜ ਕੇ ਦੇਖਣ।”

ਬੱਚਿਆਂ 'ਤੇ ਇਸਦਾ ਕੋਈ ਮਾੜਾ ਪ੍ਰਭਾਵ ਵੀ ਪੈ ਸਕਦਾ?

ਡਾਕਟਰ ਸੰਦੀਪ ਸਿੰਘ ਸੰਧਾ - ਏਆਈ ਮਾਹਰ

ਸੰਦੀਪ ਸਿੰਘ ਮੰਨਦੇ ਹਨ ਕਿ ਏਆਈ ਦੇ ਕੁਝ ਘਾਟੇ ਵੀ ਹਨ ਤੇ ਫਾਇਦੇ ਵੀ ਹਨ।

ਉਹ ਕਹਿੰਦੇ ਹਨ, "ਏਆਈ ਇੱਕ ਸਿਆਣਾ ਦਿਮਾਗ ਹੋਣ ਕਰਕੇ ਇਸ ਨੂੰ ਜੇ ਗਲਤ ਵਰਤਿਆ ਜਾਂਦਾ ਤਾਂ ਬੱਚਾ ਖੁਦ ਦਾ ਦਿਮਾਗ ਚਲਾਉਣਾ ਭੁੱਲ ਜਾਂਦਾ ਕਿਉਂਕਿ ਏਆਈ ਹੀ ਸਾਰਾ ਕੁਝ ਕਰਨ ਲੱਗ ਜਾਂਦੀ ਹੈ। ਏਆਈ ਤਕਨੀਕ ਇੰਨੀ ਤਾਕਤਵਰ ਹੈ ਕਿ ਇਹ ਸਾਡੇ ਤੋਂ ਪੜ੍ਹਾਈ ਖੋਹਣ ਦੀ ਤਾਕਤ ਰੱਖਦੀ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਇਸ ਦੇ ਨੈਤਿਕ ਸਹੀ-ਗਲਤ ਬਾਰੇ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ। ਇਹ ਵੀ ਦੱਸਿਆ ਜਾਵੇ ਏਆਈ ਨੂੰ ਕਿੰਨਾ ਵਰਤਣਾ ਹੈ ਤੇ ਕਦੋਂ ਵਰਤਣਾ ਹੈ, ਬੱਚੇ ਨੂੰ ਪਤਾ ਹੋਵੇ ਕਿ ਅਸੀਂ ਇਸ ਨੂੰ ਕਿੱਥੇ ਵਰਤਣਾ। ਇਹ ਨਾ ਹੋਵੇ ਕਿ ਬੱਚੇ ਸਾਰੇ ਵਿਸ਼ਿਆਂ ਬਾਰੇ ਹੀ ਏਆਈ ਤੋਂ ਪੁੱਛਣਾ ਸ਼ੁਰੂ ਕਰ ਦੇਣ ਤੇ ਖੁਦ ਪੜ੍ਹਣਾ ਛੱਡ ਦੇਣ।"

ਇਸ ਪ੍ਰੋਜੈਕਟ ਨਾਲ ਬੱਚਿਆਂ ਦਾ ਸਕ੍ਰੀਨ ਦਾ ਸਮਾਂ ਵਧਣ ਬਾਰੇ ਵਰਿੰਦਰ ਭਾਟੀਆ ਕਹਿੰਦੇ ਹਨ ਕਿ ਹੁਣ ਪੜ੍ਹਾਈ ਡਿਜੀਟਲ ਦਾ ਹਿੱਸਾ ਬਣ ਚੁੱਕੀ ਹੈ।

ਉਹ ਕਹਿੰਦੇ ਹਨ, "ਬੱਚੇ ਸੋਸ਼ਲ ਮੀਡੀਆ ਵਰਗੇ ਫਾਲਤੂ ਕੰਮਾਂ ਦੀ ਵਰਤੋਂ ਕਈ ਵਾਰ ਜ਼ਿਆਦਾ ਕਰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਸ ਪ੍ਰੋਜੈਕਟ ਦੇ ਨਾਲ ਉਹ ਆਪਣਾ ਸਮਾਂ ਏਆਈ ਸਿੱਖਣ ਉੱਪਰ ਲਗਾਉਣਗੇ। ਸਕਰੀਨ ਦੇ ਸਮੇਂ ਨੂੰ ਕੰਟਰੋਲ ਕਰਨ ਲਈ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਦੱਸਣਾ ਪਵੇਗਾ ਕਿ ਇਸਦੇ ਫਾਇਦੇ ਤੇ ਨੁਕਸਾਨ ਕੀ ਹਨ।"

ਸੰਦੀਪ ਦੱਸਦੇ ਹਨ ਕਿ ਬੱਚਿਆਂ ਨੂੰ ਏਆਈ ਪੜ੍ਹਾਉਣ ਦੇ ਨਾਲ-ਨਾਲ ਇਹ ਦੱਸਿਆ ਜਾਣਾ ਬਹੁਤ ਜ਼ਰੂਰੀ ਹੈ ਕੇ ਸੋਸ਼ਲ ਮੀਡੀਆ ਉੱਪਰ ਇਸਦੀ ਕਿੰਨੀ ਗਲਤ ਦੁਰਵਰਤੋਂ ਵੀ ਹੁੰਦੀ ਹੈ ਤੇ ਕਿੰਨਾ ਸਾਰਾ ਕੰਟੈਂਟ ਅਸਲੀ ਨਹੀਂ ਹੈ।

ਉਨ੍ਹਾਂ ਕਿਹਾ, "ਜੇ ਅਸੀਂ ਕਹਿੰਦੇ ਹਾਂ ਕਿ ਏਆਈ ਸਾਡੀ ਕਦਰ ਕਰੇ, ਸਾਡੀਆਂ ਭਾਵਨਾਵਾਂ ਦੀ ਕਦਰ ਕਰੇ ਤਾਂ ਇਹ ਉਦੋਂ ਹੀ ਸੰਭਵ ਹੈ, ਜਦੋਂ ਏਆਈ ਉੱਪਰ ਸਾਡੇ ਬੱਚਿਆਂ ਦਾ ਕੰਟਰੋਲ ਹੋਵੇਗਾ।"

ਸੰਦੀਪ ਇਹ ਵੀ ਕਹਿੰਦੇ ਹਨ ਕਿ ਜੇ ਸਰਕਾਰ ਇਸ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ 'ਤੇ 10 ਫੀਸਦ ਵੀ ਸਫਲ ਕਰ ਦਿੰਦੀ ਹੈ ਤਾਂ ਇਹ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਕਾਰਗਾਰ ਸਾਬਿਤ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)