370 ਰੁਪਏ ਦੀ ਬਿਰਿਆਨੀ ਅਤੇ ਵਸੂਲੀ ਵਾਲੀ ਭਾਸ਼ਾ, ਪ੍ਰਣਿਤ ਮੋਰੇ ਦੀ ਕਾਮੇਡੀ ਬਿਮਾਰ ਸਮਾਜ ਦੀ ਤ੍ਰਾਸਦੀ ਸਮਝਦੀ ਹੈ-ਬਲੌਗ

ਤਸਵੀਰ ਸਰੋਤ, Pranit More Official/Facebook
- ਲੇਖਕ, ਲਕਸ਼ਮੀ ਯਾਦਵ
- ਰੋਲ, ਬੀਬੀਸੀ ਮਰਾਠੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 14 ਮਿੰਟ
"ਅਸੀਂ ਦੋਹਾਂ ਨੇ 370 ਰੁਪਏ ਦੀ ਬਿਰਿਆਨੀ ਖਾਧੀ। ਫਿਰ ਉਸ ਨੇ ਕਿਹਾ ਹੁਣ ਮੈਨੂੰ ਘਰ ਛੱਡ ਦਿਓ। ਮੈਂ ਕਿਹਾ, 'ਭਰਾਵਾ ਜੇ 370 ਰੁਪਏ ਗਏ ਹਨ ਤਾਂ ਇਸ ਦੀ ਵਸੂਲੀ ਜ਼ਰੂਰ ਕਰਾਂਗਾ।'"
ਕਾਮੇਡੀ ਕਲਾਕਾਰ ਪ੍ਰਣਿਤ ਮੋਰੇ ਵੱਲੋਂ ਹੋਸਟ ਕੀਤੇ ਸ਼ੋਅ ਵਿੱਚ ਬੋਲਦਿਆਂ 23 ਸਾਲਾ ਹਿਮਾਂਸ਼ੂ ਜਾਂਗੜਾ ਨੇ ਇੱਕ ਮਹਿਲਾ ਮਿੱਤਰ ਬਾਰੇ ਇਹ ਗੱਲ ਕਹੀ ਜਿਸ ਨੂੰ ਉਹ ਡੇਟ 'ਤੇ ਲੈ ਕੇ ਗਿਆ ਸੀ।
ਹਿਮਾਂਸ਼ੂ ਨੇ ਅੱਗੇ ਕਿਹਾ, "ਮੈਂ ਉਸ ਨੂੰ ਹੋਟਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਲਈ ਮੈਂ ਉਸ ਨੂੰ ਗਾਰਡਨ ਵਿੱਚ ਲੈ ਗਿਆ।"
ਉਸ ਮੁਤਾਬਕ, ਜੇਕਰ ਉਸਨੇ ਆਪਣੀ ਗਰਲਫਰੈਂਡ ਨੂੰ ਬਿਰਿਆਨੀ ਖਵਾਈ ਹੈ ਤਾਂ ਬਦਲੇ ਵਿੱਚ ਉਸ ਨੂੰ ਸਰੀਰਕ ਸੁੱਖ ਮਿਲਣਾ ਚਾਹੀਦਾ ਹੈ।
ਹਿਮਾਂਸ਼ੂ ਜਾਂਗੜਾ ਦੇ ਇਸ ਬਿਆਨ ਦੀ ਚੌਤਰਫ਼ਾ ਨਿੰਦਾ ਹੋਈ ਅਤੇ ਇਸ ਨੇ ਡੇਟਿੰਗ, ਆਧੁਨਿਕ ਰਿਸ਼ਤਿਆਂ, ਸਹਿਮਤੀ ਅਤੇ ਕਾਮੇਡੀ ਦੇ ਮਿਆਰ ਬਾਰੇ ਇੱਕ ਬਹਿਸ ਛੇੜ ਦਿੱਤੀ ਹੈ।
ਅਦਾਕਾਰਾ ਅਪੂਰਵਾ ਨੇਮਾਲੇਕਰ ਨੇ ਆਪਣੀ ਪੋਸਟ ਵਿੱਚ ਕਿਹਾ, " ਮੈਂ ਪ੍ਰਣਿਤ ਮੋਰੇ ਸ਼ੋਅ ਦੀ ਵਾਇਰਲ ਕਲਿੱਪ ਦੇਖੀ ਅਤੇ ਮੈਨੂੰ ਇਸ ਤੋਂ ਸਖ਼ਤ ਨਫ਼ਰਤ ਹੈ। ਇੱਕ ਮਰਦ ਬੜੇ ਮਾਣ ਨਾਲ ਦੱਸ ਰਿਹਾ ਹੈ ਕਿ ਉਸ ਨੇ ਇੱਕ ਡੇਟ ਤੋਂ ਬਾਅਦ ਆਪਣੀ ਸਹੇਲੀ 'ਤੇ ਪੈਸੇ ਵਸੂਲਣ ਲਈ ਕਿਵੇਂ ਦਬਾਅ ਪਾਇਆ ਅਤੇ ਉੱਥੇ ਮੌਜੂਦ ਹਰ ਕੋਈ ਜੋ ਆਪਣੇ ਆਪ ਨੂੰ ਮਰਦ ਕਹਿੰਦਾ ਹੈ, ਇਸ ਗੱਲ 'ਤੇ ਹੱਸ ਰਿਹਾ ਸੀ। ਇਹ ਕੋਈ 'ਡਾਰਕ ਕਾਮੇਡੀ' ਨਹੀਂ ਹੈ।"
ਪ੍ਰਣਿਤ ਮੋਰੇ ਦਾ ਕਾਮੇਡੀ ਸ਼ੋਅ ਅਤੇ ਵਿਵਾਦ
ਪ੍ਰਣਿਤ ਮੋਰੇ, ਹਿਮਾਂਸ਼ੂ ਦੇ ਬਿਆਨ 'ਤੇ ਹੱਸਿਆ ਅਤੇ ਉਸ ਨੇ 'ਪੀਕ ਗੁੜਗਾਓਂ ਕੰਟੈਂਟ' ਜਿਹੇ ਸ਼ਬਦਾਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਸ ਨੇ ਹਿਮਾਂਸ਼ੂ ਨੂੰ ਆਪਣੇ ਸ਼ੋਅ ਵਿੱਚ ਅੱਧੇ ਘੰਟੇ ਦਾ ਸਮਾਂ ਦਿੱਤਾ।
ਇਸ ਅੱਧੇ ਘੰਟੇ ਦੌਰਾਨ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੇ ਆਪਣੀ ਗਰਲਫਰੈਂਡ ਨੂੰ ਕਿਵੇਂ 'ਕਿਸ' ਕੀਤਾ ਅਤੇ ਉਸ ਦੇ ਸਰੀਰ ਨਾਲ ਕੀ ਕੀਤਾ। ਉਸ ਦੀ ਗੱਲ ਸੁਣਦਿਆਂ, ਪ੍ਰਣਿਤ, " ਲੈ ਲੈ, ਲੈ ਲੈ" ਕਹਿ ਕੇ ਉਸ ਦਾ ਹੌਂਸਲਾ ਵਧਾ ਰਿਹਾ ਸੀ ਅਤੇ ਹੱਸ ਰਿਹਾ ਸੀ।
ਉਸ ਦਾ ਸ਼ੋਅ ਅਸਲ ਵਿੱਚ ਹਿਮਾਂਸ਼ੂ ਦੇ ਇਸ ਬਿਆਨ ਨਾਲ ਸ਼ੁਰੂ ਹੋਇਆ ਸੀ ਜਿਸ ਵਿਚ ਉਸ ਨੇ ਕਿਹਾ ਸੀ, "ਮੈਨੂੰ ਹਰ ਚੀਜ਼ ਲਈ ਇੱਕ ਵੱਡੀ ਉਮਰ ਦੀ ਕੁੜੀ ਚਾਹੀਦੀ ਸੀ।"
ਅਲੋਚਨਾ ਹੋਣ ਬਾਅਦ ਪ੍ਰਣਿਤ ਨੇ ਚੈਨਲ ਤੋਂ ਵੀਡੀਓ ਡਿਲੀਟ ਕਰ ਦਿੱਤੀ ਅਤੇ ਮਾਫ਼ੀ ਮੰਗੀ।
ਕਈ ਕਾਮੇਡੀ ਸ਼ੋਅਜ਼ ਦੀ ਤਰ੍ਹਾਂ, ਪ੍ਰਣਿਤ ਮੋਰੇ ਦੇ ਕਾਮੇਡੀ ਸ਼ੋਅ ਵਿੱਚ ਹੇਠਲੇ ਪੱਧਰ ਦੇ ਚੁਟਕਲੇ ਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਉਹ ਬਿਗ ਬੌਸ ਵਿੱਚ ਸਨ ਤਾਂ ਸਲਮਾਨ ਖਾਨ ਨੇ ਉਸ ਨੂੰ ਫਿਟਕਾਰ ਲਗਾਈ ਸੀ।
ਇੱਕ ਕਾਮੇਡੀ ਸ਼ੋਅ ਦੌਰਾਨ ਪ੍ਰਣਿਤ ਮੋਰੇ ਨੇ ਇੱਕ ਕੁੜੀ ਦੀ ਅੰਗੂਠੀ ਵੱਲ ਦੇਖਦਿਆਂ ਉਸ ਨੂੰ ਕਿਹਾ ਕਿ ਇਹ ਅੰਗੂਠੀ ਸਲਮਾਨ ਖਾਨ ਦੇ ਬਰੈਸਲੇਟ ਜਿਹੀ ਲਗਦੀ ਹੈ। ਕੁੜੀ ਨੇ ਜਵਾਬ ਦਿੱਤਾ ਕਿ ਉਸ ਨੂੰ ਇਹ ਅੰਗੂਠੀ ਸਲਮਾਨ ਖਾਨ ਨੇ ਹੀ ਦਿੱਤੀ ਹੈ, ਤਾਂ ਪ੍ਰਣਿਤ ਨੇ ਉਸ ਨੂੰ ਪੁੱਛਿਆ, "ਕੀ ਤੁਸੀਂ ਫਾਰਮਹਾਊਸ ਗਏ ਸੀ?"
