ਪੈਟਰੋਲ-ਡੀਜ਼ਲ ਚੌਥੀ ਵਾਰ ਹੋਇਆ ਮਹਿੰਗਾ, ਪੰਜਾਬ ਤੇ ਚੰਡੀਗੜ੍ਹ ਸਣੇ ਕਿੱਥੇ ਕਿੰਨੀ ਹੋਈ ਕੀਮਤ, ਭਾਰਤ ਸਾਹਮਣੇ ਹੁਣ ਕੀ ਹਨ ਚੁਣੌਤੀਆਂ

ਤਸਵੀਰ ਸਰੋਤ, Hindustan Times via Getty Images
ਮੱਧ ਪੂਰਬ ਦੇ ਸੰਕਟ ਦੀ ਅਸਲੀ ਮਾਰ ਹੁਣ ਭਾਰਤੀਆਂ 'ਤੇ ਦਿੱਸਣ ਲੱਗੀ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਚੌਥੀ ਵਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਈਆਂ ਹਨ।
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ 10 ਦਿਨਾਂ ਦੇ ਅੰਦਰ ਇਹ ਚੌਥੀ ਵਾਰ ਵਾਧਾ ਹੈ।
ਇਸ ਵਾਧੇ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਪਾਰ ਕਰ ਚੁੱਕੀ ਹੈ।
ਖਬਰ ਏਜੰਸੀ ਪੀਟੀਆਈ ਦੇ ਮੁਤਾਬਕ, ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ 2 ਰੁਪਏ 61 ਪੈਸੇ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਦਿੱਲੀ ਵਿੱਚ ਹੁਣ ਪੈਟਰੋਲ 102 ਰੁਪਏ 12 ਪੈਸੇ ਦੇ ਹਿਸਾਬ ਨਾਲ ਮਿਲੇਗਾ।
ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਪ੍ਰਤੀ ਲੀਟਰ 2 ਰੁਪਏ 71 ਪੈਸੇ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ ਡੀਜ਼ਲ ਦਾ ਭਾਅ 95 ਰੁਪਏ 20 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।
ਦਿੱਲੀ ਤੋਂ ਇਲਾਵਾ ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 2.87 ਰੁਪਏ ਵਧ ਕੇ 113.51 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਜਦਕਿ ਮੁੰਬਈ ਵਿੱਚ 111.21 ਰੁਪਏ ਪ੍ਰਤੀ ਲੀਟਰ ਹਨ।
ਇਸੇ ਤਰ੍ਹਾਂ ਚੇੱਨਈ ਵਿੱਚ ਪ੍ਰਤੀ ਲੀਟਰ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ 46 ਪੈਸੇ ਦਾ ਵਾਧਾ ਹੋਇਆ ਹੈ ਅਤੇ ਹੁਣ ਉੱਥੇ ਪੈਟਰੋਲ ਦਾ ਭਾਅ 107 ਰੁਪਏ 77 ਪੈਸੇ ਹੋ ਗਿਆ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਹੁਣ ਪੈਟਰੋਲ 105.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਚੰਡੀਗੜ੍ਹ ਵਿੱਚ ਪੈਟਰੋਲ 101.54 ਰੁਪਏ ਅਤੇ ਡੀਜ਼ਲ 89.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
