ਕੋਲਕਾਤਾ: ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਕਿਉਂ ਮਚੀ, ਸਿਰਫ਼ ਸੱਤ ਮਿੰਟਾਂ ਵਿੱਚ ਹੀ ਕਿਵੇਂ ਸੋਗ ਵਿੱਚ ਬਦਲ ਗਿਆ ਮਾਹੌਲ

ਚੋਰਬਾਗਾਨ ਪੂਜਾ ਪੰਡਾਲ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ
ਤਸਵੀਰ ਕੈਪਸ਼ਨ, ਚੋਰਬਾਗਾਨ ਪੂਜਾ ਪੰਡਾਲ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ
    • ਲੇਖਕ, ਬੀਬੀਸੀ ਬਾਂਗਲਾ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਪੱਛਮੀ ਬੰਗਾਲ ਦੇ ਕੋਲਕਾਤਾ ਦੇ ਚੋਰਬਾਗਾਨ ਸਾਰਵਜਨਿਕ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ, "ਪਹਿਲਾਂ 17 ਲੋਕਾਂ ਦੀ ਮੌਤ ਹੋਈ, ਬਾਅਦ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 24 ਜ਼ਖ਼ਮੀ ਲੋਕ ਖ਼ਤਰੇ ਤੋਂ ਬਾਹਰ ਹਨ ਅਤੇ ਇੱਕ ਦੀ ਹਾਲਤ ਥੋੜ੍ਹੀ ਗੰਭੀਰ ਹੈ। ਅਸੀਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਗ੍ਰਹਿ ਮੰਤਰੀ (ਅਮਿਤ ਸ਼ਾਹ) ਦਾ ਪ੍ਰੋਗਰਾਮ ਵੀ ਸੀ, ਉਹ ਵੀ ਰੱਦ ਕਰ ਦਿੱਤਾ ਗਿਆ ਹੈ।"

ਪੁਲਿਸ ਸੂਤਰਾਂ ਮੁਤਾਬਕ, ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕਈ ਲੋਕ ਪੂਜਾ ਵਿੱਚ ਸ਼ਾਮਿਲ ਹੋਣ ਲਈ ਕੋਲਕਾਤਾ ਤੋਂ ਬਾਹਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਨ।

ਪੱਛਮੀ ਬੰਗਾਲ ਸਰਕਾਰ ਨੇ ਇੱਕ ਟੋਲ-ਫ੍ਰੀ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਭਗਦੜ ਦੀ ਘਟਨਾ ਦੇ ਮਾਮਲੇ ਵਿੱਚ ਕੋਲਕਾਤਾ ਪੁਲਿਸ ਨੇ ਚੋਰਬਾਗਾਨ ਦੁਰਗਾ ਪੂਜਾ ਦੇ ਪ੍ਰਬੰਧਕਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਤੋਂ ਪਹਿਲਾਂ ਇਨ੍ਹਾਂ ਸੱਤ ਲੋਕਾਂ ਸਮੇਤ ਕੁੱਲ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਖ਼ੁਦ ਹੀ ਐੱਫਆਈਆਰ ਦਰਜ ਕੀਤੀ ਹੈ। ਇਸ ਦੇ ਨਾਲ ਹੀ ਮਾਰੇ ਗਏ ਲੋਕਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ।

ਹਾਦਸੇ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚਿਆਂ ਦੀ ਮੌਤ

ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ਵਿੱਚ ਮਚੀ ਭਗਦੜ
ਤਸਵੀਰ ਕੈਪਸ਼ਨ, ਇਸ ਹਾਦਸੇ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚਿਆਂ ਦੀ ਮੌਤ ਹੋਈ ਹੈ

ਘਟਨਾ ਵਾਲੀ ਥਾਂ ਦੇ ਨੇੜੇ ਇੱਕ ਇਮਾਰਤ ਤੋਂ ਰਿਕਾਰਡ ਕੀਤਾ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਈ ਲੋਕ ਸਾਂਝਾ ਕਰ ਰਹੇ ਹਨ। ਇਨ੍ਹਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਕੁਣਾਲ ਘੋਸ਼ ਵੀ ਸ਼ਾਮਿਲ ਹਨ।