ਹਰ ਕੋਈ ਜਾਣਦਾ ਸੀ ਕਿ ਉਹ ਕੋਈ ਚੁਟਕਲਾ ਨਹੀਂ ਸੀ, ਪਰ ਉਸ ਸਮੇਂ ਉਸ ਦੇ ਇਸ ਬਿਆਨ 'ਤੇ ਕੋਈ ਹੰਗਾਮਾ ਨਹੀਂ ਹੋਇਆ ਅਤੇ ਉਸ ਨੂੰ ਕੋਈ ਸਜ਼ਾ ਨਹੀਂ ਮਿਲੀ।
ਕਾਮੇਡੀ ਸ਼ੋਅ: ਕਲਾ, ਬੋਲਣ ਦੀ ਅਜ਼ਾਦੀ ਜਾਂ ਰੇਪ ਕਲਚਰ ਨੂੰ ਉਤਸ਼ਾਹਿਤ ਕਰਨਾ?
ਜ਼ਿਆਦਾਤਰ ਕਾਮੇਡੀ ਸ਼ੋਆਂ ਵਿੱਚ ਵਰਤੀ ਜਾਂਦੀ ਭਾਸ਼ਾ ਜਿਨ੍ਹਾਂ ਨੂੰ ਕਲਾ ਮੰਨਿਆ ਜਾਂਦਾ ਹੈ, ਬਹੁਤ ਜ਼ਿਆਦਾ ਅਸ਼ਲੀਲ, ਫੂਹੜ ਅਤੇ ਲਿੰਗਭੇਦੀ ਹੁੰਦੀ ਹੈ।
'ਕੂਲ' ਦਿਸਣ ਦੇ ਨਾਮ 'ਤੇ ਉਹ ਅਕਸਰ ਬੇਨੁਕਸਾਨ ਲੱਗਣ ਵਾਲੇ ਚੁਟਕਲਿਆਂ, ਔਰਤਾਂ ਦੇ ਸਰੀਰ ਜਾਂ ਉਨ੍ਹਾਂ ਦੇ ਚਰਿੱਤਰ ਅਤੇ ਸ਼ਖਸੀਅਤ ਬਾਰੇ ਅਸ਼ਲੀਲ ਟਿੱਪਣੀਆਂ ਦੀ ਵਰਤੋਂ ਕਰਦੇ ਹਨ।
ਯੂਟਿਊਬਰ ਰਣਵੀਰ ਇਲਾਹਾਬਾਦੀਆ ਬਾਰੇ ਵੀ ਅਜਿਹਾ ਵਿਵਾਦ ਸਾਹਮਣੇ ਆਇਆ ਸੀ। ਰਣਵੀਰ ਇਲਾਹਾਬਾਦੀਆ ਨੇ ਸਟੈਂਡ-ਅਪ ਕਾਮੇਡੀਅਨ ਸਮਯ ਰੈਨਾ ਦੇ ਯੂਟਿਊਬ ਸ਼ੋਅ ਇੰਡੀਆਜ਼ ਗੌਟ ਲੇਟੈਂਟ ਵਿੱਚ ਇੱਕ ਮਹਿਮਾਨ ਜੱਜ ਵਜੋਂ ਹਿੱਸਾ ਲਿਆ ਸੀ। ਸ਼ੋਅ ਦੌਰਾਨ, ਉਸ ਨੇ ਇੱਕ ਪ੍ਰਤੀਯੋਗੀ ਨੂੰ ਉਸ ਦੇ ਮਾਪਿਆਂ ਦੀ ਨਿੱਜੀ ਅਤੇ ਜਿਨਸੀ ਜ਼ਿੰਦਗੀ ਬਾਰੇ ਬਹੁਤ ਹੀ ਅਸ਼ਲੀਲ ਅਤੇ ਇਤਰਜ਼ਾਯੋਗ ਸਵਾਲ ਪੁੱਛੇ ਸੀ।
ਉਸ ਨੇ ਇੱਕ ਜਨਤਕ ਪਲੇਟਫ਼ਾਰਮ 'ਤੇ ਪੁੱਛਿਆ ਸੀ, "ਜੇ ਤੁਹਾਡੇ ਮਾਪੇ ਸੈਕਸ ਕਰ ਰਹੇ ਹੋਣ, ਤਾਂ ਕੀ ਤੁਸੀਂ ਵੀ ਸ਼ਾਮਲ ਹੋਵੋਗੇ?"

ਤਸਵੀਰ ਸਰੋਤ, VIDEO GRAB/Pranit More Official/Facebook
ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਰਣਵੀਰ ਨੇ ਗ੍ਰਿਫ਼ਤਾਰੀ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਹਾਲਾਂਕਿ, ਪਟੀਸ਼ਨ ਨੂੰ ਖਾਰਜ ਕਰਦਿਆਂ ਅਦਾਲਤ ਨੇ ਉਸ ਨੂੰ ਸਖ਼ਤ ਸ਼ਬਦਾਂ ਵਿੱਚ ਫਟਕਾਰ ਲਗਾਈ ਅਤੇ ਕਿਹਾ, "ਤੁਹਾਡਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ, ਮਸ਼ਹੂਰ ਹੋਣਾ ਕੁਝ ਵੀ ਬੋਲਣ ਦਾ ਲਾਇਸੈਂਂਸ ਨਹੀਂ ਹੈ।"
ਇਸ ਮਾਮਲੇ ਵਿੱਚ ਰਣਵੀਰ, ਸੁਰੇਸ਼ ਰੈਨਾ ਅਤੇ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਤਾਜਾ ਮਾਮਲੇ ਵਿੱਚ ਜਦੋਂ ਉਹ ਹਿਮਾਂਸ਼ੂ ਬਾਰੇ ਗੱਲ ਕਰ ਰਿਹਾ ਸੀ, ਪ੍ਰਣਿਤ ਮੋਰੇ ਨੇ ਨਾ ਉਸ ਨੂੰ ਰੋਕਿਆ, ਬਲਕਿ ਉਸ ਨੂੰ ਹੋਰ ਬੋਲਣ ਲਈ ਉਤਸ਼ਾਹਿਤ ਕੀਤਾ। ਉਸ ਨੇ ਹਿਮਾਂਸ਼ੂ ਨੂੰ ਕਿਹਾ, "ਜੇ ਤੁਸੀਂ ਉਸ ਨੂੰ 'ਕਿਸ' ਨਹੀਂ ਕੀਤਾ ਹੈ ਤਾਂ ਅਜਿਹਾ ਕਰੋ, ਤਾਂ ਜੋ ਸੀਨ ਤਿਆਰ ਹੋ ਸਕੇ।"
ਜਦੋਂ ਹਿਮਾਂਸ਼ੂ ਨੇ ਕਿਹਾ ਕਿ ਉਸ ਨੇ 'ਕਿਸ' ਕੀਤਾ ਸੀ ਤਾਂ ਪ੍ਰਣਿਤ ਨੇ ਹੱਸਦਿਆਂ ਕਿਹਾ, "ਬਾਰਾਂ ਰੁਪਏ ਵਸੂਲ ਹੋ ਗਏ।"
ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਪ੍ਰਣਿਤ ਜਾਂ ਸ਼ੋਅ 'ਤੇ ਮੌਜੂਦ ਕਿਸੇ ਹੋਰ ਨੇ ਹਿਮਾਂਸ਼ੂ ਨੂੰ ਨਹੀਂ ਰੋਕਿਆ ਬਲਕਿ ਇਹ ਵੀ ਹੈ ਕਿ ਹਰ ਕਿਸੇ ਨੇ ਬਹੁਤ ਹੀ ਸੰਵੇਦਨਸ਼ੀਲ ਨਿੱਜੀ ਪਲਾਂ ਨੂੰ 'ਅਸ਼ਲੀਲ ਚੁਟਕਲਿਆਂ' ਵਿੱਚ ਬਦਲ ਦਿੱਤਾ। ਅਜਿਹੀ ਸਥਿਤੀ ਵਿੱਚ, 'ਔਰਤਾਂ ਆਪਣੇ ਨਾਲ ਹੋਣ ਵਾਲੀ ਹਿੰਸਾ ਲਈ ਕਿਵੇਂ ਜ਼ਿੰਮੇਵਾਰ ਹਨ, ਉਹ ਅਜਿਹੇ ਕੱਪੜੇ ਕਿਉਂ ਪਾਉਂਦੀਆਂ ਹਨ ਜੋ ਮਰਦਾਂ ਨੂੰ ਆਕਰਸ਼ਿਤ ਕਰਦੇ ਹਨ ਜਾਂ ਸੰਕੇਤ ਦਿੰਦੇ ਹਨ, ਡੇਟ 'ਤੇ ਆਉਣ ਵਾਲੀਆਂ ਕੁੜੀਆਂ ਸਰੀਰਕ ਸਬੰਧਾਂ ਲਈ ਕਿਵੇਂ ਉਪਲਬਧ ਹੁੰਦੀਆਂ ਹਨ ਅਤੇ ਅਜਿਹੀਆਂ ਔਰਤਾਂ ਨਾਲ ਬਲਾਤਕਾਰ ਜਾਂ ਜਿਨਸੀ ਸੋਸ਼ਣ ਕਰਨਾ ਕਿਉਂ ਸਧਾਰਨ ਗੱਲ ਹੈ?'