10 ਦਿਨਾਂ 'ਚ ਚੌਥੀ ਵਾਰ ਵਧੀਆਂ ਕੀਮਤਾਂ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਦੇਸ਼ ਵਿੱਚ ਸ਼ਨੀਵਾਰ ਯਾਨੀ 23 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ।
ਸ਼ਨੀਵਾਰ ਨੂੰ ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ।
ਗੌਰਤਲਬ ਹੈ ਕਿ ਇਸ ਮਹੀਨੇ ਸਭ ਤੋਂ ਪਹਿਲਾਂ 15 ਮਈ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤਿੰਨ ਰੁਪਏ ਪ੍ਰਤੀ ਲੀਟਰ ਵਧਾਈਆਂ ਗਈਆਂ ਸਨ। ਇਸ ਤੋਂ ਬਾਅਦ 19 ਮਈ ਨੂੰ ਵੀ ਕਰੀਬ 90 ਪੈਸੇ ਦਾ ਦੂਜਾ ਵਾਧਾ ਹੋਇਆ ਸੀ।
ਚਾਰ ਸੂਬਿਆਂ - ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਇਲ ਮਾਰਕੀਟਿੰਗ ਕੰਪਨੀਆਂ ਨੇ ਆਪਣੇ ਘਾਟੇ ਦੀ ਭਰਪਾਈ ਲਈ ਤੇਲ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ।

ਚੋਣਾਂ ਖਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ 15 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 3 ਰੁਪਏ ਪ੍ਰਤੀ ਲੀਟਰ ਵਧਾਈਆਂ ਗਈਆਂ। ਇਸ ਤੋਂ ਕੁਝ ਹੀ ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਦੋ ਵਾਰ ਵਿੱਚ 90 ਪੈਸੇ ਅਤੇ 94 ਪੈਸੇ ਪ੍ਰਤੀ ਲੀਟਰ ਵਧੀਆਂ ਅਤੇ ਅੱਜ ਯਾਨੀ 25 ਮਈ ਨੂੰ ਚੌਥੀ ਵਾਰ 2 ਰੁਪਏ 61 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਕੁੱਲ ਮਿਲਾ ਕੇ ਚਾਰ ਵਾਰ ਵਿੱਚ ਆਇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਦੀਆਂ ਕੀਮਤਾਂ ਵਿੱਚ 7 ਰੁਪਏ 41 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਚੁੱਕੀਆਂ ਹਨ।
ਇਸੇ ਤਰ੍ਹਾਂ, ਚਾਰ ਵਾਰ ਵਿੱਚ - ਤਿੰਨ ਰੁਪਏ, 90 ਪੈਸੇ, 91 ਪੈਸੇ ਅਤੇ 2 ਰੁਪਏ 71 ਪੈਸੇ - ਦੇ ਵਾਧੇ ਦੇ ਨਾਲ ਡੀਜ਼ਲ ਦੀਆਂ ਕੀਮਤਾਂ ਵਿੱਚ 7 ਰੁਪਏ 51 ਪੈਸੇ ਦਾ ਵਾਧਾ ਹੋ ਚੁੱਕਾ ਹੈ।
ਵੱਖ-ਵੱਖ ਪਾਰਟੀਆਂ ਦੇ ਆਗੂ ਕਰ ਰਹੇ ਆਲੋਚਨਾ