ਵੀਡੀਓ ਥੋੜ੍ਹਾ ਧੁੰਦਲਾ ਹੈ, ਪਰ ਇਸ ਵਿੱਚ ਕਈ ਲੋਕ ਜ਼ਮੀਨ 'ਤੇ ਪਏ ਦਿਖਾਈ ਦੇ ਰਹੇ ਹਨ ਅਤੇ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

ਪੱਛਮੀ ਬੰਗਾਲ ਦੇ ਸਿਹਤ ਮੰਤਰੀ ਸ਼ਰਦਵਤ ਮੁਖਰਜੀ ਨੇ ਕਿਹਾ, "ਮੀਂਹ ਕਾਰਨ ਪ੍ਰੈਸ਼ਰ ਕੁੱਕਰ ਵਰਗੀ ਸਥਿਤੀ ਬਣ ਗਈ ਸੀ। ਜਦੋਂ ਅਚਾਨਕ ਮੀਂਹ ਸ਼ੁਰੂ ਹੋਇਆ ਤਾਂ ਅੰਦਰ ਮੌਜੂਦ ਲੋਕ ਬਾਹਰ ਨਹੀਂ ਜਾਣਾ ਚਾਹੁੰਦੇ ਸਨ ਅਤੇ ਬਾਹਰ ਮੌਜੂਦ ਲੋਕ ਅੰਦਰ ਆਉਣਾ ਚਾਹੁੰਦੇ ਸਨ।"

ਇਸ ਹਾਦਸੇ ਵਿੱਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚਿਆਂ ਦੀ ਮੌਤ ਹੋਈ ਹੈ।

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਵਾਪਰਿਆ।

ਕੋਲਕਾਤਾ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਪ੍ਰਭਾਕਰ ਮਣੀ ਤਿਵਾਰੀ ਨੇ ਦੱਸਿਆ ਹੈ ਕਿ ਸ਼ੁਭੇਂਦੂ ਅਧਿਕਾਰੀ ਨੇ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਸਾਰੇ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚ ਸਰਕਾਰ ਚੁੱਕੇਗੀ ਅਤੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਹੈ ਕਿ ਕੋਲਕਾਤਾ ਹਾਈ ਕੋਰਟ ਦੇ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

ਹਾਦਸਾ ਕਿਵੇਂ ਵਾਪਰਿਆ?

ਸਰਕਾਰੀ ਮੁਰਦਾਘਰ ਦੇ ਬਾਹਰ ਮੌਜੂਦ ਇੱਕ ਪੀੜਤ ਪਰਿਵਾਰ, ਜਿਸ ਦੇ ਇੱਕ ਕਰੀਬੀ ਦੀ ਸ਼ਨੀਵਾਰ ਨੂੰ ਭਗਦੜ ਵਿੱਚ ਮੌਤ ਹੋ ਗਈ ਸੀ
ਤਸਵੀਰ ਕੈਪਸ਼ਨ, ਸਰਕਾਰੀ ਮੁਰਦਾਘਰ ਦੇ ਬਾਹਰ ਮੌਜੂਦ ਇੱਕ ਪੀੜਤ ਪਰਿਵਾਰ, ਜਿਸ ਦੇ ਇੱਕ ਕਰੀਬੀ ਦੀ ਸ਼ਨੀਵਾਰ ਨੂੰ ਭਗਦੜ ਵਿੱਚ ਮੌਤ ਹੋ ਗਈ ਸੀ

ਚਸ਼ਮਦੀਦਾਂ ਮੁਤਾਬਕ, ਸ਼ਾਮ ਨੂੰ ਚੋਰਬਾਗਾਨ ਸਾਰਵਜਨਿਕ ਪੰਡਾਲ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਸ਼ਾਮ ਕਰੀਬ 7:30 ਵਜੇ ਤੇਜ਼ ਮੀਂਹ ਸ਼ੁਰੂ ਹੋਣ ਤੋਂ ਬਾਅਦ ਇਸ ਤੋਂ ਬਚਣ ਲਈ ਕਈ ਲੋਕ ਤੰਗ ਗਲੀਆਂ ਦੇ ਵਿਚਕਾਰ ਸਥਿਤ ਪੂਜਾ ਪੰਡਾਲ ਦੇ ਅੰਦਰ ਜਾਣ ਲੱਗੇ।