ਇਸ 'ਤੇ ਚਰਚਾ ਕਰਨ ਵਾਲਿਆਂ ਦੇ ਨਜ਼ਰੀਏ ਤੋਂ, ਮਰਦ ਜਿਨਸੀ ਸੋਸ਼ਣ ਲਈ ਕਦੇ ਵੀ ਜ਼ਿੰਮੇਵਾਰ ਨਹੀਂ ਹੁੰਦੇ।
ਇਸ ਸਾਰੇ ਹੰਗਾਮੇ ਵਿੱਚ, ਇਹ ਮਹੱਤਵਪੂਰਨ ਮੁੱਦਾ ਕਿ ਕੀ ਹਿਮਾਂਸ਼ੂ ਦੀ ਗਰਲਫਰੈਂਡ ਨੇ ਗਾਰਡਨ ਵਿੱਚ ਹੋਏ ਸਰੀਰਕ ਸੰਬੰਧਾਂ ਲਈ ਸਹਿਮਤੀ ਦਿੱਤੀ ਸੀ ਅਤੇ ਕੀ ਹਿਮਾਂਸ਼ੂ ਨੇ ਉਨ੍ਹਾਂ ਵਿਚਕਾਰ ਹੋਏ ਨਿੱਜੀ ਪਲਾਂ ਨੂੰ ਜਨਤਕ ਤੌਰ 'ਤੇ ਸਾਂਝਾ ਕਰਨ ਲਈ ਉਸ ਦੀ ਇਜਾਜ਼ਤ ਲਈ ਸੀ, ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ।
ਜਦੋਂ ਇਹ ਐਪੀਸੋਡ ਪੂਰੀ ਦੁਨੀਆਂ ਵਿੱਚ ਵਾਇਰਲ ਹੋਇਆ, ਤਾਂ ਕਿਸੇ ਨੂੰ ਵੀ ਇਸ ਗੱਲ ਦੀ ਪਰਵਾਹ ਨਹੀਂ ਜਾਪਦੀ ਸੀ ਕਿ ਉਸ ਕੁੜੀ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਕੀ ਹੋਵੇਗੀ।
ਇਹੀ ਸੋਚ ਪੁਣੇ ਦੇ ਸਵਾਰਗੇਟ ਬਲਾਤਕਾਰ ਕੇਸ ਦੀ ਪੀੜਤ ਨੂੰ ਟ੍ਰੋਲ ਕਰਨ ਵੇਲੇ ਵੀ ਧਿਆਨ ਵਿੱਚ ਨਹੀਂ ਰੱਖੀ ਗਈ। ਅਸਲ ਵਿੱਚ, ਇਨ੍ਹਾਂ ਕੁੜੀਆਂ ਨੂੰ ਪੂਰੀ ਦੁਨੀਆਂ ਵੱਲੋਂ ਬਹੁਤ ਸਾਰਾ ਪਿਆਰ ਅਤੇ ਹੌਂਸਲਾ ਭੇਜਿਆ ਜਾਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਪਿਆਰ ਜਾਂ ਕਾਰੋਬਾਰ ?
ਪਿਆਰ ਮਨੁੱਖੀ ਜ਼ਿੰਦਗੀ ਦਾ ਖੂਬਸੂਰਤ ਅਹਿਸਾਸ ਹੈ ਜਿਸ ਦਾ ਅਨੁਭਵ ਦੋ ਰੂਹਾਂ 'ਤੂੰ ਮੈਂ ਹਾਂ ਅਤੇ ਮੈਂ ਤੂੰ ਹਾਂ' ਦੇ ਜਜ਼ਬੇ ਨਾਲ ਕਰਨਾ ਚਾਹੁੰਦੀਆਂ ਹਨ।
ਹਾਲਾਂਕਿ, ਹਿਮਾਂਸ਼ੂ ਮੁਤਾਬਕ, ਪਿਆਰ ਇੱਕ ਲੈਣ-ਦੇਣ ਹੈ,' ਇਸ ਚੀਜ਼ ਦੇ ਬਦਲੇ ਉਹ ਚੀਜ਼'। ਪਿਆਰ, ਸਰੀਰ ਤੋਂ ਪਰ੍ਹੇ ਨਹੀਂ ਜਾਂਦਾ।
ਇਸ ਮਾਮਲੇ ਨੇ ਇਸ ਗੱਲ ਦੀ ਇੱਕ ਝਲਕ ਦਿਖਾਈ ਹੈ ਕਿ ਅੱਜ ਦੀ ਨਵੀਂ ਪੀੜ੍ਹੀ ਦੇ ਕੁਝ ਲੋਕ ਰਿਸ਼ਤਿਆਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ।
ਮਰਦਾਂ ਦੀ ਉਹ ਸ਼੍ਰੇਣੀ ਜੋ ਆਪਣੇ ਜ਼ਮੀਰ ਨੂੰ ਭੁੱਲਦੀ ਜਾ ਰਹੀ ਹੈ
ਜੇ ਤੁਸੀਂ ਹਿਮਾਂਸ਼ੂ ਮਾਮਲੇ ਦੀ ਵੀਡੀਓ ਦੇਖਦੇ ਹੋ ਤਾਂ ਨੋਟ ਕਰੋਗੇ ਕਿ ਜਦੋਂ ਉਹ ਗਾਰਡਨ ਵਿੱਚ ਆਪਣੀ ਗਰਲਫਰੈਂਡ ਨਾਲ ਬਿਤਾਏ ਨਿੱਜੀ ਪਲਾਂ ਨੂੰ ਸੁਣ ਰਿਹਾ ਸੀ ਤਾਂ ਨਾ ਸਿਰਫ਼ ਹਿਮਾਂਸ਼ੂ ਉਸ ਦਾ ਸੋਸ਼ਣ ਕਰ ਰਿਹਾ ਸੀ, ਬਲਕਿ ਪ੍ਰਣਿਤ ਅਤੇ ਉਸ ਸ਼ੋਅ ਵਿੱਚ ਹਿੱਸਾ ਲੈ ਰਹੇ ਸਾਰੇ ਨੌਜਵਾਨ ਆਪਣੀ ਕਲਪਨਾ ਤੇ ਸਰੀਰਕ ਭਾਸ਼ਾ ਰਾਹੀਂ ਉਸ ਦਾ ਅਤੇ ਉਸ ਵਰਗੀਆਂ ਅਣਗਿਣਤ ਹੋਰ ਕੁੜੀਆਂ ਦਾ ਬਲਾਤਕਾਰ ਕਰ ਰਹੇ ਸੀ।
ਉਹ ਤਾੜੀਆਂ ਵਜਾ ਰਹੇ ਸਨ ਅਤੇ ਪਾਗਲਾਂ ਵਾਂਗ ਹੱਸ ਰਹੇ ਸਨ। ਹਿਮਾਂਸ਼ੂ ਹਰ ਘਟਨਾ ਨੂੰ ਵਿਸਥਾਰ ਨਾਲ ਸੁਣਾ ਰਿਹਾ ਸੀ ਅਤੇ ਨੌਜਵਾਨਾਂ ਦਾ ਇਹ ਬੇਸਮਝ ਅਤੇ ਸੰਵੇਦਨਹੀਨ ਸਮੂਹ ਖੁੱਲ੍ਹ ਕੇ ਹੱਸ ਕੇ ਵਿੱਚੋਂ ਵਿੱਚੋਂ ਭੜਕਾਊ ਸਵਾਲ ਪੁੱਛ ਕੇ ਉਸ ਦਾ ਸਮਰਥਨ ਕਰ ਰਿਹਾ ਸੀ।
ਇਹ ਸਭ 'ਬੁਆਇਸ ਟਾਕ' ਸੀ, ਮਜ਼ਾਕ ਵਿੱਚ ਲਪੇਟਿਆ ਹੋਇਆ ਜਿਨਸੀ ਸੋਸ਼ਣ।
ਹਰ ਕੋਈ ਕਿਉਂ ਤਾੜੀਆਂ ਵਜਾ ਰਿਹਾ ਸੀ ? ਇੱਕ ਘਟੀਆ ਮਰਦ, ਇੱਕ ਔਰਤ ਨੂੰ ਜ਼ਲੀਲ ਕਰ ਰਿਹਾ ਸੀ, ਉਸ ਦੀ ਇੱਜ਼ਤ ਨੂੰ ਪੈਰਾਂ ਹੇਠ ਰੋਲ ਰਿਹਾ ਸੀ, ਉਸ ਦਾ ਜਿਨਸੀ ਸੋਸ਼ਣ ਹੋਣ ਦੀ ਗੱਲ ਦਾ ਸਵਾਦ ਲੈ ਰਿਹਾ ਸੀ ਅਤੇ ਇਹ ਭੀੜ ਉਸ ਦਾ ਸਮਰਥਨ ਕਰ ਰਹੀ ਸੀ।
