ਇਸ ਮਹਿਲਾ ਨੂੰ ਕਿਉਂ ਕਿਹਾ ਜਾਂਦਾ ਹੈ 'ਸਨੇਕ ਲੇਡੀ' , ਇਨ੍ਹਾਂ 'ਤੇ ਕੇਸ ਕਿਉਂ ਦਰਜ ਹੋਇਆ ਹੈ?

ਵੀਡੀਓ ਕੈਪਸ਼ਨ, ਇਹ ਔਰਤ ‘ਸਨੇਕ ਲੇਡੀ’ ਦੇ ਨਾਮ ਨਾਲ ਕਿਉਂ ਹੈ ਮਸ਼ਹੂਰ?
ਇਸ ਮਹਿਲਾ ਨੂੰ ਕਿਉਂ ਕਿਹਾ ਜਾਂਦਾ ਹੈ 'ਸਨੇਕ ਲੇਡੀ' , ਇਨ੍ਹਾਂ 'ਤੇ ਕੇਸ ਕਿਉਂ ਦਰਜ ਹੋਇਆ ਹੈ?
ਪ੍ਰਕਾਸ਼ਿਤ

ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਵੀ ਕਰ ਸਕਦੇ ਹਨ

ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਬਿਸਾਹ ਪਿੰਡ ਦੀ ਰਹਿਣ ਵਾਲੇ ਜਾਨਕੀ ਦੇਵੀ ਨੂੰ ਇਲਾਕੇ ਵਿੱਚ ਸਨੇਕ ਲੇਡੀ ਵਜੋਂ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੀ ਗਰਦਨ ਦੁਆਲੇ ਇੱਕ ਕਿੰਗ ਕੋਬਰਾ ਲਪੇਟਦੇ ਹੋਏ ਦਿਖਾਈ ਦੇ ਰਹੇ ਹਨ।

48 ਸਾਲ ਦੇ ਜਾਨਕੀ ਦੇਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸੱਪ ਫੜਨਾ ਆਉਂਦਾ ਹੈ। ਸਕੂਲੀ ਸਿੱਖਿਆ ਹਾਸਲ ਨਾ ਕਰ ਸਕਣ ਵਾਲੇ ਜਾਨਕੀ ਨੂੰ ਸੱਪਾਂ ਨਾਲ ਪਿਆਰ ਹੈ ਅਤੇ ਉਹ ਦੱਸਦੇ ਹਨ ਕਿ ਬਿਨਾਂ ਕੋਈ ਪੈਸਾ ਲਏ ਉਹ ਸੱਪਾਂ ਨੂੰ ਬਚਾਉਂਦੇ ਹਨ।

ਹੱਥ ਵਿੱਚ ਸੱਪ ਫੜ੍ਹ ਕੇ ਖੜ੍ਹੇ ਜਾਨਕੀ ਦੇਵੀ ਦੀ ਤਸਵੀਰ
ਤਸਵੀਰ ਕੈਪਸ਼ਨ, 48 ਸਾਲ ਦੇ ਜਾਨਕੀ ਦੇਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸੱਪ ਫੜਨਾ ਆਉਂਦਾ ਹੈ

ਉਹ ਕਹਿੰਦੇ ਹਨ, "ਸੱਪਾਂ ਨਾਲ ਸਾਡਾ ਇੱਕ ਤਰ੍ਹਾਂ ਦਾ ਭਾਈਚਾਰਾ ਹੈ, ਦਿਲ ਦਾ ਲਗਾਅ ਹੈ। ਕੋਈ ਇੱਕ ਸੱਪ ਨੂੰ ਮਾਰ ਦਿੰਦਾ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ।ਪਹਿਲਾਂ ਸਾਡੇ ਦੇਸ਼ ਵਿੱਚ ਬਹੁਤ ਸੱਪ ਹੁੰਦੇ ਸਨ। ਤਾਂ ਉਨ੍ਹਾਂ ਸੱਪਾਂ ਨਾਲ ਅਸੀਂ ਖੇਡਦੇ-ਖੇਡਣ ਦੀ ਆਦਤ ਪੈ ਗਈ। ਘੱਟੋ-ਘੱਟ ਦਸ-ਬਾਰਾਂ ਸਾਲ ਦੀ ਹੋ ਗਈ ਸੀ, ਉਦੋਂ ਸੱਪ ਫੜਨਾ ਸ਼ੁਰੂ ਕੀਤਾ ਸੀ।"

ਆਪਣੀ ਵਾਇਰਲ ਹੋਈ ਵੀਡੀਓ ਬਾਰੇ ਉਹ ਦੱਸਦੇ ਹਨ, "ਉਹ ਤਾਂ ਕਿੰਗ ਕੋਬਰਾ ਸੀ। ਕਿਸੇ ਦੇ ਘਰ ਵਿੱਚ ਸੀ ਅਤੇ ਉਨ੍ਹਾਂ ਨੇ ਸੱਪ ਬਚਾਉਣ ਵਾਲੇ ਨੂੰ ਬੁਲਾਇਆ ਸੀ। ਸੱਪ ਬਚਾਉਣ ਵਾਲਾ ਇੱਕ ਘੰਟੇ ਤੱਕ ਨਹੀਂ ਆਇਆ ਸੀ। ਇੱਕ ਘੰਟੇ ਬਾਅਦ ਲੋਕ ਮੈਨੂੰ ਬੁਲਾਉਣ ਆਏ ਕਿ ਚਲੋ, ਸੱਪ ਫੜ ਕੇ ਬਾਹਰ ਕੱਢ ਦਿਓ, ਤਾਂ ਮੈਂ ਇੱਥੋਂ ਗਈ ਸੀ।"

"ਇੰਨਾ ਵੱਡਾ ਸੱਪ ਮੈਂ ਇਸ ਤਰ੍ਹਾਂ ਘੜੀਸ ਕੇ ਨਹੀਂ ਲਿਆ ਸਕਦੀ ਸੀ, ਕਿਉਂਕਿ ਉਸ ਦਾ ਢਿੱਡ ਛਿੱਲ ਜਾਵੇਗਾ ਅਤੇ ਉਸ ਨੂੰ ਕੁਝ ਵੀ ਹੋ ਸਕਦਾ ਸੀ। ਇਸ ਲਈ ਮੈਂ ਉਸ ਨੂੰ ਚੁੱਕ ਕੇ ਆਪਣੀ ਗਰਦਨ 'ਤੇ ਰੱਖ ਲਿਆ ਸੀ ਤਾਂ ਜੋ ਉਸ ਨੂੰ ਸੱਟ ਨਾ ਲੱਗੇ"

ਹਾਲਾਂਕਿ ਸੋਸ਼ਲ ਮੀਡੀਆ ਉੱਤੇ ਜਾਨਕੀ ਦੇਵੀ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਾਲਮੀਕੀ ਨਗਰ ਰੇਂਜ ਦੇ ਰੇਂਜਰ ਸਤਿਅਮ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਸੱਪਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਨ। ਇਸ ਤੋਂ ਇਲਾਵਾ ਜਾਨਕੀ ਦੇਵੀ ਵਿਰੁੱਧ ਜੰਗਲੀ ਜੀਵ ਸੁਰੱਖਿਆ ਐਕਟ, 1972 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)