ਦੂਜੇ ਪਾਸੇ, ਪੰਡਾਲ ਦੇ ਅੰਦਰ ਮੌਜੂਦ ਲੋਕ ਬਾਹਰ ਨਹੀਂ ਨਿੱਕਲ ਪਾ ਰਹੇ ਸਨ। ਬਾਹਰ ਮੀਂਹ ਵਿੱਚ ਫਸੇ ਲੋਕ ਵੀ ਅੰਦਰ ਜਾਣ ਲਈ ਧੱਕਾ-ਮੁੱਕੀ ਕਰਨ ਲੱਗੇ। ਇਸ ਕਾਰਨ ਆਰਜ਼ੀ ਤੌਰ 'ਤੇ ਬਣਾਈਆਂ ਗਈਆਂ ਪੌੜੀਆਂ 'ਤੇ ਭੀੜ ਦੇ ਦਬਾਅ ਕਾਰਨ ਲੋਕ ਇੱਕ-ਦੂਜੇ ਦੇ ਉੱਪਰ ਡਿੱਗਣ ਲੱਗੇ।

ਪੰਡਾਲ ਵਿੱਚ ਦੁਰਗਾ ਦੀ ਮੂਰਤੀ ਲੋਹੇ ਦੇ ਢਾਂਚੇ ਹੇਠਾਂ ਰੱਖੀ ਗਈ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਸ ਢਾਂਚੇ ਦਾ ਕੋਈ ਹਿੱਸਾ ਡਿੱਗਿਆ ਸੀ।

ਹੁਣ ਤੱਕ ਗਵਾਹਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪੂਰੀ ਘਟਨਾ ਪੰਜ ਤੋਂ ਸੱਤ ਮਿੰਟਾਂ ਦੇ ਅੰਦਰ ਵਾਪਰੀ ਹੋ ਸਕਦੀ ਹੈ।

ਚਸ਼ਮਦੀਦਾਂ ਨੇ ਕੀ ਦੱਸਿਆ

ਮੁੱਖ ਮੰਤਰੀ ਨੇ ਦੱਸਿਆ ਹੈ ਕਿ ਕੋਲਕਾਤਾ ਹਾਈ ਕੋਰਟ ਦੇ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ
ਤਸਵੀਰ ਕੈਪਸ਼ਨ, ਮੁੱਖ ਮੰਤਰੀ ਨੇ ਦੱਸਿਆ ਹੈ ਕਿ ਕੋਲਕਾਤਾ ਹਾਈ ਕੋਰਟ ਦੇ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ

ਚੋਰਬਾਗਾਨ ਵਿੱਚ ਕਰਵਾਈ ਜਾਂਦੀ ਦੁਰਗਾ ਪੂਜਾ 90 ਸਾਲ ਤੋਂ ਵੀ ਵੱਧ ਪੁਰਾਣੀ ਹੈ, ਪਰ ਇੱਥੇ ਪਹਿਲਾਂ ਕਦੇ ਅਜਿਹੀ ਘਟਨਾ ਦੇਖਣ ਨੂੰ ਨਹੀਂ ਮਿਲੀ।

ਇੱਕ ਚਸ਼ਮਦੀਦ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ, "ਮੇਰੀ ਭੈਣ ਆਪਣੇ ਮਾਮੇ, ਮਾਮੀ ਅਤੇ ਆਪਣੀ ਛੋਟੀ ਭੈਣ ਨਾਲ ਗਈ ਸੀ। ਮੇਰੇ ਮਾਮੇ ਮੁਤਾਬਕ, ਉਹ ਉੱਥੋਂ ਲੰਘ ਰਹੇ ਸਨ ਅਤੇ ਬਾਹਰ ਨਿਕਲ ਰਹੇ ਸਨ, ਉਦੋਂ ਹੀ ਭਗਦੜ ਮਚ ਗਈ... ਇਸ ਪੰਡਾਲ ਵਿੱਚ ਭੀੜ ਨੂੰ ਕਾਬੂ ਕਰਨ ਲਈ ਕਿਸੇ ਵੀ ਵਲੰਟੀਅਰ ਨੇ ਪਹਿਲ ਨਹੀਂ ਕੀਤੀ।"

ਇੱਕ ਸਥਾਨਕ ਵਿਅਕਤੀ ਨੇ ਦੱਸਿਆ, "ਇੱਥੇ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਇਸ ਪੂਜਾ ਨੂੰ 91 ਸਾਲ ਹੋ ਗਏ ਹਨ। ਅਚਾਨਕ ਮੀਂਹ ਪੈਣ ਲੱਗ ਪਿਆ, ਜਿਸ ਕਾਰਨ ਪੈਰ ਤਿਲਕਣ ਨਾਲ ਕੁਝ ਲੋਕ ਡਿੱਗ ਪਏ।"