ਇਸ ਦਾ ਨਿਚੋੜ ਇਹ ਹੈ ਕਿ ਪ੍ਰਣਿਤ ਨੇ ਹਿਮਾਂਸ਼ੂ ਨੂੰ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਅਤੇ ਉਸ ਦੀ ਤਾਰੀਫ਼ ਵੀ ਕੀਤੀ। ਆਪਣੇ ਜੱਦੀ ਸ਼ਹਿਰ ਵਿੱਚ ਵੀ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਹ ਨੌਜਵਾਨ ਮਰਦ-ਔਰਤ ਦੇ ਰਿਸ਼ਤਿਆਂ ਬਾਰੇ ਕਿੰਨੀ ਖੋਖਲੀ ਅਤੇ ਖਤਰਨਾਕ ਸੋਚ ਰੱਖਦੇ ਹਨ। ਔਰਤਾਂ ਜਾਂ ਟਰਾਂਸਜੈਂਡਰ ਲੋਕਾਂ ਖ਼ਿਲਾਫ਼ ਜਿਨਸੀ ਹਿੰਸਾ 'ਤੇ ਹੱਸਣਾ, ਉਸ ਦਾ ਮਜ਼ਾਕ ਉਡਾਉਣਾ ਅਤੇ ਔਰਤਾਂ ਪ੍ਰਤੀ ਨਫ਼ਰਤ ਫੈਲਾਉਣਾ ਬਹੁਤ ਹੀ ਸ਼ਰਮਨਾਕ ਅਤੇ ਘਿਨਾਉਣੀ ਗੱਲ ਹੈ।

ਤਸਵੀਰ ਸਰੋਤ, VIDEO GRAB/Pranit More Official/Facebook
ਉਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਔਰਤਾਂ ਲਈ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਜੋ ਲਗਾਤਾਰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹਨ। ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਲਈ ਇਹ ਸੋਚੇ ਬਿਨ੍ਹਾਂ ਰਹਿਣਾ ਅਸੰਭਵ ਹੈ ਕਿ ਅਜਿਹੇ ਲੋਕ ਆਪਣੀਆਂ ਗਰਲਫਰੈਂਡ, ਸਾਥੀਆਂ, ਮਾਵਾਂ ਅਤੇ ਭੈਣਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋਣਗੇ।
ਬਲਾਤਕਾਰ ਸਿਰਫ਼ ਸਰੀਰਕ ਨਹੀਂ ਹੁੰਦਾ, ਇਹ ਮਾਨਸਿਕ ਵੀ ਹੁੰਦਾ ਹੈ। ਚਾਹੇ ਉਹ ਸਵਾਰਗੇਟ ਦਾ ਮਾਮਲਾ ਹੋਵੇ, ਖਰਾਤ ਦਾ ਜਾਂ ਫਿਰ ਕੁਝ ਸਾਲ ਪਹਿਲਾਂ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਦੀ ਨਿਲਾਮੀ ਕਰਨ ਵਾਲਾ 'ਸੁੱਲੀ ਡੀਲਜ਼' ਦਾ ਮਾਮਲਾ, ਇਹ ਸਭ ਦਿਮਾਗ ਵਿੱਚ ਆਉਂਦੇ ਹਨ।
ਇਸ ਸਭ ਵਿੱਚ, ਉਹ ਸਾਰੇ ਮਰਦ ਜੋ ਔਰਤਾਂ ਨੂੰ ਟ੍ਰੋਲ ਕਰਦੇ ਹਨ, ਉਨ੍ਹਾਂ 'ਤੇ ਅਸ਼ਲੀਲ ਟਿੱਪਣੀਆਂ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਦੱਸਦੇ ਹਨ ਕਿ ਔਰਤਾਂ ਦਾ ਜਿਨਸੀ ਸੋਸ਼ਣ ਕਿਵੇਂ ਕਰਨਾ ਹੈ, ਉਹ ਸਭ ਬਲਾਤਕਾਰੀ ਹਨ। ਬਲਾਤਕਾਰ, ਸਿਰਫ਼ ਸਰੀਰਕ ਹੀ ਨਹੀਂ ਹੁੰਦਾ।
ਇਸ ਵੀਡੀਓ ਵਿੱਚ ਕੁਝ ਕੁੜੀਆਂ ਵੀ ਅਜਿਹੀ ਜਿਨਸੀ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ 'ਤੇ ਤਾੜੀਆਂ ਵਜਾਉਂਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ, ਜੋ ਕਿ ਇੱਕ ਡਾਕਟਰ ਹੈ, ਹੱਸਦੇ ਹੋਏ ਸਾਰਿਆਂ ਨੂੰ ਦੱਸ ਰਹੀ ਹੈ, "ਡਾਕਟਰ ਮ੍ਰਿਤਕ ਡੋਨਰਾਂ ਦੇ ਗੁਪਤ ਅੰਗਾਂ ਦੇ ਅਕਾਰ ਬਾਰੇ ਕਿਵੇਂ ਚਰਚਾ ਕਰਦੇ ਹਨ।"
ਹਾਲਾਂਕਿ ਇਹ ਸੱਚ ਹੈ ਕਿ ਔਰਤਾਂ ਵੀ ਪਿੱਤਰ ਸੱਤਾ ਦੀਆਂ ਵਾਹਕ ਹਨ, ਉਹ ਵੀ ਇਨਸਾਨ ਹਨ, ਪਰ ਘੱਟੋ-ਘੱਟ ਇੱਕ ਔਰਤ ਹੋਣ ਦੇ ਨਾਤੇ ਉਹ ਆਪਣੇ ਜਿਹੇ ਦੂਜੇ ਸਮੂਹ ਦੀਆਂ ਭਾਵਨਾਵਾਂ ਨੂੰ ਸਮਝ ਸਕਦੀਆਂ ਹਨ। ਇੱਥੇ ਹੀ ਉਹ ਗਲਤ ਅੰਦਾਜ਼ਾ ਲਗਾਇਆ ਜਾਂਦਾ ਹੈ।
ਕਾਮੇਡੀ ਸ਼ੋਅਜ਼ ਵਿੱਚ ਜਿਨਸੀ ਸੋਸ਼ਣ ਲਈ ਕੌਣ ਜ਼ਿੰਮੇਵਾਰ ਹੈ ?