ਤਸਵੀਰ ਸਰੋਤ, @HarpalCheemaMLA
ਆਏ ਦਿਨ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਖ-ਵੱਖ ਆਗੂ ਕੇਂਦਰ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਪੰਜਾਬ 'ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਐਕਸ 'ਤੇ ਪੋਸਟ ਕੀਤਾ ਕਿ ''ਮੋਦੀ ਜੀ ਦੇ "2 ਕਾਰਾਂ ਦੇ ਕਾਫਲੇ" ਵਾਲੇ ਪੀਆਰ ਸਟੰਟ ਤੋਂ ਬਾਅਦ ਦਿਨਾਂ ਵਿੱਚ ਹੀ 4 ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ।''
ਉਨ੍ਹਾਂ ਪੈਟਰੋਲ-ਡੀਜ਼ਲ ਵਿੱਚ ਇਨ੍ਹਾਂ ਦਿਨੀਂ ਹੋਏ ਕੁੱਲ ਵਾਧੇ ਦਾ ਜ਼ਿਕਰ ਕਰਦਿਆਂ ਲਿਖਿਆ, ''ਜਦੋਂ ਤੇਲ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਸਭ ਕੁਝ ਮਹਿੰਗਾ ਹੋ ਜਾਂਦਾ ਹੈ - ਆਵਾਜਾਈ, ਸਬਜ਼ੀਆਂ, ਕਰਿਆਨੇ ਦਾ ਸਮਾਨ, ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ।''
''ਆਮ ਆਦਮੀ ਔਖਿਆਈ ਝੱਲਦਾ ਹੈ। ਮਹਿੰਗਾਈ ਵਧਦੀ ਹੈ। ਪ੍ਰਧਾਨ ਮੰਤਰੀ ਮੋਦੀ ਚੁੱਪ ਰਹਿੰਦੇ ਹਨ।''
"ਅਬਕੀ ਬਾਰ ਪੈਟਰੋਲ 100 ਪਾਰ।"
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ, ''ਆਮ ਲੋਕਾਂ ਨੂੰ ਇੱਕ ਹੋਰ ਝਟਕਾ, ਸਿਰਫ਼ ਦੋ ਹਫ਼ਤਿਆਂ ਵਿੱਚ ਚੌਥੀ ਵਾਰ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ - ਇਸ ਵਾਰ ₹2.71 ਪ੍ਰਤੀ ਲੀਟਰ। ਹੁਣ ਤੱਕ ਕੁੱਲ ਵਾਧਾ ਲਗਭਗ ₹8 ਪ੍ਰਤੀ ਲੀਟਰ ਹੈ।''
ਉਨ੍ਹਾਂ ਅੱਗੇ ਲਿਖਿਆ, ''ਭਾਜਪਾ ਸਰਕਾਰ ਨੂੰ ਸੰਘਰਸ਼ ਕਰ ਰਹੇ ਪਰਿਵਾਰਾਂ ਦੀ ਕੋਈ ਚਿੰਤਾ ਨਹੀਂ ਜਾਪਦੀ। ਜਿੱਥੇ ਬਹੁਤ ਸਾਰੇ ਦੇਸ਼ ਰਾਹਤ ਪ੍ਰਦਾਨ ਕਰ ਰਹੇ ਹਨ ਅਤੇ ਨਾਗਰਿਕਾਂ ਨੂੰ ਵਿਸ਼ਵ ਪੱਧਰ 'ਤੇ ਇੰਧਨ ਦੇ ਸੰਕਟ ਤੋਂ ਬਚਾ ਰਹੇ ਹਨ, ਭਾਰਤ ਦੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਸਵਾਲ ਕੀਤਾ, ''ਕੀ ਇਹ ਉਹ "ਅੰਮ੍ਰਿਤ ਕਾਲ" ਹੈ ਜਿਸ ਦਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ?''
ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ?