ਘਟਨਾ ਦੇ ਇੱਕ ਪੀੜਤ ਨੇ ਦੱਸਿਆ, "ਉੱਥੇ ਜਗ੍ਹਾ ਕਾਫ਼ੀ ਤੰਗ ਸੀ। ਬਹੁਤ ਸਾਰੇ ਲੋਕ ਕਤਾਰ ਵਿੱਚ ਖੜ੍ਹੇ ਸਨ। ਉੱਥੇ ਪੂਰੀ ਤਰ੍ਹਾਂ ਹਨ੍ਹੇਰਾ ਸੀ ਅਤੇ ਇੱਕ ਵੀ ਲਾਈਟ ਨਹੀਂ ਲੱਗੀ ਹੋਈ ਸੀ। ਮੇਰੀ ਦੋਹਤੀ ਅਤੇ ਹੋਰ ਬੱਚੇ ਮੇਰੇ ਨਾਲ ਸਨ। ਦੋ ਬੱਚੇ ਹਸਪਤਾਲ ਵਿੱਚ ਦਾਖ਼ਲ ਹਨ। ਮੈਂ ਵੀ ਡਿੱਗ ਪਿਆ ਸੀ। ਹਾਦਸੇ ਤੋਂ ਅੱਧੇ ਘੰਟੇ ਬਾਅਦ ਤੱਕ ਉੱਥੇ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਕਾਰਕੁਨ ਮੌਜੂਦ ਨਹੀਂ ਸੀ।"

ਕੁਝ ਸਥਾਨਕ ਮਹਿਲਾਵਾਂ ਨੇ ਦੱਸਿਆ ਕਿ ਚੋਰਬਾਗਾਨ ਪੂਜਾ ਪੰਡਾਲ ਨੂੰ ਦੇਖਣ ਲਈ ਪਹਿਲਾਂ ਵੀ ਇਸੇ ਤਰ੍ਹਾਂ ਬਹੁਤ ਜ਼ਿਆਦਾ ਭੀੜ ਹੁੰਦੀ ਸੀ, ਪਰ ਇਸ ਵਾਰ ਅਜਿਹਾ ਹਾਦਸਾ ਵਾਪਰ ਗਿਆ।

ਇੱਕ ਵਿਅਕਤੀ ਨੇ ਦੱਸਿਆ, "ਇਹ ਨਹੀਂ ਪਤਾ ਕਿ ਭਗਦੜ ਕਿਉਂ ਮਚੀ, ਪਰ ਇਹ ਹਾਦਸਾ ਭਗਦੜ ਕਾਰਨ ਹੀ ਹੋਇਆ। ਕਾਫ਼ੀ ਮੀਂਹ ਪੈ ਰਿਹਾ ਸੀ।"

ਇੱਕ ਮਹਿਲਾ ਚਸ਼ਮਦੀਦ ਨੇ ਦੱਸਿਆ, "ਇੱਥੇ ਬਹੁਤ ਜ਼ਿਆਦਾ ਭੀੜ ਹੋ ਗਈ ਸੀ ਅਤੇ ਭੀੜ ਕਾਰਨ ਲੋਕ ਡਿੱਗ ਪਏ।"

ਇੱਕ ਮਹਿਲਾ ਨੇ ਕਿਹਾ, "ਇੱਥੇ 91 ਸਾਲਾਂ ਤੋਂ ਪੂਜਾ ਹੋ ਰਹੀ ਹੈ। ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇੱਕ ਮਹੀਨੇ ਦੇ ਬੱਚੇ ਨੂੰ ਲੈ ਕੇ ਇੰਨੀ ਭੀੜ ਵਿੱਚ ਨਹੀਂ ਆਉਣਾ ਚਾਹੀਦਾ।"

ਕਈ ਚਸ਼ਮਦੀਦਾਂ ਨੇ ਹੱਸਦੇ ਬਾਰੇ ਜਾਣਕਾਰੀ ਦਿੱਤੀ
ਤਸਵੀਰ ਕੈਪਸ਼ਨ, ਕਈ ਚਸ਼ਮਦੀਦਾਂ ਨੇ ਹੱਸਦੇ ਬਾਰੇ ਜਾਣਕਾਰੀ ਦਿੱਤੀ