ਅਦਾਕਾਰਾ ਅਪੂਰਵਾ ਨੇਮਲੇਕਰ ਮੰਗ ਕਰਦੇ ਹੋਏ ਕਹਿੰਦੇ ਹਨ, "ਇਹ ਕਹਿਣਾ ਕਿ ਜ਼ਬਰਦਸਤੀ ਅਤੇ ਹੱਕ ਜਤਾਉਣਾ ਇਹ ਆਮ ਹੋ ਗਿਆ ਹੈ, ਇਹ ਸਪੱਸ਼ਟ ਤੌਰ 'ਤੇ ਇਹ ਸੰਕੇਤ ਦੇਣਾ ਹੈ ਕਿ ਜੋ ਲੋਕ ਦਰਸ਼ਕਾਂ ਵਿੱਚ ਬੈਠ ਕੇ ਹੱਸ ਰਹੇ ਹਨ, ਉਹ ਪੁਰਸ਼ ਨਹੀਂ ਹਨ। ਉਹ ਸਮਾਜ ਵਿੱਚ ਪਰਜੀਵੀ ਹਨ। ਇੱਕ ਦਰਸ਼ਕ ਹੋਣ ਦੇ ਨਾਤੇ, ਸਾਨੂੰ ਜਾਗਣ ਦੀ ਲੋੜ ਹੈ। ਸਾਨੂੰ ਸਮਝਦਾਰੀ ਨਾਲ ਚੁਣਨਾ ਹੋਵੇਗਾ ਕਿ ਅਸਲ ਮਨੋਰੰਜਨ ਕੀ ਹੈ। ਅਜਿਹੇ ਜ਼ਹਿਰੀਲੇ ਵਿਅਕਤੀਆਂ ਨੂੰ ਪਲੇਟਫਾਰਮ ਦੇਣਾ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਟਾਰ ਬਣਾਉਣਾ ਬੰਦ ਕਰੋ। ਅਜਿਹੇ ਲੋਕਾਂ ਦੀ ਖੁੱਲ੍ਹ ਕੇ ਆਲੋਚਨਾ ਕਰੋ ਅਤੇ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕਰੋ।"

ਤਸਵੀਰ ਸਰੋਤ, Getty Images
ਇੱਕ ਦੋਸਤ ਦੱਸਦੀ ਹੈ, "ਕੁਝ ਮੁੰਡੇ ਕਿਸੇ ਕੁੜੀ ਦੀ ਕੋਈ ਮਦਦ ਕਰਨ ਦੇ ਬਦਲੇ ਹੋਰ ਕੁਝ ਨਹੀਂ ਚਾਹੁੰਦੇ, ਉਹ ਸਿਰਫ਼ 'ਸਰੀਰਕ ਆਨੰਦ' ਵਿੱਚ ਦਿਲਚਸਪੀ ਰੱਖਦੇ ਹਨ। ਜਿਵੇਂ ਹੀ ਮੁੰਡੇ ਕਿਸੇ ਕੁੜੀ ਦੀ ਥੋੜ੍ਹੀ ਜਿਹੀ ਮਦਦ ਕਰਦੇ ਹਨ ਜਾਂ ਦੋਸਤੀ ਕਰਦੇ ਹਨ, ਉਹ ਤੁਰੰਤ ਜਿਨਸੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਤੁਹਾਡੇ ਇਨਬਾਕਸ ਵਿੱਚ ਆ ਕੇ ਸੈਕਸ ਬਾਰੇ ਪੁੱਛਣਾ ਸ਼ੁਰੂ ਕਰ ਦਿੰਦੇ ਹਨ।"
ਇੱਕ ਸਰਕਾਰੀ ਵਿਭਾਗ ਵਿੱਚ ਕੰਮ ਕਰਨ ਵਾਲੀ ਦੋਸਤ ਕਹਿੰਦੀ ਹੈ, "ਮੈਨੂੰ ਦਫ਼ਤਰ ਵਿੱਚ ਕਿਸੇ ਵੀ ਆਦਮੀ ਨਾਲ ਦੋਸਤੀ ਕਰਨ ਤੋਂ ਡਰ ਲੱਗਦਾ ਹੈ। ਉਹ ਤੁਰੰਤ ਡੇਟ ਅਤੇ ਸੈਕਸ ਲਈ ਪੁੱਛਦੇ ਹਨ।"
ਮਰਦ ਨੂੰ ਅਕਸਰ ਇਹ ਅਹਿਸਾਸ ਨਹੀਂ ਹੁੰਦਾ ਕਿ ਜਿਨਸੀ ਸਬੰਧਾਂ ਲਈ ਔਰਤ ਦੀ ਸਹਿਮਤੀ ਜ਼ਰੂਰੀ ਹੈ। ਹਾਲਾਂਕਿ ਲੜਕਿਆਂ ਨੂੰ ਸਪੱਸ਼ਟ ਤੌਰ 'ਤੇ ਸਿਖਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਔਰਤ ਲਈ ਖਾਣਾ ਖਰੀਦਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਨਸੀ ਸੰਬੰਧਾਂ ਲਈ ਸਹਿਮਤੀ ਦੇ ਰਹੀ ਹੈ।
ਮੁੰਬਈ ਪੁਲਿਸ ਨੇ 'ਬਿਰਿਆਨੀ ਖਾਣਾ ਸਹਿਮਤੀ ਨਹੀਂ ਹੈ' ਸਿਰਲੇਖ ਵਾਲੀ ਇੱਕ ਇੰਸਟਾਗ੍ਰਾਮ ਪੋਸਟ ਵੀ ਬਣਾਈ ਹੈ।
ਕਿਸੇ ਔਰਤ ਦੇ ਨਿੱਜੀ ਪਲਾਂ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਦੂਜਿਆਂ ਨਾਲ ਸਾਂਝਾ ਕਰਨਾ ਜਿਨਸੀ ਸ਼ੋਸ਼ਣ ਜਾਂ ਇੱਕ ਅਪਰਾਧ ਹੈ, ਭਾਵੇਂ ਇਸ ਵਿੱਚ ਸ਼ਾਮਲ ਵਿਅਕਤੀ ਉਸਦਾ ਪਤੀ ਹੀ ਕਿਉਂ ਨਾ ਹੋਵੇ। ਅਜਿਹੇ ਵਿਅਕਤੀ ਵਿਰੁੱਧ ਭਾਰਤੀ ਦੰਡ ਸੰਹਿਤਾ (ਭਾਰਤੀ ਨਿਆ ਸੰਹਿਤਾ), ਸੂਚਨਾ ਤਕਨਾਲੋਜੀ ਐਕਟ, ਸਾਈਬਰ ਕਾਨੂੰਨਾਂ ਅਤੇ ਔਰਤਾਂ ਦੇ ਅਸ਼ਲੀਲ ਪ੍ਰਦਰਸ਼ਨ 'ਤੇ ਰੋਕ ਲਗਾਉਣ ਵਰਗੇ ਕਾਨੂੰਨ ਸਮੇਤ ਵੱਖ-ਵੱਖ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ।
ਜੇਕਰ ਕੋਈ ਔਰਤ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਚਰਚਾ ਕਰਦਾ ਹੈ ਅਤੇ ਸੁਣਨ ਵਾਲਾ ਚੁੱਪਚਾਪ ਸੁਣਦਾ ਰਹਿੰਦਾ ਹੈ, ਅਪਰਾਧੀ ਦਾ ਸਮਰਥਨ ਕਰਦਾ ਹੈ ਜਾਂ ਪੀੜਤ ਨੂੰ ਟ੍ਰੋਲ ਕਰਦਾ ਹੈ ਤਾਂ ਉਹ ਵਿਅਕਤੀ ਵੀ ਬਰਾਬਰ ਦਾ ਦੋਸ਼ੀ ਹੈ। ਇੱਕ ਦੋਸਤ ਜੋ ਬਲਾਤਕਾਰ ਪੀੜਤ ਹੈ, ਕਹਿੰਦੀ ਹੈ, "ਮੈਨੂੰ ਜਿਨਸੀ ਸ਼ੋਸ਼ਣ ਤੋਂ ਬਹੁਤ ਦੁੱਖ ਹੋਇਆ ਸੀ, ਪਰ ਜਿਸ ਤਰ੍ਹਾਂ ਮੈਨੂੰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਅਤੇ ਜਿਸ ਤਰ੍ਹਾਂ ਮੇਰੀ ਇੱਜ਼ਤ ਨੂੰ ਦਾਗ਼ ਲਗਾਇਆ ਗਿਆ, ਉਸ ਨਾਲ ਮੈਂ ਪੂਰੀ ਤਰ੍ਹਾਂ ਟੁੱਟ ਗਈ। ਮੈਨੂੰ ਲੱਗਾ ਕਿ ਕੇਸ ਦਰਜ ਕਰਨਾ ਇੱਕ ਵੱਡੀ ਗਲਤੀ ਸੀ।"

ਤਸਵੀਰ ਸਰੋਤ, VIDEO GRAB/Pranit More Official/Facebook
ਕੋਈ ਕਲਪਨਾ ਵੀ ਨਹੀਂ ਕਰ ਸਕਦਾ ਕਿ ਉਸਨੇ ਕਿੰਨਾ ਤਸੀਹੇ ਝੱਲੇ ਹੋਣਗੇ।
ਲੋਕਾਂ ਦਾ ਮਨੋਰੰਜਨ ਕਰਨ, ਲਾਈਕ ਅਤੇ ਕੁਮੈਂਟ ਪ੍ਰਾਪਤ ਕਰਨ ਜਾਂ ਪ੍ਰਸਿੱਧੀ ਪ੍ਰਾਪਤ ਕਰਨ ਦੇ ਲਾਲਚ ਨਾਲ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਬਣਾਉਣ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਲਈ ਨਿਯਮ ਸਥਾਪਤ ਕਰਨ ਦੀ ਲੋੜ ਹੈ।