ਤਸਵੀਰ ਸਰੋਤ, AFP via Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਈਰਾਨ ਜੰਗ ਦਾ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ਦਾ ਇਸਤੇਮਾਲ ਘੱਟ ਕਰਨ ਅਤੇ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਨ।
ਉਨ੍ਹਾਂ ਕਿਹਾ, "ਭਾਰਤ ਕੋਲ ਕੱਚੇ ਤੇਲ ਦਾ ਕੋਈ ਵੱਡਾ ਭੰਡਾਰ ਨਹੀਂ ਹੈ। ਸਾਨੂੰ ਆਪਣੀ ਜ਼ਰੂਰਤ ਦਾ ਸਾਰਾ ਪੈਟਰੋਲ, ਡੀਜ਼ਲ ਅਤੇ ਗੈਸ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਦਰਾਮਦ ਕਰਨਾ ਪੈਂਦਾ ਹੈ।"
"ਜੰਗ ਕਾਰਨ ਪੂਰੀ ਦੁਨੀਆ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਸਾਡੇ ਗੁਆਂਢੀ ਦੇਸ਼ਾਂ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪ ਰਹੀਆਂ ਹਨ।''
ਇਸ ਦੌਰਾਨ ਉਨ੍ਹਾਂ ਸਲਾਹ ਦਿੱਤੀ ਸੀ ਕਿ ਜਿਥੋਂ ਤੱਕ ਹੋ ਸਕੇ, ਮੈਟਰੋ ਦਾ ਇਸਤੇਮਾਲ ਕਰੋ। ਜੇ ਕਾਰ ਦਾ ਇਸਤੇਮਾਲ ਕਰਨਾ ਹੀ ਹੈ, ਤਾਂ ਕਾਰਪੂਲ ਕਰੋ। ਭਾਵ, ਆਪਣੀ ਕਾਰ ਵਿੱਚ ਹੋਰਨਾਂ ਨੂੰ ਵੀ ਨਾਲ ਲੈ ਜਾਓ। ਮੋਦੀ ਨੇ ਇਹ ਵੀ ਅਪੀਲ ਕੀਤੀ ਕਿ ਜਿੱਥੇ ਤੱਕ ਹੋ ਸਕੇ, ਇਲੈਕਟ੍ਰਿਕ ਗੱਡੀਆਂ ਦਾ ਇਸਤੇਮਾਲ ਕਰੋ।
ਈਰਾਨ ਜੰਗ ਕਾਰਨ ਸਟ੍ਰੇਟ ਆਫ਼ ਹੋਰਮੁਜ਼ ਤੋਂ ਹੋਣ ਵਾਲੀ ਸ਼ਿਪਿੰਗ 'ਤੇ ਲੰਮੇ ਸਮੇਂ ਤੱਕ ਅਸਰ ਪਿਆ ਹੈ। ਦੁਨੀਆ ਦਾ 20 ਫ਼ੀਸਦ ਕੱਚਾ ਤੇਲ ਇਸੇ ਰਸਤੇ ਤੋਂ ਆਉਂਦਾ ਹੈ। ਭਾਰਤ ਵੀ ਆਪਣੀਆਂ ਕੱਚੇ ਤੇਲ ਅਤੇ ਊਰਜਾ ਦੀਆਂ ਲੋੜਾਂ ਲਈ ਕਾਫ਼ੀ ਹੱਦ ਤੱਕ ਸਟ੍ਰੇਟ ਆਫ਼ ਹੋਰਮੁਜ਼ 'ਤੇ ਹੀ ਨਿਰਭਰ ਹੈ।
ਪ੍ਰਧਾਨ ਮੰਤਰੀ ਦਾ ਇਹ ਬਿਆਨ ਭਾਰਤ ਲਈ ਇੱਕ ਚੇਤਾਵਨੀ ਵਰਗਾ ਹੈ। ਕਿਉਂਕਿ ਜੇ ਸਟ੍ਰੇਟ ਆਫ਼ ਹੋਰਮੁਜ਼ ਲੰਮੇ ਸਮੇਂ ਤੱਕ ਬੰਦ ਰਹਿੰਦਾ ਹੈ ਅਤੇ ਜੇ ਕੱਚੇ ਤੇਲ ਦੀ ਕੀਮਤ 110 ਜਾਂ 120 ਡਾਲਰ (ਲਗਭਗ 10,476 ਤੋਂ 11,429 ਰੁਪਏ) ਪ੍ਰਤੀ ਬੈਰਲ ਬਣੀ ਰਹਿੰਦੀ ਹੈ, ਤਾਂ ਮਹਿੰਗਾਈ ਵਧ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਰਾਜਕੋਸ਼ੀ ਘਾਟਾ ਵਧੇਗਾ ਅਤੇ ਪੂਰੀ ਅਰਥਵਿਵਸਥਾ 'ਤੇ ਇਸ ਦਾ ਬੁਰਾ ਅਸਰ ਪਵੇਗਾ।
ਤੇਲ ਦਰਾਮਦ ਦਾ ਵੱਧਦਾ ਬੋਝ

ਤਸਵੀਰ ਸਰੋਤ, ANI