ਇੱਕ ਵਿਅਕਤੀ ਨੇ ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਪੰਡਾਲ ਤੋਂ ਬਾਹਰ ਨਿੱਕਲਦੇ ਸਮੇਂ ਭਗਦੜ ਮਚ ਗਈ। ਉੱਥੇ ਕੋਈ ਵਲੰਟੀਅਰ ਮੌਜੂਦ ਨਹੀਂ ਸੀ। ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ।"

ਇੱਕ ਦੂਜੇ ਸਥਾਨਕ ਵਿਅਕਤੀ ਨੇ ਦੱਸਿਆ ਕਿ ਜਦੋਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ, ਉਸੇ ਸਮੇਂ ਇਹ ਘਟਨਾ ਵਾਪਰੀ। ਕਈ ਲੋਕਾਂ ਨੂੰ ਮੋਟਰਸਾਈਕਲਾਂ 'ਤੇ ਬਿਠਾ ਕੇ ਬਾਹਰ ਲਿਜਾਇਆ ਜਾ ਰਿਹਾ ਸੀ। ਇਹ ਲੋਕ ਬੇਹੋਸ਼ ਹੋ ਗਏ ਸਨ।

ਘਟਨਾ ਵਾਲੀ ਥਾਂ 'ਤੇ ਪਹੁੰਚੇ ਇੱਕ ਨੌਜਵਾਨ ਨੇ ਦੱਸਿਆ, "ਅਸੀਂ ਇੰਸਟਾਗ੍ਰਾਮ ਰੀਲ ਦੇਖ ਕੇ ਇੱਥੇ ਆਏ ਸੀ। ਇੰਸਟਾਗ੍ਰਾਮ ਤੋਂ ਪਤਾ ਲੱਗਿਆ ਸੀ ਕਿ ਇਹ ਪੰਡਾਲ ਬਹੁਤ ਵਧੀਆ ਹੈ। ਰੀਲ ਵਿੱਚ ਇੱਥੇ ਬਹੁਤ ਭੀੜ ਦਿਖਾਈ ਦੇ ਰਹੀ ਸੀ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਹਾਦਸਾ ਵਾਪਰ ਗਿਆ ਹੈ।"

ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਚੋਰਬਾਗਾਨ ਪੂਜਾ ਪੰਡਾਲ ਵਿੱਚ ਭਗਦੜ ਦੀ ਘਟਨਾ ਬਾਰੇ ਜਾਣ ਕੇ ਮੈਂ ਸਦਮੇ ਵਿੱਚ ਹਾਂ ਅਤੇ ਬੇਹੱਦ ਦੁਖੀ ਹਾਂ। ਮੈਂ ਮਾਂ ਦੁਰਗਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਸਾਰੇ ਜ਼ਖ਼ਮੀਆਂ ਨੂੰ ਜਲਦੀ ਠੀਕ ਹੋਣ ਦੀ ਤਾਕਤ ਦੇਣ ਅਤੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਅਤੇ ਸਹਾਰਾ ਦੇਣ।"

ਮਾੜੇ ਪ੍ਰਬੰਧ ਦੇ ਇਲਜ਼ਾਮ, ਪੰਡਾਲ ਨੂੰ ਜਾਂਦੇ ਤੰਗ ਰਸਤੇ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਵਾਪਰਿਆ
ਤਸਵੀਰ ਕੈਪਸ਼ਨ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਵਾਪਰਿਆ

ਚੋਰਬਾਗਾਨ ਸਾਰਵਜਨਿਕ ਪੂਜਾ ਇਸ ਸਾਲ ਆਪਣੇ 91ਵੇਂ ਸਾਲ ਵਿੱਚ ਦਾਖ਼ਲ ਹੋ ਗਈ ਹੈ। ਮੰਡਪ ਵਿੱਚ ਦਾਖ਼ਲ ਹੋਣ ਲਈ ਇੱਕ ਤੰਗ ਗਲੀ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਪੰਜ ਦਿਨ ਪਹਿਲਾਂ ਇਸ ਪੰਡਾਲ ਦਾ ਉਦਘਾਟਨ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਪੰਡਾਲ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਭੀੜ ਨੂੰ ਸੰਭਾਲਣ ਲਈ ਸਿਰਫ਼ ਕੁਝ ਹੀ ਵਲੰਟੀਅਰ ਮੌਜੂਦ ਸਨ। ਇਹ ਇਲਜ਼ਾਮ ਵੀ ਲੱਗ ਰਿਹਾ ਹੈ ਕਿ ਇੱਕ ਗਲੀ ਵੀਆਈਪੀ ਲੋਕਾਂ ਲਈ ਰਾਖਵੀਂ ਰੱਖੀ ਗਈ ਸੀ।