ਜੇਕਰ ਚੈਨਲਾਂ ਵਿੱਚ ਲਿੰਗਭੇਦ ਜਾਂ ਬਹੁਤ ਜ਼ਿਆਦਾ ਅਪਮਾਨਜਨਕ ਸਮੱਗਰੀ ਦਿਖਾਈ ਜਾਂਦੀ ਹੈ ਤਾਂ ਪੁਲਿਸ ਨੂੰ ਰਸਮੀ ਸ਼ਿਕਾਇਤ ਦਰਜ ਹੋਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।
ਦਰਅਸਲ, ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਾਈਬਰ ਕਾਨੂੰਨਾਂ ਦੇ ਤਹਿਤ ਪ੍ਰਬੰਧ ਮੌਜੂਦ ਹਨ। ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਔਰਤਾਂ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਪ੍ਰਗਟ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਅਕਸਰ ਅਸ਼ਲੀਲ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ, ਫਿਰ ਵੀ ਦੋਸ਼ੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਭਾਰਤ ਵਰਗੇ ਦੇਸ਼ ਵਿੱਚ ਵਿਆਹ ਇੱਕ ਸਮਾਜਿਕ ਤੌਰ 'ਤੇ ਪ੍ਰਵਾਨਿਤ ਲੈਣ-ਦੇਣ ਜਾਂ ਵਿਵਹਾਰ ਹੈ, ਜਿੱਥੇ ਪਤੀ ਜਾਂ ਘਰ ਦਾ ਮੁਖੀ ਪੈਸਾ ਕਮਾਉਂਦਾ ਹੈ ਅਤੇ ਪਤਨੀ, ਬਦਲੇ ਵਿੱਚ, ਉਸਨੂੰ ਜਿਨਸੀ ਅਨੰਦ ਪ੍ਰਦਾਨ ਕਰਦੀ ਹੈ। ਇਸ ਲਈ, ਹਿਮਾਂਸ਼ੂ ਵਰਗੇ ਨੌਜਵਾਨ ਦਾ ਬਿਰਿਆਨੀ ਦੇ ਬਦਲੇ ਜਿਨਸੀ ਸੰਤੁਸ਼ਟੀ ਦੀ ਮੰਗ ਕਰਨਾ ਸੁਭਾਵਿਕ ਤੌਰ 'ਤੇ ਗਲਤ ਨਹੀਂ ਜਾਪਦਾ।
ਕੁਝ ਮਾਮਲਿਆਂ ਵਿੱਚ, ਇਹ ਵੀ ਦੇਖਿਆ ਗਿਆ ਹੈ ਕਿ ਪਤੀ ਨੇ ਜਿਨਸੀ ਅਨੰਦ ਦੇ ਬਦਲੇ ਆਪਣੀ ਪਤਨੀ ਨੂੰ ਪੈਸੇ ਤੱਕ ਦਿੱਤੇ ਹਨ।
ਇਸ ਤੋਂ ਇਲਾਵਾ ਭਾਰਤੀ ਕਾਨੂੰਨ ਦੇ ਤਹਿਤ ਪਤੀ ਦੁਆਰਾ ਜਿਨਸੀ ਸ਼ੋਸ਼ਣ ਨੂੰ 'ਬਲਾਤਕਾਰ' ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ। ਇਹ ਪੁਰਸ਼-ਪ੍ਰਧਾਨ ਧਾਰਨਾ ਕਿ ਇੱਕ ਪਤੀ ਆਪਣੀ ਪਤਨੀ ਨਾਲ ਬਲਾਤਕਾਰ ਕਰਨ ਦਾ ਕਾਨੂੰਨੀ ਤੌਰ 'ਤੇ ਹੱਕਦਾਰ ਹੈ ਤੇ ਇਹ ਔਰਤਾਂ ਵਿਰੁੱਧ ਜਿਨਸੀ ਹਿੰਸਾ ਵੱਲ ਪਹਿਲਾ ਕਦਮ ਹੈ। ਜਦੋਂ ਕੋਈ ਆਦਮੀ ਕਹਿੰਦਾ ਹੈ, "ਫਿਰ ਵਿਆਹ ਕਿਉਂ ਕਰੀਏ? ਵਿਆਹ ਇੱਕ ਪਤੀ ਨੂੰ ਆਪਣੀ ਪਤਨੀ ਨਾਲ ਜਿਨਸੀ ਸਬੰਧ ਬਣਾਉਣ ਦਾ ਲਾਇਸੈਂਸ ਦਿੰਦਾ ਹੈ।" ਤਾਂ ਉਹ ਪਹਿਲਾਂ ਹੀ ਆਪਣੇ ਮਨ ਵਿੱਚ ਉਸ ਔਰਤ ਵਿਰੁੱਧ ਬਲਾਤਕਾਰ ਕਰ ਚੁੱਕਾ ਹੁੰਦਾ ਹੈ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ, ਸਮਾਜ ਅਤੇ ਪ੍ਰਣਾਲੀ ਦੁਆਰਾ ਜਿਨਸੀ ਅਪਰਾਧੀਆਂ ਨੂੰ ਦਿੱਤੀ ਗਈ ਸੁਰੱਖਿਆ ਅਜਿਹੇ ਗੈਰ-ਜ਼ਿੰਮੇਵਾਰ ਜਿਨਸੀ ਵਿਵਹਾਰ ਨੂੰ ਉਤਸ਼ਾਹਿਤ ਕਰਦੀ ਹੈ। ਔਰਤਾਂ ਬਾਰੇ ਸੱਤਾ ਵਿੱਚ ਬੈਠੇ ਲੋਕਾਂ ਦੁਆਰਾ ਦਿੱਤੇ ਗਏ ਇਤਰਾਜ਼ਯੋਗ ਬਿਆਨ, ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਲਏ ਗਏ ਜਾਂ ਨਾ ਲਏ ਗਏ ਫੈਸਲੇ, ਵੱਖ-ਵੱਖ ਕਲਾ ਰੂਪਾਂ ਵਿੱਚ ਮਰਦਾਂ ਅਤੇ ਔਰਤਾਂ ਦਾ ਗੈਰ-ਯਥਾਰਥਵਾਦੀ ਚਿੱਤਰਣ, ਇਹ ਸਭ ਸਮਾਜ ਵਿੱਚ ਔਰਤਾਂ ਦੀ ਤਸਵੀਰ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਂਦੇ ਹਨ।
ਜੇਕਰ ਕੋਈ ਔਰਤ ਚੁੱਪ ਰਹਿੰਦੀ ਹੈ ਅਤੇ ਆਪਣਾ ਵਿਰੋਧ ਨਹੀਂ ਕਰਦੀ, ਤਾਂ ਇਹ ਮੰਨਣਾ ਗਲਤ ਹੈ ਕਿ ਕੋਈ ਵੀ ਉਸ ਨਾਲ ਜੋ ਮਰਜ਼ੀ ਕਰ ਸਕਦਾ ਹੈ। ਘਰ ਵਿੱਚ ਜਾਂ ਕਿਤੇ ਹੋਰ ਔਰਤਾਂ ਨਾਲ ਕੀਤਾ ਜਾਣ ਵਾਲਾ ਵਿਵਹਾਰ, ਮਰਦਾਂ ਨੂੰ ਔਰਤਾਂ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਪ੍ਰਵਿਰਤੀ ਨੂੰ ਵਧਾਉਂਦਾ ਹੈ। ਅਤੇ ਇਹ ਗੱਲ ਔਰਤਾਂ ਦੇ ਜੀਵਨ ਦੇ ਹਰ ਪਹਿਲੂ 'ਤੇ ਲਾਗੂ ਹੁੰਦੀ ਹੈ।
ਹਰ ਰੋਜ਼, ਦੇਸ਼ ਭਰ ਵਿੱਚ ਬਲਾਤਕਾਰ ਦੀਆਂ 86 ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 24 ਅਜਿਹੀਆਂ ਘਟਨਾਵਾਂ ਮਹਾਰਾਸ਼ਟਰ ਵਿੱਚ ਵਾਪਰਦੀਆਂ ਹਨ (ਐੱਨਸੀਆਰਬੀ, 2021)। ਔਰਤਾਂ ਨੂੰ ਰੋਜ਼ਾਨਾ ਕਈ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਨੂੰ ਅਸੁਰੱਖਿਅਤ ਮਹਿਸੂਸ ਕਰਾਉਂਦੀਆਂ ਹਨ।
ਮੁਆਫ਼ੀ ਮੰਗੀ ਗਈ ਹੈ, ਹੁਣ ਅੱਗੇ ਕੀ?