ਕੇਂਦਰ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਦੇਸ਼ ਵਿੱਚ ਇੰਧਨ ਦੀ ਕੋਈ ਕਮੀ ਨਹੀਂ ਹੈ ਅਤੇ ਪੈਟਰੋਲ, ਡੀਜ਼ਲ ਜਾਂ ਐਲਪੀਜੀ ਦੀ ਰਾਸ਼ਨਿੰਗ ਕਰਨ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ, ਈਰਾਨ ਨਾਲ ਚੱਲ ਰਹੇ ਵਿਵਾਦ ਅਤੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਪੈਦਾ ਹੋਏ ਸੰਕਟ ਕਾਰਨ ਦੁਨੀਆ ਭਰ ਵਿੱਚ ਊਰਜਾ ਦੀ ਸਪਲਾਈ 'ਤੇ ਅਸਰ ਪਿਆ ਹੈ।
ਹਾਲ ਹੀ ਵਿੱਚ, ਕਾਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀਜ਼ (ਸੀਆਈਆਈ) ਦੀ ਸਾਲਾਨਾ ਬਿਜ਼ਨਸ ਸਮਿਟ ਵਿੱਚ ਤੇਲ ਸਕੱਤਰ ਨੀਰਜ ਮਿੱਤਲ ਨੇ ਕਿਹਾ ਸੀ ਕਿ "ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਡੇ ਕੋਲ ਲੋੜੀਂਦੇ ਭੰਡਾਰ ਮੌਜੂਦ ਹਨ। ਅਜੇ ਤੱਕ ਰਾਸ਼ਨਿੰਗ ਲਾਗੂ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਅੱਗੇ ਅਜਿਹਾ ਕੋਈ ਕਦਮ ਚੁੱਕਿਆ ਜਾਵੇਗਾ।"
ਅਧਿਕਾਰੀਆਂ ਮੁਤਾਬਕ, ਦੁਨੀਆ ਭਰ ਦੇ ਊਰਜਾ ਬਾਜ਼ਾਰਾਂ ਵਿੱਚ ਉਤਰਾਅ-ਚੜ੍ਹਾਅ ਦੇ ਬਾਵਜੂਦ, ਭਾਰਤ ਕੋਲ ਇਸ ਸਮੇਂ ਲਗਭਗ 60 ਦਿਨਾਂ ਦਾ ਇੰਧਨ ਭੰਡਾਰ ਅਤੇ ਲਗਭਗ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ ਹੈ।
ਹਾਲ ਹੀ ਵਿੱਚ ਹੋਈਆਂ ਸਰਕਾਰੀ ਬੈਠਕਾਂ ਵਿੱਚ ਸਮੀਖਿਆ ਕੀਤੇ ਗਏ ਅਧਿਕਾਰਿਤ ਅਨੁਮਾਨਾਂ ਦੇ ਅਨੁਸਾਰ, ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਖੁਦਰਾ ਕੀਮਤਾਂ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ ਤੇਲ ਕੰਪਨੀਆਂ ਨੂੰ ਹਰ ਦਿਨ ਲਗਭਗ 1,000 ਤੋਂ 1,200 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਸੀ।
ਭਾਰਤ ਆਪਣੀਆਂ ਕੱਚੇ ਤੇਲ ਦੀਆਂ ਲਗਭਗ 90 ਫ਼ੀਸਦ ਲੋੜਾਂ ਲਈ ਤੇਲ ਦਰਾਮਦ 'ਤੇ ਨਿਰਭਰ ਹੈ, ਜਿਸ ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਲਗਾਤਾਰ ਦਬਾਅ ਬਣਿਆ ਰਹਿੰਦਾ ਹੈ।
ਭਾਰਤ ਦੇ ਸਾਹਮਣੇ ਵਧਦੀਆਂ ਚੁਣੌਤੀਆਂ

ਤਸਵੀਰ ਸਰੋਤ, Getty Images