ਆਮ ਲੋਕਾਂ ਲਈ ਦੂਜਾ ਨਿਕਾਸੀ ਰਸਤਾ ਕੁਝ ਥਾਵਾਂ 'ਤੇ ਕਰੀਬ 10 ਫੁੱਟ ਅਤੇ ਹੋਰ ਥਾਵਾਂ 'ਤੇ 30 ਫੁੱਟ ਚੌੜਾ ਸੀ। ਪੌੜੀਆਂ ਚੜ੍ਹ ਕੇ ਨਿਕਾਸੀ ਦਰਵਾਜ਼ੇ ਤੱਕ ਪਹੁੰਚਣ ਵਾਲੇ ਲੋਕ ਵੀ ਬਾਹਰ ਨਹੀਂ ਨਿੱਕਲ ਪਾ ਰਹੇ ਸਨ।

ਪੰਡਾਲ ਵਿੱਚ ਮੌਜੂਦ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ, "ਨੇੜਲੀ ਪਾਰਵਤੀ ਘੋਸ਼ ਲੇਨ ਬੰਦ ਸੀ। ਕਿਸੇ ਵੀ ਐਂਬੂਲੈਂਸ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਵੀ ਉੱਥੋਂ ਜਾ ਚੁੱਕੀ ਸੀ। ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਸਥਾਨਕ ਵਸਨੀਕ ਦੌੜ ਕੇ ਆਏ।"

ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਪੰਡਾਲ ਦੇਖਣ ਆਏ ਉਸ ਦੇ ਤਿੰਨ ਦੋਸਤ ਜ਼ਮੀਨ 'ਤੇ ਡਿੱਗ ਪਏ। ਉਨ੍ਹਾਂ ਨੇ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਨਹੀਂ ਕਰ ਸਕੇ। ਬਾਅਦ ਵਿੱਚ ਕੁਝ ਹੋਰ ਲੋਕ ਅੱਗੇ ਆਏ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਪਹਿਲਾਂ ਸਾਲ 2015 ਵਿੱਚ ਦੱਖਣੀ ਕੋਲਕਾਤਾ ਦੇ ਦੇਸ਼ਪ੍ਰਿਆ ਪਾਰਕ ਵਿੱਚ ਦੁਰਗਾ ਪੂਜਾ ਦੌਰਾਨ ਭਗਦੜ ਮਚੀ ਸੀ। ਉਸ ਘਟਨਾ ਵਿੱਚ ਕਰੀਬ 11 ਲੋਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਪੂਜਾ ਰੋਕ ਦਿੱਤੀ ਗਈ ਸੀ।

ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਮੌਜੂਦ ਪੁਲਿਸ ਦੇ ਸਹਾਇਕ ਕਮਿਸ਼ਨਰ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ, ਇੱਕ ਨਿੱਜੀ ਸੁਰੱਖਿਆ ਏਜੰਸੀ ਵੱਲੋਂ ਕੀਤੇ ਗਏ ਐਲਾਨ ਅਤੇ ਕੁਝ ਲੋਕਾਂ ਵੱਲੋਂ ਸੀਟੀਆਂ ਵਜਾਉਣ ਤੋਂ ਬਾਅਦ ਘਟਨਾ ਸ਼ੁਰੂ ਹੋਈ।

ਕਈ ਹੋਰ ਪੂਜਾ ਪੰਡਾਲਾਂ ਵਿੱਚ ਲੋਕਾਂ ਦੇ ਦਾਖ਼ਲੇ 'ਤੇ ਰੋਕ

ਕਈ ਹੋਰ ਪੂਜਾ ਪੰਡਾਲਾਂ ਵਿੱਚ ਵੀ ਲੋਕਾਂ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਗਈ ਹੈ
ਤਸਵੀਰ ਕੈਪਸ਼ਨ, ਕਈ ਹੋਰ ਪੂਜਾ ਪੰਡਾਲਾਂ ਵਿੱਚ ਵੀ ਲੋਕਾਂ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਗਈ ਹੈ