ਹਿਮਾਂਸ਼ੂ ਨੇ ਮੁਆਫ਼ੀ ਮੰਗੀ। ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰਨੀਤ ਮੋਰੇ ਨੂੰ ਆਪਣਾ ਇੰਸਟਾਗ੍ਰਾਮ ਪੇਜ ਡਿਲੀਟ ਕਰਨਾ ਪਿਆ।
ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਗਈ।
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਕੁਝ ਨੇ ਗੰਭੀਰ ਵੀਡੀਓ ਬਣਾਏ, ਜਦੋਂ ਕਿ ਕੁਝ ਨੇ ਵਿਅੰਗ ਰਾਹੀਂ ਆਲੋਚਨਾ ਕੀਤੀ। ਸ਼ਾਇਦ ਇਹ ਕਾਮੇਡੀਅਨਾਂ ਜਾਂ ਯੂਟਿਊਬਰਾਂ ਨੂੰ ਭਵਿੱਖ ਵਿੱਚ ਆਪਣੇ ਸ਼ੋਅ ਵਿੱਚ ਅਜਿਹੀ ਸਮੱਗਰੀ ਸ਼ਾਮਲ ਕਰਨ ਤੋਂ ਰੋਕੇਗਾ।
ਪ੍ਰਨੀਤ ਮੋਰੇ ਨੇ ਮੁਆਫੀ ਮੰਗੀ। ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਕਰਦੇ ਹੋਏ, ਉਨ੍ਹਾਂ ਨੇ ਲਿਖਿਆ ਸੀ, "ਉਸ ਦਰਸ਼ਕ ਮੈਂਬਰ ਦੁਆਰਾ ਦਿੱਤਾ ਗਿਆ ਬਿਆਨ ਮੇਰੇ ਨਿੱਜੀ ਵਿਚਾਰਾਂ ਨੂੰ ਦਰਸਾਉਂਦਾ ਨਹੀਂ ਹੈ। ਪਿੱਛੇ ਮੁੜ ਕੇ ਦੇਖਦਿਆਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਬਿਆਨ 'ਤੇ ਹੱਸਣ ਅਤੇ ਅੱਗੇ ਵਧਣ ਦੀ ਬਜਾਏ, ਮੈਨੂੰ ਉਸੇ ਸਮੇਂ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ। ਮੇਰੀ ਪ੍ਰਤੀਕਿਰਿਆ ਗਲਤ ਸੀ।"

ਤਸਵੀਰ ਸਰੋਤ, Getty Images
ਹਾਲਾਂਕਿ, ਬਸ ਇੰਨਾ ਹੀ ਹੋਇਆ। ਕੀ ਹਿਮਾਂਸ਼ੂ ਜਾਂ ਪ੍ਰਣਿਤ ਮੋਰੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ? ਨਹੀਂ। ਮਾਮਲਾ ਸਿਰਫ਼ ਮੁਆਫ਼ੀ ਮੰਗ ਕੇ ਹੀ ਹੱਲ ਹੋ ਗਿਆ। ਔਰਤਾਂ 'ਤੇ ਸਿੱਧੇ ਜਾਂ ਅਸਿੱਧੇ ਰੂਪ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਨੂੰ ਨਾ ਤਾਂ ਸਮਾਜ ਅਤੇ ਨਾ ਹੀ ਸਰਕਾਰ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ।
ਦਿ ਪ੍ਰਿੰਟ ਵਿੱਚ ਆਪਣੇ ਲੇਖ ਵਿੱਚ ਤ੍ਰਿਆ ਗੁਲਾਟੀ ਕਹਿੰਦੇ ਹੈ, "ਭਾਰਤੀ ਕਾਮੇਡੀ ਜਗਤ ਵਿੱਚ ਇੱਕ ਪੁਰਸ਼-ਪ੍ਰਧਾਨ ਲਿੰਗ ਪਾੜਾ ਖੁੱਲ੍ਹ ਕੇ ਸਾਹਮਣੇ ਆਇਆ ਹੈ।"
ਕੀ ਤੁਹਾਨੂੰ 'ਇੰਡੀਆਜ਼ ਗੌਟ ਲੇਟੈਂਟ' ਦੀ ਅਪੂਰਵਾ ਮੁਖੀਜਾ ਯਾਦ ਹੈ? ਜੀ ਹਾਂ, ਉਹੀ ਹੈ। ਉਹ ਵੀ ਰਣਵੀਰ ਅੱਲਾਹਬਾਦੀਆ ਦੇ ਨਾਲ ਉਸ ਵਿਵਾਦਪੂਰਨ ਸ਼ੋਅ ਵਿੱਚ ਦਿਖਾਈ ਦਿੱਤੀ ਸੀ। ਉਸ ਘਟਨਾ ਤੋਂ ਬਾਅਦ, ਉਸਨੂੰ ਬਲਾਤਕਾਰ ਅਤੇ ਤੇਜ਼ਾਬੀ ਹਮਲਿਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਉਸਦੇ ਖਿਲਾਫ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਉਸਦੀ ਮਾਂ ਨੂੰ ਸੋਸ਼ਲ ਮੀਡੀਆ 'ਤੇ ਸਖ਼ਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹਿਮਾਂਸ਼ੂ ਜਾਂ ਪ੍ਰਣਿਤ ਵਿਰੁੱਧ ਅਜਿਹੀ ਕੋਈ ਸਮਾਜਿਕ ਜਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਿਉਂਕਿ ਉਹ ਇੱਕ ਅਜਿਹੇ ਸਮਾਜ ਵਿੱਚ ਪੈਦਾ ਹੋਏ ਮਰਦ ਹਨ ਜਿੱਥੇ ਜ਼ਿਆਦਾਤਰ ਸ਼ਕਤੀ ਮਰਦਾਂ ਦੇ ਹੱਥਾਂ ਵਿੱਚ ਹੁੰਦੀ ਹੈ। ਸਮਾਜਿਕ ਨਿਯਮ ਇਹ ਦੱਸਦੇ ਹਨ ਕਿ ਮਰਦਾਂ ਲਈ ਅਸ਼ਲੀਲ ਚੁਟਕਲੇ ਸੁਣਾਉਣਾ ਆਮ ਗੱਲ ਹੈ। ਜੇਕਰ ਔਰਤਾਂ ਵੀ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ 'ਗੈਰ-ਸੰਸਕਾਰੀ' ਮੰਨਿਆ ਜਾਂਦਾ ਹੈ।
ਭਾਵੇਂ ਮਰਦ ਹੋਵੇ ਜਾਂ ਔਰਤ, ਕਿਸੇ ਨੂੰ ਵੀ ਅਜਿਹੇ ਭੱਦੇ ਅਤੇ ਸੈਕਸੀਸਟ ਮਜ਼ਾਕ ਨਹੀਂ ਕਰਨੇ ਚਾਹੀਦੇ। ਦੋਵਾਂ ਧਿਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇੱਕ 'ਮਜ਼ਾਕ' ਨਹੀਂ ਹੈ, ਸਗੋਂ ਇੱਕ 'ਅਪਰਾਧ' ਹੈ।
ਸਿਰਫ਼ ਕਾਰਵਾਈ ਦੇ ਡਰੋਂ ਅਜਿਹੇ ਵਿਵਹਾਰ ਤੋਂ ਬਚਣ ਦੀ ਬਜਾਏ, ਸਾਨੂੰ ਇਸ ਮੁੱਦੇ 'ਤੇ ਸੰਪੂਰਨ ਤੌਰ 'ਤੇ ਵਿਚਾਰ ਕਰਕੇ ਅਤੇ ਇਸਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲਾਅ ਲਿਆਉਣਾ ਚਾਹੀਦਾ ਹੈ। ਔਰਤਾਂ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਸਾਡੇ ਜੀਵਨ ਦਾ ਆਦਰਸ਼ ਅਤੇ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ। ਮਰਦਾਂ ਨੂੰ ਇੱਕ ਔਰਤ ਨੂੰ ਸਿਰਫ਼ ਸਰੀਰ ਦੇ ਰੂਪ ਵਿੱਚ ਦੇਖਣਾ ਅਤੇ ਉਸ ਸਰੀਰ ਦਾ ਅਨੰਦ ਲੈਣ ਦਾ ਉਨ੍ਹਾਂ ਦਾ ਅਟੁੱਟ ਅਧਿਕਾਰ ਹੈ, ਇਸ ਭਰਮ ਨੂੰ ਬਾਹਰ ਕੱਢਣਾ ਚਾਹੀਦਾ ਹੈ।