ਤਾਜ਼ਾ ਅੰਕੜਿਆਂ ਦੇ ਅਨੁਸਾਰ, ਭਾਰਤ ਕੋਲ ਵਰਤਮਾਨ ਵਿੱਚ 690 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਵਿੱਤੀ ਸਾਲ 2025-26 ਵਿੱਚ ਭਾਰਤ ਨੇ ਕੱਚੇ ਤੇਲ ਦੀ ਦਰਾਮਦ 'ਤੇ 174 ਅਰਬ ਡਾਲਰ ਖਰਚ ਕੀਤੇ।
ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਭਾਰਤ ਨੂੰ ਰਸੋਈ ਗੈਸ ਦੀ ਕਮੀ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਉਸ ਦੇਸ਼ ਲਈ ਇੱਕ ਵੱਡੀ ਚੁਣੌਤੀ ਹੈ, ਜਿਸ ਨੇ ਪਿਛਲੇ ਸਾਲ 174 ਅਰਬ ਡਾਲਰ ਦਾ ਤੇਲ ਅਤੇ ਗੈਸ ਦਰਾਮਦ ਕੀਤੇ ਸਨ। ਭਾਰਤ ਦੇ ਕੁਦਰਤੀ ਗੈਸ ਦਰਾਮਦ ਦਾ ਦੋ-ਤਿਹਾਈ ਹਿੱਸਾ ਅਤੇ ਕੱਚੇ ਤੇਲ ਦਰਾਮਦ ਦਾ ਅੱਧੇ ਤੋਂ ਵੱਧ ਹਿੱਸਾ ਖਾੜੀ ਦੇਸ਼ਾਂ ਤੋਂ ਆਉਂਦਾ ਹੈ।
ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿੱਚੋਂ ਇੱਕ, ਸਾਉਦੀ ਅਰਾਮਕੋ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਟ੍ਰੇਟ ਆਫ਼ ਹੋਰਮੁਜ਼ ਬੰਦ ਰਹਿੰਦਾ ਹੈ, ਤਾਂ ਗੈਸੋਲੀਨ ਅਤੇ ਜੈੱਟ ਇੰਧਨ ਦਾ ਭੰਡਾਰ "ਖ਼ਤਰਨਾਕ ਤੌਰ 'ਤੇ ਹੇਠਲੇ ਪੱਧਰ" ਤੱਕ ਡਿੱਗ ਸਕਦਾ ਹੈ।
ਸਾਉਦੀ ਅਰਾਮਕੋ ਦੇ ਸੀਈਓ ਅਮੀਨ ਨਾਸਿਰ ਨੇ ਸੋਮਵਾਰ, 11 ਮਈ ਨੂੰ ਕਿਹਾ ਕਿ "ਵਰਤਮਾਨ ਵਿੱਚ ਕੱਢੇ ਗਏ ਇੰਧਨ ਦੇ ਭੰਡਾਰ ਤੇਜ਼ੀ ਨਾਲ ਘਟ ਰਹੇ ਹਨ। ਇਹ ਗਿਰਾਵਟ ਖ਼ਾਸ ਤੌਰ 'ਤੇ ਗੈਸੋਲੀਨ ਅਤੇ ਜੈੱਟ ਇੰਧਨ ਵਰਗੇ ਰਿਫਾਈਂਡ ਇੰਧਨਾਂ ਵਿੱਚ ਗੰਭੀਰ ਹੈ।"
ਉਨ੍ਹਾਂ ਕਿਹਾ ਕਿ ਈਰਾਨ ਜੰਗ ਅਤੇ ਸਟ੍ਰੇਟ ਆਫ਼ ਹੋਰਮੁਜ਼ ਦੇ ਲਗਭਗ ਬੰਦ ਹੋ ਜਾਣ ਤੋਂ ਬਾਅਦ ਤੋਂ ਦੁਨੀਆ ਨੂੰ ਲਗਭਗ 1 ਅਰਬ ਬੈਰਲ ਤੇਲ ਦਾ ਨੁਕਸਾਨ ਹੋਇਆ ਹੈ।
ਪਿਛਲੇ 10 ਹਫ਼ਤਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਅਪ੍ਰੈਲ ਦੇ ਅੰਤ ਵਿੱਚ ਕੀਮਤਾਂ 126 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ, ਪਰ ਉਸ ਤੋਂ ਬਾਅਦ ਤੋਂ ਉਨ੍ਹਾਂ ਵਿੱਚ ਗਿਰਾਵਟ ਆਈ ਹੈ ਅਤੇ ਵਰਤਮਾਨ ਵਿੱਚ ਉਹ ਲਗਭਗ 100 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਬਣੀਆਂ ਹੋਈਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