ਪੁਲਿਸ ਨੇ ਚੋਰਬਾਗਾਨ ਸਾਰਵਜਨਿਕ ਦੁਰਗਾ ਪੂਜਾ ਪੰਡਾਲ ਨੂੰ ਸੀਲ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਪੂਜਾ ਕਮੇਟੀ ਦਾ ਕੋਈ ਵੀ ਮੈਂਬਰ ਪੰਡਾਲ ਵਿੱਚ ਨਜ਼ਰ ਨਹੀਂ ਆਇਆ।

ਉੱਤਰੀ ਕੋਲਕਾਤਾ ਵਿੱਚ ਇਹ ਵੱਡੇ ਬਜਟ ਵਾਲਾ ਪੂਜਾ ਪੰਡਾਲ ਹੈ।

ਪੁਲਿਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਲਕਾਤਾ ਦੇ ਤਿੰਨ ਹੋਰ ਵੱਡੇ ਅਤੇ ਮਸ਼ਹੂਰ ਪੂਜਾ ਪੰਡਾਲਾਂ ਨੂੰ ਵੀ ਲੋਕਾਂ ਦੇ ਦਾਖ਼ਲੇ ਲਈ ਬੰਦ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, ਇੱਕ ਹੋਰ ਵੱਡੇ ਪੂਜਾ ਪੰਡਾਲ ਦੇ ਪ੍ਰਬੰਧਕ, ਜਿੱਥੇ ਕਈ ਦਿਨਾਂ ਤੋਂ ਭਾਰੀ ਭੀੜ ਇਕੱਠੀ ਹੋ ਰਹੀ ਸੀ, ਖ਼ੁਦ ਐਲਾਨ ਕਰ ਰਹੇ ਹਨ ਕਿ ਲੋਕਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਕਈ ਹੋਰ ਪੂਜਾ ਪੰਡਾਲਾਂ ਵਿੱਚ ਵੀ ਲੋਕਾਂ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਗਈ ਹੈ।

ਪੱਛਮੀ ਬੰਗਾਲ ਵਿੱਚ ਇਸ ਵੇਲੇ 58,000 ਦੁਰਗਾ ਪੂਜਾ ਸਮਾਗਮ ਕਰਵਾਏ ਜਾ ਰਹੇ ਹਨ।

ਪੀਐੱਮ ਮੋਦੀ ਨੇ ਕੀ ਕਿਹਾ, ਰਾਹੁਲ ਗਾਂਧੀ ਨੇ ਵੀ ਦੁੱਖ ਪ੍ਰਗਟਾਇਆ

ਵਿਅਕਤੀ ਨੇ ਇਲਜ਼ਾਮ ਲਗਾਇਆ ਕਿ "ਪੰਡਾਲ ਤੋਂ ਬਾਹਰ ਨਿੱਕਲਦੇ ਸਮੇਂ ਭਗਦੜ ਮਚ ਗਈ, ਉੱਥੇ ਕੋਈ ਵਲੰਟੀਅਰ ਮੌਜੂਦ ਨਹੀਂ ਸੀ, ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ
ਤਸਵੀਰ ਕੈਪਸ਼ਨ, ਵਿਅਕਤੀ ਨੇ ਇਲਜ਼ਾਮ ਲਗਾਇਆ ਕਿ "ਪੰਡਾਲ ਤੋਂ ਬਾਹਰ ਨਿੱਕਲਦੇ ਸਮੇਂ ਭਗਦੜ ਮਚ ਗਈ, ਉੱਥੇ ਕੋਈ ਵਲੰਟੀਅਰ ਮੌਜੂਦ ਨਹੀਂ ਸੀ, ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ

ਕੋਲਕਾਤਾ ਵਿੱਚ ਦੁਰਗਾ ਪੂਜਾ ਪੰਡਾਲ ਵਿੱਚ ਵਾਪਰੇ ਹਾਦਸੇ 'ਤੇ ਪੀਐੱਮ ਮੋਦੀ ਨੇ ਦੁੱਖ ਪ੍ਰਗਟਾਇਆ ਹੈ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।