ਮਰਦਾਂ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਆਦਮੀ ਬਣਨਾ ਚਾਹੁੰਦੇ ਹਨ ਅਤੇ ਉਸ ਆਦਰਸ਼ ਨੂੰ ਅਪਣਾਉਣ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।

ਤਸਵੀਰ ਸਰੋਤ, Getty Images
ਪਹਿਲਾਂ ਦੇ ਮੁਕਾਬਲੇ ਔਰਤਾਂ ਹੁਣ ਸਿੱਖਿਅਤ, ਸਸ਼ਕਤ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ। ਉਨ੍ਹਾਂ ਨੇ ਪਿਤਰੀ-ਪੁਰਖੀ ਪ੍ਰਬੰਧ ਵਿੱਚ ਹੋਣ ਵਾਲੇ ਸੋਸ਼ਣ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਉਹ ਮਰਦਾਂ ਨਾਲ ਟੌਕਸਿਸ ਸਬੰਧਾਂ ਅਤੇ ਤੰਗ ਵਿਆਹੁਤਾ ਪ੍ਰਬੰਧਾਂ ਵਿੱਚ ਅਸਹਿਜ ਮਹਿਸੂਸ ਕਰ ਰਹੀਆਂ ਹਨ। ਜੇਕਰ ਚੰਗੇ ਚੁਣੇ ਹੋਏ ਦੋਸਤ, ਸਾਥੀ ਜਾਂ ਭਰੋਸੇਮੰਦ ਰਿਸ਼ਤੇਦਾਰ ਸੋਸ਼ਣ ਕਰਨ ਵਾਲੇ ਸਾਬਤ ਹੁੰਦੇ ਹਨ ਤਾਂ ਮਰਦ ਅਤੇ ਔਰਤਾਂ ਵਿਚਕਾਰ ਪੈਦਾ ਹੋਏ ਪਾੜੇ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਔਰਤਾਂ ਵਿਰੁੱਧ ਜਿਨਸੀ ਹਿੰਸਾ ਨੂੰ 'ਮਜ਼ਾਕ' ਕਹਿਣਾ ਇੱਕ ਬਹੁਤ ਹੀ ਜ਼ਾਲਮ ਕਾਰਵਾਈ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਪੁਰਖ-ਪ੍ਰਧਾਨ ਸਮਾਜ ਬਹੁਤ ਬਿਮਾਰ ਹੈ। ਇਸ ਬਿਮਾਰ ਸਮਾਜ ਨੂੰ ਠੀਕ ਕਰਨ ਦੀ ਚੁਣੌਤੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਇਹ ਬਿਮਾਰ ਪੁਰਸ਼ ਸਾਡੇ ਆਲੇ-ਦੁਆਲੇ ਸਾਡੇ ਦੋਸਤਾਂ, ਭਰਾਵਾਂ, ਪਿਤਾਵਾਂ ਅਤੇ ਪੁੱਤਰਾਂ ਦੇ ਰੂਪ ਵਿੱਚ ਮੌਜੂਦ ਹਨ।
ਇੱਕ ਆਦਮੀ ਅਤੇ ਇੱਕ ਔਰਤ ਵਿਚਕਾਰ ਇੱਕ ਸਿਹਤਮੰਦ ਸਬੰਧ ਵਿਕਸਤ ਕਰਨ ਲਈ, ਇਹਨਾਂ ਪੁਰਸ਼ਾਂ ਨੂੰ ਤੁਰੰਤ ਠੀਕ ਹੋਣ ਅਤੇ ਸੁਧਾਰਨ ਦੀ ਲੋੜ ਹੈ।
ਅਸਲ ਵਿੱਚ ਮਰਦਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਜੈਂਡਰ ਬਜਟ ਵਿੱਚ ਵਿੱਤੀ ਵਿਵਸਥਾਵਾਂ ਹੋਣੀਆਂ ਜ਼ਰੂਰੀ ਹਨ। 'ਮਰਦ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਰਹਿਣਗੇ', ਦੀ ਥਾਂ 'ਕਦ ਤੱਕ ਮਰਦ ਇਸ ਤਰ੍ਹਾਂ ਵਰਤਾਉ ਕਰਦੇ ਰਹਿਣਗੇ?' ਇਹ ਸਵਾਲ ਪੁੱਛਣ ਨਾਲ 'ਮਨੁੱਖਾਂ ਲਈ ਇਨਸਾਨ ਬਣਨਾ ਜ਼ਿਆਦਾ ਜ਼ਰੂਰੀ ਹੈ' ਹੋਰ ਰਚਨਾਤਮਕ ਸੋਚ ਹੈ। ਨਾਰੀਵਾਦੀ ਲੇਖਿਕਾ ਸਿਮੋਨ ਡੀ ਬਾਉਵਰ ਦੇ ਅਨੁਸਾਰ, ਜੇ 'ਪੁਰਸ਼ਾਂ ਨੂੰ ਪਿਤਰੀ-ਪੁਰਖੀ' ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ 'ਸਿਰਫ਼ ਇਨਸਾਨ' ਵੀ ਬਣਾਇਆ ਜਾ ਸਕਦਾ ਹੈ। ਇਸ ਵਿੱਚ ਸਮਾਜ ਅਤੇ ਸਰਕਾਰ ਦੇ ਨਾਲ-ਨਾਲ ਮਾਪਿਆਂ ਦੀ ਵੀ ਅਹਿਮ ਭੂਮਿਕਾ ਹੋਵੇਗੀ। ਸਾਨੂੰ ਆਪਣੇ ਬੱਚਿਆਂ ਦੇ ਰੋਜ਼ਾਨਾ ਜੀਵਨ, ਉਹਨਾਂ ਦੀ ਭਾਸ਼ਾ ਜਾਂ ਹੋਰ ਉਹਨਾਂ ਦੀਆਂ ਕਦਰਾਂ-ਕੀਮਤਾਂ ਵੱਲ ਧਿਆਨ ਦੇਣ ਲਈ ਸਮਾਂ ਕੱਢਣ ਦੀ ਲੋੜ ਹੈ।
ਜੇ ਬਿਰਿਆਨੀ ਦੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਰੋਜ਼ੀ-ਰੋਟੀ ਕਮਾਉਣ ਵਾਲੀਆਂ ਹਨ, ਉਹ ਖੁਦ ਬਿਰਿਆਨੀ ਖਰੀਦ ਸਕਦੀਆਂ ਹਨ ਅਤੇ ਖਾ ਸਕਦੀਆਂ ਹਨ ਅਤੇ ਮਰਦਾਂ ਨੂੰ ਵੀ ਖੁਆ ਸਕਦੀਆਂ ਹਨ। ਮੁੱਦਾ ਇਹ ਨਹੀਂ ਹੈ ਕਿ ਕਿਸ ਨੂੰ ਬਿਰਿਆਨੀ ਖੁਆਉਣੀ ਚਾਹੀਦੀ ਹੈ ਜਾਂ ਨਹੀਂ। ਮੁੱਦਾ ਬਿਰਿਆਨੀਦੇ ਪਿੱਛੇ ਲੁਕੀ ਪੁਰਸ਼-ਪ੍ਰਧਾਨ ਮਾਨਸਿਕਤਾ ਨੂੰ ਬਦਲਣ ਅਤੇ ਔਰਤਾਂ ਦੇ ਸਵੈ-ਮਾਣ ਦਾ ਹੈ।
(ਲਕਸ਼ਮੀ ਯਾਦਵ ਇੱਕ ਡਿਜੀਟਲ ਕ੍ਰਿਏਟਰ ਅਤੇ ਸਮਾਜਿਕ ਕਾਰਕੁਨ ਹਨ, ਜੋ ਲਿੰਗ ਸਮਾਨਤਾ 'ਤੇ ਸਿਖਲਾਈ ਪ੍ਰਦਾਨ ਕਰਦੇ ਹਨ। ਇਸ ਲੇਖ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਲੇਖਿਕਾ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