ਪੀਐੱਮ ਮੋਦੀ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇੱਕ ਪ੍ਰੋਗਰਾਮ ਤਹਿਤ ਕੋਲਕਾਤਾ ਪਹੁੰਚੇ ਸਨ। ਉਨ੍ਹਾਂ ਨੂੰ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨਾਲ ਮੀਂਹ ਦੌਰਾਨ ਲੋਕਾਂ ਦਾ ਸਵਾਗਤ ਕਰਦੇ ਹੋਏ ਦੇਖਿਆ ਗਿਆ ਸੀ।

ਹਾਲਾਂਕਿ, ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

ਅਮਿਤ ਸ਼ਾਹ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਹੁਣੇ-ਹੁਣੇ ਕੋਲਕਾਤਾ ਦੇ ਚੋਰਬਾਗਾਨ ਸਾਰਵਜਨਿਕ ਦੁਰਗਾ ਪੂਜਾ ਪੰਡਾਲ ਵਿੱਚ ਹੋਈ ਭਗਦੜ ਦੀ ਬੇਹੱਦ ਦੁਖਦਾਈ ਖ਼ਬਰ ਮਿਲੀ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਸ਼੍ਰੀ ਸ਼ੁਭੇਂਦੂ ਅਧਿਕਾਰੀ ਜੀ ਨਾਲ ਗੱਲ ਕੀਤੀ। ਪੱਛਮੀ ਬੰਗਾਲ ਵਿੱਚ ਮੇਰੇ ਕੱਲ੍ਹ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਮੈਂ ਹਸਪਤਾਲ ਜਾ ਕੇ ਜ਼ਖ਼ਮੀਆਂ ਨੂੰ ਮਿਲਾਂਗਾ। ਮਾਂ ਦੁਰਗਾ ਅੱਗੇ ਸਾਰੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕਰਦਾ ਹਾਂ।"

ਚੋਰਬਾਗਾਨ ਵਿੱਚ ਕਰਵਾਈ ਜਾਂਦੀ ਦੁਰਗਾ ਪੂਜਾ 90 ਸਾਲ ਤੋਂ ਵੀ ਵੱਧ ਪੁਰਾਣੀ ਹੈ, ਪਰ ਇੱਥੇ ਪਹਿਲਾਂ ਕਦੇ ਅਜਿਹੀ ਘਟਨਾ ਦੇਖਣ ਨੂੰ ਨਹੀਂ ਮਿਲੀ
ਤਸਵੀਰ ਕੈਪਸ਼ਨ, ਚੋਰਬਾਗਾਨ ਵਿੱਚ ਕਰਵਾਈ ਜਾਂਦੀ ਦੁਰਗਾ ਪੂਜਾ 90 ਸਾਲ ਤੋਂ ਵੀ ਵੱਧ ਪੁਰਾਣੀ ਹੈ, ਪਰ ਇੱਥੇ ਪਹਿਲਾਂ ਕਦੇ ਅਜਿਹੀ ਘਟਨਾ ਦੇਖਣ ਨੂੰ ਨਹੀਂ ਮਿਲੀ

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਕਸ 'ਤੇ ਲਿਖਿਆ, "ਕੋਲਕਾਤਾ ਦੇ ਚੋਰਬਾਗਾਨ ਪੂਜਾ ਪੰਡਾਲ ਵਿੱਚ ਭਗਦੜ ਦੀ ਖ਼ਬਰ ਬੇਹੱਦ ਦੁਖਦਾਈ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਜਾਨ ਜਾਣ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।"

"ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਇਸ ਹਾਦਸੇ ਦੀ ਨਿਰਪੱਖ ਜਾਂਚ ਹੋਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਤ੍ਰਾਸਦੀ ਮੁੜ ਨਾ ਵਾਪਰੇ।"

ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ਵਿੱਚ ਮਚੀ ਭਗਦੜ ਦੀ ਦੁਖਦਾਈ ਘਟਨਾ ਤੋਂ ਮੈਂ ਬੇਹੱਦ ਦੁਖੀ ਹਾਂ। ਇਸ ਘਟਨਾ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ ਹਨ। ਮੈਂ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।"

"ਮੈਂ ਪੱਛਮੀ ਬੰਗਾਲ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਬਚਾਅ ਕਾਰਜ ਅਤੇ ਡਾਕਟਰੀ ਸਹਾਇਤਾ ਯਕੀਨੀ ਬਣਾਏ, ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)